editor@sikharchives.org

ਬਾਬਾ ਬੰਦਾ ਸਿੰਘ ਬਹਾਦਰ ਸੰਬੰਧੀ ਪ੍ਰਮੁੱਖ ਸਰੋਤ : ਇਕ ਸੂਚਨਾਤਮਕ ਸਰਵੇਖਣ

ਬਾਬਾ ਬੰਦਾ ਸਿੰਘ ਬਹਾਦਰ, ਗੁਰੂ ਸਾਹਿਬਾਨ ਤੋਂ ਬਾਅਦ, ਸਿੱਖ ਇਤਿਹਾਸ ਦੀ ਇਕ ਅਜ਼ੀਮ ਹਸਤੀ ਹੈ
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 2 ਮਿੰਟ

ਬਾਬਾ ਬੰਦਾ ਸਿੰਘ ਬਹਾਦਰ, ਗੁਰੂ ਸਾਹਿਬਾਨ ਤੋਂ ਬਾਅਦ, ਸਿੱਖ ਇਤਿਹਾਸ ਦੀ ਇਕ ਅਜ਼ੀਮ ਹਸਤੀ ਹੈ, ਜਿਸ ਨੇ ਮੱਧ-ਏਸ਼ੀਆ ਦੀ ਜੇਤੂ ਤਾਕਤ ਤੁਰਕ, ਜਿਸ ਦਾ ਸਾਮਰਾਜ ਵਰਤਮਾਨ ਚੈਕੋਸਲਵਾਕੀਆ ਤੋਂ ਲੈ ਕੇ ਬਰਮਾ ਤਕ ਫੈਲਿਆ ਹੋਇਆ ਸੀ ਤੇ ਭਾਈ ਰਤਨ ਸਿੰਘ ਭੰਗੂ ਦੇ ਸ਼ਬਦਾਂ ਵਿਚ ਜਿਨ੍ਹਾਂ ਕੋਲ ਸਮੁੰਦਰਾਂ ਦੇ ਜ਼ਖੀਰੇ ਸਨ, ਦੇ ਭਾਰਤੀ ਅੰਗ ਮੁਗ਼ਲਾਂ ਨਾਲ, ਗਰੀਬ-ਗੁਰਬੇ; ਕਿਰਤੀ ਕਿਸਾਨ ਖਾਲਸੇ ਨੂੰ ‘ਕੱਠੇ ਕਰਕੇ ਟੱਕਰ ਲਈ ਅਤੇ ਜੇਤੂ ਹੋ ਕੇ ਪਹਿਲਾ ਸੁਤੰਤਰ ਸਿੱਖ ਰਾਜ ਦਾ ਝੰਡਾ ਝੁਲਾਇਆ। ਮਸਲਾ ਗਿਣਤੀ, ਪੱਧਰ, ਫੌਜਾਂ ਜਾਂ ਧਨ ਦੇ ਜ਼ਖੀਰਿਆਂ ਦਾ ਨਹੀਂ ਸੀ, ਮਸਲਾ ‘ਸਿਧਾਂਤ’ ਦਾ ਸੀ।

ਹਥਲਾ ਪਰਚਾ ਬਾਬਾ ਬੰਦਾ ਸਿੰਘ ਬਹਾਦਰ ਬਾਰੇ, ਜਿਵੇਂ ਕਿ ਸਿਰਲੇਖ ਤੋਂ ਸਪਸ਼ਟ ਹੀ ਹੈ, ਕੁਝ ਪ੍ਰਮੁੱਖ ਸਰੋਤਾਂ ਦੀ ਸੂਚਨਾ ਦੇਣ ਦਾ ਇਕ ਜਤਨ ਮਾਤਰ ਹੈ। ਅਕਾਦਮਿਕ ਸ਼ਬਦਾਵਲੀ ਵਿਚ ਅਜਿਹੇ ਕਾਰਜ ਨੂੰ ਖੋਜ-ਸੰਦ (research tools) ਕਿਹਾ ਜਾਂਦਾ ਹੈ, ਜਿਸ ਦਾ ਮੁੱਖ ਉਦੇਸ਼ ਉਚੇਰੀ ਕਿਸਮ ਦੀ ਖੋਜ ਲਈ ਆਧਾਰ ਸਮੱਗਰੀ ਦੇਣਾ ਹੁੰਦਾ ਹੈ। ਸਮਾਜਿਕ ਵਿਗਿਆਨਾਂ (Social Sciences) ਵਿਚ ਆ ਰਹੀ ਖੜੋਤ ਨੂੰ ਤੋੜਨ ਲਈ ਜ਼ਰੂਰੀ ਹੈ ਕਿ ਖੋਜ ਕਾਰਜਾਂ ਦੇ ਸੁਭਾਅ (nature) ਵਿਚ ਗੁਣਾਤਮਕ ਤੇ ਗਿਣਾਤਮਕ ਵਾਧਾ ਕੀਤਾ ਜਾਵੇ। ਇਸ ਵਾਧੇ ਲਈ ਅਨੇਕ ਸਹਾਇਕ ਤੱਤਾਂ ਵਿਚ ਇਕ ਮੁਖ ਤੱਤ, ਇਤਿਹਾਸ ਦੇ ਪ੍ਰਸੰਗ ਵਿਚ ਸਰੋਤਾਂ ਦੀ ਸੂਚਨਾ ਮੁਹੱਈਆ ਕਰਨਾ/ਕਰਾਉਣਾ ਹੁੰਦਾ ਹੈ।

ਇਸ ਪਰਚੇ ਵਿਚ ਬਾਬਾ ਬੰਦਾ ਸਿੰਘ ਬਹਾਦਰ ਸੰਬੰਧੀ ਪ੍ਰਾਪਤ ਕੁਝ ਇਕ ਸਮਕਾਲੀ ਜਾਂ ਨਿਕਟ-ਸਮਕਾਲੀ ਗਵਾਹੀਆਂ ਦੀ ਸੂਚਨਾ ਦਿੱਤੀ ਗਈ ਹੈ। ਇਸ ਵਿਚ ਸੰਬੰਧਿਤ ਗਵਾਹੀ ਦਾ ਸੰਖੇਪ ਵੇਰਵਾ ਤੇ ਉਨ੍ਹਾਂ ਦਾ ਸੁਭਾਅ ਦੱਸਿਆ ਗਿਆ ਹੈ, ਨਾਲ ਹੀ ‘ਗਵਾਹੀ’ ਦੀ ਪ੍ਰਮਾਣਿਕਤਾ ਤੇ ਭਾਵ-ਜਗਤ ਜਾਣਨ ਲਈ ਉਸ ਦੇ ਰਚਨਾਕਾਰ, ਰਚਨਾਕਾਲ ਤੇ ਵਿਵਰਣ-ਸੂਚਨਾ ਦਿੱਤੀ ਗਈ ਹੈ। ਅਖੀਰ ਵਿਚ ਗਵਾਹੀ ਦੀ ਪ੍ਰਾਪਤੀ, ਅਨੁਵਾਦ ਜਾਂ ਹੋਰ ਟਿੱਪਣੀਆਂ ਸ਼ਾਮਿਲ ਹਨ। ਬਾਬਾ ਬੰਦਾ ਸਿੰਘ ਬਹਾਦਰ ਬਾਰੇ ਸਾਨੂੰ ਪ੍ਰਾਪਤ ਸਰੋਤ ਮੁੱਖ ਤੌਰ ’ਤੇ ਤਿੰਨ ਪ੍ਰਕਾਰ ਦੇ ਹਨ:

(I) ਗੁਰਮੁਖੀ
(II) ਫ਼ਾਰਸੀ ਤੇ
(III) ਅੰਗਰੇਜ਼ੀ

ਇਨ੍ਹਾਂ ਤੋਂ ਬਿਨਾਂ ਕੁਝ ਯਾਦਗਾਰਾਂ, ਸਥਾਨ, ਸਿੱਕੇ ਤੇ ਲੋਕਧਾਰਾ ਵਿਚ ਤਰਦੀਆਂ ਅਨੇਕਾਂ ਕਥਾ-ਕਹਾਣੀਆਂ ਹਨ, ਜਿਨ੍ਹਾਂ ਦੇ ਗੰਭੀਰ, ਸਹਿਜ ਤੇ ਇਮਾਨ ਨਾਲ ਕੀਤੇ ਵਿਸ਼ਲੇਸ਼ਣ ਹੈਰਾਨੀਜਨਕ ਸਿੱਟੇ ਦੇ ਸਕਦੇ ਹਨ। ਲੋਕਧਾਰਾ ਦੇ ਨਿਰਮਲ ਵੇਗ ਵਿੱਚੋਂ ਮਿਲਦੇ ਅਲਿਖਤੀ ਤੱਥ ਸਪਸ਼ਟ ਕਰਦੇ ਹਨ ਕਿ ਬਾਬਾ ਬੰਦਾ ਸਿੰਘ ਬਹਾਦਰ ਵਿਰੁੱਧ ਸੁਚੇਤ ਪੱਧਰ ’ਤੇ ਸਿਰਜੀਆਂ ਗਈਆਂ ਅਨੇਕਾਂ ਮਨਘੜਤ ਦਲੀਲਾਂ ਜਾਂ ਮਿੱਥਾਂ ਵੀ ਉਸ ਸੂਰਮੇ ਦੀ ਸੱਚੀ ਸੁੱਚੀ ਬਲਵਾਨ ਮਿੱਥ ਨੂੰ ਸਿੱਖ ਯਾਦ ਵਿੱਚੋਂ ਮਨਫ਼ੀ ਨਹੀਂ ਕਰ ਸਕੀਆਂ।

ਅੱਗੇ ਅਸੀਂ ਉਕਤ-ਵੰਡ ਅਨੁਸਾਰ ਸਰੋਤ-ਸਮੱਗਰੀ ਦੀ ਸੂਚਨਾ ਮੁਹੱਈਆ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

