editor@sikharchives.org

ਬਖਸ਼ਿਸ਼ ਕਰਹਿਂ ਕ੍ਰਿਪਾਲ ਸਿੱਖੀ ਪੰਥ ਪ੍ਰਸਿੱਧ ਹਿਤ

ਹਿਰਦਿਆਂ ਵਿਚ ਪਰਮਾਤਮਾ ਨਾਲ ਪ੍ਰੇਮ ਕਰਕੇ ਸੇਵਕ ਨਿਹਾਲ ਹੋ ਜਾਂਦੇ ਸਨ।
ਬੁੱਕਮਾਰਕ ਕਰੋ (0)
Please login to bookmark Close

Balwinder Singh Jorasingha

ਪੜਨ ਦਾ ਸਮਾਂ: 1 ਮਿੰਟ

ਗੋਇੰਦਵਾਲ ਬਉਲੀ ਦੀ ਕਾਰ-ਸੇਵਾ ਚੱਲ ਰਹੀ ਸੀ। ਸੰਗਤ ਦੂਰੋਂ-ਨੇੜਿਉਂ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਆਉਂਦੀ ਤੇ ਕਾਰ-ਸੇਵਾ ਕਰਕੇ ਆਪਣੇ ਆਪ ਨੂੰ ਭਾਗਾਂ ਵਾਲੀ ਸਮਝਦੀ। ਪਿੰਡ ਵੈਰੋਵਾਲ (ਜ਼ਿਲ੍ਹਾ ਤਰਨਤਾਰਨ) ਦਾ ਵਸਨੀਕ ਭਾਈ ਮਾਣਕ ਚੰਦ ਜੋ ਪਥਰੀਆ ਖੱਤਰੀ ਜਾਤ ਦਾ ਸੀ, ਇਸ ਦਾ ਨਾਂ ਭਾਈ ਜੀਵੜਾ ਕਰਕੇ ਵੀ ਪ੍ਰਸਿੱਧ ਹੈ, ਸਤਿਗੁਰਾਂ ਦੇ ਦਰਸ਼ਨਾਂ ਲਈ ਆਇਆ ਅਤੇ ਗੁਰੂ-ਘਰ ਵਿਚ ਬਿਰਤੀ ਜੋੜ ਲਈ, ਕਾਰ ਸੇਵਾ ਵਿਚ ਮਨ ਲਾ ਲਿਆ। ਉਸ ਦਾ ਸਰੀਰ ਤਕੜਾ ਤੇ ਸੁੰਦਰ ਸੀ। ਬਉਲੀ ਦੀ ਕਾਰ-ਸੇਵਾ ਬੜੇ ਜੋਰ-ਸ਼ੋਰ ਨਾਲ ਚੱਲ ਰਹੀ ਸੀ। ਸਾਰੀ ਸੰਗਤ ਮਿੱਟੀ ਸਿਰ ਉੱਤੇ ਚੁੱਕ ਕੇ ਢੋਂਹਦੀ ਪਈ ਸੀ। ਮਿੱਟੀ ਪੁੱਟਦੇ-ਪੁੱਟਦੇ ਬਉਲੀ ਪਾਣੀ ਤਕ ਪੁੱਟੀ ਗਈ ਤਾਂ ਅੱਗੇ ਸਖ਼ਤ ਰੋੜਾਂ ਵਾਲੀ ਮਿੱਟੀ ਦਾ ਕੜ ਆ ਗਿਆ। ਸੰਗਤਾਂ ਨੇ ਕੜ ਤੋੜਨ ਦੀ ਬੜੀ ਕੋਸ਼ਿਸ਼ ਕੀਤੀ ਪਰ ਕੜ ਟੁੱਟ ਨਹੀਂ ਸੀ ਰਿਹਾ। ਸਾਰੇ ਆਪਣੀ-ਆਪਣੀ ਅਕਲ ਅਨੁਸਾਰ ਜ਼ੋਰ ਲਾ ਰਹੇ ਸਨ। ਧੰਨ ਸ੍ਰੀ ਗੁਰੂ ਅਮਰਦਾਸ ਜੀ ਕੋਲ ਆਏ ਤੇ ਸਾਰੀ ਗੱਲ ਸੁਣੀ। ਸਤਿਗੁਰਾਂ ਦੀ ਸਵੱਲੀ ਨਜ਼ਰ ਭਾਈ ਮਾਣਕ ਚੰਦ ਉੱਤੇ ਪਈ ਤੇ ਬਚਨ ਕੀਤਾ ‘ਹੇ ਭਾਈ ਮਾਣਕ ਚੰਦ ਵੱਡਾ ਹਥੌੜਾ ਫੜ ਤੇ ਇਸ ਕੜ ਨੂੰ ਜ਼ੋਰ ਨਾਲ ਮਾਰ ਕੇ ਤੋੜ ਦੇਵੋ।’ ਪਾਤਿਸ਼ਾਹ ਦੇ ਪਾਵਨ ਬਚਨ ਸੁਣਦੇ ਸਾਰ ਹੀ ਭਾਈ ਮਾਣਕ ਚੰਦ ਸਤਿਗੁਰਾਂ ਦੇ ਚਰਨੀਂ ਢਹਿ ਪਿਆ। ਸਤਿਗੁਰੂ ਜੀ ਨੇ ਆਪਣਾ ਪਾਵਨ ਹੱਥ ਭਾਈ ਮਾਣਕ ਚੰਦ ਦੀ ਪਿੱਠ ’ਤੇ ਧਰ ਦਿੱਤਾ। ਪਾਵਨ ਹੱਥਾਂ ਦੀ ਛੋਹ ਪ੍ਰਾਪਤ ਕਰਦੇ ਸਾਰ ਭਾਈ ਮਾਣਕ ਚੰਦ ਦੇ ਸਰੀਰ ਵਿਚ ਅੰਤਾਂ ਦਾ ਬਲ ਆ ਗਿਆ ਅਤੇ ਉਹ ਹਥੌੜਾ ਲੈ ਕੇ ਬਉਲੀ ਵਿਚ ਉਤਰ ਗਿਆ। ਹਿਰਦੇ ਵਿਚ ਸਤਿਗੁਰਾਂ ਦਾ ਧਿਆਨ ਕਰਕੇ ਭਾਈ ਮਾਣਕ ਚੰਦ ਨੇ ਏਨੇ ਜ਼ੋਰ ਦੀ ਹਥੌੜੇ ਮਾਰੇ ਕਿ ਸਖ਼ਤ ਰੋੜਾਂ ਵਾਲਾ ਕੜ ਟੁੱਟ ਗਿਆ। ਕੜ ਟੁੱਟਦੇ ਹੀ ਪਾਣੀ ਨੇ ਉਛਾਲ ਮਾਰਿਆ ਤੇ ਭਾਈ ਮਾਣਕ ਚੰਦ ਡੁੱਬ ਗਏ। ਭਾਈ ਮਾਣਕ ਚੰਦ ਨੂੰ ਬਾਹਰ ਕੱਢਿਆ ਤੇ ਦੇਖਿਆ ਕੇ ਸਵਾਸ ਨਹੀਂ ਹਨ। ਉਸ ਨੂੰ ਸਤਿਗੁਰਾਂ ਕੋਲ ਲਿਆਦਾ ਤੇ ਸਤਿਗੁਰਾਂ ਕਿਹਾ ‘ਜੋ ਮਾਣਕ ਹੁੰਦਾ ਮਰਿਆ ਨਹੀਂ ਕਰਦਾ।’ ‘ਸਤਿਗੁਰੁ ਮੇਰਾ ਮਾਰਿ ਜੀਵਾਲੈ’ ਕਥਨ ਅਨੁਸਾਰ ਧੰਨ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣਾ ਸੱਜਾ ਪੈਰ ਭਾਈ ਮਾਣਕ ਚੰਦ ਦੇ ਸਿਰ ਨੂੰ ਛੁਹਾਇਆ। ਭਾਈ ਸਾਹਿਬ ਇਵੇਂ ਉੱਠ ਬੈਠੇ ਜਿਵੇਂ ਸੁੱਤੇ ਨੂੰ ਜਗਾਇਆ ਹੋਵੇ। ਪਾਤਸ਼ਾਹ ਨੇ ਭਾਈ ਮਾਣਕ ਚੰਦ ਦੇ ਸਿਰ ਉੱਤੇ ਹੱਥ ਫੇਰਿਆ ਤਾਂ ਉਸ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ, ਉਸ ਦਾ ਸਾਰਾ ਹਨ੍ਹੇਰਾ ਦੂਰ ਹੋ ਗਿਆ। ਝੋਲੀ ਬਰਕਤਾਂ ਨਾਲ ਭਰ ਗਈ। ਪਾਤਸ਼ਾਹ ਨੇ ਭਾਈ ਮਾਣਕ ਚੰਦ ਦਾ ਨਾਮ ਭਾਈ ਜੀਵੜਾ ਰੱਖ ਦਿੱਤਾ। ਫਿਰ ਸਤਿਗੁਰਾਂ ਆਪਣੇ ਇਸ ਸੇਵਕ ਰਾਹੀਂ ਹੋਰਾਂ ਦਾ ਪਾਰ-ਉਤਾਰਾ ਕਰਵਾਉਣ ਲਈ ਪਹਿਲਾਂ ਭਾਈ ਪੰਡਤ ਮਾਈ ਦਾਸ ਨੂੰ ਕੋਲ ਬੁਲਾਇਆ ਤੇ ਬਚਨ ਕੀਤਾ ‘ਹੇ ਮਾਈ ਦਾਸ ਤੇਰਾ ਸਿਖਿਆ ਦਾਤਾ ਇਹ ਸਾਡਾ ਭਾਈ ਮਾਣਕ ਚੰਦ ਹੈ, ਜੋ ਤੈਨੂੰ ਗੁਰੂ-ਮੰਤਰ ਦੇਵੇਗਾ ਤੇ ਗੁਰਮੁਖ ਬਣਨ ਦੀ ਜੁਗਤਿ ਦੱਸੇਗਾ।’ ਭਾਈ ਮਾਣਕ ਚੰਦ ਦੀ ਸੇਵਾ ਪ੍ਰਵਾਨ ਚੜ੍ਹੀ ਤੇ ਸਤਿਗੁਰਾਂ ਨੇ ਸੰਗਤਾਂ ਨੂੰ ਬਚਨ ਕੀਤਾ ਕਿ ‘ਸਮੂਹ ਸੰਗਤ ਭਾਈ ਜੀਵੜਾ ਜੀ ਦੀ ਸੰਗਤ ਕਰਿਆ ਕਰੇ। ਇਨ੍ਹਾਂ ਨੂੰ ਭਗਤਾਂ ਦਾ ਨਾਂ ਦੇ ਦਿੱਤਾ ਹੈ। ਸਭ ਕਸ਼ਟ ਦੂਰ ਹੋਣਗੇ:

