editor@sikharchives.org
Bhagat Jaidev Ji

ਭਗਤ ਜੈਦੇਵ ਜੀ

ਭਗਤ ਜੈ ਦੇਵ ਜੀ ਫ਼ਰਮਾਉਂਦੇ ਹਨ ਕਿ ਮਨ ਨਾ ਟਿਕਣ ਦਾ ਕਾਰਨ ਦੁਬਿਧਾ ਹੈ ਅਤੇ ਦੁਬਿਧਾ ਵਿਤਕਰੇ ਵਾਲੇ ਸੁਭਾਉ ਤੋਂ ਉਪਜਦੀ ਹੈ, ਇਹ ਵਿਕਤਰਾ ਕੇਵਲ ਸਿਫ਼ਤ-ਸਲਾਹ ਦੀ ਬਰਕਤ ਨਾਲ ਹੀ ਮੁੱਕ ਸਕਦਾ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਹਿੰਦੁਸਤਾਨ ਵਿਚ ਇਕ ਵਿਚਾਰਧਾਰਾ ਜ਼ੋਰ ਪਕੜ ਰਹੀ ਸੀ ਕਿ ਰੀਤਾਂ, ਰਸਮਾਂ, ਸ਼ੰਕਿਆਂ ਅਤੇ ਵਹਿਮਾਂ ਤੋਂ ਉਤਾਂਹ ਉਠ ਕੇ ਇੱਕ ਪ੍ਰਭੂ ਦੀ ਯਾਦ ਦ੍ਰਿੜ੍ਹ ਕੀਤੀ ਜਾਏ। ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਤਾਰ੍ਹਵੀਂ ਸਦੀ ਦੇ ਪਹਿਲੇ ਦਹਾਕੇ ਕੀਤੀ ਤਾਂ ਐਸੇ ਪੰਦਰਾਂ ਭਗਤਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਦਰਯੋਗ ਥਾਂ ਦਿੱਤੀ, ਜੋ ਆਮ ਲੋਕਾਂ ਨੂੰ ਇੱਕ ਅਕਾਲ ਪੁਰਖ ਦੇ ਨਾਮ ਨਾਲ ਜੁੜਨ ਲਈ ਪ੍ਰੇਰਦੇ ਸਨ। ਉਨ੍ਹਾਂ ਭਗਤਾਂ ਦੀ ਕਰਣੀ ਅਤੇ ਕਰਤੱਵ ਨੂੰ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਵਿਚ ਸਲਾਹਿਆ। ਐਸੇ ਹੀ ਇਕ ਸਤਿਕਾਰੇ ਹੋਏ ਭਗਤ ਜੈ ਦੇਵ ਜੀ ਹਨ।

ਬਸੰਤ ਰਾਗ ਵਿਚ ਭਗਤ ਜੀ ਨੇ ਜਿਵੇਂ ਪ੍ਰਭੂ ਨੂੰ ਰੀਝਾਇਆ ਉਸ ਦਾ ਵਰਣਨ ਕੀਤਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ ਕਿ ਭਗਤ ਧੰਨਾ ਜੀ ਨੇ ਨਿਰਵੈਰ ਬਾਲਾਂ (ਬੱਚਿਆਂ) ਵਾਲੀ ਬੁੱਧੀ ਨਾਲ ਪਰਮਾਤਮਾ ਦੀ ਭਗਤੀ ਕੀਤੀ। ਭਗਤ ਤ੍ਰਿਲੋਚਨ ਜੀ ਨੇ ਗੁਰ-ਸ਼ਬਦ ਦੁਆਰਾ ਆਤਮਿਕ ਉਚਾਈਆਂ ਨੂੰ ਛੋਹਿਆ। ਭਗਤ ਬੇਣੀ ਜੀ ਨੇ ਸਰੀਰ ਦਾ ਖ਼ਿਆਲ ਛੱਡ ਆਤਮਿਕ ਜੀਵਨ ਦਾ ਚਾਨਣਾ ਪਾ ਲਿਆ। ਭਗਤ ਜੈ ਦੇਵ ਜੀ ਬੇਸ਼ੱਕ ਆਪ ਅਖੌਤੀ ਉੱਚੀ ਜਾਤ ਦੇ ਬ੍ਰਾਹਮਣ ਸਨ ਪਰ ਉੱਚੀ ਜਾਤ ਦਾ ਮਾਣ ਛੱਡ ਕੇ ਪ੍ਰਭੂ ਦੀ ਭਗਤੀ ਦ੍ਰਿੜ੍ਹ ਕੀਤੀ ਅਤੇ ਉਨ੍ਹਾਂ ’ਤੇ ਕਿਰਪਾ ਹੋਈ। ਭਗਤ ਸੈਣ ਜੀ ਦਾ ਮਨ ਅਡੋਲ ਹੋ ਗਿਆ। ਮਨ ਕਿਸੇ ਵੀ ਥਾਂ ਮਾਇਆ ਦੇ ਠੇਡਿਆਂ ਨਾਲ ਡਿੱਗ ਕੇ ਨਾ ਡੋਲਿਆ ਅਤੇ ਉਹ ਸੰਸਾਰ-ਸਮੁੰਦਰ ਪਾਰ ਲੰਘ ਗਏ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਹਨ:

