ਭਗਤ ਤ੍ਰਿਲੋਚਨ ਜੀ ਉਹ ਮਹਾਂਪੁਰਖ ਹਨ, ਜਿਨ੍ਹਾਂ ਦੀ ਪਵਿੱਤਰ ਬਾਣੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਕਰ ਕੇ ਸਦੀਵੀ ਅਮਰਤਾ ਦਾ ਰੁਤਬਾ ਦਿੱਤਾ ਹੈ।
ਜੀਵਨ : ਭਾਰਤ ਦੇ ਪੁਰਾਤਨ/ਮੱਧਕਾਲੀ ਸੰਤਾਂ-ਭਗਤਾਂ ਵਾਂਗ ਭਗਤ ਤ੍ਰਿਲੋਚਨ ਜੀ ਦੇ ਜੀਵਨ-ਵੇਰਵੇ ਪ੍ਰਮਾਣਿਕ ਰੂਪ ਵਿਚ ਉਪਲਬਧ ਨਹੀਂ, ਇਸ ਦਾ ਵੱਡਾ ਕਾਰਨ ਸ਼ਾਇਦ ਹਿੰਦੁਸਤਾਨੀ ‘ਮਨਸ’ ਵਿਚ ਇਤਿਹਾਸਕ ਕਲਪਨਾ ਦੀ ਘਾਟ ਹੈ। ਇਤਿਹਾਸ ਦੀ ਪੱਛਮੀ ਧਾਰਨਾ (ਜਿਸ ਦੀ ਉਪਜ ਵਿਦਵਾਨ ‘ਇਸਲਾਮੀ ਜਗਤ’ ਨੂੰ ਮੰਨਦੇ ਹਨ) ਅਨੁਸਾਰ ਕਿਸੇ ਮਨੁੱਖ, ਘਟਨਾ ਜਾਂ ਸਥਿਤੀ ਆਦਿ ਨੂੰ ਨਾਂ-ਥਾਂ, ਸੰਨ-ਸੰਮਤ, ਬਾਲ-ਜੁਆਨੀ, ਕੰਮ-ਕਾਜ, ਜਨਮ-ਮਰਨ, ਰਚਨਾਵਾਂ-ਘਟਨਾਵਾਂ ਅਤੇ ਹੋਰ ਨਿੱਕੀਆਂ-ਵੱਡੀਆਂ ਗੱਲਾਂ ਦੇ ਵੇਰਵਿਆਂ ਦੀ ਸਹੀ ਪਰਖ-ਪੜਤਾਲ ਕਰ ਕੇ ਇਕ ਸਿਲਸਿਲੇਵਾਰ ਰੂਪ ਵਿਚ ਨਿਸ਼ਚਿਤ ਕਰਨਾ, ਵਿਗਿਆਨਕ-ਇਤਿਹਾਸਕਾਰੀ ਹੈ। ਇਸ ਦੇ ਉਲਟ ਪੂਰਬੀ ਧਾਰਨਾ ਵਿਚ ਇਹ ਗੱਲ ਬਹੁਤੀ ਪਾਇਦਾਰ ਨਹੀਂ ਰਹੀ, ਪੂਰਬੀ ਇਤਿਹਾਸਕਾਰੀ ਨੇ ਮਾਨਵ-ਹਿਤੈਸੀ ਸ਼ਖ਼ਸੀਅਤਾਂ ਨੂੰ ਉਨ੍ਹਾਂ ਦੀ ਆਤਮਿਕ-ਉਚਾਈ ਤੋਂ ਚਿਤਰਿਆ ਹੈ, ਇਸ ਕਰਕੇ ਕਿਸੇ ਵੀ ਮਹਾਂਪੁਰਖ ਸਬੰਧੀ ਪ੍ਰਮਾਣਿਕ ਵੇਰਵਿਆਂ ਦੀ ਅਣਹੋਂਦ, ਕੋਈ ਗ਼ੈਰ-ਕੁਦਰਤੀ ਵਰਤਾਰਾ ਨਹੀਂ। ਭਗਤ ਤ੍ਰਿਲੋਚਨ ਜੀ ਦੇ ਸਬੰਧ ਵਿਚ ਵੀ ਉਪਰੋਕਤ ਕਥਨ ਸਹੀ ਹਨ, ਇਨ੍ਹਾਂ ਦੇ ਜੀਵਨ-ਚਰਿੱਤਰ ਨੂੰ ਵਿਦਵਾਨਾਂ ਨੇ ਬਹੁਤਾ ‘ਲੋਕ ਸਿਮ੍ਰਤੀ’ ਵਿੱਚੋਂ ਹੀ ਚਿਤਰਿਆ ਹੈ।
(ੳ) ਭਗਤ ਤ੍ਰਿਲੋਚਨ ਜੀ ਸਬੰਧੀ ਸਭ ਤੋਂ ਮੁੱਢਲੇ ਪ੍ਰਮਾਣਿਕ ਹਵਾਲੇ ਗੁਰਬਾਣੀ ਵਿੱਚੋਂ ਮਿਲਦੇ ਹਨ ਜੋ ਕਿ ਉਨ੍ਹਾਂ ਦੇ ਆਤਮਿਕ ਵਿਅਕਤਿਤਵ ਦੇ ਦਰਸ਼ਨ ਕਰਵਾਉਂਦੇ ਹਨ। ਗੁਰਬਾਣੀ ਵਿਚ ਲੱਗਭਗ 13-14 ਹਵਾਲੇ ਮਿਲਦੇ ਹਨ:
ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਭਾਰਤੀ ਵਰਨ-ਵੰਡ ਪ੍ਰਥਾ ਨੂੰ ਨਿਕਾਰਦੇ ਹੋਏ, ਭਗਤ ਨਾਮਦੇਵ ਜੀ, ਭਗਤ ਜੈਦੇਵ ਜੀ, ਭਗਤ ਕਬੀਰ ਜੀ, ਭਗਤ ਧੰਨਾ ਜੀ, ਭਗਤ ਸੈਣ ਜੀ, ਭਗਤ ਰਵਿਦਾਸ ਜੀ ਅਤੇ ਭਗਤ ਤ੍ਰਿਲੋਚਨ ਜੀ ਦੀ ਉਦਾਹਰਣ ਰਾਹੀਂ ਹਰਿ ਨਾਮ, ਸਾਧੂ (ਗੁਰਮੁਖਾਂ) ਦੀ ਸੰਗਤ ਦੀ ਵਡਿਆਈ ਦੱਸਦੇ ਹਨ:
ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ ਅਉਜਾਤਿ ਰਵਿਦਾਸੁ ਚਮਿਆਰੁ ਚਮਈਆ॥
ਜੋ ਜੋ ਮਿਲੈ ਸਾਧੂ ਜਨ ਸੰਗਤਿ ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ॥ (ਪੰਨਾ 835)
ਕਲਜੁਗਿ ਨਾਮੁ ਪ੍ਰਧਾਨੁ ਪਦਾਰਥੁ ਭਗਤ ਜਨਾ ਉਧਰੇ॥
ਨਾਮਾ ਜੈਦੇਉ ਕਬੀਰੁ ਤ੍ਰਿਲੋਚਨੁ ਸਭਿ ਦੋਖ ਗਏ ਚਮਰੇ॥ (ਪੰਨਾ 995)
ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੀ (ਹੋਰ ਭਗਤ ਸਾਹਿਬਾਨ ਸਮੇਤ) ਭਗਤ ਤ੍ਰਿਲੋਚਨ ਜੀ ਦੀ ਸ਼ਖ਼ਸੀਅਤ ਵਿਚ ਹਰਿ ਕੀਰਤਨ, ਸਾਧ ਸੰਗਿ ਅਤੇ ਗੁਰ (ਗਿਆਨ) ਦੁਆਰਾ ਲਿਆਂਦੇ ਪਰਿਵਰਤਨ ਦੀ ਸ਼ਾਹਦੀ ਭਰਦੇ ਹਨ:
ਸਾਧਸੰਗਿ ਨਾਨਕ ਬੁਧਿ ਪਾਈ ਹਰਿ ਕੀਰਤਨੁ ਆਧਾਰੋ॥
ਨਾਮਦੇਉ ਤ੍ਰਿਲੋਚਨੁ ਕਬੀਰ ਦਾਸਰੋ ਮੁਕਤਿ ਭਇਓ ਚੰਮਿਆਰੋ॥ (ਪੰਨਾ 498)
ਧੰਨੈ ਸੇਵਿਆ ਬਾਲ ਬੁਧਿ॥
ਤ੍ਰਿਲੋਚਨ ਗੁਰ ਮਿਲਿ ਭਈ ਸਿਧਿ॥ (ਪੰਨਾ 1192)
ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਆਦਿ ਭਗਤ ਸਾਹਿਬਾਨਾਂ ਦੀ ਬਾਣੀ ਵਿਚ ਆਏ ਹਵਾਲੇ ਜਿੱਥੇ ਭਗਤ ਤ੍ਰਿਲੋਚਨ ਜੀ ਦੀ ਪ੍ਰਭੂ- ਭਗਤੀ, ਹਰਿ-ਸਿਮਰਨ ਆਦਿ ਦੁਆਰਾ ਕੀਤੀ ਆਤਮਿਕ ਤਰੱਕੀ ਦੀ ਦੱਸ ਪਾਉਂਦੇ ਹਨ, ਉਥੇ ਇਨ੍ਹਾਂ ਨੂੰ ਭਗਤ ਨਾਮਦੇਵ ਜੀ (1270-1350 ਈ.) ਦਾ ਸਮਕਾਲੀ ਵੀ ਸਿੱਧ ਕਰਦੇ ਹਨ:
ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ॥ (ਪੰਨਾ 972)
ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ॥
ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ॥ (ਪੰਨਾ 1106)
ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ॥
ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ॥
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾ੍ਲਿ॥
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥ (ਪੰਨਾ 1375-76)
ਭੱਟ ਸਾਹਿਬਾਨ (ਪਹਿਲੇ ਪੰਜ) ਗੁਰੂ ਸਾਹਿਬਾਨਾਂ ਤੇ ਹੋਰ ਭਗਤ ਸਾਹਿਬਾਨ ਸਮੇਤ ਭਗਤ ਤ੍ਰਿਲੋਚਨ ਜੀ ਨੂੰ ਆਤਮਿਕ ਪੱਧਰ ਉੱਤੇ ਹੀ ਚਿਤਰਦੇ ਹਨ:
ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ॥
ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ ਲੋਚਨ॥
ਭਗਤੁ ਬੇਣਿ ਗੁਣ ਰਵੈ ਸਹਜਿ ਆਤਮ ਰੰਗੁ ਮਾਣੈ॥
ਜੋਗ ਧਿਆਨਿ ਗੁਰ ਗਿਆਨਿ ਬਿਨਾ ਪ੍ਰਭ ਅਵਰੁ ਨ ਜਾਣੈ॥ (ਪੰਨਾ 1390)
ਉਧਉ ਅਕ੍ਰੂਰੁ ਤਿਲੋਚਨੁ ਨਾਮਾ ਕਲਿ ਕਬੀਰ ਕਿਲਵਿਖ ਹਰਿਆ॥
ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ॥ (ਪੰਨਾ 1393)
ਜਿ ਮਤਿ ਤ੍ਰਿਲੋਚਨ ਚਿਤਿ ਭਗਤ ਕੰਬੀਰਹਿ ਜਾਣੀ॥
ਰੁਕਮਾਂਗਦ ਕਰਤੂਤਿ ਰਾਮੁ ਜੰਪਹੁ ਨਿਤ ਭਾਈ॥
ਅੰਮਰੀਕਿ ਪ੍ਰਹਲਾਦਿ ਸਰਣਿ ਗੋਬਿੰਦ ਗਤਿ ਪਾਈ॥
ਤੈ ਲੋਭੁ ਕ੍ਰੋਧੁ ਤ੍ਰਿਸਨਾ ਤਜੀ ਸੁ ਮਤਿ ਜਲ੍ਹ ਜਾਣੀ ਜੁਗਤਿ॥ (ਪੰਨਾ 1394)
ਅੰਬਰੀਕੁ ਜਯਦੇਵ ਤ੍ਰਿਲੋਚਨੁ ਨਾਮਾ ਅਵਰੁ ਕਬੀਰੁ ਭਣੰ॥
ਤਿਨ ਕੌ ਅਵਤਾਰੁ ਭਯਉ ਕਲਿ ਭਿੰਤਰਿ ਜਸੁ ਜਗਤ੍ਰ ਪਰਿ ਛਾਇਯਉ॥ (ਪੰਨਾ 1405)
ਧ੍ਰੂ ਪ੍ਰਹਲਾਦ ਕਬੀਰ ਤਿਲੋਚਨ ਨਾਮੁ ਲੈਤ ਉਪਜ੍ਹੋ ਜੁ ਪ੍ਰਗਾਸੁ॥ (ਪੰਨਾ 1406)
ਗੁਰਬਾਣੀ ਦੇ ਉਪਰੋਕਤ ਹਵਾਲਿਆਂ ਵਿਚ ਭਗਤ ਜੀ ਦੇ ਜੀਵਨ ਸਬੰਧੀ ਹੇਠ ਲਿਖੇ ਤੱਥ ਸਾਹਮਣੇ ਆਉਂਦੇ ਹਨ:
- ਭਗਤ ਜੀ ਉੱਚ ਆਤਮਿਕ ਅਵਸਥਾ ਦੇ ਮਾਲਕ ਸਨ, ਇਹ ਅਵਸਥਾ ਉਨ੍ਹਾਂ ਨੂੰ ਨਾਮ-ਸਿਮਰਨ, ਹਰਿ-ਕੀਰਤਨ, ਸੇਵਾ, ਗੁਰ-ਗਿਆਨ ਅਤੇ ਸੱਚੀ ਕਿਰਤ ਕਰ ਕੇ ਪ੍ਰਾਪਤ ਹੋਈ।
- ਭਗਤ ਤ੍ਰਿਲੋਚਨ ਜੀ, ਭਗਤ ਨਾਮਦੇਵ ਜੀ ਦੇ ਸਮਕਾਲੀ ਸਨ, ਬਲਕਿ ਇਨ੍ਹਾਂ ਦਾ ਆਪਸ ਵਿਚ ਵਿਚਾਰ-ਵਟਾਂਦਰਾ ਵੀ ਹੁੰਦਾ ਰਹਿੰਦਾ ਸੀ।
- ਸ੍ਰੀ ਗੁਰੂ ਰਾਮਦਾਸ ਜੀ ਨੇ ਤਾਂ ਅਸਿੱਧੇ ਤੌਰ ਉੱਪਰ ਇਨ੍ਹਾਂ ਦੀ ‘ਅਉਜਾਤਿ’ ਵੱਲ ਵੀ ਸੰਕੇਤ ਕਰ ਦਿੱਤਾ ਹੈ, ਭਾਵ ਉਹ ਪ੍ਰਚੱਲਤ ਧਾਰਨਾ ਅਨੁਸਾਰ ਜਾਤੀ ਦੇ ‘ਬ੍ਰਾਹਮਣ’ ਨਹੀਂ ਸਨ।
(ਅ) ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਭਾਵੇਂ ਗੁਰਬਾਣੀ ਵਾਂਗ ਭਗਤ ਤ੍ਰਿਲੋਚਨ ਜੀ ਦਾ ਆਤਮਿਕ ਸਰੂਪ ਹੀ ਚਿਤਰਿਆ ਹੈ, ਪਰ ਇਤਿਹਾਸਕ ਦ੍ਰਿਸ਼ਟੀ ਤੋਂ ਵਾਧਾ ਇਹ ਕੀਤਾ ਹੈ ਕਿ ਭਾਈ ਸਾਹਿਬ, ਭਗਤ ਜੀ ਦਾ ਵਿਵਹਾਰਕ ਜੀਵਨ ਵੀ ਚਿਤਰਦੇ ਹਨ ਅਤੇ ਪ੍ਰਚੱਲਤ ਰੂਪ ਵਿਚ ਭਗਤ ਤ੍ਰਿਲੋਚਨ ਜੀ ਤੇ ਭਗਤ ਨਾਮਦੇਵ ਜੀ ਵਿਚਲੀ ‘ਗੁਰੂ-ਸ਼ਿਸ਼ ਜਾਂ ਸ਼ਿਸ਼-ਗੁਰੂ’ ਧਾਰਨਾ ਨੂੰ ਛੱਡ ਕੇ ‘ਮਿੱਤਰਭਾਵੀ’ ਆਧਾਰ ਵੀ ਸੰਕੇਤਦੇ ਹਨ:
ਦਰਸ਼ਣ ਵੇਖਣ ਨਾਮਦੇਵ ਭਲਕੇ ਉੱਠ ਤ੍ਰਿਲੋਚਨ ਆਵੈ।
ਭਗਤਿ ਕਰਨ ਮਿਲ ਦੁਇ ਜਣੇ ਨਾਮਦੇਉ ਹਰਿ ਚਲਤ ਸੁਣਾਵੈ।
ਮੇਰੀ ਭੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੈ।
ਠਾਕੁਰ ਜੀ ਨੋਂ ਪੁਛਿਓਸ ਦਰਸ਼ਨ ਕਿਵੈਂ ਤ੍ਰਿਲੋਚਨ ਪਾਵੈ।
ਹਸਕੈ ਠਾਕੁਰ ਬੋਲਿਆ ਨਾਮਦੇਉ ਨੋਂ ਕਹਿ ਸਮਝਾਵੈ।
ਹਥ ਨ ਆਵੈ ਭੇਟ ਸੋ ਤੁਸ ਤ੍ਰਿਲੋਚਨ ਮੈਂ ਮੁਹਿ ਲਾਵੈ।
ਹਉਂ ਅਧੀਨ ਹਾਂ ਭਗਤ ਦੇ ਪਹੁੰਚ ਨ ਹੰਘਾਂ ਭਗਤੀ ਦਾਵੈ।
ਹੋਇ ਵਿਚੋਲਾ ਆਣ ਮਿਲਾਵੈ॥ (ਵਾਰ 10:12)
ਭਗਤ ਤ੍ਰਿਲੋਚਨ ਜੀ ਹੋਰ ਭਗਤ ਸਾਹਿਬਾਨ ਵਾਂਗ ‘ਸਾਧ-ਸੰਗਤਿ ਗੁਰ ਸਰਨੀ’ ਆ ਕੇ ਆਤਮਿਕ ਜੀਵਨ ਦਾ ਸੁਖ ਫਲ ਪ੍ਰਾਪਤ ਕਰਦੇ ਹਨ:
ਗੁਰਮੁਖਿ ਸੁਖ ਫਲੁ ਪਾਇਆ ਸਾਧਸੰਗਤਿ ਗੁਰ ਸਰਣੀ ਆਏ।
ਧ੍ਰੂ ਪ੍ਰਹਿਲਾਦੁ ਵਖਾਣੀਅਨਿ ਅੰਬਰੀਕੁ ਬਲਿ ਭਗਤਿ ਸਬਾਏ।
ਜਨਕਾਦਿਕ ਜੈਦੇਉ ਜਗਿ ਬਾਲਮੀਕੁ ਸਤਿਸੰਗਿ ਤਰਾਏ।
ਬੇਣੁ ਤਿਲੋਚਨੁ ਨਾਮਦੇਉ ਧੰਨਾ ਸਧਨਾ ਭਗਤ ਸਦਾਏ।
ਭਗਤੁ ਕਬੀਰੁ ਵਖਾਣੀਐ ਜਨ ਰਵਿਦਾਸੁ ਬਿਦਰ ਗੁਰੁ ਭਾਏ।
ਜਾਤਿ ਅਜਾਤਿ ਸਨਾਤਿ ਵਿਚਿ ਗੁਰਮੁਖਿ ਚਰਣ ਕਵਲ ਚਿਤੁ ਲਾਏ।
ਹਉਮੈ ਮਾਰੀ ਪ੍ਰਗਟੀ ਆਏ॥ (ਵਾਰ 23:15)
(ੲ) ਗੁਰਬਾਣੀ ਤੇ ਭਾਈ ਗੁਰਦਾਸ ਜੀ ਤੋਂ ਬਿਨਾਂ ਮੁੱਢਲੀਆਂ 17ਵੀਂ-18ਵੀਂ ਸਦੀ ਦੀਆਂ ਲਿਖਤਾਂ ਵਿਚ ਕਿਤੇ-ਕਿਤੇ ਭਗਤ ਜੀ ਦੀ ਜਾਤਿ, ਜਨਮ, ਸਮਾਂ ਆਦਿ ਬਾਰੇ ਸੰਕੇਤ ਮਿਲਦੇ ਹਨ:
(1) ਪੋਥੀ ‘ਪ੍ਰੇਮ-ਅਬੋਧ’ ਅਨੁਸਾਰ ਭਗਤ ਜੀ ਦਾ ਜਨਮ ਸੰਮਤ 1324 (1268 ਈ.) ਨੂੰ ਹੋਇਆ ਅਤੇ ਇਹ ਜਾਤੀ ਦੇ ਬ੍ਰਾਹਮਣ ਸਨ। ਭਗਤ ਜੀ ਦੀ ਜਾਤਿ ਦੇ ‘ਬਿਪ੍ਰ’ (ਬ੍ਰਾਹਮਣ) ਹੋਣ ਦਾ ਇਸ਼ਾਰਾ ‘ਸੂਰਜ ਪ੍ਰਕਾਸ਼’ ਦੇ ਕਰਤਾ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਵੀ ਕਰਦੇ ਹਨ:-
ਭੀਖਨ ਧੰਨਾ ਅਰੁ ਜੈਦੇਵ।
ਬਿਪ੍ਰ ਤ੍ਰਿਲੋਚਨ ਸ੍ਰੀ ਗੁਰਦੇਵ। (ਰਾਸਿ 3, ਅੰਸੂ 41)
(2) ‘ਪ੍ਰੇਮ ਅਬੋਧ’, ‘ਸੂਰਜ ਪ੍ਰਕਾਸ਼’ ਆਦਿ ਗ੍ਰੰਥਾਂ ਵਿਚ ਭਗਤ ਜੀ ਦੀ ਜਾਤਿ ਨੂੰ ‘ਬ੍ਰਾਹਮਣ’ ਕਿਹਾ ਗਿਆ ਹੈ ਅਤੇ ਆਮ ਪ੍ਰਚੱਲਤ ਧਾਰਨਾ ਵੀ ਇਹੀ ਹੈ। ਆਧੁਨਿਕ ਵਿਦਵਾਨਾਂ ਵਿੱਚੋਂ ਬਹੁਤਿਆਂ ਨੇ ਇਨ੍ਹਾਂ ਗ੍ਰੰਥਾਂ ਦੇ ਆਧਾਰ ’ਤੇ ਭਗਤ ਜੀ ਨੂੰ ‘ਬ੍ਰਾਹਮਣ’ ਮੰਨਿਆ ਹੈ। (‘ਭਗਤ ਬਾਣੀ ਸਟੀਕ’, ਰਚਿਤ ਪ੍ਰੋ: ਸਾਹਿਬ ਸਿੰਘ) ਭਾਈ ਦਰਬਾਰੀ ਦਾਸ ਰਚਿਤ (ਸੰਪਾ: ਗੁਰਚਰਨ ਸਿੰਘ ਸੇਕ) ‘ਪਰਚੀਆਂ ਭਗਤਾਂ ਕੀਆਂ’ ਵਿਚ ‘ਪਰਚੀ ਤਿਰਲੋਚਨ ਭਗਤ ਕੀ’ ਵਿਚ ਭਗਤ ਜੀ ਦੀ ‘ਜਾਤਿ’ ਨੂੰ ‘ਕਾਇਥ’ ਕਰਕੇ ਲਿਖਿਆ ਹੈ। ਰਚੈਤਾ ਦਾ ਕਹਿਣਾ ਹੈ ਕਿ ਭਗਤ ਜੀ ਦਾ ਪਹਿਲਾ ਨਾਂ ‘ਤਿਲੋਕਾ’ ਸੀ ਅਤੇ ਇਹ (ਬ੍ਰਹਮ-ਗਿਆਨ ਦਾ) ‘ਤੀਜਾ ਨੇਤਰ’ ਪਾ ਕੇ ‘ਤ੍ਰਿਲੋਚਨ’ ਬਣਿਆ ਹੈ:-
ਕਾਇਥ ਕੈ ਘਰ ਜਨਮੁ ਪਠਾਯਾ; ਨਾਮ ਤਿਲਕਾ ਫੇਰਿ ਧਰਾਯਾ।…
ਤਿਲੋਕਾ ਤ੍ਰਿਲੋਚਨ ਭਯਾ ਤੀਜਾ ਲੋਚਨੁ ਪਾਇ।
ਪ੍ਰੀਤਿ ਲਗੀ ਜਗਦੀਸ ਸੌ ਅਨਿਦਿਨੁ ਹਰਿਗੁਣ ਗਾਇ।
‘ਭਾਰਤੀ ਸੰਸਕ੍ਰਿਤੀ ਅਤੇ ਜਾਤੀਆਂ’ (ਅਨੁਵਾਦਕ: ਬਲਦੇਵ ਸਿੰਘ) ਅਨੁਸਾਰ ਕਾਇਸਥ ਇਕ ਜਾਤਿ ਜੋ ਸ਼ੂਦਰ ਪਤਨੀ ਅਤੇ ਛਤ੍ਰੀ ਪਿਤਾ ਦੇ ਸੰਜੋਗ ਤੋਂ ਜਨਮੀ।
‘ਸ੍ਰੀ ਗੁਰ ਭਗਤਮਾਲਾ’ (ਟੀਕਾਕਾਰ, ਸੰਤ ਲਾਲ ਸਿੰਘ) ਵਿਚ ਸਪੱਸ਼ਟ ਰੂਪ ਵਿਚ ਦੋ ਤ੍ਰਿਲੋਚਨਾਂ ਦਾ ਜ਼ਿਕਰ ਹੈ। ਇਕ ਤ੍ਰਿਲੋਚਨ ਉਹ ਹੈ, ਜਿਸ ਨੇ ਭਗਤ ਧੰਨਾ ਜੀ ਨੂੰ ਠਾਕੁਰ (ਪੱਥਰ) ਪੂਜਣ ਵਾਸਤੇ ਦਿੱਤਾ ਅਤੇ ਦੂਸਰੇ ਤ੍ਰਿਲੋਚਨ ਜੀ ਉਹ ਹਨ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਇਹ ਬਾਣੀਆਂ ਜਾਤਿ ਦੇ ਸਨ।
ਗੁਰਬਿਲਾਸ ਪਾਤਸ਼ਾਹੀ 6ਵੀਂ ਦਾ ਕਰਤਾ ਭਾਈ ਭਗਤ ਸਿੰਘ (ਸੰਪਾਦਤ: ਗਿ: ਜੋਗਿੰਦਰ ਸਿੰਘ ਤੇ ਡਾ. ਅਮਰਜੀਤ ਸਿੰਘ) ਜਿੱਥੇ ਭਗਤ ਜੀ ਦੀ ਆਤਮਿਕ ਉੱਚਤਾ ਨੂੰ ਚਿਤਰਦਾ ਹੈ, ਉਥੇ ਉਨ੍ਹਾਂ ਦੀ ‘ਮੱਧਮ’ ਜਾਤਿ ਦਾ ਸੰਕੇਤ ਵੀ ਅਚੇਤ ਹੀ ਕਰ ਜਾਂਦਾ ਹੈ:-
ਭਗਤਿ ਬੰਦਗੀ ਏਕ ਹੈ ਜਿਹ ਗੁਰ ਭਰਮ ਨਿਵਾਰ।
ਪਾਰਬ੍ਰਹਮ ਅਲਾਹ ਕਾ ਏਕ ਰੂਪ ਰਿਦਿ ਧਾਰ।
ਕਬੀਰ ਤ੍ਰਿਲੋਚਨ ਜੈਸ ਤਨ ਉਤਮ ਮਧਮ ਗਾਇ।
ਵਾਸ ਰੂਪ ਸੁ ਏਕ ਹੈ ਸੁਤੇ ਬੇਦ ਅਸ ਗਾਇ।
‘ਗੋਸਟਿ ਸ੍ਰੀ ਨਾਮੇ ਤਿਲੋਚਨ ਕੀ’ ਵਿਚ ਭਗਤ ਤ੍ਰਿਲੋਚਨ ਜੀ ਦੇ ਜਨਮ, ਜਾਤਿ ਆਦਿ ਬਾਰੇ ਤਾਂ ਕੋਈ ਸੰਕੇਤ ਨਹੀਂ, ਪਰੰਤੂ ਇਸ ਵਿਚ ਭਗਤ ਨਾਮਦੇਵ ਜੀ ਨੂੰ ਭਗਤ ਤ੍ਰਿਲੋਚਨ ਜੀ ਦਾ ‘ਗੁਰੂ’ ਦਰਸਾਇਆ ਗਿਆ ਹੈ। ਭਗਤ ਤ੍ਰਿਲੋਚਨ ਜੀ ਇਹ ਜਾਣਨ ਦੀ ਇੱਛਾ ਨਾਲ ਭਗਤ ਨਾਮਦੇਵ ਜੀ ਕੋਲ ਆਉਂਦੇ ਹਨ ਕਿ ਭਗਤ ਨਾਮਦੇਵ ਜੀ ਨੇ ਕਿਸ ਤਰ੍ਹਾਂ ਪਰਮਾਤਮਾ ਨੂੰ ਪ੍ਰਾਪਤ ਕੀਤਾ ਹੈ। ਭਗਤ ਨਾਮਦੇਵ ਜੀ ਨਾਲ ਇਨ੍ਹਾਂ ਦੀ ਲੰਮੀ ‘ਗੋਸਟਿ’ ਕਰਵਾਈ ਗਈ ਹੈ:-
“ਮੇਰੇ ਗੁਰ ਕਉ ਪਣਮੇਸਰੁ ਸਾਵਧਾਨੁ ਮਿਲਤਾ ਹੈ ਅਰੁ ਮੈ ਦਰਸਨੁ ਨਾਹੀ ਦੇਖਾ ਠਾਕੁਰ ਜੀ ਕਸਿ ਮੈ ਨਿਹਭਾਗੁ ਹਉ॥
