editor@sikharchives.org

ਭਗਤੀ ਲਹਿਰ ਦੇ ਵਿਕਾਸ ਵਿਚ ਭਗਤ ਨਾਮਦੇਵ ਜੀ, ਸ਼ੇਖ਼ ਫਰੀਦ ਜੀ, ਭਗਤ ਧੰਨਾ ਜੀ, ਭਗਤ ਬੇਣੀ ਜੀ ਦਾ ਯੋਗਦਾਨ

ਅਠਾਰ੍ਹਵੀਂ ਸਦੀ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਪਰਚੀ ਪ੍ਰਧਾਨ ਸਾਹਿਤ ਦੀ ਸਦੀ ਹੈ ਕਿਉਂਕਿ ਇਸ ਸਦੀ ਵਿਚ ਵੱਖ-ਵੱਖ ਸਿੱਖ ਸੰਪਰਦਾਵਾਂ ਦੇ ਸਾਧੂ ਮਹਾਤਮਾਵਾਂ ਨੇ ਇਸ ਵਿਚ ਭਰਪੂਰ ਯੋਗਦਾਨ ਪਾਇਆ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਭਗਤ ਨਾਮਦੇਵ ਜੀ:

ਭਗਤ ਨਾਮਦੇਵ ਦਾ ਜਨਮ 1270 ਈ. ਵਿਚ ਮਹਾਂਰਾਸ਼ਟਰ ਪ੍ਰਾਂਤ ਦੇ ਜ਼ਿਲ੍ਹਾ ਸਿਤਾਰਾ ਦੇ ਇਕ ਪਿੰਡ ਨਰਸੀ ਬਾਮਣੀ ਵਿਚ ਹੋਇਆ ਅਤੇ ਭਗਤ ਜੀ ਅੱਸੀ ਸਾਲ ਦੀ ਉਮਰ ਭੋਗ ਕੇ 1350 ਈ. ਵਿਚ ਸਵਰਗਵਾਸ ਹੋਏ। ਇਸ ਲਿਹਾਜ਼ ਨਾਲ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਦੋ ਸਦੀਆਂ ਪਹਿਲਾਂ ਹੋਏ। ਉਹ ਆਪਣੇ ਮੂਲ ਸਥਾਨ ਤੋਂ ਚੱਲ ਕੇ ਆਪਣੇ ਪ੍ਰਚਾਰ-ਦੌਰਿਆਂ ਵਿਚ ਕਈ ਥਾਈਂ ਭ੍ਰਮਣ ਕਰਦੇ, ਉਮਰ ਦੇ ਆਖਰੀ ਹਿੱਸੇ ਵਿਚ ਘੁਮਾਣ (ਗੁਰਦਾਸਪੁਰ) ਪਹੁੰਚੇ। ਆਪਣੇ ਅਧਿਆਤਮਕ ਦਰਸ਼ਨ ਅਤੇ ਜੀਵਨ-ਜਾਚ ਦੇ ਪ੍ਰਚਾਰ-ਪ੍ਰਸਾਰ ਹਿਤ ਭਗਤ ਨਾਮਦੇਵ ਜੀ ਨੇ ਪੰਜਾਬੀ ਦੇ ਪ੍ਰਭਾਵ ਵਾਲੀ ਕਾਵਿ-ਭਾਸ਼ਾ ਵਿਚ ਬਾਣੀ ਲਿਖੀ ਅਤੇ ਉੱਤਰੀ ਭਾਰਤ ਵਿਚ ਭਗਤੀ ਕਾਵਿ, ਵਿਸ਼ੇਸ਼ ਕਰਕੇ, ਨਿਰਗੁਣ ਭਗਤੀ ਕਾਵਿ ਦਾ ਮੁੱਢ ਬੰਨ੍ਹਿਆ। ਭਗਤੀ ਕਾਵਿ ਦੀ ਸੰਕਲਪੀ ਸ਼ਬਦਾਵਲੀ ਨੂੰ ਛਿੱਲਣ-ਤਰਾਸ਼ਣ ਵਿਚ ਭਗਤ ਜੀ ਦੀ ਭੂਮਿਕਾ ਇਕ ਮੋਢੀ ਦੀ ਹੈ। ਇਸ ਦਾ ਸਬੂਤ ਬਹੁਤ ਸਾਰੀ ਸ਼ਬਦਾਵਲੀ ਨੂੰ ਪਿਛਲੇਰੇ ਬਾਣੀਕਾਰਾਂ ਵੱਲੋਂ ਵਰਤਣ ਤੋਂ ਮਿਲਦਾ ਹੈ। ਇਉਂ ਜਾਪਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਵਿਚ ਭਗਤੀ ਲਹਿਰ ਦੇ ਪ੍ਰਸਿੱਧ ਮਹਾਂਪੁਰਖਾਂ ਦੀ ਬਾਣੀ ਇਕੱਤਰ ਕਰ ਕੇ ਸਮੇਤ ਭਗਤ ਨਾਮਦੇਵ ਜੀ ਦੀ ਬਾਣੀ, ਸੰਭਾਲ ਕੇ ਅਗਲੇ ਗੁਰ ਵਿਅਕਤੀਆਂ ਤਕ ਪਹੁੰਚਾਈ। ਭਗਤ ਨਾਮਦੇਵ ਜੀ ਦੀ ਬਾਣੀ ਦੇ ਭਾਸ਼ਾਈ ਪ੍ਰਭਾਵ ਦਾ ਦਾਇਰਾ ਤਾਂ ਬਹੁਤ ਲੰਮਾ-ਚੌੜਾ ਬਣਦਾ ਹੈ, ਪਰ ਅਸੀਂ ਆਪਣੀ ਗੱਲ ਕੇਵਲ ਇਕ ਸ਼ਬਦ ‘ਬੀਠਲ’ ਤਕ ਹੀ ਸੀਮਿਤ ਰੱਖਣਾ ਚਾਹੁੰਦੇ ਹਾਂ। ‘ਵਿਠੁਲ’ ਮਰਾਠੀ ਭਾਸ਼ਾ ਦਾ ਸ਼ਬਦ ਹੈ, ਪਰ ਇਸ ਦਾ ਪੰਜਾਬੀ ਤਦਭਵ ਰੂਪ ‘ਬੀਠੁਲ’ ਹੈ ਅਤੇ ਭਗਤ ਨਾਮਦੇਵ ਜੀ ਨੇ ਇਸ ਸ਼ਬਦ ਦੀ ਬਾਰ-ਬਾਰ ਵਰਤੋਂ ਪਰਮਾਤਮਾ ਦੇ ਇਕ ਸੂਚਕ ਜਾਂ ‘ਚਿਹਨਿਕ’ ਵਜੋਂ ਕੀਤੀ ਹੈ। ਭਗਤ ਨਾਮਦੇਵ ਜੀ ਤੋਂ ਬਾਅਦ ਇਸ ਸ਼ਬਦ ਦੀ ਵਰਤੋਂ ਇਨ੍ਹਾਂ ਹੀ ਅਰਥਾਂ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚੋਂ ਕੁਝ ਨਮੂਨੇ ਇਸ ਤਰ੍ਹਾਂ ਹਨ:

ਕਹੁ ਨਾਨਕ ਹਉਮੈ ਭੀਤਿ ਗੁਰਿ ਖੋਈ ਤਉ ਦਇਆਰੁ ਬੀਠਲੋ ਪਾਇਓ॥ (ਪੰਨਾ 624)

ਇਕ ਹੋਰ ਥਾਂ ਸ੍ਰੀ ਗੁਰੂ ਅਰਜਨ ਦੇਵ ਜੀ ਪਰਮਾਤਮਾ ਦੇ ਸਿਫਤੀ ਨਾਵਾਂ ਦੀ ਜਿਹੜੀ ਸੂਚੀ ਬਣਾਉਂਦੇ ਹਨ, ਉਨ੍ਹਾਂ ਵਿਚ ਇਕ ‘ਬੀਠੁਲਾ’ ਵੀ ਹੈ:

ਪੀਤ ਪੀਤੰਬਰ ਤ੍ਰਿਭਵਣ ਧਣੀ॥
ਜਗੰਨਾਥੁ ਗੋਪਾਲੁ ਮੁਖਿ ਭਣੀ॥
ਸਾਰਿੰਗਧਰ ਭਗਵਾਨ ਬੀਠੁਲਾ ਮੈ ਗਣਤ ਨ ਆਵੈ ਸਰਬੰਗਾ॥ (ਪੰਨਾ 1082)

