editor@sikharchives.org
Flora

ਬਾਬਾ ਫਰੀਦ ਜੀ ਦੀ ਬਾਣੀ ਦਾ ਬਨਸਪਤੀ ਪਰਿਪੇਖ

ਬਾਬਾ ਸ਼ੇਖ ਫਰੀਦ ਜੀ ਨੇ ਘਰੇਲੂ ਜ਼ਿੰਦਗੀ ਨਾਲ ਸੰਬੰਧਿਤ ਬਹੁਤ ਸਾਰੇ ਬਨਸਪਤੀ ਅਲੰਕਾਰ, ਚਿੰਨ੍ਹ, ਸ਼ੈਲੀ ਨੂੰ ਹੰਢਾਏ ਅਨੁਭਵ ਦੇ ਰੂਬਰੂ ਬੜੀ ਸੰਜੀਦਗੀ ਨਾਲ ਰੂਪਮਾਨ ਕੀਤਾ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਬਾਬਾ ਫਰੀਦ ਜੀ ਦੀ ਬਾਣੀ ਪੰਜਾਬੀ ਲੋਕਾਂ ਦੇ ਮੂੰਹ ਉੱਤੇ ਚੜ੍ਹੀ ਹੋਈ ਹੈ। ਆਪ ਲੋਕਾਂ ਵਿਚ ਅਧਿਆਤਮਕ ਅਤੇ ਧਾਰਮਿਕ ਰੁਚੀਆਂ ਨੂੰ ਉਭਾਰਨ ਵਿਚ ਹਰਦਿਲ ਅਜ਼ੀਜ਼ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਵੀ ਬਾਬਾ ਫ਼ਰੀਦ ਜੀ ਦੀਆਂ ਫ਼ਾਰਸੀ, ਅਰਬੀ, ਰੇਖ਼ਤਾ, ਹਿੰਦਵੀ ਤੇ ਪੰਜਾਬੀ ਰਚਨਾਵਾਂ ਮਿਲ ਜਾਂਦੀਆਂ ਹਨ। ਬਾਬਾ ਫਰੀਦ ਜੀ ਦੀ ਬਾਣੀ ਦੀ ਲੋਕਪ੍ਰਿਯਤਾ ਇਸੇ ਲਈ ਵਧੇਰੇ ਉੱਭਰ ਕੇ ਸਾਹਮਣੇ ਆਉਂਦੀ ਹੈ ਕਿਉਂਕਿ ਇਹ ਡੂੰਘੇ ਰੂਹਾਨੀ ਅਨੁਭਵ ਨੂੰ ਸਰਲ ਭਾਸ਼ਾ ਤੇ ਸ਼ੈਲੀ ਵਿਚ ਪੇਸ਼ ਕਰਨ ਵਿਚ ਸਮਰੱਥ ਹੈ। ਉਨ੍ਹਾਂ ਦੀ ਰਚੀ ਬਾਣੀ ਵਿਚ ਪੰਜਾਬੀ ਮਾਂ-ਬੋਲੀ ਦਾ ਉਤਕ੍ਰਿਸ਼ਟ ਖਜ਼ਾਨਾ ਸਾਂਭਿਆ ਹੋਇਆ ਹੈ।

ਬਾਬਾ ਸ਼ੇਖ ਫਰੀਦ ਜੀ ਨੇ ਘਰੇਲੂ ਜ਼ਿੰਦਗੀ ਨਾਲ ਸੰਬੰਧਿਤ ਬਹੁਤ ਸਾਰੇ ਬਨਸਪਤੀ ਅਲੰਕਾਰ, ਚਿੰਨ੍ਹ, ਸ਼ੈਲੀ ਨੂੰ ਹੰਢਾਏ ਅਨੁਭਵ ਦੇ ਰੂਬਰੂ ਬੜੀ ਸੰਜੀਦਗੀ ਨਾਲ ਰੂਪਮਾਨ ਕੀਤਾ ਹੈ। ਜਿੱਥੇ ਬਾਬਾ ਜੀ ਨੇ ਡਾਲੀ (ਟਾਹਣੀ) ਦੀ ਗੱਲ ਕੀਤੀ ਹੈ ਉਥੇ ਪਲਵੈ (ਪੱਤਿਆਂ) ਅਤੇ ਸੂਲਾਂ (ਕੰਡਿਆਂ ਦੀਆਂ ਚੋਭਾਂ) ਨੂੰ ਵੀ ਪੇਸ਼ ਕੀਤਾ ਹੈ:

ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ॥ (ਪੰਨਾ 1378)

ਫਰੀਦਾ ਡੁਖਾ ਸੇਤੀ ਦਿਹੁ ਗਇਆ ਸੂਲਾਂ ਸੇਤੀ ਰਾਤਿ॥ (ਪੰਨਾ 1382)

ਫੁੱਲ ਅਤੇ ਫਲ ਦਾ ਵਰਣਨ ਕਰਦਿਆਂ ਭਗਤ ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਪਹਿਲੇ ਪਹਿਰ ਅੰਦਰ ਸਾਈਂ ਦਾ ਸਿਮਰਨ ਕਰਨ ਨਾਲ ਫੁੱਲ ਤੇ ਰਾਤ ਦੇ ਅੰਤਲੇ ਛਣ ਫਲ ਵਾਂਗ ਜਾਪਦੇ ਹਨ:

ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ॥ (ਪੰਨਾ 1384)

ਸਫੈਦ ਰੰਗ ਦਾ ਇਕ ‘ਕਵਲ’ ਦਾ ਫੁੱਲ, ਪਾਣੀ ’ਚ ਉੱਗਿਆ ਹੁੰਦਾ ਹੈ। ਭਗਤ ਫਰੀਦ ਜੀ ਆਖਦੇ ਹਨ ਜੀਵ ਰੂਪੀ ਪੰਛੀ ਤਲਾਅ ਨੂੰ ਰੌਣਕ ਦੇਣ ਵਾਲੇ ਤੁਰ ਗਏ ਹਨ, ਤਲਾਅ ਸੁੱਕ ਗਿਆ ਹੈ, ਕੇਵਲ ਇਕੱਲਾ ‘ਕਵਲ’ ਰਹਿ ਗਿਆ ਹੈ। ਭਾਵ ਪਰਮਾਰਥ ਦੇ ਰਾਹ ’ਤੇ ਆਖ਼ਰ ਨੂੰ ਗੁਰਮੁਖ ਹੀ ਲੱਗਦੇ ਹਨ:

ਫਰੀਦਾ ਸਰੁ ਭਰਿਆ ਭੀ ਚਲਸੀ ਥਕੇ ਕਵਲ ਇਕਲ॥ (ਪੰਨਾ 1382)

ਗੂੜ੍ਹੇ ਸ਼ੋਖ ਲਾਲ ਰੰਗ ਦੇ ਫੁੱਲ ‘ਕਸੁੰਭੜੇ’ ਦਾ ਵਰਣਨ ਵੀ ਆਇਆ ਹੈ:

ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ॥ (ਪੰਨਾ 795)

ਭਗਤ ਫਰੀਦ ਜੀ ਦੀ ਬਾਣੀ ਵਿਚ ਗ਼ਰੀਬ ਲੋਕਾਂ ਵੱਲੋਂ ਰਿੰਨ੍ਹ ਕੇ ਅਥਵਾ ਪੀਹ ਕੇ ਆਟੇ ਦੀ ਰੋਟੀ ਕਾਠ (ਕੋਧਰਾ) ਦਾ ਜ਼ਿਕਰ ਵੀ ਆਇਆ ਹੈ। ਕੋਧਰੇ ਦੇ ਖੇਤ ਵਿਚ (ਭਾਵ ਜਗਤ ਦੇ ਮੋਹ-ਪਿਆਰ ਵਿਚ) ਹੰਸ ਜਾ ਉਤਰਦੇ ਹਨ ਅਤੇ ਬੰਦੇ ਉਨ੍ਹਾਂ ਨੂੰ ਪਰ੍ਹੇ ਹਟਾਉਣ ਲਈ ਜਾਂਦੇ ਹਨ। ਪਰ ਗਾਫ਼ਲ ਪ੍ਰਾਣੀ ਨਹੀਂ ਜਾਣਦਾ ਕਿ ਹੰਸ ਮੋਟੇ ਅਨਾਜ ਨੂੰ ਨਹੀਂ ਖਾਂਦਾ ਨਾਲੇ ਸਾਦੇ ਭੋਜਨ ਦੀ ਸਾਰਥਕਤਾ ਦਰਸਾਉਣ ਲਈ ‘ਰੋਟੀ ਕਾਠ ਕੀ’ ਵਰਣਨ ਕਰਦੇ ਹਨ:

ਹੰਸੁ ਉਡਰਿ ਕੋਧ੍ਰੈ ਪਇਆ ਲੋਕੁ ਵਿਡਾਰਣਿ ਜਾਇ॥
ਗਹਿਲਾ ਲੋਕੁ ਨ ਜਾਣਦਾ ਹੰਸੁ ਨ ਕੋਧ੍ਰਾ ਖਾਇ॥ (ਪੰਨਾ 1381)

ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ॥ (ਪੰਨਾ 1379)

ਬਾਬਾ ਜੀ ਕਪਾਹ ਅਤੇ ਤਿਲਾਂ ਬਾਰੇ ਲਿਖਦੇ ਹਨ ਜੋ ਉਨ੍ਹਾਂ ਨਾਲ ਬੀਤੀ ਹੈ ਪਰ ਕਾਗਜ਼, ਮਿੱਟੀ ਦੇ ਭਾਂਡਿਆਂ ਅਤੇ ਕੋਇਲੇ ਦੀ ਕੀ ਦਸ਼ਾ ਹੋਈ ਹੈ, ਉਹ ਧਿਆਨ ਮੰਗਦੀ ਹੈ:

ਫਰੀਦਾ ਵੇਖੁ ਕਪਾਹੈ ਜਿ ਥੀਆ ਜਿ ਸਿਰਿ ਥੀਆ ਤਿਲਾਹ॥
ਕਮਾਦੈ ਅਰੁ ਕਾਗਦੈ ਕੁੰਨੇ ਕੋਇਲਿਆਹ॥ (ਪੰਨਾ 1380)

ਬਾਬਾ ਜੀ ਫ਼ਰਮਾਉਂਦੇ ਹਨ ਕਿ ਜ਼ਿਮੀਂਦਾਰ ਕਿੱਕਰ ਬੀਜ ਕੇ ਬਿਜੌਰ ਦੇਸ਼ ਦੇ ਅੰਗੂਰ ਭਾਲਦਾ ਫਿਰਦਾ ਹੈ:

ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ॥ (ਪੰਨਾ 1379)

ਹਿੰਗ ਇਕ ਪੌਦੇ ਤੋਂ ਰਸ ਰੂਪ ਵਿਚ ਨਿਕਲਿਆ ਗੰਧਦਾਰ ਪਦਾਰਥ ਹੈ, ਜੋ ਦਾਲ ਸਬਜ਼ੀ ਵਿਚ ਵੀ ਵਰਤਿਆ ਜਾਂਦਾ ਹੈ। ਈਰਾਨ ਅਤੇ ਅਫ਼ਗਾਨਿਸਤਾਨ ਦੀ ਸਦਾ-ਬਹਾਰ ਜੜ੍ਹੀ ਬੂਟੀ ਹੈ। ਬਾਬਾ ਫਰੀਦ ਜੀ ਆਖਦੇ ਹਨ ਜੋ ਕਸਤੂਰੀ ਦੀ ਸੁਗੰਧੀ ਭਜਨ-ਬੰਦਗੀ ਨਾਲ ਪ੍ਰਾਪਤ ਹੋਣੀ ਸੀ ਉਹ ਤਾਂ ਚਲੀ ਗਈ ਹੈ ਪਰ ਹਿੰਗ ਦੀ ਬਦਬੋ ਵਿਚ ਬੇੜ੍ਹੀ ਰਹੀ। ਭਾਵ ਜ਼ਿੰਦਗੀ ਬਣੀ ਤਾਂ ਭਗਤੀ ਲਈ ਸੀ ਪਰ ਅਣਗਹਿਲੀ ਕਰਕੇ ਸੁਹਣਾ ਮੌਕਾ ਖੁੰਝ ਗਿਆ:

ਫਰੀਦਾ ਰਹੀ ਸੁ ਬੇੜੀ ਹਿੰਙੁ ਦੀ ਗਈ ਕਥੂਰੀ ਗੰਧੁ॥ (ਪੰਨਾ 1379)

