editor@sikharchives.org

ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ

ਬਾਬਾ ਬੰਦਾ ਸਿੰਘ ਬਹਾਦਰ ਨੂੰ ਲੱਤਾਂ-ਬਾਹਾਂ ਅਤੇ ਗਰਦਨ ਤੋਂ ਸੰਗਲਾਂ ਨਾਲ ਨੂੜ ਕੇ ਲੋਹੇ ਦੇ ਪਿੰਜਰੇ ਵਿਚ ਬਿਠਾਇਆ ਗਿਆ ਸੀ। ਲੋਹੇ ਦੇ ਪਿੰਜਰੇ ਦੇ ਬਿਲਕੁਲ ਨਾਲ ਲਗਵਾਂ ਹੀ ਇਕ ਬਹੁਤ ਤਾਕਤਵਰ ਮੁਗ਼ਲ ਸਿਪਾਹੀ ਨੇਜ਼ਾ ਲਈ ਖਲ੍ਹਾਰਿਆ ਗਿਆ ਸੀ
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

7 ਦਸੰਬਰ, 1715 ਈ. ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਜੰਗੀ ਸਾਥੀ ਸਿੰਘ ਗੁਰਦਾਸ ਨੰਗਲ ਦੇ ਘੇਰੇ ਦੌਰਾਨ ਫੜੇ ਗਏ ਸਨ। 12 ਦਸੰਬਰ ਨੂੰ ਖੁਸ਼ੀਆਂ ਵਿਚ ਫੁੱਲੇ ਹੋਏ ਨਵਾਬ ਅਬਦੁੱਸ ਸਮੱਦ ਖਾਨ ਨੇ ਬਾਦਸ਼ਾਹ ਪਾਸ ਇਹ ਸਾਰੀ ਖ਼ਬਰ ਦੇ ਕੇ ਇਕ ਵਿਸ਼ੇਸ਼ ਹਰਕਾਰਾ ਭੇਜਿਆ ਸੀ। ਮੌਕਾ-ਮੇਲ ਵਜੋਂ ਬਾਦਸ਼ਾਹ ਪਹਿਲੋਂ ਹੀ ਆਪਣੇ ਵਿਰੋਧੀ ਜਹਾਂਦਾਰ ਸ਼ਾਹ ਦੀ ਮੌਤ ਨੂੰ ਜਸ਼ਨਾਂ ਦੇ ਤੌਰ ’ਤੇ ਮਨਾ ਰਿਹਾ ਸੀ। ਇਨ੍ਹਾਂ ਜਸ਼ਨਾਂ ਵਿਚ ਉਸ ਲਈ ਇਹ ਇਕ ਹੋਰ ਖੁਸ਼ੀਆਂ ਦਾ ਜਸ਼ਨ ਪ੍ਰਾਪਤ ਹੋ ਗਿਆ ਸੀ। ਜਿਹੜਾ ਬਾਦਸ਼ਾਹ ਤਖ਼ਤ ਉੱਤੇ ਆਪਣੇ ਪਰਵਾਰਿਕ ਮੈਂਬਰਾਂ ਦਾ ਖ਼ੂਨ ਡੋਲ੍ਹ ਕੇ ਹੀ ਬੈਠਾ ਸੀ ਉਸੇ ਬਾਦਸ਼ਾਹ ਨੂੰ ਕੁਦਰਤ ਨੇ ਇੰਨੀਆਂ ਖੁਸ਼ੀਆਂ ਦਿੱਤੀਆਂ ਕਿ ਜਿਨ੍ਹਾਂ ਦਾ ਉਹ ਖ਼ੁਦ ਵੀ ਆਸਵੰਦ ਨਹੀਂ ਸੀ। ਦੂਜੇ ਪਾਸੇ ਦਸਾਂ- ਨਹੁੰਆਂ ਦੀ ਕਿਰਤ ਕਰਨ ਵਾਲੇ ਸਿੰਘਾਂ ਦਾ ਪਹਿਲਾਂ ਭੁੱਖ ਦੇ ਹੱਥੋਂ ਬੁਰਾ ਹਾਲ ਹੋਇਆ ਅਤੇ ਫਿਰ ਫ਼ੌਜਾਂ ਵੱਲੋਂ ਕਤਲੇਆਮ ਹੋਇਆ ਸੀ। ਇਸ ਤਰ੍ਹਾਂ ਸਿੰਘ ਜ਼ਿੰਦਗੀ ਦਾ ਸਭ ਤੋਂ ਵੱਧ ਔਖਾ ਸਮਾਂ ਦੇਖ ਰਹੇ ਸਨ।

ਬਾਬਾ ਬੰਦਾ ਸਿੰਘ ਬਹਾਦਰ ਨੂੰ ਲੱਤਾਂ-ਬਾਹਾਂ ਅਤੇ ਗਰਦਨ ਤੋਂ ਸੰਗਲਾਂ ਨਾਲ ਨੂੜ ਕੇ ਲੋਹੇ ਦੇ ਪਿੰਜਰੇ ਵਿਚ ਬਿਠਾਇਆ ਗਿਆ ਸੀ। ਲੋਹੇ ਦੇ ਪਿੰਜਰੇ ਦੇ ਬਿਲਕੁਲ ਨਾਲ ਲਗਵਾਂ ਹੀ ਇਕ ਬਹੁਤ ਤਾਕਤਵਰ ਮੁਗ਼ਲ ਸਿਪਾਹੀ ਨੇਜ਼ਾ ਲਈ ਖਲ੍ਹਾਰਿਆ ਗਿਆ ਸੀ ਤਾਂ ਕਿ ਜੇਕਰ ਬਾਬਾ ਬੰਦਾ ਸਿੰਘ ਬਹਾਦਰ ਜ਼ਰਾ ਵੀ ਕਿਸੇ ਕਰਾਮਾਤ ਸਦਕਾ ਹਿੱਲਣ-ਜੁੱਲਣ ਦੀ ਕੋਸ਼ਿਸ਼ ਕਰੇ ਤਾਂ ਇਹ ਆਪਣਾ ਨੇਜ਼ਾ ਉਸ ਦੇ ਢਿੱਡ ਵਿਚ ਖੋਭ ਦੇਵੇ। ਮਹੀਨਿਆਂ ਤੋਂ ਭੁੱਖੇ-ਭਾਣੇ ਨੇਤਾ ਨੂੰ ਕੈਦ ਵਿਚ ਵੀ ਕੁਝ ਖਾਣ ਨੂੰ ਨਹੀਂ ਦਿੱਤਾ ਗਿਆ ਸੀ ਤਾਂ ਕਿ ਉਹ ਕੁਝ ਤਕੜਾ ਹੋ ਕੇ ਉੱਠਣ ਦੇ ਯੋਗ ਨਾ ਹੋ ਜਾਵੇ। ਕਰਾਮਾਤੀ ਕਾਰਨਾਮਿਆਂ ਦਾ ਡਰ ਸਿਰਫ਼ ਮੁਗ਼ਲ ਅਧਿਕਾਰੀਆਂ ਦੇ ਡਰ ਵਿੱਚੋਂ ਉਪਜਿਆ ਹੋਇਆ ਵਹਿਮ ਸੀ। ਇਹ ਵਹਿਮ ਬਾਬਾ ਬੰਦਾ ਸਿੰਘ ਬਹਾਦਰ ਦੇ ਕੈਦੀ ਜੀਵਨ ਦੇ ਬੇਹੱਦ ਕਠਿਨਾਈਆਂ ਵਾਲੇ ਬਣ ਜਾਣ ਦਾ ਇਕ ਕਾਰਨ ਸੀ। ਨਾ ਉਸ ਨੂੰ ਹਿੱਲਣ- ਜੁੱਲਣ ਦਿੱਤਾ ਜਾਂਦਾ ਸੀ ਤੇ ਨਾ ਹੀ ਕੁਝ ਖਾਣ-ਪੀਣ ਨੂੰ। ਸਿਰਫ਼ ਉਸ ਦੇ ਸਾਹ ਨੂੰ ਚੱਲਦਾ ਰੱਖਣ ਲਈ ਲੂਣ ਮਿਲਿਆ ਪਾਣੀ ਦਿੱਤਾ ਜਾਂਦਾ ਸੀ। ਬਾਕੀ ਸਿੰਘਾਂ ਦਾ ਵੀ ਇਹੀ ਹਾਲ ਸੀ। ਸਭ ਨੂੰ ਸੰਗਲਾਂ ਦੇ ਨਾਲ ਨੂੜ ਕੇ ਗੱਡਿਆਂ ਵਿਚ ਲੱਦਿਆ ਗਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਦਾ ਪਿੰਜਰਾ ਹਾਥੀ ਨਾਲ ਬੰਨ੍ਹਿਆ ਹੋਇਆ ਸੀ ਤਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਪਿੰਜਰਾ ਵੀ ਉਡਾ ਕੇ ਨਾ ਲੈ ਜਾਵੇ। ਲੋਹੜੇ ਦੀ ਸਰਦੀ ਦੇ ਦਿਨ ਸਨ। ਸਿੰਘਾਂ ਉੱਪਰ ਮੋਟੇ ਕੱਪੜੇ ਦੇਣ ਦੀ ਥਾਂ ਭੇਡਾਂ ਦੀਆਂ ਖੱਲਾਂ ਲੁਹਾ ਕੇ ਦਿੱਤੀਆਂ ਗਈਆਂ ਸਨ। ਸਿਰਾਂ ਨੂੰ ਢੱਕਣ ਲਈ ਲੱਕੜ ਦੀਆਂ ਟੋਪੀਆਂ ਸਨ। ਇਕ-ਇਕ ਗੱਡੇ ਵਿਚ ਕਈ-ਕਈ ਸਿੰਘ ਬਿਠਾਏ ਹੋਏ ਸਨ ਜਿਹੜੇ ਇਕ-ਦੂਜੇ ਨਾਲ ਬੰਨ੍ਹੇ ਹੋਏ ਸਨ। ਬਾਬਾ ਬੰਦਾ ਸਿੰਘ ਬਹਾਦਰ ਨੂੰ ਗੋਟਾ ਅਤੇ ਜ਼ਰੀ ਲੱਗੀ ਹੋਈ ਲਾਲ ਰੰਗ ਦੀ ਪੁਸ਼ਾਕ ਪਾਈ ਗਈ ਸੀ ਤਾਂ ਕਿ ਉਸ ਨੂੰ ਮਾਰੇ ਜਾਣ ਵਾਲੇ ਬੰਦਿਆਂ ਦੀ ਬਰਾਤ ਦਾ ਲਾੜਾ ਦਰਸਾਇਆ ਜਾ ਸਕੇ। ਇਹ ਸਭ ਕੁਝ ਸਿੰਘਾਂ ਦਾ ਮਖੌਲ ਉਡਵਾਉਣ ਲਈ ਅਤੇ ਉਨ੍ਹਾਂ ਨੂੰ ਲੋਕਾਂ ਦੀਆਂ ਨਿਗਾਹਾਂ ਵਿਚ ਜ਼ਲੀਲ ਕਰਨ ਲਈ ਕੀਤਾ ਗਿਆ ਸੀ। ਇਨ੍ਹਾਂ ਗੱਲਾਂ ਵੱਲ ਦੇਖ ਕੇ ਇਹ ਗੱਲ ਠੀਕ ਜਾਪਦੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਕਿਉਂ ਫ਼ੌਜ ਦੇ ਹੱਥ ਆਉਣ ਤੋਂ ਅੰਤਲੇ ਦਮ ਤਕ ਅੜਿਆ ਰਿਹਾ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਸੁਪਤਨੀ ਅਤੇ ਉਨ੍ਹਾਂ ਦਾ ਸਾਢੇ ਕੁ ਤਿੰਨ ਸਾਲ ਦਾ ਭੁੱਖਾ ਮਰਦਾ ਬੱਚਾ ਬਾਬਾ ਜੀ ਦੇ ਨਾਲ ਹੀ ਬੰਨ੍ਹੇ ਹੋਏ ਸਨ। ਕਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਬਹੁਤ ਹੀ ਛੋਟੇ ਬੱਚੇ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਭੁੱਖ ਨਾਲ ਵਿਲ੍ਹਕਦੇ ਹੋਏ ਨੂੰ ਦੇਖਿਆ ਹੋਵੇਗਾ। ਇਹ ਸਭ ਅੰਦਾਜ਼ਾ ਲਗਾ ਕੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਕੈਦੀ ਸਿੰਘਾਂ ਨਾਲ ਸੱਤ ਸੌ ਗੱਡਾ ਲੱਦ ਕੇ ਇਕ ਜਲੂਸ ਦੀ ਸ਼ਕਲ ਵਿਚ ਗੁਰਦਾਸ ਨੰਗਲ ਤੋਂ ਲਾਹੌਰ ਲਿਆਂਦਾ ਗਿਆ। ਸਭ ਤੋਂ ਮੂਹਰੇ ਬਾਬਾ ਬੰਦਾ ਸਿੰਘ ਬਹਾਦਰ ਵਾਲਾ ਹਾਥੀ ਸੀ। ਸਾਰੇ ਰਸਤੇ ਉੱਪਰ ਦੋਵੇਂ ਪਾਸੇ ਫ਼ੌਜਾਂ ਖੜ੍ਹੀਆਂ ਸਨ ਅਤੇ ਪਿੰਡਾਂ ਵਿੱਚੋਂ ਲੋਕ ਪਹੁੰਚੇ ਹੋਏ ਸਨ ਪਰ ਮਹਾਨ ਗੁਰੂ ਜੀ ਦੇ ਇਹ ਮਹਾਨ ਸੂਰਮੇ ਸਭ ਕੁਝ ਨੂੰ ਸਹਿੰਦੇ ਹੋਏ ਗੁਰਬਾਣੀ ਦਾ ਪਾਠ ਕਰਦੇ ਹੋਏ ਜਾ ਰਹੇ ਸਨ। ਸਭ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਦੇਰ ਜਾਂ ਛੇਤੀ ਮਾਰ ਦੇਣਾ ਹੈ। ਉਹ ਆਪਣੀ ਮੌਤ ਦੀ ਉਡੀਕ ਕਰਦੇ ਹੋਏ ਵੀ ਚੜ੍ਹਦੀ ਕਲਾ ’ਚ ਸਨ। ਲਾਹੌਰ ਦੇ ਬਾਹਰਵਾਰ ਰਾਵੀ ਦਰਿਆ ਦੇ ਕੰਢੇ ਉੱਤੇ ਫ਼ੌਜ ਦੇ ਭਾਰੀ ਘੇਰੇ ਅੰਦਰ ਕੈਦ ਕੀਤੇ ਹੋਏ ਸਿੰਘਾਂ ਨੂੰ ਉਸੇ ਤਰ੍ਹਾਂ ਰੱਖਿਆ ਗਿਆ ਸੀ।