ਸੱਤਯਨਾਮ ਬਹੁ ਨਰ ਉਪਦੇਸ਼ਾ।
ਸਿੱਖੀ ਕੋ ਵਿਸਤਾਰ ਵਿਸ਼ੇਖ਼ਾ।
ਬਚਨ ਕਹਯੋ ਤਤਛਿਨ ਫੁਰ ਜਾਵੈ।
ਲੋਕ ਅਨੇਕ ਪੂਜਿਬੇ ਆਵੈਂ॥42॥ (ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਰਾਸਿ ਪਹਿਲੀ, ਅਧਿ: 53)

ਫਿਰ ਭਾਈ ਜੀਵੜਾ ਜੀ ਨੂੰ ਆਪਣਾ ਅੱਗੇ ਮੰਜੀਦਾਰ (ਪ੍ਰਚਾਰਕ) ਥਾਪਦਿਆਂ ਹੋਇਆਂ ਬਚਨ ਕੀਤਾ ‘ਹੇ ਭਾਈ ਜੀਵੜਾ ਤੁਸੀਂ ਹੁਣ ਆਪਣੇ ਘਰ ਨੂੰ ਜਾਵੋ ਤੇ ਲੋਕਾਂ ਨੂੰ ਸਤਿਨਾਮ ਦਾ ਜਾਪ ਜਪਾਉ। ਹਰ ਥਾਂ ’ਤੇ ਭਗਤੀ ਦਾ ਵਾਸਾ ਹੋਵੇ। ਗੁਰੂ ਨਾਨਕ ਦੇ ਗੁਰਮੁਖ ਮਾਰਗ ਦਾ ਪ੍ਰਕਾਸ ਕਰੋ’:

