ਮੱਧਕਾਲ ਵਿਚ ਭਗਤ ਸੂਰਦਾਸ ਜੀ ਨਾਂ ਦੇ ਇਕ ਤੋਂ ਵੱਧ ਸੰਤ ਕਵੀ ਹੋਏ ਹਨ। ਇਕ ਪ੍ਰਸਿੱਧ ਕ੍ਰਿਸ਼ਨ ਭਗਤ ਸੂਰਦਾਸ ਹੈ, ਜਿਸ ਨੇ ‘ਸੂਰ ਸਾਗਰ’ ਗ੍ਰੰਥ ਲਿਖ ਕੇ ਸ਼੍ਰੀ ਕ੍ਰਿਸ਼ਨ ਦੀ ਮਹਿਮਾ ਨੂੰ ਘਰ-ਘਰ ਪਹੁੰਚਾਇਆ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਿਸ ਭਗਤ ਸੂਰਦਾਸ ਜੀ ਦਾ ਜ਼ਿਕਰ ਹੈ ਇਹ ਹੋਰ ਭਗਤ ਹਨ ਜੋ ਕ੍ਰਿਸ਼ਨ ਭਗਤ ਸੂਰਦਾਸ ਦੇ ਸਮਕਾਲੀ ਸਨ। ਇਨ੍ਹਾਂ ਦੋਹਾਂ ਦੀਆਂ ਰਚਨਾਵਾਂ ਰਲਗ਼ੱਡ ਹੋ ਗਈਆਂ ਹਨ। ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ, ‘ਮਦਨ ਮੋਹਨ ਬ੍ਰਾਹਮਣ ਜਿਸ ਦਾ ਦੂਜਾ ਨਾਂ ਸੂਰਦਾਸ ਹੈ, ਇਹ ਸੰਮਤ 1586 ਵਿਚ ਪੈਦਾ ਹੋਇਆ ਅਰ ਸੰਸਕ੍ਰਿਤ, ਹਿੰਦੀ, ਫ਼ਾਰਸੀ ਦਾ ਪੂਰਨ ਵਿਦਵਾਨ ਸੀ। ਪਹਿਲਾਂ ਇਹ ਅਕਬਰ ਦਾ ਅਹਿਲਕਾਰ ਅਵਧ ਦੇ ਇਲਾਕੇ ਸੰਦੀਲਾ ਦਾ ਹਾਕਮ ਸੀ ਪਰ ਅੰਤ ਨੂੰ ਵੈਰਾਗ ਦਸ਼ਾ ਵਿਚ ਸਭ ਕੁਝ ਤਿਆਗ ਕੇ ਵਿਰਕਤ ਹੋ ਗਿਆ। ਇਸ ਨੇ ਉਮਰ ਦਾ ਬਾਕੀ ਹਿੱਸਾ ਕਰਤਾਰ ਦੇ ਸਿਮਰਨ ਵਿਚ ਬਿਤਾਇਆ। ਭਗਤ ਸੂਰਦਾਸ ਦੀ ਸਮਾਧੀ ਕਾਸ਼ੀ ਪਾਸ ਵਿਦਯਮਾਨ ਹੈ। ਇਸੇ ਮਹਾਤਮਾ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦੇਖੀ ਜਾਂਦੀ ਹੈ।1 ਅਜਿਹੇ ਵਿਚਾਰ ਸ਼ਬਦਾਰਥ2 ਦੇ ਹਨ।
ਇਸੇ ਭਗਤ ਸੂਰਦਾਸ ਜੀ ਬਾਰੇ ਸਿੱਖ ਜਗਤ3 ਵਿਚ ਸਾਖੀ ਪ੍ਰਸਿੱਧ ਹੈ ਕਿ ਆਪ ਦਾਨੀ ਸੁਭਾਅ ਦੇ ਸਨ ਜਿਸ ਕਾਰਨ ਸਰਕਾਰੀ ਆਮਦਨ ਦਾ ਬਹੁਤਾ ਭਾਗ ਸਾਧੂ-ਸੰਤਾਂ ਦੀ ਸੇਵਾ ਵਿਚ ਲਗਾ ਦਿੰਦੇ ਸਨ। ਜਦੋਂ ਇਸ ਸਬੰਧੀ ਅਕਬਰ ਬਾਦਸ਼ਾਹ ਪਾਸ ਸ਼ਿਕਾਇਤ ਪਹੁੰਚੀ ਤਾਂ ਇਹ ਸਭ ਕੁਝ ਤਿਆਗ ਕੇ ਉਥੋਂ ਚਲੇ ਗਏ। ਲੇਖਾ ਕੀਤਾ ਤਾਂ ਬਹੁਤ ਘਾਟਾ ਨਿਕਲਿਆ। ਆਪ ਨੂੰ ਪਕੜ ਕੇ ਕੈਦ ਕਰ ਦਿੱਤਾ ਗਿਆ। ਪਰ ਆਪ ਵੈਰਾਗ ਅਵਸਥਾ ਵਿਚ ਸਾਰਾ ਦਿਨ ਪ੍ਰਭੂ-ਭਗਤੀ ਪ੍ਰਧਾਨ ਭਜਨ ਗਾਉਂਦੇ ਰਹਿੰਦੇ। ਇਕ ਦਿਨ ਬਾਦਸ਼ਾਹ ਅਕਬਰ ਨੇ ਆਪ ਦਾ ਵੈਰਾਗਮਈ ਭਜਨ ਸੁਣਿਆ ਤਾਂ ਇੰਨਾ ਪ੍ਰਭਾਵਿਤ ਹੋਇਆ ਕਿ ਆਪ ਨੂੰ ਰਿਹਾਅ ਕਰ ਦਿੱਤਾ ਅਤੇ ਦਰਬਾਰੀ ਕਵੀਆਂ ਵਿਚ ਸ਼ਾਮਲ ਹੋਣ ਲਈ ਬੇਨਤੀ ਵੀ ਕੀਤੀ ਪਰ ਭਗਤ ਸੂਰਦਾਸ ਜੀ ਨੇ ਇਨਕਾਰ ਕਰ ਦਿੱਤਾ ਕਿਉਂਕਿ ਹੁਣ ਆਪ ਦਾ ਮਨ ਪੂਰੀ ਤਰ੍ਹਾਂ ਪ੍ਰੇਮਾ-ਭਗਤੀ ਵਿਚ ਲੀਨ ਹੋ ਚੁਕਾ ਸੀ ਅਤੇ ਆਪ ਪਰਮ-ਲਕਸ਼ ਦੀ ਪ੍ਰਾਪਤੀ ਨੂੰ ਜੀਵਨ ਸਮਰਪਿਤ ਕਰ ਚੁੱਕੇ ਸਨ। ਆਪ ਨੌਕਰੀ ਤੇ ਅਕਬਰੀ ਦਰਬਾਰ ਨੂੰ ਤਿਆਗ ਕੇ ਪ੍ਰਭੂ-ਸਿਮਰਨ ਕਰਨ ਲੱਗੇ। ਆਪ ਨੇ ਕਾਫ਼ੀ ਭਜਨ ਲਿਖੇ ਤੇ ‘ਸਾਹਿਤ ਲਹਿਰੀ’ ਆਦਿ ਗ੍ਰੰਥ ਵਿਚ ਵੀ ਆਪ ਦੀ ਰਚਨਾ ਮੰਨੀ ਜਾਂਦੀ ਹੈ। ਸਿੱਖ-ਮੌਖਿਕ ਪਰੰਪਰਾ ਅਨੁਸਾਰ ਆਪ ਸ੍ਰੀ ਗੁਰੁ ਅਰਜਨ ਦੇਵ ਜੀ ਦੇ ਪਾਸ ਦਰਸ਼ਨ ਕਰਨ ਆਏ ਤੇ ਇਨ੍ਹਾਂ ਦੀ ਇੱਛਾ ਸੀ ਕਿ ਮੇਰੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੋ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਸੂਰਦਾਸ ਜੀ ਦੀ ਕੇਵਲ ਇਕ ਪੰਗਤੀ ਮਿਲਦੀ ਹੈ:
ਛਾਡਿ ਮਨ ਹਰਿ ਬਿਮੁਖਨ ਕੋ ਸੰਗੁ॥ (ਪੰਨਾ 1253)
ਇਸ ਦਾ ਅਰਥ ਵਿਦਵਾਨ ਇਉਂ ਕਰਦੇ ਹਨ : ਹੇ (ਮੇਰੇ) ਮਨ! ਉਨ੍ਹਾਂ ਬੰਦਿਆਂ ਦਾ ਸਾਥ ਛੱਡ ਦੇ, ਜੋ ਪਰਮਾਤਮਾ ਵੱਲੋਂ ਬੇਮੁਖ ਹਨ।4
ਇਸ ਤੁਕ ਉਪਰੰਤ ਇਕ ਸ਼ਬਦ ਇਸ ਪ੍ਰਕਾਰ ਅੰਕਿਤ ਕੀਤਾ ਗਿਆ ਹੈ:
ਸਾਰੰਗ ਮਹਲਾ 5 ਸੂਰਦਾਸ॥ ੴ ਸਤਿਗੁਰ ਪ੍ਰਸਾਦਿ॥
ਹਰਿ ਕੇ ਸੰਗ ਬਸੇ ਹਰਿ ਲੋਕ॥
ਤਨੁ ਮਨੁ ਅਰਪਿ ਸਰਬਸੁ ਸਭੁ ਅਰਪਿਓ ਅਨਦ ਸਹਜ ਧੁਨਿ ਝੋਕ॥1॥ ਰਹਾਉ॥
ਦਰਸਨੁ ਪੇਖਿ ਭਏ ਨਿਰਬਿਖਈ ਪਾਏ ਹੈ ਸਗਲੇ ਥੋਕ॥
ਆਨ ਬਸਤੁ ਸਿਉ ਕਾਜੁ ਨ ਕਛੂਐ ਸੁੰਦਰ ਬਦਨ ਅਲੋਕ॥1॥
ਸਿਆਮ ਸੁੰਦਰ ਤਜਿ ਆਨ ਜੁ ਚਾਹਤ ਜਿਉ ਕੁਸਟੀ ਤਨਿ ਜੋਕ॥