ਅਬਦੁੱਸ ਸਮੱਦ ਖਾਨ ਚਾਹੁੰਦਾ ਸੀ ਕਿ ਉਹ ਖ਼ੁਦ ਇਨ੍ਹਾਂ ਸਿੰਘਾਂ ਨੂੰ ਦਿੱਲੀ ਲੈ ਕੇ ਜਾਵੇ। ਇਸ ਲਈ ਉਸ ਨੇ ਬਾਦਸ਼ਾਹ ਤੋਂ ਅਗਾਊਂ ਮਨਜ਼ੂਰੀ ਮੰਗੀ। ਪਰ ਬਾਦਸ਼ਾਹ ਦਾ ਖਾਸ ਚਹੇਤਾ ਮੁਹੰਮਦ ਅਮੀਨ ਖਾਨ ਚੀਨ ਬਹਾਦੁਰ ਇਹ ਨਹੀਂ ਚਾਹੁੰਦਾ ਸੀ ਕਿ ਅਬਦੁੱਸ ਸਮੱਦ ਖਾਨ ਰਾਜਧਾਨੀ ਦਾ ਹੀਰੋ ਬਣ ਜਾਵੇ ਇਸ ਲਈ ਉਸ ਨੇ ਬਾਦਸ਼ਾਹ ਦੇ ਇਹ ਕਹਿ ਕੇ ਕੰਨ ਭਰੇ ਕਿ ਪੰਜਾਬ ਵਿੱਚੋਂ ਅਬਦੁੱਸ ਸਮੱਦ ਖਾਨ ਦੇ ਆਉਣ ਨਾਲ ਉਥੇ ਸਿੰਘ ਫਿਰ ਉੱਠ ਖੜ੍ਹਨਗੇ, ਇਸ ਕਰਕੇ ਉਸ ਨੂੰ ਦਿੱਲੀ ਨਹੀ ਆਉਣਾ ਚਾਹੀਦਾ। ਇਸ ਲਈ ਬਾਦਸ਼ਾਹ ਨੇ ਹੁਕਮ ਭੇਜ ਦਿੱਤਾ ਕਿ ਸੂਬੇਦਾਰ ਆਪ ਨਾ ਆਵੇ ਸਗੋਂ ਆਪਣੇ ਪੁੱਤਰ ਜ਼ਕਰੀਆ ਖਾਨ ਦੀ ਅਗਵਾਈ ਵਿਚ ਕੈਦੀਆਂ ਨੂੰ ਭੇਜੇ। ਫਲਸਰੂਪ ਜ਼ਕਰੀਆ ਖਾਨ ਬਹੁਤ ਵੱਡੀ ਸੈਨਾ ਨਾਲ ਸਿੱਖ ਕੈਦੀਆਂ ਨੂੰ ਲੈ ਕੇ ਫਰਵਰੀ 1716 ਈ. ਦੇ ਪਹਿਲੇ ਹਫ਼ਤੇ ਰਵਾਨਾ ਹੋਇਆ।

ਕੈਦੀ ਸਿੰਘਾਂ ਨੂੰ ਦਿੱਲੀ ਵੱਲ ਰਵਾਨਾ ਕਰਨ ਸਮੇਂ ਵੀ ਉਸੇ ਤਰ੍ਹਾਂ ਗੱਡਿਆਂ ਵਿਚ ਨੂੜ ਕੇ ਗਧਿਆਂ, ਖੱਚਰਾਂ ਅਤੇ ਊਠਾਂ ਉੱਪਰ ਬੰਨ੍ਹ ਕੇ ਬਿਠਾਇਆ ਹੋਇਆ ਸੀ। ਉਸੇ ਤਰ੍ਹਾਂ ਸਰੀਰਾਂ ਉੱਪਰ ਭੇਡਾਂ ਦੀਆਂ ਖੱਲਾਂ, ਸਿਰ ਉੱਪਰ ਲੱਕੜ ਦੀਆਂ ਟੋਪੀਆਂ ਅਤੇ ਇਕ-ਇਕ ਹੱਥ ਗਰਦਨ ਨਾਲ ਹੀ ਮੋੜ ਕੇ ਬੰਨ੍ਹੇ ਹੋਏ ਸਨ। ਬਾਬਾ ਬੰਦਾ ਸਿੰਘ ਬਹਾਦਰ, ਉਸ ਦੀ ਧਰਮ ਪਤਨੀ ਅਤੇ ਬੱਚਾ ਹਾਥੀ ਉੱਪਰ ਸਨ। ਬਾਬਾ ਬੰਦਾ ਸਿੰਘ ਬਹਾਦਰ ਲੋਹੇ ਦੇ ਪਿੰਜਰੇ ਵਿਚ ਸੀ ਅਤੇ ਉਸ ਦਾ ਪਰਵਾਰ ਹੌਦਿਆਂ ਵਿਚ ਹੱਥ-ਪੈਰ ਬੰਨ੍ਹ ਕੇ ਬਿਠਾਇਆ ਹੋਇਆ ਸੀ। ਖਾਣ-ਪੀਣ ਨੂੰ ਸਿਰਫ਼ ਉਸ ਵੇਲੇ ਹੀ ਦਿੱਤਾ ਜਾਂਦਾ ਸੀ ਜਦੋਂ ਉਹ ਭੁੱਖ ਤੋਂ ਤੰਗ ਹੋਏ ਬੇਹੋਸ਼ ਹੋ ਜਾਂਦੇ ਸਨ ਅਤੇ ਉਹ ਵੀ ਉਤਨਾ ਕੁ ਹੀ ਦਿੱਤਾ ਜਾਂਦਾ ਸੀ ਜਿਸ ਨਾਲ ਸੁਆਸ ਚੱਲਦੇ ਰਹਿ ਸਕਣ। ਬਾਬਾ ਬੰਦਾ ਸਿੰਘ ਬਹਾਦਰ ਸਮੇਤ ਸਾਰੇ ਸਿੰਘ ਭੁੱਖ ਦੀ ਕਮਜ਼ੋਰੀ ਨਾਲ ਨਿਢਾਲ ਹੋਏ ਪਏ ਸਨ। ਬਾਬਾ ਬੰਦਾ ਸਿੰਘ ਬਹਾਦਰ ਨੂੰ ਲਾਲ ਭੜਕੀਲੇ ਕੱਪੜਿਆਂ ਵਿਚ ਪੂਰਾ ਸ਼ਿੰਗਾਰ ਕੇ ਬਿਠਾਇਆ ਹੋਇਆ ਸੀ ਤਾਂ ਕਿ ਲੋਕਾਂ ਵਿਚ ਉਸ ਦਾ ਸਭ ਤੋਂ ਵੱਧ ਮਖੌਲ ਉਡਾਇਆ ਜਾ ਸਕੇ। ਕਨਿੰਘਮ ਇਸ ਬਾਰੇ ਲਿਖਦਾ ਹੈ ਕਿ

‘ਬਾਬਾ ਬੰਦਾ ਸਿੰਘ ਅਤੇ ਦੂਸਰਿਆਂ ਨੂੰ ਬੜੀ ਦੁਰਗਤ ਨਾਲ, ਜੋ ਜਾਹਲ ਅਤੇ ਅਧ-ਜੰਗਲੀ ਜੇਤੂ ਹੀ ਕਰ ਸਕਦੇ ਸਨ, ਦਿੱਲੀ ਨੂੰ ਤੋਰਿਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਤਰ੍ਹਾਂ ਸਾਰਿਆਂ ਨੂੰ ਹੱਥਾਂ, ਪੈਰਾਂ, ਲੱਕ ਅਤੇ ਗਰਦਨਾਂ ਤੋਂ ਸੰਗਲਾਂ ਨਾਲ ਬੰਨ੍ਹਿਆ ਹੋਇਆ ਸੀ ਅਤੇ ਦੋ-ਦੋ ਜਾਂ ਤਿੰਨ- ਤਿੰਨ ਦੀ ਗਿਣਤੀ ਵਿਚ ਗੱਡਿਆਂ ਵਿਚ ਲੱਦਿਆ ਹੋਇਆ ਸੀ। ਸਰਹਿੰਦ ਵਿਚ ਉਨ੍ਹਾਂ ਨੂੰ ਬਜ਼ਾਰਾਂ ਵਿੱਚੋਂ ਦੀ ਲੰਘਾਇਆ ਗਿਆ ਜਿੱਥੇ ਕਿ ਲੋਕ ਉਨ੍ਹਾਂ ਨੂੰ ਮਖੌਲ ਕਰਦੇ ਅਤੇ ਗਾਲ੍ਹਾਂ ਕੱਢਦੇ ਸਨ। ਸਿੰਘਾਂ ਨੇ ਇਹ ਸਭ ਕੁਝ ਗੁਰਬਾਣੀ ਦੇ ਸ਼ਬਦ ਪੜ੍ਹਦੇ ਹੋਏ ਬੜੇ ਧੀਰਜ ਨਾਲ ਸਹਿਣ ਕੀਤਾ।’ 1

27 ਫਰਵਰੀ, 1716 ਨੂੰ ਇਹ ਸਾਰਾ ਜਲੂਸ ਫ਼ੌਜ ਦੇ ਸਖ਼ਤ ਪਹਿਰੇ ਹੇਠ ਦਿੱਲੀ ਦੀ ਜੂਹ ਵਿਚ ਜਾ ਦਾਖ਼ਲ ਹੋਇਆ। ਬਾਦਸ਼ਾਹ ਨੂੰ ਖ਼ਬਰ ਭੇਜੀ ਗਈ। ਬਾਦਸ਼ਾਹ ਨੇ ਇਕ ਤਕੜੀ ਸੈਨਿਕ ਟੁਕੜੀ ਇਹਤਮਾਦ-ਉਲ-ਦੌਲਾ ਮੁਹੰਮਦ ਅਮੀਨ ਖਾਨ ਦੀ ਅਗਵਾਈ ਹੇਠ ਇਨ੍ਹਾਂ ਕੈਦੀ ਸਿੰਘਾਂ ਨੂੰ ਤਕੜੇ ਪਹਿਰੇ ਹੇਠ ਲਿਆਉਣ ਲਈ ਭੇਜੀ। ਫ਼ੌਜ ਦਾ ਸਖ਼ਤ ਪਹਿਰਾ ਤਾਂ ਪਹਿਲਾਂ ਤੋਂ ਹੀ ਸੀ ਕਿਉਂਕਿ ਹਕੂਮਤ ਨੂੰ ਡਰ ਸੀ ਕਿ ਕਿਤੇ ਕੋਈ ਛੁਪਿਆ ਹੋਇਆ ਸਿੰਘ ਜਥਾ ਅਚਾਨਕ ਹਮਲਾ ਕਰ ਕੇ ਇਨ੍ਹਾਂ ਕੈਦੀ ਸਿੰਘਾਂ ਨੂੰ ਛੁਡਵਾ ਨਾ ਲਵੇ। ਦਿੱਲੀ ਦੇ ਬਜ਼ਾਰਾਂ ਵਿੱਚੋਂ ਦੀ ਲਿਆਉਣ ਸਮੇਂ ਹੋਰ ਫ਼ੌਜ ਇਸ ਕਰਕੇ ਲਾਈ ਗਈ ਸੀ ਕਿ ਕਿਤੇ ਸ਼ਹਿਰ ਦੇ ਮੁਸਲਮਾਨ, ਸਿੰਘਾਂ ਨੂੰ ਰਸਤੇ ਵਿਚ ਹੀ ਨਾ ਮਾਰ ਦੇਣ। ਗਲੀਆਂ ਦੇ ਦੋਵੇਂ ਪਾਸੇ, ਘਰਾਂ ਦੀਆਂ ਛੱਤਾਂ ਉੱਪਰ ਅਤੇ ਹਰ ਚੌਕ ਵਿਚ ਮੁਸਲਮਾਨਾਂ ਦਾ ਹਜੂਮ ਕੈਦੀ ਸਿੰਘਾਂ ਨੂੰ ਦੇਖਣ ਲਈ ਖੜ੍ਹਾ ਸੀ। ਤਮਾਸ਼ਬੀਨ ਅਤੇ ਸ਼ਰਾਰਤੀ ਕਿਸਮ ਦੇ ਲੋਕ ਇਨ੍ਹਾਂ ਕੈਦੀ ਸਿੰਘਾਂ ਨੂੰ ਮਖੌਲ ਕਰਦੇ ਸਨ ਅਤੇ ਗਾਲ੍ਹਾਂ ਕੱਢਦੇ ਸਨ। ਸਮਝਦਾਰ ਲੋਕ ਜਾਂਦੇ-ਜਾਂਦੇ ਸਿੰਘਾਂ ਨਾਲ ਕੁਝ ਬੋਲ ਸਾਂਝੇ ਵੀ ਕਰ ਲੈਂਦੇ ਸਨ। ਗੰਭੀਰ ਕਿਸਮ ਦੇ ਲੋਕ ਸਿੰਘਾਂ ਦੇ ਕੋਲ ਜਾ ਕੇ ਵੀ ਉਨ੍ਹਾਂ ਦੀ ਇਸ ਬੁਰੀ ਕਿਸਮਤ ਬਾਰੇ ਗੱਲ ਕਰ ਕੇ ਇਕ ਕਿਸਮ ਦੀ ਹਮਦਰਦੀ ਵੀ ਪ੍ਰਗਟ ਕਰ ਦਿੰਦੇ ਸਨ। ਅਜਿਹੇ ਬੁਰੇ ਸਮੇਂ ਲੱਖਾਂ-ਹਜ਼ਾਰਾਂ ਵਿੱਚੋਂ ਇਕ ਬੰਦੇ ਦੇ ਮੂੰਹੋਂ ਵੀ ਨਿਕਲਿਆ ਹਮਦਰਦੀ ਦਾ ਇਕ ਛੋਟਾ ਜਿਹਾ ਸ਼ਬਦ ਵੀ ਬੇਅੰਤ ਸਕੂਨ ਦਿੰਦਾ ਹੈ। ਮੁਹੰਮਦ ਹਾਰਸੀ ਇਕ ਮੁਸਲਿਮ ਲਿਖਾਰੀ ਇਸ ਜਲੂਸ ਵਿਚ ਖ਼ੁਦ ਹਾਜ਼ਰ ਸੀ। ਉਸ ਦੀ ਲਿਖਤ ‘ਇਬਰਤਨਾਮਾ’ ਹੈ। ਉਹ ਦਿੱਲੀ ਦੀ ਲੂਣ ਮੰਡੀ ਤੋਂ ਲੈ ਕੇ ਲਾਲ ਕਿਲ੍ਹੇ ਤਕ ਜਲੂਸ ਦੇ ਨਾਲ ਗਿਆ ਸੀ। ਜੋ ਕੁਝ ਉਸ ਨੇ ਦੇਖਿਆ ਉਸ ਨੇ ਇਉਂ ਵਰਣਨ ਕੀਤਾ ਹੈ: 

