ਸੁਲਤਾਨਪੁਰ ਲੋਧੀ ਉਹ ਮੁਕੱਦਸ ਅਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 14 ਸਾਲ, 9 ਮਹੀਨੇ ਅਤੇ 3 ਦਿਨ ਗੁਜ਼ਾਰੇ ਸਨ। ਇਸ ਅਸਥਾਨ ਤੋਂ ਹੀ ਉਨ੍ਹਾਂ ਨੇ ਇਲਾਹੀ ਸੰਦੇਸ਼ ਜਨ-ਜਨ ਤਕ ਪਹੁੰਚਾਇਆ। ਇਸ ਪਵਿੱਤਰ ਅਸਥਾਨ ਤੋਂ ਹੀ ਗੁਰੂ ਸਾਹਿਬ ਜੀ ਨੇ ਉਦਾਸੀਆਂ ਅਰੰਭ ਕੀਤੀਆਂ ਅਤੇ ਗੁਰਮਤਿ ਸੰਗੀਤ ਦੀ ਸ਼ੁਰੂਆਤ ਕੀਤੀ। ਇਸ ਪਿਛੋਕੜ ਨੂੰ ਮੁੱਖ ਰੱਖਦਿਆਂ ਇਸ ਪਵਿੱਤਰ ਨਗਰੀ ਵਿਚ ਧਰਮ ਪ੍ਰਚਾਰ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਮਿਤੀ 13-04- 2003 ਈ. ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਗੁਰਮਤਿ ਵਿਦਿਆਲੇ ਦੀ ਸ਼ੁਰੂਆਤ ਤਿੰਨ ਮਹੀਨੇ ਦੇ ਗੁਰਮਤਿ ਕੋਰਸ ਨਾਲ ਕੀਤੀ ਅਤੇ ਪਹਿਲੇ ਪਿੰ੍ਰਸੀਪਲ ਵਜੋਂ ਸ. ਰੂਪ ਸਿੰਘ ਜੀ ਨੇ ਸਾਲ 13-04-2003 ਤੋਂ 28-05-2003 ਈ. ਤਕ ਸੇਵਾ ਨਿਭਾਈ। ਇਸ ਦੌਰਾਨ ਬਸਤੀਆਂ, ਮੁਹੱਲਿਆਂ, ਪਿੰਡਾਂ, ਕਸਬਿਆਂ, ਸ਼ਹਿਰਾਂ ਵਿਚਲੇ ਗੁਰਦੁਆਰਾ ਸਾਹਿਬਾਨ ਦੇ ਗੰ੍ਰਥੀ ਸਿੰਘਾਂ, ਪਾਠੀ ਸਿੰਘਾਂ, ਕਥਾ-ਵਾਚਕਾਂ ਅਤੇ ਰਾਗੀ ਸਿੰਘਾਂ (ਕੁੱਲ 68 ਪ੍ਰਾਣੀਆਂ) ਨੇ ਸਿੱਖ ਰਹਿਤ ਮਰਯਾਦਾ, ਸਿੱਖ ਇਤਿਹਾਸ, ਸਿੱਖ ਪਰੰਪਰਾਵਾਂ ਦਾ ਗਿਆਨ ਤਿਮਾਹੀ ਗੁਰਮਤਿ ਕੋਰਸ ਰਾਹੀਂ ਲਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਤਬਲਾ ਅਤੇ ਸੰਗੀਤ ਵਿਚ ਪ੍ਰਪੱਕ ਕਰਨ ਲਈ ਵੀ ਯਤਨ ਅਰੰਭੇ। ਬੀਬੀ ਜਗੀਰ ਕੌਰ ਨੇ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਕਾਰਜ-ਕਾਲ ਵਿਚ ਇਸ ਗੁਰਮਤਿ ਇੰਸਟੀਚਿਊਟ ਨੂੰ ਕਾਲਜ ਦੇ ਰੂਪ ਵਿਚ ਸ਼ੁਰੂ ਕਰਨ ਦੇ ਅਨੇਕਾਂ ਯਤਨ ਕੀਤੇ। ਇਸ ਸਮੇਂ ਦੌਰਾਨ ਹੀ ਇੰਸਟੀਚਿਊਟ ਵੱਲੋਂ ਗੁਰਮਤਿ ਸਿਖਲਾਈ ਕੈਂਪਾਂ ਰਾਹੀਂ ਦੁਆਬੇ ਇਲਾਕੇ ਵਿਚ ਸਿੱਖੀ ਦੇ ਪ੍ਰਚਾਰ- ਪ੍ਰਸਾਰ ਲਈ ਸਮੇਂ-ਸਮੇਂ ਯਤਨ ਅਰੰਭੇ ਗਏ। ਨਵੰਬਰ 2006 ਈ. ਵਿਚ ਸਵਰਗਵਾਸੀ ਸ. ਅਵਤਾਰ ਸਿੰਘ ਸਾਬਕਾ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੇ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਦੇ ਨਜ਼ਦੀਕ ਇਸ ਕਾਲਜ ਦਾ ਉਦਘਾਟਨ ਕੀਤਾ ਜਿਸ ਦੀ ਕਾਰ-ਸੇਵਾ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਸਾਹਿਬ ਵਾਲਿਆਂ ਨੂੰ ਸੌਂਪੀ ਗਈ। ਇਸ ਇਲਾਕੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਸਵਰਗਵਾਸੀ ਜਥੇਦਾਰ ਸ਼ਿੰਗਾਰਾ ਸਿੰਘ ਜੀ ਲੋਹੀਆਂ, ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਜਰਨੈਲ ਸਿੰਘ ਜੀ ਡੋਗਰਾਂਵਾਲਾ, ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬੀਬੀ ਭਜਨ ਕੌਰ ਜੀ ਡੋਗਰਾਂਵਾਲਾ, ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬੀਬੀ ਗੁਰਪ੍ਰੀਤ ਕੌਰ ਜੀ, ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਸਦਕਾ ਸਾਲ 2007 ਈ. ਵਿਚ ਇਸ ਵਿਦਿਆਲੇ ਨੂੰ ਕਾਲਜ ਦੇ ਰੂਪ ਵਿਚ ਸ਼ੁਰੂ ਕੀਤਾ, ਜਿਸ ਵਿਚ ਸੰਗੀਤ, ਤਬਲਾ ਅਤੇ ਪ੍ਰਚਾਰਕ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ। ਸ. ਬਲਦੇਵ ਸਿੰਘ ਜੀ ਨੇ ਇਸ ਸੰਸਥਾ ਵਿਚ ਮਿਤੀ 12- 06-2007 ਤੋਂ 21-07-2012 ਈ. ਤਕ ਬਤੌਰ ਪਿੰ੍ਰਸੀਪਲ ਸੇਵਾ ਨਿਭਾਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ) ਸ੍ਰੀ ਅੰਮ੍ਰਿਤਸਰ ਵੱਲੋਂ 2008 ਈ. ਵਿਚ ਇਸ ਸੰਸਥਾ ਦਾ ਨਾਮ ਗੁਰਮਤਿ ਟਰੇਨਿੰਗ ਇੰਸਟੀਚਿਊਟ ਤੋਂ ਬਦਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਦੇ ਨਾਮ ਤੇ ‘ਬੇਬੇ ਨਾਨਕੀ ਸਿੱਖ ਮਿਸ਼ਨਰੀ ਕਾਲਜ’ ਕਰ ਦਿੱਤਾ। ਪ੍ਰਿੰਸੀਪਲ ਸ. ਬਲਦੇਵ ਸਿੰਘ ਜੀ ਨੇ ਇਸ ਕਾਲਜ ਵਿਚ ਪਹਿਲੀ ਵਾਰ ਫਰਵਰੀ 2009 ਈ. ਵਿਚ ਸਾਕਾ ਨਨਕਾਣਾ ਸਾਹਿਬ ਜੀ ਦੇ ਸ਼ਹੀਦਾਂ ਦੀ ਯਾਦ ਮਨਾਉਣ ਦੀ ਪਿਰਤ ਤੋਰੀ। ਪ੍ਰਿੰਸੀਪਲ ਸ. ਬਲਦੇਵ ਸਿੰਘ ਜੀ ਦੀ ਦੇਖ-ਰੇਖ ਵਿਚ ਸੰਤ ਬਾਬਾ ਜਗਤਾਰ ਸਿੰਘ ਕਾਰ-ਸੇਵਾ ਤਰਨਤਾਰਨ ਵਾਲਿਆਂ ਵੱਲੋਂ ਫਰਵਰੀ 2010 ਈ. ਵਿਚ ਕਾਲਜ ਦੀ ਦੂਜੀ ਮੰਜ਼ਿਲ ਤਿਆਰ ਕੀਤੀ ਗਈ ਜਿਸ ਵਿਚ ਲਾਇਬ੍ਰੇਰੀ, ਲੈਕਚਰ ਹਾਲ ਆਦਿ ਬਣਵਾਏ ਗਏ। ਇਸ ਕਾਲਜ ਦਾ ਪਹਿਲਾ ਤਿੰਨ ਸਾਲਾ ਸੈਸ਼ਨ (2007-2010 ਈ.) ਵਿਚ ਸ਼ੁਰੂ ਹੋਇਆ ਜਿਸ ਵਿਚ 33 ਵਿਦਿਆਰਥੀਆਂ ਨੇ ਸੰਗੀਤ, ਤਬਲਾ ਅਤੇ ਪ੍ਰਚਾਰਕ ਦੀ ਵਿੱਦਿਆ ਪ੍ਰਾਪਤ ਕੀਤੀ। ਮਿਤੀ 23-07-2012 ਈ. ਤੋਂ ਇਸ ਕਾਲਜ ਦੀ ਵਾਗਡੋਰ ਡਾ. ਜੋਗੇਸ਼ਵਰ ਸਿੰਘ ਨੇ ਸੰਭਾਲੀ। ਇਨ੍ਹਾਂ ਦੀ ਦੇਖ-ਰੇਖ ਵਿਚ ਹੀ ਕਾਲਜ ਦੇ ਵਿਦਿਆਰਥੀਆਂ ਲਈ ਹੋਸਟਲ ਦੇ ਨਿਰਮਾਣ ਦਾ ਕਾਰਜ ਸੰਤ ਬਾਬਾ ਜਗਤਾਰ ਸਿੰਘ ਜੀ ਕਾਰ-ਸੇਵਾ ਵਾਲਿਆਂ ਨੇ ਅਰੰਭ ਕੀਤਾ।
ਪ੍ਰਿੰਸੀਪਲ ਸਾਹਿਬਾਨ ਦੀ ਸੂਚੀ :-
ਸ. ਰੂਪ ਸਿੰਘ, ਪ੍ਰਿੰਸੀਪਲ, 13-04-2003 - 28-05-2003
ਸ. ਬਲਵਿੰਦਰ ਸਿੰਘ ਜੌੜਾ, ਸਿੰਘਾ ਇੰਚਾਰਜ, 28-05-2003 - 13-10-2003
ਸ. ਹਰਭਜਨ ਸਿੰਘ ਲਹਿਰੀ, ਇੰਚਾਰਜ, 24-10-2003 - 17-06-2004
ਸ. ਗੁਰਭਾਗ ਸਿੰਘ, ਪ੍ਰਚਾਰਕ ਕਮ ਨਿਗਰਾਨ, 01-07-2004 - 11-04-2007
ਸ. ਬਲਦੇਵ ਸਿੰਘ, ਪ੍ਰਿੰਸੀਪਲ, 12-06-2007 - 21-07-2012
ਡਾ. ਜੋਗੇਸ਼ਵਰ ਸਿੰਘ, ਪ੍ਰਿੰਸੀਪਲ, 23-07-2012 - 01-04-2014
ਡਾ. ਦਲਜੀਤ ਸਿੰਘ, ਕਾਰਜਕਾਰੀ ਪਿੰ੍ਰਸੀਪਲ, 01-04-2014 - 09-07-2014
ਸ. ਕਰਨਬੀਰ ਸਿੰਘ, ਨਿਗਰਾਨ, 10-07-2014 - 31-12-2014
ਡਾ. ਦਲਜੀਤ ਸਿੰਘ, ਕਾਰਜਕਾਰੀ ਪ੍ਰਿੰਸੀਪਲ, 01-01-2015 - 08-06-2015
ਸ. ਮਨਜਿੰਦਰ ਸਿੰਘ, ਨਿਗਰਾਨ, 09-06-2015 - 12-09-2015
ਸ. ਕਰਨਬੀਰ ਸਿੰਘ, ਨਿਗਰਾਨ, 12-09-2015 - 20-07-2017
ਸ. ਦਇਆ ਸਿੰਘ, ਪ੍ਰਚਾਰਕ ਕਮ ਨਿਗਰਾਨ, 20-07-2017 - 06-03-2018
ਸ. ਸੁਖਦੇਵ ਸਿੰਘ, ਪ੍ਰਿੰਸੀਪਲ, 10-03-2018 - 13-03-2018
ਸ. ਦਇਆ ਸਿੰਘ, ਪ੍ਰਚਾਰਕ ਕਮ ਨਿਗਰਾਨ, 13-03-2018 - 25-05-2019
ਡਾ. ਜਸਵੰਤ ਸਿੰਘ ਪ੍ਰਿੰਸੀਪਲ 25-05-2019
