editor@sikharchives.org
Bhagat Bhikhan Ji

ਭਗਤ ਭੀਖਨ ਜੀ – ਜੀਵਨ ਅਤੇ ਬਾਣੀ

ਭਗਤ ਭੀਖਨ ਜੀ ਨੇ ਸ਼ਰੀਅਤ ਤੇ ਤਰੀਕਤ ਦੇ ਮਸਲਿਆਂ ਨੂੰ ਸਮਝਿਆ ਤੇ ਵਿਚਾਰਿਆ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੈਵੀ ਅਵੇਸ਼ ਰਾਹੀਂ ਪ੍ਰਵਾਨ ਚੜ੍ਹੇ ਸੰਤ-ਭਗਤਾਂ ਵਿਚ ਭਗਤ ਭੀਖਨ ਜੀ ਵੀ ਪ੍ਰਵਾਨ ਹੋਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਸੋਰਠਿ ਵਿਚ ਪੰਨਾ 659 ਉੱਪਰ ਭਗਤ ਭੀਖਨ ਜੀ ਦੇ ਦੋ ਸ਼ਬਦ ਸੁਸ਼ੋਭਿਤ ਹਨ। ਭਗਤ ਭੀਖਨ ਜੀ ਦੇ ਜੀਵਨ ਬਾਰੇ ਕੋਈ ਇਤਿਹਾਸਕ ਜੀਵਨੀ-ਸ੍ਰੋਤ ਨਹੀਂ ਮਿਲਦਾ। ਪਰ ਆਮ ਮੰਨਿਆ ਜਾਂਦਾ ਹੈ ਕਿ ਭਗਤ ਭੀਖਨ ਜੀ ਕਾਕੋਰੀ ਦੇ ਵਸਨੀਕ ਸਨ। ਕਾਕੋਰੀ ਲਖਨਊ ਸਰਕਾਰ (ਸੂਬਾ) ਦਾ ਇਕ ਪਰਗਨਾ ਸੀ।1 ਆਪ ਜੀ ਦਾ ਜਨਮ 1480 ਈ: ਦੇ ਨੇੜੇ-ਤੇੜੇ ਦਾ ਮੰਨਿਆ ਗਿਆ ਹੈ।2 ਭਗਤ ਭੀਖਨ ਜੀ ਆਪਣੇ ਸਮੇਂ ਦੇ ਪੜ੍ਹੇ-ਲਿਖੇ ਲੋਕਾਂ ਵਿੱਚੋਂ ਸਨ। ਆਪ ਜੀ ਦੀ ਧਾਰਮਿਕ ਰਹਿਨੁਮਾਈ ਅਤੇ ਵਿਦਵਤਾ ਵਿਚ ਸ਼ੇਖ ਮੀਰ ਸੱਯਦ ਇਬਰਾਹੀਮ ਦਾ ਵਿਸ਼ੇਸ਼ ਯੋਗਦਾਨ ਸੀ। ਸੱਯਦ ਇਬਰਾਹੀਮ ਆਪਣੇ ਸਮੇਂ ਦੇ ਮਹਾਨ ਧਾਰਮਿਕ ਚਿੰਤਕ ਸਨ।3 ਭਗਤ ਭੀਖਨ ਜੀ ਨੇ ਸ਼ਰੀਅਤ ਤੇ ਤਰੀਕਤ ਦੇ ਮਸਲਿਆਂ ਨੂੰ ਸਮਝਿਆ ਤੇ ਵਿਚਾਰਿਆ। ਸੰਯੋਗਵੱਸ ਆਪ ਦੇ ਸਮਕਾਲੀਨ ਹੀ ਭਗਤੀ ਲਹਿਰ ਭਾਰਤ ਦੇ ਹਰ ਹਿੱਸੇ ਵਿਚ ਪ੍ਰਭਾਵੀ ਸੀ। ਹਰ ਸੂਝਵਾਨ ਮਨੁੱਖ ਉਸ ਦੇ ਪ੍ਰਭਾਵ ਤੋਂ ਅਭਿੱਜ ਨਹੀਂ ਰਹਿ ਸਕਿਆ ਸੀ। ਕਾਕੋਰੀ ਕਿਉਂਕਿ ਉੱਤਰੀ ਭਾਰਤ ਵਿਚ ਸਥਿਤ ਸੀ ਅਤੇ ਉੱਤਰੀ ਭਾਰਤ ਭਗਤੀ ਲਹਿਰ ਦਾ ਵਿਸ਼ੇਸ਼ ਪ੍ਰਭਾਵੀ ਖੇਤਰ ਸੀ। ਭਗਤ ਭੀਖਨ ਜੀ ਦੇ ਪਾਵਨ ਸ਼ਬਦਾਂ ਦੀ ਭਾਵ- ਸਮੱਗਰੀ ਨਿਰਗੁਣਵਾਦੀ ਚੇਤਨਾ ਦੀ ਸੂਚਕ ਹੈ। ਇਨ੍ਹਾਂ ਵਿਚ ਕਿਤੇ ਵੀ ਸੂਫ਼ੀ ਜਾਂ ਇਸਲਾਮਿਕ ਸੱਭਿਆਚਾਰ ਦਾ ਕੋਈ ਅੰਸ਼ ਨਹੀਂ ਅਤੇ ਅਰਬੀ-ਫ਼ਾਰਸੀ ਦਾ ਕੋਈ ਸ਼ਬਦ ਵੀ ਨਹੀਂ ਵਰਤਿਆ ਗਿਆ ਹੈ। ਲੱਗਦਾ ਹੈ ਕਿ ਭਗਤ ਭੀਖਨ ਜੀ ਦੇ ਉੱਤੇ ਭਗਤੀ ਲਹਿਰ ਦਾ ਇੰਨਾ ਅਸਰ ਪਿਆ ਕੇ ਉਹ ਸੂਫ਼ੀ ਮੱਤ ਦੀਆਂ ਸੀਮਾਵਾਂ ਉੱਤੋਂ ਉੱਪਰ ਉੱਠ ਕੇ ਨਿਰਗੁਣਵਾਦੀ ਭਗਤ ਬਣ ਗਏ। ਭਗਤੀ ਲਹਿਰ ਦਾ ਅਸਰ ਭਗਤ ਭੀਖਨ ਜੀ ਨੇ ਲਾਜ਼ਮੀ ਕਬੂਲਿਆ। ਇਸੇ ਲਈ ਆਪ ਸ਼ਰੀਅਤ ਦੀਆਂ ਹੱਦਾਂ ਲੰਘ ਕੇ ਬੰਦਗੀ ਜਾਂ ਸਿਮਰਨ ਨੂੰ ਹੀ ਸਾਰੇ ਰੋਗਾਂ ਦਾ ਇਲਾਜ ਮੰਨਣ ਲੱਗ ਪਏ।4 ਭਗਤ ਭੀਖਨ ਜੀ 1573-74 ਵਿਚ ਜੋਤੀ-ਜੋਤਿ ਸਮਾਏ।5