“ਮੈਂ ਇਸ ਦਿਨ ਇਹ ਤਮਾਸ਼ਾ ਦੇਖਣ ਲਈ ਨਮਕ-ਮੰਡੀ ਤਕ ਗਿਆ ਸੀ ਅਤੇ ਉਥੋਂ ਕਿਲ੍ਹਾ ਮੁਬਾਰਕ ਤਕ ਜਲੂਸ ਦੇ ਨਾਲ-ਨਾਲ ਸਾਂ। ਸ਼ਹਿਰ ਦਾ ਸ਼ਾਇਦ ਹੀ ਕੋਈ ਐਸਾ ਬੰਦਾ ਹੋਵੇ ਜੋ ਤਮਾਸ਼ਾ ਤੱਕਣ ਅਤੇ ਇਨ੍ਹਾਂ ਲਾਹਨਤੀਆਂ ਦਾ ਖ਼ਾਤਮਾ ਦੇਖਣ ਲਈ ਬਾਹਰ ਨਾ ਆਇਆ ਹੋਵੇ। ਬਜ਼ਾਰਾਂ ਅਤੇ ਗਲੀਆਂ ਵਿਚ ਅਜਿਹੀ ਭੀੜ ਕਦੀ ਘੱਟ ਹੀ ਦੇਖੀ ਗਈ ਸੀ। ਮੁਸਲਮਾਨ ਖੁਸ਼ੀ ਵਿਚ ਫੁੱਲੇ ਨਹੀਂ ਸਮਾ ਰਹੇ ਸਨ ਪਰ ਉਹ ਮੰਦਭਾਗੇ ਸਿੱਖ ਜੋ ਇਸ ਅੰਤਮ ਦਸ਼ਾ ਨੂੰ ਪੁੱਜੇ ਹੋਏ ਸਨ, ਬੜੇ ਪ੍ਰਸੰਨ ਸਨ ਅਤੇ ਆਪਣੀ ਕਿਸਮਤ ਉੱਤੇ ਰਾਜ਼ੀ ਸਨ। ਉਨ੍ਹਾਂ ਦੇ ਚਿਹਰਿਆਂ ਉੱਤੇ ਉਦਾਸੀ ਜਾਂ ਅਧੀਨਤਾ ਦਾ ਕੋਈ ਮਾਮੂਲੀ ਨਿਸ਼ਾਨ ਜਾਂ ਪ੍ਰਭਾਵ ਨਹੀਂ ਸੀ ਦਿੱਸ ਰਿਹਾ ਸਗੋਂ ਉਹ ਬਹੁਤ ਸਾਰੇ ਊਠਾਂ ਉੱਤੇ ਸ਼ਬਦ ਪੜ੍ਹਨ ਵਿਚ ਮਗਨ ਸਨ ਅਤੇ ਬਜ਼ਾਰਾਂ ਜਾਂ ਗਲੀਆਂ ਵਿੱਚੋਂ ਉਨ੍ਹਾਂ ਨੂੰ ਜਦੋਂ ਕੋਈ ਕਹਿੰਦਾ ਕਿ ਹੁਣ ਤੁਹਾਨੂੰ ਕਤਲ ਕਰ ਦਿੱਤਾ ਜਾਵੇਗਾ, ਇਸ ਦੇ ਜਵਾਬ ਵਿਚ ਸਿੰਘ ਬੜੇ ਜੋਸ਼ ਵਿਚ ਕਹਿੰਦੇ ਸਨ, ‘ਕਰ ਦਿਓ ਕਤਲ! ਅਸੀਂ ਕਦੋਂ ਕਤਲ ਹੋਣ ਤੋਂ ਡਰੇ ਹਾਂ! ਜੇ ਮਰਨ ਤੋਂ ਡਰਦੇ ਹੁੰਦੇ ਤਾਂ ਤੁਹਾਡੇ ਨਾਲ ਜੰਗ ਹੀ ਕਿਉਂ ਕਰਦੇ? ਸਾਨੂੰ ਤਾਂ ਕੇਵਲ ਭੁੱਖ ਅਤੇ ਖਾਣੇ-ਦਾਣੇ ਦੇ ਘਾਟੇ ਨੇ ਹੀ ਤੁਹਾਡੇ ਹੱਥ ਫਸਾ ਦਿੱਤਾ ਹੈ ਨਹੀਂ ਤਾਂ ਤੁਹਾਨੂੰ ਸਾਡੇ ਜੰਗੀ ਕਾਰਨਾਮਿਆਂ ਬਾਰੇ ਪਤਾ ਹੀ ਹੈ।’” 2

ਇਕ ਹੋਰ ਮੁਸਲਿਮ ਲਿਖਾਰੀ ਸੱਯਦ ਮੁਹੰਮਦ ਵੀ ਉਸੇ ਜਲੂਸ ਨੂੰ ਦੇਖ ਰਿਹਾ ਸੀ। ਜੋ ਕੁਝ ਇਸ ਨੇ ਸਿੰਘਾਂ ਨਾਲ ਸਾਂਝਾ ਕੀਤਾ ਉਸ ਨੂੰ ਇਸ ਨੇ ਆਪਣੀ ਲਿਖਤ, ‘ਤਬਸਿਰੁਤ-ਨਾਜ਼ਿਰੀਨੀ’ ਵਿਚ ਇਉਂ ਲਿਖਿਆ ਹੈ:

‘ਉਸ ਵੇਲੇ ਮੈਂ ਉਨ੍ਹਾਂ ਵਿੱਚੋਂ ਇਕ ਨੂੰ ਇਸ਼ਾਰਾ ਕਰ ਕੇ ਕਿਹਾ ਕਿ ਉਹ ਅਜਿਹੀ ਬੁਰੀ ਹਾਲਤ ਵਿਚ ਵੀ ਇਹ ਘੁਮੰਡ ਅਤੇ ਨਖਰਾ ਕਿਸ ਦੇ ਆਧਾਰ ’ਤੇ ਦਿਖਾ ਰਹੇ ਹਨ? ਉਸ (ਸਿੰਘ) ਨੇ ਆਪਣਾ ਖੁੱਲ੍ਹਾ ਹੋਇਆ ਇਕੋ ਇਕ ਹੱਥ ਬਿਨਾਂ ਬੋਲੇ ਹੀ ਆਪਣੇ ਮੱਥੇ ਉੱਤੇ ਰੱਖਿਆ ਅਤੇ ਆਪਣੀ ਕਿਸਮਤ ਅਤੇ ਨਸੀਬ ਵੱਲ ਇਸ਼ਾਰਾ ਕੀਤਾ। ਉਸ ਵੇਲੇ ਉਸ ਦੇ ਅੰਦਰਲੇ ਭਾਵ ਦੱਸਣ ਦਾ ਇਹ ਢੰਗ ਮੈਨੂੰ ਬੜਾ ਹੀ ਚੰਗਾ ਲੱਗਿਆ।’ 3

ਸਿੰਘਾਂ ਨੂੰ ਪਤਾ ਸੀ ਕਿ ਦੁਸ਼ਮਣ ਦੀ ਕੈਦ ਵਿਚ ਉਨ੍ਹਾਂ ਨਾਲ ਕਿਸੇ ਨੇ ਹਮਦਰਦੀ ਨਹੀਂ ਜਤਾਉਣੀ। ਉਨ੍ਹਾਂ ਦੀ ਇਸ ਬਿਪਤਾ ਦੇ ਸਮੇਂ ਸਿਰਫ਼ ਗੁਰਬਾਣੀ ਹੀ ਇੱਕੋ ਇੱਕ ਟੇਕ ਸੀ ਜਾਂ ਫਿਰ ਉਹ ਹੌਂਸਲਾ ਅਤੇ ਪ੍ਰਸੰਨਤਾ ਸੀ ਜਿਹੜਾ ਉਹ ਮਰਨ ਲਈ ਜਾਂਦੇ ਸਮੇਂ ਲੋਕਾਂ ਨੂੰ ਦਿਖਾ ਸਕਦੇ ਸਨ। ਮਰਨਾ ਤਾਂ ਹੈ ਹੀ ਸੀ। ਇਸ ਨੂੰ ਭਾਵੇਂ ਰੋ-ਰੋ ਕੇ ਝੱਲਿਆ ਜਾਵੇ ਤੇ ਭਾਵੇਂ ਹੱਸ-ਹੱਸ ਕੇ। ਰੋ-ਰੋ ਕੇ ਝੱਲਣ ਨਾਲ ਡਰਪੋਕਤਾ ਦਾ ਮਖੌਲ ਉੱਡਦਾ ਹੈ ਪਰ ਹੱਸ-ਹੱਸ ਕੇ ਝੱਲਣ ਨਾਲ ਬਹਾਦਰੀ ਅਤੇ ਨਿਡਰਤਾ ਦੀ ਧਾਂਕ ਪੈਂਦੀ ਹੈ। ਦੁਸ਼ਮਣ ਦੀ ਕੈਦ ਵਿਚ, ਜਿੱਥੇ ਕਿ ਹੋਰ ਕੁਝ ਵੀ ਨਹੀਂ ਦਿਖਾਇਆ ਜਾ ਸਕਦਾ ਸੀ ਉਥੇ ਸਿਰਫ਼ ਬਹਾਦਰੀ ਅਤੇ ਨਿਡਰਤਾ ਦਿਖਾ ਕੇ ਹੀ ਹਕੂਮਤ ਦੇ ਮੂੰਹ ’ਤੇ ਚਪੇੜ ਮਾਰੀ ਜਾ ਸਕਦੀ ਸੀ। ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਜਾਂਬਾਜ਼ ਸਾਥੀਆਂ ਨੇ ਆਪਣੀ ਬਹਾਦਰੀ ਅਤੇ ਨਿਡਰਤਾ ਦਿਖਾ ਕੇ ਹਕੂਮਤ ਦੇ ਮੂੰਹ ਉੱਤੇ ਚਪੇੜ ਮਾਰੀ ਸੀ। ਸਿੰਘਾਂ ਦਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਉਤਨਾ ਅਨਾਦਰ ਕੀਤਾ ਗਿਆ ਜਿੰਨਾ ਕਿ ਦੁਸ਼ਮਣ ਕਰ ਸਕਦਾ ਸੀ। ਪਰ ਗੁਰੂ ਦੇ ਨਾਂ ਤੋਂ ਮਰ-ਮਿਟਣ ਵਾਲੇ ਸੂਰਮਿਆਂ ਨੇ ਆਪਣੀ ਕਿਸਮਤ ਵਿਚ ਲਿਖੇ ਇਨ੍ਹਾਂ ਤਸੀਹਿਆਂ ਤੋਂ ਡਰ ਕੇ ਜ਼ਰਾ ਵੀ ਦਿਲ ਨਹੀਂ ਛੱਡਿਆ। ਉਹ ਆਪਣੇ ਨਾਲ ਬੀਤਣ ਵਾਲੀ ਹਰ ਘਟਨਾ ਨੂੰ ਸਹਿਣ ਕਰਨ ਲਈ ਤਿਆਰ ਸਨ। ਉਹ ਹੱਕ, ਸੱਚ ਅਤੇ ਇਨਸਾਫ਼ ਲਈ ਲੜੇ ਸਨ। ਜਦੋਂ ਤਕ ਸਰੀਰ ਵਿਚ ਤਾਕਤ ਸੀ ਉਹ ਲੜਦੇ ਰਹੇ ਸਨ। ਜਦੋਂ ਇਹ ਤਾਕਤ ਮੁੱਕ ਗਈ ਸੀ, ਉਹ ਡਿੱਗ ਪਏ ਸਨ, ਪਰ ਝੁਕੇ ਨਹੀਂ ਅਤੇ ਨਾ ਹੀ ਉਨ੍ਹਾਂ ਨੇ ਦੁਸ਼ਮਣ ਦੀ ਈਨ ਮੰਨੀ ਸੀ। ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਜੋ ਤਸੀਹੇ ਅਤੇ ਅਨਾਦਰ ਉਹ ਇਸ ਸਮੇਂ ਦੇਖ ਰਹੇ ਸਨ, ਉਹ ਉਸ ਰਸਤੇ ਉੱਪਰ ਚੱਲਣ ਵਾਲੇ ਸੂਰਮਿਆਂ ਲਈ ਅਟੱਲ ਸਨ ਜਿਸ ਰਸਤੇ ਉੱਪਰ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਤੋਰਿਆ ਸੀ। ਮੁਹੰਮਦ ਹਾਦੀ ਕਾਮਵਰ ਖਾਨ ਲਿਖਦਾ ਹੈ ਕਿ ‘ਕੈਦੀ ਸਿੰਘ ਬਿਨਾਂ ਕਿਸੇ ਉਦਾਸੀ ਜਾਂ ਸ਼ਰਮਿੰਦਗੀ ਦੇ ਸ਼ਾਂਤ-ਚਿੱਤ ਅਤੇ ਪ੍ਰਸੰਨ- ਮੁੱਖ ਜਾ ਰਹੇ ਸਨ ਅਤੇ ਸ਼ਹੀਦਾਂ ਦੀ ਮੌਤ ਮਰਨ ਲਈ ਇੱਛਾਵਾਨ ਦਿੱਸਦੇ ਸਨ।’ ਜਲੂਸ ਦੇ ਬਾਦਸ਼ਾਹੀ ਕਿਲ੍ਹੇ ਪਾਸ ਪੁੱਜਣ ’ਪਰ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਬਾਬਾ ਬੰਦਾ ਸਿੰਘ, ਬਾਜ ਸਿੰਘ, ਫਤਿਹ ਸਿੰਘ ਆਦਿ ਮੁਖੀ ਨੇਤਾਵਾਂ ਨੂੰ ਇਬਰਾਹੀਮ ਖਾਨ ਮੀਰ ਆਤਸ਼ ਦੇ ਹਵਾਲੇ ਕਰ ਕੇ ਤਿਰਪੋਲੀਏ ਵਿਚ ਬੰਦ ਕਰ ਦਿੱਤਾ ਜਾਵੇ। ਬਾਬਾ ਬੰਦਾ ਸਿੰਘ ਦੀ ਧਰਮਪਤਨੀ ਅਤੇ ਉਸ ਦੇ ਚਾਰ ਕੁ ਸਾਲਾਂ ਦੇ ਪੁੱਤਰ ਨੂੰ ਸ਼ਾਹੀ ਜ਼ਨਾਨਖਾਨੇ ਵਿਚ ਪਹੁੰਚਾ ਦਿੱਤਾ ਜਾਵੇ। ਬਾਕੀ ਦੇ ਸੱਤ ਸੌ ਦੇ ਕਰੀਬ ਸਿੱਖਾਂ ਨੂੰ ਸਰਬਰਾਹ ਖਾਨ ਕੋਤਵਾਲ ਦੇ ਸਪੁਰਦ ਕਰ ਦਿੱਤਾ ਜਾਵੇ। ਇਨ੍ਹਾਂ ਬਾਰੇ ਹੁਕਮ ਦਿੱਤਾ ਗਿਆ ਸੀ ਕਿ ਇਨ੍ਹਾਂ ਨੂੰ ਸੌ-ਸੌ ਦੀ ਗਿਣਤੀ ਵਿਚ ਰੋਜ਼ ਕਤਲ ਕਰ ਕੇ ਖ਼ਤਮ ਕਰ ਦਿੱਤਾ ਜਾਵੇ।