ਚਾਹੀਐ ਕਿ ਮੈ ਆਪਨੇ ਗੁਰੂ ਪਹਿ ਜਾਉ॥
ਜਾਇ ਕਰਿ ਬੇਨਤੀ ਕਰਉ ਗੁਰੂ ਪਹਿ ਜਿ ਗੁਰੂ ਜੀ ਮੇਰੇ ਤਾਈ ਠਾਕੁਰ ਜੀ ਕਾ ਦਰਸਨੁ ਦਿਖਾਉ॥” (ਗੋਸ਼ਟੀਆਂ, ਭਾਸ਼ਾ ਵਿਭਾਗ ਪਟਿਆਲਾ)
(ਸ) ਆਧੁਨਿਕ ਵਿਦਵਾਨਾਂ ਵਿੱਚੋਂ ਥੋੜ੍ਹੀ ਵਿਸਤਾਰ ਸਹਿਤ ਜਾਣਕਾਰੀ ਮੁੱਢਲੇ ਰੂਪ ਵਿਚ ਮਿ. ਮੈਕਾਲਿਫ਼ ਤੇ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਦਿੱਤੀ ਹੈ। ਮਿ. ਮੈਕਾਲਫ਼ ਨੇ ਇਕ ਸਾਧੂ ‘Jankibar Saram of Ajudhia’ ਤੋਂ ਮੌਖਿਕ ਰੂਪ ਵਿਚ ਇਹ ਜਾਣਕਾਰੀ ਲਈ। ਇਨ੍ਹਾਂ ਅਨੁਸਾਰ ਭਗਤ ਜੀ ਦਾ ਜਨਮ 1267 ਈ. ਵਿਚ ਪੰਡਰਪੁਰ ਦੇ ਨੇੜੇ ਬਾਰਸੀ, ਜ਼ਿਲ੍ਹਾ ਸੋਲਪੁਰ (ਮਹਾਂਰਾਸ਼ਟਰ) ਵਿਚ ਹੋਇਆ। ਇਹ ਵੈਸ਼ ਜਾਤੀ ਦੇ ਸਨ ਅਤੇ ਇਨ੍ਹਾਂ ਦਾ ਭਗਤ ਨਾਮਦੇਵ ਜੀ ਨਾਲ ਮੇਲ-ਮਿਲਾਪ ਰਿਹਾ। ਭਾਈ ਕਾਨ੍ਹ ਸਿੰਘ ਦੀ ਬਾਕੀ ਜਾਣਕਾਰੀ ਤਾਂ ਮਿ. ਮੈਕਾਲਿਫ਼ ਨਾਲ ਮਿਲਦੀ ਹੈ, ਸਿਰਫ਼ ਭਾਈ ਸਾਹਿਬ ਜਨਮ-ਤਿਥੀ ਸੰਮਤ 1325 (1268 ਈ.) ਮੰਨਦੇ ਹਨ।
ਭਗਤ ਜੀ ਦੇ ਸਬੰਧ ਵਿਚ ਕੰਮ ਕਰਨ ਵਾਲੇ ਵਿਦਵਾਨ ਡਾ. ਸੁਰਿੰਦਰ ਸਿੰਘ (ਕੋਹਲੀ), ਡਾ. ਤਾਰਨ ਸਿੰਘ, ਡਾ. ਰਤਨ ਸਿੰਘ (ਜੱਗੀ), ਭਾਈ ਜੋਧ ਸਿੰਘ, Encyclopaedia of Sikhism, ਸ਼ਬਦਾਰਥ, ਆਦਿ ਦੇ ਵਿਚਾਰ ਲੱਗਭਗ ਮਿ. ਮੈਕਾਲਫ਼ ਤੇ ਭਾਈ ਕਾਨ੍ਹ ਸਿੰਘ ਨਾਭਾ ਵਾਲੇ ਹੀ ਹਨ, ਕੇਵਲ ਭਗਤ ਜੀ ਦੀ ਜਾਤੀ ਜਾਂ ਵਿਚਾਰਧਾਰਾ ਦੇ ਸਬੰਧ ਵਿਚ ਥੋੜ੍ਹੀ ਭਿੰਨਤਾ ਹੈ।
ਪ੍ਰੋ. ਪਿਆਰਾ ਸਿੰਘ ਪਦਮ ਇਨ੍ਹਾਂ ਦੀ ਬਾਣੀ ਵਿਚਲੇ ਇਲਾਕਾਈ ਰੰਗਣ ਤੇ ਬੋਲੀ ਦੀ ਪ੍ਰਾਚੀਨਤਾ ਦੇ ਆਧਾਰ ’ਤੇ ਭਗਤ ਜੀ ਨੂੰ 14ਵੀਂ ਸਦੀ ਦਾ ਹੋਣਾ ਮੰਨਦੇ ਹਨ। ਪ੍ਰੋ. ਪਦਮ ਅਨੁਸਾਰ ਇਨ੍ਹਾਂ ਦੀ ਜਾਤੀ ਵੈਸ਼ ਸੀ। ਗਿ. ਪ੍ਰਤਾਪ ਸਿੰਘ ਜਿੱਥੇ ਭਗਤ ਜੀ ਨੂੰ ਵੈਸ਼ ਮੰਨਦੇ ਹਨ, ਉਥੇ ਗਿਆਨਦੇਵ ਨੂੰ ਇਨ੍ਹਾਂ ਦਾ ਗੁਰੂ ਸਵੀਕਾਰਦੇ ਹਨ। ਡਾ. ਧਰਮਪਾਲ ਸਿੰਗਲਾ ਨੇ ਡਾ. ਗੋਬਿੰਦ ਤ੍ਰਿਗੁਣਾਇਤ, ਡਾ. ਰਾਮ ਕੁਮਾਰ ਵਰਮਾ, ਡਾ. ਪਰਸ਼ੂਰਾਮ ਚਤੁਰਵੇਦੀ ਆਦਿ ਦੀਆਂ ਲਿਖਤਾਂ ਦੇ ਵਿਸ਼ਲੇਸ਼ਣ ਤੋਂ ਬਾਅਦ ਇਹ ਸਿੱਟਾ ਕੱਢਿਆ ਹੈ ਕਿ ਭਗਤ ਤ੍ਰਿਲੋਚਨ ਜੀ ਦੋ ਹਨ, ਇਕ ਜਿਸ ਨੇ ਭਗਤ ਧੰਨਾ ਜੀ ਨੂੰ ਪੱਥਰ (ਠਾਕੁਰ) ਦਿੱਤਾ ਅਤੇ ਦੂਸਰੇ ਮਹਾਂਰਾਸ਼ਟਰ ਦੇ ਵੈਸ਼ਯ, ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਹੈ। ਵਿਦਵਾਨ ਅਕਸਰ ਇਨ੍ਹਾਂ ਨੂੰ ਆਪਸ ਵਿਚ ਰਲਗ਼ਡ ਕਰਦੇ ਹਨ।
ਭਾਵਨਾਮੂਲਿਕ ਸ੍ਰੋਤ ਦੇ ਆਧਾਰ ’ਤੇ ਭਗਤ ਜੀ ਦਾ ਜੀਵਨ
ਪੂਰੇ ਸੰਸਾਰ ਦੇ ਪੁਰਾਤਨ ਤਥਾ ਮੱਧਕਾਲੀਨ ਦੇ ਸੰਤਾਂ-ਭਗਤਾਂ ਨਾਲ ਅਨੇਕਾਂ ਵਾਰਤਾਵਾਂ ਜੁੜੀਆਂ ਹੋਈਆਂ ਹਨ, ਇਨ੍ਹਾਂ ਕਥਾ-ਕਹਾਣੀਆਂ ਨੂੰ ‘ਲੋਕ-ਸਿਮ੍ਰਤੀ’ ਜਿੱਥੇ ਸਾਂਭ ਕੇ ਰੱਖਦੀ ਹੈ, ਉਥੇ ਪੀੜ੍ਹੀਓ-ਪੀੜ੍ਹੀ ਇਸ ਦੇ ਸਰੂਪ ਵਿਚ ਅਦਲਾ-ਬਦਲੀ ਵੀ ਕਰਦੀ ਰਹਿੰਦੀ ਹੈ, ਇਸ ਨਾਲ ਭਾਵੇਂ ਇਨ੍ਹਾਂ ਕਥਾ-ਕਹਾਣੀਆਂ ਦੇ ਅਸਲ ਰੂਪ ਤਾਂ ਲਾਂਭੇ ਹੋ ਗਏ ਹਨ, ਪਰ ਫਿਰ ਵੀ ਇਨ੍ਹਾਂ ਵਿਚ ਮੂਲ-ਸੁਰ ਕਿਤੇ-ਨ-ਕਿਤੇ ਜੀਵੰਤ ਰਹਿੰਦੀ ਹੈ। ਆਧੁਨਿਕ ਇਤਿਹਾਸਕਾਰੀ ਨੇ ਲੋਕ-ਸਿਮ੍ਰਤੀ ਨੂੰ ਇਤਿਹਾਸ ਦੇ ਗੁਹਜ ਤੱਥ ਪ੍ਰਵਾਨ ਕੀਤਾ ਹੈ, ਇਨ੍ਹਾਂ ਤੱਥਾਂ ਵਿੱਚੋਂ ਸੰਬੰਧਿਤ ਨਾਇਕ ਦੇ ਵਿਅਕਤਿੱਤਵ ਨੂੰ ਉਸਾਰਨ ਵਿਚ ਸਹਾਇਤਾ ਮਿਲਦੀ ਹੈ।
ਭਗਤ ਤ੍ਰਿਲੋਚਨ ਜੀ ਨਾਲ ਦੋ ਕਹਾਣੀਨੁਮਾ ਵਾਰਤਾਵਾਂ ਪ੍ਰਮੁੱਖ ਤੌਰ ਉੱਤੇ ਜੁੜੀਆਂ ਹੋਈਆਂ ਹਨ। ਇਨ੍ਹਾਂ ਦਾ ਜ਼ਿਕਰ ਲੱਗਭਗ ਸਭ ਨਵੇਂ/ਪੁਰਾਣੇ ਲੇਖਕਾਂ ਦੀਆਂ ਲਿਖਤਾਂ ਵਿਚ ਮਿਲ ਜਾਂਦਾ ਹੈ। ਇਥੇ ਇਨ੍ਹਾਂ ਦੋਨੋਂ ਕਹਾਣੀਆਂ ਦਾ ਅਤਿ ਸੰਖੇਪ ਦਿੱਤਾ ਜਾਂਦਾ ਹੈ।
(ੳ) ਪਹਿਲੀ ਕਹਾਣੀ- ਭਗਤ ਜੀ ਦੇ ਘਰ ਲੰਗਰ-ਪਾਣੀ ਛਕਣ ਤੇ ਹੋਰ ਲੋੜਵੰਦ ਗਰੀਬ-ਗੁਰਬਿਆਂ ਦਾ ਤਾਂਤਾ ਲੱਗਿਆ ਰਹਿੰਦਾ ਸੀ। ਸੇਵਾ ਵਿਚ ਹੱਥ ਵਟਾਉਣ ਦੀ ਖ਼ਾਤਿਰ ਭਗਤ ਜੀ ਨੇ ਆਪਣੀ ਸੁਪਤਨੀ ਦੇ ਕਹਿਣ ’ਤੇ ਇਕ ‘ਅੰਤਰਜਾਮੀ’ ਨਾਂ ਦਾ ਨੌਕਰ ਰੱਖ ਲਿਆ। ਅੰਤਰਜਾਮੀ ਇਕ ਚੰਗਾ, ਸਾਊ, ਇਮਾਨਦਾਰ ਤੇ ਕਾਮਾ ਨੌਕਰ ਸੀ, ਪਰ ਰਤਾ ਪਰਸ਼ਾਦੇ ਜ਼ਿਆਦਾ ਛਕਦਾ ਸੀ। ਆਏ-ਗਏ ਦੀ ਸੇਵਾ-ਟਹਿਲ ਕਰਨ ਦੇ ਨਾਲ-ਨਾਲ ਉਹ ਪ੍ਰਭੂ-ਭਗਤੀ ਵੀ ਕਰਦਾ। ਇਸ ਤਰ੍ਹਾਂ ਸੇਵਾ ਕਰਦਿਆਂ 13 ਮਹੀਨੇ ਬੀਤ ਗਏ।
ਇਕ ਦਿਨ ਅੰਤਰਜਾਮੀ ਨੇ ਆਪਣੀ ਮਾਲਕਣ (ਭਗਤ ਜੀ ਦੀ ਸੁਪਤਨੀ) ਦੇ ਮੂੰਹੋਂ ਗੁਆਂਢਣ ਕੋਲ ਇਹ ਕਹਿੰਦਿਆਂ ਸੁਣ ਲਿਆ ਕਿ ‘ਕੰਮ ਤਾਂ ਬਥੇਰਾ ਕਰਦੈ ਪਰ ਰੋਟੀਆਂ ਨਾਲ ਈ ਰੱਜਦਾ ਨ੍ਹੀਂ!’ ਇਹ ਗੱਲ ਸੁਣ ਕੇ ਨੌਕਰ ਘਰ ਛੱਡ ਕੇ ਚਲਾ ਗਿਆ। ਜਦ ਤ੍ਰਿਲੋਚਨ ਜੀ ਨੂੰ ਪਤਾ ਲੱਗਿਆ ਤਾਂ ਬੜੇ ਉਦਾਸ ਹੋਏ, ਪਰ ਹੁਣ ਕੁਝ ਨਹੀਂ ਬਣ ਸਕਦਾ ਸੀ! ਬਾਅਦ ਵਿਚ ਭਗਤ ਜੀ ਨੂੰ (ਅਕਾਸ਼ਬਾਣੀ ਹੋਣ ’ਤੇ) ਪਤਾ ਲੱਗਦਾ ਹੈ ਕਿ ਉਹ ‘ਅੰਤਰਜਾਮੀ’ (ਨੌਕਰ) ਪ੍ਰਭੂ ਹੀ ਸੀ।
(ਅ) ਦੂਜੀ ਕਹਾਣੀ ਦਾ ਸੰਖੇਪ ਇਉਂ ਹੈ- ਭਗਤ ਤ੍ਰਿਲੋਚਨ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਕਿ ਭਗਤ ਨਾਮਦੇਵ ਜੀ ਬ੍ਰਹਮ-ਗਿਆਨੀ ਹਨ ਤਾਂ ਆ ਹਾਜ਼ਰ ਹੋਏ। ਆ ਕੇ ਬੇਨਤੀ ਕੀਤੀ ਕਿ ਉਸ ਨੂੰ ਵੀ ‘ਠਾਕੁਰ’ (ਪਰਮਾਤਮਾ) ਜੀ ਕੇ’ ਦਰਸ਼ਨ ਕਰਵਾਏ ਜਾਣ। ਭਗਤ ਨਾਮਦੇਵ ਜੀ ਉਨ੍ਹਾਂ ਨੂੰ ਵਾਰੀ-ਵਾਰੀ ਬਾਹਰ ਵੱਲ ਭੇਜਦੇ ਹਨ ਕਿ ਜਾਓ ਅੱਜ ਠਾਕੁਰ ਜੀ ਤੁਹਾਨੂੰ ਮਿਲਣਗੇ। ਭਗਤ ਤ੍ਰਿਲੋਚਨ ਜੀ ਨੂੰ ਕਦੇ ਘੋੜਿਆਂ ਦੀ ਸੇਵਾ ਕਰ ਰਿਹਾ (ਖਰਖਰਾ ਫੇਰਦਾ) ਆਦਮੀ ਮਿਲਦਾ ਹੈ, ਕਦੇ ਮੱਝਾਂ ਨੂੰ ਪਾਣੀ ਪਿਲਾਉਣ ਵਾਲਾ, ਕਦੇ ਸੁਆਨੁ (ਕੁੱਤਾ), ਕਦੇ ਕੋਈ-ਕਦੇ ਕੋਈ ਮਿਲਦੇ ਹਨ, ਭਗਤ ਤ੍ਰਿਲੋਚਨ ਜੀ ਦੇ ਇਹ ਰਹੱਸ ਸਮਝ ਨਹੀਂ ਆਉਂਦਾ, ਉਹ ਹਰੇਕ ਵਾਰ ‘ਖਾਲੀ ਹੱਥ’ ਆ ਕੇ ਭਗਤ ਨਾਮਦੇਵ ਜੀ ਕੋਲ ਸ਼ੰਕਾ ਪ੍ਰਗਟ ਕਰਦੇ ਹਨ। ਕਈ ਦਿਨਾਂ ਤੋਂ ਭਗਤ ਨਾਮਦੇਵ ਜੀ ਕੋਲ ਰਹਿੰਦਿਆਂ ਭਗਤ ਤ੍ਰਿਲੋਚਨ ਜੀ ਇਹ ਵੀ ਦੇਖਦੇ ਹਨ ਕਿ ਭਗਤ ਨਾਮਦੇਵ ਜੀ ਤਾਂ ਸਾਰਾ ਦਿਨ ‘ਜੰਜਾਲਾਂ’ (ਘਰ ਦੇ ਕੰਮ-ਕਾਜ ਖ਼ਾਸ ਕਰ ਖੱਡੀ ਦਾ ਕੰਮ) ਵਿਚ ਹੀ ਫਸੇ ਰਹਿੰਦੇ ਹਨ, ਪ੍ਰਭੂ-ਭਗਤੀ ਲਈ ਕਿੱਥੋਂ ਸਮਾਂ ਕੱਢਦੇ ਨੇ? ਸ਼ੰਕਾ ਪ੍ਰਗਟਾਉਣ ’ਤੇ ਭਗਤ ਨਾਮਦੇਵ ਜੀ ‘ਜੀਵਨ ਤੱਤ’ (ਗੁਰਮਤਿ ਦਾ ਨਾਮ-ਮਾਰਗ) ਦੀ ਸੋਝੀ ਦਿੰਦੇ ਹਨ ਕਿ ਘਟਿ ਘਟਿ ਵਿਚ ਰਮੇ ਰਾਮ ਨੂੰ ਹੱਥਾਂ-ਪੈਰਾਂ ਨਾਲ ਕੰਮ ਕਰ ਕੇ ਅਤੇ ਚਿਤ ਨਾਲ ਚਿੰਤਨ ਕਰ ਕੇ ਹੀ ਪਾਇਆ ਜਾ ਸਕਦਾ ਹੈ।