ਭਗਤ ਨਾਮਦੇਵ ਜੀ ਬਾਰੇ ਇਕ ਗੱਲ ਵਿਸ਼ੇਸ਼ ਤੌਰ ’ਤੇ ਨੋਟ ਕਰਨ ਵਾਲੀ ਹੈ ਕਿ ਉਹ ਜਦੋਂ ਘੁਮਾਣ ਆ ਕੇ ਵੱਸ ਗਏ ਤਾਂ ਉਹ ਪੰਜਾਬੀਅਤ ਦਾ ਵੀ ਅੰਗ ਬਣ ਕੇ ਉਭਰੇ। ਦੂਜੇ ਸ਼ਬਦਾਂ ਵਿਚ ਇਉਂ ਵੀ ਕਹਿ ਸਕਦੇ ਹਾਂ ਕਿ ਉਨ੍ਹਾਂ ਦਾ ਪੰਜਾਬੀਕਰਣ ਹੋ ਗਿਆ। ਪੰਜਾਬ ਦੀ ਧਰਤੀ ਉੱਪਰ ਬਾਹਰੋਂ ਅਨੇਕਾਂ ਸੰਤ-ਭਗਤ ਆਏ ਜ਼ਰੂਰ ਪਰ ਉਹ ਇਥੋਂ ਦੇ ਸੱਭਿਆਚਾਰ ਵਿਚ ਵੱਸੇ ਜਾਂ ਰੱਤੇ ਨਹੀਂ ਸਨ। ਉਨ੍ਹਾਂ ਦਾ ਠਹਿਰਾਉ ਥੋੜ੍ਹਚਿਰਾ ਹੋਣ ਕਰਕੇ ਉਹ ਸਥਾਨਕ ਸੱਭਿਆਚਾਰ ਦਾ ਭਾਗ ਨਾ ਬਣ ਸਕੇ। ਪਰ ਭਗਤ ਨਾਮਦੇਵ ਜੀ ਪੰਜਾਬੀ ਜਨ-ਜੀਵਨ ਵਿਚ ਰਚ-ਮਿਚ ਜਾਣ ਕਰਕੇ ਇਥੋਂ ਦੇ ਨਾਇਕ ਵਜੋਂ ਵੀ ਸਥਾਪਤ ਹੋ ਗਏ। ਇਹੋ ਕਾਰਨ ਹੈ ਕਿ ਉਨ੍ਹਾਂ ਦੀ ਸ਼ਖ਼ਸੀ ਅਜ਼ਮਤ ਅਤੇ ਗੁਰਮਤਿ ਵਿਚਾਰਧਾਰਾ ਵਡਿਆਈ ਸੰਬੰਧੀ ਉਨ੍ਹਾਂ ਦੇ ਪਿੱਛਲਕਾਲੀ ਬਾਣੀਕਾਰਾਂ/ ਰਚਨਕਾਰਾਂ ਵਿਚ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਭੱਟ ਕਲਸਹਾਰ ਅਤੇ ਭਾਈ ਗੁਰਦਾਸ ਜੀ ਜਿਹੇ ਮਹਾਂਪੁਰਸ਼ ਸ਼ਾਮਲ ਹਨ। ਭਗਤ ਕਬੀਰ ਜੀ ਦੀਆਂ ਹੇਠ ਲਿਖੀਆਂ ਸਤਰਾਂ ਵਿਚ ਭਗਤ ਨਾਮਦੇਵ ਜੀ ਦੇ ਨਾਮ ਜਪਣ ਅਤੇ ਕਿਰਤ ਦੇ ਸਿਧਾਂਤ ਦੇ ਸੁਮੇਲ ਦੀ ਪੁਸ਼ਟੀ ਹੁੰਦੀ ਹੈ:

ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ॥
ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ॥
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮ ਸੰਮ੍‍ਾਲਿ॥
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥ (ਪੰਨਾ 1375)

ਭਗਤ ਰਵਿਦਾਸ ਜੀ ਦੀਆਂ ਨਿਮਨਲਿਖਿਤ ਪਾਵਨ ਬਾਣੀ ਦੀਆਂ ਸਤਰਾਂ ਵਿਚ ਉਸ ਵਿਰੋਧਾਭਾਸ ਵੱਲ ਇਸ਼ਾਰਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਭਗਤ ਨਾਮਦੇਵ ਜੀ ਨੂੰ ਭਾਵੇਂ ਕੋਈ ਛੀਪਾ ਕਹਿ ਕੇ ਬੁਲਾਉਣ, ਪਰ ਅਸਲ ਵਿਚ ਉਨ੍ਹਾਂ ਦੀ ਅਧਿਆਤਮਕ ਕਮਾਈ ਕਰਕੇ ਉਨ੍ਹਾਂ ਦੀ ਮਹਿਮਾ ਸੱਤਾਂ ਦੀਪਾਂ ਵਿਚ ਹੈ:

ਜਾ ਕੈ ਭਾਗਵਤੁ ਲੇਖੀਐ ਅਵਰੁ ਨਹੀ ਪੇਖੀਐ ਤਾਸ ਕੀ ਜਾਤਿ ਆਛੋਪ ਛੀਪਾ॥
ਬਿਆਸ ਮਹਿ ਲੇਖੀਐ ਸਨਕ ਮਹਿ ਪੇਖੀਐ ਨਾਮ ਕੀ ਨਾਮਨਾ ਸਪਤ ਦੀਪਾ॥ (ਪੰਨਾ 1293)

ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਸ਼ਬਦਾਂ ਵਿਚ ਭਗਤ ਨਾਮਦੇਵ ਜੀ ਇਕ ਪਹੁੰਚੇ ਹੋਏ ਭਗਤ ਹਨ। ਗੁਰੂ ਜੀ ਫ਼ੁਰਮਾਨ ਕਰਦੇ ਹਨ ਕਿ ਪਰਮਾਤਮਾ ਦੀ ਦਰਗਾਹ ਵਿਚ ਵਿਅਕਤੀ ਦੀ ਪੁੱਛ-ਪ੍ਰਤੀਤ ਉਸ ਦੇ ਗੁਣਾਂ ਅਤੇ ਸੁਕਰਮਾਂ ਕਰਕੇ ਹੈ, ਲੋਕਾਂ ਦੀਆਂ ਬਣਾਈਆਂ ਹੋਈਆਂ ਝੂਠੀਆਂ ਮਾਨਤਾਵਾਂ ਕਰਕੇ ਨਹੀਂ। ਹੋਰ ਵਿਆਖਿਆ ਕਰਦਿਆਂ ਸ੍ਰੀ ਗੁਰੂ ਰਾਮਦਾਸ ਜੀ ਫ਼ੁਰਮਾਉਂਦੇ ਹਨ ਕਿ ਪਰਮਾਤਮਾ ਨੇ ਅਖੌਤੀ ਉੱਚ-ਜਾਤੀ, ਹੰਕਾਰੀਆਂ ਨੂੰ ਤਿਆਗ ਕੇ ਭਗਤ ਨਾਮਦੇਵ ਜੀ ਨੂੰ ਮੁਖ ਲਾਇਆ:

ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ॥
ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ ਹਰਿ ਨਾਮਦੇਉ ਲੀਆ ਮੁਖਿ ਲਾਇ॥ (ਪੰਨਾ 733)

ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ॥
ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਏ ਛਡਾਇਆ॥ (ਪੰਨਾ 451)

ਭਾਈ ਗੁਰਦਾਸ ਜੀ ਗੁਰਬਾਣੀ ਦੇ ਇਕ ਪ੍ਰਮਾਣੀਕ ਵਿਆਖਿਆਕਾਰ ਹਨ। ਆਪ ਜੀ ਇਕ ਪ੍ਰਮਾਣੀਕ ਇਤਿਹਾਸਕਾਰ ਵੀ ਹਨ। ਆਪ ਜੀ ਦੁਆਰਾ ਰਚੀਆਂ ਵਾਰਾਂ ਇਤਿਹਾਸ ਦੇ ਵਿਆਪਕ ਪ੍ਰਭਾਵ ਦੀ ਗੁਆਹੀ ਭਰਦੀਆਂ ਹਨ। ਇਨ੍ਹਾਂ ਵਾਰਾਂ ਵਿੱਚੋਂ ਪਹਿਲੀ, ਦਸਵੀਂ ਅਤੇ ਗਿਆਰ੍ਹਵੀਂ ਵਾਰਾਂ ਇਤਿਹਾਸਕ ਪੱਖੋਂ ਵਿਸ਼ੇਸ਼ ਮਹੱਤਵ ਦੀਆਂ ਧਾਰਨੀ ਹਨ। ਪਹਿਲੀ ਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਾਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਵਾਰ ਦੇ ਨਾਇਕ ਸ੍ਰੀ ਗੁਰੂ ਨਾਨਕ ਦੇਵ ਜੀ ਹਨ। ਭਾਈ ਜੀ ਦੀ ਦਸਵੀਂ ਵਾਰ ਪ੍ਰਤਿਸ਼ਿਠਤ ਪੌਰਾਣਿਕ ਅਤੇ ਇਤਿਹਾਸਕ ਭਗਤਾਂ ਬਾਰੇ ਹੈ। ਇਸ ਵਾਰ ਵਿਚ ਹੋਰ ਭਗਤ ਸਾਹਿਬਾਨ ਦੇ ਨਾਲ-ਨਾਲ ਭਗਤ ਨਾਮਦੇਵ ਜੀ ਬਾਰੇ ਵੀ ਵਿਚਾਰ-ਚਰਚਾ ਹੈ। ਭਗਤ ਨਾਮਦੇਵ ਜੀ ਬਾਰੇ ਵਿਚ ਇਕ ਪਉੜੀ ਨਹੀਂ ਸਗੋਂ ਦੋ ਪਉੜੀਆਂ ਹਨ। ਭਗਤ ਨਾਮਦੇਵ ਜੀ ਦਾ ਗੁਰਮਤਿ ਕਾਵਿ-ਪਰੰਪਰਾ ਅਤੇ ਗੁਰਮਤਿ ਸੱਭਿਆਚਾਰ ਵਿਚ ਅਤਿ ਮਾਣਯੋਗ ਸਥਾਨ ਹੈ।

ਅਠਾਰ੍ਹਵੀਂ ਸਦੀ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਪਰਚੀ ਪ੍ਰਧਾਨ ਸਾਹਿਤ ਦੀ ਸਦੀ ਹੈ ਕਿਉਂਕਿ ਇਸ ਸਦੀ ਵਿਚ ਵੱਖ-ਵੱਖ ਸਿੱਖ ਸੰਪਰਦਾਵਾਂ ਦੇ ਸਾਧੂ ਮਹਾਤਮਾਵਾਂ ਨੇ ਇਸ ਵਿਚ ਭਰਪੂਰ ਯੋਗਦਾਨ ਪਾਇਆ। ਜੰਡਿਆਲਾ ਗੁਰੂ (ਅੰਮ੍ਰਿਤਸਰ) ਦੇ ਨਿਰੰਜਨੀਏ ਸੰਪਰਦਾ ਦੇ ਇਕ ਆਗੂ ਬਾਬਾ ਹੰਦਾਲ ਬਾਰੇ ਉਸ ਦੇ ਪੁੱਤਰ ਬਿਧੀ ਚੰਦ ਨੇ ‘ਪਰਚੀ ਹੰਦਾਲ ਕੀ’ ਲਿਖੀ ਜਿਸ ਦੇ ਅਠਾਰ੍ਹਵੇਂ ਅਧਿਆਇ ਵਿਚ ‘ਪਰਚੀ ਭਗਤ ਨਾਮਦੇਵ’ ਹੈ। ਨਾਮਦੇਵ ਦੀ ਇਸ ਪਰਚੀ ਵਿਚ ਕੁਝ ਪ੍ਰਚਲਤ ਸਾਖੀਆਂ ਤੋਂ ਇਲਾਵਾ ਕੁਝ ਇਕ ਵੱਖਰੀਆਂ ਸਾਖੀਆਂ ਵੀ ਹਨ। ਇਹ ਪਰਚੀ ਕਵਿਤਾ ਵਿਚ ਹੈ।

