ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੂੰ ਵਿਦਵਾਨਾਂ ਨੇ ਮੁੱਖ ਤੌਰ ’ਤੇ ਚਾਰ ਭਾਗਾਂ ਵਿਚ ਵੰਡਿਆ ਹੈ। ਇਹ ਵੰਡ ਹੇਠ ਲਿਖੇ ਅਨੁਸਾਰ ਹੈ:
(ੳ) ਗੁਰੂ ਸਾਹਿਬਾਨ ਦੀ ਬਾਣੀ।
(ਅ) ਭਗਤ ਸਾਹਿਬਾਨ ਦੀ ਬਾਣੀ।
(ੲ) ਭੱਟ ਸਾਹਿਬਾਨ ਦੀ ਬਾਣੀ।
(ਸ) ਗੁਰੂ-ਘਰ ਦੇ ਨਿਕਟਵਰਤੀ ਸਿੱਖ ਸ਼ਰਧਾਲੂਆਂ ਦੀ ਬਾਣੀ। ਬਾਬਾ ਸੁੰਦਰ ਜੀ ਨੂੰ ਵਿਦਵਾਨਾਂ ਨੇ ਚੌਥੇ ਭਾਗ ਵਿਚ ਰੱਖਿਆ ਹੈ।
ਬਾਬਾ ਸੁੰਦਰ ਜੀ : ਜਾਣ ਪਛਾਣ
ਸ਼ਬਦਾਰਥ ਪੋਥੀ ਤੀਸਰੀ ਪੰਨਾ 923-924, ਫੁਟ ਨੋਟ ਅਨੁਸਾਰ ਬਾਬਾ ਸੁੰਦਰ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਪੜੋਤੇ (ਮੋਹਰੀ ਜੀ ਦੇ ਪੋਤਰੇ ਤੇ ਅਨੰਦ ਜੀ ਦੇ ਸਪੁੱਤਰ) ਸਨ।
ਸ. ਸ਼ਮਸ਼ੇਰ ਸਿੰਘ ਅਸ਼ੋਕ ਨੇ ਆਪਣੇ ਇਕ ਖੋਜ ਪੱਤਰ, “ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਇਤਿਹਾਸਕ ਪ੍ਰਸੰਗਾਂ ਵਿਚ” ਜਿਹੜਾ ਸਿੰਘ ਸਭਾ ਪਤ੍ਰਿਕਾ ਦੇ ਗੁਰੂ ਗ੍ਰੰਥ ਵਿਚਾਰ ਸੰਮੇਲਨ ਅੰਕ (1) ਵਿਚ ਛਪਿਆ ਹੈ ਦੇ ਅਨੁਸਾਰ:-
“ਭਾਦਰੋਂ ਸੁਦੀ 15 ਸੰਮਤ 1631 ਬਿ. ਮੁਤਾਬਕ (1 ਸਤੰਬਰ, 1574 ਈ.) ਨੂੰ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾ ਗਏ ਤਾਂ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਤੋਂ ਗੋਇੰਦਵਾਲ ਗਏ ਤੇ ਉਨ੍ਹਾਂ ਦੇ ਪੁੱਛਣ ’ਤੇ ਗੁਰੂ ਅਮਰਦਾਸ ਜੀ ਪੜੋਤੇ ਬਾਬਾ ਸੁੰਦਰ ਦਾਸ ਜੀ ਨੇ ਗੁਰੂ ਅਮਰਦਾਸ ਜੀ ਦੇ ਅੰਤਮ ਸਮੇਂ ਦਾ ਉਪਦੇਸ਼ ਦੱਸਦਿਆਂ ‘ਸਦੁ’ ਨਾਮਕ ਬਾਣੀ ਉਚਾਰਨ ਕਰ ਕੇ ਸੁਣਾਈ।” ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ-
ਇਸ ਬਾਣੀ ਵਿਚ ਸ੍ਰੀ ਗੁਰੂ ਅਮਰਦਾਸ ਜੀ ਦੀ ਉਹ ਸਿੱਖਿਆ ਦਰਜ ਹੈ, ਜੋ ਉਨ੍ਹਾਂ ਨੇ ਆਪ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਆਪਣੇ ਸਾਰੇ ਪਰਵਾਰ, ਪੁੱਤਰਾਂ, ਮਿੱਤਰਾਂ ਤੇ ਸਿੱਖਾਂ ਨੂੰ ਸੁਣਾਈ ਇਸ ਵਿਚ ਸਾਫ਼ ਲਿਖਿਆ ਹੈ ਕਿ:
ਤੁਸੀ ਪੁਤ ਭਾਈ ਪਰਵਾਰੁ ਮੇਰਾ ਮਨਿ ਵੇਖਹੁ ਕਰਿ ਨਿਰਜਾਸਿ ਜੀਉ॥ (ਪੰਨਾ 923)
ਬਾਣੀ-ਸਿਰਲੇਖ ਪ੍ਰੀਚੈ