(I) ਗੁਰਮੁਖੀ

(1) ਹੁਕਮਨਾਮੇ/ਖ਼ਤ

ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਦੋ ਹੁਕਮਨਾਮੇ, ਇਕ ਮਿਤੀ ਰਹਿਤ ਤੇ ਇਕ ਮਿਤੀ 12 ਦਸੰਬਰ, 1710 ਈ: (ਪੋਹ 12, ਸੰਮਤ 1767 ਬਿ.) ਦਾ ‘ਭਾਈ ਰੂਪੇ’ ਤੇ ‘ਸਰਬਤ ਖਾਲਸਾ ਜਉਨਪੁਰ’ ਜੋਗ (ਨੂੰ ਸੰਬੋਧਿਤ) ਮਿਲਦਾ ਹੈ। ਇਨ੍ਹਾਂ ਹੁਕਮਨਾਮਿਆਂ ਵਿਚ ਹਥਿਆਰਾਂ ਸਮੇਤ ਉਨ੍ਹਾਂ ਪਾਸ ਪਹੁੰਚਣ ਤੇ ਕੁਝ ‘ਰਹਿਤ’ ਸੰਬੰਧੀ ਵਿਚਾਰ ਪ੍ਰਗਟਾਏ ਗਏ ਹਨ। ਇਹ ਹੁਕਮਨਾਮੇ ਡਾ. ਗੰਡਾ ਸਿੰਘ ਦੁਆਰਾ ਸੰਪਾਦਿਤ ਪੁਸਤਕ ਹੁਕਮਨਾਮੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1999 (ਤੀਜੀ ਵਾਰ) ਵਿਚ ਕ੍ਰਮਵਾਰ 66 ਤੇ 67 ਨੰਬਰ (ਸਫੇ 192-93) ਉਤੇ ਪ੍ਰਾਪਤ ਹਨ।

ਇਕ ਚਿੱਠੀ/ਖ਼ਤ ਗੁਰਦਾਸ ਨੰਗਲ ਦੇ ਘੇਰੇ ਵਿੱਚੋਂ ਜੋ ਭਾਈ ਮਨੀ ਸਿੰਘ ਨੂੰ ਭੇਜੀ ਗਈ (ਦੱਸੀ ਜਾਂਦੀ ਹੈ), ਮਿਲਦੀ ਹੈ, ਜਿਸ ਦਾ ਵਿਸ਼ਾ-ਵਸਤੂ ਭਾਈ ਸਾਹਿਬ ਨੂੰ ਹਥਿਆਰ ਭੇਜਣ ਤੇ ਬੁੰਗੇ ਸਾਹਿਬ (ਸ੍ਰੀ ਅਕਾਲ ਤਖਤ ਸਾਹਿਬ) ਉਤੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਬਾਰੇ ਹੈ।

ਇਹ ਚਿੱਠੀ ਗਿ. ਗਿਆਨ ਸਿੰਘ ਦੇ ਸ੍ਰੀ ਗੁਰ ਪੰਥ ਪ੍ਰਕਾਸ਼, ਪੱਥਰਛਾਪ, ਅੰਮ੍ਰਿਤਸਰ, (ਦੂਜੀ ਛਾਪ) ਸੰਨ 1889 ਈ: ਵਾਲੀ ਐਡੀਸ਼ਨ ਦੇ ਅਖਰੀਲੇ ਸਫੇ ਉਤੇ ਚਿਪਕਾਈ ਪ੍ਰਾਪਤ ਹੋਈ ਸੀ। ਇਸ ਨੂੰ ਡਾ. ਸੁਖਦਿਆਲ ਸਿੰਘ ਨੇ ਆਪਣੀ ਪੁਸਤਕ, ‘ਖਾਲਸਾ ਰਾਜ ਦਾ ਬਾਨੀ’ ‘ਬਾਬਾ ਬੰਦਾ ਸਿੰਘ ਬਹਾਦਰ’ (ਸੰਨ 1708-1716), ਪੰਜਾਬੀ ਯੂਨੀਵਰਸਿਟੀ, ਪਟਿਆਲਾ, ਸੰਨ 2003 ਈ:, ਸਫਾ 8 ਉੱਤੇ ਛਾਪ ਦਿੱਤਾ ਹੈ।

(2) ਗੁਰਬਿਲਾਸ ਪਾਤਸ਼ਾਹੀ 10-ਕੁਇਰ ਸਿੰਘ

ਭਾਈ ਕੁਇਰ ਸਿੰਘ ਦੀ ਸੰਨ 1751 ਈ: ਦੀ ਇਸ ਰਚਨਾ ਵਿਚ ਬਾਬਾ ਜੀ ਬਾਰੇ ਅਤਿ ਸੰਖੇਪ ਵੇਰਵਾ ਹੈ। ਅਧਿਆਇ 21 ਦੇ ਬੰਦ 66 (ਸਫਾ 262) ਵਿਚ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ‘ਗੁਰੂ ਦਾ ਸਿੱਖ’ ਬਣਨ ਦਾ ਸੰਖੇਪ ਇਸ਼ਾਰਾ ਦੇ ਕੇ ਬਾਬਾ ਜੀ ਦੁਆਰਾ ਦਿੱਲੀ, ਸੀਰੰਦ (ਸਰਹਿੰਦ) ਆਦਿ ਤੇ ਦੇਸ਼ ਪੰਜਾਬ ’ਚ ਭਾਰੀ ਯੁੱਧ ਕਰਨ ਦਾ ਇਸ਼ਾਰਾ ਮਿਲਦਾ ਹੈ (68 ਬੰਦ)।

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਇਸ ਲਿਖਤ ਨੂੰ ਸੰਨ 1999 ਈ: ’ਚ ਤੀਜੀ ਵਾਰ (ਪਹਿਲੀ ਵਾਰ ਸੰਨ 1968 ਈ:) ਛਾਪਿਆ ਗਿਆ ਹੈ, ਜਿਸ ਦਾ ਸੰਪਾਦਨ ਸ. ਸਮਸ਼ੇਰ ਸਿੰਘ ਅਸ਼ੋਕ ਨੇ ਕੀਤਾ ਤੇ ਭੂਮਿਕਾ ਡਾ. ਫੌਜਾ ਸਿੰਘ ਨੇ ਤਿਆਰ ਕੀਤੀ।

(3) ਬੰਸਾਵਲੀਨਾਮਾ

1769 ਈ: ਦੀ ਲਿਖਤ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’, ਭਾਈ ਕੇਸਰ ਸਿੰਘ ਛਿੱਬਰ ਦੀ ਲਿਖਤ ਹੈ, ਜਿਸ ਦਾ ਪੂਰਾ ਕਲਮ-ਵਿਰਾਸਤੀ ਖਾਨਦਾਨ ਗੁਰੂ-ਘਰ ਨਾਲ ਜੁੜਿਆ ਰਿਹਾ ਹੈ। ਤਵਾਰੀਖ਼ੀ ਇਤਿਹਾਸ ਲਈ ਇਹ ਨਿਰਣਾਇਕ ਰਚਨਾ ਹੈ, ਜਿਸ ਦਾ ਗੰਭੀਰਤਾ ਸਹਿਤ ਅਧਿਐਨ ਤਾਰੀਖ਼ ਦੇ ਨੁਕਤਾ-ਨਿਗਾਹ ਤੋਂ ਕਈ ਨਵੇਂ ਅਧਿਆਇ ਖੋਲ੍ਹਦਾ ਹੈ।

ਬਾਬਾ ਬੰਦਾ ਸਿੰਘ ਬਹਾਦਰ ਸੰਬੰਧੀ, ਸ਼ਾਇਦ ਇਹ ਪਹਿਲੀ ਗੁਰਮੁਖੀ ਲਿਖਤ ਹੈ, ਜਿਸ ਵਿਚ ਵਿਸਤ੍ਰਿਤ, ਭਰੋਸੇਯੋਗ ਤੇ ਕਈ ਨਵੇਂ ਵੇਰਵੇ ਅੰਕਿਤ ਹਨ। ਭਾਈ ਕੇਸਰ ਸਿੰਘ ਛਿੱਬਰ ਲਿਖਦੇ ਹਨ ਕਿ ਬਾਬਾ ਜੀ ਸਾਥੀ ਸਿੰਘਾਂ ਸਮੇਤ ਲੁਬਾਣੇ ਸਿੱਖਾਂ ਦੀ ਮਦਦ ਨਾਲ ਪੰਜਾਬ ਪਹੁੰਚੇ। ਗੁਰਦਾਸ ਨੰਗਲ ਦੇ ਘੇਰੇ ਵਿਚ ਸਿੰਘਾਂ ਦੀ ਭੁੱਖ, ਲੜਾਈ ਨਾਲ ਹੋਈ ਦਰਦਨਾਕ ਹਾਲਤ ਨੂੰ ਇਸ ਨੇ ਵਿਸਤਾਰ ਨਾਲ ਚਿਤਰਿਆ ਹੈ। ਦੱਸਿਆ ਗਿਆ ਹੈ ਕਿ ਦਿੱਲੀ ਵਿਚ ਸੱਤ ਸੌ ਗੱਡਾ ਭਰ ਕੇ ਸਿੱਖਾਂ ਦੇ ਸਿਰਾਂ ਦਾ ਲਿਜਾਇਆ ਗਿਆ। ਦਿੱਲੀ ਵਿਚ ਸਿੰਘਾਂ ਦੇ ਸਿਰਾਂ ਦੇ ਮੀਨਾਰ ਚਿਣਾਏ ਗਏ।

ਭਾਈ ਕੇਸਰ ਸਿੰਘ ਛਿੱਬਰ ਦੀ ਇਸ ਮਹੱਤਵਪੂਰਨ ਰਚਨਾ ਦਾ (ਸੰਨ 2009 ਈ:) ਤਿੰਨ ਵਾਰ ਸੰਪਾਦਨ ਹੋ ਚੁੱਕਿਆ ਹੈ। ਪਹਿਲੀ ਵਾਰ ਡਾ. ਰਤਨ ਸਿੰਘ ਜੱਗੀ ਨੇ ਪਰਖ, ਵਿਸ਼ੇਸ਼ ਅੰਕ, ਸੰਨ 1972 ਈ: ਵਿਚ ਇਸ ਨੂੰ ਸੰਪਾਦਿਤ ਕੀਤਾ ਤੇ ਪ੍ਰੋ. ਪਿਆਰਾ ਸਿੰਘ ਪਦਮ ਨੇ ਸੰਨ 1997 ਈ: ਵਿਚ ਇਸ ਨੂੰ ਸੰਪਾਦਿਤ ਕਰਕੇ ਸਿੰਘ ਬ੍ਰਦਰਜ਼, ਅੰਮ੍ਰਿਤਸਰ ਤੋਂ ਛਪਵਾਇਆ। ਡਾ. ਰਾਏ ਜਸਬੀਰ ਸਿੰਘ ਨੇ ਮੁੜ ਨਵੀਂ ਸੰਪਾਦਨਾ ਕਰਕੇ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਸੰਨ 2009 ਈ: ਵਿਚ ਪ੍ਰਕਾਸ਼ਿਤ ਕਰਵਾਇਆ ਹੈ।