‘ਹਰਿ ਜਸ ਕੀ ਪੋਥੀ’ ਕ੍ਰਿਤ ਭਾਈ ਦਰਬਾਰੀ ਇਕ ਵੱਡ-ਆਕਾਰੀ ਗ੍ਰੰਥ ਹੈ ਜਿਸ ਦਾ ਇਕ ਭਾਗ ‘ਪਰਚੀਆਂ ਭਗਤਾਂ ਕੀਆਂ’ ਹੈ ਜਿਸ ਵਿਚ ਮੱਧਕਾਲੀ ਸੋਚ ਅਨੁਸਾਰ ਪ੍ਰਤਿਸ਼ਿਠਤ ਭਗਤਾਂ ਦੇ ਜੀਵਨ-ਬਿਰਤਾਂਤ ਦਰਜ ਹਨ। ਇਨ੍ਹਾਂ ਵਿਚ ਇਕ ‘ਪਰਚੀ ਭਗਤ ਨਾਮਦੇਵ’ ਵੀ ਹੈ। ਇਸ ਪਰਚੀ ਵਿਚਲੀਆਂ ਕਥਾਵਾਂ, ਡਾ. ਗੁਰਚਰਨ ਸਿੰਘ (ਸੇਕ) ਦੇ ਕਹਿਣ ਅਨੁਸਾਰ, ਭਾਈ ਦਰਬਾਰੀ ਨੇ ਸਿੱਧੇ ਤੌਰ ’ਤੇ ਭਾਈ ਗੁਰਦਾਸ ਜੀ ਤੋਂ ਲਈਆਂ ਹਨ ਅਤੇ ਇਕ ਸਾਖੀ ‘ਰਾਜੇ ਸਨਮਨ ਕੀ’ ਨਵੀਂ ਜੋੜੀ ਹੈ।

ਪਟਿਆਲੇ ਦੇ ਇਕ ਉਦਾਸੀ ਸੰਤ ਬਾਵਾ ਰਾਮਦਾਸ ਨੇ ਵੀ ਇਕ ਵੱਡ-ਆਕਾਰੀ ਗ੍ਰੰਥ ‘ਬਿਰਦ ਪ੍ਰਤਾਪ’ ਦੀ ਰਚਨਾ ਕੀਤੀ ਜਿਸ ਦੇ ਇਕ ਭਾਗ ‘ਭਗਤਮਾਲਾ’ ਵਿਚ ਇਕ ਪਰਚੀ ਭਗਤ ਨਾਮਦੇਵ ਜੀ ਬਾਰੇ ਹੈ। ‘ਭਗਤਮਾਲਾ’ ਵਿਚ 121 ਭਗਤਾਂ ਦਾ ਜ਼ਿਕਰ ਹੈ, ਪਰ ਇਨ੍ਹਾਂ ਵਿੱਚੋਂ ਵੀ ਆਕਾਰ ਵਿਚ ਸਭ ਤੋਂ ਵੱਡੀ ‘ਪਰਚੀ ਭਗਤ ਨਾਮਦੇਵ’ ਹੈ ਜੋ 295 ਮਾਲਾਂ ਵਿਚ ਕਾਨੀ-ਬੱਧ ਕੀਤੀ ਗਈ ਹੈ। ਇਸ ਪਰਚੀ ਦੇ 13 ਪ੍ਰਕਰਣ ਜਾਂ ਅਧਿਆਇ ਹਨ।

ਪੰਜਾਬੀ ਲੋਕ-ਮਾਨਸਿਕਤਾ ਨੇ ਵੀ ਭਗਤ ਨਾਮਦੇਵ ਜੀ ਅਧਿਆਤਮਕ ਪ੍ਰਤਿਸ਼ਠਾ ਦੀ ਪ੍ਰਵਾਨਗੀ ਵਜੋਂ ਕੁਝ ਟੋਟਕੇ ਅਜਿਹੇ ਜੋੜੇ ਹਨ, ਜੋ ਲੋਕ-ਗੀਤਾਂ ਦੇ ਕਈ ਸੰਕਲਨਾਂ ਵਿਚ ਦਰਜ ਹਨ। ਇਕ ਉਦਾਹਰਣ ਵਜੋਂ ਦੋ ਟੋਟਕੇ ਦਿੱਤੇ ਜਾਂਦੇ ਹਨ। ਪਹਿਲਾ ਭਗਤ ਨਾਮਦੇਵ ਜੀ ਅਤੇ ਭਗਤ ਧੰਨਾ ਜੀ ਬਾਰੇ ਸੰਯੁਕਤ ਵਰਣਨ ਕਰਦਾ ਹੈ ਤੇ ਦੂਸਰਾ ਕੇਵਲ ਭਗਤ ਨਾਮਦੇਵ ਜੀ ਬਾਰੇ:

ਨਾਮਦੇਵ ਦੀ ਬਣਾਈ ਛੱਪਰੀ,
ਧੰਨੇ ਦੀਆਂ ਗਊਆਂ ਚਾਰੀਆਂ।
ਨਾਮਦੇਵ ਨੂੰ ਗੁਆਂਢਣ ਪੁੱਛਦੀ,
ਕੀਹਤੋਂ ਤੈਂ ਬਣਾਈ ਛੱਪਰੀ?

ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਭਗਤ ਨਾਮਦੇਵ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਣ ਨਾਲ ਉਨ੍ਹਾਂ ਨੂੰ ਗੁਰਮਤਿ ਕਾਵਿ-ਪਰੰਪਰਾ ਅਤੇ ਸਿੱਖ ਸੱਭਿਆਚਾਰ ਵਿਚ ਸਤਿਕਾਰਿਆ ਗਿਆ ਅਤੇ ਪੰਜਾਬੀਕਰਣ ਹੋਣ ਨਾਲ ਉਨ੍ਹਾਂ ਨੂੰ ਪੰਜਾਬੀ ਜਨ-ਜੀਵਨ ਵਿਚ ਵੀ ਆਦਰਯੋਗ ਥਾਂ ਹਾਸਲ ਹੈ। ਭਗਤ ਜੀ ਦਾ ਪੰਜਾਬੀ ਸਾਹਿਤਕ ਅਤੇ ਸੱਭਿਆਚਾਰਕ ਪ੍ਰਭਾਵ ਹਰ ਸਦੀ ਵਿਚ ਰਿਹਾ ਹੈ ਅਤੇ ਆਉਣ ਵਾਲੇ ਸਭ ਸਮਿਆਂ ’ਚ ਵੀ ਰਹੇਗਾ!

ਸ਼ੇਖ ਫਰੀਦ ਜੀ:

ਮਹਾਨ ਵਿਅਕਤੀਆਂ/ਕਲਾਕਾਰਾਂ/ਲੇਖਕਾਂ ਦੀ ਮਹਾਨਤਾ ਦੇ ਹੋਰਨਾਂ ਮਾਪਦੰਡਾਂ ਵਿਚ ਇਕ ਅਤਿ ਜ਼ਰੂਰੀ ਮਾਪਦੰਡ ਇਹ ਵੀ ਹੈ ਕਿ ਉਨ੍ਹਾਂ ਦੀ ਸ਼ਖ਼ਸੀਅਤ,  ਜੀਵਨ  ਅਤੇ  ਵਿਚਾਰਧਾਰਾ  ਨੇ  ਉਸ  ਖਿੱਤੇ  ਵਿਸ਼ੇਸ਼  ਵਿਚ  ਆਪਣਾ ਵਿਆਪਕ ਪ੍ਰਭਾਵ ਛੱਡਿਆ ਹੋਵੇ। ਪੰਜਾਬ ਦੇ ਦਰਸ਼ਨ, ਸਾਹਿਤ ਅਤੇ ਸੱਭਿਆਚਾਰ ਉੱਪਰ ਅਮਿੱਟ ਪ੍ਰਭਾਵ ਛੱਡਣ ਵਾਲੇ ਮਹਾਨ ਵਿਅਕਤੀਆਂ ਵਿੱਚੋਂ ਇਕ ਨਾਂ ਬਾਬਾ ਫਰੀਦ ਜੀ ਦਾ ਵੀ ਹੈ। ਜਦ ਵੀ ਅਸੀਂ ਸ਼ੇਖ ਫਰੀਦ ਜੀ ਦਾ ਨਾਂ ਲੈਂਦੇ ਹਾਂ ਤਾਂ ਉਨ੍ਹਾਂ ਦੀ ਸ਼ਖ਼ਸੀਅਤ ਦੇ ਤਿੰਨ ਪੱਖ ਖ਼ਾਸ ਕਰਕੇ ਸਾਡੇ ਸਾਹਮਣੇ ਉੱਭਰਦੇ ਹਨ; ਦੇਵੀ ਗੁਣਾਂ ਦੀ ਧਾਰਮਿਕ ਸ਼ਖ਼ਸੀਅਤ, ਸੂਫ਼ੀ ਅਤੇ ਬਾਣੀਕਾਰ। ਸ਼ੇਖ਼ ਫਰੀਦ ਜੀ ਆਪਣੀ ਸ਼ਖ਼ਸੀਅਤ, ਵਿਹਾਰ, ਪ੍ਰਚਾਰ-ਢੰਗ ਅਤੇ ਵਿਚਾਰਾਂ ਕਰਕੇ ਛੇਤੀ ਹੀ ਲੋਕਪ੍ਰਿਅ ਬਣ ਗਏ। ਥੋੜ੍ਹੇ ਹੀ ਅਰਸੇ ਵਿਚ ਉਨ੍ਹਾਂ ਦੀ ਨਾ ਕੇਵਲ ਪੰਜਾਬ, ਸਗੋਂ ਉੱਤਰੀ-ਭਾਰਤ ਦੇ ਬਹੁਤ ਹਿੱਸੇ ਵਿਚ ਜੈ ਜੈਕਾਰ ਹੋਣ ਲੱਗੀ। ਸੰਜਮ, ਸਾਦਗੀ ਅਤੇ ਸ੍ਵੈਮਾਣ ਉਨ੍ਹਾਂ ਦੀ ਸ਼ਖ਼ਸੀਅਤ ਦੇ ਕੁਝ ਵਿਸ਼ੇਸ਼ ਪਹਿਲੂ ਹਨ। ਭਗਤ ਫਰੀਦ ਜੀ ਦੇ ਜੀਵਨ-ਸਮਾਚਾਰ ਅਤੇ ਕਥਨ, ਜੋ ਸਾਡੇ ਤਕ ਪਹੁੰਚੇ ਹਨ, ਵਧੇਰੇ ਕਰਕੇ ਉਨ੍ਹਾਂ ਦੇ ਸੰਜਮੀ, ਸੰਤੋਖੀ ਅਤੇ ਸਦਾਚਾਰੀ ਜੀਵਨ ਦੀ ਕਹਾਣੀ ਹੀ ਪਾਉਂਦੇ ਹਨ। ਇਨ੍ਹਾਂ ਗੁਣਾਂ ਕਰਕੇ ਤਤਕਾਲੀ ਮੁਸਲਮਾਨ ਅਵਾਮ ਵਿਚ ਸ਼ੇਖ ਫਰੀਦ ਜੀ ਦਾ ਬਤੌਰ ਇਕ ਸੂਫ਼ੀ ਸੰਤ ਸਤਿਕਾਰ ਹੋਣਾ ਸੁਭਾਵਿਕ ਹੀ ਸੀ, ਗ਼ੈਰ-ਮੁਸਲਮਾਨਾਂ ਵਿਚ ਵੀ ਉਸ ਦਾ ਆਦਰ-ਮਾਣ ਹੋਣ ਲੱਗ ਪਿਆ। ਮਗਰੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸ਼ੇਖ ਫਰੀਦ ਜੀ ਦੀ ਬਾਣੀ ਨੂੰ ਇਕੱਠਾ ਕਰਨ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਥਾਂ ਦੇਣ ਨਾਲ ਉਸ ਦਾ ਧਾਰਮਿਕ ਅਤੇ ਸੱਭਿਆਚਾਰਕ ਰੁਤਬਾ ਹੋਰ ਵੀ ਬੁਲੰਦ ਹੋ ਗਿਆ।

