editor@sikharchives.org

ਭਗਤੀ ਲਹਿਰ ਦਾ ਮੂਲ ਤੇ ਵਿਕਾਸ

ਭਗਤੀ ਮਾਰਗ ਦਾ ਤੱਤ ਦੱਸਦਿਆਂ ਸੰਤਾਂ-ਭਗਤਾਂ ਕਿਹਾ ਕਿ ਪ੍ਰੇਮ ਹੀ ਪ੍ਰਭੂ-ਪ੍ਰਾਪਤੀ ਦਾ ਇੱਕੋ-ਇੱਕ ਸਾਧਨ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਹਿੰਦੁਸਤਾਨੀ ਧਾਰਮਿਕ ਸਿਧਾਂਤਾਂ ਵਿਚ ਆਮ ਤੌਰ ’ਤੇ ਤਿੰਨ ਮਾਰਗਾਂ ਦਾ ਚਰਚਾ ਹੈ- ਗਿਆਨ-ਮਾਰਗ, ਕਰਮ-ਮਾਰਗ ਤੇ ਉਪਾਸ਼ਨਾ-ਮਾਰਗ। ਗਿਆਨ-ਮਾਰਗ ਦਾ ਪੰਧਾਊ ਬਣਨ ਲਈ ਜ਼ਰੂਰੀ ਹੈ ਕਿ ਪਰਮਾਰਥਕ ਵਿਸ਼ਿਆਂ ਦਾ ਦਾਰਸ਼ਨਿਕ ਅਧਿਐਨ ਕੀਤਾ ਜਾਵੇ ਤੇ ਵਿੱਦਿਆ ਸਾਧਨ ਰਾਹੀਂ ਜੀਵਨ-ਤੱਤ ਨੂੰ ਜਾਣਿਆ ਜਾਵੇ। ਪਰ ਇਹ ਮੰਨਣਾ ਪਵੇਗਾ ਕਿ ਹਰ ਕਿਸੇ ਲਈ ਅਜਿਹੀ ਗਿਆਨ-ਪ੍ਰਾਪਤੀ ਔਖਾ ਜਿਹਾ ਕੰਮ ਸੀ। ਇਸ ਮਜਬੂਰੀ ਕਾਰਨ ਆਮ ਜਨਤਾ ਦੀ ਰੁਚੀ ਕਰਮ-ਮਾਰਗ ਵੱਲ ਹੋਈ। ਧਰਮ-ਗਿਆਨੀਆਂ ਜਾਂ ਪ੍ਰੋਹਤਾਂ ਦੇ ਦੱਸੇ ਕੁਝ ਗਿਣੇ-ਮਿਥੇ ਪੂਜਾ-ਅਰਚਾ ਦੇ ਕਰਮ ਕਰ ਲੈਣੇ ਸਾਧਾਰਨ ਜਗਿਆਸੂ ਲਈ ਸੌਖੀ ਜਿਹੀ ਗੱਲ ਸੀ, ਇਸ ਕਰਕੇ ਤਕੜਾ ਚਿਰ ਕਰਮਕਾਂਡ ਦਾ ਬੋਲਬਾਲਾ ਰਿਹਾ। ਹੋਮ ਜੱਗ ਕਰਨਾ, ਵਰਤ ਰੱਖਣਾ, ਤੀਰਥ-ਇਸ਼ਨਾਨ, ਖਾਸ-ਖਾਸ ਮੰਤਰਾਂ ਦਾ ਜਾਪ ਤੇ ਤਪ-ਸਾਧਨਾ, ਸਭ ਦੇ ਆਪਣੇ-ਆਪਣੇ ਤਰੀਕੇ ਸਨ। ਯੋਗੀਆਂ ਦਾ ਹੱਠ-ਮਾਰਗ ਵੀ ਇਕ ਤਰ੍ਹਾਂ ਦਾ ਕਰਮ-ਮਾਰਗ ਹੀ ਸੀ ਕਿਉਂਕਿ ਉਹ ਆਪਣੇ ਹਠ-ਤਪ ਰਾਹੀਂ ਹੀ ਸਰੀਰ ਤੇ ਮਨ ਨੂੰ ਸਾਧਣ ਦਾ ਯਤਨ ਕਰਦੇ ਸਨ ਤੇ ਇਸ ਦੁਆਰਾ ਸੁੰਨ ਮੰਡਲ ਵਿਚ ਪਹੁੰਚਣਾ ਉਨ੍ਹਾਂ ਦਾ ਉਦੇਸ਼ ਸੀ। ਪਰ ਇਹ ਕਠਿਨ ਤਿਤਿਖ਼ਯਾ ਗਿਆਨ-ਮਾਰਗ ਵਾਂਗ ਹਾਰੀ-ਸਾਰੀ ਦਾ ਕੰਮ ਨਹੀਂ ਸੀ, ਇਸ ਕਰਕੇ ਕੁਝ ਲੋਕ ਉਪਰਾਮ ਹੋ ਕੇ ਉਪਾਸ਼ਨਾ-ਮਾਰਗ ਵੱਲ ਤੁਰ ਪਏ। ਜੇ ਗਿਆਨ-ਮਾਰਗ ਦਿਮਾਗ਼ ਦੀ ਚੀਜ਼ ਸੀ ਤਾਂ ਕਰਮ-ਮਾਰਗ ਸਰੀਰ ਦੀ, ਪਰ ਸ਼ਰਧਾ ਉਪਾਸ਼ਨਾ ਦਿਲ ਦੀ ਚੀਜ਼ ਸੀ ਤੇ ਇਹੋ ਸ਼ਰਧਾ ਪ੍ਰੇਮ-ਭਾਵਨਾ ਭਗਤੀ ਲਹਿਰ ਦਾ ਮੂਲ ਬਣੀ। ਇਹੋ ਕਾਰਨ ਹੈ ਕਿ ਇਸ ਨੇ ਪੜ੍ਹੇ-ਅਨਪੜ੍ਹ ਅਤੇ ਸਾਧਾਰਨ ਤੇ ਆਸਾਧਾਰਨ ਸਭ ਨੂੰ ਪ੍ਰਭਾਵਤ ਕੀਤਾ। ਭਗਤੀ ਮਾਰਗ ਦਾ ਤੱਤ ਦੱਸਦਿਆਂ ਸੰਤਾਂ-ਭਗਤਾਂ ਕਿਹਾ ਕਿ ਪ੍ਰੇਮ ਹੀ ਪ੍ਰਭੂ-ਪ੍ਰਾਪਤੀ ਦਾ ਇੱਕੋ-ਇੱਕ ਸਾਧਨ ਹੈ।

ਜੇ ਇਤਿਹਾਸਕ ਨੁਕਤੇ ਨਾਲ ਵੇਖੀਏ ਤਾਂ ਭਾਰਤ ਵਿਚ ਧਾਰਮਿਕ ਖੁੱਲ੍ਹ ਕਾਰਨ ਕਈ ਅਨੋਖੇ ਮੱਤ ਪ੍ਰਚੱਲਤ ਰਹੇ ਹਨ। ਬੋਧੀ, ਜੈਨੀ ਕਿਸੇ ਮਹਾਨ ਸੱਤਾ ਵਿਚ ਵਿਸ਼ਵਾਸ ਨਹੀਂ ਸੀ ਰੱਖਦੇ। ਸ਼ੈਵ ਤੇ ਵੈਸ਼ਣਵ ਮੂਰਤੀਆਂ ਬਣਾ ਕੇ ਆਪਣੀ ਤਰ੍ਹਾਂ ਭਗਵਾਨ ਦੀ ਪੂਜਾ ਕਰਨ ਲੱਗੇ। ਤਾਂਤ੍ਰਿਕ ਮੱਤ ਵਾਲਿਆਂ ਰਹਿਣੀ-ਬਹਿਣੀ ਦੀਆਂ ਅਨੋਖੀਆਂ ਖੁੱਲ੍ਹਾਂ ਦੇ ਕੇ ਧਰਮ-ਕਰਮ ਵਿਚ ਵਿਕਾਰੀ ਰੰਗ ਲੈ ਆਂਦਾ। ਅਜਿਹੀ ਹਾਲਤ ਵਿਚ ਪੂਜਾ ਯੋਗ ਮਹਾਨ, ਸ਼ਕਤੀ ਬਾਰੇ ਸਪੱਸ਼ਟਤਾ ਦੀ ਲੋੜ ਸੀ, ਇਸ ਕਰਕੇ ਸ਼ੰਕਰਾਚਾਰੀਆ ਨੇ ਨਿਰਗੁਣ ਬ੍ਰਹਮ ਦਾ ਚਿਤ੍ਰ ਉਲੀਕ ਕੇ ਨਾਸਤਿਕਤਾ ਦੀ ਜੜ੍ਹ  ਉਖਾੜੀ। ਇਸਲਾਮੀ ਤੌਹੀਦ ਨੇ ਵੀ ਇਸ ਕੰਮ ਵਿਚ ਲੋੜੀਂਦੀ ਸਹਾਇਤਾ ਕੀਤੀ। ਮਗਰ ਸ਼ੰਕਰ ਦਾ ਦੱਸਿਆ ਬ੍ਰਹਮਾ ਆਮ ਲੋਕਾਂ ਲਈ ਆਕਰਸ਼ਣ ਦਾ ਕਾਰਨ ਨਹੀਂ ਸੀ ਹੋ ਸਕਦਾ ਤੇ ਨਾ ਹੀ ਮੂਰਤੀ-ਪੂਜਾ ਮਾਤਰ ’ਤੇ ਗੱਲ ਮੁੱਕਦੀ ਸੀ। ਅਜਿਹੀ ਅਵਸਥਾ ਵਿਚ ਦੱਖਣ ਵੱਲ ਆਲਵਾਰ ਲੋਕਾਂ ਨੌਵੀਂ-ਦਸਵੀਂ ਸਦੀ ਦੇ ਲਾਗੇ-ਚਾਗੇ ਵੈਸ਼ਣਵ ਭਗਤੀ ਦੀ ਬੁਨਿਆਦ ਰੱਖੀ। ਇਹ ਮਾਨੋ ਸ਼ੰਕਰ ਦੇ ਨਿਰਗੁਣ ਬ੍ਰਹਮ ਦੀ ਪ੍ਰਤਿਕਿਰਿਆ ਸੀ ਤੇ ਉਹ ਇਥੋਂ ਤਕ ਵੀ ਕਹਿੰਦੇ ਸਨ ਕਿ ਇਹ ਸ਼ੰਕਰ ਦਾ ਅਦਵੈਤਵਾਦ ਤਾਂ ਮਾਇਆਵਾਦ ਹੀ ਹੈ। ਦੂਜੇ, ਇਹ ਲੋਕ ਅਖੌਤੀ ਛੋਟੀਆਂ ਜਾਤਾਂ ਵਿੱਚੋਂ ਸਨ, ਅਖੌਤੀ ਬ੍ਰਾਹਮਣ ਇਨ੍ਹਾਂ ਨੂੰ ਧਰਮ-ਕਰਮ ਦੀ ਆਗਿਆ ਨਹੀਂ ਸੀ ਦਿੰਦਾ, ਇਸ ਕਰਕੇ ਇਨ੍ਹਾਂ ਭਗਤੀ ਦਾ ਰਾਹ ਅਪਣਾਇਆ। ਸ਼ੰਕਰ ਨੇ ਦਾਰਸ਼ਨਿਕ ਤੌਰ ’ਤੇ ਜੀਵ ਬ੍ਰਹਮ ਦੀ ਏਕਤਾ ਦਰਸਾਈ ਸੀ ਪਰ ਇਨ੍ਹਾਂ ਵੈਸ਼ਣਵ ਭਗਤਾਂ ਦਾ ਨੁਕਤਾ-ਨਿਗਾਹ ਇਹ ਸੀ ਕਿ ਇਕ ਮੰਨ ਕੇ ਭਗਤੀ ਦੀ ਲੋੜ ਨਹੀਂ ਰਹਿ ਜਾਂਦੀ, ਸੋ ਭਗਤ ਤੇ ਭਗਵਾਨ, ਦੋਵੇਂ ਅੱਡ-ਅੱਡ ਹਨ। ‘ਰਾਮਾਨੁਜਾਚਾਰਯ’ (1016-1137) ਜੀਵ ਬ੍ਰਹਮ ਵਿਚ ਭੇਦ ਮੰਨਦੇ ਹਨ ਤੇ ਇਹ ਵੀ ਮੰਨਦੇ ਹਨ ਕਿ ਜੀਵ ਤੇ ਈਸ਼ਵਰ ਇਕ ਤਰ੍ਹਾਂ ਬ੍ਰਹਮ ਵਿਚ ਭੇਦ ਮੰਨਦੇ ਹਨ ਤੇ ਉਸ ਦੀ ਭਗਤੀ ਮੁਕਤੀਦਾਤੀ ਹੈ। ਇਸੇ ਨੂੰ ਉਸ ਵਿਸ਼ਿਸ਼ਟ ਅਦਵੈਤਵਾਦ ਦਾ ਨਾਮ ਦਿੱਤਾ ਹੈ। ਉਸ ਦੇ ਖ਼ਿਆਲ ਵਿਚ ਬ੍ਰਹਮ ਇਕ ਵਿਸ਼ੇਸ਼ ਪਦਾਰਥ ਹੈ ਤੇ ਜੀਵ ਅਤੇ ਪ੍ਰਕ੍ਰਿਤੀ ਤਾਂ ਉਸ ਦੇ ਵਿਸ਼ੇਸ਼ਣ ਮਾਤਰ ਹਨ। ‘ਨਿੰਬਾਰਕਾਚਾਰਯ’ ਨੇ ਦਵੈਤਾਦਵੈਤਵਾਦ ਦੀ ਨੀਂਹ ਰੱਖੀ ਜਿਸ ਵਿਚ ਜੀਵ ਤੇ ਈਸ਼ਵਰ ਨੂੰ ਅਨਿਤ ਮੰਨ ਕੇ ਫਿਰ ਉਨ੍ਹਾਂ ਦਾ ਵਜੂਦ ਅੱਡ-ਅੱਡ ਬਿਆਨ ਕੀਤਾ ਹੈ। ਰਾਧਾ ਕ੍ਰਿਸ਼ਨ ਦੀ ਭਗਤੀ ਇਸੇ ਤੋਂ ਚੱਲੀ। ‘ਮਾਧਵਾਚਾਰਯ’ (1199-1303 ਈ.) ਨਿਰਗੁਣ ਬ੍ਰਹਮ ਨੂੰ ਕਲਪਿਤ ਕਹਿ ਕੇ ਸਰਗੁਣ ਨੂੰ ਗੁਣਾਂ ਦਾ ਸਾਗਰ ਮੰਨਦਾ ਹੈ। ਉਸ ਦੇ ਖਿਆਲ ਵਿਚ ਦੋ ਪਦਾਰਥ ਹਨ, ਭਗਵਾਨ ਤੇ ਜੀਵ, ਭਗਵਾਨ ਸੁਤੰਤਰ ਹੈ ਤੇ ਜੀਵਨ ਪਰਤੰਤਰ। ਜੀਵ ਅਭੇਦ ਨਹੀਂ ਹੋ ਸਕਦਾ, ਕੇਵਲ ਸਿਮਰਨ ਭਜਨ ਨਾਲ ਮੁਕਤ ਹੋ ਸਕਦਾ ਹੈ। ‘ਵੱਲਭਾਚਾਰਯ’ (1479-1531) ਨੇ ਹੋਰ ਮਨੌਤਾਂ ਦਾ ਖੰਡਨ ਕਰ ਕੇ ਮਾਇਆ ਨੂੰ ਭਰਮ ਸਿੱਧ ਕੀਤਾ ਤੇ ਬ੍ਰਹਮ ਨੂੰ ਇੱਕੋ-ਇੱਕ ਸ਼ੁੱਧ ਰੂਪ ਦੱਸਿਆ। ਇਹੋ ਸ਼ੁਧਾਦਵੈਤਵਾਦ ਹੈ। ਪੁਸ਼ਟੀਮਾਰਗ ਵੀ ਇਸ ਨੂੰ ਕਹਿੰਦੇ ਹਨ। ਸ਼੍ਰੀ ਕ੍ਰਿਸ਼ਨ ਜੀ ਦੀ ਬਾਲ ਰੂਪ ਭਗਤੀ ਇਥੋਂ ਹੀ ਸ਼ੁਰੂ ਹੋਈ ਹੈ। ਇਸ ਬ੍ਰਹਮ ਨੂੰ ਕਾਰਨ ਤੇ ਜਗਤ ਨੂੰ ਕਾਰਜ ਮੰਨ ਕੇ ਇਹ ਕਹਿੰਦੇ ਹਨ ਕਿ ਜੇ ਕਾਰਨ ਸਤ ਹੈ ਤਾਂ ਕਾਰਜ ਵੀ ਸਤ ਹੈ। ਸੋ ਇਹ ਜਗਤ ਮਿਥਿਆ ਨਹੀਂ, ਭਗਵਾਨ ਦੀ ਲੀਲ੍ਹਾ ਹੈ। ਮੁਕਤੀ ਲਈ ਉਸੇ ਦੀ ਕਿਰਪਾ ਚਾਹੀਦੀ ਹੈ ਤੇ ਇਹ ਕਿਰਪਾ ਆਤਮ-ਸਮਰਪਣ ਨਾਲ ਹੋ ਸਕਦੀ ਹੈ, ਜੋ ਕਿ ਭਗਤੀ ਦਾ ਮੁੱਖ ਰੂਪ ਹੈ।

ਉਪਰੋਕਤ ਚਾਰ ਆਚਰਯਾਂ ਦੇ ਅੱਗੋਂ ਚਾਰ ਸੰਪ੍ਰਦਾਇ ਚੱਲੇ-

  • 1. ਰਾਮਾਨੁਜ-ਸ੍ਰੀ ਸੰਪ੍ਰਦਾ।
  • 2. ਮਾਧਵਾਚਾਰਯ-ਬ੍ਰਹਮ ਸੰਪ੍ਰਦਾ।
  • 3. ਵੱਲਭਾਚਾਰਯ-ਰੁਦ੍ਰਸੰਪ੍ਰਦਾ।
  • 4. ਨਿੰਬਾਰਕਾਚਾਰਯ-ਸਨਕਾਦਿ ਸੰਪ੍ਰਦਾ।

ਇਸ ਤਰ੍ਹਾਂ ਦੀ ਦਾਰਸ਼ਨਿਕ ਵਿਚਾਰ-ਚਰਚਾ ਵਿੱਚੋਂ ਨਿਕਲ ਕੇ ਭਗਤੀ ਨੇ ਇਹ ਨਿੱਖਰਵਾਂ ਰੂਪ ਧਾਰਨ ਕੀਤਾ। ਪੂਜਯ ਇਸ਼ਟ ਬਾਰੇ ਭਾਵੇਂ ਸਰਗੁਣ-ਨਿਰਗੁਣ ਦੀ ਕਲਪਨਾ ਚੱਲਦੀ ਰਹੀ ਪਰ ਉਸ ਨੂੰ ਪ੍ਰਸੰਨ ਕਰਨ ਲਈ ਉਪਾਸ਼ਨਾ, ਸ਼ਰਧਾ ਤੇ ਪ੍ਰੇਮ ਹੀ ਇਕ ਸੱਚਾ ਮਾਰਗ ਪ੍ਰਵਾਨ ਕੀਤਾ ਗਿਆ। ਰਾਮਾਨੁਜ ਦੀ ਸ਼ਿਸ਼ ਪਰੰਪਰਾ ਵਿੱਚੋਂ ਰਾਮਾਨੰਦ ਜੀ (1366-1467 ਈ.) ਪ੍ਰਸਿੱਧ ਭਗਤ ਹੋਏ, ਜਿਨ੍ਹਾਂ ਉੱਤਰੀ ਹਿੰਦੁਸਤਾਨ ਵਿਚ ਭਗਤੀ ਲਹਿਰ ਨੂੰ ਪ੍ਰਸਾਰਿਆ ਅਤੇ ਭਗਤ ਕਬੀਰ ਜੀ ਇਸ ਦੇ ਪ੍ਰਧਾਨ ਪ੍ਰਚਾਰਕ ਬਣੇ। ਇਹ ਕਥਨ ਠੀਕ ਹੀ ਹੈ:-