ਤੁਮ ਅਬਿ ਅਪਨੇ ਗ੍ਰਿਹ ਕਉ ਜਾਵਹੁ।
ਸੱਤਯ ਨਾਮ ਕੋ ਜਾਪ ਜਪਾਵਹੁ।
ਗੁਰਮੁਖ ਮਾਰਗ ਕਰਹੁ ਪ੍ਰਕਾਸ਼।
ਜਹਿਂ ਜਹਿਂ ਕਹਿਂ ਹੋਵਹਿ ਭਗਤਿ ਨਿਵਾਸ॥38॥ (ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਰਾਸਿ ਪਹਿਲੀ, ਅਧਿ: 53)

ਇਸ ਤਰ੍ਹਾਂ ਭਾਈ ਮਾਣਕ ਚੰਦ ਜੀ ਸਤਿਗੁਰਾਂ ਜੀ ਦੀ ਦੁਆਰਾ ਰਹਿਮਤਾਂ ਦੀ ਝੋਲੀ ਭਰ ਕੇ ਆਪਣੇ ਘਰ ਆ ਗਏ ਅਤੇ ਅੱਗੋਂ ਸਾਰੇ ਦੁੱਖਾਂ ਮਾਰੇ ਪ੍ਰਾਣੀਆਂ ਨੂੰ ਸਤਿਨਾਮ ਦਾ ਉਪਦੇਸ਼ ਦਿੱਤਾ ਤੇ ਸਿੱਖੀ ਦਾ ਬਹੁਤ ਪ੍ਰਚਾਰ-ਪ੍ਰਸਾਰ ਕੀਤਾ:

ਬਖਸ਼ਿਸ਼ ਕਰਹਿਂ ਕ੍ਰਿਪਾਲ ਸਿੱਖੀ ਪੰਥ ਪ੍ਰਸਿੱਧ ਹਿਤ।
ਸੇਵਕ ਹੋਤਿ ਨਿਹਾਲ ਪਾਰਬ੍ਰਹਮ ਗੁਰ ਪ੍ਰੇਮ ਚਿਤਿ॥45॥ (ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਰਾਸਿ ਪਹਿਲੀ, ਅਧਿ: 53)

ਲੋਕ ਭਾਈ ਜੀ ਦੀ ਸੰਗਤ ਕਰਕੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਦੇ। ਹਰ ਵਿਸਾਖੀ ’ਤੇ ਭਾਈ ਜੀਵੜਾ (ਮਾਣਕ ਚੰਦ) ਜੀ ਸਤਿਗੁਰਾਂ ਦੇ ਦਰਸ਼ਨਾਂ ਲਈ ਕੋਲ ਚੱਲ ਕੇ ਜਾਂਦੇ ਤੇ ਆਪਣੀਆਂ ਅਰਦਾਸ ਬੇਨਤੀਆਂ ਕਰਦੇ ਸੁਣਾਉਂਦੇ। ਸੰਸਾਰ ਵਿਚ ਉਨ੍ਹਾਂ ਦੀ ਵਡਿਆਈ ਚਾਰੇ ਪਾਸੇ ਫੈਲ ਗਈ। ਅੰਤ ਵੇਲੇ ਭਾਈ ਜੀਵੜਾ ਨੇ ਸਦਾ ਸੁਖ ਦੇਣ ਵਾਲੀ ਮੁਕਤੀ ਪ੍ਰਾਪਤ ਕਰ ਲਈ। ਇਸ ਤਰ੍ਹਾਂ ਕ੍ਰਿਪਾਲੂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਸਿੱਖੀ ਦਾ ਮਾਰਗ ਪ੍ਰਗਟ ਕਰਨ ਹਿਤ ਆਪਣੇ ਸਿੱਖਾਂ ’ਤੇ ਬਖਸ਼ਿਸ਼ਾਂ ਕਰਦੇ ਸਨ। ਹਿਰਦਿਆਂ ਵਿਚ ਪਰਮਾਤਮਾ ਨਾਲ ਪ੍ਰੇਮ ਕਰਕੇ ਸੇਵਕ ਨਿਹਾਲ ਹੋ ਜਾਂਦੇ ਸਨ।

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

Balwinder Singh Jorasingha
ਰੀਸਰਚ ਸਕਾਲਰ, ਸਿੱਖ ਇਤਿਹਾਸ ਰੀਸਰਚ ਬੋਰਡ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

#160, ਪ੍ਰਤਾਪ ਐਵੀਨਿਊ, ਜੀ. ਟੀ. ਰੋਡ, ਅੰਮ੍ਰਿਤਸਰ

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)