(4) ਮਹਿਮਾ ਪ੍ਰਕਾਸ਼ (ਕਵਿਤਾ)

ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੀ ਖਾਨਦਾਨ ਵਿੱਚੋਂ ਲੱਗਭਗ ਨੌਵੀਂ ਪੀੜ੍ਹੀ ਵਿਚ ਹੋਏ ਬਾਬਾ ਸਰੂਪ ਦਾਸ ਭੱਲਾ ਨੇ ਉਕਤ ਰਚਨਾ ਸੰਨ 1776 ਈ: ਵਿਚ ਚੰਪੂ ਸ਼ੈਲੀ (ਕਾਵਿ+ਵਾਰਤਕ) ਰਾਹੀਂ ਲਿਖੀ। ਇਸ ਵਿਚ ਅਖੀਰਲੀ ਰਚਨਾ ‘ਸਾਖੀਬੰਦੇ ਕੀ’ ਵਿਚ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਹੀ ਥੋੜ੍ਹਾ ਹੀ ਜ਼ਿਕਰ ਹੈ। ਇਸ ਰਚਨਾ ਵਿਚ ਬਾਬਾ ਬੰਦਾ ਸਿੰਘ ਤੇ ਭਾਈ ਬਿਨੋਦ ਸਿੰਘ/ਭਾਈ ਕਾਹਨ ਸਿੰਘ ਵਿਚ ਹੋਏ ਮਤਭੇਦਾਂ ਦਾ ਸੂਖਮ ਇਸ਼ਾਰਾ ਤੇ ਕਾਰਨਾਂ ਵੱਲ ਸੰਕੇਤ ਹੈ। ਭਾਈ ਬਾਜ ਸਿੰਘ ਦੁਆਰਾ ਜੰਜ਼ੀਰਾਂ ਨਾਲ ਜਕੜੇ ਹੋਣ ਦੇ ਬਾਵਜੂਦ ‘ਬਾਜ ਵਾਂਗ ਝਪਟਣ’ ਦਾ ਇਤਿਹਾਸਕ ਵੇਰਵਾ ਵੀ ਸੰਖੇਪ ਵਿਚ ਦਿੱਤਾ ਹੈ। ਕਰਤਾ ਸਪਸ਼ਟ ਕਰਦਾ ਹੈ ਕਿ ‘ਬੰਦੇ ਕੀ ਸੰਛੇਪ (ਸੰਖੇਪ) ਕਥਾ’ ਜੋ ‘ਸੁਨੀ’ ਉਹੋ ਕਹੀ ਹੈ। ਦੂਸਰਾ ਲੋਕਾਂ ਤਕ ਹਮੇਸ਼ਾਂ ਵਧੇਰੇ ਸਰਕਾਰ ਪੱਖੀ ਗੱਲਾਂ ਹੀ ਪਹੁੰਚਦੀਆਂ ਹੁੰਦੀਆਂ ਹਨ। ਭਾਸ਼ਾ ਵਿਭਾਗ ਵੱਲੋਂ ਇਹ ਰਚਨਾ ਦੋ ਵਾਰ ਸੰਪਾਦਿਤ/ਪ੍ਰਕਾਸ਼ਿਤ ਕਰਵਾਈ ਜਾ ਚੁੱਕੀ ਹੈ। ਪਹਿਲੀ ਵਾਰ 2 ਭਾਗਾਂ ਵਿਚ, 1971 ਨੂੰ ਡਾ. ਗੋਬਿੰਦ ਸਿੰਘ/ਖਜ਼ਾਨ ਸਿੰਘ ਦੀ ਸੰਪਾਦਨਾ ਹੇਠ ਤੇ ਦੂਸਰੀ ਵਾਰ, ਤਿੰਨ ਭਾਗਾਂ ਵਿਚ ਡਾ. ਉਤਮ ਸਿੰਘ ਦੀ ਸੰਪਾਦਨਾ ਹੇਠ 2003 ਵਿਚ।

(5) ਭੱਟ ਵਹੀਆਂ

ਸਿੱਖ ਇਤਿਹਾਸ ਦੇ ਇਹ ਅਹਿਮ ਸੋਮੇ, ਗਿ. ਗਰਜਾ ਸਿੰਘ ਜੀ ਦੀ ਲਭਤ ਹਨ। ਵਹੀਆਂ ਦੀ ਗਿਣਤੀ ਬਾਰੇ ਨਿਸ਼ਚੇ ਨਾਲ ਨਹੀਂ ਕਿਹਾ ਜਾ ਸਕਦਾ, ਕਿਉਂਕਿ ਹਾਲੇ ਤਕ ਇਹ ਪੂਰੀ ਤਰ੍ਹਾਂ ਲੱਭੀਆਂ ਨਹੀਂ ਜਾ ਸਕੀਆਂ। ਪ੍ਰਾਪਤ/ਪ੍ਰਕਾਸ਼ਿਤ ਵਹੀਆਂ ਵਿੱਚੋਂ ਦੇਸਾ ਸਿੰਘ ਮੁਲਤਾਨੀ ਦੀ, ਹਰਿਦੁਆਰ ਦੇ ਸੋਢੀਆਂ ਦੀ, ਭੱਟ ਵਹੀ ਭਾਦਸੋਂ (ਪਰਗਨਾ ਥਾਨੇਸਰ), ਭੱਟ ਵਹੀ ਮੁਲਤਾਨੀ ਸਿੰਧੀ ਆਦਿ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਵੰਸ਼ ਤੇ ਨਾਲ ਸ਼ਹੀਦ ਹੋਏ ਕਾਫ਼ੀ ਸਾਰੇ ਸਿੰਘਾਂ-ਜਿਵੇਂ ਭਾਈ ਭਗਵੰਤ ਸਿੰਘ; ਭਾਈ ਬਾਜ਼ ਸਿੰਘ; ਭਾਈ ਕੁਇਰ ਸਿੰਘ; ਭਾਈ ਸ਼ਾਮ ਸਿੰਘ; ਭਾਈ ਨਾਹਰ ਸਿੰਘ; ਭਾਈ ਰਾਮ ਸਿੰਘ; ਭਾਈ ਆਲੀ ਸਿੰਘ; ਭਾਈ ਮਾਲੀ ਸਿੰਘ; ਭਾਈ ਰਾਇ ਸਿੰਘ ਹਜ਼ੂਰੀ ਆਦਿ ਅਨੇਕਾਂ ਬਾਰੇ ਵੰਸ਼ਾਂ ਦੇ ਅਤੇ ਵੇਰਵੇ ਪ੍ਰਾਪਤ ਹੁੰਦੇ ਹਨ।

ਕਾਫ਼ੀ ਸਾਰੀਆਂ ਵਹੀਆਂ ਦੇ ਉਤਾਰੇ ਤੇ ਅਨੁਵਾਦ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬ ਇਤਿਹਾਸ ਵਿਭਾਗ ਵਿਚ ਸੁਰੱਖਿਅਤ ਹਨ।

(6) ਗੁਰੂ ਕੀਆਂ ਸਾਖੀਆਂ

ਭਾਈ ਸਰੂਪ ਸਿੰਘ ਕੌਸ਼ਿਸ਼ ਨੇ ਭੱਟ-ਵਹੀਆਂ ਦੇ ਆਧਾਰ ’ਤੇ 1790 ਈ: ਵਿਚ ਤਿਆਰ ਕੀਤੀ ਇਹ ਰਚਨਾ ਇਕ ਤਰ੍ਹਾਂ ਭੱਟ-ਵਹੀਆਂ ਦਾ ਨਿਚੋੜ ਹੈ। ਭਟਾਖਰੀ ਵਿਚ ਸੰਗ੍ਰਹਿਤ ਇਸ ਰਚਨਾ ਨੂੰ 1868ਈ: ਵਿਚ ਭਾਈ ਛੱਜੂ ਸਿੰਘ ਭੱਟ ਨੇ ਗੁਰਮੁਖੀ ਵਿਚ ਤਿਆਰ ਕੀਤਾ। ਗਿ. ਗਰਜਾ ਸਿੰਘ ਨੇ 1977 ਦੇ ਕਰੀਬ ਇਸ ਨੂੰ ਲੱਭ ਕੇ ਪਾਠਕਾਂ ਸਾਹਮਣੇ ਲਿਆਂਦਾ ਤੇ ਇਹ ਪ੍ਰੋ. ਪਿਆਰਾ ਸਿੰਘ ਪਦਮ ਦੇ ਸੰਪਾਦਕੀ ਨਾਂ ਹੇਠ ਸਿੰਘ ਬ੍ਰਦਰਜ਼, ਅੰਮ੍ਰਿਤਸਰ ਵਲੋਂ ਮਈ 1995 (ਤੀਜੀ ਵਾਰ) ਵਿਚ ਪ੍ਰਕਾਸ਼ਿਤ ਹੋ ਚੁੱਕੀ ਹੈ।

ਇਸ ਰਚਨਾ ਦੀਆਂ ਕੁੱਲ 112 ਸਾਖੀਆਂ ਹਨ, ਜਿਨ੍ਹਾਂ ਵਿੱਚੋਂ 110 ਤੇ 111 ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਸੰਬੰਧਿਤ ਹਨ। ਇਨ੍ਹਾਂ ਸਾਖੀਆਂ ਵਿਚ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦਾ ਬਾਬਾ ਜੀ ਨਾਲ ਮਿਲਾਪ, ਉਸ ਦੇ ਸਿੰਘ ਸਜਣ ਤੇ ਪੰਜਾਬ ਵੱਲ ਰਵਾਨਾ ਹੋਣ ਦੇ ਤਵਾਰੀਖੀ ਵੇਰਵੇ ਹਨ।

ਇਸ ਰਚਨਾ ਦਾ ਅੰਗਰੇਜ਼ੀ ਅਨੁਵਾਦ ਵੀ ਉਪਲਬਧ ਹੈ (ਵੇਖੋ) Bhai Swaroop Singh Kaushish’s Guru Kian Saakhian: Tales of the Sikh Gurus, (eng.tr.) Pritpal Singh Bindra, Singh Brothers, Amritsar March, 2005.

