ਭਗਤ ਪੀਪਾ ਜੀ ਮੱਧਕਾਲੀਨ ਭਗਤੀ ਲਹਿਰ ਦੇ ਭਗਤ ਰਾਮਾਨੰਦ ਜੀ ਦੇ ਚੇਲੇ ਅਤੇ ਭਗਤ ਕਬੀਰ ਜੀ ਦੇ ਸਮਕਾਲੀ ਹੋਏ ਹਨ। ਇਨ੍ਹਾਂ ਦਾ ਜਨਮ 1482 ਸੰਮਤ (1425 ਈਸਵੀ) ਵਿਚ ਹੋਇਆ ਸੀ।1 ਇਹ ਪੂਰਬੀ ਰਾਜਸਥਾਨ ਦੀ ਇਕ ਛੋਟੀ ਜਿਹੀ ਰਿਆਸਤ ‘ਗਗਰੌਨਗੜ੍ਹ’ ਦੇ ਰਾਜਾ ਅਤੇ ਜਾਤ ਪੱਖੋਂ ਖੀਂਚੀ ਵੰਸ਼ ਦੇ ਰਾਜਪੂਤ ਸਨ।2 ਪਹਿਲਾਂ ਇਹ ਦੁਰਗਾ ਦੇਵੀ ਦੇ ਉਪਾਸ਼ਕ ਸਨ, ਪਰ ਬਾਅਦ ਵਿਚ ਭਗਤ ਰਾਮਾਨੰਦ ਜੀ ਦੇ ਚੇਲੇ ਬਣ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਨ੍ਹਾਂ ਦਾ ਇੱਕੋ ਇੱਕ ਸ਼ਬਦ ਧਨਾਸਰੀ ਰਾਗ ਵਿਚ ਦਰਜ ਹੈ:
ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ ॥
ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ ॥1॥
ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ ॥
ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ ॥1॥ ਰਹਾਉ ॥
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥
ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ ॥2॥3 (ਪੰਨਾ 695)
ਇਸ ਸ਼ਬਦ ਵਿਚ ‘ਜੋ ਬ੍ਰਹਮੰਡੇ ਸੋਈ ਪਿੰਡੇ’ ਦਾ ਸਿਧਾਂਤ ਭਗਤ ਪੀਪਾ ਜੀ ਦੀ ਅਧਿਆਤਮਿਕ ਵਿਚਾਰਧਾਰਾ ਦਾ ਤੱਤ-ਸਾਰ ਹੈ, ਜਿਸ ਵਿਚ ਜਗਿਆਸੂ ਨੂੰ ਆਪੇ ਵਿੱਚੋਂ ਪਰਮ ਤੱਤ ਖੋਜਣ ਦੀ ਪ੍ਰੇਰਨਾ ਦਿੱਤੀ ਗਈ ਹੈ। ਇਹ ਸਿਧਾਂਤ ਗੁਰਮਤਿ ਵਿਚਾਰਧਾਰਾ ਦੇ ਬਿਲਕੁਲ ਅਨੁਕੂਲ ਹੈ। ਇਸ ਸਿਧਾਂਤ ਅਨੁਸਾਰ ਮਨੁੱਖੀ ਸਰੀਰ (ਪਿੰਡ) ਅਤੇ ਬ੍ਰਹਿਮੰਡ ਵਿਚ ਇੱਕੋ ਸ਼ਕਤੀ ਜਾਂ ਸੱਤਾ ਕੰਮ ਕਰ ਰਹੀ ਹੈ। ਅਥਵਾ ਬ੍ਰਹਿਮੰਡ ਵਿਚ ਵਿਆਪਕ ਪਰਮਾਤਮਾ ਅਤੇ ਪਿੰਡ-ਖੰਡ ਵਿਚ ਵਿਆਪ ਰਹੀ ਆਤਮਾ ਇੱਕ ਹੀ ਚੀਜ਼ ਹੈ:
ਜੋ ਬ੍ਰਹਮੰਡਿ ਖੰਡਿ ਸੋ ਜਾਣਹੁ ॥ (ਪੰਨਾ 1041)
ਭਗਤ ਕਬੀਰ ਜੀ ਆਤਮਾ ਨੂੰ ਪਰਮਾਤਮਾ ਦਾ ਹੀ ਅੰਸ਼ ਰੂਪ ਮੰਨਦੇ ਹਨ:
ਕਹੁ ਕਬੀਰ ਇਹੁ ਰਾਮ ਕੀ ਅੰਸੁ ॥ (ਪੰਨਾ 871)
ਜਿਹੜਾ ਮਨੁੱਖ ਆਪਣੇ ਅੰਦਰਲੇ ਆਤਮ ਤੱਤ ਨੂੰ ਜਾਣ ਲੈਂਦਾ ਹੈ, ਉਸ ਨੂੰ ਪਰਮਾਤਮਾ ਦੀ ਸੋਝੀ ਹੋ ਜਾਂਦੀ ਹੈ:
ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ ॥
ਏਕੋ ਅੰਮ੍ਰਿਤ ਬਿਰਖੁ ਹੈ ਫਲੁ ਅੰਮ੍ਰਿਤੁ ਹੋਈ ॥ (ਪੰਨਾ 421)
ਭਗਤ ਪੀਪਾ ਜੀ ਨੇ ‘ਜੋ ਬ੍ਰਹਮੰਡੇ ਸੋਈ ਪਿੰਡੇ’ ਦਾ ਸਿਧਾਂਤ ਮੂਰਤੀ-ਪੂਜਾ ਦੇ ਵਿਰੋਧ ਵਿਚ ਪੇਸ਼ ਕੀਤਾ ਜਾਪਦਾ ਹੈ। ਉਹ ਇੱਟਾਂ, ਚੂਨੇ ਦੇ ਮੰਦਰਾਂ ਵਿਚ ਪਰਮਾਤਮਾ ਦੀ ਮੂਰਤੀ ਬਣਾ ਕੇ ਧੂਪ, ਦੀਪ, ਨਈਬੇਦ ਆਦਿ ਵਸਤਾਂ ਨਾਲ ਉਸ ਦੀ ਪੂਜਾ ਕਰਨ ਨੂੰ ਅਗਿਆਨਤਾ ਸਮਝਦੇ ਹਨ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਪ੍ਰਭੂ-ਦੇਵ ਦਾ ਅਸਲ ਨਿਵਾਸ-ਸਥਾਨ ਮਨੁੱਖੀ ਸਰੀਰ ਹੈ; ਇਸ ਲਈ ਉਸ ਦੀ ਪੂਜਾ ਸਰੀਰ (ਕਾਇਆ) ਦੇ ਅੰਦਰ ਹੀ ਹੋਣੀ ਚਾਹੀਦੀ ਹੈ:
ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ ॥
ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ ॥ (ਪੰਨਾ 695)
ਗੁਰਬਾਣੀ ਅੰਦਰ ਮਨੁੱਖੀ ਸਰੀਰ ਹਰੀ ਦਾ ਮੰਦਰ ਹੈ:
ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥ (ਪੰਨਾ 1346)
ਕਿਉਂਕਿ ਇਸ ਵਿਚ ਹਰੀ-ਪ੍ਰਭੂ ਦਾ ਵਾਸਾ ਹੈ:
ਕਾਇਆ ਹਰਿ ਮੰਦਰੁ ਹਰਿ ਆਪਿ ਸਵਾਰੇ ॥
ਤਿਸੁ ਵਿਚਿ ਹਰਿ ਜੀਉ ਵਸੈ ਮੁਰਾਰੇ ॥ (ਪੰਨਾ 1059)
ਦੂਜੇ ਸ਼ਬਦਾਂ ਵਿਚ ਸਰਬ-ਵਿਆਪਕ ਪ੍ਰਭੂ ਇੱਟਾਂ-ਪੱਥਰਾਂ ਦੇ ਬਣੇ ਹੋਏ ਮੰਦਰਾਂ ਵਿਚ ਨਹੀਂ ਵੱਸਦਾ, ਬਲਕਿ ਫੁੱਲ ਵਿਚ ਸੁਗੰਧੀ ਦੀ ਤਰ੍ਹਾਂ ਉਹ ਮਨੁੱਖ ਦੇ ਅੰਦਰ ਹੀ ਵਿਦਮਾਨ ਹੈ। ਇਸ ਕਰਕੇ ਉਸ ਨੂੰ ਪ੍ਰਾਪਤ ਕਰਨ ਲਈ ਕਿਸੇ ਬਾਹਰੀ ਪੂਜਾ, ਭੇਖ, ਅਡੰਬਰ ਦੀ ਲੋੜ ਨਹੀਂ। ਸ੍ਰੀ ਗੁਰੂ ਨਾਨਕ ਦੇਵ ਜੀ ਮੂਰਤੀ-ਪੂਜਾ ਦੇ ਪ੍ਰਤੀਕਾਂ ਨੂੰ ਲੈ ਕੇ ਦੱਸਦੇ ਹਨ ਕਿ ਜੇ ਮਨ ਨੂੰ ਸਥਿਰ ਰੱਖ ਕੇ, ਉੱਚੇ-ਸੁੱਚੇ ਕਿਰਦਾਰ ਦੇ ਧਾਰਨੀ ਹੋ ਕੇ ਪ੍ਰਭੂ ਦਾ ਸਿਮਰਨ ਕੀਤਾ ਜਾਵੇ ਤਾਂ ਮਨੁੱਖ ਦੇ ਅੰਦਰ ਹੀ ਪੂਜਾ ਹੋ ਸਕਦੀ ਹੈ:
ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ ॥
ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ ॥ (ਪੰਨਾ 489)
ਉਪਰੋਕਤ ਵਿਚਾਰ ਤੋਂ ਸਪੱਸ਼ਟ ਹੈ ਕਿ ਹਰੀ-ਪ੍ਰਭੂ ਨੂੰ ਅੰਤਰਮੁਖੀ ਪੂਜਾ ਦੁਆਰਾ ਮਨੁੱਖਾ ਦੇਹੀ ਦੇ ਅੰਦਰੋਂ ਹੀ ਜਾਣਿਆ ਜਾ ਸਕਦਾ ਹੈ। ਪਰ ਹਉਮੈ ਦੇ ਪਰਦੇ ਕਾਰਨ ਮਨੁੱਖ ਨੂੰ ਆਪਣੇ ਅੰਦਰ ਵੱਸਦਾ ਪ੍ਰਭੂ ਨਜ਼ਰ ਨਹੀਂ ਆਉਂਦਾ:
ਅੰਤਰਿ ਅਲਖੁ ਨ ਜਾਈ ਲਖਿਆ ਵਿਚਿ ਪੜਦਾ ਹਉਮੈ ਪਾਈ ॥ (ਪੰਨਾ 205)
ਜਦ ਮਨੁੱਖ ਆਪੇ ਨੂੰ ਚੀਨ ਕੇ ਆਪਣੇ ਅੰਦਰੋਂ ਹਉਮੈ ਅਤੇ ਦ੍ਵੈਤ-ਭਾਵ ਨੂੰ ਮਿਟਾ ਲੈਂਦਾ ਹੈ ਤਾਂ ਉਹ ਪ੍ਰਭੂ ਨਾਲ ਅਭੇਦ ਹੋ ਜਾਂਦਾ ਹੈ:
ਹਉ ਹਉ ਮੈ ਮੈ ਵਿਚਹੁ ਖੋਵੈ ॥ ਦੂਜਾ ਮੇਟੈ ਏਕੋ ਹੋਵੈ ॥ (ਪੰਨਾ 943)
ਭਾਵ ਆਪੇ ਦੀ ਖੋਜ ਦੁਆਰਾ ਪ੍ਰਭੂ ਆਪਣੇ ਅੰਦਰੋਂ ਹੀ ਲੱਭ ਪੈਂਦਾ ਹੈ:
ਮੈ ਮਨੁ ਤਨੁ ਖੋਜਿ ਖੋਜੇਦਿਆ ਸੋ ਪ੍ਰਭੁ ਲਧਾ ਲੋੜਿ ॥ (ਪੰਨਾ 313)
ਅਜਿਹਾ ਗੁਰੂ ਕਿਰਪਾ ਦੁਆਰਾ ਹੀ ਸੰਭਵ ਹੁੰਦਾ ਹੈ। ਭਗਤ ਪੀਪਾ ਜੀ ਵੀ ਦ੍ਰਿੜ੍ਹ ਕਰਾਉਂਦੇ ਹਨ ਕਿ ਬ੍ਰਹਿਮੰਡੀ ਪਸਾਰੇ ਵਿਚ ਵਿਆਪਕ ਪ੍ਰਭੂ ਨੂੰ ਮਨੁੱਖੀ ਸਰੀਰ (ਪਿੰਡ) ਵਿੱਚੋਂ ਹੀ ਖੋਜਿਆ ਜਾ ਸਕਦਾ ਹੈ, ਪਰ ਉਸ ਦੀ ਲੱਖਤਾ ਸੱਚੇ ਗੁਰੂ ਦੁਆਰਾ ਹੀ ਸੰਭਵ ਹੋ ਸਕਦੀ ਹੈ:
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥
ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ ॥ (ਪੰਨਾ 695)
ਸਾਰ-ਅੰਸ਼ ਇਹ ਹੈ ਕਿ ‘ਜੋ ਬ੍ਰਹਮੰਡੇ ਸੋਈ ਪਿੰਡੇ’ ਦਾ ਸਿਧਾਂਤ ਭਗਤ ਪੀਪਾ ਜੀ ਦੇ ਜੀਵਨ-ਦਰਸ਼ਨ ਦਾ ਨਿਚੋੜ ਅਤੇ ਉਨ੍ਹਾਂ ਦੀ ਅਧਿਆਤਮਕ ਵਿਚਾਰਧਾਰਾ ਦਾ ਸੂਤਰਬੱਧ ਪ੍ਰਗਟਾਵਾ ਹੈ। ਇਹ ਸਿਧਾਂਤ ਮਨੁੱਖ ਨੂੰ ਬਾਹਰਮੁਖੀ ਵਿਖਾਉਣ ਮਾਤਰ ਕੀਤੀ ਜਾ ਰਹੀ ਪੂਜਾ ਤੋਂ ਹੋੜਦਾ ਹੈ ਅਤੇ ਆਪਣੇ ਅੰਦਰੋਂ ਹੀ ਸਰਬ-ਵਿਆਪਕ ਪ੍ਰਭੂ ਦੀ ਖੋਜ ਕਰਨ ਲਈ ਪ੍ਰੇਰਿਤ ਕਰਦਾ ਹੈ।
ਲੇਖਕ ਬਾਰੇ
ਐੱਚ.ਆਈ.ਜੀ.- 725, ਫੇਜ਼-I, ਅਰਬਨ ਅਸਟੇਟ, ਪਟਿਆਲਾ
- ਸ. ਚਮਕੌਰ ਸਿੰਘhttps://sikharchives.org/kosh/author/%e0%a8%b8-%e0%a8%9a%e0%a8%ae%e0%a8%95%e0%a9%8c%e0%a8%b0-%e0%a8%b8%e0%a8%bf%e0%a9%b0%e0%a8%98/July 1, 2008
- ਸ. ਚਮਕੌਰ ਸਿੰਘhttps://sikharchives.org/kosh/author/%e0%a8%b8-%e0%a8%9a%e0%a8%ae%e0%a8%95%e0%a9%8c%e0%a8%b0-%e0%a8%b8%e0%a8%bf%e0%a9%b0%e0%a8%98/November 1, 2008