editor@sikharchives.org

ਭਗਤ ਕਬੀਰ ਜੀ

ਪੰਦਰ੍ਹਵੀਂ ਸਦੀ ਦੀ ਭਗਤੀ ਲਹਿਰ ਵਿੱਚੋਂ ਇਕ ਮਹਾਨ ਕ੍ਰਾਂਤੀਕਾਰ, ਸਮਾਜ ਸੁਧਾਰਕ, ਨਿਡਰ ਅਤੇ ਨਿਧੜਕ ਸ਼੍ਰੋਮਣੀ ਸੰਤ-ਭਗਤ ਕਬੀਰ ਜੀ ਹੋਏ ਹਨ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਪੰਦਰ੍ਹਵੀਂ ਸਦੀ ਦੀ ਭਗਤੀ ਲਹਿਰ ਵਿੱਚੋਂ ਇਕ ਮਹਾਨ ਕ੍ਰਾਂਤੀਕਾਰ, ਸਮਾਜ ਸੁਧਾਰਕ, ਨਿਡਰ ਅਤੇ ਨਿਧੜਕ ਸ਼੍ਰੋਮਣੀ ਸੰਤ-ਭਗਤ ਕਬੀਰ ਜੀ ਹੋਏ ਹਨ। ਉਨ੍ਹਾਂ ਨੇ ਜਾਤ-ਪਾਤ, ਊਚ-ਨੀਚ, ਕਰਮ-ਕਾਂਡ ਅਤੇ ਬੁੱਤ ਪੂਜਾ ਦਾ ਖੰਡਨ ਹੀ ਨਹੀਂ ਕੀਤਾ, ਸਗੋਂ ਲੋਕਾਂ ਨੂੰ ਇੱਕ ਹੀ ਪਰਮਾਤਮਾ ਦੀ ਪੂਜਾ ਵੱਲ ਪ੍ਰੇਰਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਭ ਇਨਸਾਨ ਬਰਾਬਰ ਹਨ ਅਤੇ ਸਭਨਾਂ ਵਿਚ ਇੱਕ ਹੀ ਪਰਮਾਤਮਾ ਦੀ ਜੋਤ ਜਗ ਰਹੀ ਹੈ। ਭਗਤ ਕਬੀਰ ਜੀ ਫੁਰਮਾਉਂਦੇ ਹਨ :

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥1॥ (ਪੰਨਾ 1349-50)

ਭਗਤ ਕਬੀਰ ਜੀ ਸੰਮਤ 1455 ਬਿਕਰਮੀ ਨੂੰ ਜੇਠ ਦੀ ਪੁੰਨਿਆਂ ਵਾਲੇ ਦਿਨ ਬਨਾਰਸ ਵਿਚ ਪ੍ਰਗਟ ਹੋਏ। ਉਨ੍ਹਾਂ ਦੇ ਪਾਲਕ ਮਾਤਾ-ਪਿਤਾ ਦੇ ਨਾਂ ਨੀਮਾ ਅਤੇ ਨੀਰੂ ਸਨ। ਉਹ ਜੁਲਾਹਾ ਕਿੱਤੇ ਨਾਲ ਸੰਬੰਧ ਰੱਖਦੇ ਅਤੇ ਹੱਥੀਂ ਕੱਪੜਾ ਤਿਆਰ ਕਰਦੇ ਸਨ। ਦੋਵੇਂ ਜੀਅ ਬਹੁਤ ਮਿਹਨਤੀ ਅਤੇ ਨੇਕ ਇਨਸਾਨ ਸਨ। ਆਪਣੇ ਮਾਤਾ-ਪਿਤਾ ਦੀ ਇਕਲੌਤੀ ਔਲਾਦ ਹੋਣ ਕਰਕੇ ਉਨ੍ਹਾਂ ਦਾ ਪਾਲਣ-ਪੋਸ਼ਣ ਬੜੇ ਹੀ ਚਾਵਾਂ-ਮਲ੍ਹਾਰਾਂ ਨਾਲ ਹੋਇਆ।

ਭਗਤ ਕਬੀਰ ਜੀ ਦੀ ਬਾਣੀ ਵਿਚ ਪ੍ਰਭੂ ਪ੍ਰੇਮ, ਸਮਾਜਿਕ ਸੁਧਾਰ, ਕੁਦਰਤ ਦੇ ਰਹੱਸਾਂ, ਜਾਤ-ਪਾਤ ਦੇ ਕੋਹੜ ਪ੍ਰਤੀ ਅੰਦੋਲਨ, ਸਾਂਝੀਵਾਲਤਾ, ਸਵੈ-ਪੜਚੋਲ, ਧਾਰਮਿਕ ਸੰਵਾਦ ਆਦਿ ਵਿਸ਼ੇ ਸ਼ਾਮਲ ਹਨ। ਇਸ ਤੋਂ ਇਲਾਵਾ ਕਾਵਿਕ ਸ੍ਰੇਸ਼ਟਤਾ ਦੇ ਗੁਣ ਸਹਿਜੇ ਹੀ ਉਭਰ ਆਉਂਦੇ ਹਨ।

ਆਪ ਜੀ ਦੇ ਸਤਾਰ੍ਹਾਂ ਰਾਗਾਂ ਵਿਚ 225 ਸ਼ਬਦ, 1 ਬਾਵਨ ਅੱਖਰੀ, 1 ਥਿਤੀ, 1 ਸਤਵਾਰਾ ਅਤੇ 243 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਚ ਦਰਜ ਹਨ।

ਭਗਤ ਕਬੀਰ ਜੀ ਦੀ ਧਰਮ ਪਤਨੀ ਦਾ ਨਾਂ ਲੋਈ ਜੀ ਸੀ, ਜਿਸ ਨੂੰ ਸਤਿਕਾਰ ਨਾਲ ‘ਮਾਤਾ ਲੋਈ’ ਕਹਿ ਕੇ ਪੁਕਾਰਿਆ ਜਾਂਦਾ ਹੈ ਅਤੇ ਬੇਟੇ ਦਾ ਨਾਂ ਕਮਾਲਾ ਤੇ ਬੇਟੀ ਦਾ ਨਾਂ ਕਮਾਲੀ ਸੀ।

ਸਿਆਣਿਆਂ ਦਾ ਕਹਿਣਾ ਹੈ ਕਿ ‘ਹੋਣਹਾਰ ਬਿਰਵਾ ਕੇ ਚਿਕਨੇ-ਚਿਕਨੇ ਪਾਤ’, ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਪਾਸੇ ਲਾਉਣਾ ਹੋਵੇ, ਆਮ ਕਰਕੇ ਜਨਮ ਤੋਂ ਹੀ ਲਾ ਲਿਆ ਕਰਦਾ ਹੈ, ਜਿਵੇਂ ਕਿ ਭਗਤ ਪ੍ਰਹਿਲਾਦ, ਧ੍ਰੂ ਭਗਤ ਆਦਿ।

ਬਹੁਤ ਸਾਰੇ ਵਿਦਵਾਨਾਂ ਦਾ ਇਹੀ ਵਿਚਾਰ ਹੈ ਕਿ ਭਗਤ ਕਬੀਰ ਜੀ ਭਗਤ ਰਾਮਾਨੰਦ ਜੀ ਦੇ ਚੇਲੇ ਸਨ। ਇਸ ਗੱਲ ਦੀ ਗਵਾਹੀ ਗੁਰੂ-ਘਰ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਭਰਦੇ ਹਨ :-

ਹੋਇ ਬਿਰਕਤੁ ਬਨਾਰਸੀ ਰਹਿੰਦਾ ਰਾਮਾਨੰਦੁ ਗੁਸਾਈਂ।
ਅੰਮ੍ਰਿਤੁ ਵੇਲੇ ਉਠਿ ਕੈ ਜਾਂਦਾ ਗੰਗਾ ਨ੍ਹਾਵਣ ਤਾਈਂ।
ਅਗੋਂ ਹੀ ਦੇ ਜਾਇ ਕੇ ਲੰਮਾ ਪਿਆ ਕਬੀਰ ਤਿਥਾਈਂ।
ਪੈਰੀਂ ਟੁੰਬਿ ਉਠਾਲਿਆ ਬੋਲਹੁ ਰਾਮ ਸਿਖ ਸਮਝਾਈਂ।
ਜਿਉਂ ਲੋਹਾ ਪਾਰਸੁ ਛੁਹੇ ਚੰਦਨ ਵਾਸੁ ਨਿੰਮੁ ਮਹਿਕਾਈ।
ਪਸੂ ਪਰੇਤਹੁ ਦੇਵ ਕਰਿ ਪੂਰੇ ਸਤਿਗੁਰ ਦੀ ਵਡਿਆਈ।
ਅਚਰਜ ਨੋ ਅਚਰਜੁ ਮਿਲੈ ਵਿਸਮਾਦੈ ਵਿਸਮਾਦੁ ਮਿਲਾਈ।
ਝਰਣਾ ਝਰਦਾ ਨਿਝਰਹੁ ਗੁਰਮੁਖਿ ਬਾਣੀ ਅਘੜ ਘੜਾਈ।
ਰਾਮ ਕਬੀਰੈ ਭੇਦੁ ਨ ਭਾਈ॥ (ਭਾਈ ਗੁਰਦਾਸ ਜੀ, ਵਾਰ 10:15)

ਭਗਤ ਕਬੀਰ ਜੀ ਨਾਮ ਸਿਮਰਨ ਅਤੇ ਸਾਧੂ-ਸੰਤਾਂ ਦੀ ਸੰਗਤ ਵਿਚ ਲੱਗ ਕੇ ਬਹੁਤ ਸੁਖ-ਅਨੰਦ ਮਹਿਸੂਸਦੇ ਸਨ। ਉਨ੍ਹਾਂ ਦਾ ਘਰ ਇੱਕ ਠਾਕਰ ਦੁਆਰਾ ਬਣ ਗਿਆ, ਜਿੱਥੇ ਸਾਰਾ ਦਿਨ ਗਿਆਨ-ਚਰਚਾ ਹੁੰਦੀ ਰਹਿੰਦੀ ਸੀ। ਇਸ ’ਤੇ ਅਖੌਤੀ ਬ੍ਰਾਹਮਣ ਸੜਦੇ ਅਤੇ ਭਗਤ ਜੀ ਦੀ ਨਿੰਦਿਆ ਕਰਦੇ ਸਨ। ਭਗਤ ਕਬੀਰ ਜੀ ਕਦੇ ਵੀ ਨਿੰਦਾ ਤੋਂ ਘਬਰਾਏ ਨਹੀਂ। ਭਗਤ ਕਬੀਰ ਜੀ ਇਉਂ ਫੁਰਮਾਉਂਦੇ ਹਨ:

ਨਿੰਦਾ ਹਮਰੀ ਪ੍ਰੇਮ ਪਿਆਰੁ॥
ਨਿੰਦਾ ਹਮਰਾ ਕਰੈ ਉਧਾਰੁ॥
ਜਨ ਕਬੀਰ ਕਉ ਨਿੰਦਾ ਸਾਰੁ॥
ਨਿੰਦਕੁ ਡੂਬਾ ਹਮ ਉਤਰੇ ਪਾਰਿ॥3॥20॥71॥ (ਪੰਨਾ 339)

ਸਮਾਜ ਨੂੰ ਧਰਮ ਦੇ ਅਖੌਤੀ ਆਗੂਆਂ ਵੱਲੋਂ ਜਾਤ-ਪਾਤ, ਛੂਤ-ਛਾਤ, ਵਹਿਮ- ਭਰਮ, ਪਾਖੰਡਵਾਦ ਅਤੇ ਅਨੇਕ-ਈਸ਼ਵਰਵਾਦ ਵਿਚ ਵੰਡ ਕੇ ਲੀਰੋ-ਲੀਰ ਕੀਤਾ ਹੋਇਆ ਸੀ। ਭਗਤ ਕਬੀਰ ਜੀ ਨੇ ਸਮਾਜ ਨੂੰ ਇਸ ਪ੍ਰਤੀ ਜਾਗ੍ਰਿਤ ਕਰਨ ਲਈ ਦਲੇਰੀ ਅਤੇ ਨਿਰਭੈਤਾ ਦਾ ਸਬੂਤ ਦਿੱਤਾ:

ਗਰਭ ਵਾਸ ਮਹਿ ਕੁਲੁ ਨਹੀ ਜਾਤੀ॥
ਬ੍ਰਹਮ ਬਿੰਦੁ ਤੇ ਸਭ ਉਤਪਾਤੀ॥1॥
ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ॥
ਬਾਮਨ ਕਹਿ ਕਹਿ ਜਨਮੁ ਮਤ ਖੋਏ॥1॥ਰਹਾਉ॥(ਪੰਨਾ 324)

ਅੰਤਲੇ ਸਮੇਂ ਵਿਚ ਭਗਤ ਕਬੀਰ ਜੀ ਕਾਸ਼ੀ ਛੱਡ ਕੇ ਮਗਹਰ ਆ ਵੱਸੇ। ਇਹ ਇਹੋ ਜਿਹੀ ਥਾਂ ਸੀ, ਜਿੱਥੇ ਕੋਈ ਵੱਸਦਾ ਨਹੀਂ ਸੀ, ਕਿਉਂਕਿ ਇਹ ਧਾਰਨਾ ਪ੍ਰਚੱਲਤ ਸੀ ਕਿ ਇਥੇ ਮਰਨ ਵਾਲਾ ਖੋਤੇ ਦੀ ਜੂਨੇ ਪੈਂਦਾ ਹੈ। ਪਰ ਨਿਬੇੜਾ ਤਾਂ ਕਰਮਾਂ ਨਾਲ ਹੀ ਹੋਣਾ ਹੈ। ਭਗਤ ਕਬੀਰ ਜੀ ਦੇ ‘ਨਾਮ ਸਿਮਰਨ ਪ੍ਰਤਾਪ’ ਨੇ ਮਗਹਰ ਨੂੰ ਵੀ ਕਾਸ਼ੀ ਵਰਗਾ ਰੌਣਕੀ ਅਸਥਾਨ ਬਣਾ ਦਿੱਤਾ। ਇਸ ਤਰ੍ਹਾਂ ਭਗਤ ਕਬੀਰ ਜੀ ਨੇ ਬ੍ਰਾਹਮਣਵਾਦ ਦਾ ਭਰਮ ਤੋੜਿਆ। ਸੰਗਤਾਂ ਨੂੰ ਨਾਮ-ਸਿਮਰਨ ਨਾਲ ਜੋੜਦੇ ਹੋਏ ਸੰਮਤ 1575 ਬਿਕਰਮੀ ਨੂੰ ਉਹ ਜੋਤੀ-ਜੋਤ ਸਮਾ ਗਏ। ਉਨ੍ਹਾਂ ਦੀ ਬਾਣੀ ਅੱਜ ਵੀ ਕਰੋੜਾਂ ਮਨੁੱਖਾਂ ਨੂੰ ਸਹੀ ਸੇਧ ਦੇ ਕੇ ਸ਼ਾਂਤੀ ਪ੍ਰਦਾਨ ਕਰ ਰਹੀ ਹੈ।

ਕਬੀਰ ਮਨੁ ਨਿਰਮਲੁ ਭਇਆ ਜੈਸਾ ਗੰਗਾ ਨੀਰੁ॥
ਪਾਛੈ ਲਾਗੋ ਹਰਿ ਫਿਰੈ ਕਹਤ ਕਬੀਰ ਕਬੀਰ॥55॥ (ਪੰਨਾ 1367)

ਸਾਨੂੰ ਭਗਤ ਕਬੀਰ ਜੀ ਦੀ ਬਾਣੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤਾਂ ਜੋ ਸਮਾਜ ਵਿਚ ਅਟੁੱਟ ਪਿਆਰ ਬਣਿਆ ਰਹੇ ਅਤੇ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ। ਬਰਨਾਰਡ ਸ਼ਾਅ ਦਾ ਕਥਨ ਹੈ, “ਇਸ ਦੁਨੀਆਂ ਵਿਚ ਖ਼ਤਰਾ ਸਦਾ ਉਨ੍ਹਾਂ ਲੋਕਾਂ ਲਈ ਹੀ ਹੁੰਦਾ ਹੈ, ਜਿਹੜੇ ਖ਼ਤਰੇ ਤੋਂ ਡਰੇ ਰਹਿੰਦੇ ਹਨ”।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

#402-ਈ, ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ, ਲੁਧਿਆਣਾ।

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)