ਸ੍ਰੀ ਗੁਰੂ ਗੋਬਿੰਦ ਸਿੰਘ ਦਾ ਮਾਧੋਦਾਸ ਨਾਲ ਪਹਿਲਾ ਮੇਲ ਸੰਮਤ 1765 ਬਿਕ੍ਰਮੀ ਨੂੰ ਗੋਦਾਵਰੀ ਦਰਿਆ ਦੇ ਕੰਢੇ ਨਾਂਦੇੜ ਸਾਹਿਬ ਵਿਖੇ ਹੋਇਆ। ਰਵਾਇਤ ਹੈ ਕਿ ਗੁਰੂ ਸਾਹਿਬ ਨੇ ਉਸ ਨੂੰ ਮੁਗ਼ਲਾਂ ਦੁਆਰਾ ਕੀਤੇ ਜਾਣ ਵਾਲੇ ਪੰਜਾਬ ਵਿਚਲੇ ਅਤਿਆਚਾਰਾਂ ਬਾਰੇ ਸੂਚਿਤ ਕੀਤਾ। ਉਹ ਗੁਰੂ ਸਾਹਿਬ ਦੀ ਤੇਜੱਸਵੀ, ਸ੍ਰੇਸ਼ਟ ਤੇ ਸਨਮਾਨਯੁਕਤ ਸ਼ਖ਼ਸੀਅਤ ਅੱਗੇ ਝੁਕ ਗਿਆ ਅਤੇ ਉਨ੍ਹਾਂ ਨੇ ਸਮਕਾਲੀ ਹਾਲਾਤ ਦੀ ਲੋਅ ਵਿਚ ਉਸ ਨੂੰ ਖੰਡੇ ਦੀ ਪਾਹੁਲ ਛਕਾਉਣ ਉਪਰੰਤ ਬਾਬਾ ਬੰਦਾ ਸਿੰਘ ਦੇ ਨਾਮ ਨਾਲ ਆਪਣੇ ਭੱਥੇ ਵਿੱਚੋਂ ਪੰਜ ਤੀਰ, ਨਗਾਰਾ ਤੇ ਨਿਸ਼ਾਨ ਦਿੱਤੇ ਅਤੇ ਕੁਝ ਚੋਣਵੇਂ ਸਿੰਘਾਂ ਨਾਲ ਜ਼ੁਲਮ ਦੇ ਨਾਸ਼ ਲਈ ਪੰਜਾਬ ਵਿਚ ਭੇਜਿਆ। ਭਾਈ ਨੱਥ ਮੱਲ ਢਾਡੀ ਜੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਵਿਚ ਵਾਰਾਂ ਗਾਇਨ ਕਰਦਾ ਸੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤਕ ਜਿਊਂਦਾ ਸੀ ਅਤੇ ਗੁਰੂ ਸਾਹਿਬ ਦੇ ਨਾਂਦੇੜ ਸਾਹਿਬ ਦੇ ਅੰਤਲੇ ਪੜਾਅ ਸਮੇਂ ਉਨ੍ਹਾਂ ਕੋਲ ਸੀ ਨੇ ਆਪਣੀ ਵਾਰ ‘ਅਮਰਨਾਮਾ’ ਵਿਚ ਲਿਖਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ‘ਪੰਜ ਸੁਤੰਤਰ-ਚਿਤ ਸਿੰਘ’ ਪੰਜਾਬ ਵੱਲ ਭੇਜੇ।
ਫਰਿਸ਼ਤਾ ਦਾਨਸ਼ ਸੂਇ ਪੰਜਾਬ ਕਰਦ
ਮਏ ਪੰਜ ਸਿੰਘਾਨਿ ਆਜ਼ਾਦ ਮਰਦ!
ਭਾਈ ਨੱਥ ਮਲ ਹੋਰਾਂ ਵੱਲੋਂ ਲਿਖੇ ਗਏ ‘ਪੰਜ ਸਿੰਘਾਨਿ ਆਜ਼ਾਦ ਮਰਦ’ ਸ਼ਬਦ ਸਿੱਖ ਇਤਿਹਾਸ ਲਈ ਬੇਹੱਦ ਮਹੱਤਵਪੂਰਨ ਹਨ ਕਿਉਂਕਿ ਇਹ ਇਕ ਸ਼ਕਤੀਸ਼ਾਲੀ ਸੰਕੇਤ ਦੇ ਸੂਚਕ ਹਨ ਕਿ ਗੁਰੂ ਸਾਹਿਬ ਆਜ਼ਾਦੀ ਦੇ ਜ਼ਬਰਦਸਤ ਹਾਮੀ ਸਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁਗ਼ਲ ਸਰਕਾਰ ਦੀ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਭੇਜਿਆ ਗਿਆ ਸੀ। ਇਹ ਇਤਿਹਾਸਕ ਸੱਚਾਈ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਟੀਚਾ ਦੇਸ਼ ਨੂੰ ਆਜ਼ਾਦ ਕਰਾਉਣ ਦਾ ਸੀ- ਉਹ ਦੇਸ਼ ਜਿਸ ਵਿਚ ਭਿੰਨ-ਭਿੰਨ ਧਰਮਾਂ ਦੇ ਲੋਕ ਨਾ ਕੇਵਲ ਵਿਚਰ ਹੀ ਰਹੇ ਸਨ ਸਗੋਂ ਬੜੀ ਦ੍ਰਿੜ੍ਹਤਾ ਨਾਲ ਆਪਣੇ- ਆਪਣੇ ਧਰਮ ਨਾਲ ਜੁੜੇ ਹੋਏ ਸਨ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਟੀਚੇ ਜਾਂ ਮਨੋਰਥ ਦੀ ਸਫ਼ਲਤਾ ਲਈ ਸਮੂਹ ਲੋਕਾਈ ਨੂੰ ਆਪਣੇ ਦਾਇਰੇ ਵਿਚ ਲਿਆਉਣਾ ਸੀ।
ਬਾਬਾ ਬੰਦਾ ਸਿੰਘ ਬਹਾਦਰ ਦੇ ਸੰਘਰਸ਼ ਕਾਲ ਵਿਚ ਸਾਨੂੰ ਕੁਝ ਅਜਿਹੀਆਂ ਉਦਾਹਰਣਾਂ ਉਪਲਬਧ ਹੋ ਜਾਂਦੀਆਂ ਹਨ ਜੋ ਨਿਸ਼ਚੇ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਧਰਮ ਨਿਰਪੱਖ ਨਿਰਮਲ ਨੀਤੀ ਨੂੰ ਉਜਾਗਰ ਕਰਦੀਆਂ ਹਨ। ਬਾਬਾ ਬੰਦਾ ਸਿੰਘ ਬਹਾਦਰ ਨੇ ਸਮੂਹ ਧਰਮਾਂ ਦੇ ਲੋਕਾਂ ਨਾਲ ਨਿਰਪੱਖਤਾ ਭਰਿਆ ਵਿਹਾਰ ਕੀਤਾ ਜੋ ਉਸ ਸਮੇਂ ਦੀ ਨਿਸ਼ਚਿਤ ਹੀ ਅਤਿਅੰਤ ਲੋੜ ਸੀ। ਇਸਲਾਮ ਧਰਮ ਨਾਲ ਸੰਬੰਧਿਤ ਲੋਕਾਂ ਨਾਲ ਉਨ੍ਹਾਂ ਦਾ ਰਵੱਈਆ ਇਤਿਹਾਸਕ ਗਵਾਹੀਆਂ ਉੱਤੇ ਨਿਰਭਰਤਾ ਦੁਆਰਾ ਸਿੱਧ ਕਰਦਾ ਹੈ ਕਿ ਮੁਸਲਮ ਆਬਾਦੀ ਨਾਲ ਉਨ੍ਹਾਂ ਨੇ ਸਹਿਣਸ਼ੀਲਤਾ ਤੋਂ ਕੰਮ ਲਿਆ। ਇਕ ਅਜੋਕੇ ਸਮੇਂ ਦੇ ਇਤਿਹਾਸਕਾਰ ਮੁਗ਼ਲ ਸਮੇਂ ਦੇ ਇਕ ਖ਼ਬਰ ਨਵੀਸ ਦੀ ਰਿਪੋਰਟ ਦਾ ਹਵਾਲਾ ਦਿੰਦੇ ਹਨ ਜੋ ਉਸ ਨੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਭੇਜੀ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਕਲਾਨੌਰ ਦੇ ਇਲਾਕੇ ਵਿਚ ਅਪ੍ਰੈਲ 1711 ਈ: ਨੂੰ ਵਿਚਰ ਰਿਹਾ ਸੀ ਤਾਂ ਉਸ ਨੇ ਮੁਸਲਿਮ ਲੋਕਾਈ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਅਤੇ ਉਸ ਦੇ ਆਦਮੀ ਉਨ੍ਹਾਂ ਦੇ ਮਾਮਲਿਆਂ ਵਿਚ ਕਿਸੇ ਵੀ ਢੰਗ ਨਾਲ ਦਖਲ ਨਹੀਂ ਦੇਣਗੇ। ਇਸ ਤੋਂ ਛੁਟ ਜੋ ਉਸ ਦੇ ਨਾਲ ਉਸ ਦੁਆਰਾ ਅਰੰਭੀ ਗਈ ਲੜਾਈ ਵਿਚ ਸਹਾਇਤਾ ਲਈ ਸ਼ਰੀਕ ਹੋਣਗੇ ਉਨ੍ਹਾਂ ਨੂੰ ਯਕੀਨੀ ਰੂਪ ’ਚ ਵਿਚ ਵੇਤਨ ਦਿੱਤਾ ਜਾਵੇਗਾ। ਉਹ ਪੂਰੀ-ਪੂਰੀ ਧਾਰਮਿਕ ਆਜ਼ਾਦੀ ਦਾ ਆਨੰਦ ਮਾਣ ਸਕਣਗੇ। ਇਥੋਂ ਤਕ ਕਿ ਉਨ੍ਹਾਂ ਨੂੰ ਨਮਾਜ਼ ਜਾਂ ਅਜ਼ਾਨ ਦਾ ਹੱਕ ਵੀ ਹੋਵੇਗਾ। ਫਲਸਰੂਪ ਪੰਜ ਹਜ਼ਾਰ ਮੁਸਲਮਾਨਾਂ ਨੇ ਉਸ ਦੀ ਫੌਜ ਵਿਚ ਨਾਮ ਦਰਜ ਕਰਵਾਏ। ਇਕ ਅਜਿਹੀ ਹੋਰ ਰਿਪੋਰਟ ਅਨੁਸਾਰ ਉਨ੍ਹਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਗਈ।
ਅਸਲ ਵਿਚ ਬਾਬਾ ਬੰਦਾ ਸਿੰਘ ਬਹਾਦਰ ਦਾ ਵਿਰੋਧ ਸਮੇਂ ਦੀ ਜ਼ਾਲਮ ਹਕੂਮਤ ਅਤੇ ਜ਼ਾਲਮ ਅਮੀਰਾਂ, ਵਜ਼ੀਰਾਂ, ਫੌਜਦਾਰਾਂ ਤੇ ਚੌਧਰੀਆਂ ਨਾਲ ਸੀ। ਅਸਲ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੇ ਜ਼ਾਲਮ ਹਕੂਮਤ ਵਿਰੁੱਧ ਸੰਘਰਸ਼ ਦੇ ਫਲਸਰੂਪ ਬਦਅਮਨੀ ਫੈਲਣ ਕਾਰਨ ਜੀਵਨ ਵਿਚ ਕਠਿਨਾਈਆਂ ਪੇਸ਼ ਆਉਣ ਲੱਗੀਆਂ ਸਨ। ਫ਼ਾਰਸੀ ਭਾਸ਼ਾ ਦੇ ਲੇਖਕ ਵਿਸ਼ੇਸ਼ ਰੂਪ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੇ ਵਿਰੋਧੀ ਰਹੇ ਹਨ ਕਿਉਂਕਿ ਉਨ੍ਹਾਂ ਦਾ ਸੰਬੰਧ ਉਸ ਵਿਸ਼ਵਾਸ ਨਾਲ ਜੁੜਿਆ ਹੋਇਆ ਸੀ ਜਿਸ ਦੇ ਹਾਮੀਆਂ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜਸ਼ਕਤੀ ਖੋਹ ਲਈ ਸੀ। ਇਨ੍ਹਾਂ ਲੇਖਕਾਂ ਨੇ ਜੋ ਹਕੂਮਤ ਦੇ ਹਾਲਾਤ ਲਿਖਣ ਵਾਲੇ ਸਨ, ਬਾਬਾ ਬੰਦਾ ਸਿੰਘ ਬਹਾਦਰ ਸੰਬੰਧੀ ਵੀ ਲਿਖਿਆ ਹੈ ਪਰੰਤੂ ਉਸ ਨਾਲ ਨਿਆਂ ਨਹੀਂ ਕਰ ਸਕੇ ਅਤੇ ਉਸ ਦੀ ਧਰਮ ਨਿਰਪੱਖ ਨੀਤੀ ਨੂੰ ਸੰਘਰਸ਼ ਸੰਬੰਧੀ ਵੇਰਵਿਆਂ ਵਿਚ ਧੁੰਦਲਾ ਕਰ ਦਿੱਤਾ ਗਿਆ ਹੈ। ਮੁਹੰਮਦ ਹਾਸ਼ਮ ਖਾਫੀ ਖਾਨ ਦੀ ਰਚਨਾ ‘ਮੁੰਤਖਬ-ਉਲ-ਲੁਬਾਬ’ ਦੀ ਬਹੁਤ ਸਾਰੇ ਇਤਿਹਾਸਕਾਰਾਂ ਅਤੇ ਲੇਖਕਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਕਾਰਜਾਂ ਨੂੰ ਦਰਸਾਉਂਦੇ ਹੋਏ ਵਰਤੋਂ ਕੀਤੀ ਹੈ ਪਰੰਤੂ ਇਤਿਹਾਸਕ ਸੰਦਰਭ ਵਿਚ ਹੋਰਨਾਂ ਇਤਿਹਾਸਕ ਸੋਮਿਆਂ ਨਾਲ ਮੁਲਾਂਕਣ ਦੀ ਲੋੜ ਹੈ। ਖਾਫੀ ਖਾਨ ਇਕ ਥਾਂ ਲਿਖਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਸਿੱਖਾਂ ਨੇ ਸਮੂਹ ਲੋਕਾਈ ਪ੍ਰਤੀ ਵੈਰ ਭਰਿਆ ਰਵੱਈਆ ਅਪਣਾਇਆ। ਉਨ੍ਹਾਂ ਨੇ ਮਸਜਿਦਾਂ ਅਤੇ ਦਰਗਾਹਾਂ ਦੀ ਬੇਅਦਬੀ ਕੀਤੀ ਪਰੰਤੂ ਇਥੇ ਇਹ ਕਹਿਣਾ ਉਚਿਤ ਹੋਵੇਗਾ ਕਿ ਮੁਗ਼ਲ ਹਕੂਮਤ ਵਿਰੁੱਧ ਸਿੱਖ ਵਿਰੋਧ ਮੰਨਿਆ ਜਾ ਸਕਦਾ ਹੈ, ਪਰੰਤੂ ਮਾਸੂਮਾਂ ਅਤੇ ਬੇਕਸੂਰ ਵਿਅਕਤੀਆਂ ਵਿਰੁੱਧ ਜਾਣ-ਬੁੱਝ ਕੇ ਅਜਿਹੇ ਰਵੱਈਏ ਨੂੰ ਅਪਣਾਉਣ ਸੰਬੰਧੀ ਘੱਟ ਹੀ ਸਮੱਗਰੀ ਪ੍ਰਮਾਣਿਕ ਰੂਪ ਵਿਚ ਸਾਹਮਣੇ ਆਉਂਦੀ ਹੈ। ਸਈਅਦ ਮੁਹੰਮਦ ਲਤੀਫ ਲਿਖਦੇ ਹਨ,
“Though bravery is a qualification which is highly meritorious and in all cases one which is handed down to posterity, Yet audacious achievements of this monster are an exception to the rule. His triumphs are not remembered as heroic acts, but as mali- cious and cold blooded”.