ਤਿਲ ਦੇ ਨਿੱਕੇ ਜਿਹੇ ਬੀਜ ਵਿੱਚੋਂ ਤੇਲ ਕੱਢਿਆ ਜਾਂਦਾ ਹੈ। ਸੁਆਸਾਂ ਰੂਪੀ ਤਿਲ ਥੋੜ੍ਹੇ ਹਨ ਪਰ ਜੀਵਨ ਨੂੰ ਵਿਚਾਰ ਨਾਲ ਚਲਾਉਣਾ ਜ਼ਰੂਰੀ ਹੈ। ਜਦ ਉਹ ਮਾਲਕ ਨਿਰਮਲਤਾ ਤੇ ਮਾਸੂਮੀਅਤ ’ਤੇ ਖੁਸ਼ ਹੁੰਦਾ ਹੈ, ਚਤੁਰਾਈਆਂ ਤੇ ਨਖਰਿਆਂ ’ਤੇ ਨਹੀਂ ਰੀਝਦਾ, ਤਾਂ ਮੈਂ ਵੀ ਇਨ੍ਹਾਂ ਗੱਲਾਂ ਉੱਤੇ ਘੱਟ ਮਾਣ ਕਰਾਂ:

ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ॥
ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ॥ (ਪੰਨਾ 1378)

ਖਜੂਰ ਬਾਰੇ ਬਾਬਾ ਫਰੀਦ ਜੀ ਸੰਕੇਤ ਕਰਦੇ ਹਨ ਕਿ ਰੱਬ ਦੀਆਂ ਖਜੂਰਾਂ ਪੱਕੀਆਂ ਹਨ ਤੇ ਮਾਖਿਉਂ ਦੀਆਂ ਨਦੀਆਂ ਵਗਦੀਆਂ ਹਨ। ਇਨ੍ਹਾਂ ਬਹਿਸ਼ਤੀ ਚੀਜ਼ਾਂ ਦਾ ਸਵਾਦ ਇਥੇ ਹੀ ਸਾਧ-ਸੰਗਤ ਵਿਚ ਪ੍ਰਾਪਤ ਹੋ ਸਕਦਾ ਹੈ। ਛੇਤੀ ਕਰੋ, ਉਮਰ ਲੰਘ ਰਹੀ ਹੈ:

ਫਰੀਦਾ ਰਬ ਖਜੂਰੀ ਪਕੀਆਂ ਮਾਖਿਅ ਨਈ ਵਹੰਨਿ੍॥
ਜੋ ਜੋ ਵੰਞੈਂ ਡੀਹੜਾ ਸੋ ਉਮਰ ਹਥ ਪਵੰਨਿ॥ (ਪੰਨਾ 1382)

ਮਜੀਠੈ ਰੰਗ ਦਾ ਵਰਣਨ ਵੀ ਭਗਤ ਫਰੀਦ ਜੀ ਦੀ ਬਾਣੀ ਵਿਚ ਅੰਕਿਤ ਹੈ। ਇਕ ਵੇਲ ਦੀ ਡੰਡੀ ਵਿਚ ਪੱਕਾ ਲਾਲ ਰੰਗ ਹੁੰਦਾ ਹੈ। ਇਸ ਦੀਆਂ ਜੜ੍ਹਾਂ ਉਬਾਲ ਕੇ ਰੰਗ ਚੰਗਾ ਗੂੜ੍ਹਾ ਹੁੰਦਾ ਹੈ। ਇਹ ਇਕ ਸਦਾਬਹਾਰ ਵੇਲ ਹੈ, ਜਿਸ ਦਾ ਮੁੱਢ ਏਸ਼ੀਆ ਅਤੇ ਯੂਰਪ ਹੈ। ਬਾਬਾ ਜੀ ਨੇ ਇਸੇ ਤਰ੍ਹਾਂ ‘ਦਭੁ’ (ਘਾਹ ਦੀ ਇਕ ਕਿਸਮ) ਸਬਜ਼ੀ ਦੀਆਂ ਕੂਲੀਆਂ ‘ਗੰਦਲਾਂ’ਅਤੇ ‘ਜੰਗਲ’ ਦਾ ਵਰਣਨ ਵੀ ਕੀਤਾ ਹੈ:

ਹੇੜਾ ਜਲੈ ਮਜੀਠ ਜਿਉ ਉਪਰਿ ਅੰਗਾਰਾ॥ (ਪੰਨਾ 1379)

ਫਰੀਦਾ ਥੀਉ ਪਵਾਹੀ ਦਭੁ॥ (ਪੰਨਾ 1378)

ਫਰੀਦਾ ਏ ਵਿਸੁ ਗੰਦਲਾ ਧਰੀਆਂ ਖੰਡੁ ਲਿਵਾੜਿ॥ (ਪੰਨਾ 1379)

ਬਾਬਾ ਫਰੀਦ ਜੀ ਫ਼ਰਮਾਉਂਦੇ ਹਨ, ਓਹ ਗਾਫ਼ਲ ਪ੍ਰਾਣੀ! ਤੂੰ ਵਣ-ਵਣ ਅੰਦਰ ਦਰਖ਼ਤਾਂ ਦੇ ਕੰਡੇ ਕਿਉਂ ਤੋੜਦਾ ਫਿਰਦਾ ਹੈਂ? ਰੱਬ ਤਾਂ ਤੇਰੇ ਦਿਲ ਦੇ ਅੰਦਰ ਵੱਸਦਾ ਹੈ:

ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ॥
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ॥ (ਪੰਨਾ 1378)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Jasbir Singh Sarna
ਸਾਬਕਾ ਅਧਿਕਾਰੀ, ਖੇਤੀਬਾੜੀ ਵਿਭਾਗ -ਵਿਖੇ: ਜੰਮੂ-ਕਸ਼ਮੀਰ ਸਰਕਾਰ

ਡਾ. ਜਸਬੀਰ ਸਿੰਘ ਸਰਨਾ, ਜੰਮੂ-ਕਸ਼ਮੀਰ ਸਰਕਾਰ, ਭਾਰਤ ਦੇ ਖੇਤੀਬਾੜੀ ਵਿਭਾਗ ਤੋਂ ਸੇਵਾ ਮੁਕਤ ਅਧਿਕਾਰੀ ਹਨ। ਅਜੋਕੇ ਸਮੇਂ ਵਿਚ ਸ੍ਰੀ ਨਗਰ ਦੇ ਵਾਸੀ, ਡਾ. ਸਰਨਾ ਜਿਥੇ ਖੇਤੀਬਾੜੀ ਵਿਸ਼ੇ ਦੇ ਮਾਹਿਰ ਹਨ, ਉਥੇ ਉਨ੍ਹਾਂ ਦਾ ਪੰਜਾਬੀ ਸਾਹਿਤ ਅਤੇ ਸਿੱਖ ਧਰਮ ਦੇ ਇਤਿਹਾਸ ਨਾਲ ਗਹਿਰਾ ਨਾਤਾ ਰਿਹਾ ਹੈ। ਪੰਜਾਬੀ ਸਾਹਿਤ ਅਤੇ ਸਿੱਖ ਚਿੰਤਨ ਦੇ ਵਿਭਿੰਨ ਪੱਖਾਂ ਦੀ ਪੜਚੋਲ ਉਨ੍ਹਾਂ ਦੇ ਜੀਵਨ ਦਾ ਅਹਿਮ ਅੰਗ ਰਹੀ ਹੈ। ਇਨ੍ਹਾਂ ਖੋਜਾਂ ਸੰਬੰਧਤ, ਉਨ੍ਹਾਂ ਦੀਆਂ ਅਨੇਕ ਰਚਨਾਵਾਂ, ਸਮੇਂ ਸਮੇਂ ਦੇਸ਼-ਵਿਦੇਸ਼ ਦੀਆਂ ਸਮਕਾਲੀ ਅਖਬਾਰਾਂ, ਮੈਗਜੀਨਾਂ ਤੇ ਖੋਜ ਪੱਤ੍ਰਿਕਾਵਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ। ਉਨ੍ਹਾਂ ਦੀਆਂ ਹੁਣ ਤਕ 51 ਕਿਤਾਬਾਂ ਅਤੇ ਲਗਭਗ 300 ਸਾਹਿਤਕ ਲੇਖ ਛੱਪ ਚੁੱਕੇ ਹਨ।

Sant Niwas,R-11, Swarn Colony, Gole Gujral, Jammu Tawi 180002

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)