ਭਗਤ ਭੀਖਨ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਪਾਵਨ ਸ਼ਬਦ ਹੇਠ ਲਿਖੇ ਅਨੁਸਾਰ ਹੈ:

ਰਾਗੁ ਸੋਰਠਿ ਬਾਣੀ ਭੀਖਨ ਕੀ ੴਸਤਿਗੁਰ ਪ੍ਰਸਾਦਿ॥
 
ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ ॥
ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ ॥1॥
ਰਾਮ ਰਾਇ ਹੋਹਿ ਬੈਦ ਬਨਵਾਰੀ ॥
ਅਪਨੇ ਸੰਤਹ ਲੇਹੁ ਉਬਾਰੀ ॥1॥ ਰਹਾਉ ॥
ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ ॥
ਐਸੀ ਬੇਦਨ ਅੁਪਜਿ ਖਰੀ ਭਈ ਵਾ ਕਾ ਅਉਖਧੁ ਨਾਹੀ ॥2॥
ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ ॥
ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ ॥3॥1॥
ਐਸਾ ਨਾਮੁ ਰਤਨੁ ਨਿਰਮੋਲਕੁ ਪੁੰਨਿ ਪਦਾਰਥੁ ਪਾਇਆ ॥
ਅਨਿਕ ਜਤਨ ਕਰਿ ਹਿਰਦੈ ਰਾਖਿਆ ਰਤਨੁ ਨ ਛਪੈ ਛਪਾਇਆ ॥1॥
ਹਰਿ ਗੁਨ ਕਹਤੇ ਕਹਨੁ ਨ ਜਾਈ ॥
ਜੈਸੇ ਗੂੰਗੇ ਕੀ ਮਿਠਿਆਈ ॥1॥ ਰਹਾਉ ॥
ਰਸਨਾ ਰਮਤ ਸੁਨਤ ਸੁਖੁ ਸ੍ਰਵਨਾ ਚਿਤ ਚੇਤੇ ਸੁਖੁ ਹੋਈ ॥
ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾਂ ਤਹ ਸੋਈ ॥2॥2॥ (ਪੰਨਾ 659)

ਡਾ: ਰਤਨ ਸਿੰਘ (ਜੱਗੀ) ਅਨੁਸਾਰ ਇਨ੍ਹਾਂ ਦੋ ਪਾਵਨ ਸ਼ਬਦਾਂ ਦੀ ਅਭਿਵਿਅਕਤੀ ਦਾ ਪ੍ਰੋੜ੍ਹ ਸਰੂਪ ਵੇਖ ਕੇ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਨ੍ਹਾਂ ਨੇ ਹੋਰ ਬਾਣੀ ਵੀ ਰਚੀ ਹੋਵੇਗੀ ਜੋ ਹੁਣ ਕਾਲ –ਕਵਲਿਤ ਹੋ ਚੁੱਕੀ ਹੈ। ਇਹ ਵੀ ਸੰਭਵ ਹੈ ਕਿ ਇਹ ਭਗਤ ਕਬੀਰ ਜੀ ਦੇ ਅਨੁਯਾਈ ਰਹੇ ਹੋਣਗੇ।6 ਦੋ-ਦੋ ਤੁਕਾਂ ਦੇ ਤਿੰਨ ਪਦੇ ਹਨ ਅਤੇ ਦੋ ਤੁਕਾਂ ਦਾ ਰਹਾਉ ਹੈ। ਦੂਜੇ ਵਿਚ ਦੋ-ਦੋ ਤੁਕਾਂ ਦੇ ਦੋ ਪਦੇ ਹਨ ਅਤੇ ਦੋ ਤੁਕਾਂ ਦਾ ਰਹਾਉ ਹੈ। ਮਾਤ੍ਰਾਵਾਂ ਦੀ ਗਿਣਤੀ ਸਮਾਨ ਨਹੀਂ। ਇਨ੍ਹਾਂ ਦੀ ਭਾਸ਼ਾ ਮੁਹਾਵਰੇਦਾਰ ਸਰਲ ਹਿੰਦੀ ਅਤੇ ਸ਼ੈਲੀ ਭਾਵ-ਪੂਰਤ ਅਤੇ ਨਿਮਰ-ਭਾਵ ਵਾਲੀ ਤੇ ਮਿਠਾਸ ਭਰੀ ਹੈ।