ਅਖ਼ਬਾਰ-ਏ-ਦਰਬਾਰ-ਏ-ਮੁਅੱਲਾ ਦੀ 6 ਜੂਨ, 1716 ਦਿਨ ਸਨਿੱਚਰਵਾਰ ਦੀ ਇਕ ਖ਼ਬਰ ਵਿਚ ਮੌਤ ਦੇ ਇਸ ਹੁਕਮ ਬਾਰੇ ਇਉਂ ਜਾਣਕਾਰੀ ਦਿੱਤੀ ਗਈ ਹੈ:

‘ਬਾਦਸ਼ਾਹ ਨੇ ਹੁਕਮ ਜਾਰੀ ਕੀਤਾ ਹੈ ਕਿ ਇਬਰਾਹਿਮ-ਉਦ-ਦੀਨ ਮੀਰ-ਏ-ਆਤਿਸ਼ ਅਤੇ ਸਰਬਰਾਹ ਖਾਨ ਕੋਤਵਾਲ, ਬਾਗ਼ੀ ਬੰਦੇ ਨੂੰ ਤਿਰਪੋਲੀਆ ਦੇ ਕਿਲ੍ਹੇ ਵਿੱਚੋਂ ਕੱਢ ਕੇ, ਬਾਦਸ਼ਾਹ ਬਹਾਦਰ ਸ਼ਾਹ ਦੇ ਮਕਬਰੇ ਦੇ ਸਾਹਮਣੇ ਵਾਲੇ ਖਵਾਜਾ ਕੁਤਬ-ਉ-ਦੀਨ ਦੇ ਮਕਬਰੇ ਵਿਚ ਲੈ ਜਾਣ। ਉਸ ਦੀਆਂ ਅੱਖੀਆਂ ਕੱਢ ਦਿੱਤੀਆਂ ਜਾਣ ਅਤੇ ਜੀਭ ਕੱਟ ਦਿੱਤੀ ਜਾਵੇ। ਉਸ ਦੀ ਚਮੜੀ ਅਤੇ ਹੱਡੀਆਂ ਨੂੰ ਮਾਸ ਤੋਂ ਵੱਖ ਕਰ ਦਿੱਤਾ ਜਾਵੇ। ਉਸ ਦੇ ਪੁੱਤਰ ਨੂੰ ਵੀ ਮਾਰ ਦਿੱਤਾ ਜਾਵੇ।’ 4

5 ਮਾਰਚ, 1716 ਈ. ਨੂੰ ਕਤਲਾਂ ਦਾ ਇਹ ਸਿਲਸਿਲਾ ਸ਼ੁਰੂ ਹੋ ਗਿਆ ਸੀ। ਤਿਰਪੋਲੀਆ ਦਰਵਾਜ਼ੇ ਵੱਲ ਕੋਤਵਾਲੀ ਦਾ ਜੋ ਚਬੂਤਰਾ ਸੀ ਉਥੇ ਪਹਿਲੇ ਦਿਨ ਇਕ ਸੌ ਸਿੰਘਾਂ ਨੂੰ ਕੱਢ ਕੇ ਲਿਆਂਦਾ ਗਿਆ। ਇਨ੍ਹਾਂ ਨੂੰ ਇਕ ਲਾਈਨ ਵਿਚ ਬਿਠਾਇਆ ਗਿਆ। ਹੱਥ ਅਤੇ ਪੈਰ ਰੱਸਿਆਂ ਨਾਲ ਬੰਨ੍ਹੇ ਹੋਏ ਸਨ। ਕਈ-ਕਈ ਜਲਾਦ ਨੰਗੀਆਂ ਅਤੇ ਤਿੱਖੀਆਂ ਤਲਵਾਰਾਂ ਫੜਾ ਕੇ ਤਿਆਰ ਰੱਖੇ ਗਏ ਸਨ ਤਾਂ ਕਿ ਜੇ ਇਕ ਜਲਾਦ ਥੱਕ ਜਾਵੇ ਤਾਂ ਦੂਸਰਾ ਕੰਮ ਸ਼ੁਰੂ ਕਰ ਦੇਵੇ। ਹਰ ਸਿੰਘ ਨੂੰ ਉਥੇ ਖੜ੍ਹੇ ਕਾਜ਼ੀ ਵੱਲੋਂ ਬਚਣ ਲਈ ਅਖ਼ੀਰਲੀ ਇਕ ਪੇਸ਼ਕਸ਼ ਕੀਤੀ ਜਾਂਦੀ ਸੀ। ਜੇਕਰ ਕੋਈ ਇਸ ਪੇਸ਼ਕਸ਼ ਨੂੰ ਮੰਨਣ ਲਈ ਤਿਆਰ ਹੁੰਦਾ ਤਾਂ ਉਸ ਦੀ ਜਾਨ ਬਖ਼ਸ਼ੀ ਕਰ ਦਿੱਤੀ ਜਾਣੀ ਸੀ ਜਾਂ ਨਹੀਂ, ਇਸ ਦਾ ਤਾਂ ਪਤਾ ਨਹੀਂ ਪਰ ਪੇਸ਼ਕਸ਼ ਨੂੰ ਕਰਨ ਦਾ ਭਾਵ ਇਹੋ ਸੀ। ਇਹ ਗੱਲ ਜੱਗ ਜ਼ਾਹਰ ਹੈ ਕਿ ਕੋਈ ਵੀ ਸਿੰਘ ਇਸ ਪੇਸ਼ਕਸ਼ ਨੂੰ ਮੰਨਣ ਲਈ ਤਿਆਰ ਨਹੀਂ ਹੋਇਆ।

ਪੇਸ਼ਕਸ਼ ਇਹ ਸੀ ਕਿ ਉਹ ਇਸਲਾਮ ਨੂੰ ਧਾਰਨ ਕਰ ਲੈਣ। ਮੁਗ਼ਲ ਹਕੂਮਤ ਦਾ ਦੁਖੀ ਸਿੱਖਾਂ ਲਈ ਇਹ ਹੀ ਇਕ ਹਮਦਰਦੀ ਭਰਿਆ ਸੁਝਾਅ ਸੀ ਕਿ ਜੇਕਰ ਸਿੱਖ ਇਸਲਾਮ ਧਾਰਨ ਕਰ ਲੈਣ ਤਾਂ ਉਨ੍ਹਾਂ ਨੂੰ ਛੱਡਿਆ ਜਾ ਸਕਦਾ ਹੈ। ਪਰ ਸ਼ਾਬਾਸ਼ ਉਨ੍ਹਾਂ ਸੂਰਮੇ ਸਿੰਘਾਂ ਦੇ, ਜਿਨ੍ਹਾਂ ਨੇ ਇਕ ਵਾਰ ਵੀ ਇਹ ਨਹੀਂ ਸੋਚਿਆ ਕਿ ਉਹ ਇਸਲਾਮ ਧਾਰਨ ਕਰ ਕੇ ਆਪਣੀ ਜਾਨ ਬਚਾ ਲੈਣ। ਬਿਲਕੁਲ ਉਸ ਮੌਕੇ ’ਤੇ ਦੇਖ ਰਹੇ ਦੋ ਯੂਰਪੀਅਨ ਯਾਤਰੀ ਜੌਨ ਸਰਮਨ ਅਤੇ ਐਡਵਰਡ ਸਟੀਫਨਸਨ ਆਪਣੇ ਅੱਖੀਂ ਦੇਖੀ ਹਾਲਤ ਨੂੰ ਬਿਆਨ ਕਰਦੇ ਹੋਏ ਲਿਖਦੇ ਹਨ ਕਿ ‘ਅਖ਼ੀਰ ਦਮ ਤਕ ਇਹ ਪਤਾ ਨਹੀਂ ਲੱਗਿਆ ਕਿ ਕਿਸੇ ਇਕ ਨੇ ਵੀ ਆਪਣਾ ਇਹ ਨਵਾਂ ਧਾਰਨ ਕੀਤਾ (ਸਿੱਖ) ਧਰਮ ਤਿਆਗਿਆ ਹੋਵੇ। ਸਗੋਂ ਉਹ ਬੜੀ ਤੀਬਰਤਾ ਨਾਲ ਜਲਾਦ ਨੂੰ ਕਹਿੰਦੇ ਸਨ ਕਿ ਹੇ ਸਾਡੇ ਮੁਕਤੀਦਾਤਾ! ਸਾਨੂੰ ਇਸ ਜੂਨ ਤੋਂ ਛੇਤੀ ਮੁਕਤੀ ਦੇਹ।’ 5 ਇਰਵਿਨ ਲਿਖਦਾ ਹੈ ਕਿ ਕੀ ਹਿੰਦੁਸਤਾਨ ਅਤੇ ਕੀ ਯੂਰਪੀਅਨ, ਸਾਰੇ ਹੀ ਦਰਸ਼ਕ ਉਨ੍ਹਾਂ ਨੂੰ ਹੈਰਾਨ ਕਰ ਦੇਣ ਵਾਲੇ ਧੀਰਜ ਅਤੇ ਦ੍ਰਿੜ੍ਹਤਾ ਦੀ ਪ੍ਰਸੰਸਾ ਕਰਨ ਵਿਚ ਸਹਿਮਤ ਹਨ ਜਿਸ ਨਾਲ ਕਿ ਇਨ੍ਹਾਂ ਲੋਕਾਂ ਨੇ ਆਪਣੀ ਕਿਸਮਤ ਨੂੰ ਪ੍ਰਵਾਨ ਕੀਤਾ। ਦੇਖਣ ਵਾਲਿਆਂ ਲਈ ਇਨ੍ਹਾਂ ਦਾ ਆਪਣੇ ਆਗੂ ਲਈ ਪ੍ਰੇਮ ਅਤੇ ਭਗਤੀ ਬੜੇ ਅਸਚਰਜ-ਜਨਕ ਸਨ। ਉਨ੍ਹਾਂ ਨੂੰ ਮੌਤ ਦਾ ਕੋਈ ਭੈ ਨਹੀਂ ਸੀ ਅਤੇ ਜਲਾਦ ਨੂੰ ਉਹ ‘ਮੁਕਤੀ ਦਾਤਾ’ ਕਹਿ ਕੇ ਬੁਲਾਉਂਦੇ ਸਨ।6 ਮੁਨਸ਼ੀ ਗੁਲਾਮ ਹੁਸੈਨ ‘ਸੀਅਰੁਲ ਮੁਤਾਖ਼ਰੀਨ’ ਵਿਚ ਲਿਖਦਾ ਹੈ ਕਿ ‘ਸਭ ਤੋਂ ਵਿਸ਼ੇਸ਼ ਅਨੋਖੀ ਗੱਲ ਇਹ ਹੈ ਕਿ ਇਹ ਲੋਕ ਕੇਵਲ ਕਤਲ ਹੋਣ ਵੇਲੇ ਹੀ ਦ੍ਰਿੜ੍ਹਤਾ ਨਹੀਂ ਸਨ ਦਿਖਾਉਂਦੇ ਸਗੋਂ ਕਤਲ ਹੋਣ ਲਈ ਪਹਿਲ ਕਰਨ ਵਾਸਤੇ ਆਪਸ ਵਿਚ ਝਗੜਦੇ ਵੀ ਸਨ ਅਤੇ ਜਲਾਦਾਂ ਨੂੰ ਬੇਨਤੀਆਂ ਕਰਦੇ ਅਤੇ ਵਾਸਤੇ ਪਾਉਂਦੇ ਸਨ।’ 7