ਸਈਅਦ ਮੁਹੰਮਦ ਲਤੀਫ ਨੇ ਬਾਬਾ ਬੰਦਾ ਸਿੰਘ ਬਹਾਦਰ ਲਈ ‘ਰਾਖਸ਼’ ਜਾਂ ‘ਦੁਰਆਤਮਾ’ (monster) ਦੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਕਿਉਂਕਿ ਉਹ ਬਾਬਾ ਬੰਦਾ ਸਿੰਘ ਬਹਾਦਰ ਜਿਸ ਕੰਮ ਲਈ ਕਾਰਜਸ਼ੀਲ ਸੀ, ਉਸ ਦੀ ਸਪਿਰਿਟ ਜਾਂ ਵਾਸਤਵਿਕ ਭਾਵਾਂ ਨੂੰ ਸਮਝਣ ਤੋਂ ਅਸਮਰੱਥ ਰਿਹਾ ਹੈ। ਬਾਬਾ ਬੰਦਾ ਸਿੰਘ ਬਹਾਦਰ ਬਾਰੇ ਗੱਲ ਕਰਦਿਆਂ ਉਹ ਭੁੱਲ ਗਿਆ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਮਨੋਰਥ ਜ਼ਾਲਮ ਹਕੂਮਤ ਨੂੰ ਖ਼ਤਮ ਕਰਨਾ ਸੀ। ਸਰਹਿੰਦ ਦੀ ‘ਇੱਟ ਨਾਲ ਇੱਟ ਵਜਾਉਣ’ ਆਦਿ ਸਬਦਾਂ ਦੀ ਵਰਤੋਂ ਸਰਹਿੰਦ ਦੀ ਤਬਾਹੀ ਲਈ ਅਵੱਸ਼ ਕੀਤੀ ਜਾਂਦੀ ਹੈ ਜੋ ਨਿਰਸੰਦੇਹ ਇਸ ਸਮੁੱਚੇ ਖੇਤਰ ਦੀ ਤਬਾਹੀ ਦੇ ਸੂਚਕ ਹਨ ਪਰੰਤੂ ਇਹ ਸੰਘਰਸ਼ ਜ਼ਾਲਮ ਹਕੂਮਤ ਵਿਰੁੱਧ ਅਰੰਭਿਆ ਸੀ। ਮੁਹੰਮਦ ਲਤੀਫ ਖ਼ਾਫੀ ਖਾਨ ਅਤੇ ਕਈ ਹੋਰ ਲੇਖਕ ਜਿਨ੍ਹਾਂ ਵਿਚ ਸਮਕਾਲੀ ਅਤੇ ਨਿਕਟ ਸਮਕਾਲੀ ਲੇਖਕ ਸ਼ਾਮਲ ਹਨ ਕਈਆਂ ਕਾਰਨਾਂ ਕਰਕੇ ਅਜਿਹੀਆਂ ਲਿਖਤਾਂ ਨੂੰ ਜਨਮ ਦੇ ਗਏ ਹਨ ਜਿਨ੍ਹਾਂ ਵਿਚ ਸੱਚ ਅਤੇ ਅਤਿਕਥਨੀ ਨੂੰ ਇਤਿਹਾਸਕ ਲਿਖਤਾਂ ਦੇ ਮੁਲਾਂਕਣ ਦੁਆਰਾ ਸੋਧਿਆ ਜਾ ਸਕਦਾ ਹੈ ਅਤੇ ਸਮੂਹ ਧਰਮਾਂ ਪ੍ਰਤੀ ਬਾਬਾ ਬੰਦਾ ਸਿੰਘ ਬਹਾਦਰ ਦੀ ਧਰਮ ਨਿਰਪੱਖ ਨੀਤੀ ਨੂੰ ਉਜਾਗਰ ਕੀਤਾ ਜਾ ਸਕਦਾ ਹੈ।
ਉਪਰੋਕਤ ਵਿਚਾਰਾਂ ਦੀ ਲੋਅ ਵਿਚ ਅਸੀਂ ਇਥੇ ਕੁਝ ਇਕ ਲੇਖਕਾਂ ਦੀਆਂ ਲਿਖਤਾਂ ਹਵਾਲੇ ਵਜੋਂ ਦਿੰਦੇ ਹਾਂ ਜੋ ਬਾਬਾ ਬੰਦਾ ਸਿੰਘ ਬਹਾਦਰ ਦੇ ਧਰਮ ਨਿਰਪੱਖ ਕਾਰਜਾਂ ਨੂੰ ਦਰਸਾਉਣ ਹਿਤ ਸਹਾਈ ਹੁੰਦੀਆਂ ਹਨ ਅਤੇ ਪ੍ਰਮਾਣਿਕ ਵੀ ਕਹੀਆਂ ਜਾ ਸਕਦੀਆਂ ਹਨ ਪਰੰਤੂ ਮੁਲਾਂਕਣ ਦੀਆਂ ਮੁਥਾਜ ਹਨ। ਇਨ੍ਹਾਂ ਵਿੱਚੋਂ ਇਕ ਮੁਹੰਮਦ ਕਾਸਮ ਲਾਹੌਰੀ ਦਾ ‘ਇਬਰਤਨਾਮਾ’ ਹੈ। ਇਹ ਲੇਖਕ ਨਾ ਕੇਵਲ ਬਾਬਾ ਬੰਦਾ ਸਿੰਘ ਬਹਾਦਰ ਦਾ ਸਮਕਾਲੀ ਸੀ ਸਗੋਂ ਉਸ ਨਾਲ ਵਾਪਰੀਆਂ ਬਹੁਤ ਸਾਰੀਆਂ ਘਟਨਾਵਾਂ ਦਾ ਅੱਖੀ ਡਿੱਠਾ ਗਵਾਹ ਵੀ ਸੀ। ਉਹ ਪੰਜਾਬ ਦਾ ਰਹਿਣ ਵਾਲਾ ਸੀ ਅਤੇ ਉਸ ਨੇ ਆਪਣੇ ਜੀਵਨ ਦਾ ਬਹੁਤ ਸਾਰਾ ਸਮਾਂ ਇਥੇ ਹੀ ਬਤੀਤ ਕੀਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਸੰਘਰਸ਼ ਕਾਲ ਵਿਚ ‘ਸਰਹਿੰਦ ਦੀ ਫਤਹਿ’ ਤੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤਕ ਉਹ ਬਾਬਾ ਬੰਦਾ ਸਿੰਘ ਬਹਾਦਰ ਸੰਬੰਧੀ ਹਾਲਾਤ ਵੇਖਦਾ ਅਤੇ ਸੁਣਦਾ ਰਿਹਾ। ਹੈਦਰੀ ਝੰਡੇ, ਲੋਹਗੜ੍ਹ ਦੀ ਲੜਾਈ, ਸਿੱਖਾਂ ਦਾ ਖੁੱਲ੍ਹਮ-ਖੁੱਲ੍ਹਾ ਕਤਲ ਅਤੇ ਇਸ ਉਪਰੰਤ ਹੋਏ ਸ਼ਾਹੀ ਫੌਜਾਂ ਦੇ ਗੁਰਦਾਸ ਨੰਗਲ ਵਿਖੇ ਸੰਘਰਸ਼ ਨੂੰ ਉਸ ਨੇ ਵੇਖ-ਸੁਣ ਕੇ ਬਿਆਨ ਕੀਤਾ ਹੈ। ਮੁਹੰਮਦ ਕਾਸਮ ਲਾਹੌਰੀ ਦੀ ਇਸ ਲਿਖਤ ਨੂੰ ਗਹੁ ਨਾਲ ਪੜ੍ਹਨ ਸਮੇਂ ਪਤਾ ਲੱਗਦਾ ਹੈ ਕਿ ਕੋਈ ਵੀ ਅਜਿਹੀ ਘਟਨਾ ਨਹੀਂ ਵਾਪਰੀ ਜਿਸ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਦੂਜੇ ਧਰਮਾਂ ਪ੍ਰਤੀ ਕੱਟੜਤਾ ਦਾ ਪਤਾ ਲੱਗਦਾ ਹੋਵੇ। ‘ਤਾਰੀਖ-ਏ-ਇਰਾਦਤ’ ਖਾਨ ਦਾ ਲੇਖਕ ਇਰਾਦਤ ਖਾਨ ਵੀ ਬਾਬਾ ਬੰਦਾ ਸਿੰਘ ਬਹਾਦਰ ਨਾਲ ਵਾਪਰੇ ਕਈ ਇਤਿਹਾਸਕ ਵਾਕਿਆਤ ਦਾ ਅੱਖੀਂ ਡਿੱਠਾ ਗਵਾਹ ਹੈ ਅਤੇ ਇਸ ਦੀ ਲਿਖਤ ਜੋ ਕਿਸੇ ਹੱਦ ਤਕ ਪ੍ਰਮਾਣਿਕ ਕਹੀ ਜਾ ਸਕਦੀ ਹੈ ਵੀ ਕੋਈ ਅਜਿਹੀ ਘਟਨਾ ਨਹੀਂ ਦਰਸਾਉਂਦੀ ਜਿਸ ਤੋਂ ਮੁਲਾਂਕਣ ਉਪਰੰਤ ਇਹ ਸਿੱਧ ਹੁੰਦਾ ਹੋਵੇ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਰਵੱਈਆ ਦੂਜੇ ਧਰਮਾਂ ਦੇ ਲੋਕਾਂ ਨਾਲ ਕੱਟੜਤਾ ਦਾ ਲਖਾਇਕ ਹੈ। ਇਨ੍ਹਾਂ ਲਿਖਤਾਂ ਤੋਂ ਛੁਟ ਫ਼ਾਰਸੀ ਭਾਸ਼ਾ ਵਿਚ ਕਈ ਹੋਰ ਪੁਸਤਕਾਂ ਹਨ ਜੋ ਇਸ ਸੰਦਰਭ ਵਿਚ ਵਰਣਨਯੋਗ ਹਨ।
ਬਾਬਾ ਬੰਦਾ ਸਿੰਘ ਬਹਾਦਰ ਦਾ ਸੰਘਰਸ਼ ਸਮੇਂ ਦੇ ਜ਼ਾਲਮ ਹਾਕਮਾਂ ਅਤੇ ਉਨ੍ਹਾਂ ਦੇ ਪੱਖੀਆਂ ਵਿਰੁੱਧ ਸੀ ਅਤੇ ਸਿੱਖੀ ਅਸੂਲਾਂ ਅਨੁਸਾਰ ਸਮੁੱਚੀ ਮਨੁੱਖਤਾ ਦੀ ਭਲਾਈ ਲੋਚਦੇ ਹੋਇਆਂ ਉਹ ਕਿਸੇ ਵੀ ਧਰਮ ਵਿਰੁੱਧ ਨਹੀਂ ਸਨ। ਤਾਰਕਿਕ ਪੱਖੋਂ ਜੇ ਵੇਖਿਆ ਜਾਵੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮੇਂ ਦੀ ਮੁਗ਼ਲ ਹਕੂਮਤ ਤੋਂ ਛੁਟਕਾਰਾ ਪਾਉਣ ਲਈ ਸਮੂਹ ਧਰਮਾਂ ਦੇ ਲੋਕਾਂ ਦੀ ਬਹੁਗਿਣਤੀ ਵਿਚ ਲੋੜ ਸੀ। ਪਰੰਤੂ ਬਾਬਾ ਜੀ ਦੀ ਧਰਮ ਨਿਰਪੱਖ ਨਿਰਮਲ ਨੀਤੀ ਮੂਲ ਰੂਪ ਵਿਚ ਉਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਪ੍ਰਦਾਨ ਕੀਤੀ ਗਈ ਸੀ ਤੇ ਉਹ ਇਸ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਵੀ ਰਹੇ। ਇਸ ਪ੍ਰਸੰਗ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਸੰਬੰਧੀ ਅਣਚਾਹਿਆ ਵਿਸਤਾਰ ਜੋ ਤਤਕਾਲੀ ਇਤਿਹਾਸ ਵਿਚ ਮਿਲਦਾ ਹੈ, ਉਨ੍ਹਾਂ ਨਾਲ ਨਿਆਏਂ ਦਾ ਲਖਾਇਕ ਨਹੀਂ ਹੈ।
ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀਆਂ ਜਿੱਤਾਂ ਸਮੇਂ ਸਮਾਣਾ, ਸਢੌਰਾ ਆਦਿ ਜਿਨ੍ਹਾਂ ਵੀ ਅਸਥਾਨਾਂ ਉੱਤੇ ਹਮਲੇ ਕੀਤੇ ਇਸਲਾਮੀ ਕਬਰਾਂ, ਮਕਬਰੇ, ਮਸਜਿਦਾਂ ਆਦਿ ਨੂੰ ਕੋਈ ਹਾਨੀ ਨਹੀਂ ਆਉਣ ਦਿੱਤੀ। ਅਜਿਹੇ ਅਦਾਰਿਆਂ ਦੇ ਚਿੰਨ੍ਹ ਅਜੇ ਵੀ ਵੇਖਣ ਨੂੰ ਮਿਲਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਅਤਿਆਚਾਰਾਂ ਨੂੰ ਖ਼ਤਮ ਕਰਨ ਲਈ ਭੇਜੇ ਗਏ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੀਆਂ ਸਮੁੱਚੀਆਂ ਇਤਿਹਾਸਕ ਘਟਨਾਵਾਂ ਅਲੋਚਨਾਤਮਕ ਅਧਿਐਨ ਉਪਰੰਤ ਨਿਰੰਤਰ ਸੁਝਾਅ ਦਿੰਦੀਆਂ ਹਨ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਹਰ ਧਰਮ ਦੇ ‘ਆਮ ਆਦਮੀ’ ਪ੍ਰਤੀ ਉੱਤਮ ਅਤੇ ਧਰਮ ਨਿਰਪੱਖ ਰਵੱਈਆ ਉਨ੍ਹਾਂ ਦੀ ਨਿਰਮਲ ਧਾਰਮਿਕ ਨੀਤੀ ਦਾ ਸੂਚਕ ਹੈ।
ਲੇਖਕ ਬਾਰੇ
- ਕਵਿਤਾhttps://sikharchives.org/kosh/author/%e0%a8%95%e0%a8%b5%e0%a8%bf%e0%a8%a4%e0%a8%be/October 1, 2008