ਸੂਰਦਾਸ ਮਨੁ ਪ੍ਰਭਿ ਹਥਿ ਲੀਨੋ ਦੀਨੋ ਇਹੁ ਪਰਲੋਕ॥2॥1॥8॥ (ਪੰਨਾ 1253)
ਵਿਦਵਾਨਾਂ ਵਿਚ ਇਸ ਸ਼ਬਦ ਦੇ ਕਰਤਾ ਬਾਰੇ ਵੱਖ-ਵੱਖ ਵਿਚਾਰ ਹਨ। ਸੰਪ੍ਰਦਾਈ5 ਗਿਆਨੀਆਂ ਦਾ ਵਿਚਾਰ ਹੈ ਕਿ ਗੁਰੂ ਜੀ ਨੇ ਇਹ ਸ਼ਬਦ ਭਗਤ ਸੂਰਦਾਸ ਜੀ ਨੂੰ ਸਿਰਪਾਉ ਵਜੋਂ ਬਖਸ਼ਿਆ ਹੈ। ਉਨ੍ਹਾਂ ਦਾ ਵੀ ਇਹ ਆਖਣਾ ਹੈ ਕਿ ਜਦੋਂ ਭਗਤ ਸੂਰਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਪਾਸ ਆਏ ਤੇ ਆਪਣੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਕਰਨ ਲਈ ਬੇਨਤੀ ਕੀਤੀ। ਸਤਿਗੁਰ ਨੇ ਉਨ੍ਹਾਂ ਨੂੰ ਬਾਣੀ ਉਚਾਰਨ ਲਈ ਆਖਿਆ ਤਾਂ ਉਹ ਪਹਿਲੀ ਤੁਕ ਸੁਣਾ ਕੇ ਧਿਆਨ ਮਗਨ ਹੋ ਗਏ ਤੇ ਸੁਰਤਿ ਪ੍ਰਭੂ-ਚਰਨਾਂ ਵਿਚ ਜਾ ਟਿਕੀ ਤਾਂ ਸਤਿਗੁਰੂ ਨੇ ਉਨ੍ਹਾਂ ਨੂੰ ਸਮਰਪਿਤ ਇਹ ਸ਼ਬਦ ਲਿਖ ਦਿੱਤਾ।
ਕੀ ਇਹ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ? ਪ੍ਰੋ. ਸਾਹਿਬ ਸਿੰਘ6 ਹੋਰਾਂ ਦਾ ਵਿਚਾਰ ਹੈ ਕਿ ਇਹ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਗਤ ਸੂਰਦਾਸ ਜੀ ਦੀ ਤੁਕ ‘ ਛਾਡਿ ਮਨ ਹਰਿ ਬਿਮੁਖਨ ਕੋ ਸੰਗੁ’ ਦੇ ਸਬੰਧ ਵਿਚ ਉਚਾਰਨ ਕੀਤਾ ਹੈ, ਜਿਸ ਵਿਚ ਇਸ ਤੁਕ ਦੀ ਵਿਆਖਿਆ ਕੀਤੀ ਹੈ।
ਲੇਖਕ ਬਾਰੇ
- ਡਾ. ਬਲਜਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%ac%e0%a8%b2%e0%a8%9c%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/November 1, 2008
- ਡਾ. ਬਲਜਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%ac%e0%a8%b2%e0%a8%9c%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/August 1, 2009