ਇਸ ਬਾਣੀ ਦਾ ਸਿਰਲੇਖ ‘ਸਦੁ’ ਰੱਖਿਆ ਗਿਆ ਹੈ। ‘ਸਦੁ’ ਦਾ ਅਰਥ ਹੈ ‘ਮੌਤ ਦਾ ਬੁਲਾਵਾ’। ਸਦੁ ਦੀਆਂ ਛੇ ਪਉੜੀਆਂ ਹਨ, ਜਿਨ੍ਹਾਂ ਅੰਦਰ ਗੁਰੂ ਅਮਰਦਾਸ ਜੀ ਦੇ ਅੰਤਮ ਸਮੇਂ ਦੇ ਉਪਦੇਸ਼ ਨੂੰ ਬਾਬਾ ਸੁੰਦਰ ਜੀ ਨੇ ਆਪਣੇ ਕਾਵਿਕ ਅਨੁਭਵ ਦੁਆਰਾ ਅੰਕਿਤ ਕੀਤਾ ਹੈ। ਇਸ ਦਾ ਵਰਣਨ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਦਾ ਹੈ। ਇਸ ਰਚਨਾ ਤੋਂ ਭਾਵੇਂ ਸੰਕੇਤ ਤਾਂ ਇਹੀ ਮਿਲਦਾ ਹੈ ਕਿ ਗੁਰੂ ਜੀ ਨੇ ਇਹ ਉਪਦੇਸ਼ ਆਪਣੇ ਪਰਵਾਰ ਨੂੰ ਦਿੱਤਾ, ਪਰੰਤੂ ਜਿੱਥੇ ਸਿੱਖ ਸੰਗਤ ਦਾ ਵਰਣਨ ਹੈ, ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਉਪਦੇਸ਼ ਸਰਵਜਨਕ ਹੈ। ਗੁਰਬਾਣੀ ਵਿਚ ਕਥਨ ਹੈ ਕਿ ਗੁਰੂ ਸਾਹਿਬ ਭਾਵੇਂ ਉਪਦੇਸ਼ ਕਿਸੇ ਪ੍ਰਥਾਏ ਕਰਦੇ ਹਨ, ਪਰੰਤੂ ਇਹ ਸਾਰੇ ਜਹਾਨ ਦੇ ਲੋਕਾਂ ਵਾਸਤੇ ਸਾਂਝਾ ਹੈ-
ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ॥ (ਪੰਨਾ 647)
ਅੱਜ ਕਿਸੇ ਗੁਰੂ-ਪਿਆਰੇ ਦੇ ਅਕਾਲ-ਚਲਾਣੇ ਦੇ ਭੋਗ ’ਤੇ ਇਸ ਬਾਣੀ ਦਾ ਪਾਠ ਕੀਤਾ ਜਾਂਦਾ ਹੈ। ਇਸ ਬਾਣੀ ਅੰਦਰ ਗੁਰਮਤਿ ਅਨੁਸਾਰ ਮੌਤ ਦੀ ਵਿਚਾਰਧਾਰਾ ਨੂੰ ਸਮਝਾਇਆ ਗਿਆ ਹੈ। ਮੌਤ ਦੇ ਰੱਹਸ ਨੂੰ ਸਰਲ ਢੰਗ ਨਾਲ ਸਮਝਾਉਣ ਦਾ ਯਤਨ ਕੀਤਾ ਗਿਆ ਹੈ।
ਇਸ ਰਚਨਾ ਦਾ ਪਉੜੀਆਂ ਅਨੁਸਾਰ ਵਰਣਨ ਕਰਨ ਤੋਂ ਪਹਿਲਾਂ ਅਸੀਂ ਇਸ ਰਚਨਾ ਦੇ ਪ੍ਰਮੁੱਖ ਅੰਸ਼ ਇਸ ਪ੍ਰਕਾਰ ਵਰਣਨ ਕਰ ਸਕਦੇ ਹਾਂ:
ਗੁਰੂ ਜੀ ਨੇ ਸਾਰੇ ਪਰਵਾਰ ਨੂੰ ਸੱਦ ਕੇ ਉਪਦੇਸ਼ ਕੀਤਾ ਕਿ ਮੇਰੇ ਪਿੱਛੋਂ ਕਿਸੇ ਨੇ ਰੋਣਾ ਨਹੀਂ। ਰੋਣ ਵਾਲਾ ਉਨ੍ਹਾਂ ਨੂੰ ਉੱਕਾ ਹੀ ਚੰਗਾ ਨਹੀਂ ਲੱਗੇਗਾ ਭਾਵ ਉਹ ਪ੍ਰਭੂ-ਭਾਣੇ ਨੂੰ ਸਵੀਕਾਰ ਨਹੀਂ ਕਰ ਰਿਹਾ।
ਮੇਰੇ ਪਿੱਛੋਂ ਗੁਰਬਾਣੀ ਦਾ ਇਕਰਸ ਕੀਰਤਨ ਕਰਨਾ, ਹਰੀ ਪ੍ਰਭੂ ਕਥਾ-ਕਹਾਣੀਆਂ ਸੁਣਨੀਆਂ ਤੇ ਕਹਿਣੀਆਂ।
ਪਿੰਡ, ਪਤਲ, ਕ੍ਰਿਆ, ਦੀਵਾ ਆਦਿ ਅਨਮਤੀ ਤੇ ਮਨਮਤੀ ਕਰਮਕਾਂਡ ਨਹੀਂ ਕਰਨੇ।
ਗੁਰੂ ਅਮਰਦਾਸ ਜੀ ਨੇ (ਗੁਰੂ) ਰਾਮਦਾਸ ਜੀ ਨੂੰ ਗੁਰਗੱਦੀ ਦਾ ਤਿਲਕ ਦਿੱਤਾ ਤੇ ਆਪਣੇ ਪੁੱਤਰ ਮੋਹਰੀ ਜੀ ਨੂੰ ਬੁਲਾ ਕੇ, ਗੁਰੂ ਰਾਮਦਾਸ ਦੇ ਪੈਰੀਂ ਪੁਆਇਆ।
ਹੋਰ ਸਭ ਸਿੱਖ ਸੰਗਤਾਂ ਤੋਂ ਵੀ ਗੁਰੂ ਰਾਮਦਾਸ ਜੀ ਦੇ ਚਰਨੀਂ ਹੱਥ ਲਗਵਾਇਆ, ਭਾਵ ਗੁਰੂ ਅਮਰਦਾਸ ਜੀ ਨੇ ਆਪਣਾ ਅਧਿਆਤਮਿਕ ਆਪਾ (Inner Self) ਭਾਈ ਜੇਠਾ (ਰਾਮਦਾਸ) ਜੀ ਵਿਚ ਰੱਖ ਕੇ ਗੁਰੂ-ਪਦਵੀ ਦਿੱਤੀ।