(7)  ਸ੍ਰੀ ਗੁਰ ਪੰਥ ਪ੍ਰਕਾਸ਼

ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਦੀ ਰਾਖੀ ਕਰਨ ਵਾਲੇ ਸੂਰਮੇ ਭਾਈ ਮਹਿਤਾਬ ਸਿੰਘ (ਦੂਜੇ ਭਾਈ ਸੁੱਖਾ ਸਿੰਘ) ਦੇ ਪੋਤਰੇ ਭਾਈ ਰਤਨ ਸਿੰਘ ਭੰਗੂ ਨੇ ਇਹ ਰਚਨਾ 1841 ਈ: ’ਚ ਰਚੀ। ਭਾਈ ਰਤਨ ਸਿੰਘ ਦੀ ਬਾਬਾ ਬੰਦਾ ਸਿੰਘ ਪ੍ਰਤੀ ਜਾਣਕਾਰੀ ਦਾ ਆਧਾਰ ਮੌਖਿਕ ਹੈ, ਇਸ ਕਰਕੇ ਬਾਬਾ ਜੀ ਸੰਬੰਧੀ ਇਸ ਵਿਚ ਕਈ ਊਣਤਾਈਆਂ ਹੋ ਸਕਦੀਆਂ ਹਨ। ਗਿ. ਨਾਹਰ ਸਿੰਘ ਦੀ ਸੂਚਨਾ (ਸਿੰਘ ਸਭਾ ਪਤ੍ਰਿਕਾ, ਅੰਮ੍ਰਿਤਸਰ, ਅਗਸਤ, 1978, ਸਫਾ 49) ਅਨੁਸਾਰ ਇਸ ਰਚਨਾ ਦੀ ਇਕ ਕਾਪੀ ਭਾਈ ਰਤਨ ਸਿੰਘ ਭੰਗੂ ਨੇ ਮਹਾਰਾਜਾ ਪਟਿਆਲਾ (ਕਰਮ ਸਿੰਘ) ਨੂੰ ਹੱਥੀਂ ਭੇਟ ਕੀਤੀ ਸੀ, ਜਿਸ ਨੂੰ ਸੋਧਣ ਦੀ ਡਿਊਟੀ ਮਹਾਰਾਜਾ ਨੇ ਚਾਰ ‘ਪੰਡਿਤਾਂ’ ਦੀ ਲਾਈ ਇਸ ਕਰਕੇ ਇਸ ਰਚਨਾ ਦੀ ਸ਼ੁਧਤਾ, ਖਾਸਕਰ ਬਾਬਾ ਬੰਦਾ ਸਿੰਘ ਬਹਾਦਰ ਪ੍ਰਤੀ ਕਾਇਮ ਨਾ ਰਹੀ। ਪਰ ਫਿਰ ਵੀ ਇਸ ਰਚਨਾ ਦੇ ਅਵਚੇਤਨ ਵਿੱਚੋਂ ਇਕ ਤਥ ਵਾਰ-ਵਾਰ ਸਪਸ਼ਟ ਹੁੰਦਾ ਹੈ, ਜਿਸ ਨੂੰ ਲੇਖਕ ਨੇ ‘ਕਰਾਮਾਤੀ ਢੰਗ’ ਰਾਹੀਂ ਪੇਸ਼ ਕੀਤਾ ਹੈ, ਕਿ ਬਾਬਾ ਬੰਦਾ ਸਿੰਘ ਬਹਾਦਰ ਦਿਨ-ਰਾਤ ‘ਪੰਥ’ ਲਈ ਜੂਝਦਾ ਸੀ, ਉਹ ਕਦੇ ਪੂਰੀ ਤਰ੍ਹਾਂ ਸੌਂ ਵੀ ਨਹੀਂ ਸਕਿਆ ਤੇ ਸਿੱਖ ਪੰਥ ਦੀ ਉਨਤੀ ਲਈ ਉਹ ਕਦੇ ਹੰਬਿਆ ਨਹੀਂ। ਸਾਹਮਣੇ ਹੁੰਦੀ ਤਬਾਹੀ ਤੋਂ ਉਸ ਦੇ ਕਦੇ ਮੱਥੇ ਵੱਟ ਨਹੀਂ ਪਿਆ।

ਦੋ-ਤਿੰਨ ਵਾਰ ਇਸ ਰਚਨਾ ਦਾ ਸੰਪਾਦਨ ਹੋ ਚੁਕਿਆ ਹੈ। ਪਹਿਲੀ ਵਾਰ ਭਾਈ ਵੀਰ ਸਿੰਘ ਨੇ ‘ਪ੍ਰਾਚੀਨ ਪੰਥ ਪ੍ਰਕਾਸ਼’ ਸਿਰਲੇਖ ਸੰਨ 1914 ‘ਚ ਖਾਲਸਾ ਸਮਾਚਾਰ, ਸ੍ਰੀ ਅੰਮ੍ਰਿਤਸਰ ਤੋਂ ਛਾਪਿਆ। ਫਿਰ ਡਾ. ਜੀਤ ਸਿੰਘ ਸੀਤਲ ਨੇ 1984 ‘ਚ ਸੰਪਾਦਨ ਕਰਕੇ ‘ਸ੍ਰੀ ਗੁਰ ਪੰਥ ਪ੍ਰਕਾਸ਼’, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਤੋਂ ਛਪਾਇਆ। ਤੀਜੀ ਵਾਰ ਸੋਧੇ ਰੂਪ ਵਿਚ ਡਾ. ਬਲਵੰਤ ਸਿੰਘ (ਢਿੱਲੋਂ) ਨੇ ‘ਸ੍ਰੀ ਗੁਰ ਪੰਥ ਪ੍ਰਕਾਸ਼’ ਸਿਰਲੇਖ ਹੇਠ ਸੰਪਾਦਨ ਕਰਕੇ ਸਿੰਘ ਬ੍ਰਦਰਜ਼ ਅੰਮ੍ਰਿਤਸਰ ਤੋਂ ਅਪ੍ਰੈਲ 2004 ਵਿਚ ਛਪਾਇਆ। ਇਸ ਰਚਨਾ ਦੀਆਂ ਸਾਖੀਆਂ 27 ਤੇ 70 ਤਕ (ਸਫੇ 69-165) ਬਾਬਾ ਜੀ ਨਾਲ ਸੰਬੰਧਿਤ ਹਨ।

ਇਸ ਰਚਨਾ ਦਾ ਅੰਗਰੇਜ਼ੀ ਅਨੁਵਾਦ ਵੀ ਉਪਲਬਧ ਹੈ (see): Sri Gur Panth Prakash, (eng. tr.) Prof. Kulwant Singh, vol.I, Insti-tute of Sikh Studies, Chandigarh 2006.

ਫੁਟਕਲ

ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ (ਭਾਈ ਸੰਤੋਖ ਸਿੰਘ), ਗੁਰਰਤਨਾਵਲੀ (ਬਾਬਾ ਤੋਲਾ ਸਿੰਘ), ਸਿੰਘ ਸਾਗਰ; ਗੁਰਕੀਰਤ ਪ੍ਰਕਾਸ਼ (ਵੀਰ ਸਿੰਘ ਬਲ), ਗੁਰ-ਪ੍ਰਣਾਲੀਆਂ, ਸ੍ਰੀ ਗੁਰ ਪੰਥ ਪ੍ਰਕਾਸ਼; ਤਵਾਰੀਖ ਗੁਰੂ ਖਾਲਸਾ (ਗਿ. ਗਿਆਨ ਸਿੰਘ), ਸ੍ਰੀ ਗੁਰਪਦ ਪ੍ਰੇਮ ਪ੍ਰਕਾਸ਼ (ਬਾਬਾ ਸੁਮੇਰ ਸਿੰਘ ਪਟਨਾ) ਆਦਿ ਕੁਝ ਹੋਰ ਰਚਨਾਵਾਂ ਸਮਕਾਲੀ ਤੇ ਕੁਝ ਨਿਕਟ ਸਮਕਾਲੀ ਹਨ। ਇਨ੍ਹਾਂ ਵਿਚ ਉੱਨੀ-ਇੱਕੀ ਦੇ ਫ਼ਰਕ ਨਾਲ ਗਿਣਤਾਤਮਕ ਪੱਖੋਂ ਥੋੜ੍ਹਾ ਵੱਧ-ਘੱਟ ਉਹੀ ਵੇਰਵੇ ਪ੍ਰਾਪਤ ਹੁੰਦੇ ਹਨ, ਜੋ ਪਹਿਲਾਂ ਉਕਤ ਰਚਨਾਵਾਂ/ ਸੋਮਿਆਂ ਵਿਚ ਆ ਚੁੱਕੇ ਹਨ।

(II) ਫ਼ਾਰਸੀ

(ਫ਼ਾਰਸੀ ਸ੍ਰੋਤਾਂ ਤੇ ਇਨ੍ਹਾਂ ਸੰਬੰਧੀ ਵੇਰਵਿਆਂ ਦੀ ਸੂਚਨਾ ਵਧੇਰੇ ਕਰਕੇ ਪ੍ਰਿੰ. ਸਵਰਨ ਸਿੰਘ ਜੀ (ਪਿੰਡ ਚੂਸਲੇਵੜ, ਨੇੜੇ ਪੱਟੀ, ਜ਼ਿਲ੍ਹਾ ਤਰਨਤਾਰਨ, ਫੋਨ 01851-250628) ਤੋਂ ਪ੍ਰਾਪਤ ਹੋਈ ਹੈ। ਉਨ੍ਹਾਂ ਦਾ ਅਤਿਅੰਤ ਧੰਨਵਾਦ ਹੈ।)