ਇਸ ਤਰ੍ਹਾਂ ਦਾ ਨਜ਼ਾਰਾ ਸੀ ਜਿਹੜਾ ਬਾਹਰਲੇ ਯਾਤਰੀਆਂ ਅਤੇ ਸਥਾਨਕ ਲੋਕਾਂ ਨੇ ਸਿੰਘਾਂ ਦੀਆਂ ਸ਼ਹਾਦਤਾਂ ਦਾ ਦੇਖਿਆ ਸੀ। ਸਿੰਘਾਂ ਨੂੰ ਹੱਥ-ਪੈਰ ਬੰਨ੍ਹਿਆਂ ਹੋਇਆਂ ਨੂੰ ਹੀ ਮੂਧੇ-ਮੂੰਹ ਕਰ ਕੇ ਇਕ ਥੜ੍ਹੇ ਉੱਪਰ ਲਿਟਾਇਆ ਜਾਂਦਾ ਸੀ। ਸਾਰਾ ਧੜ ਤਾਂ ਥੜ੍ਹੇ ਉੱਪਰ ਹੁੰਦਾ ਸੀ ਪਰ ਗਰਦਨ ਥੜ੍ਹੇ ਤੋਂ ਅੱਗੇ ਖ਼ਾਲੀ ਥਾਂ ’ਤੇ ਲਮਕਦੀ ਸੀ। ਗਰਦਨ ਦੇ ਉੱਪਰਲੇ ਪਾਸਿਓਂ ਜਲਾਦ ਦਾ ਵਾਰ ਹੁੰਦਾ ਸੀ। ਪਹਿਲਾਂ ਤਲਵਾਰ ਨੂੰ ਸਿੰਘਾਂ ਦੀ ਗਰਦਨ ਉੱਪਰ ਮਾਸ ਵਿਚ ਖੁਭੋ ਕੇ ਉਨਾ ਚਿਰ ਚੀਰ ਪਾਇਆ ਜਾਂਦਾ ਸੀ ਜਿੰਨਾ ਚਿਰ ਉਹ ਜਲਾਦ ਕਲਮਾ ਨਹੀਂ ਪੜ੍ਹ ਲੈਂਦਾ ਸੀ। ਕਲਮਾ ਪੜ੍ਹ ਲੈਣ ’ਤੇ ਇਕ ਜ਼ੋਰਦਾਰ ਵਾਰ ਰਾਹੀਂ ਸਿਰ ਨੂੰ ਧੜ ਨਾਲੋਂ ਅਲੱਗ ਕਰ ਦਿੱਤਾ ਜਾਂਦਾ ਸੀ। ਅਲੱਗ ਹੋਏ ਸਿਰਾਂ ਨੂੰ ਤਾਂ ਬਾਂਸਾਂ ਉੱਪਰ ਟੰਗ ਕੇ ਸ਼ਹਿਰ ਦੇ ਚੌਂਕਾਂ ਉੱਪਰ ਗੱਡ ਦਿੱਤਾ ਜਾਂਦਾ ਸੀ ਪਰ ਧੜਾਂ ਨੂੰ ਭੰਗੀਆਂ ਦੇ ਹਵਾਲੇ ਕਰ ਕੇ ਬਾਹਰ ਕਰੰਗਾਬਾੜੀਆਂ ਵਿਚ ਜਾਨਵਰਾਂ ਦੇ ਖਾਣ ਲਈ ਸੁੱਟ ਦਿੱਤਾ ਜਾਂਦਾ ਸੀ। ਅੱਗ ਵਿਚ ਫੂਕ ਕੇ ਸਸਕਾਰ ਕਰਨਾ ਤਾਂ ਇਸਲਾਮ ਦੇ ਅਸੂਲਾਂ ਵਿਚ ਨਹੀਂ ਸੀ। ਇਬਰਤਨਾਮੇ ਵਿਚ ਮਿਰਜ਼ਾ ਮੁਹੰਮਦ ਹਾਰਸ਼ੀ ਲਿਖਦਾ ਹੈ ਕਿ ‘ਮੈਂ ਕਤਲ ਸ਼ੁਰੂ ਹੋਣ ਦੇ ਦੂਸਰੇ ਦਿਨ 6 ਮਾਰਚ ਨੂੰ ਕਤਲ ਦਾ ਤਮਾਸ਼ਾ ਦੇਖਣ ਲਈ ਮੌਕੇ ਉੱਤੇ ਗਿਆ ਪਰ ਮੈਂ ਉਸ ਵੇਲੇ ਉਥੇ ਪੁੱਜਿਆ ਸੀ ਜਦੋਂ ਕਿ ਕਤਲਾਂ ਦਾ ਉਸ ਦਿਨ ਦਾ ਸਿਲਸਿਲਾ ਮੁੱਕ ਗਿਆ ਸੀ। ਧੜ ਅਜੇ ਤਕ ਉਥੇ ਸੂਰਜ ਦੀ ਅੱਗ ਵਰਗੀ ਧੁੱਪ ਵਿਚ ਲਹੂ ਅਤੇ ਧੂੜ ਵਿਚ ਪਏ ਹੋਏ ਸਨ।’ 8

ਸਿੰਘ ਜਿਸ ਤਰ੍ਹਾਂ ਹੱਸ-ਹੱਸ ਕੇ ਸ਼ਹਾਦਤਾਂ ਦੇ ਰਹੇ ਸਨ ਸਿਰਫ਼ ਇਹੋ ਹੀ ਅਚੰਭੇ ਭਰੀ ਗੱਲ ਨਹੀਂ ਸੀ। ਇਨ੍ਹਾਂ ਸ਼ਹਾਦਤਾਂ ਵਿੱਚੋਂ ਹੋਰ ਵੀ ਬੜੀਆਂ ਅਚੰਭੇ ਵਾਲੀਆਂ ਘਟਨਾਵਾਂ ਵਾਪਰ ਰਹੀਆਂ ਸਨ। ਐਸੀਆਂ ਅਚੰਭੇ ਭਰੀਆਂ, ਜਿਨ੍ਹਾਂ ਬਾਰੇ ਸੁਣ ਕੇ ਵੀ ਵਿਸ਼ਵਾਸ ਨਹੀਂ ਕੀਤਾ ਜਾਂਦਾ। ਮੁਸਲਿਮ ਲਿਖਾਰੀ ਜਿਹੜੇ ਕਿ ਸਿੱਖਾਂ ਨੂੰ ਬਿਨਾਂ ਕੋਈ ਭੈੜਾ ਸ਼ਬਦ ਵਰਤੇ ਸੰਬੋਧਨ ਹੀ ਨਹੀਂ ਸੀ ਕਰਦੇ, ਜੇਕਰ ਉਹ ਲਿਖਾਰੀ ਹੀ ਸਿੱਖਾਂ ਦੀਆਂ ਅਦੁੱਤੀ ਕਹਾਣੀਆਂ ਨੂੰ ਲਿਖਣ ਲਈ ਮਜਬੂਰ ਹੋ ਜਾਣ ਤਾਂ ਇਸ ਤੋਂ ਸਮਝਣਾ ਚਾਹੀਦਾ ਹੈ ਕਿ ਜੋ ਕੁਝ ਉਨ੍ਹਾਂ ਨੇ ਸਿੱਖਾਂ ਦੀ ਬਹਾਦਰੀ ਬਾਰੇ ਲਿਖਿਆ ਹੈ ਉਹ ਬਿਲਕੁਲ ਸੱਚ ਹੈ, ਉਸ ’ਚ ਜ਼ਰਾ ਜਿੰਨੀ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ। ਖਾਫ਼ੀ ਖ਼ਾਂ ਨੇ ਆਪਣੀ ਲਿਖਤ ਮੁੰਤਖ਼ਾਬੁਲ-ਉਲ-ਲੁਬਾਬ ਵਿਚ ਇਕ ਨੌਜੁਆਨ ਸਿੱਖ ਮੁੰਡੇ ਦਾ ਅੱਖੀਂ ਦੇਖਿਆ ਬਿਰਤਾਂਤ ਲਿਖਿਆ ਹੈ। ਇਹ ਬਿਰਤਾਂਤ ਇਸ ਤਰ੍ਹਾਂ ਹੈ:

 ‘ਜਦੋਂ ਸਿੰਘਾਂ ਨੂੰ ਸੌ-ਸੌ ਕਰ ਕੇ ਹਰ ਰੋਜ਼ ਮਾਰਿਆ ਜਾਂਦਾ ਸੀ ਤਾਂ ਇਕ ਦਿਨ ਅਜਿਹੇ ਨੌਜੁਆਨ ’ਤੇ ਆ ਕੇ ਗੱਲ ਕੁਝ ਨਵਾਂ ਮੋੜ ਕੱਟ ਗਈ ਸੀ ਜਿਸ ਦੀ ਮਾਂ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਪੁੱਤਰ ਦੀ ਰਿਹਾਈ ਦੇ ਹੁਕਮ ਲੈ ਆਈ ਸੀ। ਉਸ ਦੀ ਮਾਂ ਦੇ ਕਹਿਣ ਅਨੁਸਾਰ ਸ਼ਾਹੀ ਫ਼ੌਜ ਨੇ ਉਸ ਦੇ ਪੁੱਤਰ ਨੂੰ ਐਵੇਂ ਹੀ ਗ੍ਰਿਫ਼ਤਾਰ ਕਰ ਕੇ ਸਿੱਖਾਂ ਨਾਲ ਸ਼ਾਮਲ ਕਰ ਲਿਆ ਸੀ। ਉਸ ਦਾ ਤਾਜ਼ਾ-ਤਾਜ਼ਾ ਵਿਆਹ ਹੋਇਆ ਸੀ। ਬੁੱਢੀ ਮਾਂ ਨੇ ਕਿਸੇ ਤਰ੍ਹਾਂ ਬਾਦਸ਼ਾਹ ਤਕ ਪਹੁੰਚ ਕਰ ਲਈ ਅਤੇ ਬਾਦਸ਼ਾਹ ਨੇ ਇਹ ਪੱਕਾ ਕਰ ਕੇ ਕਿ ਇਸ ਬੁੱਢੀ ਦਾ ਪੁੱਤਰ ਸਿੱਖ ਨਹੀਂ ਹੈ, ਉਸ ਦੀ ਰਿਹਾਈ ਦਾ ਹੁਕਮ ਕਰ ਦਿੱਤਾ। ਬੁੱਢੀ ਮਾਂ ਰਿਹਾਈ ਦੇ ਹੁਕਮ ਲੈ ਕੇ ਕੋਤਵਾਲੀ ਦੇ ਉਸ ਥਾਂ ਪਹੁੰਚੀ ਜਿੱਥੇ ਕਿ ਕਤਲ ਕੀਤੇ ਜਾਣ ਵਾਲੇ ਸਿੰਘਾਂ ਵਿਚ ਉਸ ਦਾ ਨੌਜੁਆਨ ਪੁੱਤਰ ਵੀ ਖੜ੍ਹਾ ਸੀ। ਹੁਕਮ ਦਰੋਗੇ ਨੂੰ ਦਿਖਾਏ ਗਏ। ਦਰੋਗੇ ਨੇ ਤੁਰੰਤ ਉਸ ਨੌਜੁਆਨ ਨੂੰ ਖੁਸ਼ ਹੋ ਕੇ ਕਿਹਾ ਸੀ ਕਿ ਸ਼ਾਇਦ ਉਹ ਆਪਣੀ ਰਿਹਾਈ ਸੁਣ ਕੇ ਖੁਸ਼ ਹੋਵੇਗਾ ਪਰ ਉਹ ਉਲਟਾ ਹੈਰਾਨ ਹੋਇਆ। ਉਸ ਨੇ ਪੁੱਛਿਆ ਕਿ ਕਤਲ ਕਰਦੇ- ਕਰਦੇ ਉਸ ਨੂੰ ਕਿਉਂ ਛੱਡ ਦਿੱਤਾ ਗਿਆ ਹੈ? ਦਰੋਗੇ ਨੇ ਦੱਸਿਆ ਕਿ ਕਤਲ ਸਿੰਘਾਂ ਨੂੰ ਕੀਤਾ ਜਾ ਰਿਹਾ ਹੈ। ਤੇਰੀ ਮਾਂ ਨੇ ਦੱਸਿਆ ਹੈ ਕਿ ਤੂੰ ਸਿੰਘ ਨਹੀਂ ਹੈਂ, ਇਸ ਲਈ ਸਾਡੀ ਤੇਰੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਉਸ ਮੁੰਡੇ ਨੇ ਬੜੇ ਗੁੱਸੇ ਅਤੇ ਜੋਸ਼ ਵਿਚ ਕਿਹਾ ਕਿ ਮੇਰੀ ਮਾਂ ਝੂਠ ਬੋਲ ਰਹੀ ਹੈ। ਮੈਂ ਗੁਰੂ ਦਾ ਸਿੰਘ ਹਾਂ ਅਤੇ ਬਾਬਾ ਬੰਦਾ ਸਿੰਘ ਮੇਰਾ ਨੇਤਾ ਹੈ। ਮੈਨੂੰ ਛੇਤੀ-ਛੇਤੀ ਮੇਰੇ ਭਾਈਆਂ ਪਾਸ ਭੇਜੋ। ਮੁੰਡੇ ਦੀਆਂ ਇਹ ਗੱਲਾਂ ਸੁਣ ਕੇ ਦਰੋਗੇ ਸਮੇਤ ਸਾਰੇ ਹੀ ਅਧਿਕਾਰੀ ਹੈਰਾਨ ਹੋ ਗਏ। ਉਸ ਦੀ ਮਾਂ ਭੁੱਬਾਂ ਮਾਰ ਰਹੀ ਸੀ ਪਰ ਨੌਜੁਆਨ ਨੇ ਇਕ ਨਾ ਸੁਣੀ। ਉਸ ਨੇ ਕਿਹਾ ਕਿ ਮਾਂ! ਮੈਂ ਹੁਣ ਵੀ ਮਰ ਰਿਹਾ ਹਾਂ ਅਤੇ ਬਾਹਰ ਨਿਕਲ ਕੇ ਵੀ ਮਰਿਆਂ ਵਾਂਗ ਹੀ ਹੋਵਾਂਗਾ। ਚੰਗਾ ਇਹੀ ਹੈ ਕਿ ਮੈਂ ਆਪਣੇ ਸਾਥੀਆਂ ਨਾਲ ਹੀ ਮਾਣ ਭਰੀ ਮੌਤ ਮਰ ਜਾਵਾਂ ਜਿਨ੍ਹਾਂ ਨਾਲ ਰਲ ਕੇ ਮੈਂ ਲੜਦਾ ਰਿਹਾ ਹਾਂ। ਇਹ ਕਹਿ ਕੇ ਉਸ ਨੇ ਫਤਿਹ ਬੁਲਾਈ ਅਤੇ ਅੰਤਰ- ਧਿਆਨ ਹੋ ਕੇ ਆਪਣਾ ਸਿਰ ਲਾਹੇ ਜਾਣ ਦੀ ਉਡੀਕ ਕਰਨ ਲੱਗਿਆ। ਜਲਾਦ ਨੇ ਦਰੋਗੇ ਦਾ ਇਸ਼ਾਰਾ ਪਾ ਕੇ ਉਸ ਦਾ ਸਿਰ ਆਪਣੇ ਢੰਗ ਅਨੁਸਾਰ ਕਤਲ ਕਰ ਦਿੱਤਾ।’9

