editor@sikharchives.org

ਭਾਈ ਗੁਰਦਾਸ ਦੀਆਂ ਵਾਰਾਂ ਵਿਚ ਕੁਦਰਤ

ਭਾਈ ਗੁਰਦਾਸ ਜੀ ਦੀਆਂ ਰਚਿਤ 40 ਵਾਰਾਂ ਹਨ ਜਿਨ੍ਹਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ’ ਕਿਹਾ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਭਾਈ ਗੁਰਦਾਸ ਜੀ ਸਿੱਖੀ ਦੇ ਉਹ ਚਮਕਦੇ ਸਿਤਾਰੇ ਹਨ ਜਿਨ੍ਹਾਂ ਨੂੰ ਸਿੱਖਾਂ ਦੇ ਗੁਰੂ ਰੂਪ ਸਰਵੋਤਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਭ ਤੋਂ ਪਹਿਲਾਂ ਕਾਨੀਬੰਦ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਨ੍ਹਾਂ ਦਾ ਜਨਮ ਗੋਇੰਦਵਾਲ ਵਿਖੇ ਮਾਤਾ ਜੀਵਨੀ1 ਜੀ ਦੀ ਕੁੱਖੋਂ ਗੁਰੂ ਅਮਰਦਾਸ ਜੀ ਦੇ ਛੋਟੇ ਭਰਾ ਭਾਈ ਈਸ਼ਰ ਚੰਦ ਜੀ ਦੇ ਘਰ ਹੋਇਆ। ਬਾਲ ਗੁਰਦਾਸ ਤਿੰਨ ਸਾਲ ਦੇ ਹੀ ਸਨ ਜਦ ਮਾਤਾ ਜੀਵਨੀ ਜੀ ਸਵਰਗਵਾਸ ਹੋ ਗਏ। ਜਦ ਬਾਰਾਂ ਸਾਲ ਦੇ ਸਨ ਤਾਂ ਪਿਤਾ ਜੀ ਵੀ ਸਵਰਗਵਾਸ ਹੋ ਗਏ ਜਿਸ ਕਰਕੇ ਇਨ੍ਹਾਂ ਦੀ ਪਾਲਣਾ ਸ੍ਰੀ ਗੁਰੂ ਅਮਰਦਾਸ ਜੀ ਨੇ ਕੀਤੀ ਜਿਨ੍ਹਾਂ ਤੋਂ ਇਨ੍ਹਾਂ ਨੂੰ ਸਿੱਖੀ ਦੀ ਜਾਗ ਲੱਗੀ। ਸ੍ਰੀ ਗੁਰੂ ਰਾਮਦਾਸ ਜੀ ਨੇ ਆਪ ਜੀ ਨੂੰ ਸਿੱਖੀ ਦਾ ਪ੍ਰਚਾਰਕ ਥਾਪ ਕੇ ਆਗਰੇ ਭੇਜਿਆ ਜਿੱਥੇ ਉਨ੍ਹਾਂ ਨੇ ਸਿੱਖੀ ਖੂਬ ਫੈਲਾਈ। ਭਾਈ ਗੁਰਦਾਸ ਜੀ ਮਾਤਾ ਭਾਨੀ ਜੀ ਦੇ ਚਚੇਰੇ ਭਰਾ ਹੋਣ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਲੱਗਦੇ ਸਨ, ਪਰ ਉਨ੍ਹਾਂ ਦੀ ਗੁਰੂ-ਘਰ ਵਿਚ ਸ਼ਰਧਾ ਸਦਕਾ ਉਹ ਗੁਰਸਿੱਖਾਂ ਵਿੱਚੋਂ ਮੋਹਰੀ ਸਿੱਖਾਂ ਵਿੱਚੋਂ ਸਨ। ਉਨ੍ਹਾਂ ਦਾ ਭਾਸ਼ਾਈ ਗਿਆਨ ਤੇ ਧਾਰਮਿਕ ਪੁਸਤਕਾਂ ਦਾ ਵਿਵੇਚਨ ਬੜਾ ਡੂੰਘਾ ਸੀ ਜਿਸ ਕਰਕੇ ਉਹ ਸਮੇਂ ਦੇ ਮੰਨੇ-ਪ੍ਰਮੰਨੇ ਵਿਦਵਾਨਾਂ ਦੀ ਸ਼੍ਰੇਣੀ ਵਿੱਚੋਂ ਸਨ। ਉਨ੍ਹਾਂ ਨੇ 40 ਵਾਰਾਂ ਤੇ 556 ਕਬਿਤ ਲਿਖ ਕੇ ਆਪਣੀ ਵਿਦਵਤਾ ਦਾ ਸਬੂਤ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਦੇ 8 ਪੌੜੀਆਂ ਦੇ 6 ਛੰਦ ਸੰਸਕ੍ਰਿਤ ਵਿਚ ਵੀ ਹਨ। ਉਨ੍ਹਾਂ ਦੀ ਇਸ ਵਿਦਵਤਾ ਸਦਕਾ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾਂ ਸਮੇਂ ਆਪਣਾ ਸਾਥੀ ਚੁਣਿਆ ਸੀ। ਜਦ ਅਕਬਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਜਾਣਨਾ ਚਾਹਿਆ ਤਾਂ ਭਾਈ ਗੁਰਦਾਸ ਜੀ ਨੇ ਅਕਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਰੇ ਚਾਨਣਾ ਪਾ ਕੇ ਮੁਤੱਸਰ ਕੀਤਾ। ਉਨ੍ਹਾਂ ਦਾ ਸਵਰਗਵਾਸ ਭਾਦੋਂ ਸੁਦੀ 8, ਸੰਮਤ 1694 (ਮਹਾਨ ਕੋਸ਼ ਅਨੁਸਾਰ) ਅਗਸਤ 1636 ਈ. ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਨ੍ਹਾਂ ਦੀਆਂ ਆਖਰੀ ਰਸਮਾਂ ਕੀਤੀਆਂ। ਇਸ ਤਰ੍ਹਾਂ ਭਾਈ ਗੁਰਦਾਸ ਜੀ ਨੂੰ ਚਾਰ ਗੁਰੂ ਸਾਹਿਬ ਦੇ ਨੇੜ ਦਾ ਨਿੱਘ ਤੇ ਸਿੱਖੀ ਦੀ ਛਾਂ ਮਿਲੀ। ਇਹੀ ਸਿੱਖੀ ਭਾਈ ਸਾਹਿਬ ਦੀਆਂ ਵਾਰਾਂ ਵਿਚ ਵੱਸੀ ਹੋਈ ਹੈ।