ਬਾਬਾ ਫਰੀਦ ਜੀ ਦੀ ਬਾਣੀ ਦੇ ਸੱਭਿਆਚਾਰਕ ਪ੍ਰਭਾਵ ਦੇ ਕਈ ਪਾਸਾਰ ਹਨ। ਬਾਬਾ ਫਰੀਦ ਜੀ ਦੀ ਬਾਣੀ ਦੇ ਮੁੱਖ ਸੁਰ ਵੈਰਾਗ ਅਤੇ ਸੰਸਾਰ ਦੀ ਨਾਸ਼ਮਾਨਤਾ ਹਨ। ਇਸੇ ਲਈ ਅਸੀਂ ਵੇਖਦੇ ਹਾਂ ਕਿ ਸਿੱਖ ਸਮਾਜ ਵਿਚ ਕਿਸੇ ਪ੍ਰਾਣੀ ਦੀ ਮੌਤ ਉੱਪਰ ਕੀਤੇ ਜਾਣ ਵਾਲੇ ਸਮਾਗਮਾਂ ਲਈ ਜੋ ਸੱਦਾ-ਪੱਤਰ ਛਾਪ ਕੇ ਵੰਡੇ ਜਾਂਦੇ ਹਨ, ਉਨ੍ਹਾਂ ਉੱਪਰ ਸੰਸਾਰ ਦੀ ਚਲਾਇਮਾਨਤਾ ਸੰਬੰਧੀ ਜੋ ਉਕਤੀਆਂ ਦਰਜ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਵਿੱਚੋਂ ਬਾਬਾ ਫਰੀਦ ਜੀ ਦੀ ਬਾਣੀ ਵਿੱਚੋਂ ਪ੍ਰਚੱਲਤ ਉਕਤੀਆਂ ਇਹ ਹਨ:

ਫਰੀਦਾ ਦਰੀਆਵੈ ਕੰਨੈ੍ ਬਗੁਲਾ ਬੈਠਾ ਕੇਲ ਕਰੇ॥
ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ॥
ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ॥
ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ॥ (ਪੰਨਾ 1383)

ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ॥
ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ॥ (ਪੰਨਾ 488)

ਫਰੀਦਾ ਖਿੰਥੜਿ ਮੇਖਾ ਅਗਲੀਆ ਜਿੰਦੁ ਨ ਕਾਈ ਮੇਖ॥
ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ॥ (ਪੰਨਾ 1380)

ਬਾਬਾ ਫਰੀਦ ਜੀ ਦੀ ਬਾਣੀ ਦੇ ਚੋਣਵੇਂ ਸਲੋਕਾਂ ਨੂੰ ਸਚਿੱਤਰ ਕਰਨ ਦੇ ਵੀ ਕੁਝ ਉਪਰਾਲੇ ਹੋਏ ਹਨ, ਬੇਸ਼ੱਕ ਇਹ ਉਪਰਾਲੇ ਪੇਸ਼ਾਵਰ ਚਿੱਤਰਕਾਰਾਂ ਵੱਲੋਂ ਹੀ ਹੋਏ ਹਨ। ਇਨ੍ਹਾਂ ਚਿੱਤਰਾਂ ਵਿੱਚੋਂ ਕਈ ਇੰਨੇ ਮਕਬੂਲ ਹੋਏ ਹਨ ਕਿ ਉਨ੍ਹਾਂ ਚਿੱਤਰਾਂ ਨੂੰ ਨਵੇਂ ਵਰ੍ਹੇ ਦੇ ਅਤੇ ਹੋਰ ਮੌਕਿਆਂ ਦੇ ਕਾਰਡਾਂ ਉੱਪਰ ਛਾਪਣ ਕਰਕੇ ਬਾਬਾ ਫਰੀਦ ਜੀ ਦੀ ਬਾਣੀ ਹੋਰ ਵੀ ਵਧੇਰੇ ਜਨ-ਸਾਧਾਰਨ ਦੀ ਵਸਤ ਬਣ ਗਈ ਹੈ। ਜਿਨ੍ਹਾਂ ਕੁਝ ਸਲੋਕਾਂ ਨੂੰ ਸਚਿੱਤਰ ਕਰਨ ਦਾ ਯਤਨ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਕੁਝ ਇਹ ਹਨ:

ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ॥
ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ॥
ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ॥
ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ॥ (ਪੰਨਾ 1382)

ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮਿ੍॥
ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ॥ (ਪੰਨਾ 1378)

ਬਾਬਾ ਫਰੀਦ ਜੀ ਦੀ ਬਾਣੀ ਸਦੀਆਂ ਤੋਂ ਸਿੱਖ ਸਮਾਜ ਅਤੇ ਸੱਭਿਆਚਾਰ ਦਾ ਭਾਗ ਇਸ ਕਰਕੇ ਚਲੀ ਆ ਰਹੀ ਹੈ, ਕਿਉਂਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਸ਼ੇਖ ਫਰੀਦ ਜੀ ਦੀ ਬਾਣੀ ਦਾ ਕੀਰਤਨ ਆਪਣੇ ਆਪ ਵਿਚ ਇਸ ਦੇ ਸੱਭਿਆਚਾਰਕ ਪ੍ਰਭਾਵ ਦਾ ਸੂਚਕ ਹੈ। ਅੱਜ ਗੁਰੂ ਕੇ ਕੀਰਤਨੀਏ ਸਿੰਘ ਬਾਬਾ ਫਰੀਦ ਜੀ ਦੀ ਬਾਣੀ ਦੇ ਸਲੋਕਾਂ ਦਾ ਗਾਇਨ ਕਰਦੇ ਆਮ ਹੀ ਸੁਣੇ ਜਾ ਸਕਦੇ ਹਨ। ਪਿੰਡਾਂ ਅਤੇ ਕਸਬਿਆਂ ਵਿਚ ਪ੍ਰਭਾਤ ਵੇਲੇ ਭ੍ਰਮਣ ਕਰਨ ਵਾਲੇ ਸਾਧੂ ਵੀ ਬਾਬਾ ਫਰੀਦ ਜੀ ਦੀ ਬਾਣੀ ਦਾ ਲੋਕ-ਸ਼ੈਲੀ ਵਿਚ ਉਚਾਰਨ ਜਾਂ ਗਾਇਨ ਕਰਦੇ ਸੁਣੇ ਜਾ ਸਕਦੇ ਸਨ। ਦਰਅਸਲ ਬਾਬਾ ਫਰੀਦ ਜੀ ਦੀ ਬਾਣੀ ਵਿਚਲੀ ਲੈਅ, ਰਵਾਨੀ ਅਤੇ ਲੋਕਯਾਨਿਕ ਅਪੀਲ ਨੇ ਇਸ ਨੂੰ ਲੋਕਪ੍ਰਿਅਤਾ ਬਖਸ਼ੀ। ਵਧੇਰੇ ਕਰਕੇ ਵਿਅਕਤੀ ਉਨ੍ਹਾਂ ਸਲੋਕਾਂ ਦਾ ਗਾਇਨ ਕਰਦੇ, ਜੋ ਲੋਕ ਮਾਨਸਿਕਤਾ ਦੇ ਜ਼ਿਆਦਾ ਨੇੜੇ ਸਨ। ਕੁਝ ਸਲੋਕ ਇਹ ਹਨ:

ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾ੍ ਨ ਮਾਰੇ ਘੁੰਮਿ॥
ਆਪਨੜੈ ਘਰਿ ਜਾਈਐ ਪੈਰ ਤਿਨਾ੍ ਦੇ ਚੁੰਮਿ॥
ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ॥
ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ॥ (ਪੰਨਾ 1378)

ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ॥
ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ॥ (ਪੰਨਾ 1381)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਬਾ ਫਰੀਦ ਜੀ ਦੀ ਬਾਣੀ ਤੋਂ ਇਲਾਵਾ ਕੁਝ ਵਿਦਵਾਨਾਂ ਨੇ ਬਾਬਾ ਫਰੀਦ ਜੀ ਦੀ ਹੋਰ ਬਾਣੀ ਦੀ ਵੀ ਦੱਸ ਪਾਈ ਹੈ, ਜਿਸ ਬਾਰੇ ਪਹਿਲਾਂ ਵੀ ਸੰਕੇਤ ਹੋ ਚੁੱਕਾ ਹੈ। ਇਥੇ ਅਸੀਂ ਕੁਝ ਅਜਿਹੇ ਸਲੋਕ ਦਰਜ ਕਰਦੇ ਹਾਂ, ਜੋ ਪਾਕਿਸਤਾਨ ਟੀ.ਵੀ. ਅਤੇ ਰੇਡੀਓ ਤੋਂ ਅਕਸਰ ਗਾਏ ਜਾਂਦੇ ਹਨ-

ਉੱਠ ਫਰੀਦਾ ਸੁੱਤਿਆ, ਝਾੜੂ ਦੇਹ ਮਸੀਤ।
ਤੂੰ ਸੁੱਤਾ ਰੱਬ ਜਾਗਦਾ, ਤੇਰੀ ਡਾਢੇ ਨਾਲ ਪ੍ਰੀਤ।

ਭਾਸ਼ਾ ਸਰਬ-ਸਾਂਝੀ ਸਮਾਜਿਕ ਸੰਪਤੀ ਹੈ, ਜਿਸ ਉੱਪਰ ਕਿਸੇ ਇਕੱਲੇ ਲੇਖਕ ਦਾ ਏਕਾਧਿਕਾਰ ਨਹੀਂ ਹੋ ਸਕਦਾ, ਪਰ ਇਸ ਦੇ ਨਾਲ ਹੀ ਅਸੀਂ ਇਹ ਵਿਵਹਾਰ ਵੀ ਵੇਖਦੇ ਹਾਂ ਕਿ ਜਦ ਕਿਸੇ ਕਵੀ ਵਿਸ਼ੇਸ਼ ਵੱਲੋਂ ਵਰਤੀ ਗਈ ਕਾਵਿ-ਭਾਸ਼ਾ ਨੂੰ ਅਸਾਧਾਰਨ ਪ੍ਰਵਾਨਗੀ ਮਿਲਦੀ ਹੈ ਤਾਂ ਉਹ ਪਿਛਲੇਰੇ ਲੇਖਕਾਂ ਲਈ ਅਨੁਕਰਣਯੋਗ ਬਣ ਜਾਂਦੀ ਹੈ। ਮੱਧਕਾਲੀਨ ਪੰਜਾਬੀ ਕਾਵਿ-ਪਰੰਪਰਾ ਵਿਚ ਮੁਲਤਾਨੀ ਅਥਵਾ ਲਹਿੰਦੀ ਉਪਭਾਸ਼ਾ ਦਾ ਆਪਣਾ ਥਾਂ ਹੈ। ਬਾਬਾ ਫਰੀਦ ਜੀ ਨੇ ਆਪਣੀ ਉਮਰ ਦਾ ਬਹੁਤਾ ਹਿੱਸਾ ਪਾਕਪਟਨ ਵਿਚ ਗੁਜ਼ਾਰਿਆ। ਇਸ ਲਈ ਉਨ੍ਹਾਂ ਵੱਲੋਂ ਇਸ ਉਪਭਾਸ਼ਾ ਨੂੰ ਅਪਣਾਉਣਾ ਬੜਾ ਸੁਭਾਵਿਕ ਸੀ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਸ ਲਹਿੰਦੀ ਉਪਭਾਸ਼ਾ ਸ਼ੈਲੀ ਨੂੰ ਪ੍ਰਸਤੁਤ ਕਰਨ ਵਿਚ ਬਾਬਾ ਫਰੀਦ ਜੀ ਦਾ ਯੋਗਦਾਨ ਮੁੱਢਲਾ ਪਰ ਅਹਿਮ ਹੈ। ਸਾਨੂੰ ਤਾਂ ਇਹ ਵੀ ਪ੍ਰਤੀਤ ਹੁੰਦਾ ਹੈ ਕਿ ਲਹਿੰਦੀ ਪੰਜਾਬੀ ਵਿਚ ਲਿਖੇ ਗਏ ਬਾਬਾ ਫਰੀਦ ਜੀ ਦੇ ਸਲੋਕਾਂ ਵਿਚਲੀ ਮਿਠਾਸ ਅਤੇ ਬਹੁਤੇ ਨੂੰ ਥੋੜ੍ਹੇ ਵਿਚ ਕਹਿਣ ਦੀ ਸਮਰੱਥਾ ਨੇ ਇਸ ਭਾਸ਼ਾ ਸ਼ੈਲੀ ਦਾ ਇਕ ਵਿਸ਼ੇਸ਼ ਅਨੁਕਰਣਯੋਗ ਬਿੰਬ ਸਥਾਪਿਤ ਕਰ ਦਿੱਤਾ ਸੀ ਅਤੇ ਇਹ ਕਿਸੇ ਹੱਦ ਤਕ ਮਕਬੂਲੀਅਤ ਦਾ ਸਿੱਧਾ ਪ੍ਰਮਾਣ ਵੀ ਸਮਝੀ ਜਾਣ ਲੱਗ ਪਈ ਸੀ।

ਇਸ ਤੋਂ ਇਹ ਸਿੱਟਾ ਸਹਿਜੇ ਹੀ ਕੱਢਿਆ ਜਾ ਸਕਦਾ ਹੈ ਕਿ ਸ਼ੇਖ ਫਰੀਦ ਜੀ ਪੰਜਾਬ ਦੀ ਧਰਤੀ ਉੱਪਰ ਵਿਚਰੇ, ਪਰ ਉਨ੍ਹਾਂ ਦੀ ਸ਼ਖ਼ਸੀਅਤ, ਜੀਵਨ, ਦਰਸ਼ਨ ਅਤੇ ਬਾਣੀ ਨੇ ਇਥੋਂ ਦੇ ਸਾਹਿਤ ਅਤੇ ਸੱਭਿਆਚਾਰ ਉੱਪਰ ਆਪਣਾ ਅਸਰ ਛੱਡਿਆ। ਇਸ ਅਰਸੇ ਦੌਰਾਨ ਕਈ ਲਹਿਰਾਂ ਜਨਮੀਆਂ ਅਤੇ ਵਿਕਸਿਤ ਹੋਈਆਂ, ਪਰ ਬਾਬਾ ਫਰੀਦ ਜੀ ਦੀ ਸ਼ਖ਼ਸੀਅਤ ਅਤੇ ਬਾਣੀ ਦਾ ਪ੍ਰਭਾਵ ਨਾ ਕੇਵਲ ਅਜੇ ਤਕ ਕਾਇਮ ਹੀ ਹੈ, ਸਗੋਂ ਇਸ ਦੇ ਕਈ ਨਵੇਂ-ਨਵੇਂ ਪਾਸਾਰ ਵੀ ਸਾਹਮਣੇ ਆ ਰਹੇ ਹਨ। ਇਹ ਉਨ੍ਹਾਂ ਦਾ ਚਿਰਸਥਾਈ ਅਤੇ ਸਰਬਾਂਗੀ ਪ੍ਰਭਾਵ ਹੀ ਹੈ, ਜਿਸ ਕਰਕੇ ਪੰਜਾਬੀਆਂ ਨੇ ਉਨ੍ਹਾਂ ਦੇ ਪਵਿੱਤਰ ਕਲਾਮ ਅਤੇ ਉਨ੍ਹਾਂ ਨਾਲ ਜੁੜੀਆਂ ਕਈ ਦੰਦ-ਕਥਾਵਾਂ ਨੂੰ ਆਪਣੇ ਸੀਨੇ ਨਾਲ ਲਾਈ ਰੱਖਿਆ ਹੈ।

ਭਗਤ ਧੰਨਾ ਜੀ ਤੇ ਬੇਣੀ ਜੀ :

ਭਗਤ ਧੰਨਾ ਜੀ ਤੇ ਭਗਤ ਬੇਣੀ ਜੀ ਦੋਹਾਂ ਦੀ ਬਾਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਣ ਕਰਕੇ ਇਹ ਸਿੱਖ ਸੱਭਿਆਚਾਰ ਦਾ ਭਾਗ ਹਨ। ਇਨ੍ਹਾਂ ਦੋਹਾਂ ਦੀ ਮਹਿਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਹੈ ਅਤੇ ਪਿਛਲੇਰੇ ਸਿੱਖ ਸਾਹਿਤ ਵਿਚ ਵੀ। ਭਗਤ ਧੰਨਾ ਜੀ ਬਾਰੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਇਕ ਅਭਿਨੰਦਕੀ ਤੁਕ ਹੈ:

ਧੰਨੈ ਸੇਵਿਆ ਬਾਲ ਬੁਧਿ॥ (ਪੰਨਾ 1192)

ਇਸੇ ਤਰ੍ਹਾਂ ਭੱਟ ਬਾਣੀਕਾਰ ਕਲ੍ਹ ਜੀ ਨੇ ਆਪਣੇ ਇਕ ਸਵੱਈਏ ਵਿਚ ਭਗਤ ਬੇਣੀ ਜੀ ਦੀ ਇਸ ਤਰ੍ਹਾਂ ਪ੍ਰਸੰਸਾ ਕੀਤੀ ਹੈ:

ਬੇਣੀ ਕਉ ਗੁਰਿ ਕੀਓ ਪ੍ਰਗਾਸੁ॥ (ਪੰਨਾ 1192)