ਇਸ ਤਰ੍ਹਾਂ ਸੌ-ਸੌ ਕਰ ਕੇ ਸੱਤ ਸੌ ਤੋਂ ਵੱਧ ਗਿਣਤੀ ਵਿਚਲੇ ਸਿੰਘਾਂ ਨੂੰ ਸੱਤ-ਅੱਠ ਦਿਨਾਂ ਵਿਚ ਕਤਲ ਕਰ ਦਿੱਤਾ ਗਿਆ। ਜਿਵੇਂ ਕਿ ਪਹਿਲਾਂ ਲਿਖਿਆ ਜਾ ਚੁੱਕਿਆ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਮੁਖੀ ਸਾਥੀਆਂ ਨੂੰ ਬਾਕੀ ਸਿੰਘਾਂ ਨਾਲੋਂ ਅਲੱਗ ਕੈਦ ਵਿਚ ਰੱਖਿਆ ਗਿਆ ਸੀ। ਉਸ ਦੇ ਮੁਖੀ ਸਾਥੀਆਂ ਦੀ ਗਿਣਤੀ ਸਤਾਰਾਂ ਸੀ। ਉਨ੍ਹਾਂ ਨੂੰ ਜੂਨ 1716 ਤਕ ਜਿਊਂਦੇ ਰੱਖਿਆ ਗਿਆ ਸੀ। ਅੱਧੀ ਮਾਰਚ ਤੋਂ ਲੈ ਕੇ ਜੂਨ ਦੇ ਅਖ਼ੀਰ ਤਕ ਉਨ੍ਹਾਂ ਨੂੰ ਨਾ ਮਾਰੇ ਜਾਣ ਦਾ ਕਾਰਨ ਇਹ ਸੀ ਕਿ ਉਨ੍ਹਾਂ ਨੂੰ ਤਸੀਹੇ ਦਿੱਤੇ ਜਾ ਰਹੇ ਸਨ। ਇਹ ਤਸੀਹੇ ਦੇ ਕੇ ਉਨ੍ਹਾਂ ਤੋਂ ਇਕ ਤਾਂ ਉਨ੍ਹਾਂ ਦੀਆਂ ਅਜਿਹੇ ਸਾਥੀਆਂ ਦੀਆਂ ਛੁਪਣਗਾਹਾਂ ਬਾਰੇ ਪੁੱਛਿਆ ਜਾਂਦਾ ਸੀ ਜਿਹੜੇ ਅਜੇ ਹਕੂਮਤ ਦੇ ਹੱਥ ਨਹੀਂ ਆਏ ਸਨ। ਦੂਜਾ, ਉਨ੍ਹਾਂ ਖ਼ਜ਼ਾਨਿਆਂ ਬਾਰੇ ਪੁੱਛਿਆ ਜਾਂਦਾ ਸੀ ਜਿਹੜੇ ਵੱਡੇ-ਵੱਡੇ ਸ਼ਹਿਰਾਂ ਦੀ ਜਿੱਤ ਵੇਲੇ ਦੁਸ਼ਮਣ ਵੱਲੋਂ ਨਜ਼ਰਾਨਿਆਂ ਦੇ ਤੌਰ ’ਤੇ ਹਾਸਲ ਕੀਤੇ ਸਨ। ਪਰ ਨਾ ਤਾਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਨਾ ਹੀ ਉਸ ਦਾ ਕੋਈ ਸਾਥੀ ਭਾਂਤ-ਭਾਂਤ ਦੇ ਤਸੀਹੇ ਸਹਿ ਕੇ ਵੀ ਟੱਸ ਤੋਂ ਮੱਸ ਹੋਇਆ। ਜੌਨ ਸਰਮਨ ਅਤੇ ਐਡਵਰਡ ਸਟੀਫਨਸਨ ਨੇ ਆਪਣੀ ਚਿੱਠੀ ਵਿਚ ਇਸ ਬਾਰੇ ਲਿਖਿਆ ਹੈ: ‘ਉਸ (ਬਾਬਾ ਬੰਦਾ ਸਿੰਘ) ਦੀ ਅਤੇ ਉਸ ਦੇ ਬਹੁਤ ਸਾਰੇ ਸਾਥੀਆਂ ਦੀ ਜ਼ਿੰਦਗੀ ਇਸ ਵੇਲੇ ਇਸ ਲਈ ਵਧਾ ਦਿੱਤੀ ਗਈ ਹੈ ਕਿ ਉਸ ਦੇ ਖ਼ਜ਼ਾਨੇ ਅਤੇ ਉਸ ਦੇ ਸਹਾਇਕਾਂ ਦਾ ਪਤਾ ਲਗਾਇਆ ਜਾ ਸਕੇ। ਇਸ ਤੋਂ ਬਾਅਦ ਉਸ ਨੂੰ ਵੀ ਕਤਲ ਕਰ ਦਿੱਤਾ ਜਾਵੇਗਾ।’10 ਅਖ਼ੀਰ ਜਦੋਂ ਭਾਂਤ-ਭਾਂਤ ਦੇ ਤਸੀਹੇ ਦੇ ਕੇ ਵੀ ਸਰਕਾਰੀ ਅਧਿਕਾਰੀ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਕੋਲੋਂ ਕੁਝ ਵੀ ਪਤਾ ਨਾ ਲਗਾ ਸਕੇ ਤਾਂ ਬਾਦਸ਼ਾਹ ਨੇ ਇਨ੍ਹਾਂ ਅੱਧਮਰੇ ਹੋਏ ਸਿੰਘਾਂ ਨੂੰ ਮਾਰ ਦਿੱਤੇ ਜਾਣ ਦਾ ਹੁਕਮ ਕਰ ਦਿੱਤਾ। ਧਿਆਨ ਰਹੇ ਕਿ ਮਾਰ ਦਿੱਤੇ ਜਾਣ ਦਾ ਹੁਕਮ ਉਸ ਸਮੇਂ ਦਿੱਤਾ ਗਿਆ ਸੀ ਜਦੋਂ ਇਨ੍ਹਾਂ ਨੂੰ ਹੋਰ ਤਸੀਹੇ ਨਹੀਂ ਦਿੱਤੇ ਜਾ ਸਕਦੇ ਸਨ। ਜਿੰਨਾ ਚਿਰ ਤਸੀਹੇ ਦਿੱਤੇ ਜਾ ਸਕਦੇ ਸੀ, ਤਸੀਹੇ ਦਿੱਤੇ ਗਏ ਸਨ ਪਰ ਜਦੋਂ ਤਸੀਹਿਆਂ ਦੀ ਹੀ ਹੱਦ ਮੁੱਕ ਗਈ ਤਾਂ ਹੋਰ ਤਸੀਹੇ ਸ਼ਾਇਦ ਨਹੀਂ ਦਿੱਤੇ ਜਾ ਸਕਦੇ ਸਨ।

9 ਜੂਨ, 1716 ਈ. ਨੂੰ ਸੂਰਜ ਚੜ੍ਹਦੇ ਹੀ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ 17 ਸਾਥੀਆਂ ਨੂੰ ਕੈਦ ਵਿੱਚੋਂ ਕੱਢ ਕੇ ਅੰਤਮ ਜਲੂਸ ਕੱਢਿਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਲਾਲ ਪੱਗੜੀ ਅਤੇ ਤਿੱਲੇਦਾਰ ਭੜਕੀਲੇ ਰੰਗ ਦੀ ਪੁਸ਼ਾਕ ਪਾਈ ਗਈ ਸੀ। ਇਹ ਭੜਕੀਲਾ ਰੰਗ ਸਿਰਫ਼ ਉਨ੍ਹਾਂ ਦਾ ਮਖੌਲ ਉਡਾਉਣ ਲਈ ਸੀ ਤਾਂ ਕਿ ਲੋਕ ਉਨ੍ਹਾਂ ਦੀ ਦੂਰੋਂ ਹੀ ਪਛਾਣ ਕਰ ਸਕਣ। ਲਾਲ ਰੰਗ ਉਨ੍ਹਾਂ ਨੂੰ ਸਿਰਫ਼ ਲਾੜਾ ਬਣਾਉਣ ਲਈ ਪਹਿਨਾਇਆ ਗਿਆ ਸੀ। ਲੋਕਾਂ ਲਈ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਦੇਖੋ! ਬੰਦਾ ਵਿਆਹ ਕਰਵਾਉਣ ਜਾ ਰਿਹਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਉਸੇ ਹਾਥੀ ਉੱਪਰ ਉਸ ਦਾ ਨੰਨ੍ਹਾ ਪੁੱਤਰ ਅਤੇ ਸੁਪਤਨੀ ਨੂੰ ਬਿਠਾਇਆ ਹੋਇਆ ਸੀ। ਸਾਰੇ ਸਿੰਘ ਉਨ੍ਹਾਂ ਦੇ ਪਿੱਛੇ-ਪਿੱਛੇ ਗਧਿਆਂ ਜਾਂ ਖੱਚਰਾਂ ਉੱਪਰ ਸੰਗਲਾਂ ਨਾਲ ਨੂੜ ਕੇ ਬਿਠਾਏ ਹੋਏ ਸਨ। ਬਜ਼ਾਰ ਵਿੱਚੋਂ ਦੀ ਕੱਢ ਕੇ ਸਭ ਨੂੰ ਕੁਤਬਮੀਨਾਰ  ਦੇ  ਲਾਗੇ  ਖੁਆਜਾ  ਕੁਤਬਦੀਨ  ਬਖ਼ਤਿਆਰ  ਕਾਕੀ  ਦੇ  ਰੋਜ਼ੇ  ਦੇ  ਪਾਸ ਪਹੁੰਚਾਇਆ ਗਿਆ। ਉਥੇ ਹੀ ਬਾਦਸ਼ਾਹ ਬਹਾਦਰ ਸ਼ਾਹ ਦੀ ਕਬਰ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਹਾਥੀ ਨੂੰ ਇਥੇ ਬਿਠਾਇਆ ਗਿਆ। ਉਸ ਨੂੰ ਕੁਝ ਸਿਪਾਹੀਆਂ ਨੇ ਫੜ ਕੇ ਹਾਥੀ ਦੇ ਹੌਦੇ ਵਿੱਚੋਂ ਉਤਾਰਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਇਹ ਹਾਲਤ ਸੀ ਕਿ ਨਾ ਉਹ ਆਪਣੇ ਤੌਰ ’ਤੇ ਉੱਠ-ਬੈਠ ਸਕਦਾ ਸੀ ਅਤੇ ਨਾ ਹੀ ਤੁਰ-ਫਿਰ ਸਕਦਾ ਸੀ। ਉਸ ਨੂੰ ਤੁਰਨ ਲਈ ਸੋਟੀ ਫੜਾਈ ਗਈ ਸੀ। ਸਿਪਾਹੀਆਂ ਦੁਆਰਾ ਉਸ ਨੂੰ ਮੋਢਿਆਂ ਤੋਂ ਫੜ ਕੇ ਬਾਦਸ਼ਾਹ ਬਹਾਦਰ ਸ਼ਾਹ ਦੀ ਕਬਰ ਦੇ ਦੁਆਲੇ ਕਈ ਵਾਰ ਘੁਮਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਇਸ ਸਮੇਂ ਸਰੀਰਿਕ ਪੱਖੋਂ ਬੇਹੱਦ ਨਿਰਬਲ ਹੋ ਚੁਕਾ ਸੀ ਅਤੇ ਬੇਬੱਸ ਸੀ। ਜਿਵੇਂ ਮੁਗ਼ਲ ਅਧਿਕਾਰੀ ਇਕ ਬੰਦੀ ਕੋਲੋਂ ਕਰਵਾਉਣਾ ਚਾਹੁੰਦੇ ਸਨ, ਬਾਬਾ ਜੀ ਤੋਂ ਵੀ ਉਸੇ ਤਰ੍ਹਾਂ ਕਰਵਾਇਆ ਗਿਆ। ਕਬਰ ਦੁਆਲੇ ਕਈ ਗੇੜੇ ਕਢਵਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਿਠਾਇਆ ਗਿਆ। ਕਾਜ਼ੀ ਨੇ ਉਸ ਦੇ ਕੋਲ ਜਾ ਕੇ ਫਤਵਾ ਸੁਣਾਇਆ ਕਿ ਜੇਕਰ ਉਹ ਇਸਲਾਮ ਧਾਰਨ ਕਰਨ ਨੂੰ ਤਿਆਰ ਹੈ ਤਾਂ ਉਸ ਨੂੰ ਬੜੇ ਮਾਣ-ਸਤਿਕਾਰ ਨਾਲ ਛੱਡ ਦਿੱਤਾ ਜਾਵੇਗਾ, ਨਹੀਂ ਤਾਂ ਉਹ ਮਰਨ ਲਈ ਤਿਆਰ ਹੋ ਜਾਵੇ। ਇਹੀ ਫਤਵਾ ਉਸ ਦੇ ਬਾਕੀ ਸਿੰਘ ਸਾਥੀਆਂ ਨੂੰ ਸੁਣਾਇਆ ਗਿਆ। ਪਰ ਸਭ ਨੇ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਦੇ, ਇਸਲਾਮ ਧਾਰਨ ਕਰਨ ਤੋਂ ਇਕਦਮ ਇਨਕਾਰ ਕਰ ਦਿੱਤਾ। ਸਭ ਆਪਣੇ ਮਰਨ ਦੀ ਉਡੀਕ ਕਰਨ ਲੱਗੇ। ਤਾਰੀਖ਼-ਏ-ਮੁਜ਼ਫਰੀ ਵਿਚ ਲਿਖਿਆ ਗਿਆ ਹੈ ਕਿ ‘ਗੁਰੂ ਗੋਬਿੰਦ ਸਿੰਘ ਦੇ ਚੁਣੇ ਹੋਏ ਸਿੱਖ ਨੇ ਥੋੜ੍ਹੇ ਜਿਹੇ ਦਿਨਾਂ ਦੀ ਜ਼ਿੰਦਗੀ ਲਈ ਆਪਣਾ ਧਰਮ ਤਿਆਗਣ ਦੀ ਥਾਂ ਇਕ ਸਿਦਕੀ ਸਿੱਖ ਦੀ ਤਰ੍ਹਾਂ ਆਪਣੀ ਜਾਨ ਕੁਰਬਾਨ ਕਰਨਾ ਪਰਵਾਨ ਕਰ ਲਿਆ।’11