ਭਗਤਿ ਦ੍ਰਾਵੜ ਊਪਜੀ, ਲਾਏ ਰਾਮਾਨੰਦ।
ਪਰਗਟ ਕੀਆ ਕਬੀਰ ਨੇ, ਸਪਤ ਦੀਪ ਨਵਖੰਡ।

ਹੁਣ ਇਸ ਪਰਮਾਰਥਕ ਸਿਧਾਂਤ ਨੂੰ ਲੋਕ-ਜੀਵਨ ’ਤੇ ਵੀ ਲਾਗੂ ਕਰਨਾ ਜ਼ਰੂਰੀ ਸੀ। ਜਾਤ-ਪਾਤ ਤੇ ਵਰਨ-ਵੰਡ ਦੀਆਂ ਕੁਰੀਤਾਂ ਕਾਰਨ ਅਤੇ ਰਾਜਸੀ ਜਬਰ ਕਰ ਕੇ ਹਿੰਦੂ ਮੁਸਲਮਾਨ ਦੇ ਤਿੱਖੇ ਭਿੰਨ-ਭੇਦ ਸਮਾਜ ਵਿਚ ਖਿਚਾਉ ਪੈਦਾ ਕਰ ਰਹੇ ਸਨ, ਇਸ ਸਮੇਂ ਸੂਫ਼ੀ ਦਰਵੇਸ਼ਾਂ ਨੇ ਵੀ ਪ੍ਰੇਮ-ਪਿਆਰ ਦਾ ਹੋਕਾ ਦਿੱਤਾ ਤੇ ਭਗਤਾਂ/ਸੰਤਾਂ ਰੱਬੀ ਏਕਤਾ ਦੇ ਨਾਲ-ਨਾਲ ਮਨੁੱਖੀ ਏਕਤਾ ਦੀ ਸੰਥਾ ਪੜ੍ਹਾਈ। ਅਜਿਹੀ ਲਹਿਰ ਦਾ ਨਤੀਜਾ ਸੀ ਕਿ ਅਕਬਰ ਵਰਗੇ ਬਾਦਸ਼ਾਹ ‘ਦੀਨ-ਏ-ਇਲਾਹੀ’ ਦਾ ਸੰਕਲਪ ਕਰ ਕੇ ਇਸ ਏਕਤਾ ਨੂੰ ਪੱਕਿਆਂ ਕਰਨ ਦੇ ਸੁਪਨੇ ਲੈਣ ਲੱਗੇ। ਪਰੰਤੂ ਕਿਸੇ ਮਹਾਨ ਸ਼ਖ਼ਸੀਅਤ ਦਾ ਆਸਰਾ ਨਾ ਹੋਣ ਕਾਰਨ ਇਹ ‘ਬਾਦਸ਼ਾਹੀ ਯੋਜਨਾ’ ਇਕ ‘ਸ਼ਾਹੀ ਸ਼ੁਗਲ’ ਬਣ ਕੇ ਰਹਿ ਗਈ।

ਸਿੱਖ ਗੁਰੂ ਸਾਹਿਬਾਨ ਨੇ ਇਸ ਭਗਤੀ ਲਹਿਰ ਦਾ ਪੂਰਾ ਲਾਭ ਉਠਾਇਆ ਤੇ ਸੁਜਿੰਦ ਭਾਗ ਲੈ ਕੇ ਸਮਾਜ ਦੀ ਪ੍ਰਗਤੀ ਲਈ ਇਸ ਨੂੰ ਅਜਿਹਾ ਵਰਤਿਆ ਕਿ ਭਗਤੀ ਬੰਦਗੀ ਵਾਲੇ ਲੋਕ ਇਕੱਠੇ ਹੋ ਕੇ ‘ਸੰਗਤ’ ਰੂਪ ਵਿਚ ਜੁੜ ਗਏ ਤੇ ਇਹ ਕਰਮ ਯੋਗੀ ਜਮਾਤ ‘ਖਾਲਸਾ ਪੰਥ’ ਦਾ ਰੂਪ ਧਾਰ ਗਈ। ਅਜਿਹਾ ਕਰਦਿਆਂ ਉਨ੍ਹਾਂ ਨਿਰਗੁਣ-ਸਰਗੁਣ ਦੀ ਵੰਡ ਵਿਚ ਨਾ ਪੈ ਕੇ ਕੁਦਰਤ ਜਾਂ ਸ੍ਰਿਸ਼ਟੀ ਵਿਚ ਵੱਸਦੇ ਇੱਕੋ-ਇੱਕ ਕਾਦਰ ਕਰਤਾ ਦੀ ਮਾਨਤਾ ਉੱਤੇ ਜ਼ੋਰ ਦਿੱਤਾ। ਭਾਵੇਂ ਦਾਰਸ਼ਨਿਕ ਤੌਰ ’ਤੇ ਹਿੰਦੂ ਮੱਤ ਅਦਵੈਤਵਾਦੀ ਸੀ ਪਰ ਵਿਹਾਰਕ ਰੂਪ ਵਿਚ ਬਹੁਦੇਵਵਾਦ ਇਕ ਆਮ ਗੱਲ ਸੀ ਤੇ ਇਸ ਤੋਂ ਵੀ ਪਰ੍ਹੇ ਬੁੱਤਪ੍ਰਸਤੀ। ਸੂਫ਼ੀਆਂ ਦਾ ਰੱਬੀ ਭਰੋਸਾ ਏਕਤਾਵਾਦ ਨੂੰ ਬਲ ਦੇ ਰਿਹਾ ਸੀ ਪਰ ਉਹ ਭਗਤਾਂ ਵਾਂਗ ਸ਼ਰ੍ਹਾ-ਸ਼ਰ੍ਹੀਅਤ ’ਤੇ ਜ਼ੋਰ ਨਾ ਦੇ ਕੇ ਪ੍ਰੇਮ ਮਾਰਗ ਨੂੰ ਵਧੀਆ ਰਸਤਾ ਦੱਸ ਰਹੇ ਸਨ, ਇਸ ਨਾਲ ਭਗਤੀ ਲਹਿਰ ਨੂੰ ਸ਼ਕਤੀ ਮਿਲੀ। ਹਿੰਦੂ ਸਾਧੂ-ਸੰਤ ਤੇ ਮੁਸਲਮਾਨ ਸੂਫ਼ੀ-ਦਰਵੇਸ਼ ਦੋ ਗੱਲਾਂ ਵਿਚ ਬਿਲਕੁਲ ਇੱਕ ਸਨ ਕਿ ਰੱਬ ਇੱਕ ਹੈ ਤੇ ਮਨੁੱਖ ਵੀ ਇੱਕ। ਪ੍ਰੋਹਿਤ ਸਮਾਜ ਇਸ ਗੱਲ ਨਾਲ ਸਹਿਮਤ ਨਹੀਂ ਸੀ। ਬ੍ਰਾਹਮਣ ਤੇ ਕਾਜ਼ੀ ਕਾਫ਼ਰ, ਮਲੇਛ ਅਤੇ ਸੂਦ, ਵਾਲੀ ਸੰਕੇਤਾਵਲੀ ਨੂੰ ਛੱਡਣ ਲਈ ਤਿਆਰ ਨਹੀਂ ਸਨ ਅਤੇ ਨਾ ਹੀ ਕਰਮਕਾਂਡ ਤੇ ਫ਼ੋਕੀ ਸ਼ਰ੍ਹੀਅਤ ਦੀ ਨਿਖੇਧੀ ਸੁਣ ਸਕਦੇ ਸਨ। ਪਰ ਭਗਤਾਂ-ਦਰਵੇਸ਼ਾਂ ਦਾ ਪ੍ਰੇਮ-ਮਾਰਗ ਬਲਵਾਨ ਸੀ, ਉਸ ਦੇ ਵਹਿਣ ਨੇ ਸਭ ਕਰਮਕਾਂਡਾਂ ਨੂੰ ਰੋੜ੍ਹ ਕੇ ਦੂਰ ਸੁੱਟ ਦਿੱਤਾ। ਭਗਤ ਕਬੀਰ ਜੀ ਉੱਚੀ-ਉੱਚੀ ਕਹਿ ਕੇ ਸੁਣਾ ਰਹੇ ਸਨ:

ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ॥
ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ॥ (ਪੰਨਾ 727)

ਇਹੋ ਨਹੀਂ ਕਿ ਕੇਵਲ ਭਗਤ ਕਬੀਰ ਜੀ ਨੇ ਐਸਾ ਕਿਹਾ ਬਲਕਿ ਦੇਸ਼-ਭਰ ਵਿਚ ਭਗਤ ਨਾਮਦੇਵ ਜੀ, ਭਗਤ ਜੈਦੇਵ ਜੀ, ਭਗਤ ਸ਼ੇਖ ਫਰੀਦ ਜੀ, ਭਗਤ ਰਵਿਦਾਸ ਜੀ ਅਤੇ ਸਿੱਖ ਗੁਰੂ ਸਾਹਿਬਾਨ ਨੇ ਇਸ ਦੀ ਪੁਸ਼ਟੀ ਕੀਤੀ। ਬਲਕਿ ਗੁਰੂ ਸਾਹਿਬਾਨ ਨੇ ਤਾਂ ਇਨ੍ਹਾਂ ਸੰਤਾਂ-ਫ਼ਕੀਰਾਂ ਦੇ ਮਨੋਹਰ ਬਚਨ ਸੰਕਲਿਤ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਸੰਭਾਲ ਦਿੱਤੇ ਤਾਂ ਕਿ ਅਗਲੀਆਂ ਪੀੜ੍ਹੀਆਂ ਇਸ ਨਵੇਂ ਯੁੱਗ ਦੇ ਮਹਾਨ ਗ੍ਰੰਥ ਤੋਂ ਲਾਭ ਉਠਾਉਂਦੀਆਂ ਰਹਿਣ। ਮੋਟੇ ਤੌਰ ’ਤੇ ਭਗਤੀ ਲਹਿਰ ਦੇ ਉਛਾਲ ਨਾਲ ਆਤਮਿਕ ਤੇ ਸਮਾਜਿਕ ਕਲਿਆਣ ਲਈ ਜੋ ਵਿਚਾਰ ਛੇਤੀ ਪ੍ਰਤੱਖ ਰੂਪ ਵਿਚ ਆਏ, ਉਹ ਇਉਂ ਗਿਣੇ ਜਾ ਸਕਦੇ ਹਨ:-

  • 1. ਪਰਮੇਸ਼ਰ ਇੱਕ ਹੈ ਤੇ ਉਹੋ ਪੂਜਣਯੋਗ ਹੈ।
  • 2. ਉਸ ਦੀ ਪ੍ਰਾਪਤੀ ਲਈ ਭਾਵੇਂ ਗਿਆਨ-ਯੋਗ ਤੇ ਕਰਮ-ਯੋਗ ਦੀ ਵੀ ਲੋੜ ਹੈ ਪਰ ਵਧੀਆ ਤੇ ਸੱਚਾ ਮਾਰਗ ਪ੍ਰੇਮਾ-ਭਗਤੀ ਹੈ।
  • 3. ਇਸ ਰਾਹ ਚੱਲਣ ਲਈ ਗੁਰੂ ਧਾਰਨਾ ਜ਼ਰੂਰੀ ਹੈ ਜੋ ਪਰਮਾਰਥ ਦੇ ਭੇਦ ਖੋਲ੍ਹ ਕੇ ਮੰਜ਼ਲ ’ਤੇ ਸੌਖਿਆਂ ਪਹੁੰਚਾਉਂਦਾ ਹੈ।
  • 4. ਪੂਜਾ ਉਪਾਸ਼ਨਾ ਦੇ ਨਾਮ ’ਤੇ ਕੀਤੇ ਜਾਣ ਵਾਲੇ ਕਰਮਕਾਂਡ ਬਹੁਤਾ ਅਰਥ ਨਹੀਂ ਰੱਖਦੇ।
  • 5. ਇਸ ਦੀ ਥਾਂ ਦੈਵੀ ਗੁਣ ਪੈਦਾ ਕਰ ਕੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੋਂ ਆਪਣੀ ਆਤਮਾ ਨੂੰ ਉੱਚਿਆਂ ਰੱਖਣਾ ਅਤਿ ਜ਼ਰੂਰੀ ਹੈ।
  • 6. ਭਗਤੀ ਦਾ ਸਹੀ ਰੂਪ ‘ਨਾਮ-ਸਿਮਰਨ’ ਹੈ। ਇਹ ਕੀਰਤਨ ਰਾਹੀਂ ਵੀ ਹੋ ਸਕਦਾ ਹੈ ਤੇ ਸਮਾਧੀ ਲਾ ਕੇ ਭਜਨ-ਬੰਦਗੀ ਰਾਹੀਂ ਵੀ।
  • 7.ਪਰੰਤੂ ਨਾਮ-ਸਿਮਰਨ ਜਾਂ ਹੋਰ ਅਧਿਆਤਮਕ ਕਰਮ ਕਰਨ ਮਾਤਰ ਨਾਲ ਮੁਕਤੀ ਨਹੀਂ ਮਿਲ ਜਾਂਦੀ, ਇਹ ਉਸ ਦੀ ਕਿਰਪਾ ਦਾ ਫਲ ਹੈ। ਇਸ ਕਰਕੇ ਸੱਚਾ ਭਗਤ ਆਪਣੇ ਕਰਮ ’ਤੇ ਮਾਣ ਨਾ ਕਰਦਾ ਹੋਇਆ ਪ੍ਰਭੂ ਅੱਗੇ ਆਤਮ-ਸਮਰਪਣ ਕਰ ਦਿੰਦਾ ਹੈ ਤੇ ਉਸੇ ਦੇ ਭਾਣੇ ਵਿਚ ਚੱਲਣਾ ਹੀ ਆਪਣਾ ਜੀਵਨ-ਮਾਰਗ ਸਮਝਦਾ ਹੈ।
ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਸਾਬਕਾ ਸੀਨੀਅਰ ਓਰੀਐਂਟਲ ਫੈਲੋ -ਵਿਖੇ: ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪਿਆਰਾ ਸਿੰਘ ਪਦਮ (ਪ੍ਰੋ) (28-05-1921-ਤੋਂ -01-05-2001) ਇੱਕ ਪੰਜਾਬੀ ਲੇਖਕ ਅਤੇ ਅਕਾਦਮਿਕ ਵਿਦਵਾਨ ਸਨ, ਜਿਨ੍ਹਾਂ ਦਾ ਜਨਮ ਨੰਦ ਕੌਰ ਅਤੇ ਗੁਰਨਾਮ ਸਿੰਘ ਦੇ ਘਰ ਪਿੰਡ ਘੁੰਗਰਾਣਾ ਪਰਗਨਾ, ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਉਨ੍ਹਾਂ ਦਾ ਵਿਆਹ ਜਸਵੰਤ ਕੌਰ ਨਾਲ ਹੋਇਆ ਸੀ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ (1943-1947) ਵਿੱਚ ਲੈਕਚਰਾਰ ਵਜੋਂ ਕੀਤੀ। ਉਹ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ (1948-1950) ਦੇ ਗੁਰਦੁਆਰਾ ਗਜ਼ਟ ਦੇ ਸੰਪਾਦਕ ਰਹੇ ਹਨ। ਇਸ ਤੋਂ ਬਾਅਦ ਉਹ ਭਾਸ਼ਾ ਵਿਭਾਗ ਪੰਜਾਬ, ਪਟਿਆਲਾ (1950-1965) ਵਿੱਚ ਸ਼ਾਮਲ ਹੋ ਗਏ ਅਤੇ ਇਸ ਦੇ ਰਸਾਲੇ ਪੰਜਾਬੀ ਦੁਨੀਆ ਦਾ ਸੰਪਾਦਨ ਵੀ ਕੀਤਾ। ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ (1966-1983) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦਾ ਵਿਸ਼ੇਸ਼ ਸੀਨੀਅਰ ਓਰੀਐਂਟਲ ਫੈਲੋ ਨਿਯੁਕਤ ਕੀਤਾ ਗਿਆ।

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)