ਧੰਨੈ ਸੇਵਿਆ ਬਾਲ ਬੁਧਿ ॥
ਤ੍ਰਿਲੋਚਨ ਗੁਰ ਮਿਲਿ ਭਈ ਸਿਧਿ ॥
ਬੇਣੀ ਕਉ ਗੁਰਿ ਕੀਓ ਪ੍ਰਗਾਸੁ ॥
ਰੇ ਮਨ ਤੂ ਭੀ ਹੋਹਿ ਦਾਸੁ ॥5॥
ਜੈਦੇਵ ਤਿਆਗਿਓ ਅਹੰਮੇਵ ॥
ਨਾਈ ਉਧਰਿਓ ਸੈਨੁ ਸੇਵ ॥
ਮਨੁ ਡੀਗਿ ਨ ਡੋਲੈ ਕਹੂੰ ਜਾਇ ॥
ਮਨ ਤੂ ਭੀ ਤਰਸਹਿ ਸਰਣਿ ਪਾਇ ॥ (ਪੰਨਾ 1192)

ਭਗਤ ਕਬੀਰ ਜੀ ਨੇ ਰਾਗ ਬਿਲਾਵਲ ਵਿਚ ਇਸ ਗੱਲ ਵੱਲ ਵਿਸ਼ੇਸ਼ ਇਸ਼ਾਰਾ ਕੀਤਾ ਹੈ ਕਿ ਭਗਤ ਜੈ ਦੇਵ ਜੀ, ਭਗਤ ਨਾਮਦੇਵ ਜੀ ਅਤੇ ਸ੍ਰੀ ਸੁਦਾਮਾ ਜੀ ’ਤੇ ਪ੍ਰਭੂ ਦੀ ਬਖਸ਼ਿਸ਼ ਹੋਈ ਤੇ ਉਹ ਉਸੇ ਦੇ ਹੋ ਗਏ:

ਜੈਦੇਉ ਨਾਮਾ ਬਿਪ ਸੁਦਾਮਾ ਤਿਨ ਕਉ ਕ੍ਰਿਪਾ ਭਈ ਹੈ ਅਪਾਰ ॥ (ਪੰਨਾ 856)