ਗੁਰੂ ਜੀ ਨੇ ਸਭ ਸਿੱਖ ਸੰਗਤਾਂ ਤਾਈਂ ਸਮਝਾਇਆ ਕਿ ਅਸੀਂ ਹਰੀ ਪ੍ਰਭੂ ਦੇ ਭਾਣੇ ਅੰਦਰ ਉਸ ਪਾਸ ਜਾ ਰਹੇ ਹਾਂ, ਪ੍ਰਭੂ ਦਾ ਭਾਣਾ ਮੰਨਣਾ ਜ਼ਰੂਰੀ ਹੈ, ਉਹ ਅਟੱਲ ਹੈ, ਉਸ ਦੇ ਭਾਣੇ ਅੰਦਰ ਹੀ ਭਲਾ ਹੈ।
ਉਸ ਦੇ ਭਾਣੇ ਅੰਦਰ ਹੀ ਜੀਵ ਆਉਂਦਾ ਹੈ ਤੇ ਭਾਣੇ ਅੰਦਰ ਹੀ ਜਾਂਦਾ ਹੈ। ਗੁਰਬਾਣੀ ਕਥਨ ਹੈ:
ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ॥ (ਪੰਨਾ 1239)
ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ॥
ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ॥ (ਪੰਨਾ 12)
‘ਸਦੁ’ ਦੀ ਪਹਿਲੀ ਪਉੜੀ ਉਥਾਨਕਾ ਦੇ ਰੂਪ ਵਿਚ ਹੈ। ਇਸ ਉਥਾਨਕਾ ਅੰਦਰ ਗੁਰਮਤਿ-ਸਿਧਾਂਤਾਂ ਦਾ ਵਰਣਨ ਹੈ। ਮੌਤ ਦੀ ਫ਼ਿਲਾਸਫ਼ੀ ਨੂੰ ਬਾਬਾ ਸੁੰਦਰ ਜੀ ਨੇ ਸਰਲ ਰੂਪ ਵਿਚ ਉਪਸਥਿਤ ਕੀਤਾ ਹੈ।
ਸਭ ਤੋਂ ਪਹਿਲਾਂ ਜਗਤ ਦੇ ਸਿਰਜਨਹਾਰ ਪ੍ਰਭੂ ਬਾਰੇ ਹੈ, ਜੋ ਸੰਸਾਰ ਨੂੰ ਪੈਦਾ ਕਰਦਾ ਹੈ ਤੇ ਇਸ ਦੀ ਸੰਭਾਲ ਕਰਦਾ ਹੈ। ਹਰੀ ਪ੍ਰਭੂ ਤਿੰਨਾਂ ਲੋਕਾਂ (ਆਕਾਸ਼, ਪਾਤਾਲ ਤੇ ਮਾਤ-ਲੋਕ) ਵਿਚ ਆਪਣੇ ਭਗਤਾਂ ਦਾ ਪਿਆਰਾ ਹੈ। ਉਸ ਨੂੰ ਭਗਤ ਪਿਆਰੇ ਹਨ। ਉਹ ਸ਼ਬਦ (ਗੁਰਬਾਣੀ) ਵਿਚ ਸਮਾਇਆ ਹੋਇਆ ਹੈ। ਸ਼ਬਦ ਦੁਆਰਾ ਹੀ ਉਹ ਜਾਣਿਆ ਜਾ ਸਕਦਾ ਹੈ। ਸ਼ਬਦ ਦੀ ਸ਼ਕਤੀ ਦੁਆਰਾ ਹੀ ਅਗਾਧ-ਬੋਧ ਪ੍ਰਭੂ ਨੂੰ ਅਨੁਭਵ ਕੀਤਾ ਜਾ ਸਕਦਾ ਹੈ। ਸ਼ਬਦ ਪ੍ਰਭੂ ਦੇ ਅਜਿਹੇ ਬੋਲ ਹੁੰਦੇ ਹਨ, ਜਿਹੜੇ ਸਮੇਂ-ਸਮੇਂ ਸੰਸਾਰ ਦੇ ਲੋਕਾਂ ਦੇ ਕਲਿਆਣ ਹਿਤ, ਉਨ੍ਹਾਂ ਦੀ ਭਾਸ਼ਾ ਵਿਚ ਨਾਜ਼ਲ ਹੁੰਦੇ ਹਨ। ਸ਼ਬਦ ਦੇ ਰਹੱਸ ਰਾਹੀਂ ਪ੍ਰਭੂ ਨੂੰ ਅੰਤਰ-ਆਤਮੇ ਅਨੁਭਵ ਕੀਤਾ ਜਾਂਦਾ ਹੈ। ਇਹ ਅਨੁਭਵਤਾ ਸ਼ਬਦ ਵਿਚ ਸੁਰਤਿ ਨੂੰ ਇਕਾਗਰ ਕਰ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਪ੍ਰਕਾਰ ਦੇ ਅਨਿੰਨ (ਭਗਤੀ), (ਸ਼ਰਧਾ-ਵਿਸ਼ਵਾਸ, ਨਿਮਰਤਾ, ਆਤਮ-ਸਮਰਪਣ) ਦੁਆਰਾ ਹੀ ਪਰਮ ਪਦਵੀ, ਗੁਰੂ ਨਾਨਕ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਦੁਆਰਾ ਗੁਰੂ ਅਮਰਦਾਸ ਜੀ ਨੂੰ ਪਾਪਤ ਹੋਈ। ਜਿਹੜੀ ਭਗਤੀ-ਨਾਮ ਸਿਮਰਨ, ਗੁਰਮਤਿ ਨੇ ਦ੍ਰਿੜ੍ਹ ਕਰਵਾਇਆ ਹੈ, ਉਸ ਅੰਦਰ ਬਾਕੀ ਸਾਰੇ ਸਾਧਨ ਸਮੋਏ ਹੋਏ ਹਨ- ਭਾਵ ਗੁਰਬਾਣੀ ਅੰਦਰ ਭਗਤੀ (ਨਿਰਗੁਣ ਭਗਤੀ) ਨੂੰ ਹੀ ਪ੍ਰਮੁੱਖਤਾ ਦਿੱਤੀ ਹੈ ਜਿਹੜੀ ਹਰ ਬਾਣੀ ਦੀ ਮੁੱਖ ਸਾਰ ਹੈ:
ਜਗਿ ਦਾਤਾ ਸੋਇ ਭਗਤਿ ਵਛਲੁ ਤਿਹੁ ਲੋਇ ਜੀਉ॥
ਗੁਰ ਸਬਦਿ ਸਮਾਵਏ ਅਵਰੁ ਨ ਜਾਣੈ ਕੋਇ ਜੀਉ॥
ਅਵਰੋ ਨ ਜਾਣਹਿ ਸਬਦਿ ਗੁਰ ਕੈ ਏਕੁ ਨਾਮੁ ਧਿਆਵਹੇ॥
ਪਰਸਾਦਿ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ॥
ਆਇਆ ਹਕਾਰਾ ਚਲਣਵਾਰਾ ਹਰਿ ਰਾਮ ਨਾਮਿ ਸਮਾਇਆ॥
ਜਗਿ ਅਮਰੁ ਅਟਲੁ ਅਤੋਲੁ ਠਾਕੁਰੁ ਭਗਤਿ ਤੇ ਹਰਿ ਪਾਇਆ॥ (ਪੰਨਾ 923)
ਦੂਜੇ ਬੰਦ ਵਿਚ ਸਿਰਲੇਖ ਨਾਲ ਸੰਬੰਧਿਤ ਵਿਸ਼ਾ ਅਰੰਭ ਹੁੰਦਾ ਹੈ। ਪ੍ਰਭੂ ਨੂੰ ਆਪਣੇ ਭਗਤ ਪਿਆਰੇ ਹੁੰਦੇ ਹਨ। ਅੰਤਿਮ ਸਮੇਂ ਆਪਣੇ ਭਗਤਾਂ ਨੂੰ ਆਪਣੇ ਪਾਸ ਬੁਲਾਉਂਦਾ ਹੈ। ਪ੍ਰਭੂ ਦੇ ਹੁਕਮ ਅਧੀਨ ਗੁਰੂ (ਅਮਰਦਾਸ ਜੀ) ਜਾਣ ਲਈ ਤਿਆਰ ਹੁੰਦੇ ਹਨ ਤੇ ਨਾਮ ਦੀ ਦਾਤ ਦੀ ਜਾਚਨਾ ਕਰਦੇ ਹਨ। ਨਾਮ ਹੀ ਅੰਤਿਮ ਸਮੇਂ ਨਾਲ ਜਾਣ ਵਾਲੀ ਵਸਤ ਹੈ। ਨਾਮ ਹੀ ਕਾਲ ਨੂੰ ਨਿਕੰਮਾ ਕਰਨ ਦੇ ਸਮਰੱਥ ਹੈ। ਨਾਮੀ ਦੀ ਨਾਮ (ਪ੍ਰਭੂ ਦਾ ਸੂਖ਼ਮ ਰੂਪ) ਨਾਲ ਅਭੇਦਤਾ ਮਨੁੱਖੀ ਜੀਵਨ ਦਾ ਸਿਖਰ ਹੈ:
ਹਰਿ ਭਾਣਾ ਗੁਰ ਭਾਇਆ ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ॥
ਸਤਿਗੁਰੁ ਕਰੇ ਹਰਿ ਪਹਿ ਬੇਨਤੀ ਮੇਰੀ ਪੈਜ ਰਖਹੁ ਅਰਦਾਸਿ ਜੀਉ॥
ਪੈਜ ਰਾਖਹੁ ਹਰਿ ਜਨਹ ਕੇਰੀ ਹਰਿ ਦੇਹੁ ਨਾਮੁ ਨਿਰੰਜਨੋ॥
ਅੰਤਿ ਚਲਦਿਆ ਹੋਇ ਬੇਲੀ ਜਮਦੂਤ ਕਾਲੁ ਨਿਖੰਜਨੋ॥
ਸਤਿਗੁਰੂ ਕੀ ਬੇਨਤੀ ਪਾਈ ਹਰਿ ਪ੍ਰਭਿ ਸੁਣੀ ਅਰਦਾਸਿ ਜੀਉ॥
ਹਰਿ ਧਾਰਿ ਕਿਰਪਾ ਸਤਿਗੁਰੁ ਮਿਲਾਇਆ ਧਨੁ ਧਨੁ ਕਹੈ ਸਾਬਾਸਿ ਜੀਉ॥ (ਪੰਨਾ 923)
ਤੀਸਰੇ ਬੰਦ ਅਨੁਸਾਰ ਬਾਬਾ ਸੁੰਦਰ ਜੀ ਨੇ ਤਿੰਨ ਗੱਲਾਂ ਸਪੱਸ਼ਟ ਕੀਤੀਆਂ ਹਨ ਕਿ ਗੁਰੂ ਜੀ ਨੇ ਇਕ ਤਾਂ ਆਪਣੇ ਜੀਉਂਦਿਆਂ ਹੀ ਆਪਣੀ ਗੱਦੀ ਦਾ ਉਤਰਾਧਿਕਾਰੀ ਚੁਣਨ ਦੇ ਨਾਲ-ਨਾਲ ਸਭ ਸਾਕ ਸਨਬੰਧੀਆਂ ਨੂੰ ਗੁਰੂ ਦੇ ਪੈਰੀਂ ਪੁਆਇਆ ਭਾਵ ਗੁਰਗੱਦੀ ਦੀ ਸਵੀਕਾਰਤਾ ਸਪੱਸ਼ਟ ਕਰ ਦਿੱਤੀ। ਦੂਸਰਾ ਸਭ ਪਰਵਾਰ ਨੂੰ ਸਪੱਸ਼ਟ ਕਰ ਦਿੱਤਾ ਕਿ ਮੇਰੇ ਜਾਣ ਤੋਂ ਬਾਅਦ ਤੁਸੀਂ ਕੀ-ਕੀ ਕਰਨਾ ਹੈ ਤੇ ਕੀ-ਕੀ ਨਹੀਂ ਕਰਨਾ। ਤੀਸਰਾ ਇਹ ਵੀ ਸਪੱਸ਼ਟ ਕੀਤਾ ਕਿ ਇਹ ਉਪਦੇਸ਼, ਸਿੱਖ ਸੰਗਤਾਂ ਤਾਈਂ ਭੀ ਸਾਂਝਾ ਹੈ:
ਮੇਰੇ ਸਿਖ ਸੁਣਹੁ ਪੁਤ ਭਾਈਹੋ ਮੇਰੈ ਹਰਿ ਭਾਣਾ ਆਉ ਮੈ ਪਾਸਿ ਜੀਉ॥ (ਪੰਨਾ 923)