ਭਗਤੁ ਬੇਣਿ ਗੁਣ ਰਵੈ ਸਹਜਿ ਆਤਮ ਰੰਗੁ ਮਾਣੈ॥
ਜੋਗ ਧਿਆਨਿ ਗੁਰ ਗਿਆਨਿ ਬਿਨਾ ਪ੍ਰਭ ਅਵਰੁ ਨ ਜਾਣੈ॥ (ਪੰਨਾ 1390)

ਇਨ੍ਹਾਂ ਦੋਹਾਂ ਦੀ ਖੁੱਲ੍ਹ ਕੇ ਪ੍ਰਸੰਸਾ ਕਰਨ ਵਾਲੇ ਪਹਿਲੇ ਕਵੀ ਭਾਈ ਗੁਰਦਾਸ ਜੀ ਹਨ। ਫੁਟਕਲ ਸੰਕੇਤਾਂ ਤੋਂ ਬਿਨਾਂ ਉਨ੍ਹਾਂ ਨੇ ਆਪਣੀ ਦਸਵੀਂ ਵਾਰ ਵਿਚ ਵੀ ਜਿਸ ਨੂੰ ਅਕਸਰ ਭਗਤਾਂ ਦੀ ਵਾਰ ਕਿਹਾ ਜਾਂਦਾ ਹੈ, ਇਨ੍ਹਾਂ ਦੋਹਾਂ ਭਗਤਾਂ ਦੀ ਉਤੋੜਿਤੀ ਦੋ ਪਉੜੀਆਂ ਵਿਚ ਪ੍ਰਸੰਸਾ ਕੀਤੀ ਹੈ। ਭਗਤ ਧੰਨਾ ਜੀ ਦੀ ਸਿਫ਼ਤ ਕਰਦਿਆਂ ਭਾਈ ਗੁਰਦਾਸ ਜੀ ਨੇ ਲਿਖਿਆ ਹੈ:

ਬਾਮ੍ਹਣ ਪੂਜੈ ਦੇਵਤੇ ਧੰਨਾ ਗਊ ਚਰਾਵਣ ਆਵੈ।
ਧੰਨੈ ਡਿਠਾ ਚਲਿਤ ਏਹ ਪੁਛੈ ਬਾਮ੍ਹਣ ਆਖ ਸੁਣਾਵੈ।
ਠਾਕੁਰ ਦੀ ਸੇਵਾ ਕਰੇ ਜੋ ਇਛੇ ਸੋਈ ਫਲ ਪਾਵੈ।
ਧੰਨਾ ਕਰਦਾ ਜੋਦੜੀ ਮੈਂ ਭਿ ਦੇਹ ਇਕ ਜੋ ਤੁਧ ਭਾਵੈ।
ਪੱਥਰ ਇਕ ਲਪੇਟ ਕਰ ਦੇ ਧੰਨੇ ਨੋਂ ਗੈਲ ਛੁਡਾਵੈ।
ਠਾਕੁਰ ਨੋਂ ਨ੍ਹਾਵਾਲਕੇ ਛਾਹਿ ਰੋਟੀ ਲੈ ਭੋਗ ਚੜ੍ਹਾਵੈ।
ਹਥ ਜੋੜ ਮਿੰਨਤ ਕਰੇ ਪੈਰੀਂ ਪੈ ਪੈ ਬਹੁਤ ਮਨਾਵੈ।
ਹਉਂ ਬੀ ਮੂੰਹ ਨ ਜੁਠਾਲਸਾਂ ਤੂੰ ਰੁਠਾ ਮੈਂ ਕਿਹੁ ਨ ਸੁਖਾਵੈ।
ਗੋਸਾਈਂ ਪਰਤੱਖ ਹੋਇ ਰੋਟੀ ਖਾਇ ਛਾਹਿ ਮੁਹਿ ਲਾਵੈ।
ਭੋਲਾ ਭਾਉ ਗੋਵਿੰਦ ਮਿਲਾਵੈ॥ (ਵਾਰ 10:13)

ਭਗਤ ਬੇਣੀ ਜੀ:

ਗੁਰਮੁਖਿ ਬੇਣੀ ਭਗਤਿ ਕਰ ਜਾਇ ਇਕਾਂਤ ਬਹੈ ਲਿਵ ਲਾਵੈ।
ਕਰਮ ਕਰੈ ਅਧਿਆਤਮੀ ਹੋਰਸੁ ਕਿਸੈ ਨ ਅਜਰ ਲਖਾਵੈ।
ਘਰ ਆਯਾ ਜਾਂ ਪੁਛੀਐ ਰਾਜ ਦੁਆਰ ਗਇਆ ਆਲਾਵੈ।
ਘਰ ਸਭ ਵਥੂੰ ਮੰਗੀਅਨ ਵਲ ਛਲ ਕਰਕੈ ਝਤ ਲੰਘਾਵੈ।
ਵਡਾ ਸਾਂਗ ਵਰਤਦਾ ਓਹ ਇਕ ਮਨ ਪਰਮੇਸ਼ਰ ਧ੍ਯਾਵੈ।
ਪੈਜ ਸਵਾਰੈ ਭਗਤ ਦੀ ਰਾਜਾ ਹੋਇਕੈ ਘਰ ਚਲ ਆਵੈ।
ਦੇਇ ਦਿਲਾਸਾ ਤੁਸਕੈ ਅਨਗਣਤੀ ਖਰਚੀ ਪਹੁਚਾਵੈ।
ਓਥਹੁੰ ਆਯਾ ਭਗਤ ਪਾਸ ਹੋਇ ਦਿਆਲ ਹੇਤ ਉਪਜਾਵੈ।
ਭਗਤ ਜਨਾ ਜੈਕਾਰ ਕਰਾਵੈ॥ (ਵਾਰ 10:14)

ਇਨ੍ਹਾਂ ਦੋਹਾਂ ਭਗਤਾਂ ਦੀ ਬਾਣੀ ਬਾਰੇ ਗੁਰਮਤਿ ਵਿਦਵਾਨਾਂ ਵਿਚ ਦੋ ਕੋਣਾਂ ਤੋਂ ਚਰਚਾ ਹੋਈ ਹੈ। ਪਹਿਲਾ ਕੋਣ ਹੈ- ਇਨ੍ਹਾਂ ਦੀ ਬਾਣੀ ਦਾ ਇਕੱਤਰੀਕਰਣ ਅਤੇ ਦੂਜਾ ਹੈ- ਉਨ੍ਹਾਂ ਦੀ ਬਾਣੀ ਦੀ ਗੁਰਮਤਿ ਅਨੁਕੂਲਤਾ। ਭਗਤ ਬਾਣੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਣ ਬਾਰੇ ਕਈ ਤਰ੍ਹਾਂ ਦੀਆਂ ਧਾਰਨਾਵਾਂ ਪ੍ਰਚੱਲਤ ਰਹੀਆਂ ਹਨ। ਪੁਰਾਤਨ ਸਿੱਖ ਗ੍ਰੰਥਾਂ ਦੇ ਹਵਾਲਿਆਂ ਨਾਲ ਪਹਿਲਾਂ ਇਹ ਧਾਰਨਾ ਬਣੀ ਰਹੀ ਕਿ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਹੋ ਰਹੀ ਸੀ ਤਾਂ ਭਗਤ ਸੂਖ਼ਮ ਰੂਪ ਵਿਚ ਹਾਜ਼ਰ ਹੋ ਕੇ ਭਾਈ ਗੁਰਦਾਸ ਜੀ ਨੂੰ ਆਪੋ-ਆਪਣੀ ਬਾਣੀ ਲਿਖਵਾ ਜਾਂਦੇ ਸਨ। ਵੀਹਵੀਂ ਸਦੀ ਵਿਚ ਵਿਦਵਾਨਾਂ ਨੇ ਭਗਤ ਬਾਣੀ ਦੇ ਇਕੱਤਰੀਕਰਣ ਦੇ ਠੋਸ ਤੇ ਪੁਖਤਾ ਆਧਾਰ ਲੱਭਣ ਦੇ ਉਪਰਾਲੇ ਕਰਨੇ ਸ਼ੁਰੂ ਕਰ ਦਿੱਤੇ। ਇਸ ਮਸਲੇ ਬਾਰੇ ਸਭ ਤੋਂ ਵੱਧ ਸੋਚ-ਵਿਚਾਰ ਪ੍ਰੋ. ਸਾਹਿਬ ਸਿੰਘ ਨੇ ਕੀਤੀ ਹੈ। ਆਪਣੀ ਉਪਰੋਕਤ ਕਿਸਮ ਦੀ ਚਰਚਾ ਵਿਚ ਉਨ੍ਹਾਂ ਨੇ ਜਿਨ੍ਹਾਂ ਭਗਤ ਬਾਣੀਕਾਰਾਂ ਨੂੰ ਆਧਾਰ ਬਣਾਇਆ ਹੈ, ਉਨ੍ਹਾਂ ਵਿਚ ਭਗਤ ਬੇਣੀ ਜੀ ਵੀ ਸ਼ਾਮਲ ਹਨ। ਪ੍ਰੋ. ਸਾਹਿਬ ਸਿੰਘ ਦੇ ਭਗਤ ਬੇਣੀ ਜੀ ਦੀ ਰਚਨਾ ਵਿਚਲੇ ਵਿਚਾਰਾਂ, ਭਾਤਾਂ, ਵਾਕੰਸ਼ਾਂ, ਵਾਕਾਂ ਅਤੇ ਸ਼ਬਦਾਂ ਦੇ ਸਹਾਰੇ ਇਹ ਸਿੱਟਾ ਕੱਢਿਆ ਹੈ ਕਿ ਭਗਤ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਆਪ ਇਕੱਠੀ ਕੀਤੀ ਜਿਸ ਨੂੰ ਉਨ੍ਹਾਂ ਮਗਰਲੇ ਗੁਰੂ ਸਾਹਿਬਾਨ ਤਕ ਪੁੱਜਦਾ ਕੀਤਾ। ਉਨ੍ਹਾਂ ਦਾ ਕਥਨ ਹੈ, ‘ਅਸਲੀਅਤ ਲੱਭਣ ਦੇ ਚਾਹਵਾਨ ਸੱਜਣ ਹੁਣ ਸੁਤੇ ਹੀ ਇਸ ਨਤੀਜੇ ’ਤੇ ਪਹੁੰਚ ਜਾਣਗੇ ਕਿ ਭਗਤ ਬੇਣੀ ਜੀ ਦੇ ਇਹ ਸਾਰੇ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ ਮੌਜੂਦ ਸਨ। ਇਹ ਸ਼ਬਦ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਉਸੇ ਖ਼ਜ਼ਾਨੇ ਵਿੱਚੋਂ ਮਿਲੇ ਸਨ ਜਿਸ ਵਿਚ ਪਹਿਲੇ ਚਹੁੰਆਂ ਗੁਰੂ ਸਾਹਿਬਾਨ ਦੀ ਸਾਰੀ ਬਾਣੀ ਇਕੱਠੀ ਕੀਤੀ ਹੋਈ ਸੀ।