ਸਿੱਟਾ : ਭਗਤ ਜੀ ਦੇ ਜੀਵਨ ਸਬੰਧੀ ਮਿਲਦੇ ਦੋਨਾਂ ਕਿਸਮਾਂ ਦੇ ਸ੍ਰੋਤ (ਲਿਖਤਾਂ ਤੇ ਕਥਾ-ਕਹਾਣੀਆਂ) ਦੇ ਸੰਖੇਪ ਵਿਵਰਣ ਤੋਂ ਹੇਠ ਲਿਖੇ ਤੱਥ/ਸਿੱਟੇ ਸਾਹਮਣੇ ਆਉਂਦੇ ਹਨ।
- ਭਗਤ ਜੀ ਦਾ ਜਨਮ 1267 ਜਾਂ 1268 ਈ. ਨੂੰ ਮਹਾਂਰਾਸ਼ਟਰ ਦੇ ਸ਼ੋਲਪੁਰ ਜ਼ਿਲ੍ਹੇ ਦੇ ਬਾਰਸੀ ਪਿੰਡ ਵਿਚ ਹੋਇਆ, ਯੂ.ਪੀ. ਵਿਚ ਇਨ੍ਹਾਂ ਦਾ ਆਉਣਾ-ਜਾਣਾ ਰਿਹਾ।
- ਵੱਖੋ-ਵੱਖ ਲਿਖਤਾਂ ਵਿਚ ਇਨ੍ਹਾਂ ਦਾ ਸੰਬੰਧ, ਭਗਤ ਨਾਮਦੇਵ ਜੀ ਨਾਲ ਮਿੱਤਰ, ਗੁਰੂ, ਚੇਲੇ ਦਾ ਪ੍ਰਗਟ ਹੁੰਦਾ ਹੈ, ਪਰ ਭਾਈ ਗੁਰਦਾਸ ਜੀ ਤੇ ਗੁਰਬਾਣੀ ਦੀ ਪ੍ਰਮਾਣਿਕ ਗਵਾਹੀ ਇਨ੍ਹਾਂ ਵਿਚਕਾਰਲਾ ਸੰਬੰਧ ‘ਮਿੱਤਰਭਾਵੀ’ ਸੰਕੇਤ ਕਰਦੀ ਹੈ, ਸੋ ਇਹ ਮਿੱਤਰ ਸਨ।
- ਭਗਤ ਜੀ ਦਾ ਗਿਆਨਦੇਵ ਨੂੰ ‘ਗੁਰੂ’ ਧਾਰਨ ਕਰਨ ਦੀ ਧਾਰਨਾ ਕੋਈ ਬਹੁਤੀ ਪਾਇਦਾਰ ਨਹੀਂ, ਭਾਈ ਗੁਰਦਾਸ ਜੀ, ਗੁਰਬਾਣੀ ਜਾਂ ਹੋਰ ਕਿਤੋਂ ਕੋਈ ਹਵਾਲਾ/ਸੰਕੇਤ ਉਪਲਬਧ ਨਹੀਂ, ਖ਼ੁਦ ਇਨ੍ਹਾਂ ਦੀ ਆਪਣੀ ਬਾਣੀ ਵਿੱਚੋਂ ਵੀ ਕੋਈ ਸੰਕੇਤ ਨਹੀਂ। ਅਸਲ ਵਿਚ ਭਗਤ ਨਾਮਦੇਵ ਜੀ ਦੀ ਸੰਗਤ ਕਰਕੇ ਇਨ੍ਹਾਂ ਨੂੰ ‘ਅੰਦਰ ਸਮਾਇ’ ਹੋਏ ‘ਗੁਰੂ’ ਦੀ ਸੋਝੀ ਹੁੰਦੀ ਹੈ।
- ਭਗਤ ਜੀ ਦੀ ਜਾਤਿ ਸਬੰਧੀ ਮਿਲਦੇ ਅਕੱਟ ਹਵਾਲਿਆਂ ਦੇ ਆਧਾਰ ’ਤੇ ਇਨ੍ਹਾਂ ਨੂੰ ‘ਬ੍ਰਾਹਮਣ’ ਨਹੀਂ ਮੰਨਿਆ ਜਾ ਸਕਦਾ, ਇਹ ਭਾਰਤੀ ਵਰਨ-ਵੰਡ ਦੁਆਰਾ ਦਰਸਾਈ ‘ਨੀਚ’ ਜਾਤਿ ਦੇ ਸਨ, ਇਹ ਕਾਇਸਥ ਕੁਲ (ਖ਼ਾਨਦਾਨ) ਵਿੱਚੋਂ ਵੈਸ਼ ਜਾਤੀ ਮੰਨੀ ਜਾਂਦੀ ਹੈ।
- ਭਗਤ ਜੀ ਦੇ ਮਾਤਾ-ਪਿਤਾ, ਜੋਤੀ-ਜੋਤਿ ਸਮਾਉਣ ਹੋਰ ਸਕੇ-ਸੰਬੰਧੀਆਂ ਬਾਰੇ ਕੁਝ ਪਤਾ ਨਹੀਂ ਲੱਗਦਾ।
- ਭਗਤ ਜੀ ਨਾਲ ਸੰਬੰਧਿਤ ਦੋ ਉੱਘੀਆਂ ਕਥਾਵਾਂ ਨੂੰ ਇਨ੍ਹਾਂ ਦੇ ਚਿੰਨ੍ਹਾਤਮਕ ਅਰਥਾਂ ਵਿਚ ਹੀ ਲੈਣਾ ਚਾਹੀਦਾ ਹੈ। ‘ਅੰਤਰਜਾਮੀ’ ਨੌਕਰ ਵਾਲੀ ਸਾਖੀ ਜਿੱਥੇ ਭਗਤ ਜੀ ਦੀ ਪਰਉਪਕਾਰੀ, ਸੱਚੀ-ਸੁੱਚੀ, ਕਿਰਤੀ ਸ਼ਖ਼ਸੀਅਤ ਦੀ ਦੱਸ ਪਾਉਂਦੀ ਹੈ, ਉਥੇ ਇਹ ਵੀ ਜਾਣਕਾਰੀ ਦਿੰਦੀ ਹੈ ਕਿ ਭਗਤ ਜੀ ਨੇ ‘ਪ੍ਰੇਮ’ ਕਰਕੇ ਪ੍ਰਭੂ ਨੂੰ ਪਾਇਆ, ਕਿਉਂਕਿ (ਕਹਾਣੀ ਅਨੁਸਾਰ) ਜਦੋਂ ਅੰਤਰਜਾਮੀ ਘਰ ਛੱਡ ਕੇ ਤੁਰ ਜਾਂਦਾ ਹੈ ਤਾਂ ਭਗਤ ਜੀ ਨੂੰ ‘ਅਕਾਸ਼ਬਾਣੀ’ (ਅੰਤਰ ਦੀ ਸੂਝ, ਸੋਝੀ, ਉਚ-ਸੋਝੀ) ਹੁੰਦੀ ਹੈ ਕਿ ‘ਪ੍ਰਭੂ ਪ੍ਰੇਮ ਕੀਤਿਆਂ ਮਿਲਦਾ ਹੈ’ (‘ਨੌਕਰ’ ਪ੍ਰੇਮ ਕੀਤਿਆਂ ਹੀ ‘ਘਰ’ ਵਿਚ ਰਹਿ ਸਕਦਾ ਹੈ)। ਦੂਜੀ ਕਹਾਣੀ ਹਰ ਥਾਂ, ਹਰ ਸ਼ੈਅ ‘ਵਣਿ ਤ੍ਰਿਣਿ ਰਤੜਾ ਨਾਰਾਇਣਾ’ (ਪੰਨਾ 92) ਵਿਚ ਵੱਸਦੇ ਵਾਹਿਗੁਰੂ ਨੂੰ ਦੇਖਣ ਦੀ ਸੋਝੀ ਦਿੰਦੀ ਹੈ। ਹਰੇਕ ਜ਼ਰੇ, ਮਾਨਵ, ਤਿਣਕੇ ਤੇ ਪਦਾਰਥ-ਪਸ਼ੂ ਨੂੰ ‘ਨਾਮ’ ਨੇ ਧਾਰਿਆ ਹੋਇਆ ਹੈ। ਇਸ ਗੱਲ ਦੀ ਸੋਝੀ ਭਗਤ ਨਾਮਦੇਵ ਜੀ ਭਗਤ ਤ੍ਰਿਲੋਚਨ ਜੀ ਨੂੰ ਦਿੰਦੇ ਹਨ, ਸੋ ਇਹ ਕਹਾਣੀ ਉਨ੍ਹਾਂ ਦੀ ਆਤਮਿਕ ਉਚਤਾ, ਹਰ ਥਾਂ ‘ਨਾਮ’ ਦਾ ਪਸਾਰਾ ਦੇਖਣ ਦੀ ਬਿਰਤੀ ਅਤੇ ਭਗਤ ਨਾਮਦੇਵ ਜੀ ਤੇ ਭਗਤ ਤ੍ਰਿਲੋਚਨ ਜੀ ਦੀ ਸੱਚੀ ਮਿੱਤਰਤਾ ਦਾ ਖੁਲਾਸਾ ਕਰਦੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਜੀ ਦੇ ਚਾਰ ਸ਼ਬਦ ਸ਼ਾਮਲ ਹਨ, ਇਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:
ਰਾਗ | ਪੰਨਾ | ਸ਼ਬਦ ਗਿਣਤੀ | ਕੁੱਲ ਬੰਦ | ਪਦ ਤੁਕਾਂ | ਰਹਾਉ ਤੁਕਾਂ | ਕੁੱਲ ਤੁਕਾਂ |
ਸਿਰੀਰਾਗੁ | 92 | 1 | 5 | 2 | 5 | 15 |
ਗੂਜਰੀ | 525-26 | 2 | 1) 4 | 1) 2 | 1) 2 | 1) 10 |
2) 5 | 2) 2 | 2) 1 | 2) 11 | |||
ਧਨਾਸਰੀ | 695 | 1 | 6 | 1) 3 | 2 | 15 |
2-6)2* |
(ੳ) ਕੁੱਲ ਸ਼ਬਦ – 4 (ਅ) ਕੁੱਲ ਬੰਦ – 20 (5+4+5+6) (ੲ) ਕੁੱਲ ਤੁਕਾਂ – 51 (15+10+11+15)
ਇਸ ਸ਼ਬਦ ਵਿਚ ਪਹਿਲੇ ਬੰਦ ਦੀਆਂ ਦੋ ਤੁਕਾਂ ਰਹਾਉ ਤੋਂ ਬਾਅਦ, ਅਗਲਾ ਪਹਿਲਾ ਬੰਦ 3 ਤੁਕਾਂ ਦਾ ਅਤੇ ਬੰਦ 2 ਤੋਂ 6, 2-2 ਤੁਕਾਂ ਦੇ ਹਨ, ਪਹਿਲੀ ਤੁਕ ਲੰਮੀ ਤੇ ਦੂਸਰੀ ਛੋਟੀ ਹੈ।
ਵਿਚਾਰਧਾਰਾ (Ideology)
ਭਗਤ ਤ੍ਰਿਲੋਚਨ ਜੀ ਦੀ ਵਿਚਾਰਧਾਰਾ ਦਾ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਮਿਲਤ ਉਨ੍ਹਾਂ ਦੇ ਚਾਰ ਸ਼ਬਦ ਹਨ। ਇਨ੍ਹਾਂ ਚਾਰੇ ਸ਼ਬਦਾਂ ਦਾ ਅਧਿਐਨ ਇਹ ਬਿਲਕੁਲ ਸਪੱਸ਼ਟ ਕਰ ਦਿੰਦਾ ਹੈ ਕਿ ਭਗਤ ਜੀ ਦੀ ਵਿਚਾਰਧਾਰਾ ਗੁਰਮਤਿ ਅਨੁਸਾਰੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਸਮੁੱਚੀ ਬਾਣੀ ਇਕ ‘ਇਕਾਈ ਰੂਪ’ ਹੈ, ਭਗਤ ਜੀ ਦੀ ਵਿਚਾਰਧਾਰਾ ਇਸ ਸਮੁੱਚੇ ਗੁਰਬਾਣੀ ਪ੍ਰਵਾਹ ਨੂੰ ਪਿਛੋਕੜ ਵਿਚ ਰੱਖ ਕੇ ਹੀ ਸਮਝੀ ਜਾ ਸਕਦੀ ਹੈ।
ਗੁਰਬਾਣੀ ਦਾ ਅੱਖਰ-ਅੱਖਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਂਪਾਰਖੂ ਅੱਖ ਤੇ ਮਹਾਂਕਵੀ ਭਾਈ ਗੁਰਦਾਸ ਜੀ ਦੀ ਕਲਮ ਹੇਠ ਦੀ ਲੰਘਿਆ ਹੋਇਆ ਹੈ। ਗੁਰਬਾਣੀ ਵਿਚ (ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ) ਜਿੰਨੇ ਵੀ ਭੱਟ/ਭਗਤ/ਗੁਰਸਿੱਖਾਂ ਦੀ ਬਾਣੀ ਸ਼ਾਮਲ ਹੈ, ਉਹ ਅਜਿਹੀਆਂ ਮਾਨਵਵਾਦੀ ਵਿਚਾਰਸ਼ੀਲ ਸ਼ਖ਼ਸੀਅਤਾਂ ਸਨ, ਜਿਨ੍ਹਾਂ ‘ਸਾਂਈ ਸਿਞਾਤਾ’ ਸੀ (ਪ੍ਰਾਪਤ ਕਰ ਲਿਆ ਸੀ)।
ਰਤੇ ਸੇਈ ਜਿ ਮੁਖੁ ਨ ਮੋੜੰਨਿ੍ ਜਿਨੀ੍ ਸਿਞਾਤਾ ਸਾਈ॥