ਚੌਥੇ ਤੇ ਪੰਜਵੇਂ ਬੰਦ ਵਿਚ ਗੁਰੂ ਜੀ ਨੇ ਅਕਾਲ ਪੁਰਖ ਦੇ ਅਟੱਲ ਹੁਕਮ ਨੂੰ ਵਰਣਨ ਕਰਦਿਆਂ, ਇਹ ਸਪੱਸ਼ਟ ਕੀਤਾ ਹੈ ਕਿ ਹੁਕਮ ਅਟੱਲ ਹੁੰਦਾ ਹੈ, ਇਹ ਟਲਦਾ ਨਹੀਂ ਤੇ ਨਾ ਹੀ ਇਸ ਨੂੰ ਟਾਲ ਕੇ ਹੁਕਮਅਦੂਲੀ ਕਰਨੀ ਚਾਹੀਦੀ ਹੈ। ਪ੍ਰਭੂ-ਹੁਕਮ ਉਸ ਨਾਲ ਅਭੇਦਤਾ ਦਾ ਸੱਦਾ ਹੈ। ਹੁਕਮ ਨੂੰ ਸਵੀਕਾਰ ਕਰਨ ਲਈ ਤੇ ਮੁੜ ਪ੍ਰਭੂ ਕੋਲ ਜਾਣ ਨੂੰ ਸਵੀਕਾਰ ਕਰਦਿਆਂ ਆਪਣੇ ਪਰਵਾਰ ਤੇ ਸਿੱਖ ਸੇਵਕਾਂ ਨੂੰ ਪਿੱਛੋਂ ਕਿਸੇ ਪ੍ਰਕਾਰ ਦਾ ਸੋਗ, ਰੋਣਾ ਪਿੱਟਣਾ ਤੇ ਕਰਮਕਾਂਡ ਕਰਨ ਤੋਂ ਵਿਵਰਜਿਤ ਕੀਤਾ। ਇਹ ਸਭ ਦੁਨਿਆਵੀ ਵਿਵਹਾਰ ਹਨ, ਗੁਰਮਤਿ ਇਨ੍ਹਾਂ ਵਿਚ ਵਿਸ਼ਵਾਸ ਨਹੀਂ ਰੱਖਦੀ। ਗੁਰੂ ਜੀ ਦਾ ਕਹਿਣਾ ਹੈ ਕਿ ਗੁਰੂ ਦਾ ਸੱਚਾ ਮਿੱਤਰ ਉਹ ਹੈ, ਜੋ ਇਸ ਮੌਤ ਦੇ ਸੱਦੇ ਨੂੰ ਪ੍ਰਭੂ-ਹੁਕਮ ਸਮਝ ਕੇ ਖੁਸ਼ ਹੋਵੇਗਾ ਨਾ ਕਿ ਦੁਖੀ ਕਿਉਂਕਿ ਗੁਰੂ ਜੀ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੂੰ ਪ੍ਰਭੂ ਦਰਗਾਹ ਅੰਦਰ ਵਡਿਆਈ ਮਿਲਣੀ ਹੈ। ਪ੍ਰਭੂ ਇੱਜ਼ਤ ਦਾ ਸਿਰੋਪਾ ਬਖ਼ਸ਼ੇਗਾ। ਮੌਤ ਉਪਰੰਤ ਅਰਥੀ ਦਾ ਬਿਬਾਨ ਆਦਿ ਕੱਢਣਾ ਸਭ ਵਿਅਰਥ ਹੈ। ਕੇਵਲ ਪ੍ਰਭੂ-ਉਸਤਤੀ ਭਾਵ ਕਥਾ-ਕੀਰਤਨ ਕਰਨਾ ਹੀ ਸਰਬ- ਸ੍ਰੇਸ਼ਟ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਆਸਾ ਰਾਗ’ ਵਿਚ ਇਕ ਸ਼ਬਦ ਰਾਹੀਂ, ਮੌਤ ਉਪਰੰਤ ਸਭ ਪ੍ਰਕਾਰ ਦੇ ਕਰਮਕਾਂਡਾਂ ਦੀ ਨਿਖੇਧੀ ਕਰਦਿਆਂ ਇਹੀ ਸਪੱਸ਼ਟ ਕੀਤਾ ਹੈ ਕਿ ਪ੍ਰਭੂ ਭਾਣੇ ਨੂੰ ਸਵੀਕਾਰ ਕਰਦਿਆਂ ਕੀਰਤਨ, ਕਥਾ ਆਦਿ ਹਰੀ-ਜਸ ਹੀ ਸ੍ਰੇਸ਼ਟ ਹੈ। ਇਹ ਸ਼ਬਦ ਗੁਰੂ ਨਾਨਕ ਜੀ ਨੇ ਗਯਾ (ਬਿਹਾਰ) ਵਿਖੇ ਕਰਮਕਾਂਡੀ ਲੋਕਾਂ ਪ੍ਰਤੀ ਉਚਾਰਨ ਕਰਦਿਆਂ ਕਿਹਾ ਸੀ:
ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ॥
ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ॥1॥
ਲੋਕਾ ਮਤ ਕੋ ਫਕੜਿ ਪਾਇ॥
ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ॥1॥ ਰਹਾਉ॥
ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ॥
ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ॥2॥
ਗੰਗ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮ ਰਾਉ॥
ਸਚਾ ਨਾਵਣੁ ਤਾਂ ਥੀਐ ਜਾਂ ਅਹਿਨਿਸਿ ਲਾਗੈ ਭਾਉ॥3॥
ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ॥
ਨਾਨਕ ਪਿੰਡੁ ਬਖਸੀਸ ਕਾ ਕਬਹੂੰ ਨਿਖੂਟਸਿ ਨਾਹਿ॥ (ਪੰਨਾ 358)
ਗੁਰਮਤਿ ਅਨੁਸਾਰ ਰੱਬ ਦਾ ਨਾਉਂ ਹੀ ਦੀਵਾ ਹੈ- ਦੁਨੀਆਂ ਦਾ ਦੁੱਖ ਤੇਲ ਹੈ। ਜਦ ਇਸ ਦੁੱਖ ਰੂਪੀ ਤੇਲ ਨੂੰ ਨਾਮ ਰੂਪੀ ਦੀਵੇ ਵਿਚ ਪਾਈਏ- ਦੁੱਖ ਸਹਿ ਕੇ ਵੀ ਨਾਮ ਜਪੀਏ ਤਾਂ ਆਤਮਿਕ ਚਾਨਣ ਨਾਲ ਦੁੱਖ-ਤੇਲ ਸੜ ਜਾਂਦਾ ਹੈ।
ਗੁਰੂ ਜੀ ਦਾ ਕਹਿਣਾ ਹੈ ਕਿ ਪਰਮਾਤਮਾ ਦੇ ਸੰਤ ਜਨਾਂ ਤੇ ਹਰੀ ਨਾਮ ਦੀ ਕਥਾ ਕਰਨੀ ਤੇ ਹਰੀ ਨਾਮ ਦੇ ਪ੍ਰੇਮ ਦਾ ਬਿਬਾਣ ਕੱਢਣਾ ਤੇ ਸੰਗਤ ਰੂਪੀ ਸਰੋਵਰ ਵਿਚ ਬੈਠ ਕੇ ਹਰੀ-ਜੱਸ ਕਰਨਾ ਹੀ ਫੁੱਲਾਂ ਦਾ ਪਾਉਣਾ ਹੈ ਕਿਉਂਕਿ ਉਸ ਵਕਤ ਬ੍ਰਾਹਮਣ ਨਾਲ ਵੱਖ-ਵੱਖ ਪ੍ਰਕਾਰ ਦੀਆਂ ਰਸਮਾਂ ਸੰਬੰਧਿਤ ਸਨ, ਉਨ੍ਹਾਂ ਸਭ ਰਸਮਾਂ ਦਾ ਖੰਡਨ ਕੀਤਾ ਗਿਆ ਹੈ ਕਿਉਂਕਿ ਪ੍ਰੋਹਤ ਇਹ ਸਭ ਕੁਝ ਪਿੱਤਰਾਂ ਦੇ ਨਾਂ ’ਤੇ ਆਪਣੇ ਲਈ ਹੀ ਕਰਦੇ ਸਨ। ਇਹ ਦਾਨ ਮਿਰਤਕ ਸਰੀਰ ਨੂੰ ਨਹੀਂ ਸੀ ਲੱਗਦਾ, ਗੁਰਬਾਣੀ ਵਿਚ ਆਇਆ ਹੈ ਕਿ ਪਿਤਰਾਂ ਜਾਂ ਹੋਰ ਕਿਸੇ ਪ੍ਰਥਾਇ ਦਾਨ ਸਭ ਪ੍ਰੋਹਤਾਂ ਦਾ ਹੁੰਦਾ ਸੀ:
ਸਸੈ ਸੰਜਮੁ ਗਇਓ ਮੂੜੇ ਏਕੁ ਦਾਨੁ ਤੁਧੁ ਕੁਥਾਇ ਲਇਆ॥
ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ॥ (ਪੰਨਾ 435)
‘ਹਰਿ ਸਰੁ’ ਸ਼ਬਦ ਨੂੰ ਗੁਰਬਾਣੀ ਵਿਚ ਸਪੱਸ਼ਟ ਕਰਦਿਆਂ ਕਿਹਾ ਗਿਆ ਹੈ ਕਿ ਹਰਿ ਸਰੁ ਵਾਹਿਗੁਰੂ ਦੇ ਚਰਨ, ਹਜ਼ੂਰੀ ਤੋਂ ਹੈ, ਨਾ ਕਿ ਹਰਿਦੁਆਰ ਤੋਂ। ਪ੍ਰਭੂ ਦੀ ਸਰਨ-ਸਤਿਸੰਗ ਲਈ ‘ਸਤਸਰ’ ਸ਼ਬਦ ਵੀ ਵਰਤਿਆ ਗਿਆ ਹੈ। ਗੁਰੂ ਅਮਰਦਾਸ ਜੀ ਨੇ ਹੀ ‘ਹਰਿ ਸਰੁ’ ਦੀ ਵਰਤੋਂ ਇਸ ਪ੍ਰਕਾਰ ਕੀਤੀ ਹੈ:
ਹਰਿ ਸਰੁ ਸਾਗਰੁ ਨਿਰਮਲੁ ਸੋਈ॥
ਸੰਤ ਚੁਗਹਿ ਨਿਤ ਗੁਰਮੁਖਿ ਹੋਈ॥
ਇਸਨਾਨੁ ਕਰਹਿ ਸਦਾ ਦਿਨੁ ਰਾਤੀ ਹਉਮੈ ਮੈਲੁ ਚੁਕਾਵਣਿਆ॥ (ਪੰਨਾ 128)
ਸ੍ਰੀ ਗੁਰੂ ਅਮਰਦਾਸ ਜੀ ਦੀ ਔਲਾਦ ਵਿਚ ਹੁਣ ਤਕ ਦੀਵੇ ਦੀ ਰਸਮ ਨਹੀਂ ਹੈ ਭਾਵ ਕਿਸੇ ਪ੍ਰਾਣੀ ਦੇ ਮਰਨ ਉਪਰੰਤ ਦੀਵਾ ਨਹੀਂ ਜਲਾਇਆ ਜਾਂਦਾ, ਜਿਹੜਾ ਪਰੰਪਰਾਗਤ ਹਿੰਦੂ ਸਮਾਜ ਵਿਚ ਸੀ। ਗੁਰਬਾਣੀ ਅੰਦਰ ਇਸ ਪ੍ਰਕਾਰ ਦੇ ਸਭ ਵਹਿਮਾਂ-ਭਰਮਾਂ ਦਾ ਖੰਡਨ ਇਸ ਪ੍ਰਕਾਰ ਮਿਲਦਾ ਹੈ:
ਨਿਰਮਲ ਹੰਸਾ ਪ੍ਰੇਮ ਪਿਆਰਿ॥
ਹਰਿ ਸਰਿ ਵਸੈ ਹਉਮੈ ਮਾਰਿ॥
ਅਹਿਨਿਸਿ ਪ੍ਰੀਤਿ ਸਬਦਿ ਸਾਚੈ ਹਰਿ ਸਰਿ ਵਾਸਾ ਪਾਵਣਿਆ॥ (ਪੰਨਾ 128-29)