ਭਗਤ ਭੀਖਨ ਜੀ ਦੀ ਬਾਣੀ ਵਿਚ ‘ਨਾਮ’ ਕੇਂਦਰੀ ਵਿਸ਼ਾ ਹੈ। ਗੁਰਬਾਣੀ ਦਾ ਪ੍ਰਧਾਨ ਵਿਸ਼ਾ ਵੀ ‘ਨਾਮ’ ਹੀ ਹੈ। ਜੀਵ-ਆਤਮਾ ਦੇ ਪਰਮ-ਆਤਮਾ ਵਿਚ ਮਿਲਾਨ ਗੁਰਬਾਣੀ ਅਨੁਸਾਰ ਅੰਤਮ ਲਕਸ਼ ਹੈ। ਇਸ ਲਈ ‘ਸਚਿਆਰ’ ਹੋਣਾ ਜ਼ਰੂਰੀ ਹੈ। ਪਰ ਇਸ ਵਿਚ ਹਉਮੈ ਰੋਗ ਹੈ। ਵਿਕਾਰਾਂ ਨਾਲ ਮੱਤ ਭਰੀ ਪਈ ਹੈ। ਇਸੇ ਕਰਕੇ ਸੰਸਾਰਿਕ ਦੁੱਖ ਹਨ ਅਤੇ ਮਾਨਸਿਕ ਰੋਗ ਹਨ। ਸ਼ਬਦ ‘ਰੋਗ’ ਦੀ ਵਰਤੋਂ ਮਾਨਸਿਕ ਜਾਂ ਅਧਿਆਤਮਕ ਬੁਰਿਆਈਆਂ ਲਈ ਹੁੰਦੀ ਹੈ। ਇਹ ਦੁੱਖ ਜਾਂ ਰੋਗ ‘ਨਾਮ’ ਦੇ ਅਭਾਵ ਕਰਕੇ ਹਨ। ਗੁਰਬਾਣੀ ਦੇ ਅਨੇਕਾਂ ਪ੍ਰਮਾਣ ਇਸ ਸੰਬੰਧੀ ਮਿਲਦੇ ਹਨ:

ਨਾਮੁ ਬਿਸਾਰਿ ਕਰੇ ਰਸ ਭੋਗ॥
ਸੁਖ ਸੁਪਨੈ ਨਹੀ ਤਨ ਮਹਿ ਰੋਗ॥ (ਪੰਨਾ 240)

ਨਾਮ ਬਿਨਾ ਕੁਸਟੀ ਮੋਹ ਅੰਧਾ॥
ਸਭ ਨਿਹਫਲ ਕਰਮ ਕੀਏ ਦੁਖੁ ਧੰਧਾ॥ (ਪੰਨਾ 367)

ਖਸਮੁ ਵਿਸਾਰਿ ਕੀਏ ਰਸ ਭੋਗ॥
ਤਾ ਤਨਿ ਉਠਿ ਖਲੋਏ ਰੋਗ॥ (ਪੰਨਾ 1256)

ਭਗਤ ਭੀਖਨ ਜੀ ਵੀ ਜੀਵ ਦੇ ਇਨ੍ਹਾਂ ਰੋਗਾਂ ਜਾਂ ਦੁੱਖਾਂ ਕਰਕੇ ਚਿੰਤਤ ਹਨ ਕਿ ਮਨੁੱਖ ਦੇ ਬੁਢੇਪੇ ਦੀ ਅਵਸਥਾ ਕਰਕੇ, ਅੱਖਾਂ ‘ਚੋਂ ਪਾਣੀ ਵਗ ਰਿਹਾ ਹੈ, ਸਰੀਰ ਕਮਜ਼ੋਰ ਹੋ ਰਿਹਾ ਹੈ, ਵਾਲ ਚਿੱਟੇ ਹੋ ਰਹੇ ਹਨ, ਰੇਸ਼ੇ (ਕਫ਼) ਨਾਲ ਗਲਾ ਰੁਕਣ ਕਰਕੇ ਬੋਲਣ ਤੋਂ ਵੀ ਆਤੁਰ ਹੈ ਪਰ ਅਜੇ ਵੀ ਉਹ ਸਰੀਰ ਦੇ ਮੋਹ ਵਿਚ ਫਸਿਆ ਪਿਆ ਹੈ। ਸਰੀਰ ਦੀ ਕਮਜ਼ੋਰੀ ਨਾਲ ਸਿਰ ਦੀ ਪੀੜ ਟਿਕੀ ਰਹਿੰਦੀ ਹੈ। ਸਰੀਰ ਜਲਨ ਨਾਲ ਧੁਖ ਰਿਹਾ ਹੈ। ਕਲੇਜੇ ਦੀ ਅਸਹਿ ਦਰਦ ਬਣੀ ਹੋਈ ਹੈ। ਹਾਲਤ ਇਹ ਕਿ ਸਰੀਰ ਦੇ ਹਰ ਅੰਗ ਵਿੱਚੋਂ ਚੀਸਾਂ ਉੱਠ ਰਹੀਆਂ ਹਨ। ਇਕ ਅਜਿਹਾ ਵੱਡਾ ਸਰੀਰਿਕ ਰੋਗ ਪੈਦਾ ਹੋ ਗਿਆ ਹੈ ਜਿਸ ਦਾ ਕੋਈ ਇਲਾਜ ਨਹੀਂ। ਮਨੁੱਖ ਦੇ ਇਸ ਦੁਖਾਂਤ ਦੀ ਪੁਸ਼ਟੀ ਭਗਤ ਬੇਣੀ ਜੀ ਵੀ ਆਪਣੀ ਬਾਣੀ ਵਿਚ ਕਰਦੇ ਹਨ:

ਪੁੰਡਰ ਕੇਸ ਕੁਸਮ ਤੇ ਧਉਲੇ ਸਪਤ ਪਾਤਾਲ ਕੀ ਬਾਣੀ॥
ਲੋਚਨ ਸ੍ਰਮਹਿ ਬੁਧਿ ਬਲ ਨਾਠੀ ਤਾ ਕਾਮੁ ਪਵਸਿ ਮਾਧਾਣੀ॥
ਤਾ ਤੇ ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕਮਲਾਣਾ॥
ਅਵਗਤਿ ਬਾਣਿ ਛੋਡਿ ਮ੍ਰਿਤ ਮੰਡਲਿ ਤਉ ਪਾਛੈ ਪਛੁਤਾਣਾ॥ (ਪੰਨਾ 93)

ਇਨ੍ਹਾਂ ਸਰੀਰਕ ਰੋਗਾਂ ਦੀ ਨਵਿਰਤੀ ਲਈ ਭਗਤ ਭੀਖਨ ਜੀ ਅਕਾਲ ਪੁਰਖ ਅੱਗੇ ਬੇਨਤੀ ਕਰਦੇ ਹਨ:

ਰਾਮ ਰਾਇ ਹੋਹਿ ਬੈਦ ਬਨਵਾਰੀ॥
ਅਪਨੇ ਸੰਤਹ ਲੇਹੁ ਉਬਾਰੀ॥ (ਪੰਨਾ 659)

ਗੁਰਬਾਣੀ ਵਿਚ ਮਨੁੱਖਾਂ ਨੂੰ ਲੱਗੇ ਦੁੱਖਾਂ ਤੇ ਰੋਗਾਂ ਦਾ ਇਲਾਜ ਵੀ ਦੱਸਿਆ ਹੈ। ਇਹ ਦਾਰੂ ‘ਨਾਮ’ ਦਾ ਹੈ:

ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ॥ (ਪੰਨਾ 659)

ਭਗਤ ਭੀਖਨ ਜੀ ਇਸੇ ‘ਨਾਮ’ ਦੇ ਦਾਰੂ ਦੀ ਪ੍ਰੇਰਨਾ ਕਰਦੇ ਹਨ:

ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ॥ (ਪੰਨਾ 659)

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਫ਼ੁਰਮਾਨ ਹੈ:

ਸਰਬ ਰੋਗ ਕਾ ਅਉਖਦੁ ਨਾਮੁ॥
ਕਲਿਆਣ ਰੂਪ ਮੰਗਲ ਗੁਣ ਗਾਮ॥ (ਪੰਨਾ 274)