ਇਸ ਤਰ੍ਹਾਂ ਦਾ ਇਨਕਾਰ ਸੁਣ ਕੇ ਕਾਜ਼ੀ ਨੇ ਸਭ ਨੂੰ ਤਸੀਹੇ ਦੇ ਕੇ ਕਤਲ ਕਰ ਦੇਣ ਦਾ ਹੁਕਮ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀ ਸਿੰਘਾਂ ਨੂੰ ਜਦੋਂ ਕਤਲ ਕਰਨ ਲਈ ਅੱਗੇ ਕੀਤਾ ਗਿਆ ਸੀ ਤਾਂ ਭਾਈ ਬਾਜ ਸਿੰਘ ਦੀ ਵਾਰੀ ਆਉਣ ’ਤੇ ਉਥੇ ਮੌਜੂਦ ਸਭ ਤੋਂ ਵੱਡੇ ਅਧਿਕਾਰੀ ਨੇ ਭਾਈ ਬਾਜ ਸਿੰਘ ਨੂੰ ਸੰਬੋਧਨ ਕਰਦਿਆਂ ਕਿਹਾ, ‘ਤੇਰੀ ਤਾਂ ਬੜੀ ਬਹਾਦਰੀ ਸੁਣੀਦੀ ਸੀ, ਕੀ ਗੱਲ, ਇਸ ਤਰ੍ਹਾਂ ਦੀ ਦਸ਼ਾ ਤੇਰੀ ਕਿਉਂ ਹੋ ਗਈ? ਕੀ ਹੁਣ ਵੀ ਕੁਝ ਕਰ ਸਕਣ ਜੋਗਾ ਹੈਂ?’ ਭਾਈ ਬਾਜ ਸਿੰਘ ਨੇ ਜਵਾਬ ਦਿੱਤਾ ਕਿ ‘ਮੈਂ ਬੇੜੀਆਂ ਵਿਚ ਬੰਨ੍ਹਿਆ ਪਿਆ   ਹਾਂ। ਗੁਰੂ ਦੇ ਇਸ ਸਿੱਖ ਦੀ ਬਹਾਦਰੀ ਦੇਖਣੀ ਹੈ ਤਾਂ ਜ਼ਰਾ ਕੁ ਬੇੜੀਆਂ ਖੋਲ੍ਹ ਕੇ ਦੇਖ ਲਓ।’ ਉਸ ਅਧਿਕਾਰੀ ਦੇ ਕਹਿਣ ’ਤੇ ਉਸ ਦੀਆਂ ਬੇੜੀਆਂ ਖੋਲ੍ਹ ਦਿੱਤੀਆਂ ਗਈਆਂ। ਬੇੜੀਆਂ ਖੋਲ੍ਹ ਕੇ ਅਜੇ ਉਸ ਦੀਆਂ ਲੱਤਾਂ-ਬਾਹਾਂ ਵਿੱਚੋਂ ਕੱਢੀਆਂ ਹੀ ਸਨ ਕਿ ਉਹ ਅਧਮੋਈ ਜਿਹੀ ਹਾਲਤ ਹੋਣ ਦੇ ਬਾਵਜੂਦ ਵੀ ਆਪਣੇ ਕੋਲ ਖੜ੍ਹੇ ਅਧਿਕਾਰੀਆਂ ਉੱਪਰ ਬਾਜਾਂ ਵਾਂਗੂੰ ਝਪਟ ਪਿਆ। ਜੇਕਰ ਸਿਪਾਹੀ ਛੇਤੀ ਕੀਤੇ ਭਾਈ ਬਾਜ ਸਿੰਘ ਨੂੰ ਕਾਬੂ ਨਾ ਕਰਦੇ ਤਾਂ ਉਸ ਨੇ ਕਈ ਅਧਿਕਾਰੀਆਂ ਨੂੰ ਮਾਰ ਸੁੱਟਣਾ ਸੀ। ਉਸ ਨੂੰ ਝੱਟਪਟ ਕਾਬੂ ਕਰ ਕੇ ਉਸ ਦੀਆਂ ਬਾਹਾਂ ਕੱਟ ਦਿੱਤੀਆਂ ਗਈਆਂ ਸਨ। ਫਿਰ ਕਿਸੇ ਵੀ ਸਿੰਘ ਨੂੰ ਕਿਸੇ ਅਧਿਕਾਰੀ ਨੇ ਇਸ ਤਰ੍ਹਾਂ ਦੀ ਟਕੋਰ ਨਹੀਂ ਕੀਤੀ। ਭਾਈ ਬਾਜ ਸਿੰਘ ਤੋਂ ਬਾਅਦ ਸਭ ਨੂੰ ਸੰਗਲਾਂ ਵਿਚ ਜਕੜਿਆਂ ਪਿਆਂ ਹੀ ਕਤਲ ਕਰ ਦਿੱਤਾ ਗਿਆ ਸੀ। ਕਿਸੇ ਵੀ ਸਿੰਘ ਨੇ ਕਤਲ ਹੋਣ ਦੇ ਡਰੋਂ ਆਪਣਾ ਸਿਦਕ ਨਹੀਂ ਹਾਰਿਆ।

ਅਖ਼ੀਰ ’ਤੇ ਆਈ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰੀ। ਇਹ ਗੱਲ ਤਾਂ ਤਹਿ ਹੋ ਗਈ ਸੀ ਕਿ ਹੁਣ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਤਲ ਕਰ ਦੇਣਾ ਹੀ ਠੀਕ ਹੈ। ਉਸ ਦੀ ਗੋਦ ਵਿਚ ਉਸ ਦੇ ਚਾਰ ਸਾਲਾਂ ਦੇ ਬੱਚੇ ਨੂੰ ਬਿਠਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹਾ ਗਿਆ ਕਿ ਉਸ ਦੇ ਬੱਚੇ ਨੂੰ ਪਹਿਲਾਂ ਮਾਰਨਾ ਹੈ। ਚੰਗਾ ਇਹ ਹੀ ਹੋਵੇਗਾ ਕਿ ਜਲਾਦ ਹੱਥੋਂ ਮਾਰੇ ਜਾਣ ਦੀ ਥਾਂ ਬੰਦਾ ਸਿੰਘ ਆਪਣੇ ਪੁੱਤਰ ਨੂੰ ਆਪ ਹੀ ਮਾਰ ਦੇਵੇ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਉਹ ਉਸ ਨੂੰ ਇਸ ਤਰ੍ਹਾਂ ਆਪਣੇ ਧਰਮ ਤੋਂ ਡੁਲ੍ਹਾ ਨਹੀਂ ਸਕਦੇ। ਜਲਾਦ ਨੇ ਕਾਜ਼ੀ ਦਾ ਇਸ਼ਾਰਾ ਮਿਲਦਿਆਂ ਹੀ ਬੱਚੇ ਨੂੰ ਇਸਲਾਮੀ ਢੰਗ ਨਾਲ ਜ਼ਿਬਾਹ ਕਰ ਦਿੱਤਾ। ਇਸਲਾਮੀ ਢੰਗ ਸੀ ਬੱਚੇ ਨੂੰ ਕਲਮਾ ਪੜ੍ਹਦੇ ਹੋਏ ਮਾਰਨਾ। ਬੱਚੇ ਦਾ ਤੜਫਦਾ ਹੋਇਆ ਦਿਲ ਬਾਹਰ ਕੱਢਿਆ ਗਿਆ। ਇਸ ਨੂੰ ਬਾਬਾ ਜੀ ਦੇ ਮੂੰਹ ਵਿਚ ਤੁੰਨਿਆ ਗਿਆ। ਪਰ ਬਾਬਾ ਜੀ ਰੱਬ ਦੇ ਭਾਣੇ ਨੂੰ ਮਿੱਠਾ ਕਰ ਕੇ ਮੰਨਦੇ ਹੋਏ ਅਡੋਲ ਰਹੇ।

ਬਾਬਾ ਬੰਦਾ ਸਿੰਘ ਬਹਾਦਰ ਦੇ ਇਸ ਹੱਠ ਨੂੰ ਦੇਖ ਕੇ ਉਥੋਂ ਦੇ ਅਧਿਕਾਰੀ ਵੀ ਹੈਰਾਨ ਹੁੰਦੇ ਸਨ ਅਤੇ ਕਤਲ ਕਰਨ ਵਾਲਾ ਜਲਾਦ ਵੀ। ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਵਾਰ-ਵਾਰ ਇਸ ਗੱਲ ਬਾਰੇ ਪੁੱਛਦੇ ਸਨ ਕਿ ‘ਜਿਤਨਾ ਹੱਠ ਉਹ ਸਰਕਾਰ ਸਾਹਮਣੇ ਦਿਖਾ ਰਿਹਾ ਹੈ ਅਤੇ ਜਿਸ ਤਰੀਕੇ ਨਾਲ ਹਰ ਕਿਸਮ ਦੇ ਤਸੀਹੇ ਝੱਲ ਰਿਹਾ ਹੈ, ਇਹ ਇਕ ਬਹੁਤ ਹੀ ਉੱਚੇ-ਸੁੱਚੇ ਅਤੇ ਵਿਦਵਾਨ ਪੁਰਸ਼ ਦੀ ਨਿਸ਼ਾਨੀ ਹੈ। ਜੇਕਰ ਉਹ ਇਤਨਾ ਹੀ ਉੱਚਾ-ਸੁੱਚਾ ਅਤੇ ਵਿਦਵਾਨ ਪੁਰਸ਼ ਸੀ ਤਾਂ ਉਸ ਨੇ ਇਹ ਸਭ ਕੁਝ ਜਾਣਦਿਆਂ ਹੋਇਆਂ ਵੀ ਤਾਕਤਵਰ ਹਕੂਮਤ ਨਾਲ ਮੱਥਾ ਕਿਉਂ ਲਾਇਆ ਸੀ ਜਦੋਂ ਕਿ ਆਖ਼ਰ ਇਕ ਦਿਨ ਤਾਂ ਉਸ ਨੇ ਪਕੜਿਆ ਹੀ ਜਾਣਾ ਸੀ।’ ਇਹ ਗੱਲ ਮੁਹੰਮਦ ਅਮੀਨ ਖਾਨ ਨੇ ਪੁੱਛੀ ਸੀ। ਮੁਹੰਮਦ ਅਮੀਨ ਖਾਨ ਨੂੰ ਹੀ ਪਹਿਲਾਂ ਬਾਦਸ਼ਾਹ ਬਹਾਦਰ ਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਕੜਨ ਲਈ ਭੇਜਿਆ ਸੀ। ਫਿਰ ਪਿੱਛੋਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪਕੜਿਆ ਗਿਆ ਸੀ ਤਾਂ ਮੁਹੰਮਦ ਅਮੀਨ ਖਾਨ ਦੀ ਡਿਊਟੀ ਬਾਦਸ਼ਾਹ ਫ਼ਰੁਖ਼ਸ਼ੀਅਰ ਨੇ ਲਗਾਈ ਸੀ ਕਿ ਉਹ ਕੈਦੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਦੀਆਂ ਹੱਦਾਂ ਤੋਂ ਆਪਣੀ ਹਿਰਾਸਤ ਵਿਚ ਲੈ ਕੇ ਆਵੇ ਭਾਵ ਕਿ ਮੁਹੰਮਦ ਅਮੀਨ ਖਾਨ ਬਾਦਸ਼ਾਹ ਦਾ ਸਿਰਕੱਢ ਵਜ਼ੀਰ ਸੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਰਾ ਕੈਦੀ ਜੀਵਨ ਅੰਤ ਤਕ ਇਸੇ ਦੀ ਹਿਰਾਸਤ ਵਿਚ ਗੁਜ਼ਰਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਨੂੰ ਜਵਾਬ ਦਿੱਤਾ, “ਜਦੋਂ ਧਰਤੀ ਉੱਪਰ ਜ਼ੁਲਮ ਆਪਣੀਆਂ ਹੱਦਾਂ ਤੋਂ ਟੱਪ ਜਾਂਦਾ ਹੈ ਤਾਂ ਅਕਾਲ ਪੁਰਖ ਕਿਸੇ ਨਾ ਕਿਸੇ ਵਿਅਕਤੀ ਨੂੰ ਉਸ ਜ਼ੁਲਮ ਦਾ ਨਾਸ਼ ਕਰਨ ਲਈ ਭੇਜਦਾ ਹੈ। ਮੈਨੂੰ ਵੀ ਮੇਰੇ ਗੁਰੂ ਗੋਬਿੰਦ ਸਿੰਘ ਨੇ ਤੁਹਾਡੇ ਜ਼ੁਲਮਾਂ ਦਾ ਨਾਸ਼ ਕਰਨ ਲਈ ਭੇਜਿਆ ਸੀ। ਜਿੱਥੋਂ ਤਕ ਮੇਰੀ ਤਾਕਤ ਸੀ ਮੈਂ ਜ਼ੁਲਮ ਦਾ ਮੁਕਾਬਲਾ ਕੀਤਾ ਅਤੇ ਉਸ ਨੂੰ ਖ਼ਤਮ ਵੀ ਕੀਤਾ ਪਰ ਜ਼ੁਲਮ ਦੇ ਖ਼ਿਲਾਫ਼ ਲੜਨ ਵਾਲੇ ਘੱਟ ਹੁੰਦੇ ਹਨ। ਇਸ ਲਈ ਇਸੇ ਘਾਟ ਕਾਰਨ ਮੈਂ ਪਕੜਿਆ ਗਿਆ ਹਾਂ। ਮੈਨੂੰ ਮੌਤ ਦਾ ਡਰ ਨਹੀਂ ਹੈ। ਜਿਹੜਾ ਜ਼ੁਲਮ ਖ਼ਿਲਾਫ਼ ਲੜਦਾ ਹੈ ਉਹ ਮੌਤ ਦਾ ਭੈਅ ਰੱਖ ਕੇ ਨਹੀਂ ਲੜਦਾ।”12 ਸ. ਕੇਸਰ ਸਿੰਘ ਛਿੱਬਰ ਅੰਤਮ ਸਮੇਂ ਬਾਦਸ਼ਾਹ ਫ਼ਰੁਖ਼ਸ਼ੀਅਰ ਦੀ ਬਾਬਾ ਬੰਦਾ ਸਿੰਘ ਬਹਾਦਰ ਨਾਲ ਗੱਲਬਾਤ ਹੋਈ ਦੱਸਦਾ ਹੈ। ਉਸ ਅਨੁਸਾਰ ਜਦੋਂ ਬਾਦਸ਼ਾਹ ਨੇ ਪੁੱਛਿਆ ਕਿ ‘ਜਿਹੜਾ ਉਹ (ਬਾਬਾ ਬੰਦਾ ਸਿੰਘ) ਕੋਈ ਦੁੱਖ-ਤਕਲੀਫ਼ ਨਹੀਂ ਮੰਨ ਰਿਹਾ, ਕੀ ਇਹ ਉਸ ਦੀ ਕਰਾਮਾਤ ਹੈ?’ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਤਰ ਦਿੱਤਾ, ‘ਇਹ ਕੋਈ ਕਰਾਮਾਤ ਨਹੀਂ ਹੈ। ਮੈਂ ਉਹੀ ਕੁਝ ਭੁਗਤ ਰਿਹਾ ਹਾਂ ਜੋ ਕੁਝ ਮੈਂ ਕੀਤਾ ਹੈ। ਇਸ ਰਸਤੇ ਉੱਪਰ ਚੱਲਣ ਵਾਲਿਆਂ ਦੀ ਮੌਤ ਇਸੇ ਤਰ੍ਹਾਂ ਹੀ ਆਉਂਦੀ ਹੈ। ਮੈਨੂੰ ਇਸ ਦਾ ਪਤਾ ਸੀ। ਤੂੰ ਵੀ ਉਸੇ ਤਰ੍ਹਾਂ ਹੀ ਭੁਗਤੇਂਗਾ ਜਿਸ ਤਰ੍ਹਾਂ ਦਾ ਤੂੰ ਕੰਮ ਕਰੇਂਗਾ।’13 ਅਜਿਹੀਆਂ ਗੱਲਾਂ ਸੁਣ ਕੇ ਭਾਵੇਂ ਬਾਦਸ਼ਾਹ ਅਤੇ ਹੋਰ ਜਰਨੈਲਾਂ ਦਾ ਇਰਾਦਾ ਬਾਬਾ ਬੰਦਾ ਸਿੰਘ ਬਹਾਦਰ ਪ੍ਰਤੀ ਬਦਲ ਗਿਆ ਸੀ ਪਰ ਕੋਲ ਖੜ੍ਹੇ ਕਾਜ਼ੀ ਨੇ ਫਤਵਾ ਦਿੱਤਾ ਕਿ ਮਾਸੂਮ ਮੁਸਲਮਾਨਾਂ ਦੇ ਡੋਲ੍ਹੇ ਗਏ ਖ਼ੂਨ ਦਾ ਬਦਲਾ, ਇਸ ਕਾਫ਼ਰ ਨੂੰ ਵੱਧ ਤੋਂ ਵੱਧ ਤੜਫਾ ਕੇ ਮਾਰਨ ਨਾਲ ਹੀ ਲਿਆ ਜਾ ਸਕਦਾ ਹੈ। ਇਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੇ ਦੋਵੇਂ ਪੈਰ ਵੱਢੇ ਗਏ। ਫਿਰ ਦੋਵੇਂ ਹੱਥ ਕੱਟ ਦਿੱਤੇ ਗਏ। ਬਾਅਦ ਵਿਚ ਤੜਫਦੇ ਹੋਏ ਸਰੀਰ ਵਿੱਚੋਂ ਅੱਖਾਂ ਵੀ ਕੱਢ ਦਿੱਤੀਆਂ ਗਈਆਂ। ਜਦੋਂ ਤਕ ਬਾਬਾ ਬੰਦਾ ਸਿੰਘ ਬਹਾਦਰ ਦਾ ਸਰੀਰ ਤੜਫਣੋਂ ਨਹੀਂ ਹਟਿਆ, ਉਦੋਂ ਤਕ ਉਸ ਦੇ ਸਰੀਰ ਵਿੱਚੋਂ ਮਾਸ ਦੀਆਂ ਬੋਟੀਆਂ ਨੂੰ ਜਮੂਰਾਂ ਨਾਲ ਤੋੜਿਆ ਗਿਆ। ਤੱਤੇ ਕੀਤੇ ਹੋਏ ਸਰੀਏ ਉਸ ਦੇ ਪੇਟ ਵਿੱਚੋਂ ਦੀ ਲੰਘਾਏ ਗਏ। ਅਖ਼ੀਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਰੀਰ ਨੂੰ ਹੋਰ ਤਸੀਹੇ ਦਿੱਤੇ ਹੀ ਨਹੀਂ ਜਾ ਸਕਦੇ ਸਨ ਤਾਂ ਉਸ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਗਿਆ। ਕਾਜ਼ੀ ਸਮਝਾ ਰਿਹਾ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਬੇਗੁਨਾਹ ਮੁਸਲਮਾਨਾਂ ਦਾ ਕਤਲ ਕੀਤਾ ਹੈ। ਇਨ੍ਹਾਂ ਕਤਲਾਂ ਦਾ ਬਦਲਾ ਇਸੇ ਤਰ੍ਹਾਂ ਹੀ ਲਿਆ ਜਾ ਸਕਦਾ ਹੈ। ਪਰ ਉਸ ਕਾਜ਼ੀ ਨੂੰ ਇਸ ਗੱਲ ਦਾ ਭੋਰਾ ਭਰ ਵੀ ਅਹਿਸਾਸ ਨਹੀਂ ਸੀ ਕਿ ਜਿਸ ਚਾਰ ਸਾਲ ਦੇ ਬੱਚੇ ਨੂੰ ਜ਼ਿਬਾਹ ਕੀਤਾ ਗਿਆ ਸੀ ਉਸ ਨੇ ਕੀ ਪਾਪ ਕੀਤਾ ਸੀ? ਉਸ ਤੋਂ ਕਿਹੜੇ ਮੁਸਲਮਾਨ ਦੀ ਮੌਤ ਦਾ ਬਦਲਾ ਲਿਆ ਗਿਆ ਸੀ? ਅਖ਼ੀਰ ਤੜਫਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਦਾ ਪੰਜ-ਭੂਤਕ ਸਰੀਰ ਠੰਡਾ ਹੋ ਗਿਆ ਅਤੇ ਮਹਾਨ ਨੇਤਾ ਆਪਣੀ ਸ਼ਹਾਦਤ ਦੇ ਕੇ ਸਿੱਖ ਇਤਿਹਾਸ ਦੇ ਪੰਨਿਆਂ ਵਿਚ ਆਪਣਾ ਨਾਂ ਰੋਸ਼ਨ ਕਰ ਗਿਆ। ਅਖ਼ਬਾਰ-ਏ-ਦਰਬਾਰ-ਏ-ਮੁਅੱਲਾ ਦੀ 10 ਜੂਨ, 1716 ਈ. ਦਿਨ ਐਤਵਾਰ ਦੀ ਖ਼ਬਰ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤੇ ਜਾਣ ਬਾਰੇ ਇਉਂ ਦੱਸਿਆ ਗਿਆ ਹੈ: “ਬਾਦਸ਼ਾਹ ਨੂੰ ਜਾਣਕਾਰੀ ਪੇਸ਼ ਕੀਤੀ ਗਈ ਕਿ ਉਸ ਦੇ ਹੁਕਮ ਅਨੁਸਾਰ ਇਬਰਾਹਿਮ-ਉਦ-ਦੀਨ ਖ਼ਾਨ ਮੀਰ-ਏ-ਆਤਿਸ਼ ਅਤੇ ਸਰਬਰਾਹ ਖਾਨ ਕੋਤਵਾਲ, ਬੰਦਾ ਸਿੰਘ ਨੂੰ, ਉਸ ਦੇ ਪੁੱਤਰ ਸਮੇਤ ਅਤੇ ਅਠਾਰਾਂ ਹੋਰ ਸਾਥੀਆਂ ਸਮੇਤ, ਖਵਾਜ਼ਾ ਕੁਤਬ-ਉਦ-ਦੀਨ ਦੇ ਮਕਬਰੇ ਵੱਲ, ਜਿਹੜਾ ਕਿ ਖੋਜਾ ਫਾਤੂ ਦੇ ਤਲਾਅ ਦੇ ਨੇੜੇ ਹੈ, ਲੈ ਗਏ ਸਨ। ਪਹਿਲਾਂ ਬਾਗ਼ੀ ਬੰਦੇ ਦੇ ਪੁੱਤਰ ਨੂੰ ਉਸ ਦੀਆਂ ਅੱਖਾਂ ਦੇ ਸਾਹਮਣੇ ਮਾਰ ਦਿੱਤਾ ਗਿਆ ਸੀ। ਇਸ ਪਿੱਛੋਂ ਬਾਗ਼ੀ ਨੂੰ ਬੇਹੱਦ ਤਸੀਹੇ ਦੇ ਕੇ ਮਾਰ ਦਿੱਤਾ ਗਿਆ ਹੈ। ਉਸ ਦੇ ਸਰੀਰ ਦੇ ਸਾਰੇ ਅੰਗ ਜੁਦਾ-ਜੁਦਾ ਕਰ ਦਿੱਤੇ ਗਏ ਹਨ। ਉਸ ਦੇ ਸਾਥੀਆਂ ਨੂੰ ਮਾਰ ਦਿੱਤਾ ਗਿਆ ਹੈ।”14 ਖਾਫ਼ੀ ਖਾਨ ਲਿਖਦਾ ਹੈ ਕਿ ‘ਆਖ਼ਰਕਾਰ ਬੰਦੇ ਦੇ ਸਾਥੀਆਂ ਨੂੰ ਮਾਰ ਦਿੱਤਾ ਗਿਆ ਸੀ। ਹੁਕਮ ਦਿੱਤਾ ਗਿਆ ਸੀ ਕਿ ਜਿਹੜੇ ਹੋਰਨਾਂ ਦੇ ਪੁੱਤਰ ਉਸ ਨੇ ਮਾਰੇ ਹਨ ਉਨ੍ਹਾਂ ਦੇ ਬਦਲ ਵਜੋਂ ਉਸ ਦੇ ਆਪਣੇ ਪੁੱਤਰ ਨੂੰ ਉਸ ਦੀਆਂ ਅੱਖਾਂ ਦੇ ਸਾਹਮਣੇ ਮਾਰਿਆ ਜਾਵੇ। ਇਸ ਤੋਂ ਵਧ ਕੇ ਉਸ ਦਾ ਪੁੱਤਰ ਉਸ ਦੇ ਆਪਣੇ ਹੱਥਾਂ ਦੁਆਰਾ ਮਾਰਿਆ ਜਾਣਾ ਚਾਹੀਦਾ ਸੀ। ਇਸ ਤੋਂ ਬਾਅਦ ਉਸ ਨੂੰ ਆਪ ਵੀ ਮਾਰ ਦਿੱਤਾ ਗਿਆ ਸੀ।’15 ਕਨਿੰਘਮ ਅਨੁਸਾਰ, ‘ਲਾਲ-ਲਾਲ ਗਰਮ ਸਲਾਖਾਂ ਨਾਲ ਉਸ ਦੇ ਮਾਸ ਨੂੰ ਉਚੇੜਿਆ ਗਿਆ ਅਤੇ ਅਜਿਹੇ ਤਸੀਹੇ ਸਹਿੰਦਿਆਂ ਉਹ ਮਰ ਗਿਆ।’ (His own flesh was then torn with red-hot pincers and amid these torments he expired.)16

ਬਾਬਾ ਬੰਦਾ ਸਿੰਘ ਬਹਾਦਰ ਦੀ ਇਹ ਬੇਮਿਸਾਲ ਸ਼ਹਾਦਤ ਸੀ। ਸ. ਕੇਸਰ ਸਿੰਘ ਛਿੱਬਰ ਦੇ ਇਹ ਸ਼ਬਦ ਇਸ ਸ਼ਹਾਦਤ ਬਾਰੇ ਬੜੀ ਹੀ ਅਹਿਮੀਅਤ ਰੱਖਦੇ ਹਨ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਸੀਸ ਦੇ ਕੇ ਧਰਮ ਰੱਖ ਲਿਆ ਸੀ:

ਬੰਦੇ ਸਾਹਿਬ ਸੀਸ ਦਿਤਾ ਧਰਮ ਰਖਿ ਲੀਤੋਈ।
ਲਾਖ ਸਿਖ ਤੁਰਕਾਂ ਹੈਨ ਮਾਰੇ।
ਸਿਖਾਂ ਗੁਰੂ ਕਿਆਂ ਸਿਰ ਦਿਤੇ ਪਰ ਸਿਦਕ ਨ ਹਾਰੇ।

ਇਸ ਤਰ੍ਹਾਂ 7 ਦਸੰਬਰ, 1715 ਤੋਂ ਲੈ ਕੇ 9 ਜੂਨ, 1716 ਤਕ ਛੇ ਮਹੀਨਿਆਂ ਤੇ ਦੋ ਦਿਨਾਂ ਦਾ ਸਮਾਂ ਬਾਬਾ ਬੰਦਾ ਸਿੰਘ ਬਹਾਦਰ, ਉਸ ਦਾ ਪੁੱਤਰ ਅਤੇ ਉਸ ਦੀ ਪਤਨੀ ਤਸੀਹਿਆਂ ਵਾਲੀ ਸਖ਼ਤ ਕੈਦ ਵਿਚ ਰਹੇ ਸਨ। ਉਸ ਦੀ ਸੁਪਤਨੀ ਨੂੰ ਬਾਦਸ਼ਾਹ ਨੇ ਆਪਣੀ ਮਾਂ ਦੇ ਮਹਿਲ ਵਿਚ ਭਿਜਵਾ ਦਿੱਤਾ ਸੀ। ਜਿਥੇ ਮੌਕਾ ਪਾ ਕੇ ਆਪਣੀ ਜਾਨ ਦੇ ਗਈ ਸੀ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਡਾ. ਸੁਖਦਿਆਲ ਸਿੰਘ ਉੱਘੇ ਸਿੱਖ ਇਤਿਹਾਸਕਾਰ ਹਨ। ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਦੇ ਮੁਖੀ ਪ੍ਰਫੈਸਰ ਵਜੋਂ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਡਾ. ਸਾਹਿਬ ਨੇ ਪੰਜਾਬ ਦੇ ਇਤਿਹਾਸ ਤੇ ਸਿੱਖ ਇਤਿਹਾਸ ਨਾਲ ਸਬੰਧਤ ਖੋਜ ਭਰਪੂਰ ਕਿਤਾਬਾਂ ਪਾਠਕਾਂ ਦੀ ਝੋਲੀ ਪਾਈਆਂ ਹਨ ਅਤੇ ਲਗਾਤਾਰ ਖੋਜ ਕਾਰਜਾਂ ਵਿੱਚ ਪਾਉਂਦੇ ਆ ਰਹੇ ਹਨ।

1 Cunningham, A History of the Sikhs, New Delhi, 1985, p. 79
2 ਡਾ. ਗੰਡਾ ਸਿੰਘ, ਬੰਦਾ ਸਿੰਘ ਬਹਾਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1990, ਪੰਨਾ 136.
3 ਡਾ. ਗੰਡਾ ਸਿੰਘ, ਬੰਦਾ ਸਿੰਘ ਬਹਾਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1990 ਪੰਨਾ 137.
4 The Panjab Past and Present, October, 1984, p. 165
5 T.T. Wheeler, Early Records of British India, London, 1812, p. 180; C.R. Wilson, The Early Annals of The English in Ben- gal, Vol. II, Calcutta, 1900, pp. 96-98; and Ganda Singh (ed.) Early European Accounts of The Sikhs, Calcutta, 1962, p. 52, Vol. I.
7 ਡਾ. ਗੰਡਾ ਸਿੰਘ, ਬੰਦਾ ਸਿੰਘ ਬਹਾਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1990, ਪੰਨਾ 138.
8 ਡਾ. ਗੰਡਾ ਸਿੰਘ, ਬੰਦਾ ਸਿੰਘ ਬਹਾਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1990, ਪੰਨਾ 139.
9 Khafi Khan, Munakhab-ul-Lubab, in Elliot and Dowson, History of India As Told by its own Historians, Vol. VII, Allahabad, 1964, p. 458; See Also, Macauliffe, The Sikh Religion, Vol. V-VI, Satvic Media Ltd. Amritsar.
10 The Panjab Past and Present, October, 1984, p. 165.
11 ਡਾ. ਗੰਡਾ ਸਿੰਘ, ਬੰਦਾ ਸਿੰਘ ਬਹਾਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1990, ਪੰਨਾ 141.
12 Khafi Khan, op. cit., p. 459
13 ਬੰਸਾਵਲੀ ਨਾਮਾ, ਚਰਨ ਗਿਆਰ੍ਹਵਾਂ, ਬੰਦ ਸੱਠਵਾਂ।
14 ਪੂਰਵ ਅੰਕਤ, ਪੰਨਾ 166.
15 ਖਾਫ਼ੀ ਖਾਨ, ਪੂਰਵ ਅੰਕਤ, ਪੰਨਾ 458.
16 ਖਾਫ਼ੀ ਖਾਨ, ਪੂਰਵ ਅੰਕਤ, ਪੰਨਾ 79.
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)