ਡਾ. ਜਸਵੰਤ ਸਿੰਘ (ਲੇਖਕ) ਨੇ ਮਿਤੀ 2-05-2019 ਈ. ਤੋਂ ਬਤੌਰ ਪਿੰ੍ਰਸੀਪਲ ਅਹੁਦਾ ਸੰਭਾਲਿਆ। ਇਸ ਤਹਿਤ ਸੈਸ਼ਨ 2019-2022 ਈ. ਦੇ ਵਿਦਿਆਰਥੀਆਂ ਦੀ ਇੰਟਰਵਿਊ ਹੋਈ ਜਿਸ ਵਿੱਚੋਂ ਮੌਜੂਦਾ ਸਮੇਂ 33 ਵਿਦਿਆਰਥੀ ਗੁਰਮਤਿ ਦੀ ਵਿੱਦਿਆ ਹਾਸਲ ਕਰ ਰਹੇ ਹਨ।
ਬੇਬੇ ਨਾਨਕੀ ਸਿੱਖ ਮਿਸ਼ਨਰੀ ਕਾਲਜ ਦੇ ਵਿਦਿਆਰਥੀ ਕਾਲਜ ਬਣਨ ਸਮੇਂ ਤੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਮੇਂ ਸੁਲਤਾਨਪੁਰ ਲੋਧੀ ਤੋਂ ਬਟਾਲਾ (ਜ਼ਿਲ੍ਹਾ ਗੁਰਦਾਸਪੁਰ) ਤਕ ਹਰ ਸਾਲ ਸਜਾਏ ਜਾਂਦੇ ਨਗਰ ਕੀਰਤਨ ਵਿਚ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀਆਂ ਦੀ ਸੇਵਾ ਨਿਭਾਉਂਦੇ ਆ ਰਹੇ ਹਨ। ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਵੱਡੇ ਪੱਧਰ ’ਤੇ ਮਨਾਏ ਜਾਂਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸੰਤ ਘਾਟ ਸਾਹਿਬ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਤਕ ਸਜਾਏ ਜਾਂਦੇ ਨਗਰ ਕੀਰਤਨ ਵਿਚ ਵੀ ਕਾਲਜ ਦੇ ਵਿਦਿਆਰਥੀ ਪੰਜ ਪਿਆਰਿਆਂ, ਪੰਜ ਨਿਸ਼ਾਨਚੀਆਂ ਅਤੇ ਗੁਰਪੁਰਬ ਦੇ ਪ੍ਰਬੰਧਕੀ ਕਾਰਜਾਂ ਵਿਚ ਵੀ ਸੇਵਾਵਾਂ ਦਿੰਦੇ ਆ ਰਹੇ ਹਨ। ਇਸ ਦੇ ਨਾਲ ਹੀ ਸਮੇਂ-ਸਮੇਂ ਇਲਾਕੇ ਵਿਚ ਸਜਾਏ ਜਾਂਦੇ ਨਗਰ ਕੀਰਤਨਾਂ ਵਿਚ ਇਸ ਕਾਲਜ ਦੀ ਗਤਕਾ ਟੀਮ ਵੀ ਆਪਣੀਆਂ ਸੇਵਾਵਾਂ ਨਿਭਾਉਂਦੀ ਆ ਰਹੀ ਹੈ। ਸ਼ੁਰੂ ਤੋਂ ਹੀ ਇਸ ਕਾਲਜ ਦੇ ਵਿਦਿਆਰਥੀ ਕੋਰਸ ਪੂਰਾ ਕਰਨ ਤੋਂ ਬਾਅਦ ਫ਼ੀਲਡ ਟਰੇਨਿੰਗ ਰਾਹੀਂ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਜਾਂਦੇ ਰਹੇ ਹਨ। ਇਸ ਕਾਲਜ ਤੋਂ ਪੜ੍ਹੇ ਹੋਏ ਵਿਦਿਆਰਥੀ ਦੇਸ਼ਾਂ-ਵਿਦੇਸ਼ਾਂ ਦੇ ਗੁਰਦੁਆਰਾ ਸਾਹਿਬਾਨ ਵਿਚ ਸਿੱਖੀ ਦੇ ਪ੍ਰਚਾਰ-ਪ੍ਰਸਾਰ ਹਿੱਤ ਗੁਰਬਾਣੀ ਦੀ ਕਥਾ- ਕੀਰਤਨ ਕਰਨ ਦੀ ਸੇਵਾ ਨਿਭਾ ਰਹੇ ਹਨ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