ਵਾਰਾਂ ਭਾਈ ਗੁਰਦਾਸ ਜੀ

ਭਾਈ ਗੁਰਦਾਸ ਜੀ ਦੀਆਂ ਰਚਿਤ 40 ਵਾਰਾਂ ਹਨ ਜਿਨ੍ਹਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ’ ਕਿਹਾ। ਇਨ੍ਹਾਂ 40 ਵਾਰਾਂ ਨੂੰ ਚਾਲੀ ਅਧਿਆਇ ਵੀ ਕਿਹਾ ਜਾਂਦਾ ਹੈ ਕਿਉਂਕਿ ਹਰ ਵਾਰ ਗੁਰਮਤਿ ਦਾ ਇਕ ਵੱਖਰਾ ਪ੍ਰਮੁੱਖ ਪੱਖ ਬਿਆਨਦੀ ਹੈ । ਚਾਲੀ ਵਾਰਾਂ ਦੀਆਂ 913 ਪਉੜੀਆਂ ਹਨ ਜੋ 6444 ਸਤਰਾਂ ਵਿਚ ਹਨ। ਹਰ ਪਉੜੀ ਕੋਈ ਨਵੀਂ ਵੰਨਗੀ ਲੈ ਕੇ ਸਿੱਖੀ ਦੀ ਕੋਈ ਨਾ ਕੋਈ ਸਿਫਤ ਸਲਾਹ, ਗੁਣ ਜਾਂ ਮਾਰਗ ਬੜੇ ਹੀ ਸਰਲ ਢੰਗ ਨਾਲ ਬਿਆਨਦੀ ਤੇ ਸਮਝਾਉਂਦੀ ਹੈ ਜਿਵੇਂ ਕਿ ਨਾਮ, ਗੁਰਮੁਖ, ਮਨਮੁਖ, ਹਉਮੈ, ਸੰਗਤ ਆਦਿ। ਇਨ੍ਹਾਂ ਵਾਰਾਂ ਦਾ ਰਚਣ ਸਮਾਂ ਵਾਰਾਂ ਵਿਚਲੀ ਸ਼ਾਹਦੀ ਜਾਂ ਹੋਰ ਕਿਸੇ ਤੱਥ ਤੋਂ ਨਹੀਂ ਮਿਲਦਾ। ਹਾਂ! ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਸੰਬੰਧਿਤ ਪਉੜੀਆਂ ਜੋ 3, 11, 13, 24, 26, 38 ਤੇ 39 ਵੀਂ ਵਾਰ ਵਿਚ ਹਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਪਿੱਛੋਂ ਭਾਵ ਸੰਨ 1606 ਈ. ਤੋਂ ਬਾਅਦ ਦੀਆਂ ਹੋ ਸਕਦੀਆਂ ਹਨ। ਮੀਣਿਆਂ ਉੱਪਰ ਲਿਖੀ 36ਵੀਂ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਕਾਲ 1603-04 ਈ. ਤੋਂ ਪਹਿਲਾਂ ਦੀ ਜਾਪਦੀ ਹੈ।