(1) ਅਖਬਾਰ-ਏ-ਦਰਬਾਰ-ਏ-ਮੁਅਲਾ

ਮੁਗ਼ਲ ਦਰਬਾਰ (ਔਰੰਗਜ਼ੇਬ, ਬਹਾਦਰ ਸ਼ਾਹ ਆਦਿ) ਵੱਲੋਂ ਜੈਪੁਰ ਦੇ ਰਾਜੇ ਨੂੰ ਲਿਖੇ ਖਤਾਂ ਦੇ ਰੂਪ ਵਿਚ ਤੇ ਰੋਜ਼ਾਨਾ ਦੀਆਂ ਖ਼ਬਰਾਂ ਦੇ ਰੂਪ ਵਿਚ ਇਹ ਦਸਤਾਵੇਜ਼ ਬਾਬਾ ਬੰਦਾ ਸਿੰਘ ਬਹਾਦਰ ਦੀ ਜੱਦੋ-ਜਹਿਦ ਤੇ ਸ਼ਹਾਦਤ ਬਾਰੇ ਭਰੋਸੇਯੋਗ ਤੇ ਸਮਕਾਲੀ ਗਵਾਹੀ ਪੇਸ਼ ਕਰਦਾ ਹੈ। ਇਸ ਦਸਤਾਵੇਜ਼ ਵਿਚ ਮੁਗ਼ਲ ਕੋਰਟ ਦੀਆਂ ਖ਼ਬਰਾਂ ਵੀ ਰਿਕਾਰਡ ਹਨ। ਬਾਬਾ ਬੰਦਾ ਸਿੰਘ ਬਹਾਦਰ ਬਾਰੇ ਮਈ 12, 1710, ਸ਼ੁੱਕਰਵਾਰ ਨੂੰ ਸਰਹਿੰਦ ਉਤੇ ਕੀਤੇ ਹਮਲੇ ਤੋਂ ਬਾਅਦ ਦੀਆਂ ਖ਼ਬਰਾਂ ਤੇ ਉਨ੍ਹਾਂ ਦੀ ਸ਼ਹਾਦਤ (9 ਜੂਨ 1716) ਤਕ ਦੇ ਚੋਣਵੇਂ ਵੇਰਵੇ ਹਨ।

ਇਨ੍ਹਾਂ ਦਸਤਾਵੇਜ਼ਾਂ ਨੂੰ ਡਾ. ਗੰਡਾ ਸਿੰਘ ਨੇ ਜੈਪੁਰ ਦੇ ਪੁਰਾਣੇ ਰਿਕਾਰਡਾਂ ਵਿੱਚੋਂ ਦਸੰਬਰ, 1944 ਦੀ ਫੇਰੀ ਵੇਲੇ ਲੱਭਿਆ ਸੀ ਤੇ ਡਾ. ਭਗਤ ਸਿੰਘ ਨੇ ਅੰਗਰੇਜ਼ੀ ਵਿਚ ਅਨੁਵਾਦ ਕਰਕੇ The Punjab Past and Present, vol. xviii-ii, Oct., 1984 ਨੂੰ ਵਿਸ਼ੇਸ਼ ਅੰਕ ਦੇ ਰੂਪ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਛਾਪਿਆ।

(2) ਮੁੰਤਖ਼ਬੁਲ-ਲੁਬਾਬ

ਇਸ ਸੋਮੇ ਦਾ ਕਰਤਾ ਮੁਹੰਮਦ ਹੁਸੈਨ ਅਲੀ ਖਾਨ ਹੈ, ਜਿਸ ਦਾ ਪ੍ਰਚਲਤ ਨਾਂ ਖਾਫ਼ੀ ਖਾਂ ਹੈ। ਇਹ 1722 ਈ: ਵਿਚ ਸੰਪੂਰਨ ਹੋਇਆ, ਬਾਬਾ ਬੰਦਾ ਸਿੰਘ ਬਹਾਦਰ ਦਾ ਸਮਕਾਲੀ ਦਸਤਾਵੇਜ਼ ਹੈ। ਬਾਦਸ਼ਾਹ ਔਰੰਗਜ਼ੇਬ ਦੇ ਛੋਟੇ ਭਰਾ ਮੁਰਾਦ ਕੋਲ ਖਾਫ਼ੀ ਖਾਂ ਦਾ ਪਿਤਾ ਖਵਾਜ਼ਾ ਮੀਰ ਨੌਕਰ ਸੀ ਤੇ ਕਰਤਾ ਔਰੰਗਜ਼ੇਬ ਕੋਲ। ਖਾਫ਼ੀ ਖਾਂ ਬਾਦਸ਼ਾਹ ਫ਼ਰੁੱਖ਼ਸੀਅਰ ਕੋਲ ਫੌਜੀ ਨੌਕਰ ਵੀ ਰਿਹਾ, ਜਿਸ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫ਼ਤਾਰ ਕੀਤਾ ਸੀ।

ਤਿੰਨ ਭਾਗਾਂ ਵਿਚ ਵੰਡੀ ਵਿਚਾਰ ਅਧੀਨ ਪੁਸਤਕ ਦਾ ਤੀਸਰਾ ਭਾਗ ਕਰਤਾ ਦੇ ਦਾਅਵੇ ਮੁਤਾਬਿਕ ਉਸ ਦੇ ਵਿਅਕਤੀਗਤ ਜਤਨਾਂ ਤੇ ਅੱਖੀਂ ਵੇਖੀ ਗਵਾਹੀ ’ਤੇ ਆਧਾਰਿਤ ਹੈ। ਇਸ ਰਚਨਾ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਵੀ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ।

ਬਾਬਾ ਬੰਦਾ ਸਿੰਘ ਬਹਾਦਰ ਦੀਆਂ ਕੁਝ ਮੁਹਿੰਮਾਂ (ਜਿਵੇਂ ਲੋਹਗੜ੍ਹ ਦੀ) ਵਰਣਨ ਤੋਂ ਇਲਾਵਾ ਇਸ ਨੇ ਬਾਬਾ ਜੀ ਦੀ ਗ੍ਰਿਫਤਾਰੀ, ਸਾਥੀ ਸਿੰਘਾਂ ਸਮੇਤ ਉਨ੍ਹਾਂ ਨੂੰ ਦਿੱਲੀ ਲਿਜਾਇਆ ਜਾਣਾ ਤੇ 1716 ’ਚ ਹੋਈ ਸ਼ਹਾਦਤ ਦਾ ਅੱਖੀਂ ਡਿੱਠਾ ਜ਼ਿਕਰ ਕੀਤਾ ਹੈ। ਇਸ ਵਿਚ ਉਸ ਸਿੱਖ ਬੱਚੇ ਦੀ ਸ਼ਹੀਦੀ ਦਾ ਵਰਣਨ ਵੀ ਹੈ, ਜਿਸ ਨੂੰ ਕਿਸੇ ਤਰ੍ਹਾਂ ਮਾਂ ਨੇ ਬਾਦਸ਼ਾਹ ਤਕ ਪਹੁੰਚ ਕਰਕੇ ਛੁਡਾ ਲੈਣਾ ਚਾਹਿਆ, ਪਰ ਉਸ ਨੇ ਕਿਹਾ, “ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਸੱਚਾ ਸਿੱਖ ਹਾਂ।” ਫ਼ਾਰਸੀ ਲਿਖਤਾਂ ਵਿੱਚੋਂ ਇਹ ਪਹਿਲੀ ਲਿਖਤ ਹੈ ਜਿਸ ਵਿਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੰਗੀ ਨਾਅਰੇ ‘ਫ਼ਤਹਿ ਦਰਸ਼ਨ’ ਦਾ ਜ਼ਿਕਰ ਕੀਤਾ ਗਿਆ ਹੈ।

ਖਾਫ਼ੀ ਖਾਂ ਵੱਲੋਂ ਦਿੱਤੀ ਜਾਣਕਾਰੀ ਤਾਂ ਭਾਵੇਂ ਕਾਫ਼ੀ ਭਰੋਸੇਯੋਗ ਹੈ ਪਰ ਨਿਰਪੱਖ ਪੂਰੀ ਤਰ੍ਹਾਂ ਨਹੀਂ। ਉਹ ਤੁਅੱਸਬੀ ਤੇ ਫਿਰਕੂ ਹੈ। ਉਸ ਨੇ ਪੂਰੀ ਤਾਕਤ ਨਾਲ ਬਾਬਾ ਬੰਦਾ ਸਿੰਘ ਬਹਾਦਰ ਤੇ ਸਾਥੀ ਸਿੰਘਾਂ ਦੀ ਸ਼ਾਨ ਦੇ ਖ਼ਿਲਾਫ ਅਤਿ ਸਤਹੀ ਪੱਧਰ ਤਕ ਜਾ ਕੇ ਬੁਰਾ-ਭਲਾ ਕਿਹਾ ਹੈ। ਸ. ਕਰਮ ਸਿੰਘ ਹਿਸਟੋਰੀਅਨ (ਜੀਵਨ ਬਿਰਤਾਂਤ ਬਾਬਾ ਬੰਦਾ ਸਿੰਘ ਬਹਾਦਰ, ਅੰਮ੍ਰਿਤਸਰ, 1907, ਸਫਾ 11) ਦੇ ਸ਼ਬਦਾਂ ਵਿਚ, “ਖਾਫ਼ੀ ਖਾਂ ਦੀ ਤਾਰੀਖ ਇਕ ਜ਼ਹਿਰੀਲੀ ਦਵਾਈ ਹੈ, ਜਿਸ ਨੂੰ ਸਮਝ ਕੇ ਵਰਤਣ ਵਾਲਾ ਤਾਂ ਆਪਣਾ ਮਤਲਬ ਸਿੱਧ ਕਰ ਲੈਂਦਾ ਹੈ, ਪਰ ਬੇਸਮਝ ਤੇ ਲਾ-ਪਰਵਾਹ ਲਈ ਇਸ ਦੇ ਬੁਰੇ ਅਸਰ ਤੋਂ ਬਚਣਾ ਬੜਾ ਹੀ ਮੁਸ਼ਕਲ ਹੈ।”

