ਨੇਕੀ ਅਤੇ ਬਦੀ ਦੀ ਧਾਰਨਾ ਨੂੰ ਹਰੇਕ ਧਰਮ ਨੇ ਸਵੀਕਾਰ ਕੀਤਾ ਹੈ। ਦਰਅਸਲ ਨੇਕੀ ਅਤੇ ਬਦੀ ਮਨੁੱਖੀ ਜ਼ਿੰਦਗੀ ਦੇ ਦੋ ਪਹਿਲੂ ਹਨ। ਜਿਸ ਤਰ੍ਹਾਂ ਫੁੱਲ ਦੇ ਨਾਲ ਕੰਡੇ ਹੁੰਦੇ ਹਨ ਉਸੇ ਤਰ੍ਹਾਂ ਮਨੁੱਖ ਵਿਚ ਨੇਕੀ ਤੇ ਬਦੀ ਦੇ ਦੋਨੋਂ ਤੱਤ ਮੌਜੂਦ ਹਨ। ਜਿਹੜਾ ਪਾਸਾ ਭਾਰੂ ਹੋ ਜਾਵੇ ਮਨੁੱਖ ਉਸੇ ਤਰ੍ਹਾਂ ਦਾ ਬਣ ਜਾਂਦਾ ਹੈ। ਪਾਰਸੀ ਧਰਮ ਵਿਚ ਇਸ ਨੂੰ ਆਸ਼ਾ ਤੇ ਦਰੁਜ਼ ਦੀ ਸੰਗਿਆ ਦਿੱਤੀ ਗਈ ਹੈ। ਨੇਕੀ ਦੇ ਮਾਰਗ ਨੂੰ ਅਪਣਾਉਣ ਨਾਲ ਮਨੁੱਖ ਗੁਰਮੁਖ, ਪਰਉਪਕਾਰੀ ਅਤੇ ਕ੍ਰਿਤਗਯ ਬਣਦਾ ਹੈ ਅਤੇ ਬਦੀ ਦੇ ਰਸਤੇ ਉੱਤੇ ਤੁਰਨ ਨਾਲ ਮਨਮੁਖ, ਚੋਰ, ਠੱਗ, ਪਾਪੀ, ਅਕ੍ਰਿਤਘਣ ਅਖਵਾਉਂਦਾ ਹੈ। ਗੁਰਬਾਣੀ ਵਿਚ ਜਿੱਥੇ ਗੁਰਮੁਖ, ਸੰਤ, ਭਗਤ ਤੇ ਸੇਵਕ ਨੂੰ ਸਤਿਕਾਰਯੋਗ ਰੁਤਬਾ ਪ੍ਰਾਪਤ ਹੈ, ਉਥੇ ਮਨਮੁਖ, ਚੋਰ, ਨਿਗੁਰੇ ਤੇ ਅਕ੍ਰਿਤਘਣ ਨੂੰ ਫਿਟਕਾਰਿਆ ਗਿਆ ਹੈ। ਗੁਰਮਤਿ ਅਨੁਸਾਰ ਅਕ੍ਰਿਤਘਣ ਦੇ ਸੰਕਲਪ ਨੂੰ ਬਿਆਨ ਕਰਨ ਤੋਂ ਪਹਿਲਾਂ ਇਸ ਦੇ ਸ਼ਾਬਦਿਕ ਅਰਥਾਂ ਨੂੰ ਸਮਝ ਲੈਣਾ ਲਾਹੇਵੰਦ ਰਹੇਗਾ।
‘ਅਕ੍ਰਿਤਘਣ’ ਸੰਸਕ੍ਰਿਤ ਦੇ ਸ਼ਬਦ ‘ਕ੍ਰਿਤਘਣ’ ਦਾ ਪੰਜਾਬੀ ਰੂਪਾਂਤਰਨ ਹੈ। ਭਾਈ ਵੀਰ ਸਿੰਘ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’ ਵਿਚ ਇਸ ਦੇ ਅਰਥ ‘ਜੋ ਕਿਸੇ ਦੇ ਕੀਤੇ ਹੋਏ ਨੂੰ ਨਾ ਜਾਣੇ’ ਕੀਤੇ ਹਨ।1 ਭਾਈ ਕਾਨ੍ਹ ਸਿੰਘ ਨਾਭਾ ਦੇ ਅਨੁਸਾਰ ‘ਅਕ੍ਰਿਤਘਣ’ ਦੇ ਅਰਥ ਉਪਕਾਰ ਵਿਸਾਰਨ ਵਾਲਾ ਅਤੇ ਅਹਿਸਾਨ ਫਰਾਮੋਸ਼ ਹਨ।2 ਉਪਰੋਕਤ ਅਰਥਾਂ ਤੋਂ ਇਹ ਧਾਰਨਾ ਬਣਦੀ ਹੈ ਕਿ ਅਕ੍ਰਿਤਘਣ ਉਹ ਵਿਅਕਤੀ ਹੈ ਜੋ ਦੂਸਰੇ ਦੀ ਕੀਤੀ ਹੋਈ ਨੇਕੀ ਨੂੰ ਭੁਲਾ ਦਿੰਦਾ ਹੈ ਅਤੇ ਆਪਣੀ ਚਲਾਕੀ ਅਤੇ ਚਤੁਰਤਾ ਨਾਲ ਦੂਸਰਿਆਂ ਤੋਂ ਵੱਧ ਸਿਆਣਾ ਹੋਣ ਦਾ ਦਾਅਵਾ ਕਰਦਾ ਹੈ। ਸੱਚਮੁਚ ਹੀ ਅਕ੍ਰਿਤਘਣ ਅਜਿਹਾ ਵਿਅਕਤੀ ਹੈ ਜੋ ਆਪਣਾ ਕੰਮ ਪੂਰਾ ਹੋਣ ’ਤੇ ਦੂਸਰੇ ਨੂੰ ਵਿਸਾਰ ਦਿੰਦਾ ਹੈ ਭਾਵੇਂ ਉਸ ਦਾ ਕੋਈ ਸਕਾ ਸੰਬੰਧੀ ਜਾਂ ਦੋਸਤ ਹੀ ਹੋਵੇ। ਉਹ ਅਜਿਹਾ ਤਾਂ ਹੀ ਕਰਦਾ ਹੈ ਕਿਉਂਕਿ ਉਸ ਦੀ ਜ਼ਮੀਰ ਮਰ ਚੁੱਕੀ ਹੁੰਦੀ ਹੈ। ਸਿੱਖ ਧਰਮ ਦੇ ਮਹਾਨ ਚਿੰਤਕ ਅਤੇ ਮੁੱਢਲੇ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਅਕ੍ਰਿਤਘਣ ਦੇ ਚਿੱਤਰ ਨੂੰ ਬਾਖੂਬੀ ਪੇਸ਼ ਕੀਤਾ ਹੈ:
ਨਾ ਤਿਸੁ ਭਾਰੇ ਪਰਬਤਾਂ ਅਸਮਾਨ ਖਹੰਦੇ।
ਨਾ ਤਿਸੁ ਭਾਰੇ ਕੋਟ ਗੜ੍ਹ ਘਰ ਬਾਰ ਦਿਸੰਦੇ।
ਨਾ ਤਿਸੁ ਭਾਰੇ ਸਾਇਰਾਂ ਨਦ ਵਾਹ ਵਹੰਦੇ।
ਨਾ ਤਿਸੁ ਭਾਰੇ ਤਰੁਵਰਾਂ ਫਲ ਸੁਫਲ ਫਲੰਦੇ।
ਨਾ ਤਿਸੁ ਭਾਰੇ ਜੀਅ ਜੰਤ ਅਣਗਣਤ ਫਿਰੰਦੇ।
ਭਾਰੇ ਭੁਈ ਅਕਿਰਤਘਣ ਮੰਦੀ ਹੂ ਮੰਦੇ। (ਵਾਰ 35:8)
ਧਰਤੀ ਹਰ ਕਿਸੇ ਚੀਜ਼ ਦਾ ਬੋਝ ਉਠਾ ਸਕਦੀ ਹੈ ਪਰ ਅਕ੍ਰਿਤਘਣ ਦਾ ਨਹੀਂ। ਅਕ੍ਰਿਤਘਣ ਵਿਅਕਤੀ ਕੇਵਲ ਆਪਣੇ ਦੋਸਤਾਂ-ਮਿੱਤਰਾਂ ਨੂੰ ਹੀ ਧੋਖਾ ਨਹੀਂ ਦਿੰਦਾ ਸਗੋਂ ਉਹ ਤਾਂ ਆਪਣੇ ਆਪ ਨੂੰ ਵੀ ਧੋਖਾ ਦਿੰਦਾ ਹੈ। ਉਹ ਆਪਣੇ ਮੂਲ ਸੋਮੇ ਦਾਤਾਰ ਪ੍ਰਭੂ ਦੁਆਰਾ ਦਿੱਤੀਆਂ ਹੋਈਆਂ ਦਾਤਾਂ ਬਦਲੇ ਦਾਤੇ ਦਾ ਸ਼ੁਕਰਾਨਾ ਕਰਨ ਨੂੰ ਵਿਸਾਰ ਦਿੰਦਾ ਹੈ। ਸੱਚਮੁੱਚ ਵਾਹਿਗੁਰੂ ਨੂੰ ਵਿਸਾਰਨ ਵਾਲੇ ਜੀਵ ਅਕ੍ਰਿਤਘਣ ਹੀ ਹਨ। ਇਸ ਪ੍ਰਥਾਇ ਗੁਰਵਾਕ ਹੈ:
ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਤਿ॥
ਜੀਉ ਪਿੰਡੁ ਜਿਨਿ ਸੁਖ ਦੀਏ ਤਾਹਿ ਨ ਜਾਨਤ ਤਤ॥
ਲਾਹਾ ਮਾਇਆ ਕਾਰਨੇ ਦਹ ਦਿਸਿ ਢੂਢਨ ਜਾਇ॥
ਦੇਵਨਹਾਰ ਦਾਤਾਰ ਪ੍ਰਭ ਨਿਮਖ ਨ ਮਨਹਿ ਬਸਾਇ॥
ਲਾਲਚ ਝੂਠ ਬਿਕਾਰ ਮੋਹ ਇਆ ਸੰਪੈ ਮਨ ਮਾਹਿ॥
ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗਿ ਬਿਹਾਇ॥
ਤੁਧੁ ਭਾਵੈ ਤਾ ਬਖਸਿ ਲੈਹਿ ਖੋਟੇ ਸੰਗਿ ਖਰੇ॥
ਨਾਨਕ ਭਾਵੈ ਪਾਰਬ੍ਰਹਮ ਪਾਹਨ ਨੀਰਿ ਤਰੇ॥ (ਪੰਨਾ 261)
ਮਨੁੱਖ ਸੰਸਾਰਿਕ ਚੀਜ਼ਾਂ ਨੂੰ ਇਕੱਠਿਆਂ ਕਰਨ ਦੀ ਲਾਲਸਾ ਅਤੇ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਵਿਚ ਗ੍ਰਸਿਆ ਹੋਣ ਕਰਕੇ ਵਾਹਿਗੁਰੂ ਦੀ ਉਸਤਤਿ ਕਰਨ ਵਾਲਿਆਂ ਦੀ ਥਾਂ ਨਿੰਦਕਾਂ ਨਾਲ ਸਾਂਝ ਪਾਉਂਦਾ ਹੈ। ਉਸ ਨੇ ਵਿਅਰਥ ਦੇ ਕੰਮਾਂ ਨੂੰ ਆਪਣਾ ਆਹਾਰ ਬਣਾ ਲਿਆ ਹੈ ਜੋ ਉਸ ਦੇ ਕਿਸੇ ਕੰਮ ਨਹੀਂ ਆਉਂਦੇ ਅਤੇ ਉਸ ਦੀ ਸਾਂਝ ਵੀ ਬਦੀ ਕਰਨ ਵਾਲੇ ਦੋਸਤਾਂ-ਮਿੱਤਰਾਂ ਨਾਲ ਹੁੰਦੀ ਹੈ। ਇਹ ਹਾਲਤ ਅਕ੍ਰਿਤਘਣ ਦੀ ਹੈ। ਉਸ ਦੀ ਮਨੋਦਸ਼ਾ ਇਤਨੀ ਮਲੀਨ ਹੋ ਚੁੱਕੀ ਹੁੰਦੀ ਹੈ ਜਿਸ ਦਾ ਜ਼ਿਕਰ ਸ਼ਬਦਾਂ ਵਿਚ ਕਰਨਾ ਅਸੰਭਵ ਹੈ। ਭਾਈ ਗੁਰਦਾਸ ਜੀ ਅਕ੍ਰਿਤਘਣ ਦੀ ਮਨੋਦਸ਼ਾ ਨੂੰ ਬਿਆਨ ਕਰਦੇ ਹੋਏ ਲਿਖਦੇ ਹਨ ਕਿ ਜੇਕਰ ਕੋਈ ਵਿਅਕਤੀ ਕੁੱਤੇ ਦਾ ਮਾਸ ਸ਼ਰਾਬ ਵਿਚ ਪਾ ਕੇ ਰਿੰਨ੍ਹ ਲਵੇ ਅਤੇ ਫਿਰ ਉਸ ਨੂੰ ਮਨੁੱਖੀ ਖੋਪਰੀ ਵਿਚ ਪਾ ਲਵੇ, ਉੱਪਰ ਖੂਨ ਨਾਲ ਲਿਬੜਿਆ ਕੱਪੜਾ ਦਿੱਤਾ ਹੋਵੇ ਅਤੇ ਉਸ ਨੂੰ ਵਿਭਚਾਰਨ ਲੈ ਕੇ ਜਾ ਰਹੀ ਹੋਵੇ ਤਾਂ ਉਹ ਵੀ ਇਹ ਸੋਚਦੀ ਹੈ ਕਿ ਕਿਤੇ ਅਕ੍ਰਿਤਘਣ ਦੀ ਨਜ਼ਰ ਪੈ ਕੇ ਅਪਵਿੱਤਰ ਨਾ ਹੋ ਜਾਵੇ।