ਭਗਤ ਜੈ ਦੇਵ ਜੀ ਦਾ ਜਨਮ ਪੱਛਮੀ ਬੰਗਾਲ ਦੇ ਬੀਰ ਭੂਮ ਜ਼ਿਲ੍ਹੇ ਦੇ ਕੇਂਦੂਲੀ ਨਾਂ ਦੇ ਪਿੰਡ, ਸ੍ਰੀ ਭੋਜ ਦੇਵ ਜੀ ਦੇ ਗ੍ਰਹਿ ਮਾਤਾ ਰਾਮ ਦੇਵੀ ਦੀ ਕੁੱਖੋਂ ਬਾਰ੍ਹਵੀਂ ਸਦੀ ਦੇ ਤੀਜੇ ਦਹਾਕੇ ਦੇ ਕਰੀਬ ਹੋਇਆ। ਛੋਟੀ ਉਮਰੇ ਹੀ ਰਮਤੇ ਬਣ ਫਿਰਨ ਲੱਗੇ ਅਤੇ ਵਿੱਦਿਆ ਵਿਦਵਾਨਾਂ ਪਾਸੋਂ ਪ੍ਰਾਪਤ ਕੀਤੀ। ਆਪ ਜੀ ਨੂੰ ਗੀਤ-ਰਸ ਦਾ ਅਵਤਾਰ ਕਹਿਆ ਜਾਣ ਲੱਗ ਪਿਆ। ਤਿਆਗੀ ਇਤਨੇ ਸਨ ਕਿ ਸਫਰ ਵਿਚ ਇਕ ਗੜਵਾ ਅਤੇ ਗੋਦੜੀ ਹੀ ਰੱਖਦੇ ਅਤੇ ਇਤਨੀ ਇਹਤਿਆਤ ਵਰਤਦੇ ਕਿ ਦੋ ਰਾਤਾਂ ਵੀ ਇਕ ਦਰੱਖ਼ਤ ਹੇਠਾਂ ਨਾ ਗੁਜ਼ਾਰਦੇ, ਮਤੇ ਥਾਂ ਦਾ ਹੀ ਮੋਹ ਜਾਗ ਪਏ। ਪਰ ਪ੍ਰਭੂ ਨੇ ਆਪ ਜੀ ਕੋਲੋਂ ਬਹੁਤ ਵੱਡਾ ਕਾਰਜ ਲੈਣਾ ਸੀ। ਆਪ ਜੀ ਗ੍ਰਿਹਸਤੀ ਬਣੇ। ਜਗਨ ਨਾਥ ਪੁਰੀ ਜਦ ਪੁੱਜੇ ਤਾਂ ਉਥੇ ਇਹ ਦੇਖ ਦ੍ਰਵ ਗਏ ਕਿ ਇਕ ਅਗਨੀ ਹੋਤ੍ਰੀ ਬ੍ਰਾਹਮਣ ਆਪਣੀ ਅਤਿ ਸੁੰਦਰ ਲੜਕੀ ਨੂੰ ਬਲੀ ਚੜ੍ਹਾਉਣ ਲਈ ਲਿਆਇਆ ਹੈ। ਕਹਿੰਦੇ ਹਨ ਕਿ ਇਹ ਆਵਾਜ਼ ਆਈ ਕਿ ਉਸ ਲੜਕੀ ਨੂੰ ਭਗਤ ਜੈ ਦੇਵ ਜੀ ਨਾਲ ਪ੍ਰਣਾ ਦਿੱਤਾ ਜਾਏ। ਬਲੀ ਕੀਤੀ ਜਾਣ ਵਾਲੀ ਲੜਕੀ ਦਾ ਉਸੇ ਵੇਲੇ ਹੱਥ ਪਕੜ ਲਿਆ ਅਤੇ ਆਪਣਾ ਟਿਕਾਣਾ ਬੀਰ ਭੂਮ ਹੀ ਕਰ ਲਿਆ। ਸੋਭਾ ਆਪ ਜੀ ਦੀ ਚਾਰੇ ਪਾਸੇ ਫੈਲ ਚੁੱਕੀ ਸੀ।

ਬੰਗਾਲ ਦੇ ਰਾਜਾ ਲਕਸ਼ਮਣ ਸੈਨ ਨੇ ਆਪਣਾ ਰਤਨ ਥਾਪਿਆ। ਰਾਜ- ਦਰਬਾਰ ਵਿਚ ਚਾਰ ਰਤਨ ਹੋਰ ਸਨ- ਭਗਤ ਜੈ ਦੇਵ ਜੀ ਨੇ ਆਪ ਹੀ ਉਨ੍ਹਾਂ ਚਹੁੰ ਰਤਨਾਂ ਬਾਰੇ ਲਿਖਿਆ ਹੈ ਕਿ ‘ਉਮਾਪਤੀਧਾਰ’ ਦੀ ਸ਼ਬਦ ਚਿਤ੍ਰਕਾਰੀ, ‘ਸਰਨਾ’ ਦੀ ਖੜ੍ਹੇ-ਖਲੋਤੇ ਕਵਿਤਾ ਰਚਨਾ ਦੀ ਯੋਗਤਾ, ‘ਗੋਵਰਧਨ’ ਦਾ ਬਿਰਹੇ ਬਿਆਨ, ‘ਧੋਈ’ ਦਾ ਇਕ ਵਾਰ ਕੋਈ ਪਾਠ ਸੁਣ ਕੇ ਹੀ ਸੁਣਾ ਦੇਣਾ ਅਤੇ ‘ਜੈ ਦੇਵ’ ਦੀ ਨਿਵੇਕਲੀ ਲਿਖਣ-ਸ਼ੈਲੀ ਨੂੰ ਕੋਈ ਵਿਰਲਾ ਹੀ ਪੁੱਜ ਸਕਦਾ ਹੈ।