ਮੂਲ ਫ਼ਾਰਸੀ ਦਾ ਪਹਿਲੀ ਵਾਰ ਸੰਪਾਦਨ ਕਬੀਰੁਉਦੀਨ ਅਹਿਮਦ ਤੇ ਗ਼ੁਲਾਮ ਕਾਦਰ ਨੇ ਸੰਪਾਦਤ ਕਰਕੇ Bib. India ਕਲਕੱਤਾ ਤੋਂ 2 ਭਾਗਾਂ ਵਿਚ 1860-74 ’ਚ ਛਾਪਿਆ। ਮਹਿਮੂਦ ਅਹਿਮਦ ਫ਼ਾਰੂਕੀ ਨੇ ਇਸ ਦਾ 1963 ਈ: ’ਚ ਉਰਦੂ ਅਨੁਵਾਦ ਕਰਕੇ ਨਫ਼ੀਸ ਅਕੈਡਮੀ, ਕਰਾਚੀ ਤੋਂ ਪ੍ਰਕਾਸ਼ਨ ਕਰਵਾਇਆ। [ H.M. Elliot and J.D. Dowson ਨੇ ਆਪਣੀ ਪ੍ਰਸਿੱਧ ਪੁਸਤਕ The History of India as told by Its Own Historians ਦੇ ਭਾਗ VI (ਸਫੇ 211-533) ਉਤੇ ਅੰਗਰੇਜ਼ੀ ਅਨੁਵਾਦ ਛਾਪਿਆ। ਇਹ ਅਨੁਵਾਦ ਕਾਫ਼ੀ ਉਕਾਈ ਭਰਪੂਰ ਹੈ। William Erskine ny History of India under Babar and Humayun ਵਿਚ ਵੀ ਕਾਫ਼ੀ ਸਾਰਾ ਅੰਗਰੇਜ਼ੀ ਅਨੁਵਾਦ ਦਿੱਤਾ ਹੈ। ਬਾਬਾ ਬੰਦਾ ਸਿੰਘ ਨਾਲ ਸੰਬੰਧਿਤ ਵੇਰਵੇ ਦਾ ਇਕ ਨਵਾਂ ਅੰਗਰੇਜ਼ੀ ਅਨੁਵਾਦ J.S. Grewal ਤੇ Irfan Habib ਦੁਆਰਾ ਸੰਪਾਦਿਤ ਪੁਸਤਕ Sikh History from Persian Sources (Delhi, 2001), (pp. 155-59) ਵਿਚ ਵੀ ਦਿੱਤਾ ਗਿਆ ਹੈ, ਜਿਸ ਦੇ ਅਨੁਵਾਦਕ Majida Bano ਜੀ ਹਨ। ਕੁਝ ਚਲੰਤ ਜਿਹਾ ਤੇ ਅਤਿ ਸੰਖੇਪ ਅਨੁਵਾਦ ਡਾ. ਕਿਰਪਾਲ ਸਿੰਘ ਨੇ ਵੀ Perspectives on Sikh Gurus, Delhi, 2000, pp.36-7) ਦਿੱਤਾ ਹੈ।

(3) ਅਸਰਾਰਿ ਸਮਦੀ

ਅਠਾਰ੍ਹਵੀਂ ਸਦੀ ਦੇ ਮੁਢਲੇ ਦਹਾਕਿਆਂ, 1728-29 ਈ: ਨੂੰ ਫ਼ਾਰਸੀ ਵਾਰਤਕ ਵਿਚ ਲਿਖੀ ਗਈ ਇਹ ਪੁਸਤਕ ਬਾਬਾ ਬੰਦਾ ਸਿੰਘ ਬਹਾਦਰ ਦੀ ਸਮਕਾਲੀ ਲਿਖਤ ਹੈ, ਜਿਸ ਦਾ ਕਰਤਾ ਲਾਹੌਰ ਦੇ ਪ੍ਰਸਿੱਧ ਗਵਰਨਰ ਅਬਦੁ-ਸਮਦ ਖਾਨ (1713-26) ਦੇ ਦਰਬਾਰ ਦਾ ਕਰਿੰਦਾ ਤੇ ਨਵਾਬ ਦਾ ਮੁਨਸ਼ੀ ਸੀ। ਇਸ ਲਿਖਤ ਵਿਚ ਉਸ ਨੇ ਆਪਣਾ ਨਾਂ ਨਹੀਂ ਦਿੱਤਾ। ਉਹ ਇਸ ਲਿਖਤ ਵਿਚ ਨਵਾਬ ਦੀਆਂ ਸਮੁੱਚੀਆਂ ਗਤੀਵਿਧੀਆਂ ਦਾ ਜ਼ਿਕਰ, ਅੱਖੀਂ ਦੇਖੇ ਹਾਲਾਤ ਅਨੁਸਾਰ ਕਰਦਾ ਹੈ। ਕੁੱਲ ਸੱਤ ਅਧਿਆਇਆਂ ਦੀ ਇਸ ਰਚਨਾ ਵਿਚ ਪਹਿਲਾ ਅਧਿਆਇ ਬਾਬਾ ਬੰਦਾ ਸਿੰਘ ਬਹਾਦਰ ਨਾਲ ਸੰਬੰਧਿਤ ਹੈ। ਬਾਬਾ ਬੰਦਾ ਸਿੰਘ ਜੀ ਦੇ ਛੇਕੜਲੇ ਵਿਦਰੋਹ ਦਾ ਵਿਸਤਾਰ ਸਹਿਤ ਵਰਣਨ ਕਰਦਿਆਂ, ਕਰਤਾ ਕਾਫ਼ੀ ਹੱਦ ਤਕ ਨਿਰਪੱਖ ਤੇ ਸੱਚੇ ਵੇਰਵੇ ਦਿੰਦਾ ਹੈ, ਭਾਵੇਂ ਉਸ ਦਾ ਸੁਭਾਅ ਤੁਅੱਸਬੀ ਹੋਣ ਕਾਰਨ, ਉਹ ਸਿੰਘਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਾਨ ਖਿਲਾਫ਼ ਵੀ ਬੋਲਦਾ ਹੈ। ਇਸ ਰਚਨਾ ਵਿਚ ਬਾਬਾ ਜੀ ਦੀ ਸ਼ਖ਼ਸੀਅਤ ਤੇ ਨਿਡਰਪੁਣੇ ਦੀ ਲਾ-ਮਿਸਾਲ ਪੇਸ਼ਕਾਰੀ ਹੋਈ ਹੈ। ਸ਼ਹਾਦਤ ਦਾ ਵੇਰਵਾ ਵੀ ਬੜਾ ਦਿਲ-ਕੰਬਾਊ ਹੈ। ਕਰਤਾ ਤੱਥਾਂ ਨੂੰ ਤੋੜਦਾ-ਮਰੋੜਦਾ ਨਹੀਂ।

ਇਸ ਰਚਨਾ ਦੀਆਂ ਦੋ ਹੱਥ-ਲਿਖਤਾਂ ਪੰਜਾਬ ਯੂਨੀਵਰਸਿਟੀ, ਲਾਹੌਰ ਵਿਚ ਸੁਰੱਖਿਅਤ ਹਨ ਤੇ ਫ਼ਾਰਸੀ ਵਿਚ ਇਸ ਨੂੰ ਸੁਜਾਅ-ਉਦ-ਦੀਨ ਨੇ ਸੰਪਾਦਤ ਕਰਕੇ 1965 ਵਿਚ ਲਾਹੌਰ ਤੋਂ ਪ੍ਰਕਾਸ਼ਿਤ ਕੀਤਾ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬ ਇਤਿਹਾਸ ਵਿਭਾਗ ਨੇ 1972 ਵਿਚ ਇਸ ਨੂੰ ਪੰਜਾਬੀ ਵਿਚ ਪ੍ਰਕਾਸ਼ਿਤ ਕੀਤਾ, ਜਿਸ ਦੇ ਅਨੁਵਾਦਕ ਪ੍ਰੋ. ਜਨਕ ਸਿੰਘ (ਤੇ ਸੰਪਾ.), ਪ੍ਰੋ. ਗੁਰਬਖਸ਼ ਸਿੰਘ ਹਨ।

(4) ਇਬਰਤਨਾਮਾ

ਮੁਹੰਮਦ ਕਾਸਿਮ ਲਾਹੌਰੀ ਦੀ ਲਿਖੀ ਇਹ ਪੁਸਤਕ ਵੀ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਅੱਖੀਂ ਵੇਖੀ ਗਵਾਹੀ ’ਤੇ ਆਧਾਰਿਤ ਹੈ। ਕਰਤਾ, ਬਾਬਾ ਬੰਦਾ ਸਿੰਘ ਬਹਾਦਰ ਸਮੇਂ ਲਾਹੌਰ ਵਿਚ ਸੀ ਤੇ ਕਈ ਲੜਾਈਆਂ ਇਸ ਨੇ ਖੁਦ ਅੱਖੀਂ ਵੇਖੀਆਂ ਸਨ। ਵਿਚਾਰ ਅਧੀਨ ਲਿਖਤ ਦਿੱਲੀ ਦਰਬਾਰ ਨਾਲ ਸੰਬੰਧਿਤ ਹੈ, ਜਿਹੜੀ ਔਰੰਗਜ਼ੇਬ ਦੀ ਮੌਤ (1707) ਤੋਂ ਬਾਅਦ ਦੋ ਸਈਅਦ ਭਰਾਵਾਂ-ਅਬਦੁੱਲਾ ਤੇ ਹੁਸੈਨ ਅਲੀ-ਦੇ ਪਤਨ ਤਕ ਵੇਰਵੇ ਪੇਸ਼ ਕਰਦੀ ਹੈ। ਕਰਤਾ, ਅਮੀਰ-ਉਲ-ਹੁਸੈਨ-ਅਲੀ ਦਾ ਦਰਬਾਰੀ ਸੀ। ਇਸ ਨੇ ਸੰਖੇਪ ਵਿਚ ਦਸ ਗੁਰੂ ਸਾਹਿਬਾਨ ਬਾਰੇ ਵੀ ਵੇਰਵੇ ਦਿੱਤੇ ਹਨ। ਇਹ ਵੀ ਬਾਬਾ ਜੀ ਦੀ ਸ਼ਾਨ ਦੇ ਖਿਲਾਫ਼ ਬੋਲਦਾ ਹੈ।

ਇਸ ਰਚਨਾ ਨੇ ਸਮਾਣਾ, ਸੁਨਾਮ, ਮੁਸਤਫਾਬਾਦ, ਸਢੌਰਾ, ਦੁਆਬ ਤੇ ਸਰਹਿੰਦ ਆਦਿ ਦੀਆਂ ਲੜਾਈਆਂ ਤੋਂ ਇਲਾਵਾ ਲੋਹਗੜ੍ਹ ’ਤੇ ਝੁਲਾਏ ਗਏ ਕੇਸਰੀ ਨਿਸ਼ਾਨ ਦਾ ਜ਼ਿਕਰ ਕੀਤਾ ਹੈ। ਗੁਰਦਾਸ ਨੰਗਲ ਤੋਂ ਗ੍ਰਿਫਤਾਰੀ, ਤਸੀਹਿਆਂ ਤੇ ਸ਼ਹਾਦਤ ਦੇ ਵੇਰਵੇ ਵੀ ਦਿੱਤੇ ਹਨ।