ਨਾਮ ਦੀ ਪ੍ਰਾਪਤੀ ਕਿਵੇਂ ਹੋਵੇ? ਇਹ ਪ੍ਰਸ਼ਨ ਵੀ ਮਨੁੱਖ ਦੇ ਸਾਹਮਣੇ ਹੈ। ਭਗਤ ਭੀਖਨ ਜੀ ਅਨੁਸਾਰ ਨਾਮ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਰਾਹੀਂ ਹੁੰਦੀ ਹੈ। ਇਸ ਪ੍ਰਾਪਤੀ ਤੇ ਮੁਕਤ ਦੁਆਰਾ ਖੁੱਲ੍ਹ ਜਾਂਦਾ ਹੈ। ਗੁਰਬਾਣੀ ਵਿਚ ਇਸ ਸੰਬੰਧੀ ਹੋਰ ਪ੍ਰਮਾਣ ਹਨ:

ਨਾਮੁ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸਿ॥
ਸਤਿਗੁਰ ਸੇਵੈ ਲਗਿਆ ਕਢਿ ਰਤਨੁ ਦੇਵੈ ਪਰਗਾਸਿ॥ (ਪੰਨਾ 40)

ਗੁਰ ਕੈ ਸਬਦਿ ਜੋ ਮਰਿ ਜੀਵੈ ਸੋ ਪਾਏ ਮੋਖ ਦੁਆਰੁ॥ (ਪੰਨਾ 941)

ਭਗਤ ਭੀਖਨ ਜੀ ਦੇ ਦੂਸਰੇ ਸ਼ਬਦ ਵਿਚ ‘ਨਾਮ’ ਦੇ ਗੁਣਾਂ ਤੇ ਨਿਰਮੋਲਕਤਾ ਆਦਿ ਬਾਰੇ ਦੱਸਿਆ ਹੈ। ਨਾਮ-ਪ੍ਰਾਪਤੀ ਦਾ ਜੋ ਫ਼ਲ ਮਿਲਦਾ ਹੈ ਉਸ ਦਾ ਜ਼ਿਕਰ ਵੀ ਹੈ। ਭਗਤ ਭੀਖਨ ਜੀ ਅਨੁਸਾਰ ਨਾਮ ਅਜਿਹਾ ਅਮੋਲਕ ਪਦਾਰਥ ਹੈ, ਜੋ ਚੰਗੀ ਕਿਸਮਤ ਨਾਲ ਮਿਲਦਾ ਹੈ। ਇਹ ਅਜਿਹਾ ਰਤਨ ਹੈ ਜੋ ਛੁਪਦਾ ਨਹੀਂ ਸਗੋਂ ਚਮਕਦਾ ਹੈ:

ਐਸਾ ਨਾਮੁ ਰਤਨੁ ਨਿਰਮੋਲਕੁ ਪੁੰਨਿ ਪਦਾਰਥੁ ਪਾਇਆ ॥
ਅਨਿਕ ਜਤਨ ਕਰਿ ਹਿਰਦੈ ਰਾਖਿਆ ਰਤਨੁ ਨ ਛਪੈ ਛਪਾਇਆ॥ (ਪੰਨਾ 659)

ਭਗਤ ਭੀਖਨ ਜੀ ਉਲੇਖ ਕਰਦੇ ਹਨ ਕਿ ਨਾਮ ਸਿਮਰਦਿਆਂ ਜੋ ਆਤਮਿਕ ਅਨੰਦ ਆਉਂਦਾ ਹੈ, ਉਹ ਕਥਨ ਕਰਨਾ ਔਖਾ ਹੈ। ਗੂੰਗੇ ਦੇ ਮਠਿਆਈ ਦਾ ਸੁਆਦ ਦੱਸਣ ਤੁਲ ਹੈ। ਭਗਤ ਕਬੀਰ ਜੀ ਵੀ ਅਜਿਹੀ ਬੇਵਸੀ ਜ਼ਾਹਿਰ ਕਰਦੇ ਹਨ:

ਕਹੁ ਕਬੀਰ ਗੂੰਗੈ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ॥ (ਪੰਨਾ 334)

ਗੁਰਬਾਣੀ ਦਾ ਹੋਰ ਫ਼ੁਰਮਾਨ ਹੈ:

ਜਿਨ ਚਾਖਿਆ ਸੇਈ ਸਾਦੁ ਜਾਣਨਿ ਜਿਉ ਗੁੰਗੇ ਮਿਠਿਆਈ॥ (ਪੰਨਾ 635)

ਭਗਤ ਭੀਖਨ ਜੀ ਅਨੁਸਾਰ ਨਾਮ ਜਪਦਿਆਂ ਮਨੁੱਖ ਦੇ ਕੰਨਾਂ, ਜੀਭ, ਚਿਤ ਆਦਿ ਨੂੰ ਸੁਖ ਮਿਲਦਾ ਹੈ। ਅੱਖਾਂ ਵਿਚ ਸੀਤਲਤਾ ਭਰ ਜਾਂਦੀ ਹੈ। ਨਾਮ ਅਤੇ ਨਾਮੀ ਦੀ ਇੱਕਮਿੱਕਤਾ ਨਾਲ ਹਰ ਪਾਸੇ ਹਰੀ ਦੇ ਦਰਸ਼ਨ ਹੁੰਦੇ ਹਨ। ‘ਤੋਹੀ ਮੋਹੀ’ ਦਾ ਅੰਤਰ ਮਿਟ ਜਾਂਦਾ ਹੈ:

ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾਂ ਤਹ ਸੋਈ॥ (ਪੰਨਾ 659)

ਸ੍ਰੀ ਗੁਰੂ ਨਾਨਕ ਦੇਵ ਜੀ ਵੀ ਹਰੀ ਦੇ ਮਿਲਣ ’ਤੇ ਜੋ ਆਤਮਿਕ ਆਨੰਦ ਆਉਂਦਾ ਹੈ, ਉਸ ਦਾ ਬੜੇ ਸੁੰਦਰ ਸ਼ਬਦਾਂ ਵਿਚ ਫ਼ੁਰਮਾਨ ਕਰਦੇ ਹਨ:

ਨੇਤ੍ਰ ਸੰਤੋਖੇ ਏਕ ਲਿਵ ਤਾਰਾ॥
ਜਿਹਵਾ ਸੂਚੀ ਹਰਿ ਰਸ ਸਾਰਾ॥
ਸਚੁ ਕਰਣੀ ਅਭ ਅੰਤਰਿ ਸੇਵਾ॥
ਮਨ ਤ੍ਰਿਪਤਾਸਿਆ ਅਲਖ ਅਭੇਵਾ॥
ਜਹ ਜਹ ਦੇਖਉ ਤਹ ਤਹ ਸਾਚਾ॥
ਬਿਨੁ ਬੂਝੇ ਝਗਰਤ ਜਗੁ ਕਾਚਾ॥ (ਪੰਨਾ 224)