ਸਭ ਤੋਂ ਪਹਿਲਾਂ ਭਗਤ ਜੈ ਦੇਵ ਜੀ ਨੇ ‘ਰਸਨ ਰਾਘਵ’ ਲਿਖਿਆ ਪਰ ਉਨ੍ਹਾਂ ਦੀ ਬਹੁਤੀ ਪ੍ਰਸਿੱਧੀ ‘ਗੀਤ ਗੋਵਿੰਦ’ ਲਿਖਣ ਕਰਕੇ ਹੋਈ। ਇਹ ਕਿਹਾ ਜਾਂਦਾ ਹੈ ਕਿ ਜਿੱਥੇ ‘ਗੀਤ ਗੋਵਿੰਦ’ ਗਾਇਆ ਜਾ ਰਿਹਾ ਹੋਵੇ, ਉਥੇ ਜਗਨਨਾਥ ਆਪੂੰ ਸੁਣਨ ਆਉਂਦੇ ਹਨ। ਇਸ ਪ੍ਰਕਾਰ ਦੀਆਂ ਕਈ ਦੰਦ-ਕਥਾਵਾਂ ਪ੍ਰਚੱਲਤ ਹਨ। ਹਿੰਦੂ ਮੁਸਲਮਾਨ ਸਭ ‘ਗੀਤ ਗੋਵਿੰਦ’ ਗਾ ਕੇ ਰਸ ਮਾਣਦੇ ਹਨ। ਇਸ ਵਿਚ ਕ੍ਰਿਸ਼ਨ, ਰਾਧਾ ਅਤੇ ਸਾਖੀਆਂ ਦੇ ਪ੍ਰਤੀਕ ਵਰਤ ਕੇ ਆਤਮਾ ਨੂੰ ਪਰਮਾਤਮਾ ਨਾਲ ਲੀਨ ਹੋਣ ਦਾ ਰਾਹ ਦਰਸਾਇਆ ਹੈ। ਤੀਜੀ ਪ੍ਰਸਿੱਧ ਪੁਸਤਕ ‘ਚੰਦਰਲੋਕ’ ਹੈ ਜਿਸ ਵਿਚ ਲਿਖਣ-ਸ਼ੈਲੀ ਦੇ ਅੰਦਾਜ਼ ਦਰਜ ਹਨ।

ਸਭ ਕੁਝ ਪਾ ਕੇ ਵੀ ਜੈ ਦੇਵ ਜੀ ਦਾ ਸੁਭਾਅ ਉਸੇ ਤਰ੍ਹਾਂ ਤਿਆਗੀ ਅਤੇ ਖੁਲ੍ਹ-ਦਿਲਾ ਰਿਹਾ। ਇਕ ਵਾਰੀ ਠੱਗਾਂ ਦੇ ਵੱਸ ਪੈ ਗਏ ਤਾਂ ਸਭ ਕੁਝ ਆਪ ਹੀ ਦੇ ਦਿੱਤਾ ਅਤੇ ਕਿਹਾ, ਭਲੇ ਲੋਕੋ! ਇਹ ਮਾਇਆ ਦੀ ਪਕੜ ਹੀ ਪਾਪ ਦਾ ਮੂਲ ਹੈ, ਬੇਸੰਜਮੇ ਨੂੰ ਹੀ ਰੋਗ ਗ੍ਰਸਦੇ ਹਨ ਅਤੇ ਸੰਸਾਰਕ ਮੋਹ ਹੀ ਦੁੱਖ ਦਾ ਕਾਰਨ ਹੈ। ਇਨ੍ਹਾਂ ਤਿੰਨਾਂ ਨੂੰ ਤਿਆਗਣ ਨਾਲ ਹੀ ਸੁਖ-ਸ਼ਾਂਤੀ ਮਿਲਦੀ ਹੈ। ਥੋੜ੍ਹੇ ਹੀ ਸਮੇਂ ਉਪਰੰਤ ਆਪ ਜੀ ਲਕਸ਼ਮਣ ਸੈਨ ਦਾ ਦਰਬਾਰ ਛੱਡ ਆਪਣੇ ਜਨਮ-ਅਸਥਾਨ ਕੇਂਦੂਲੀ ਆ ਗਏ ਅਤੇ ਉਥੇ ਹੀ ਅੰਤਮ ਸਵਾਸਾਂ ਤਕ ਲੋਕਾਂ ਨੂੰ ਸ਼ਰਧਾ ਭਗਤੀ ਵਿਚ ਲਗਾਉਂਦੇ ਰਹੇ। ਆਪ ਜੀ ਦਾ ਦੇਹਾਂਤ 72 ਕੁ ਸਾਲ ਦੀ ਉਮਰ ਵਿਚ ਹੋਇਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਪ ਜੀ ਦੇ ਦੋ ਸ਼ਬਦ ਹਨ: ਇਕ ਰਾਗ ਗੂਜਰੀ ਤੇ ਦੂਜਾ ਰਾਗ ਮਾਰੂ ਵਿਚ ਦਰਜ ਹੈ। ਰਾਗ ਗੂਜਰੀ ਦੇ ਸ਼ਬਦ ਦੀ ਰਹਾਉ ਵਾਲੀ ਤੁਕ ਵਿਚ ਭਗਤ ਜੈ ਦੇਵ ਜੀ ਫ਼ਰਮਾਉਂਦੇ ਹਨ ਕਿ ਕੇਵਲ ਪਰਮਾਤਮਾ ਦਾ ਸੁੰਦਰ ਨਾਮ ਸਿਮਰ ਜੋ ਅੰਮ੍ਰਿਤ ਭਰਪੂਰ ਹੈ, ਜੋ ਅਸਲੀਅਤ ਰੂਪ ਹੈ, ਜਿਸ ਦੇ ਸਿਮਰਨ ਨਾਲ ਜਨਮ-ਮਰਨ, ਬੁਢੇਪਾ, ਚਿੰਤਾ, ਫਿਕਰ ਅਤੇ ਮੌਤ ਦਾ ਡਰ ਤੇ ਦੁੱਖ ਨਹੀਂ ਰਹਿੰਦਾ।