ਇਸ ਰਚਨਾ ਦੀ ਸੰਪਾਦਨਾ/ਪ੍ਰਕਾਸ਼ਨਾ/ਅਨੁਵਾਦ ਆਦਿ ਬਾਰੇ ਜਾਣਕਾਰੀ ਪ੍ਰਾਪਤ ਨਹੀਂ ਹੋਈ। ਇਸ ਦੀ ਇਕ ਹੱਥ-ਲਿਖਤ (ਫ਼ਾਰਸੀ) ਕਾਪੀ ਖਾਲਸਾ ਕਾਲਜ ਅੰਮ੍ਰਿਤਸਰ ਵਿਚਲੇ ਸਿੱਖ ਇਤਿਹਾਸ ਰੀਸਰਚ ਬੋਰਡ ਦੇ ਸ਼੍ਹ੍ਰ 526:: ਨੰ. ’ਤੇ ਸੁਰੱਖਿਅਤ ਹੈ।

(5) ਫੁਟਕਲ (ਫ਼ਾਰਸੀ)

ਉਕਤ ਮੁੱਖ ਸਰੋਤਾਂ ਤੋਂ ਇਲਾਵਾ ‘ਤਜ਼ਕਰਾ-ਏ-ਇਰਾਦਤ ਖਾਨ’ (ਇਰਾਦਤ ਖਾਨ, 1714), ਤਵਾਰੀਖ-ਏ-ਮੁਹੰਮਦ ਸ਼ਾਹ ਨਾਦਰ ਜ਼ਾਮਨੀ (ਖੁਸ਼ਹਾਲ ਚੰਦ), ਤਜ਼ਕਿਰਾਤੁਲ ਸਲਾਤੀਨ-ਇ-ਚਗੱਤਾ (ਮੁਹੰਮਦ ਹਾਦੀ), ਸ਼ਾਹਨਾਮਾ (ਮੀਰ ਮੁਹੰਮਦ ਅਹਿਸਨ ਸਜਾਦ, 1718), ਮੁਨਵਰ-ਉਲ-ਕਲਾਮ (ਸ਼ਿਵਦਾਸ, 1722), ਫਤੂਹਤਨਾਮਾ ਸਮਦੀ (ਗੁਲਾਮ ਮਹੀ ਉਲ-ਦੀਨ, 1723), ਮਿਰਾਤ- ਇ-ਵਾਰਿਦਾਤ (ਮੁਹੰਮਦ ਸੂਫ਼ੀ ਵਾਹਿਦ, 1734), ਜ਼ਿਕਰ-ਇ-ਗੁਰਾਂ-ਵਾ-ਇੱਬਤਦਾ- ਇ-ਸਿੱਖਾਂ- ਵਾ-ਮਜ਼ਹਬ-ਇ-ਏਸ਼ਾ (ਲਿਖਤੀ, ਅਹਿਮਦ ਸ਼ਾਹ ਬਟਾਲੀਆ), ਅਹਿਵਾਲ-ਇ- ਸਿੱਖਾਂ- ਉ-ਬੰਦਾ (ਲਿਖਤੀ, 1120 ਹਿਜਰੀ), ਅਹਿਵਾਲ-ਇ-ਜੰਗ-ਇ-ਅਬਦੁਸ ਸਮਦ ਖ਼ਾਨ ਬਰ ਖਿਲਾਫ਼- ਇ-ਸਿੱਖਾਂ-ਵਾ-ਬੰਦਾ (ਲਿਖਤੀ), ਇਬਰਤ ਮਾਕਲ ਤਵਾਰੀਖ-ਇ-ਮੁਹੰਮਦ ਮੁਅਜ਼ਮ ਬਹਾਦਰ ਸ਼ਾਹ ਗਾਜ਼ੀ (ਬਖਤਾਵਰ ਖਾਨ, ਲਿਖਤੀ, 1130 ਹਿਜਰੀ), ਅਮਾਦ-ਉਸ-ਆਦਾਤ (ਗੁਲਾਮ ਅਲੀ ਖਾਨ, ਨਵਲ ਕਿਸ਼ੋਰ ਪ੍ਰੈਸ, ਕੰਵਨਪੁਰ, 1864ਈ:), ਹਾਲਾਤ-ਇ-ਸਲਤਨਤ-ਇ ਫ਼ਰਖਸੀਅਰ-ਵਾ- ਮੁਹੰਮਦ ਸ਼ਾਹ (ਸ਼ਿਵ ਦਾਸ ਲਖਨਵੀ, ਲਿਖਤੀ), ਜਾਮਿ-ਓਤੁ-ਤਵਾਰੀਖ (ਕਾਜ਼ੀ ਫ਼ਕੀਰ ਮੁਹੰਮਦ, ਕਲਕੱਤਾ 1836, ਨਵਲ ਕਿਸ਼ੋਰ ਪ੍ਰੈਸ ਕੰਵਨਪੁਰ, 1974), ਇਬਰਤਨਾਮਾ (ਕਾਮ ਰਾਜ, ਲਿਖਤੀ, 1131 ਹਿਜਰੀ), ਸੀਯਰ-ਉਲ-ਮੁਤਾਖਰੀਨ (ਗ਼ੁਲਾਮ ਹੁਸੈਨ ਖਾਨ, ਨਵਲ ਕਸ਼ੋਰ ਪ੍ਰੈੱਸ ਕੰਵਨਪੁਰ, 1897ਈ:), ਤਵਾਰੀਖ-ਇ- ਪੰਜਾਬ (ਗ਼ੁਲਾਮ ਮਉ-ਦੀਨ-ਲੁਧਿਆਣਵੀ ਅੱਲਵੀ ਕਾਦਰੀ, ਲਿਖਤੀ), ਜੰਗ-ਇ- ਬਹਾਦਰ ਸ਼ਾਹੀ (ਲਿਖਤੀ, 1126 ਹਿਜ਼ਰੀ), ਤਬਸੀਰਾਤ-ਉਲ-ਨਾਜ਼ਰੀਨ (ਲਿਖਤੀ, 1768 ਈ:), ਤਾਰੀਖ-ਇ-ਹਿੰਦ (ਲਿਖਤੀ, 1251 ਹਿਜਰੀ), ਤਵਾਰੀਖ਼-ਇ- ਜਾਨੀ-ਸ਼ੀਨ-ਇ-ਔਰੰਗਜ਼ੇਬ (ਲਿਖਤੀ,1822 ਈ:), ਇਬਰਤ-ਨਾਮਾ (ਮਿਰਜ਼ਾ ਮੁਹੰਮਦ ਹਾਰਸੀ ਬਿਨ ਮੁਤਮਿਦ ਖ਼ਾਨ ਬਿਨ ਦਿਆਨਤ ਖ਼ਾਨ, ਲਿਖਤੀ), ਤਵਾਰੀਖ- ਇ-ਇਰਾਬਤ ਖ਼ਾਨੀ ਤਵਾਰੀਖ਼-ਇ-ਮੁਬਾਰਖ (ਮਿਰਜ਼ਾ ਮੁਬਾਰਖ ਇਬਾਰਤ ਖਾਨ, ਲਿਖਤੀ, 1126 ਹਿਜ਼ਰੀ), ਯਾਯਾਖਾਨ (ਮੀਰ ਮੁੰਨਸ਼ੀ ਆਫ਼ ਫ਼ਰਖਸੀਅਰ, ਲਿਖਤੀ, 1149 ਹਿਜ਼ਰੀ), ਬਹਿਰ-ਉਲ-ਮਵਾਜ (ਮੁਹੰਮਦ ਅਲੀ ਖਾਨ ਅਨਸਾਰੀ, ਲਿਖਤੀ), ਤਾਰੀਖ਼-ਇ-ਅਲੀ (ਮੁਹੰਮਦ ਸਲਾਈ ਕੁਦਰਤ, 1723ਈ: ਲਿਖਤੀ), ਜਾਮ-ਏ- ਅਲਪ-ਸਿਫ਼ਤ, ਜਾਮਏ-ਤੁ-ਤਵਾਰੀਖ (ਮੁਹੰਮਦ ਤਬਰੇਜ਼ੀ ਇਨਫਾਨੀ, ਅਬੂ ਤਾਲਬ, ਲਿਖਤੀ, 1208 ਹਿਜ਼ਰੀ), ਹਕੀਦਤ-ਉਲ-ਅਕਵਾਲਿਮ (ਮੁਰਤਜ਼ਾ ਹੁਸੈਨ ਅੱਲਾ ਯਾਰ ਉਸਮਾਨੀ ਬੇਲਗ੍ਰਾਮੀ, ਲਿਖਤੀ, 1296 ਹਿਜ਼ਰੀ), ਦਸਤੂਰ-ਉਲ-ਇਨਸ਼ਾ ਇ-ਜਲੰਧਰ (ਯਾਰ ਮੁਹੰਮਦ, ਲਿਖਤੀ, 1122 ਹਿਜ਼ਰੀ), ਤਵਾਰੀਖ ਫਰਾਹ ਬਖ਼ਸ਼, ਤਜ਼ਕਰਾਤੁਲ ਉਸਲਾ ਦੀਨ (ਮੁਹੰਮਦ ਕਾਦੀ ਕਾਮਵਰ ਖਾਨ), ਰੋਜ਼ਨਾਮਚਾ (ਇਰਾਦਤ ਖਾਨ), ਤਜ਼ਕਰਤ ਅਲ ਮਲੂਕ (ਯਹੀਆ ਖਾਨ), ਨਾਜ਼ਰ ਉਸਮਾਨੀ (ਖੁਸ਼ਹਾਲ ਚੰਦ), ਮੁਆਸਰ-ਉਲ-ਉਮਰਾ (ਸ਼ਾਹ ਨਿਵਾਜ਼ ਦੌਲਾ 1758), ਤਾਰੀਖ-ਏ-ਪੰਜਾਬ (ਬੂਟੇ ਸ਼ਾਹ, 1811) ਆਦਿ ਅਨੇਕਾਂ ਫ਼ਾਰਸੀ ਪ੍ਰਕਾਸ਼ਿਤ/ਅਪ੍ਰਕਾਸ਼ਿਤ ਲਿਖਤਾਂ ਹਨ, ਜਿਨ੍ਹਾਂ ਵਿਚ ਬਾਬਾ ਬੰਦਾ ਸਿੰਘ ਬਾਰੇ ਸਮਕਾਲੀ/ਨਿਕਟ ਸਮਕਾਲੀ ਸੂਚਨਾਵਾਂ ਹਨ। ਇਨ੍ਹਾਂ ਤੋਂ ਬਿਨਾਂ ਤਾਰੀਖ਼-ਏ-ਪੰਜਾਬ (ਅਹਿਮਦ ਸ਼ਾਹ ਬਟਾਲਵੀ), ਗੁਲਸ਼ਨ-ਏ- ਪੰਜਾਬ (ਦੇਬੀ ਪ੍ਰਸਾਦ), ਤਾਰੀਖ਼-ਏ-ਪੰਜਾਬ (ਕਨ੍ਹਈਆ ਲਾਲ) ਆਦਿ ਉਰਦੂ ਦੀਆਂ ਵੀ ਅਨੇਕਾਂ ਰਚਨਾਵਾਂ ਹਨ, ਜਿਨ੍ਹਾਂ ਵਿਚ ਵੇਰਵੇ ਪ੍ਰਾਪਤ ਹਨ।