ਮਦ ਵਿਚਿ ਰਿਧਾ ਪਾਇ ਕੈ ਕੁਤੇ ਦਾ ਮਾਸੁ।
ਧਰਿਆ ਮਾਣਸ ਖੋਪਰੀ ਤਿਸੁ ਮੰਦੀ ਵਾਸੁ।
ਰਤੂ ਭਰਿਆ ਕਪੜਾ ਕਰਿ ਕਜਣੁ ਤਾਸੁ।
ਢਕਿ ਲੈ ਚਲੀ ਚੂਹੜੀ ਕਰਿ ਭੋਗ ਬਿਲਾਸੁ।
ਆਖਿ ਸੁਣਾਏ ਪੁਛਿਆ ਲਾਹੇ ਵਿਸਵਾਸੁ।
ਨਦਰੀ ਪਵੈ ਅਕਿਰਤਘਣੁ ਮਤੁ ਹੋਇ ਵਿਣਾਸੁ। (ਭਾਈ ਗੁਰਦਾਸ, ਵਾਰ 35, ਪਉੜੀ 9)
ਗੁਰਬਾਣੀ ਅਤੇ ਸਿੱਖ ਇਤਿਹਾਸ ਵਿਚ ਅਕ੍ਰਿਤਘਣਤਾ ਦੇ ਅਨੇਕਾਂ ਹਵਾਲੇ ਉਪਲਬਧ ਹਨ। ‘ਗੁਰਬਿਲਾਸ ਪਾਤਸ਼ਾਹੀ 10’ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਮਕ ਹਰਾਮ ਭੀਖਨ ਖਾਨ’ ਨੂੰ ਸੰਬੋਧਨ ਕਰਦੇ ਕਹਿੰਦੇ ਹਨ ਕਿ ਜੋ ਵਿਅਕਤੀ ਆਪਣੇ ਸਵਾਮੀ ਦੀ ਕੀਤੀ ਹੋਈ ਨੇਕੀ ਨੂੰ ਨਹੀਂ ਭੁਲਾਉਂਦਾ ਉਹ ਮਰਨ ਤੋਂ ਬਾਅਦ ਵੀ ਉਸ ਦੇ ਸਨਮੁਖ ਰਹਿੰਦਾ ਹੈ ਲੇਕਿਨ ਜੋ ਆਪਣੇ ਸਵਾਮੀ ਨੂੰ ਜੰਗ ਦੇ ਮੈਦਾਨ ਵਿਚ ਧੋਖਾ ਦਿੰਦਾ ਹੈ, ਉਸ ਦੀ ਇਸ ਸੰਸਾਰ ਵਿਚ ਤਾਂ ਨਿੰਦਾ ਹੁੰਦੀ ਹੀ ਹੈ ਸਗੋਂ ਉਸ ਨੂੰ ਪਰਲੋਕ ਵਿਚ ਵੀ ਧੱਕੇ ਪੈਂਦੇ ਹਨ। ਨਰਕ ਦੀ ਸਜ਼ਾ ਮਿਲਦੀ ਹੈ ਅਤੇ ਉਸ ਦਾ ਮਾਸ ਜਾਨਵਰ ਵੀ ਨਹੀਂ ਖਾਂਦੇ। ਉਸ ਦੇ ਸਿਰ ਸੁਆਹ ਹੀ ਪੈਂਦੀ ਹੈ ਭਾਵ ਹਰ ਥਾਂ ਬੇਇਜ਼ਤੀ ਹੀ ਹੁੰਦੀ ਹੈ:
ਨਮਕ ਹਲਾਲ ਨਾਥ ਕਾ ਕਰੀਐ।
ਮਰਨ ਜੀਵਨ ਅਸਧੁਜ ਪਰ ਧਰੀਐ।
ਸਵਾਮੀ ਕਹ ਜੋ ਰਨ ਮਧ ਤਯਾਗੈ।
ਈਹਾਂ ਨਿੰਦ ਨਰਕ ਤਿਹ ਆਗੈ।
ਤਾਂ ਕੋ ਮਾਸ ਗੀਧ ਨਹੀ ਲੇਹੀ।
ਨਮਕ ਹਰਾਮ ਜਾਨ ਤਜ ਦੇਹੀ।
ਆਗੈ ਸ੍ਵਰਗੁ ਨ ਈਹਾਂ ਜਸੁ।
ਸਾਤ ਮੂਠੀ ਤਾਂ ਕੇ ਸਿਰ ਭਸ।
ਜੋ ਸਨਮੁਖ ਹ੍ਵੈ ਤਯਾਗਤ ਪ੍ਰਾਨ।
ਸਫਲ ਜਨਮ ਤਾਂ ਕੌ ਤੂੰ ਜਾਨ।
ਜਿਤਕ ਰਕਤ ਧਰ ਗਿਰਤ ਸੁਬੁੰਦ।
ਤਿਤਕ ਬਰਖ ਭਰ ਭੁਗਤ ਮੁਕੰਦ। (ਭਾਈ ਸੁੱਖਾ ਸਿੰਘ, ਗੁਰਬਿਲਾਸ ਪਾਤਸ਼ਾਹੀ 10, ਪੰਨਾ 107)
ਸੱਚਮੁੱਚ ਅਕ੍ਰਿਤਘਣ ਹੋਣਾ ਇਕ ਨੈਤਿਕ ਬੁਰਾਈ ਹੈ। ਆਪਣੀ ਮਤ ਅਨੁਸਾਰ ਜੀਵਨ ਜੀਊਣ ਵਾਲਾ ਵਿਅਕਤੀ ਅਗਿਆਨੀ ਹੁੰਦਾ ਹੈ। ਉਹ ਆਪਣਾ ਜੀਵਨ ਤਾਂ ਕੌਡੀਆਂ ਬਦਲੇ ਗੁਆਉਂਦਾ ਅਤੇ ਆਪਣੇ ਪਰਵਾਰ ਲਈ ਵੀ ਕੰਡੇ ਬੀਜਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਨੁੱਖ ਨੂੰ ਥਾਂ-ਪਰ-ਥਾਂ ਸੁਚੇਤ ਕਰਦਿਆਂ ਹੋਇਆਂ ਆਪਣਾ ਮੂਲ ਪਛਾਣਨ ਦੀ ਗੱਲ ਦੁਹਰਾਈ ਹੈ:
ਸਾਕਤ ਨਿਰਗੁਣਿਆਰਿਆ ਆਪਣਾ ਮੂਲੁ ਪਛਾਣੁ॥
ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ॥
ਪਵਣੈ ਕੈ ਵਸਿ ਦੇਹੁਰੀ ਮਸਤਕਿ ਸਚੁ ਨੀਸਾਣੁ॥ (ਪੰਨਾ 63)
ਮੂਲੁ ਨ ਬੂਝਹਿ ਆਪਣਾ ਸੇ ਪਸੂਆ ਸੇ ਢੋਰ ਜੀਉ॥ (ਪੰਨਾ 751)
ਮਨੁੱਖ ਵਿਚ ਵਿਕਾਰਾਂ ਦਾ ਤਿਆਗ ਕਰ ਕੇ ਉੱਪਰ ਉੱਠਣ ਦੀਆਂ ਉਚ ਸੰਭਾਵਨਾਵਾਂ ਮੌਜੂਦ ਹਨ। ਉਹ ਇਸ ਸੰਸਾਰ ਵਿਚ ਵਿਚਰਦਿਆਂ ਹੋਇਆਂ ਕਮਲ ਦੇ ਫੁੱਲ ਦੀ ਨਿਆਈਂ ਉੱਚਾ ਉੱਠ ਸਕਦਾ ਹੈ। ਕੇਵਲ ਤੇ ਕੇਵਲ ਇਸੇ ਜੀਵਨ ਵਿਚ ਹੀ ਉਹ ਆਪਣੇ ਮੂਲ (ਅਸਲੇ) ਨਾਲ ਅਭੇਦ ਹੋ ਸਕਦਾ ਹੈ। ਗੁਰਮਤਿ ਅਨੁਸਾਰ ਮਨੁੱਖ ਨੂੰ ਸਹੀ ਮਾਰਗ ਉੱਤੇ ਤੁਰਨ ਦੀ ਪ੍ਰੇਰਨਾ ਦਿੱਤੀ ਗਈ ਹੈ:
ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ॥
ਤਸਕਰ ਪੰਚ ਸਬਦਿ ਸੰਘਾਰੇ॥
ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ॥ (ਪੰਨਾ 1022)
ਸਾਰ ਰੂਪ ਵਿਚ ਅਸੀਂ ਇਹ ਕਹਿ ਸਕਦੇ ਹਾਂ ਕਿ ਜੇਕਰ ਮਨੁੱਖ ‘ਗੁਰਸਿਖ ਮੀਤ ਚਲਹੁ ਗੁਰ ਚਾਲੀ’ ਦੇ ਵਿਚਾਰਾਂ ਦਾ ਧਾਰਨੀ ਹੋ ਜਾਵੇ ਤਾਂ ਉਹ ਅਕ੍ਰਿਤਘਣ ਤੋਂ ਕ੍ਰਿਤਗਯ ਬਣ ਸਕਦਾ ਹੈ। ਜੇਕਰ ਮਨੁੱਖ ਗੁਰਸਿੱਖ ਅਥਵਾ ਕ੍ਰਿਤਗਯ ਬਣ ਜਾਵੇ ਤਾਂ ਆਦਰਸ਼ ਸਮਾਜ ਦੀ ਸਿਰਜਣਾ ਆਪਣੇ ਆਪ ਹੀ ਹੋ ਜਾਵੇਗੀ। ਇਸ ਲਈ ਲੋੜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਅਗਵਾਈ ਲੈਣ ਦੀ ਤਾਂ ਕਿ ਇਕ ਆਦਰਸ਼ ਸਮਾਜ ਦੀ ਘਾੜਤ ਅਤੇ ਸਥਾਪਤੀ ਹੋ ਸਕੇ। ਅਜਿਹਾ ਕਰਨਾ ਸਮੁੱਚੀ ਲੋਕਾਈ ਦੇ ਹਿਤ ਦੀ ਗੱਲ ਹੋਵੇਗੀ।
ਹਵਾਲੇ :
1. ਭਾਈ ਵੀਰ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼, ਸਫਾ 10.
2. ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਸਫਾ 36.
ਲੇਖਕ ਬਾਰੇ
- ਡਾ. ਮਲਕਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%ae%e0%a8%b2%e0%a8%95%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/
- ਡਾ. ਮਲਕਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%ae%e0%a8%b2%e0%a8%95%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/July 1, 2008