ਧਨਾਸਰੀ ਰਾਗ ਵਿਚ ਭਗਤ ਧੰਨਾ ਜੀ ਦਾ ਇਕ ਸ਼ਬਦ ਅਜਿਹਾ ਹੈ ਜੋ ਗੁਰਮਤਿ ਦੇ ਏਨਾ ਕਰੀਬ ਹੈ ਕਿ ਰੰਚਕ ਮਾਤਰ ਵੀ ਸ਼ੰਕਾ ਨਹੀਂ ਰਹਿੰਦਾ। ਗੁਰਮਤਿ ਸਿਧਾਂਤ ਦੀਨ ਤੇ ਦੁਨੀਆਂ ਦਾ ਸੁਮੇਲ ਕਰਦੇ ਹਨ। ਇਸੇ ਕਰਕੇ ਬਾਣੀ ਵਾਲਾ ਆਦਰਸ਼ਕ ਮਨੁੱਖ ਸੰਤ ਦੇ ਨਾਲ ਸਿਪਾਹੀ ਵੀ ਹੈ। ਕੇਵਲ ਤੇਗ ਚਲਾਉਣ ਵਾਲਾ ਹੀ ਸਿਪਾਹੀ ਨਹੀਂ, ਸੰਸਾਰ ਵਿਚ ਵਿਚਰਦਿਆਂ ਮੰਦ ਬਿਰਤੀਆਂ ਨਾਲ ਜੂਝਣ ਵਾਲਾ ਵੀ ਸਿਪਾਹੀ ਹੈ। ਗੁਰਮਤਿ ਦਰਸ਼ਨ ਵਿਚ ਭਗਤਾਂ ਅਤੇ ਸੰਸਾਰੀਆਂ ਦਾ ਮੇਲ ਹੈ। ਇਸ ਤੋਂ ਪਹਿਲਾਂ ਜਾਂ ਤੇ ਭਗਤ ਸਨ ਤੇ ਜਾਂ ਸੰਸਾਰੀ। ਇਹ ਸੁਮੇਲ ਹੀ ਗੁਰਮਤਿ ਦਰਸ਼ਨ ਦਾ ਕਮਾਲ ਹੈ। ਇਸੇ ਲਈ ਅਸੀਂ ਵੇਖਦੇ ਹਾਂ ਕਿ ਇਕ ਆਦਰਸ਼ਕ ਸੰਸਾਰੀ ਜੀਵ ਨੂੰ ਜਿਨ੍ਹਾਂ-ਜਿਨ੍ਹਾਂ ਚੀਜ਼ਾਂ ਦੀ ਲੋੜ ਪੈਂਦੀ ਹੈ, ਭਗਤ ਧੰਨਾ ਜੀ ਨੇ ਪਰਮਾਤਮਾ ਕੋਲੋਂ ਉਹ ਮੰਗ ਲਈਆਂ ਹਨ। ਹੋਰ ਦਿਲਚਸਪ ਗੱਲ ਇਹ ਹੈ ਕਿ ਉਹ ਆਪਣੇ ਆਪ ਨੂੰ ਆਰਤ (ਲੋੜਵੰਦ) ਕਹਿ ਕੇ ਹੀ ਇਹ ਸਾਰਾ ਕੁਝ ਮੰਗ ਰਹੇ ਹਨ। ਦਾਲ, ਆਟਾ, ਘਿਉ, ਜੁੱਤੀ, ਸੁਹਣਾ ਕੱਪੜਾ ਤਾਂ ਹਰ ਸੰਸਾਰੀ ਜੀਵ ਦੀ ਲੋਚਾ ਹੈ। ਪਰ ਧੰਨੇ ਨੇ ਤਾਂ ਲਵੇਰੀ ਗਾਂ-ਮੱਝ ਸਮੇਤ ਅਰਬੀ ਘੋੜੀ ਦੀ ਵੀ ਮੰਗ ਕੀਤੀ ਹੈ। ਇਥੇ ਇਹ ਗੱਲ ਚਿਤਾਰਨੀ ਬਹੁਤ ਜ਼ਰੂਰੀ ਹੈ ਕਿ ਭਗਤ ਧੰਨਾ ਜੀ ਨੇ ਤਿੰਨ ਜਾਂ ਚਾਰ ਸ਼ਬਦਾਂ ਵਿਚ ਹੀ ਭਗਤ ਅਤੇ ਸੰਸਾਰੀ ਦਾ ਸੁਮੇਲ ਕਰ ਵਿਖਾਇਆ ਹੈ ਅਤੇ ਇਹੋ ਸੁਮੇਲ ਗੁਰਮਤਿ ਦਾ ਮੂਲ ਆਧਾਰ ਹੈ:

ਗੋਪਾਲ ਤੇਰਾ ਆਰਤਾ॥
ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ॥1॥ ਰਹਾਉ॥
ਦਾਲਿ ਸੀਧਾ ਮਾਗਉ ਘੀਉ॥
ਹਮਰਾ ਖੁਸੀ ਕਰੈ ਨਿਤ ਜੀਉ॥
ਪਨ੍‍ੀਆ ਛਾਦਨੁ ਨੀਕਾ॥
ਅਨਾਜੁ ਮਗਉ ਸਤ ਸੀ ਕਾ॥1॥
ਗਊ ਭੈਸ ਮਗਉ ਲਾਵੇਰੀ॥
ਇਕ ਤਾਜਨਿ ਤੁਰੀ ਚੰਗੇਰੀ॥
ਘਰ ਕੀ ਗੀਹਨਿ ਚੰਗੀ॥
ਜਨੁ ਧੰਨਾ ਲੇਵੈ ਮੰਗੀ॥ (ਪੰਨਾ 695)

ਭਗਤ ਬੇਣੀ ਜੀ ਦੇ ਸਿਰੀ, ਰਾਮਕਲੀ ਅਤੇ ਪ੍ਰਭਾਤੀ ਰਾਗਾਂ ਵਿਚ ਇਕ-ਇਕ ਭਾਵ ਕੁਲ ਤਿੰਨ ਸ਼ਬਦ ਹਨ। ਇਨ੍ਹਾਂ ਤਿੰਨਾਂ ਸ਼ਬਦਾਂ ਵਿਚ ਹੀ ਗੁਰਮਤਿ ਦਰਸ਼ਨ ਦੇ ਕਈ ਪਹਿਲੂ ਆ ਜਾਂਦੇ ਹਨ। ਸਿਰੀਰਾਗੁ ਵਾਲੇ ਸ਼ਬਦ ਦੀ ਮੁੱਖ ਸੁਰ ਨਾਲ ਚੇਤਨਾ ਦੀ ਹੈ। ਭਾਵ ਮਨੁੱਖ ਨੂੰ ਕਿਸੇ ਵੇਲੇ ਵੀ ਪਰਮਾਤਮਾ ਨੂੰ ਮਨੋਂ ਨਹੀਂ ਵਿਸਾਰਨਾ ਚਾਹੀਦਾ। ਨਾਮ-ਸਿਮਰਨ ਲਈ ਹਰ ਉਮਰ, ਹਰ ਪਲ, ਹਰ ਘੜੀ ਢੁੱਕਵੀਂ ਹੈ। ਇਸ ਲਈ ਮਨੁੱਖ ਮੌਤ ਨੂੰ ਚੇਤੇ ਰੱਖ ਕੇ ਸੁਆਸ-ਸੁਆਸ ਬੰਦਗੀ ਕਰੇ। ਬੰਦਗੀ ਵਿਚ ਜਿਹੜੀਆਂ ਰੁਕਾਵਟਾਂ ਮਨੁੱਖ ਦੇ ਸਾਹਮਣੇ ਆ ਸਕਦੀਆਂ ਹਨ, ਉਨ੍ਹਾਂ ਵੱਲ ਵੀ ਇਸ ਸ਼ਬਦ ਵਿਚ ਸੰਕੇਤ ਹਨ:

ਤਰੁਣ ਤੇਜੁ ਪਰ ਤ੍ਰਿਅ ਮੁਖੁ ਜੋਹਹਿ ਸਰੁ ਅਪਸਰੁ ਨ ਪਛਾਣਿਆ॥
ਉਨਮਤ ਕਾਮਿ ਮਹਾ ਬਿਖੁ ਭੂਲੈ ਪਾਪੁ ਪੁੰਨੁ ਨ ਪਛਾਨਿਆ॥
ਸੁਤ ਸੰਪਤਿ ਦੇਖਿ ਇਹੁ ਮਨੁ ਗਰਬਿਆ ਰਾਮੁ ਰਿਦੈ ਤੇ ਖੋਇਆ॥
ਅਵਰ ਮਰਤ ਮਾਇਆ ਮਨੁ ਤੋਲੇ ਤਉ ਭਗ ਮੁਖਿ ਜਨਮੁ ਵਿਗੋਇਆ॥ (ਪੰਨਾ 63)