ਭਗਤ ਭੀਖਨ ਜੀ ਦੀ ਬਾਣੀ ਸੰਬੰਧੀ ਸਾਰ-ਅੰਸ਼ ਇਹ ਕਿਹਾ ਜਾ ਸਕਦਾ ਹ ਕਿ ਮਨੁੱਖ ਨੂੰ ਕਿਉਂਕਿ ਵਿਕਾਰਾਂ ਵਿਚ ਖੱਚਿਤ ਰਹਿਣ ਕਰਕੇ ਅਧਿਆਤਮਕ ਤੇ ਮਾਨਸਿਕ ਦੁੱਖ ਚਿੰਬੜੇ ਹੋਏ ਹਨ। ਇਸੇ ਲਈ ਉਸ ਨੂੰ ਨਾ ਪਰਮਾਤਮਾ ਯਾਦ ਆਉਂਦਾ ਹੈ, ਨਾ ਮੌਤ ਚੇਤੇ ਹੈ। ਪਦਾਰਥਕ ਰਸਾਂ-ਕਸਾਂ ਵਿਚ ਮਸਤ ਹੈ। ਜਗਤ ਤੋਂ ਚਲੇ ਜਾਣ ਦੇ ਖਿਆਲ ਨੂੰ ਅਣਡਿੱਠ ਕਰ ਕੇ ਮਨੁੱਖਾ ਜਨਮ ਅਜਾਈਂ ਗਵਾ ਰਹੇ ਹਨ। ਪਰ ਭਗਤ ਭੀਖਨ ਜੀ ਵਰਗੇ ਭਾਗਾਂ ਵਾਲੇ ਮਹਾਂਪੁਰਖ ਹਨ, ਜੋ ਜੀਵ ਦੇ ਅੰਤਲੇ ਸਮੇਂ ਨੂੰ ਯਾਦ ਕਰਦੇ ਹਨ। ਜੀਵ ਨੂੰ ਉਸ ਦੇ ਫਰਜ਼ਾਂ ਦੀ ਸੋਝੀ ਕਰਵਾਉਂਦੇ ਹਨ ਕਿ ਹੇ ਜੀਵ, ਤੂੰ ਪਰਮਾਤਮਾ ਦਾ ਨਾਮ ਜਪ; ਜੇ ਪਹਿਲਾਂ ਸਮਾਂ ਨਹੀਂ ਮਿਲਿਆ ਤਾਂ ਅੰਤਲੇ ਸਮੇਂ ਹੀ ਸੁਚੇਤ ਹੋ! ਗੁਰਬਾਣੀ ਦਾ ਇਹੀ ਆਸ਼ਾ ਹੈ, ਤਾਕੀਦ ਹੈ:

ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ ਜੀਤਿ॥
ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤ ਹੈ ਬੀਤਿ॥3॥
ਬਿਰਧਿ ਭਇਓ ਸੂਝੇ ਨਹੀ ਕਾਲੁ ਪਹੂਚਿਓ ਆਨਿ॥
ਕਹੁ ਨਾਨਕ ਨਰ ਬਾਵਰੇ ਕਿਉ ਨਾ ਭਜੈ ਭਗਵਾਨੁ॥ (ਪੰਨਾ 1426)

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Balwinder Singh Jorasingha
ਰੀਸਰਚ ਸਕਾਲਰ, ਸਿੱਖ ਇਤਿਹਾਸ ਰੀਸਰਚ ਬੋਰਡ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

#160, ਪ੍ਰਤਾਪ ਐਵੀਨਿਊ, ਜੀ. ਟੀ. ਰੋਡ, ਅੰਮ੍ਰਿਤਸਰ

1 M.A. Macauliffe, The Sikh Religion, Vol. (VI), Page. 415
2 ਡਾ: ਤਾਰਨ ਸਿੰਘ, ਗੁਰੂ ਗ੍ਰੰਥ ਰਤਨਾਵਲੀ, ਪੰਨਾ 130.
3 M.A. Macauliffe, The Sikh Religion, Page 415
4 ਡਾ: ਤਾਰਨ ਸਿੰਘ, ਗੁਰੂ ਗ੍ਰੰਥ ਰਤਨਾਵਲੀ, ਪੰਨਾ 130
5 ਸ. ਰੂਪ ਸਿੰਘ, ਸੇ ਭਗਤ ਸਤਿਗੁਰ ਮਨਿ ਭਾਏ, ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, 1997, ਪੰਨਾ 122.
6 ਡਾ. ਰਤਨ ਸਿੰਘ (ਜੱਗੀ), ਸਿੱਖ ਪੰਥ ਵਿਸ਼ਵ ਕੋਸ਼, ਭਾਗ ਦੂਜਾ, ਗੁਰੂ ਰਤਨ ਪਬਲਿਸ਼ਰਜ, ਪਟਿਆਲਾ, 2005, ਪੰਨਾ 1363.
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)