ਝੜਿ ਝੜਿ ਪਵਦੇ ਕਚੇ ਬਿਰਹੀ ਜਿਨਾ੍ ਕਾਰਿ ਨ ਆਈ॥ (ਪੰਨਾ 1425)
ਭਾਈ ਗੁਰਦਾਸ ਕੋ ਆਗਿਆ ਕਰੀ।
ਸਭ ਕਰੋ ਇਕਤ੍ਰ ਬਾਨੀ ਇਹ ਘਰੀ।
ਅਰੁ ਬਾਨੀ ਭਗਤਨ ਕੀ ਸਭ ਮੋਲੋ।ਸਾਚੀ ਰਾਖੋ ਝੂਠੀ ਪੋਲੋ। (‘ਮਹਿਮਾ ਪ੍ਰਕਾਸ਼’, ਭਾਗ ਪਹਿਲਾ)
ਭਗਤ ਤ੍ਰਿਲੋਚਨ ਜੀ ਦੀ ਵਿਚਾਰਧਾਰਾ ਦਾ ਸਿਧਾਂਤਕ ਪੱਖ
ਮਾਨਵ-ਚੇਤਨਾ ਦੇ ਉੱਚ ਤੇ ਪ੍ਰਮੁੱਖ ਸਵਾਲਾਂ ਪਰਮ ਸਚੁ, ਸ੍ਰਿਸ਼ਟੀ ਅਤੇ ਜੀਵਨ ਵਿੱਚੋਂ ਭਗਤ ਜੀ ਦੀ ਬਾਣੀ ਦਾ (ਵਿਚਾਰਧਾਰਾ ਦਾ) ਕੇਂਦਰ ਭਾਵੇਂ ਮਨੁੱਖਾ ਜੀਵਨ ਹੈ, ਪਰ ਉਨ੍ਹਾਂ ਪਰਮ ਸਚੁ ਪ੍ਰਤੀ ਵੀ ਵਿਚਾਰ ਪ੍ਰਗਟਾਏ ਹਨ, ਨਾਲ ਹੀ ਉਹ ਮਾਇਆ, ਕਰਮ-ਸਿਧਾਂਤ ਆਦਿ ਬਾਰੇ ਵੀ ਵਿਚਾਰ ਪ੍ਰਗਟਾਉਂਦੇ ਹਨ। ਇਸ ਤਰ੍ਹਾਂ ਕੁੱਲ ਮਿਲਾ ਕੇ ਉਨ੍ਹਾਂ ਦੀ ਬਾਣੀ ਵਿੱਚੋਂ ਚਾਰ ਸੰਕਲਪ/ਸਿਧਾਂਤ ਸਾਹਮਣੇ ਆਉਂਦੇ ਹਨ।
- 1) ਪਰਮਾਤਮਾ ਦਾ ਸਰੂਪ,
- 2) ਮਾਇਆ,
- 3) ਕਰਮ ਸਿਧਾਂਤ ਅਤੇ
- 4) ਮਾਨਵ-ਜੀਵਨ ਦਾ ਉਦੇਸ਼ ਤੇ ਉਦੇਸ਼-ਪ੍ਰਾਪਤੀ ਦੇ ਸਾਧਨ।
1) ਪਰਮਾਤਮਾ :
ਅੰਤਿਮ ਸਚੁ ਜਾਂ ਪਰਮ ਸਚਾਈ ਲਈ ਭਗਤ ਜੀ ਅਨੇਕਾਂ ਸ਼ਬਦ ਵਰਤਦੇ ਹਨ, ਪਰਮ ਸਚੁ ਜਾਂ ਪਰਮਾਤਮਾ ਲਈ ਉਹ ਲੱਗਭਗ ਇਹ ਸ਼ਬਦ ਵਰਤਦੇ ਹਨ:
1. ਬੀਠੁਲ 2. ਨਾਰਾਇਣ, 3. ਰਾਮ, 4. ਬ੍ਰਹਮੁ, 5. ਪਰਮਾਨੰਦੁ, 6. ਨਿਰਬਾਣ (ਵਾਸ਼ਨਾ-ਰਹਿਤ, ਨਿਰਲੇਪ), 7. ਗੋਬਿੰਦ ਅਤੇ 8. ਪੀਤੰਬਰੁ ਆਦਿ।
ਭਗਤ ਜੀ ਦੀ ਉਪਾਸ਼ਨਾ ਦਾ ਬ੍ਰਹਮ ਭਾਵੇਂ ਨਿਰੋਲ ਨਿਰਗੁਣ ਹੈ ਪਰ ਉਨ੍ਹਾਂ ਦੇ ਭਾਵਨਾਤਮਕ ਤੇ ਰਹੱਸਮਈ ਆਵੇਸ਼ ਵਿੱਚੋਂ ਪ੍ਰਗਟ ਹੋ ਰਹੇ ਬ੍ਰਹਮ ਦਾ ਮਾਨਵੀਕਰਨ ਵੀ ਹੋਇਆ ਹੈ, ਦੂਜੇ ਸ਼ਬਦਾਂ ਵਿਚ ਭਗਤ ਜੀ ਦੀ ਬਾਣੀ ਵਿਚ ਨਿਰੂਪਤ ਹੋਏ ਬ੍ਰਹਮ ਦਾ ਸਰੂਪ ਜ਼ਿਆਦਾਤਰ ਭਾਵਨਾਮਈ ਹੈ। ਬ੍ਰਹਮ ਦੇ ਨਿਰੂਪਣ ਲਈ ਭਗਤ ਜੀ ਸਾਮਿਅਕ ਜਨ ਮਾਨਸ ਵਿਚ ਵਰਤੀਂਦੇ ਸ਼ਬਦਾਂ ਦਾ ਖੁੱਲ੍ਹੇ ਰੂਪ ਵਿਚ ਪ੍ਰਯੋਗ ਕਰਦੇ ਹਨ। ਸਨਾਤਨੀ ਸ਼ਬਦਾਵਲੀ ਰਾਹੀਂ ਭਗਤ ਜੀ ਦੀ ਬਾਣੀ ਵਿਚ ਜੋ ਪਰਮਾਤਮਾ ਦਾ ਸਰੂਪ ਨਿਰੂਪਤ ਹੋਇਆ ਹੈ, ਉਹ ਲੱਗਭਗ ਪੰਜ ਪ੍ਰਕਾਰ ਦਾ ਹੈ:
(ੳ) ਪਿਆਰਾ
(ਅ) ਵਿਆਪਕ
(ੲ) ਅੰਤਰਜਾਮੀ
(ਸ) ਅਨੰਦ ਸਰੂਪ
(ਹ) ਕਰਤਾ
(ੳ) ਪਿਆਰਾ : ਭਗਤ ਜੀ ਦਾ ਪਿਆਰਾ ਪਰਮਾਤਮਾ ਉਨ੍ਹਾਂ ਦੇ ਐਨ ਸਾਹਮਣੇ ਹੈ, ਉਹ ‘ਅਗੋਚਰ’ ਨਾਲੋਂ ‘ਗੋਚਰ’ ਜ਼ਿਆਦਾ ਹੈ। ਉਹ ਪਿਆਰ ਸਰੂਪ ਇਤਨਾ ਪਿਆਰਾ ਹੈ ਕਿ ਭਗਤ ਜੀ ਉਸ ਦੀਆਂ ਬਾਹਵਾਂ ਵਿਚ ਜਾਣ ਲਈ ਬਿਹਬਲ ਹਨ:
ਮਿਲੁ ਮੇਰੇ ਬੀਠੁਲਾ ਲੈ ਬਾਹੜੀ ਵਲਾਇ॥ (ਪੰਨਾ 92)
ਸੱਜਣ, ਗੁਰਮੁਖਾਂ ਦੇ ਕਹਿਣ (ਉਪਦੇਸ਼) ’ਤੇ ਉਨ੍ਹਾਂ ਨੂੰ ਆਪਣੇ ਪਿਆਰੇ ਦੀ ਯਾਦ ਆਉਂਦੀ ਹੈ, ਨਹੀਂ ਉਹ ਤਾਂ ਜਮ ਤੇ ਬੁਢੇਪੇ ਤੋਂ ਬੇਖ਼ਬਰ ‘ਕੁਟੰਬ’ ਵਿਚ ਗ੍ਰਸਤ ਸਨ, ਪਰ ਸਮਝ ਆਉਣ ’ਤੇ ‘ਸਮਝ’ ਪੈਂਦੀ ਹੈ ਕਿ ਪਿਆਰਾ ਹੀ ਇਨ੍ਹਾਂ ਬੰਧਨਾਂ ਤੋਂ ਛੁਟਕਾਰਾ ਦਿਵਾ ਸਕਦਾ ਹੈ:
ਮਿਲੁ ਮੇਰੇ ਰਮਈਆ ਮੈ ਲੇਹਿ ਛਡਾਇ॥ (ਪੰਨਾ 92)
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਪਰਮਾਤਮਾ ਦਾ ‘ਪਿਆਰਾ’ ਸਰੂਪ ਚਿਤਰਿਆ ਹੈ:
ਤੂੰ ਮੇਰੋ ਪਿਆਰੋ ਤਾ ਕੈਸੀ ਭੂਖਾ॥ (ਪੰਨਾ 376)
ਤਿਨ੍ ਸਿਉ ਪ੍ਰੀਤਿ ਨ ਤੁਟਈ ਕਬਹੁ ਨ ਹੋਵੈ ਭੰਗੁ ਜੀਉ॥ (ਪੰਨਾ 760)
(ਅ) ਵਿਆਪਕ : ਪਰਮਾਤਮਾ ਨਾ ਤਾਂ ਕਿਸੇ ਸੀਮਾ ਵਿਚ ਕੈਦ ਹੈ ਅਤੇ ਨਾ ਹੀ ਰਚਨਾ ਤੋਂ ਅਟੰਕ ਹੋ ਕੇ ‘ਸਤਵੇਂ ਅਸਮਾਨ’ ਜਾਂ ‘ਬੈਕੁੰਠ’ ਵਾਸ ਕਰ ਰਿਹਾ ਹੈ, ਉਹ ਨਿੱਕੇ ਜਿਹੇ ਘਾਹ ਦੇ ਤਿਣਕੇ ਤੋਂ ਲੈ ਕੇ ਸਾਰੀ ਬਨਸਪਤੀ, ਤਿੰਨਾਂ ਲੋਕਾਂ ਭਾਵ ਹਰ ਥਾਂ ਵਿਆਪਕ ਹੈ, ਭਗਤ ਨਾਮਦੇਵ ਜੀ ਵਰਗਿਆਂ ਗੁਰਮੁਖਾਂ ਦੇ ਸੋਝੀ (ਉਪਦੇਸ਼) ਦੇਣ ’ਤੇ ਭਗਤ ਜੀ ਨੂੰ ਵਿਆਪਕ ਪ੍ਰਭੂ ਦੀ ਚੇਤਨਾ ਜ਼ਾਹਰ ਹੁੰਦੀ ਹੈ:
ਜੇ ਕੋ ਮੂੰ ਉਪਦੇਸੁ ਕਰਤੁ ਹੈ ਤਾ ਵਣਿ ਤ੍ਰਿਣਿ ਰਤੜਾ ਨਾਰਾਇਣਾ॥ (ਪੰਨਾ 92)
ਗੁਰਬਾਣੀ ਵਿਚ ਥਾਂ-ਥਾਂ ਉਪਰੋਕਤ ਵਿਚਾਰ ਮਿਲ ਜਾਂਦੇ ਹਨ:
ਵਣਿ ਤ੍ਰਿਣਿ ਤ੍ਰਿਭਵਣਿ ਪੂਰਨ ਗੋਪਾਲ॥ (ਪੰਨਾ 198)
ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ॥ (ਪੰਨਾ 11)
(ੲ) ਅੰਤਰਜਾਮੀ : ਵਿਆਪਕ ਪ੍ਰਭੂ ਦਾ ਹਰੇਕ ਹਿਰਦੇ ਵਿਚ ਨਿਵਾਸ ਹੈ, ਇਸੇ ਕਰਕੇ ਉਹ ‘ਘਟਿ ਘਟਿ’ ਦੀ ਜਾਣਦਾ ਹੈ, ਉਸ ਤੋਂ ਕੁਝ ਲੁਕਿਆ-ਛਿਪਿਆ ਨਹੀਂ। ਅੰਤਰਜਾਮੀ ਅਤੇ ਅੰਦਰ ਹੋਣ ਦੀ ਸੋਝੀ ਨਾ ਰੱਖਣ ਵਾਲੇ ‘ਮਲਿ’ ਭਰੀ ਫਿਰਦੇ ਹਨ, ਤਾਂ ਹੀ ਭਗਤ ਜੀ ਇਨ੍ਹਾਂ ਨੂੰ ‘ਘਟਿ’ ਵੱਸਦੇ ਅੰਤਰਜਾਮੀ ਨੂੰ ‘ਚੀਨ੍ਣ’ ਦੀ ਸਿਖਿਆ ਦਿੰਦੇ ਹਨ:
ਐ ਜੀ ਤੂੰ ਆਪੇ ਸਭ ਕਿਛੁ ਜਾਣਦਾ ਬਦਤਿ ਤ੍ਰਿਲੋਚਨੁ ਰਾਮਈਆ॥ (ਪੰਨਾ 92)
ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ॥
ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨਾ੍ ਕਾਹੇ ਭਇਆ ਸੰਨਿਆਸੀ॥ (ਪੰਨਾ 525)
ਗੁਰਬਾਣੀ ਨੇ ਇਨ੍ਹਾਂ ਵਿਚਾਰਾਂ ਦੀ ਪੁਸ਼ਟੀ ਕੀਤੀ ਹੈ:
ਅੰਤਰਿ ਬਾਹਰਿ ਸਭੁ ਕਿਛੁ ਜਾਣੈ ਆਪੇ ਹੀ ਆਪਿ ਪਤੀਜਾ ਹੇ॥ (ਪੰਨਾ 1074)
ਅੰਤਰਜਾਮੀ ਸਭੁ ਕਿਛੁ ਜਾਨੈ ਉਸ ਤੇ ਕਹਾ ਛਪਾਇਆ॥ (ਪੰਨਾ 381)
(ਸ) ਅਨੰਦ ਸਰੂਪ : ਭਗਤ ਜੀ ਦੀ ਬਾਣੀ ਵਿਚ ਨਿਰੂਪਤ ਪਰਮਾਤਮਾ ਅਨੰਦ ਸਰੂਪ ਹੈ, ‘ਅਨੰਦ’ ਉਸ ਦਾ ਇਕ ਗੁਣ ਨਹੀਂ, ਸਗੋਂ ਉਸ ਦਾ ‘ਸਰੂਪ’ ਹੀ ਅਨੰਦ ਹੈ। ਉਹ ਸਭ ਤੋਂ ਸ੍ਰੇਸ਼ਟ ਖੁਸ਼ੀ ਹੈ, ਪਰਮਾਨੰਦ ਹੈ। ਮਾਇਆਵੀ ਖੁਸ਼ੀਆਂ ਉਸ ਦੇ ਮੁਕਾਬਲੇ ਹੇਚ ਹਨ, ਤੁੱਛ ਹਨ। ਭਰਮਾਂ ਵਿਚ ਭੁੱਲੀ ਲੋਕਾਈ (ਜੈ ਚੰਦ ਵਰਗੀ) ਬਾਹਰ ਸੰਸਾਰਿਕ ਪਦਾਰਥਾਂ, ਧਾਰਮਿਕ ਭੇਖਾਂ ਅਤੇ ਤੀਰਥਾਂ ਦੇ ਤੱਟਾਂ ਉੱਪਰ ‘ਅਨੰਦ’ ਭਾਲਦੀ ਫਿਰਦੀ ਹੈ, ਪਰ ਭਗਤ ਜੀ ਕਹਿੰਦੇ ਸ੍ਰੇਸ਼ਟ ਅਨੰਦ ਤਾਂ ਤੇਰੇ ਹਿਰਦੇ ਵਿਚ ਹੀ ਵੱਸਦਾ ਹੈ, ਜਿਸ ਨੂੰ ‘ਚੀਨਣ’ ਦੀ ਲੋੜ ਹੈ:
ਭਰਮੇ ਭੂਲੀ ਰੇ ਜੈ ਚੰਦਾ॥
ਨਹੀ ਨਹੀ ਚੀਨ੍ਆਿ ਪਰਮਾਨੰਦਾ॥ (ਪੰਨਾ 525)