ਰਾਗ ਰਾਮਕਲੀ ਵਿਚਲੇ ਭਗਤ ਬੇਣੀ ਜੀ ਦੇ ਸ਼ਬਦ ਦੀ ਪ੍ਰਧਾਨ ਸੁਰ ਹਠ ਜੋਗ ਅਤੇ ਕਰਮਕਾਂਡਾਂ ਦਾ ਖੰਡਨ ਹੈ। ਇਸ ਤੋਂ ਬਿਨਾਂ ਗੁਰੂ ਦੀ ਸਿੱਖਿਆ, ਦੁਰਮਤਿ ਦਾ ਤਿਆਗ, ਪ੍ਰਭੂ-ਮਿਲਾਪ ਦਾ ਆਨੰਦ ਅਤੇ ਖੇੜਾ ਵੀ ਇਸ ਸ਼ਬਦ ਵਿਚਲੇ ਕੁਝ ਵਿਚਾਰ ਹਨ। ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਇਸ ਸ਼ਬਦ ਵਿਚ ਸਾਧਕ ਦੀ ਸਾਧਨਾ ਦੇ ਫਲਸਰੂਪ ਮਾਇਆ ਦੇ ਤਿੰਨਾਂ ਗੁਣਾਂ ਅਤੇ ਕਾਮਾਦਿਕ ਦੀ ਮਾਰ ਤੋਂ ਮਨ ਉੱਚਾ ਹੋ ਜਾਂਦਾ ਹੈ। ਰਾਗ ਪ੍ਰਭਾਤੀ ਵਿਚਲਾ ਸ਼ਬਦ ਬ੍ਰਾਹਮਣ ਦੇ ਵਿਹਾਰ, ਕਿਰਦਾਰ ਅਤੇ ਕਰਮਕਾਂਡ ਉੱਪਰ ਰੌਸ਼ਨੀ ਪਾਉਂਦਾ ਹੈ। ਭਗਤ ਬੇਣੀ ਜੀ ਆਪ ਬ੍ਰਾਹਮਣ ਪਰਵਾਰ ਦੇ ਜੰਮਪਲ ਸਨ ਪਰ ਜਿੰਨੀ ਬੇਬਾਕੀ ਅਤੇ ਸਾਫ਼ਗੋਈ ਨਾਲ ਉਨ੍ਹਾਂ ਨੇ ਉਸ ਦੇ ਪਾਖੰਡ ਦਾ ਪਰਦਾ ਫਾਸ਼ ਕੀਤਾ ਹੈ, ਉਸ ਦਾ ਸੁਆਦ ਸ਼ਬਦ ਪੜ੍ਹਿਆਂ ਹੀ ਮਾਣਿਆ ਜਾ ਸਕਦਾ ਹੈ:

ਤਨਿ ਚੰਦਨੁ ਮਸਤਕਿ ਪਾਤੀ॥
ਰਿਦ ਅੰਤਰਿ ਕਰ ਤਲ ਕਾਤੀ॥
ਠਗ ਦਿਸਟਿ ਬਗਾ ਲਿਵ ਲਾਗਾ॥
ਦੇਖਿ ਬੈਸਨੋ ਪ੍ਰਾਨ ਮੁਖ ਭਾਗਾ॥1॥
ਕਲਿ ਭਗਵਤ ਬੰਦ ਚਿਰਾਂਮੰ॥
ਕ੍ਰੂਰ ਦਿਸਟਿ ਰਤਾ ਨਿਸਿ ਬਾਦੰ॥1॥ ਰਹਾਉ॥
ਨਿਤਪ੍ਰਤਿ ਇਸਨਾਨੁ ਸਰੀਰੰ॥
ਦੁਇ ਧੋਤੀ ਕਰਮ ਮੁਖਿ ਖੀਰੰ॥
ਰਿਦੈ ਛੁਰੀ ਸੰਧਿਆਨੀ॥
ਪਰ ਦਰਬੁ ਹਿਰਨ ਕੀ ਬਾਨੀ॥2॥
ਸਿਲ ਪੂਜਸਿ ਚਕ੍ਰ ਗਣੇਸੰ॥
ਨਿਸਿ ਜਾਗਸਿ ਭਗਤਿ ਪ੍ਰਵੇਸੰ॥ (ਪੰਨਾ 1351)

ਇਸ ਸ਼ਬਦ ਨੂੰ ਪੜ੍ਹਦਿਆਂ-ਸੁਣਦਿਆਂ ਆਸਾ ਕੀ ਵਾਰ ਦੀ ਚੌਦਵ੍ਹੀਂ ਪਉੜੀ ਸਹਿਜ ਸੁਭਾਵਕ ਯਾਦ ਆਉਂਦੀ ਹੈ ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਅਖੌਤੀ ਬ੍ਰਾਹਮਣ ਦੇ ਦੋਗਲੇ ਕਿਰਦਾਰ ਉੱਪਰ ਚੋਟ ਕਰਦੇ ਹਨ:

ਪੜਿ ਪੁਸਤਕ ਸੰਧਿਆ ਬਾਦੰ॥
ਸਿਲ ਪੂਜਸਿ ਬਗੁਲ ਸਮਾਧੰ॥
ਮੁਖਿ ਝੂਠ ਬਿਭੂਖਣ ਸਾਰੰ॥
ਤ੍ਰੈਪਾਲ ਤਿਹਾਲ ਬਿਚਾਰੰ॥
ਗਲਿ ਮਾਲਾ ਤਿਲਕੁ ਲਿਲਾਟੰ॥
ਦੁਇ ਧੋਤੀ ਬਸਤ੍ਰ ਕਪਾਟੰ॥
ਜੇ ਜਾਣਸਿ ਬ੍ਰਹਮੰ ਕਰਮੰ॥
ਸਭਿ ਫੋਕਟ ਨਿਸਚਉ ਕਰਮੰ॥
ਕਹੁ ਨਾਨਕ ਨਿਹਚਉ ਧਿਆਵੈ॥
ਵਿਣੁ ਸਤਿਗੁਰ ਵਾਟ ਨ ਪਾਵੈ॥ (ਪੰਨਾ 470)

ਭਗਤ ਬੇਣੀ ਜੀ ਦੇ ਸ਼ਬਦ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਨਾਲ ਨਾ ਕੇਵਲ ਬਹਿਰ ਹੀ ਰਲਦੀ ਹੈ, ਸਗੋਂ ਕਈ ਸ਼ਬਦ ਵੀ ਸਾਂਝੇ ਹਨ। ਜਿਵੇਂ ਕਿ ਲੇਖ ਦੇ ਅੰਦਰ ਪਹਿਲਾਂ ਵੀ ਇਹ ਸੰਕੇਤ ਦਿੱਤਾ ਜਾ ਚੁੱਕਾ ਹੈ, ਵਿਚਾਰਾਂ, ਸ਼ਬਦਾਂ ਅਤੇ ਬਹਿਰ ਆਦਿ ਦੀ ਸਾਂਝ ਵੇਖ ਕੇ ਹੀ ਪ੍ਰੋ. ਸਾਹਿਬ ਸਿੰਘ ਨੇ ਜਦ ਭਗਤ ਬਾਣੀ ਦੇ ਇਕੱਤਰੀਕਰਣ ਦੇ ਸੁਆਲ ਨੂੰ ਵਿਚਾਰਿਆ ਤਾਂ ਉਨ੍ਹਾਂ ਨੂੰ ਕਈ ਸਾਰਥਕ ਸੁਰਾਗ ਮਿਲੇ। ਉਹ ਸਾਰਥਕ ਸੁਰਾਗ, ਇਹੋ ਸਾਂਝਾਂ ਹੀ ਸਨ। ਇਸੇ ਲਈ ਉਨ੍ਹਾਂ ਨੇ ਆਪਣੀ ਪੁਸਤਕ ‘ਆਦਿ ਬੀੜ ਬਾਰੇ’ ਵਿਚ ਜਿੱਥੇ ਭਗਤ ਬੇਣੀ ਜੀ ਬਾਰੇ ਵਿਚਾਰ ਕੀਤੀ ਤਾਂ ਇਨ੍ਹਾਂ ਨੇ ਭਗਤ ਜੀ ਦੇ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਬਰਾਬਰੋਬਰ ਰੱਖ ਕੇ ਦੋਹਾਂ ਦੇ ਅਧਿਐਨ ਉਪਰੰਤ ਇਹ ਨਤੀਜਾ ਕੱਢਿਆ ਕਿ ਭਗਤ ਬੇਣੀ ਜੀ ਦੀ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਸਮੇਂ ਨਾ ਸਿਰਫ਼ ਇਕੱਤਰ ਹੀ ਕੀਤੀ ਸਗੋਂ ਉਸ ਦਾ ਗਹੁ ਨਾਲ ਅਧਿਐਨ ਵੀ ਕੀਤਾ। ਵਿਚਾਰਾਂ, ਸ਼ਬਦਾਂ, ਬਹਿਰ ਅਤੇ ਸ਼ੈਲੀ ਦੀ ਸਾਂਝ ਇਤਫਾਕਨ ਨਹੀਂ, ਸਗੋਂ ਅਧਿਐਨ ਵਿਸ਼ਲੇਸ਼ਣ ਕਰਕੇ ਹੀ ਹੈ।

ਭਗਤ ਧੰਨਾ ਜੀ ਅਤੇ ਭਗਤ ਬੇਣੀ ਜੀ ਦੀ ਹੋਰ ਬਾਣੀ ਵੀ ਮਿਲਦੀ ਹੈ। ਇਨ੍ਹਾਂ ਦੋਨਾਂ ਭਗਤ ਸਾਹਿਬਾਨ ਦੀ ਜਿਹੜੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਉਹ ਗੁਰੂ-ਆਸ਼ੇ ਦੇ ਇੰਨ-ਬਿੰਨ ਅਨੁਕੂਲ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Dharam Singh
ਪ੍ਰੋਫੈਸਰ, ਪੰਜਾਬੀ ਅਧਿਐਨ ਸਕੂਲ -ਵਿਖੇ: ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)