ਕੇਵਲ ਰਾਮ ਨਾਮ ਮਨੋਰਮੰ ॥
ਬਦਿ ਅੰਮ੍ਰਿਤ ਤਤ ਮਇਅੰ ॥
ਨ ਦਨੋਤਿ ਜਸਮਰਣੇਨ ਜਨਮ ਜਰਾਧਿ ਮਰਣ ਭਇਅੰ ॥ (ਪੰਨਾ 526)

ਫਿਰ ਕਹਿੰਦੇ ਹਨ ਕਿ ਪਰਮਾਤਮਾ ਸਭ ਤੋਂ ਉੱਚੀ ਹਸਤੀ ਹੈ, ਸਭ ਦਾ ਮੂਲ ਹੈ, ਸਭ ਵਿਚ ਵਿਆਪਕ ਹੈ ਅਤੇ ਉਸ ਵਰਗਾ ਹੋਰ ਕੋਈ ਨਹੀਂ:

ਪਰਮਾਦਿ ਪੁਰਖਮਨੋਪਿਮੰ ਸਤਿ ਆਦਿ ਭਾਵ ਰਤੰ ॥ (ਪੰਨਾ 526)

ਭਗਤ ਜੈ ਦੇਵ ਜੀ ਫ਼ਰਮਾਉਂਦੇ ਹਨ, ਜੇ ਤੂੰ ਮੌਤ ਦੇ ਡਰ ਤੋਂ ਬਚਣਾ ਲੋੜਦਾ ਹੈਂ, ਜੇ ਸ਼ੋਭਾ ਖੱਟਣਾ ਚਾਹੁੰਦਾ ਹੈਂ ਅਤੇ ਨੇਕ ਬਣਨ ਦਾ ਇੱਛੁਕ ਹੈਂ ਤਾਂ ਲੋਭ ਛੱਡ ਦੇ, ਪਰਾਏ ਘਰ ਵੱਲ ਤੱਕਣਾ ਤਿਆਗ ਦੇ, ਐਸਾ ਕਾਰਜ ਨਾ ਕਰ ਜੋ ਮਰਯਾਦਾ ਦੇ ਉਲਟ ਹੈ, ਦੁਰਮਤਿ ਤਿਆਗ ਦੇ ਅਤੇ ਪ੍ਰਭੂ ਦੀ ਸ਼ਰਨ ਲੈ, ਜੋ ਸਦਾ ਕਾਇਮ ਹੈ ਅਤੇ ਸਦਾ ਖਿੜਿਆ ਰਹਿੰਦਾ ਹੈ:

ਲੋਭਾਦਿ ਦ੍ਰਿਸਟਿ ਪਰ ਗ੍ਰਿਹੰ ਜਦਿਬਿਧਿ ਆਚਰਣੰ ॥
ਤਜਿ ਸਕਲ ਦੁਹਕ੍ਰਿਤ ਦੁਰਮਤੀ ਭਜੁ ਚਕ੍ਰਧਰ ਸਰਣੰ ॥ (ਪੰਨਾ 526)

ਆਪਣਾ ਤਜਰਬਾ ਦੱਸਦੇ ਹੋਏ ਕਹਿੰਦੇ ਹਨ, ਜਿਨ੍ਹਾਂ ਪ੍ਰਭੂ ਨੂੰ ਪਾ ਲਿਆ ਉਨ੍ਹਾਂ ਦੇ ਮਨ ਪਾਵਨ, ਬੋਲ ਪਵਿੱਤਰ ਅਤੇ ਕਰਮ ਸ਼ੁਭ ਹੁੰਦੇ ਹਨ। ਐਸੇ ਪੁਰਸ਼ ਜੋਗ, ਤਪ ਤੇ ਦਾਨ ਦੇ ਝਗੜਿਆਂ ਵਿਚ ਨਹੀਂ ਪੈਂਦੇ। ਮੈਂ ਵੀ ਸਾਰੇ ਆਸਰੇ ਛੱਡ ਉਸ ਦੀ ਸ਼ਰਨ ਪਿਆ ਹਾਂ ਅਤੇ ਮੈਨੂੰ ਸਭ ਨਿਧਾਂ ਮਿਲ ਗਈਆਂ ਹਨ:

ਹਰਿ ਭਗਤ ਨਿਜ ਨਿਹਕੇਵਲਾ ਰਿਦ ਕਰਮਣਾ ਬਚਸਾ ॥
ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ ॥4॥
ਗੋਬਿੰਦ ਗੋਬਿੰਦੇਤਿ ਜਪਿ ਨਰ ਸਕਲ ਸਿਧਿ ਪਦੰ ॥
ਜੈਦੇਵ ਆਇਉ ਤਸ ਸਫੁਟੰ ਭਵ ਭੂਤ ਸਰਬ ਗਤੰ ॥5॥1॥ (ਪੰਨਾ 526)

ਮਾਰੂ ਰਾਗ ਦੇ ਸ਼ਬਦ ਵਿਚ ਭਗਤ ਜੈ ਦੇਵ ਜੀ ਫ਼ਰਮਾਉਂਦੇ ਹਨ ਕਿ ਮਨ ਨਾ ਟਿਕਣ ਦਾ ਕਾਰਨ ਦੁਬਿਧਾ ਹੈ ਅਤੇ ਦੁਬਿਧਾ ਵਿਤਕਰੇ ਵਾਲੇ ਸੁਭਾਉ ਤੋਂ ਉਪਜਦੀ ਹੈ, ਇਹ ਵਿਕਤਰਾ ਕੇਵਲ ਸਿਫ਼ਤ-ਸਲਾਹ ਦੀ ਬਰਕਤ ਨਾਲ ਹੀ ਮੁੱਕ ਸਕਦਾ ਹੈ।

ਮਨ ਆਦਿ ਗੁਣ ਆਦਿ ਵਖਾਣਿਆ ॥
ਤੇਰੀ ਦੁਬਿਧਾ ਦ੍ਰਿਸਟਿ ਸੰਮਾਨਿਆ ॥ (ਪੰਨਾ 1106)