ਅੰਤਲੀ ਛੇਵੀਂ ਪਉੜੀ ਵਿਚ ਗੁਰੂ ਜੀ ਨੇ ਘਰ ਦੀ ਗੁਰਗੱਦੀ ਦੀ ਮਰਯਾਦਾ ਦੇ ਸਿਧਾਂਤ ਨੂੰ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਇਹ ਦੁਨਿਆਵੀ ਜੀਵਨ ਅਨੁਸਾਰ ਵਿਰਾਸਤ ਵਾਲੀ ਗੁਰਗੱਦੀ ਨਹੀਂ, ਭਾਵ ਪਿਉ ਦੇ ਅਕਾਲ-ਚਲਾਣਾ ਕਰਨ ਉਪਰੰਤ, ਉਸ ਖ਼ਾਨਦਾਨ ਦਾ ਪੁੱਤਰ ਹੀ ਗੁਰਗੱਦੀ ਦਾ ਮਾਲਕ ਹੁੰਦਾ ਹੈ। ਗੁਰੂ-ਘਰ ਵਿਚ ਗੁਰਗੱਦੀ ਦੀ ਇਹ ਵੱਡੀ ਜ਼ਿੰਮੇਵਾਰੀ ਹੈ, ਭਾਰੀ ਪੰਡ ਚੁੱਕਣੀ ਅਤਿ ਮੁਸ਼ਕਲ ਹੈ, ਇਹ ਯੋਗ ਵਿਅਕਤੀ ਨੂੰ ਹੀ ਦਿੱਤੀ ਜਾਂਦੀ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਅਪਣੇ ਪੁੱਤਰਾਂ (ਸ੍ਰੀ ਚੰਦ ਜੀ ਅਤੇ ਲਖਮੀ ਦਾਸ ਜੀ) ਨੂੰ ਛੱਡ ਕੇ ਅਨਿੰਨ ਸਿੱਖ ਭਾਈ ਲਹਿਣਾ ਜੀ ਨੂੰ ਗੁਰਗੱਦੀ ਦਿੱਤੀ, ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਪੁੱਤਰਾਂ (ਦਾਤੂ ਜੀ ਤੇ ਦਾਸੂ ਜੀ) ਨੂੰ ਛੱਡ ਕੇ ਅਨਿੰਨ ਸੇਵਕ (ਸ੍ਰੀ ਗੁਰੂ ਅਮਰਦਾਸ ਜੀ) ਨੂੰ ਗੁਰਗੱਦੀ ਦਿੱਤੀ। ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਪੁੱਤਰਾਂ ਮੋਹਨ ਜੀ, ਮੋਹਰੀ ਜੀ ਨੂੰ ਛੱਡ ਕੇ ਭਾਈ ਜੇਠਾ ਜੀ ਨੂੰ ਗੁਰਗੱਦੀ ਦੇਣ ਦਾ ਫੈਸਲਾ ਕੀਤਾ ਅਤੇ ਇਸ ਬਾਰੇ ਮੋਹਰੀ ਪੁੱਤਰ ਨੂੰ ਬੁਲਾ ਕੇ ਸਮਝਾਉਂਦੇ ਹਨ ਕਿ ਸ੍ਰੀ ਗੁਰੂ ਅਮਰਦਾਸ ਜੀ ਦੇ ਪੈਰੀਂ ਪੈਣ, ਭਾਵ ਗੁਰੂ ਮੰਨਣ ਦਾ ਵੀ ਉਪਦੇਸ਼ ਕਰਦੇ ਹਨ। ਸ੍ਰੀ ਗੁਰੂ ਅਮਰਦਾਸ ਜੀ ਸਪੱਸ਼ਟ ਕਰਦੇ ਹਨ ਕਿ ਗੁਰੂ ਨੇ ਆਪਣੇ ਅਧਿਆਤਮਿਕ ਅੰਤਰੀਵ ਆਪਾ (Spiritual Inner Self) ਸ੍ਰੀ ਗੁਰੂ ਰਾਮਦਾਸ ਜੀ ਅੰਦਰ ਰੱਖ ਦਿੱਤਾ ਹੈ। ਇਹ ਵੀ ਇਕ ਵਿਲੱਖਣਤਾ ਸੀ, ਜਿਹੜੀ ਗੁਰਗੱਦੀ ਦੀ ਨਿਰੰਤਰਤਾ ਨੂੰ ਕਾਇਮ ਰੱਖਣ ਲਈ ਇਕ ਜੋਤ ਦਾ ਦੂਸਰੇ ਸਰੀਰ ਅੰਦਰ ਹਲੂਲ (ਪ੍ਰਵੇਸ਼) ਕਰਨਾ ਹੁੰਦਾ ਹੈ। ਗੁਰਮਤਿ ਨੇ ਇਸ ਨੂੰ ਦੀਪਕ ਗੁਰੂ ਦਾ ਨਾਮ ਦਿੱਤਾ ਹੈ ਭਾਵ ਇਕ ਦੀਵੇ ਤੋਂ ਦੂਸਰੇ ਦੀਵੇ ਨੂੰ ਜਗਾਉਣਾ, ਗੁਰਬਾਣੀ ਅੰਦਰ ਆਇਆ ਹੈ:
ਦੀਪਕ ਤੇ ਦੀਪਕੁ ਪਰਗਾਸਿਆ ਤ੍ਰਿਭਵਣ ਜੋਤਿ ਦਿਖਾਈ॥ (ਪੰਨਾ 907)
ਇਸੇ ਪਉੜੀ ਅੰਦਰ ਇਕ ਹੋਰ ਗੱਲ ਸਾਹਮਣੇ ਆਉਂਦੀ ਹੈ, ਉਹ ਇਹ ਕਿ ਗੁਰੂ-ਘਰ ਵਿਚ ਨਿੰਦਾ ਚੁਗਲੀ ਨਹੀਂ ਚੱਲਦੀ। ਗੁਰੂ-ਘਰ ਅੰਦਰ ਗੁਰਗੱਦੀ ਪ੍ਰਤੀ ਨਿੰਦਾ ਚੁਗਲੀ ਪ੍ਰਵਾਨ ਨਹੀਂ ਤੇ ਨਾ ਹੀ ਨਿੰਦਕ ਕੁਝ ਪ੍ਰਾਪਤ ਕਰਦਾ ਹੈ ਸਗੋਂ ਆਪਣਾ ਆਪਾ ਗੁਆ ਲੈਂਦਾ ਹੈ। ਇਸ ਅੰਤਲੀ ਪਉੜੀ ਵਿਚ ਸਾਰੀ ਗੱਲ ਸਪੱਸ਼ਟ ਹੋ ਜਾਂਦੀ ਹੈ:
ਸਤਿਗੁਰੁ ਪੁਰਖੁ ਜਿ ਬੋਲਿਆ ਗੁਰਸਿਖਾ ਮੰਨਿ ਲਈ ਰਜਾਇ ਜੀਉ॥
ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ॥
ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪੁ ਰਖਿਆ॥
ਕੋਈ ਕਰਿ ਬਖੀਲੀ ਨਿਵੈ ਨਾਹੀ ਫਿਰਿ ਸਤਿਗੁਰੂ ਆਣਿ ਨਿਵਾਇਆ॥
ਹਰਿ ਗੁਰਹਿ ਭਾਣਾ ਦੀਈ ਵਡਿਆਈ ਧੁਰਿ ਲਿਖਿਆ ਲੇਖੁ ਰਜਾਇ ਜੀਉ॥
ਕਹੈ ਸੁੰਦਰੁ ਸੁਣਹੁ ਸੰਤਹੁ ਸਭੁ ਜਗਤੁ ਪੈਰੀ ਪਾਇ ਜੀਉ॥ (ਪੰਨਾ 924)
ਅੰਤ ਵਿਚ ਅਸੀਂ ਇਹੀ ਕਹਿ ਸਕਦੇ ਹਾਂ ਕਿ ‘ਸਦੁ’ ਬਾਣੀ ਰਚਨਾ ਬਾਬਾ ਸੁੰਦਰ ਜੀ ਨੇ ਗੁਰੂ-ਸਿਧਾਂਤਾਂ ਨੂੰ ਆਪਣੇ ਕਾਵਿਕ ਅਨੁਭਵ ਦੁਆਰਾ ਅੰਕਿਤ ਕੀਤਾ ਹੈ। ਜਿੱਥੇ ਮੌਤ ਵਰਗੇ ਦੁਖਦਾਇਕ ਸੰਕਲਪ ਨੂੰ ਪ੍ਰਭੂ ਹੁਕਮ-ਭਾਣਾ ਸਵੀਕਾਰ ਕਰ ਕੇ ਸਿੱਖ ਸੰਗਤਾਂ ਤਾਈਂ ਉਪਦੇਸ਼ ਕੀਤਾ ਹੈ, ਉਥੇ ਨਾਲ ਹੀ ਸਮਕਾਲੀ ਸਮਾਜ ਅੰਦਰ ਪ੍ਰਚਲਿਤ ਕਰਮਕਾਂਡਾਂ ਦਾ ਵੀ ਖੰਡਨ ਕਰ ਕੇ, ਉਨ੍ਹਾਂ ਦਾ ਸਮਾਧਾਨ ਵੀ ਦਿੱਤਾ ਭਾਵ ਨਵੇਂ ਸਿਧਾਂਤ ਸਾਹਮਣੇ ਲਿਆਂਦੇ। ਇਨ੍ਹਾਂ ਸਿਧਾਂਤਾਂ ਕਰਕੇ ਹੀ ਸਿੱਖ ਧਰਮ ਆਪਣੇ ਆਪ ਵਿਚ ਵਿਲੱਖਣ ਹੈ।
ਲੇਖਕ ਬਾਰੇ
- ਡਾ ਸ਼ਮਸ਼ੇਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%b6%e0%a8%ae%e0%a8%b6%e0%a9%87%e0%a8%b0-%e0%a8%b8%e0%a8%bf%e0%a9%b0%e0%a8%98/June 1, 2007
- ਡਾ ਸ਼ਮਸ਼ੇਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%b6%e0%a8%ae%e0%a8%b6%e0%a9%87%e0%a8%b0-%e0%a8%b8%e0%a8%bf%e0%a9%b0%e0%a8%98/April 1, 2008
- ਡਾ ਸ਼ਮਸ਼ੇਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%b6%e0%a8%ae%e0%a8%b6%e0%a9%87%e0%a8%b0-%e0%a8%b8%e0%a8%bf%e0%a9%b0%e0%a8%98/July 1, 2008
- ਡਾ ਸ਼ਮਸ਼ੇਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%b6%e0%a8%ae%e0%a8%b6%e0%a9%87%e0%a8%b0-%e0%a8%b8%e0%a8%bf%e0%a9%b0%e0%a8%98/October 1, 2008