(ਹ) ਕਰਤਾ : ਭਗਤ ਜੀ ਅਨੁਸਾਰ ਪਰਮਾਤਮਾ ਸਭ ਜੀਵਾਂ ਦਾ ਕਾਰਨ ਕਰਤਾ ਹੈ, ਉਸ ਨੇ ਹੀ ਸਾਰੀ ਰਚਨਾ ਰਚਾਈ ਹੈ। ਕਰਤਾ ਜੀਵਾਂ ਨੂੰ ਪੈਦਾ ਕਰ ਕੇ ਉਨ੍ਹਾਂ ਤੋਂ ਵੱਖ ਨਹੀਂ, ਪਰ ਉਹ ਕਿਰਤ ਵਿਚ ਵਿਆਪ ਕੇ ਵੀ (ਵਣਿ ਤ੍ਰਿਣਿ ਰਤੜਾ) ‘ਨਿਰਬਾਣ’ ਹੈ, ਭਾਵ ਜੀਵਾਂ ਦੀ ਉਤਪਤੀ ਜਿਸ ਨਿਯਮਾਂ (ਹੁਕਮ) ਰਾਹੀਂ ਕਰਦਾ ਹੈ, ਆਪ ਉਸ ਤੋਂ ਨਿਰਲੇਪ ਹੈ, (ਆਪ ਉਹ ਸੈਭੰ ਹੈ):
ਲਖ ਚਉਰਾਸੀਹ ਜਿਨਿ੍ ਉਪਾਈ ਸੋ ਸਿਮਰਹੁ ਨਿਰਬਾਣੀ॥ (ਪੰਨਾ 526)
ਪਰਮਾਤਮਾ ਪ੍ਰਤੀ ਭਗਤ ਜੀ ‘ਬੀਠੁਲਾ’ ਸ਼ਬਦ ਦਾ ਪ੍ਰਯੋਗ ਵੀ ‘ਨਿਰਬਾਣੀ’ ਸ਼ਬਦ ਦੇ ਵਾਂਗ ਹੀ ਕਰਦੇ ਹਨ, ਭਾਵ ਵਾਸ਼ਨਾ ਰਹਿਤ, ਨਿਰਲੇਪ, ਮਾਇਆ ਦੀ ਕਾਲਖ ਤੋਂ ਰਹਿਤ। ਗੁਰਬਾਣੀ ਵਿਚ ਵੀ ਪਰਮਾਤਮਾ ਦਾ ‘ਅਨੰਦਮਈ’ ਅਤੇ ਕਰਤਾ ਸਰੂਪ ਭਰਪੂਰ ਰੂਪ ਵਿਚ ਨਿਰੂਪਤ ਹੋਇਆ ਹੈ:
ਅਨਦੋ ਅਨਦੁ ਘਣਾ ਮੈ ਸੋ ਪ੍ਰਭੁ ਡੀਠਾ ਰਾਮ॥ (ਪੰਨਾ 452)
ਲਖ ਚਉਰਾਸੀਹ ਆਪਿ ਉਪਾਏ॥ (ਪੰਨਾ 1061)
ਸਭੁ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਧੁ ਸਭਨਾ ਸਿਰਿ ਲਿਖਿਆ ਲੇਖੁ॥(ਪੰਨਾ 735)
ਉਪਰੋਕਤ ਵਿਵਰਣ ਤੋਂ ਸਪੱਸ਼ਟ ਹੈ ਭਗਤ ਜੀ ਦੀ ਬਾਣੀ ਵਿਚ ਨਿਰੂਪਤ ਹੋਇਆ ਪਰਮਾਤਮਾ ‘ਸਰਗੁਣਵਾਦੀ’ ਜਾਂ ‘ਵੈਸ਼ਨਵਵਾਦੀ’ ਨਹੀਂ, ਇਹ ‘ਨਿਰਬਾਣ’ ‘ਬੀਠੁਲ’ ਹੈ, ਜਿਹੜਾ ‘ਬ੍ਰਹਮ’ (ਚਕ੍ਰ, ਚਿਹਨ ਰਹਿਤ, ਅਗੋਚਰ) ਹੁੰਦਾ ਹੋਇਆ ਭਗਤ ਜੀ ਦੇ ਅੰਗ-ਸੰਗ ਹੈ। ਭਗਤ ਜੀ ਦੀ ਉੱਚ ਆਤਮਿਕ ਅਵਸਥਾ ਨੇ ਬ੍ਰਹਮ ਦਾ ਸਰੂਪ ਭਾਵਨਾਤਮਕ ਜ਼ਿਆਦਾ ਬਣਾਇਆ ਹੈ। ਭਗਤ ਜੀ ਦੁਆਰਾ ਬ੍ਰਹਮ ਨਿਰੂਪਣਾ ਦੀ ਸਮੁੱਚੀ ਗੁਰਬਾਣੀ ਨਾਲ ਪੂਰੀ ਤਰ੍ਹਾਂ ਸਾਂਝ ਹੈ।
2) ਮਾਇਆ :
ਭਾਰਤੀ ਦਾਰਸ਼ਨਿਕ/ਧਾਰਮਿਕ ਪਰੰਪਰਾ ਦੀ ਕੋਈ ਵੀ ਅਜਿਹੀ ਚਿੰਤਨ-ਪੱਧਤੀ ਨਹੀਂ, ਜਿਸ ਵਿਚ ‘ਮਾਇਆ’ ਫ਼ਲਸਫ਼ੇ ਉੱਪਰ ਵਿਚਾਰ ਨਾ ਕੀਤਾ ਗਿਆ ਹੋਵੇ। ਡਾ. ਬਲਵੀਰ ਸਿੰਘ ਜੀ ਦੇ ਸ਼ਬਦਾਂ ਵਿਚ, ‘ਭਾਰਤੀ ਫ਼ਲਸਫ਼ੇ ਦਾ ਵਿਕਾਸ-ਕਰਮ, ਆਵਾਗਉਣ ਅਤੇ ਮਾਇਆ ਦੀਆਂ ਪੇਚੀਦਗੀਆਂ ਦੁਆਲੇ ਹੀ ਘੁੰਮਦਾ ਹੈ। ਭਗਤ ਤ੍ਰਿਲੋਚਨ ਜੀ ਦੁਆਰਾ ਦਰਸਾਈ ‘ਮਾਇਆ’ ਦੀ ਧਾਰਨਾ, ਭਾਰਤੀ ‘ਮਾਇਆਵਾਦ’ ਦੇ ਸਿਧਾਂਤ ਤੋਂ ਵੱਖਰੀ ਅਤੇ ਗੁਰਮਤਿ-ਅਨੁਸਾਰੀ ਹੈ।
ਭਗਤ ਜੀ ਦਾ ‘ਮਾਇਆ’ ਸੰਕਲਪ ਕੇਂਦਰੀ ਨਹੀਂ। ਦੂਸਰਾ, ਉਹ ਮਾਇਆ ਦੇ ਅਰਥ ਜਗਤ ਦੀ ਅਸੱਤਤਾ ਜਾਂ ਮਿਥਿਆ ਰੂਪ ਵਿਚ ਨਹੀਂ ਲੈਂਦੇ, ਉਨ੍ਹਾਂ ਨੂੰ ਤਾਂ ਜਗਤ ਦੇ ਕਣ-ਕਣ ਵਿਚ ਨਾਰਾਇਣ ਰਮਿਆ ਦਿਖਾਈ ਦਿੰਦਾ ਹੈ। (ਵਣਿ ਤ੍ਰਿਣਿ ਰਤੜਾ ਨਾਰਾਇਣਾ) ਭਗਤ ਜੀ ਮਾਇਆ ਨੂੰ ਮੋਹ, ਹਉਮੈ, ਅਮਰ (ਕਬਜ਼ਿਆਂ ਦੀ ਬਿਰਤੀ), ਕੁਟੰਬ, ਸੰਸਾਰਿਕ ਖਲਜਗਣਾਂ, ਪਰਾਈ ਮੈਲ (ਪਰ ਘਰਿ ਜੋਹਹਿ) ਆਦਿ ਦੇ ਅਰਥਾਂ ਵਿਚ ਲੈਂਦੇ ਹਨ। ਭਗਤ ਜੀ ਅਨੁਸਾਰ ਮਾਇਆ ਅਜਿਹਾ ‘ਮੋਹ’ (ਤ੍ਰਿਸ਼ਨਾ, ਪਕੜ) ਹੈ, ਜਿਹੜਾ ਪ੍ਰਾਣੀ ਨੂੰ ਬੁਢੇਪੇ/ਮੌਤ (ਜਰਾ ਮਰਣੁ) ਦਾ ਚੇਤਾ ਭੁਲਾ ਕੇ ਉਸ ਨੂੰ ‘ਅਮਰ’ ਹੋਣ (ਸਦਾ ਰਹਿਣ, ਸਦੀਵੀਂ) ਦੇ ਭਰਮ-ਭੁਲੇਖਿਆਂ ਵਿਚ ਪਾ ਦਿੰਦਾ ਹੈ। ਮਾਇਆਧਾਰੀ ‘ਅੰਨਾ੍-ਬੋਲਾ’ ਆਪਣੇ ਫੈਲਾਏ ਪਦਾਰਥਕ ਪਸਾਰਿਆਂ ਨੂੰ ਦੇਖ-ਦੇਖ ਇਉਂ ਵਿਗਸਦਾ ਹੈ, ਜਿਵੇਂ ਕੰਵਲ ਦਾ ਫੁੱਲ ਖਿੜਿਆ ਹੋਵੇ:
ਮਾਇਆ ਮੋਹੁ ਮਨਿ ਆਗਲੜਾ ਪ੍ਰਾਣੀ ਜਰਾ ਮਰਣੁ ਭਉ ਵਿਸਰਿ ਗਇਆ॥
ਕੁਟੰਬੁ ਦੇਖਿ ਬਿਗਸਹਿ ਕਮਲਾ ਜਿਉ ਪਰ ਘਰਿ ਜੋਹਹਿ ਕਪਟ ਨਰਾ॥ (ਪੰਨਾ 92)
ਗੂਜਰੀ ਰਾਗ ਦੇ ਪਹਿਲੇ ਸ਼ਬਦ ਵਿਚ ਭਗਤ ਜੀ ‘ਮਾਇਆ’ ਦੇ ਇਕ ਹੋਰ ਰੂਪ ਨੂੰ ਦਰਸਾਉਂਦੇ ਹਨ। ਉਨ੍ਹਾਂ ਅਨੁਸਾਰ ਜਿਹੜੇ ‘ਤਸਕਰਾਂ’ ਨੇ ‘ਸਾਧਾਂ’ ਦੇ ਲਿਬਾਸ ਵਿਚ ਸੰਨਿਆਸੀ, ਉਦਾਸੀ ਜਾਂ ਕਾਪੜੀਆ ਆਦਿ ਦੇ ‘ਵੇਸ’ ਧਾਰੇ ਹੋਏ ਹਨ, ਖਿੰਥਾ (ਲਿਬਾਸ), ਮੁੰਦਰਾਂ ਆਦਿ ਪਹਿਨੀਆਂ ਹੋਈਆਂ ਹਨ, ਸਭ ‘ਮਾਇਆ’ ਦੇ ਢਕਵੰਜ ਹਨ, ਉਹ ਲੋਕ ਭਾਵੇਂ ਦੂਜਿਆਂ ਨੂੰ ‘ਧਾਰਮਿਕ ਹੋਣ’ ਦਾ ਦਿਖਾਵਾ ਕਰੀ ਜਾਣ। ਇਹ ਭੇਖੀ ਮਾਇਆਧਾਰੀ ਘਰ-ਘਰ ਤੋਂ ਮੰਗ ਕੇ ਖਾਂਦੇ ਹਨ, ਗੋਗੜਾਂ (ਪੇਟ) ਵਧਾ ਕੇ ਰੋਗਾਂ ਦਾ ਸ਼ਿਕਾਰ ਬਣਦੇ ਹਨ:
ਘਰਿ ਘਰਿ ਖਾਇਆ ਪਿੰਡੁ ਬਧਾਇਆ ਖਿੰਥਾ ਮੁੰਦਾ ਮਾਇਆ॥ (ਪੰਨਾ 526)
ਇਥੇ ਭਗਤ ਜੀ ਸਪੱਸ਼ਟ ਰੂਪ ਵਿਚ ਕਿਰਤ ਦੀ ਰੋਟੀ ਦਾ ਸਮੱਰਥਨ ਕਰ ਰਹੇ ਹਨ। ਭਗਤ ਜੀ ਦੀ ਦ੍ਰਿਸ਼ਟੀ ਵਿਚ ਮੰਗ-ਮੰਗ ਕੇ ਖਾਣਾ ਤਾਂ ਮਾਇਆਧਾਰੀ ‘ਕਪਟ ਨਰਾਂ’ ਦੇ ਧੰਦੇ ਹਨ। ਪ੍ਰਭੂ-ਪਿਆਰੇ ਤਾਂ ਹੱਕ-ਹਲਾਲ ਦੀ ਕਿਰਤ ਕਰਕੇ ਜੀਵਨ-ਬਸਰ ਕਰਦੇ ਹਨ।
ਉਪਰੋਕਤ ਤੋਂ ਸਪੱਸ਼ਟ ਹੈ ਕਿ ਭਗਤ ਜੀ ਜਗਤ-ਪ੍ਰਪੰਚ ਨੂੰ ਮਾਇਆ ਨਹੀਂ ਕਹਿ ਰਹੇ, ਉਨ੍ਹਾਂ ਦੀ ਵਿਚਾਰਧਾਰਾ ਅਨੁਸਾਰ, ਇਹ ਮਾਇਆ ਤਾਂ ਸੰਸਾਰ ਦੇ ਝੂਠੇ- ਕਾਰ-ਵਿਹਾਰ ਤੇ ਪਸਾਰਿਆਂ ਵਿਚ ਖੱਚਿਤ ‘ਕਪਟ ਨਰਾਂ’ ਦੀ ਮਾਇਆਵਾਦੀ ਰੁਚੀ ਤੇ ਭੇਖੀ ਜੀਵਨ ਹੈ। ਇਹ ਪਦਾਰਥਕ ਪੁਜਾਰੀਆਂ, ਮਾਦਾ ਪ੍ਰਸਤੀਆਂ ਦੀ ਕੂੜੀ ‘ਚਾਲ’ ਹੈ, ਧਰਮ ਦੇ ਨਾਂ ਹੇਠ ਫੋਕੇ ਅਡੰਬਰ, ਭੇਖ ਤੇ ਦਿਖਾਵੇ ਮਾਇਆ ਹਨ। ਗੁਰਬਾਣੀ ਵੀ ਅਜਿਹੇ ਮਨਮੁਖੀ ਵਰਤਾਰਿਆਂ ਨੂੰ ਹੀ ਮਾਇਆ ਕਹਿੰਦੀ ਹੈ:
ਮਨਮੁਖਿ ਮਾਇਆ ਮੋਹੁ ਹੈ ਨਾਮਿ ਨ ਲਗੈ ਪਿਆਰੁ॥
ਕੂੜੁ ਕਮਾਵੈ ਕੂੜੁ ਸੰਘਰੈ ਕੂੜਿ ਕਰੈ ਆਹਾਰੁ॥
ਬਿਖੁ ਮਾਇਆ ਧਨੁ ਸੰਚਿ ਮਰਹਿ ਅੰਤਿ ਹੋਇ ਸਭੁ ਛਾਰੁ॥
ਕਰਮ ਧਰਮ ਸੁਚਿ ਸੰਜਮੁ ਕਰਹਿ ਅੰਤਰਿ ਲੋਭੁ ਵਿਕਾਰ॥ (ਪੰਨਾ 1423)
3) ਕਰਮ-ਸਿਧਾਂਤ :
‘ਕਰਮ’ ਸ਼ਬਦ ਦੇ ਅਰਥਾਂ ਬਾਰੇ ਗੁਰਮਤਿ ਵਿਆਖਿਆਕਾਰਾਂ ਵਿਚ ਕਾਫ਼ੀ ਭਿੰਨਤਾ ਹੈ, ਪ੍ਰਮੁੱਖ ਤੌਰ ’ਤੇ ਇਸ ਦੇ ਦੋ ਅਰਥ ਹਨ, ਇਕ ‘ਕੰਮ’ (action) ਤੇ ਦੂਸਰਾ ਬਖਸ਼ਿਸ਼ (Grace), ਇਸ ਤਰ੍ਹਾਂ ਇਨ੍ਹਾਂ ਦਾ ਸਾਂਝਾ ਅਰਥ/ ਸਮਾਸ ‘ਨਦਰਿ-ਕਰਮ’ (Gracio-action) ਕੀਤਾ ਜਾ ਸਕਦਾ ਹੈ।
