ਹੁੰਦੇ ਰਹਿਣੇ ਕਿਆਮਤ ਤਕ, ਸਰਹਿੰਦ ਦੀ ਦੀਵਾਰ ਦੇ ਕਿੱਸੇ।
ਬੰਦੇ ਦੇ ਤੀਰਾਂ ਦੇ ਕਿੱਸੇ, ਉਹਦੀ ਤਲਵਾਰ ਦੇ ਕਿੱਸੇ।
ਦੱਸਣ ਇਤਿਹਾਸ ਦੇ ਪੰਨੇ, ਸਿੱਖੀ ਦੀ ਸ਼ਾਨ ਇਹ ਧਰਤੀ।
ਸਾਨੂੰ ਗੌਰਵ ਹੈ ਇਸ ਉੱਤੇ, ਸਾਡਾ ਈਮਾਨ ਇਹ ਧਰਤੀ।
ਦੱਸਦੇ ਨੇ ਸਰਹਿੰਦ ਦੇ ਥੇਹ, ਬੰਦੇ ਦੀ ਮਾਰ ਦੇ ਕਿੱਸੇ।
ਉਹਦੇ ਤੀਰਾਂ ਦੇ ਕਿੱਸੇ, ਉਹਦੀ ਤਲਵਾਰ ਦੇ ਕਿੱਸੇ।
ਇਹ ਧਰਤੀ ਹੈ ਸ਼ਹੀਦਾਂ ਦੀ, ਇਹ ਜ਼ਰਰੇ ਨਹੀਂ ਸਿਤਾਰੇ ਨੇ,
ਰੁਸ਼ਨਾ ਗਏ ਖ਼ੂਨ ਨਾਲ ਇਸ ਨੂੰ, ਗੁਰੂ ਦੇ ਲਾਲ ਪਿਆਰੇ ਨੇ।
ਜੋ ਫਿਰੀ ਮਾਸੂਮਾਂ ਦੇ ਗਲ ’ਤੇ, ਜ਼ੁਲਮੀ ਕਟਾਰ ਦੇ ਕਿੱਸੇ,
ਬੰਦੇ ਦੇ ਤੀਰਾਂ ਦੇ ਕਿੱਸੇ, ਉਹਦੀ ਤਲਵਾਰ ਦੇ ਕਿੱਸੇ।
ਜਦੋਂ ਹੱਦ ਹੁੰਦੀ ਜ਼ੁਲਮਾਂ ਦੀ, ਬੰਦਾ ਕੋਈ ਆ ਹੀ ਜਾਂਦਾ ਹੈ,
ਜਾਬਰ ਦੇ ਮਹਿਲਾਂ ਦੀ ਇੱਟ ਨਾਲ, ਇੱਟ ਖੜਕਾ ਹੀ ਜਾਂਦਾ ਹੈ।
ਸੁਣੇ ਘੋੜੇ ਦੇ ਪੌੜਾਂ ਦੀ, ਤੇਜ਼ ਰਫ਼ਤਾਰ ਦੇ ਕਿੱਸੇ,
ਬੰਦੇ ਦੇ ਤੀਰਾਂ ਦੇ ਕਿੱਸੇ, ਉਹਦੀ ਤਲਵਾਰ ਦੇ ਕਿੱਸੇ।
ਬੜੇ ਹੀ ਕਹਿਰ ਵਰਤੇ ਨੇ, ਬੜੇ ਹੀ ਝੱਖੜ ਝੁੱਲੇ ਨੇ,
ਵਾਰਸ ਅਸੀਂ ਸ਼ਹੀਦਾਂ ਦੇ, ਸਾਨੂੰ ਉਹ ਕਦੇ ਨਾ ਭੁੱਲੇ ਨੇ।
ਸੂਬੇ ਦੁਸ਼ਮਣ ਦੇ ਕਿੱਸੇ, ਬੰਦੇ ਦਿਲਦਾਰ ਦੇ ਕਿੱਸੇ।
ਉਹਦੇ ਤੀਰਾਂ ਦੇ ਕਿੱਸੇ, ਉਹਦੀ ਤਲਵਾਰ ਦੇ ਕਿੱਸੇ।
ਤੇਰੇ ਜਿਹੇ ਬਹਾਦਰ ਦੀ ਲੋੜ ਹੈ ਤੇਰੇ ਬੰਦਿਆਂ ਨੂੰ,
ਜੋ ਝੁਲਾਵੇ ਲਹਿਰਾਵੇ, ਹੱਕ ਸੱਚ ਦੇ ਝੰਡਿਆਂ ਨੂੰ।
ਸਾਡੇ ਰਹਿਬਰ ਬਣ ਜਾਵਣ, ਉਹਦੀ ਲਲਕਾਰ ਦੇ ਕਿੱਸੇ,
ਬੰਦੇ ਦੇ ਤੀਰਾਂ ਦੇ ਕਿੱਸੇ, ਉਹਦੀ ਤਲਵਾਰ ਦੇ ਕਿੱਸੇ।
ਲੇਖਕ ਬਾਰੇ
ਪਰਮਜੀਤ ਕੌਰ ਸਰਹਿੰਦ, ਇੱਕ ਪੰਜਾਬੀ ਲੇਖਕ ਹੈ। ਪੰਜਾਬੀ ਸੱਭਿਆਚਾਰ ਬਾਰੇ ਲਿਖਣਾ ਉਨ੍ਹਾਂ ਦਾ ਖਾਸ ਸ਼ੌਕ ਹੈ। ਜੂਨ 2009 ਵਿੱਚ ਉਨ੍ਹਾਂ ਦੀ ਪਹਿਲੀ ਕਵਿਤਾ ਦੀ ਕਿਤਾਬ "ਕੀਹਨੂੰ ਦਰਦ ਸੁਣਾਵਾਂ"ਰਿਲੀਜ ਕੀਤੀ ਗਈ ਸੀ।
#209, ਪ੍ਰੀਤ ਨਗਰ, ਬਸੀ ਰੋਡ, ਸਰਹਿੰਦ (ਫਤਹਿਗੜ੍ਹ ਸਾਹਿਬ)।
- ਪਰਮਜੀਤ ਕੌਰ ਸਰਹਿੰਦhttps://sikharchives.org/kosh/author/%e0%a8%aa%e0%a8%b0%e0%a8%ae%e0%a8%9c%e0%a9%80%e0%a8%a4-%e0%a8%95%e0%a9%8c%e0%a8%b0-%e0%a8%b8%e0%a8%b0%e0%a8%b9%e0%a8%bf%e0%a9%b0%e0%a8%a6/December 1, 2009