(III) ਅੰਗਰੇਜ਼ੀ

(1) ਜੋਹਨ ਸਰਮਨ ਤੇ ਸਟੈਫਨਸਨ ਦਾ ਖ਼ਤ (John Surman and Edward Stephenson’s letter)

9 ਮਾਰਚ, 1716 ਈ: ਦਾ ਖ਼ਤ, ਜਿਹੜਾ ਉਕਤ ਲੇਖਕਾਂ ਨੇ ਬਾਦਸ਼ਾਹ ਫ਼ਰੁੱਖਸੀਅਰ ਦੇ ਦਰਬਾਰ ਵਿਚ ਰਹਿੰਦਿਆਂ, ਜਿਸ ਵਿਚ ਬਾਬਾ ਬੰਦਾ ਸਿੰਘ ਬਹਾਦਰ ਤੇ ਸਾਥੀ ਸਿੰਘਾਂ ਦੀ ਸ਼ਹਾਦਤ ਦੇ ਅੱਖੀਂ ਦੇਖੇ ਹਾਲਾਤ ਹਨ, ਬੰਗਾਲ ਦੇ ਪ੍ਰਧਾਨ ਤੇ ਗਵਰਨਰ ਰਾਬਰਟ ਹੈਜਸ ਇਸਕੁਇਰ, ((Robert Hedges Esq.), ਵਿਲੀਅਮ ਫੋਰਟ ਬੰਗਾਲ ਕੌਂਸਲ ਨੂੰ ਲਿਖਿਆ।

ਪਹਿਲਾਂ ਕੀਤੇ ਸੰਕੇਤ ਮੁਤਾਬਿਕ ਇਸ ਵਿਚ ਬਾਬਾ ਬੰਦਾ ਸਿੰਘ ਬਹਾਦਰ ਤੇ ਸਾਥੀ ਸਿੰਘਾਂ ਦੀ ਸ਼ਹਾਦਤ ਦੇ ਅੱਖੀਂ ਦੇਖੇ ਹਾਲਾਤ ਹਨ। ਇਸ ਵਿਚ ਦੱਸਿਆ ਗਿਆ ਹੈ ਰੋਜ਼ 100 ਦੇ ਕਰੀਬ ਸਿੰਘ ਸ਼ਹੀਦ ਕੀਤਾ ਜਾਂਦਾ ਸੀ, ਪਰ ਕਿਸੇ ਇਕ ਦੇ ਵੀ ਚਿਹਰੇ ’ਤੇ ‘ਨਵੇਂ ਧਰਮ’ (ਸਿੱਖ ਧਰਮ) ਦੀ ਚਮਕ ਉਦਾਸ ਨਹੀਂ ਸੀ ਹੁੰਦੀ।

ਇਹ ਖ਼ਤ ਇੰਡੀਆ ਆਫਿਸ, ਲੰਦਨ ਵਿਚ 1715 ਤੋਂ 1719 ਈ: ਦੀ. Madras Diary and Consultation Book ਵਿਚ ਨੰ. 87, Range 237 ’ਤੇ ਸੁਰੱਖਿਅਤ ਹੈ ਤੇ C.R. Wilson dh The Annals of the English in Bengal, vol.ii, part ii, Calcutta, 1911, pp. 96-98 ’ਤੇ ਸ਼ਾਮਿਲ ਕੀਤਾ ਗਿਆ ਹੈ।

ਇਸ ਤੋਂ ਬਿਨਾਂ ਇਹ J.T. Wheeler dI Early Records of British India (London, 1878), p.180 ’ਤੇ ਵੀ ਛਪਿਆ। ਡਾ. ਗੰਡਾ ਸਿੰਘ ਜੀ ਨੇ ਵਿਸਤਾਰ ਸਹਿਤ ਵਿਆਖਿਆ ਕਰਕੇ ਪਹਿਲਾਂ ਇਸ ਨੂੰ Early European Accounts of the Sikhs, Calcutta, 1962, pp.49-52  ’ਤੇ ਛਾਪਿਆ ਤੇ ਫਿਰ Life of Banda Singh Bahadur, (Patiala, 2006, 3rd. edition), pp. 154-55 ’ਤੇ ਛਪਿਆ।

ਇਸ ਦੀ ਮੁੜ ਹੋਰ ਚੰਗੀ ਵਿਆਖਿਆ ਕਰਕੇ ਇਸ ਨੂੰ ਸ. ਅਮਨਦੀਪ ਸਿੰਘ ਤੇ ਸ. ਪਰਮਜੀਤ ਸਿੰਘ ਨੇ ਆਪਣੀ ਸੰਪਾਦਿਤ ਪੁਸਤਕ Sicques, Tigers or Thieves : Eve witness Accounts of The Sikhs (1606-1801) (Macmillan, 2004) ਵਿਚ ਛਾਪਿਆ।

(2) James Browne’s Tract

ਸਤੰਬਰ 17, 1787 ਈ: ਦੀ James dI ilKq History of the Origin and Progress of the Sikhs, 1788 ਈ: ਨੂੰ India Tracts ਦੇ ਸਿਰਲੇਖ ਹੇਠ ਛਪੀ। ਬਰਾਊਨ ਈਸਟ ਇੰਡੀਆ ਕੰਪਨੀ ਵਿਚ 1765 ਨੂੰ ਕੈਡਿਟ ਭਰਤੀ ਹੋਇਆ ਸੀ, ਜਿਹੜਾ ਬਾਅਦ (June 30, 1771) ਵਿਚ ਕੈਪਟਨ ਬਣਿਆ। ਸੰਖੇਪ ਵਿਚ ਵੇਰਵੇ ਦਿੰਦੀ ਇਹ ਲਿਖਤ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਤੇ ਉਨ੍ਹਾਂ ਦੀ ਗ੍ਰਿਫਤਾਰੀ ਦੇ ਭਾਵਪੂਰਤ ਵੇਰਵੇ ਦਿੰਦੀ ਹੈ। ਭਰੋਾਨ ਦੀ ਲਿਖਤ ਬੁੱਧ ਸਿੰਘ (ਅਰੋੜਾ) ਦੀ ਫ਼ਾਰਸੀ ਹੱਥ-ਲਿਖਤ, ਰਿਸਾਲਾ-ਏ-ਨਾਨਕ-ਸ਼ਾਹ ਉਤੇ ਆਧਾਰਿਤ ਹੈ। ਡਾ. ਗੰਡਾ ਸਿੰਘ ਨੇ Early European Accounts of the Sikhs (Calcutta, 1961) ਵਿਚ ਇਸ ਲਿਖਤ ਨੂੰ ਛਾਪਿਆ ਹੈ।

(3) Malcolm’s Sketch

ਮੈਲਕਮ ਨੇ ਬਾਬਾ ਬੰਦਾ ਸਿੰਘ ਬਹਾਦਰ ਪਿੱਛੋਂ ਸਿੱਖਾਂ ਸੰਬੰਧੀ ਜਾਰੀ ਹੋਏ ਸ਼ਾਹੀ ਹੁਕਮਾਂ ਬਾਰੇ ਵਿਸਤਾਰ ਨਾਲ 1812 ਈ: ਦੀ ਲਿਖਤ Sketch of the Sikhs ਵਿਚ ਲਿਖਿਆ ਹੈ। ਕਈ ਥਾਂ ਤੇ ਕਈ ਵਾਰ ਪ੍ਰਕਾਸ਼ਿਤ ਇਹ ਪੁਸਤਕ 1981 ਨੂੰ ਵਿਨੈ ਪਬਲੀਕੇਸ਼ਨ ਚੰਡੀਗੜ੍ਹ ਤੋਂ ਮੁੜ ਸੰਪੂਰਨ ਛਪ ਚੁੱਕੀ ਹੈ।

(4) ਫੁਟਕਲ

ਹੋਰ ਅੰਗਰੇਜ਼ੀ ਸੋਮਿਆਂ ਵਿਚ Foster ਦੀ A Journey from Bengal to England (1798), William Word ਦੀ Account of the Sikhs (1822), Col. Stcinbach ਦੀ The Panjab (1845), M’ Gregor ਦੀ History of the Sikhs (2 vols, 1846), Jonathan Scott ਦੀ A trans-lation of the memoirs of Eradat Khan (John Stockade London, 1786) ਤੇ Frishta’s History of Deccan (ii vol., Part iv, v, John Stockade, London, 1794), H.G. Keene ਦੀ A Sketch of the History of Hindostan (W.H. Allen & co.,London, 1885), Cunnigham ਦੀ A History of the Sikhs (1849) ਆਦਿ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। Macauliffe ਦਾ ਕੰਮ The Sikh Religion (London 1909) ਸਭ ਤੋਂ ਬਾਅਦ ਤੇ ਵਿਸਤਾਰ ਵਾਲਾ ਹੈ।

ਉਕਤ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਅਨੇਕਾਂ ਸਰੋਤਾਂ ਤੋਂ ਜਾਣਕਾਰੀ ਮਿਲਦੀ ਹੈ। ਲੋੜ ਹੈ ਕਿ ਉਨ੍ਹਾਂ ਸਾਰੇ ਵੇਰਵਿਆਂ ਨੂੰ ਇਕ ਥਾਂ ਆਲੋਚਨਾਤਮਕ ਸੰਪਾਦਨ ਕਰਕੇ ‘ਸਰੋਤ ਪੁਸਤਕ’ ਦਾ ਰੂਪ ਦਿੱਤਾ ਜਾਵੇ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Gurmail Singh
ਅਸਿਸਟੈਂਟ ਪ੍ਰਫ਼ੈਸਰ, ਧਰਮ ਅਧਿਐਨ ਵਿਭਾਗ -ਵਿਖੇ: ਪੰਜਾਬੀ ਯੂਨੀਵਰਸਿਟੀ, ਪਟਿਆਲਾ
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)