ਧਨਾਸਰੀ ਰਾਗ ਵਾਲੇ ਸ਼ਬਦ (ਨਾਰਾਇਣ ਨਿੰਦਸਿ ਕਾਇ…) ਵਿਚ ਭਗਤ ਜੀ ‘ਕਰਮ’ ਨੂੰ ‘ਕੰਮ’ ਦੇ ਅਰਥਾਂ ਵਿਚ ਲੈਂਦੇ ਹਨ। ਭਗਤ ਜੀ ਅਨੁਸਾਰ ਜਿਹੜਾ ਜਿਹੋ ਜਿਹਾ ਕੰਮ ਕਰੇਗਾ, ਤਿਹੋ ਜਿਹਾ ਫਲ ਪ੍ਰਾਪਤ ਕਰ ਲਵੇਗਾ। ਆਪਣੀ ਜਿੰਦ ਨੂੰ ਸੰਬੋਧਨ ਰੂਪ ਵਿਚ (ਪਰਥਾਇ ਸਾਰੀ ਮਾਨਵ ਜਾਤੀ) ਸਮਝਾਉਂਦੇ ਭਗਤ ਜੀ ਕਈ ਉਦਾਹਰਣਾਂ ਲੈਂਦੇ ਹਨ। ਸਪੱਸ਼ਟ ਰੂਪ ਵਿਚ ਭਗਤ ਜੀ ‘ਜੇਹਾ ਕਰੋਗੇ ਤੇਹਾ ਭਰੋਗੇ’ ਦਾ ‘ਕਰਮ ਸਿਧਾਂਤ’ ਦਰਸਾਉਂਦੇ ਹਨ।
ਗੂਜਰੀ ਰਾਗ ਦੇ ਦੂਜੇ ਸ਼ਬਦ (ਅੰਤਿ ਕਾਲਿ ਜੋ ਲਛਮੀ…) ਵਿਚ ਭਗਤ ਜੀ ਕਰਮੁ ਦਾ ਸੂਖ਼ਮ ਤੇ ਡੂੰਘੇਰਾ ਭਾਵ ‘ਪੂਰਬਲੋ ਕ੍ਰਿਤ ਕਰਮੁ ਨ ਮਿਟੈ…’ ਪੱਖ ਸਮਝਾਉਂਦੇ ਹਨ। ਭਗਤ ਜੀ ਮਾਨਵ ਦਾ ਗੁਣਵਾਚੀ ਪੈਮਾਨਾ ਸਾਹਮਣੇ ਰੱਖ ਕੇ ਉਸ ਨੂੰ ਬਿਰਤੀ, ਚੇਤਨਾ ਜਾਂ ਸੋਚ ਪੱਧਰ ’ਤੇ ਚਿਤਰਦੇ ਹਨ, ਕਿਉਂਕਿ ਮਨੁੱਖ ਉਹੀ ਹੈ, ਜਿਹੜਾ ਬਿਰਤੀ ਕਰਕੇ ਮਨੁੱਖ ਦੇ ਹਾਣ ਦਾ ਹੈ, ਕਈਆਂ ਦੀ ਸ਼ਕਲ-ਸੂਰਤ ਭਾਵੇਂ ਮਨੁੱਖਾਂ ਦੀ ਹੈ, ਪਰ ਬਿਰਤੀ ਕਰਕੇ ਪਸ਼ੂਆਂ ਤੋਂ ਵੀ ਨੀਵੇਂ ਹਨ।
4) ਮਨੁੱਖੀ ਜੀਵਨ ਦਾ ਉਦੇਸ਼ ਅਤੇ ਇਸ ਦੇ ਪ੍ਰਾਪਤੀ ਦੇ ਸਾਧਨ
(ੳ) ਉਦੇਸ਼ : ਭਗਤ ਜੀ ਅਨੁਸਾਰ ਮਨੁੱਖੀ ਜੀਵਨ ਦਾ ਅਸਲ ਉਦੇਸ਼ ਬ੍ਰਹਮ ਚੀਨਣਾ ਹੈ, ਵਾਹਿਗੁਰੂ ਦਾ ਮਿਲਾਪ ਕਰਨਾ ਹੈ, ਇਸੇ ਕਰਕੇ ਹੀ ਉਹ ਭੇਖੀ ਤੇ ਕਪਟ ਨਰਾਂ ਨੂੰ ਦਿਖਾਵੇ ਵਾਲਾ ਜੀਵਨ ਤਿਆਗ ਕੇ ਅਸਲੀ ਤੱਤ ਪਾਉਣ ਦੀ ਤਾਕੀਦ ਕਰਦੇ ਹਨ। ਭਗਤ ਜੀ ਦੇ ਸਾਹਮਣੇ ਉਸ ਪਤਨਮੁਖੀ ਮਨੁੱਖ ਦਾ ਮਸਲਾ ਹੈ, ਜਿਹੜਾ ਸਦੀਆਂ ਤੋਂ ਪਲੀਤ ਸੰਸਕਾਰਾਂ ਦਾ ਗੁੰਮਰਾਹ ਕੀਤਾ ਹੋਇਆ ਆਪਣੇ ਅਸਲੇ ਜੋਤਿ ਸਰੂਪ ਨੂੰ ਭੁੱਲ ਕੇ ਫਜ਼ੂਲ ਦੇ ਝੂਠੇ ਕਰਮਕਾਂਡਾਂ, ਤੀਰਥ-ਯਾਤਰਾਵਾਂ, ਮਾਇਆ, ਕੁਟੰਬ ਦੇ ਕੂੜ-ਪਸਾਰਿਆਂ ਵਿਚ ਗ੍ਰਸਿਆ ਹੋਇਆ ਹੈ। ਸੋ ਜੀਵਨ ਦਾ ਅਸਲ ਉਦੇਸ਼ ਇਨ੍ਹਾਂ ਭੇਖਾਂ ਤੇ ਮਾਇਕ ਜੰਜਾਲਾਂ ਤੋਂ ਮੁਕਤ ਹੋ ਕੇ ਪੀਤੰਬਰੁ ਨੂੰ ਰਿਦੈ ਵਿਚ ਵਸਾਉਣਾ ਹੈ:
ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨਾ੍ ਕਾਹੇ ਭਇਆ ਸੰਨਿਆਸੀ॥ (ਪੰਨਾ 525)
ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥ (ਪੰਨਾ 526)
(ਅ) ਸਾਧਨ : ਮਨੁੱਖੀ ਜੀਵਨ ਦਾ ਅਸਲ ਉਦੇਸ਼ ‘ਬ੍ਰਹਮ ਚੀਨ੍ਣਾ’ ਜਾਂ ਪਰਮਾਤਮਾ ਦੀ ਪ੍ਰਾਪਤੀ ਕਰਨਾ ਹੈ, ਇਸ ਪਰਮ ਮਨੋਰਥ ਦੀ ਪ੍ਰਾਪਤੀ ਲਈ ਭਗਤ ਜੀ ਸਨਾਤਨੀ ਪਰੰਪਰਾਵਾਂ ਵੱਲੋਂ ਦਰਸਾਏ ਗਏ ਸਾਧਨਾਂ (ਵਿਧੀਆਂ) ਨੂੰ ਮੂਲੋਂ ਹੀ ਰੱਦ ਕਰ ਦਿੰਦੇ ਹਨ। ਭਗਤ ਜੀ ਪ੍ਰੰਪਰਿਕ ਧਾਰਾਵਾਂ ਵੱਲੋਂ ਮਨੁੱਖੀ ਜੀਵਨ ਦੇ ਅੰਤਿਮ-ਮਨੋਰਥ ਦੀ ਪ੍ਰਾਪਤੀ ਲਈ ਸੰਨਿਆਸੀ ਬਣਨਾ, ਮਸਾਣਾਂ ਦੀ ਪਿੰਡੇ ’ਤੇ ਸੁਆਹ ਮਲਣੀ, ਗਿਣਤੀ ਦੇ ਤਪ ਕਰਨੇ, ਹਠ ਆਦਿ ਅਜਿਹੇ ਕੰਮਾਂ ਨੂੰ, ਸਿਵਾਏ ਪਾਣੀ ਰਿੜਕਣ ਦੇ ਹੋਰ ਕੁਝ ਨਹੀਂ ਸਮਝਦੇ। ਭਗਤ ਜੀ ਆਪਣੀ ਬਾਣੀ ਵਿਚ ਪ੍ਰਮੁੱਖ ਤੌਰ ਉਤੇ ਤਿੰਨ ਸਾਧਨਾਂ ਦਾ ਸੰਕੇਤ ਕਰਦੇ ਹਨ:-
1) ਨੈਤਿਕਵਾਦੀ
2) ਬੌਧਿਕ
3) ਅਧਿਆਤਮ
1) ਨੈਤਿਕਵਾਦੀ ਸਾਧਨ: ਭਗਤ ਜੀ ਅਨੁਸਾਰ ਜੀਵਨ-ਮਨੋਰਥ ਦੀ ਪ੍ਰਾਪਤੀ ਦੇ ਰਾਹ ਵਿਚ ਪਹਿਲਾ ਤੇ ਵੱਡਾ ਕਦਮ ਸੱਚਾ-ਸੁੱਚਾ ਨੈਤਿਕਵਾਦੀ ਜੀਵਨ ਹੈ। ਮਨ ਦੀ ਸੁੱਚਮਤਾ’ ਵਿਚ ਹੀ ਨਿਰਮਲ ਪ੍ਰਭੂ ਦਾ ਵਾਸਾ ਹੋ ਸਕੇਗਾ। ਜੇਕਰ ‘ਅੰਤਰੁ ਮਲੁ’ ਨੂੰ ‘ਨਿਰਮਲੁ’ (ਸਾਫ਼) ਨਹੀਂ ਕੀਤਾ ਤਾਂ ਬਾਹਰੀ ਭੇਖਾਂ ਨਾਲ ਜੀਵਨ-ਮਨੋਰਥ ਦੀ ਪ੍ਰਾਪਤੀ ਨਹੀਂ ਹੋਣ ਲੱਗੀ। ਅੰਦਰ ਕਾਮ, ਕ੍ਰੋਧ, ਤ੍ਰਿਸ਼ਨਾਵਾਂ, ਵਡਿਆਈਆਂ, ਕਬਜ਼ਿਆਂ ਆਦਿ ਦੀ ਮੈਲ ਸਾਫ ਕਰ ਕੇ ਹੀ ਬ੍ਰਹਮ ਚੀਨ੍ਆਿ ਜਾ ਸਕਦਾ ਹੈ:
ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ॥ (ਪੰਨਾ 525)
2) ਬੌਧਿਕ : ਜਦ ਤਕ ਮਨੁੱਖ ਨੂੰ ਇਹ ‘ਸੋਝੀ’ ਹੀ ਨਹੀਂ ਮਿਲਦੀ ਕਿ ਉਸ ਦੇ ਜੀਵਨ ਦਾ ਪਰਮ ਮਨੋਰਥ ਕੀ ਹੈ ਅਤੇ ਕਿਵੇਂ ਪ੍ਰਾਪਤ ਹੋਵੇਗਾ? ਤਦ ਤਕ ਉਹ ‘ਭੂਮਿ ਮਸਾਣ ਕੀ’, ‘ਸੁਆਹ’ ਆਦਿ ਨਾਲ ਹੀ ਗੁੰਮਰਾਹ ਹੁੰਦਾ ਰਹੇਗਾ। ਇਸੇ ਕਰਕੇ ਹੀ ਭਗਤ ਜੀ ‘ਗੁਰ-ਗਿਆਨ’ (ਸ੍ਵੈ-ਅੰਤਰ ਵਸੇ ਨਿਰੰਕਾਰ ਦੀ ਸੋਝੀ, ਚੇਤਨਾ) ਨੂੰ ‘ਤੱਤ’ ਪ੍ਰਾਪਤੀ ਦਾ ਸਾਧਨ ਦੱਸ ਰਹੇ ਹਨ:
ਭੂਮਿ ਮਸਾਣ ਕੀ ਭਸਮ ਲਗਾਈ ਗੁਰ ਬਿਨੁ ਤਤੁ ਨ ਪਾਇਆ॥ (ਪੰਨਾ 526)
ਇਸ ਕਥਨ ਰਾਹੀਂ ਭਗਤ ਜੀ ਉਨ੍ਹਾਂ ਨਿਰਬਲ, ਨਿਰਾਰਥਕ ਪਰੰਪਰਾਵਾਂ ਨੂੰ ਸੰਬੋਧਿਤ ਹਨ, ਜਿਹੜੀਆਂ ਬਾਹਰੀ ਦਿਖਾਵਿਆਂ ਦੀ ਨੁਮਾਇਸ਼ ਲਗਾ ਕੇ, ਤਥਾਕਥਿਤ ਰੂਹਾਨੀਅਤ ਦੇ ‘ਅੱਡੇ’ ਸਥਾਪਿਤ ਕਰ ਕੇ ‘ਮੁਕਤੀ’ ਦੇ ‘ਗਰੰਟੀ ਪੱਤਰ’ ਦਿੰਦੀਆਂ ਹਨ ਤੇ ਮਾਨਵਤਾ ਨੂੰ ਗੁੰਮਰਾਹ ਕਰਦੀਆਂ ਹਨ। ਭਗਤ ਜੀ ‘ਗਿਆਨ’ (ਗੁਰ) ਦੀ ਪੈਰਵੀ ਕਰਦੇ ਹੋਏ ਇਨ੍ਹਾਂ ਦਿਖਾਵੇਵਾਦੀ ਗੁੰਮਰਾਹਕੁੰਨ ਪਰੰਪਰਾਵਾਂ ਨੂੰ ਰੱਦ ਕਰਦੇ ਹਨ।
3) ਅਧਿਆਤਮਵਾਦੀ ਸਾਧਨ: ਮਾਨਵ ਜੀਵਨ ਦੇ ਅਸਲ ਤੇ ਪਰਮ ਮਨੋਰਥ ਦੀ ਪ੍ਰਾਪਤੀ ਦਾ ਅਸਲ ਤੇ ਅਹਿਮ ਸਾਧਨ ‘ਨਿਰਬਾਣ ਪ੍ਰਭੂ ਦਾ ਸਿਮਰਨ ਹੈ:
ਲਖ ਚਉਰਾਸੀਹ ਜਿਨਿ੍ ਉਪਾਈ ਸੋ ਸਿਮਰਹੁ ਨਿਰਬਾਣੀ॥ (ਪੰਨਾ 526)
ਵਿਸ਼ੇਸ਼ ਗੱਲ ਇਹ ਹੈ ਕਿ ਭਗਤ ਜੀ ‘ਵਾਸ਼ਨਾ ਰਹਿਤ’ (ਨਿਰਬਾਣ) ਵਾਹਿਗੁਰੂ ਦੇ ਸਿਮਰਨ, ਚਿੰਤਨ ਜਾਂ ਉਪਾਸ਼ਨਾ ਲਈ ਸਮੇਂ-ਸਥਾਨ ਤੇ ਸਥਿਤੀ ਤੋਂ ਉੱਪਰ ਦੀ ਗੱਲ ਕਰ ਰਹੇ ਹਨ। ਭਗਤ ਤ੍ਰਿਲੋਚਨ ਜੀ ਅਨੁਸਾਰ ਅੰਤਿ ਕਾਲ ਤਕ, ਭਾਵ ਸਾਰੀ ਉਮਰ ਉਸ ਦਾ ਸਿਮਰਨ ਕਰਨ ਵਾਲਿਆਂ ਦੇ ਹੀ ‘ਪੀਤੰਬਰੁ’ ਰਿਦੈ ਵੱਸ ਸਕਦਾ ਹੈ, ਭਾਵ ਉਹੀ ਮਿਲਾਪ ਕਰ ਸਕਦੇ ਹਨ:
ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥
ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥(ਪੰਨਾ 526)
ਭਗਤ ਜੀ ਦੀ ਬਾਣੀ ਦਾ ਕਲਾ ਪੱਖ :