ਆਪ ਜੀ ਉਚਾਰਦੇ ਹਨ ਕਿ ਸਿਫ਼ਤ-ਸਲਾਹ ਦੇ ਟਾਕਰੇ ਪ੍ਰਾਣਾਯਾਮ ਆਦਿ ਕੁਝ ਵੀ ਨਹੀਂ। ਵਿਆਖਿਆ ਕਰਦੇ ਕਹਿੰਦੇ ਹਨ ਕਿ ਖੱਬੀ ਸੁਰ ਪ੍ਰਾਣ ਚਾੜ੍ਹਨੇ, ਸੁਖਮਨਾ ਵਿਚ ਅਟਕਾਈ ਰੱਖਣੇ ਅਤੇ ਸੱਜੀ ਸੁਰ ਰਾਹੀਂ ਸੋਲਾਂ ਵਾਰੀ ‘ਓਮ’ ਆਖ ਕੇ ਵਾਪਸ ਲਿਆਉਣੇ, ਸਿਫ਼ਤ-ਸਲਾਹ ਦੇ ਮੁਕਾਬਲੇ ਤੁੱਛ ਹੈ। ਸਾਰੀ ਲੋੜ ਮਨ ਦਾ ਵਿਤਕਰੇ ਵਾਲਾ ਸੁਭਾਉ ਮੁਕਾਉਣਾ ਹੈ ਅਤੇ ਮੁੱਕਦਾ ਹੈ ਨਾਮ-ਅੰਮ੍ਰਿਤ ਪੀਣ ਨਾਲ ਤੇ ਸਿਮਰਨ ਨਾਲ:

ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜਸਾ ਦਤੁ ਕੀਆ ॥
ਅਬਲ ਬਲੁ ਤੋੜਿਆ ਅਚਲ ਚਲੁ ਥਪਿਆ ਅਘੜੁ ਘੜਿਆ ਤਹਾ ਅਪਿਉ ਪੀਆ॥ (ਪੰਨਾ 1106)

ਅੰਤ ਵਿਚ ਭਗਤ ਜੈ ਦੇਵ ਜੀ ਫ਼ਰਮਾਉਂਦੇ ਹਨ ਕਿ ਅਰਾਧਨਾ, ਸ਼ਰਧਾ ਅਤੇ ਸਿਮਰਨ ਹੀ ਉਸ ਨਾਲ ਇੱਕਮਿੱਕ ਕਰਦੇ ਹਨ ਅਤੇ ਵਾਸ਼ਨਾ ਰਹਿਤ ਜੀਵਨ ਗੁਜ਼ਾਰਿਆਂ ਪ੍ਰਭੂ ਮਿਲ ਪੈਂਦਾ ਹੈ। ਸਾਨੂੰ ਸਮਝਾ ਰਹੇ ਹਨ ਕਿ ਨਾਮ-ਸਿਮਰਨ ਨਾਲ ਐਸੀ ਅਸਚਰਜਮਈ ਇਕਾਗਰਤਾ ਪੈਦਾ ਹੁੰਦੀ ਹੈ, ਜਿਸ ਦੁਆਰਾ ਪ੍ਰਭੂ ਹਿਰਦੇ ਵਿਚ ਹੀ ਦੇਖ ਲਈਦਾ ਹੈ:

ਅਰਧਿ ਕਉ ਅਰਧਿਆ ਸਰਧਿ ਕਉ ਸਰਧਿਆ ਸਲਲ ਕਉ ਸਲਲਿ ਸੰਮਾਨਿ ਆਇਆ ॥
ਬਦਤਿ ਜੈਦੇਉ ਜੈਦੇਵ ਕਉ ਰੰਮਿਆ ਬ੍ਰਹਮੁ ਨਿਰਬਾਣੁ ਲਿਵ ਲੀਣੁ ਪਾਇਆ ॥ (ਪੰਨਾ 1106)

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Satbir Singh
ਇਤਿਹਾਸਕਾਰ ਅਤੇ ਦਾਰਸ਼ਨਿਕ

ਪ੍ਰਸਿੱਧ ਪੰਜਾਬੀ ਲੇਖਕ, ਇਤਿਹਾਸਕਾਰ ਅਤੇ ਦਾਰਸ਼ਨਿਕ ਪ੍ਰਿੰਸੀਪਲ ਸਤਬੀਰ ਸਿੰਘ (1 ਮਾਰਚ 1932 - 18 ਅਗਸਤ 1994) ਇੱਕ ਉੱਚ ਕੋਟੀ ਦੇ ਸਿੱਖ ਵਿਦਵਾਨ ਚਿੰਤਕ, ਸੁਘੜ ਬੁਲਾਰੇ, ਸੁਚੱਜੇ ਪ੍ਰਬੰਧਕ, ਅਥੱਕ ਸੇਵਕ ਸਨ। ਆਪ ਜੀ ਨੇ ਸਿੱਖ ਪੰਥ ਦੀ ਝੋਲੀ ਵਿੱਚ ਅਨੇਕਾਂ ਖੋਜ-ਭਰਪੂਰ ਕਿਤਾਬਾਂ ਪਾਈਆਂ ਹਨ।

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)