ਭਗਤ ਜੀ ਨੇ ਪਰਮ-ਚੇਤਨਾ, ਇਸ ਦਾ ਸਰੂਪ, ਮਾਨਵ-ਚੇਤਨਾ ਦੇ ਪੱਧਰ, ਮਨੋਰਥ, ਸਾਧਨਾਂ ਆਦਿ ਦੇ ਗਹਿਰ-ਗੰਭੀਰ ਸਵਾਲਾਂ ਨੂੰ ਬੜੇ ਸਹਿਜ ਅਤੇ ਸਰਲ ਤਰੀਕੇ ਨਾਲ ਪ੍ਰਗਟਾਇਆ ਹੈ। ਇਕ ਪਾਸੇ ਇਸ ਪ੍ਰਗਟਾਅ ਢੰਗ ਦਾ ਸੰਬੰਧ ਭਾਰਤ ਦੇ ਲੰਮੇ ਪੁਰਾਣਿਕ ਇਤਿਹਾਸ ਨਾਲ ਜਾ ਜੁੜਦਾ ਹੈ ਅਤੇ ਦੂਸਰੇ ਪਾਸੇ ਸੰਤ ਭਾਸ਼ਾ ਤੇ ਮਰਾਠੀ ਭਾਸ਼ਾ (ਤਾਚੇ, ਮਫੀਟਸਿ, ਨਦੀ ਚੇ ਨਾਥੰ) ਦੇ ਪ੍ਰਭਾਵ ਹੇਠ ਰਚਿਤ ਇਨ੍ਹਾਂ ਦੇ ਸ਼ਬਦਾਂ ਨੇ ਇਲਾਕਾਈ ਰੰਗ, ਸਮਕਾਲੀਨ ਜਨ-ਮਾਨਸ ਤੇ ਸਮਾਜ ਦਾ ਇਕ ‘ਸ਼ਬਦ ਚਿਤਰ’ ਪੇਸ਼ ਕਰ ਕੇ ਭਾਰਤ ਦੇ 14ਵੀਂ ਸਦੀ ਦੇ ਮਾਨਵ ਦੀ ਠੋਸ ਹਕੀਕਤ ਸਾਹਮਣੇ ਪੇਸ਼ ਕਰ ਦਿੱਤੀ ਹੈ। ਇਨ੍ਹਾਂ ਦੀ ਬਾਣੀ ਵਿਚ ਸ਼ਬਦਾਂ ਦੀ ਨਾਂਵ (Noun), ਪੜਨਾਂਵ (Pronoun) ਰੂਪਾਂ ਦੀ ਵਰਤੋਂ ਨਾਲੋਂ ਕਿਰਿਆਵੀ ਰੂਪਾਂ ਦੀ ਬਹੁਤਾਤ ਹੈ, ਜਿਵੇਂ : ਕੀਨਾ, ਚੀਨਾ, ਭਇਆ, ਭੂਲੀ, ਚੀਨ੍ਆਿ, ਖਾਇਆ, ਬਧਾਇਆ, ਪਾਇਆ, ਲਗਾਈ, ਜਪਹੁ, ਤਪਹੁ, ਬਿਲੋਵਹੁ, ਸਿਮਰਹੁ, ਉਪਾਈ, ਫਿਰਾਹੀ ਆਦਿ।
ਭਗਤ ਜੀ ਨੇ ਪ੍ਰਤੀਕ ਪ੍ਰਕ੍ਰਿਤੀ, ਮਿਥਿਹਾਸ ਅਤੇ ਸਮਾਜ ਵਿੱਚੋਂ ਲਏ ਹਨ। ਪ੍ਰਕ੍ਰਿਤੀ ਵਿੱਚੋਂ ਕਮਲ (ਮਨੁੱਖੀ ਹਿਰਦੇ ਦੇ ਖਿੜਾਵ ਤੇ ਹਉਂ ਭਰੇ ਦਾ ਪ੍ਰਤੀਕ), ਰਵਿ (ਦਿਨ ਦਾ), ਸਸਿ (ਰਾਤ ਦਾ) ਆਦਿ ਵਰਤੇ ਹਨ। ਵੈਸੇ ਵੀ ਭਗਤ ਜੀ ਦਾ ਸੁਹਜਭਾਵੀ ਹਿਰਦਾ ਪ੍ਰਕ੍ਰਿਤੀ ਵਿੱਚੋਂ ਕਈ ਸ਼ਬਦ ਵਣਿ, ਤ੍ਰਿਣਿ, ਕਣ, ਦੀਪਕੁ, ਬਣ ਆਦਿ ਲੈਂਦਾ ਹੈ। ਮਿਥਿਹਾਸ ਵਿੱਚੋਂ ਵਰਤੇ ਚਿੰਨ੍ਹ (ਪ੍ਰਤੀਕ ਨਹੀਂ) ਅਰੁਣ, ਸ਼ੰਕਰ, ਸੁਨਾਗਰ ਆਦਿ ‘ਕਰਮ ਫਲ’ ਸਿੱਧ ਕਰਨ ਲਈ ਪੌਰਾਣਿਕ ਕਥਾਵਾਂ ਦੇ ਆਧਾਰ ਰੂਪ ਹਨ। ਗੂਜਰੀ ਰਾਗ ਦੇ ਦੂਸਰੇ ਸ਼ਬਦ ਵਿਚ ਭਗਤ ਜੀ ਸਮਾਜ ਦੇ ਰਿਸ਼ਤਿਆਂ ਨੂੰ ਪ੍ਰਤੀਕ ਰੂਪ ਵਿਚ ਲੈ ਕੇ ਆਪਣੇ ਭਾਵਾਂ ਦਾ (ਮਨੁੱਖੀ ਬਿਰਤੀ ਦੇ ਭਾਵਾਂ ਦਾ) ਸੰਚਾਰ ਕਰਦੇ ਹਨ।
ਭਗਤੀ ਦੇ ਸੁਭਾਵਕ ਪਰ ਤੀਬਰ ਵੇਗ ਵਿੱਚੋਂ ਨਿਕਲੀ ਇਸ ਆਤਮਿਕ ਅਨੰਦਮਈ ਬਾਣੀ ਦਾ ਅਸਲ ‘ਰਸ’ ਤਾਂ ‘ਭਗਤੀ ਰਸ’ ਜਾਂ ‘ਅਨੰਦ ਰਸ’ ਹੀ ਹੈ, ਪਰ ਰਸ ਦੇ ਸ਼ਾਸਤਰੀ-ਸਿਧਾਂਤਾਂ ਦੁਆਰਾ ਸਥਾਪਿਤ ਕੀਤੇ ਰਸਾਂ (ਨੌਂ ਰਸ- ਸ਼ਿੰਗਾਰ, ਹਾਸ, ਕਰੁਣਾ, ਰੌਦਰ, ਬੀਰ, ਵੀਭਤਸ, ਅਦਭੁਤ, ਭਿਆਨਕ ਅਤੇ ਸ਼ਾਂਤ) ਵਿੱਚੋਂ ਸ਼ਿੰਗਾਰ ਅਤੇ ਭਿਆਨਕ ਆਦਿ ਰਸਾਂ ਦੀ ਨਿਸ਼ਾਨਦੇਹੀ ਹੋ ਜਾਂਦੀ ਹੈ (ਭਾਵੇਂ ਇਹ ਮਿਸ਼ਰਤ ਰੂਪ ਜਿਹੇ ਹਨ) ਜਿਵੇਂ:
ਸ਼ਿੰਗਾਰ :
ਮਿਲੁ ਮੇਰੇ ਬੀਠੁਲਾ ਲੈ ਬਾਹੜੀ ਵਲਾਇ॥ (ਪੰਨਾ 92)
ਭਿਆਨਕ :
ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ ਰਵਿ ਸਸਿ ਤਹ ਨ ਪ੍ਰਵੇਸੰ॥ (ਪੰਨਾ 92)
ਇਤਿਹਾਸਕ ਅੰਸ਼ :
ਇਸ ਗੱਲ ਵਿਚ ਰਤਾ ਵੀ ਸ਼ੱਕ ਨਹੀਂ ਕਿ ਭਗਤ ਜੀ ਦੀ ਰਚਨਾ ਦਾ ਵਿਸ਼ਾ (ਬਾਣੀ ਦਾ ਉਦੇਸ਼) ਇਤਿਹਾਸ ਨਹੀਂ, ਭਗਤੀ-ਭਾਵ ਜਾਂ ਮਾਨਵ ਜੀਵਨ ਦੇ ਰਾਹ ਖੋਲ੍ਹਣਾ ਹੈ, ਪਰ ਫਿਰ ਵੀ ਹਰ ਰਚਨਾ ਸਮਕਾਲੀਨ ਸਮਾਜ ਤੋਂ ਅਭਿੱਜ ਨਹੀਂ ਹੁੰਦੀ। ਭਗਤ ਜੀ ਦੀ ਬਾਣੀ ਵਿਚ ਕਿਸੇ ਇਕ ‘ਜੈ ਚੰਦ’ ਨਾਮੀ ਪੰਡਿਤ ਵਿਦਵਾਨ ਦਾ ਹਵਾਲਾ ਹੈ (ਭਾਵੇਂ ਇਸ ਦਾ ਅਤਾ-ਪਤਾ ਕਿਤੋਂ ਮਾਲੂਮ ਨਹੀਂ), ਜਿਸ ਤੋਂ ਇਨ੍ਹਾਂ ਦੇ ਸੰਵੇਦੀ ਸੁਭਾਵ ਤੇ ਵਿਦਵਾਨਾਂ ਨਾਲ ਹੁੰਦੀਆਂ ਚਰਚਾਵਾਂ (ਗੋਸ਼ਟੀਆਂ) ਦਾ ਪਤਾ ਚੱਲਦਾ ਹੈ। ਭਗਤ ਜੀ ਦਾ ਸਮਕਾਲੀ ਸਮਾਜ ਭੇਖਾਂ, ਆਡੰਬਰਾਂ ਦੇ ਕੂੜ ਵਰਤਾਰਿਆਂ ਦਾ ਸ਼ਿਕਾਰ ਹੈ, ਅਜਿਹੇ ਤਿੰਨ ਭੇਖਾਂ ਦਾ ਸੰਕੇਤ ਇਨ੍ਹਾਂ ਦੀ ਬਾਣੀ ਵਿਚ ਮਿਲਦਾ ਹੈ-ਸੰਨਿਆਸੀ, ਉਦਾਸੀ ਤੇ ਕਾਪੜੀਏ ਆਦਿ।
ਸਾਰ :
ਇਸ ਵਿਸ਼ਲੇਸ਼ਣ ਤੋਂ ਸਪੱਸ਼ਟ ਹੈ ਕਿ ਭਗਤ ਜੀ ਦੀ ਬਾਣੀ ਆਪਣੇ ਸਿਧਾਂਤਕ ਤੇ ਕਲਾ ਰੂਪ ਵਿਚ ਇਕ ਉੱਤਮ ਦਰਜੇ ਦੀ ਕਿਰਤ ਹੈ, ਇਹ ਭਗਤੀ ਭਾਵਨਾ ਵਿਚ ਧੁਰ ਡੂੰਘ ਤਕ ਅੱਪੜ ਕੇ ਪੈਦਾ ਹੋਏ ਅਗੰਮੀ ਬੋਲ ਹਨ। ਪੰਚਮ ਪਾਤਸ਼ਾਹ ਦੀ ਦਿੱਬ-ਦ੍ਰਿਸ਼ਟੀ ਵਿਚ ਇਹ ਆਤਮਿਕ ਉੱਚਤਾ ਦੀ ‘ਧੁਰ’ ਵਿੱਚੋਂ ਵਗਿਆ ਅੰਮ੍ਰਿਤ ਦਾ ਅਮੁੱਕ ਸੋਮਾ ਹੈ, ਜਿਸ ਦੀ ਠੰਢੀ ਤੇ ਗਿਆਨਮਈ (ਸਿਧਾਂਤਕ) ਸੀਰਤ ਵਿੱਚੋਂ ਮਨੁੱਖ-ਮਾਤਰ ਸਦੀਆਂ ਦੀ ਗ਼ੁਲਾਮੀ ਦੇ ਬੰਧਨਾਂ ਤੋਂ ਮੁਕਤੀ ਪ੍ਰਾਪਤ ਕਰਕੇ ਆਪਣੇ ਅਸਲੇ ਨੂੰ ਮਾਣਦਾ ਰਹੇਗਾ; ਤਾਂ ਹੀ ਗੁਰੂ ਸਾਹਿਬ ਨੇ ਇਸ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਕਰ ਕੇ ਅਮਰਤਾ ਬਖਸ਼ੀ ਹੈ।
ਲੇਖਕ ਬਾਰੇ
- ਡਾ. ਗੁਰਮੇਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%ae%e0%a9%87%e0%a8%b2-%e0%a8%b8%e0%a8%bf%e0%a9%b0%e0%a8%98/February 1, 2008
- ਡਾ. ਗੁਰਮੇਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%ae%e0%a9%87%e0%a8%b2-%e0%a8%b8%e0%a8%bf%e0%a9%b0%e0%a8%98/April 1, 2008
- ਡਾ. ਗੁਰਮੇਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%ae%e0%a9%87%e0%a8%b2-%e0%a8%b8%e0%a8%bf%e0%a9%b0%e0%a8%98/July 1, 2008
- ਡਾ. ਗੁਰਮੇਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%ae%e0%a9%87%e0%a8%b2-%e0%a8%b8%e0%a8%bf%e0%a9%b0%e0%a8%98/August 1, 2008
- ਡਾ. ਗੁਰਮੇਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%ae%e0%a9%87%e0%a8%b2-%e0%a8%b8%e0%a8%bf%e0%a9%b0%e0%a8%98/
- ਡਾ. ਗੁਰਮੇਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%ae%e0%a9%87%e0%a8%b2-%e0%a8%b8%e0%a8%bf%e0%a9%b0%e0%a8%98/January 1, 2009
- ਡਾ. ਗੁਰਮੇਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%ae%e0%a9%87%e0%a8%b2-%e0%a8%b8%e0%a8%bf%e0%a9%b0%e0%a8%98/
- ਡਾ. ਗੁਰਮੇਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%ae%e0%a9%87%e0%a8%b2-%e0%a8%b8%e0%a8%bf%e0%a9%b0%e0%a8%98/June 1, 2010