ਪੰਜਾਬੀ ਸਭਿਆਚਾਰ ਵਿਚ ‘ਵਾਰ’ ਯੁੱਧ ਵਿਚ ਜਾਂ ਕਿਸੇ ਬਹਾਦਰੀ ਦੇ ਕਰਤਬ ਵਿਚ ਕਮਾਲ ਦਾ ਵਰਣਨ ਕਰਨ ਲਈ ਰਚੀ ਜਾਂਦੀ ਸੀ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਵੰਨਗੀ ਨੂੰ ਅਧਿਆਤਮ ਪੱਖ ਬਿਆਨਣ ਲਈ ਬਾਖੂਬੀ ਵਰਤਿਆ ਤਾਂ ਇਹ ਸਿੱਖ ਸਾਹਿਤ ਵਿਚ ਇਸ ਪੱਖ ਲਈ ਵੀ ਵਰਤੀ ਜਾਣ ਲੱਗੀ। ਸਿੱਖ ਅਧਿਆਤਮ ਵਿਚ ਇਹ ਵਾਰਾਂ ਚੰਗੇ ਤੇ ਬੁਰੇ ਦੇ ਪੱਖਾਂ ਦੀ ਲੜਾਈ ਨੂੰ ਬਿਆਨਣ ਲਈ ਵਰਤੀਆਂ ਗਈਆਂ ਜਿਵੇਂ ਕਿ ਗੁਰਮੁਖ ਤੇ ਮਨਮੁਖ, ਪੁੰਨੀ ਤੇ ਪਾਪੀ, ਹੰਕਾਰੀ ਤੇ ਨਿਰਮਾਣ ਆਦਿ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵੀ ਚੰਗੇ ਤੇ ਬੁਰੇ ਵਿਚਕਾਰ ਲੜਾਈ ਬਿਆਨਦੀਆਂ, ਚੰਗਿਆਈ ਦੀ ਜਿੱਤ ਦਰਸਾਉਂਦੀਆਂ ਹਨ।ਇਸ ਤਰੀਕੇ ਨਾਲ ਭਾਈ ਸਾਹਿਬ ਨੇ ਸਿੱਖ ਧਰਮ ਦੇ ਮੂਲ ਸਿਧਾਂਤ ਆਮ ਵਰਤੋਂ ਵਿਚ ਆਏ ਰੂਪਕ ਵਰਤ ਕੇ ਬਹੁਤ ਹੀ ਸਪਸ਼ਟ ਤਰ੍ਹਾਂ ਨਾਲ ਤੇ ਸੁਖੈਨ ਢੰਗ ਨਾਲ ਬਿਆਨ ਦਿੱਤੇ ਹਨ। ਇਸ ਤੋਂ ਬਿਨਾਂ ਇਹ ਵਾਰਾਂ ਸਿੱਖ ਇਤਿਹਾਸ ਦਾ ਮੂਲ ਸੋਮਾ ਵੀ ਮੰਨੀਆਂ ਜਾਂਦੀਆਂ ਹਨ। ਪਹਿਲੇ ਛੇ ਗੁਰੂ ਸਾਹਿਬਾਨ ਬਾਰੇ ਜੋ ਵੀ ਇਨ੍ਹਾਂ ਲਿਖਿਆ ਹੈ ਉਹ ਸਿੱਖ ਇਤਿਹਾਸ ਲਈ ਸਭ ਤੋਂ ਵਡਮੁੱਲਾ ਹੈ।

ਵਾਰਾਂ ਵਿਚ ਕੁਦਰਤ ਦਾ ਵਰਣਨ ਭਾਈ ਗੁਰਦਾਸ ਜੀ ਦੀ ਇਕ ਵਿਸ਼ੇਸ਼ ਵਿਲੱਖਣਤਾ ਹੈ। ਉਨ੍ਹਾਂ ਦਾ ਕੁਦਰਤ ਦਾ ਇਤਨਾ ਗਿਆਨ ਵੇਖ ਕੇ ਹੈਰਾਨ ਰਹਿ ਜਾਈਦਾ ਹੈ। ਇਸ ਗਿਆਨ ਨੂੰ ਸਰਲ ਭਾਸ਼ਾ ਵਿਚ ਗੁਰਮਤਿ ਸਮਝਾਉਣ ਲਈ ਵਰਤ ਕੇ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਮ ਸਿੱਖਾਂ ਵਿਚ ਪਹੁੰਚਾਉਣ ਦਾ ਮਹਾਨ ਕਾਰਜ ਕੀਤਾ। ਉਨ੍ਹਾਂ ਨੇ ਕਾਦਰ ਤੇ ਕੁਦਰਤ ਦਾ ਹਰ ਪੱਖ ਛੋਹਿਆ ਹੈ: ਜਿਸ ਵਿਚ ਕੁਦਰਤ ਕਿਸ ਨੇ, ਕਿਉਂ ਤੇ ਕਿਵੇਂ ਰਚੀ। ਕੁਦਰਤ ਰਚਣ ਦੇ ਹਰੇਕ ਭੇਦ ਨੂੰ ਵੀ ਬਾਖੂਬੀ ਬਿਆਨਿਆ ਹੈ। ਕਿਸ ਤਰ੍ਹਾਂ ਸ਼ਬਦ ਧੁਨ ਤੋਂ ਪੰਜ ਤੱਤ, ਪੰਜ ਤੱਤਾਂ ਤੋਂ ਤਾਰੇ, ਸੂਰਜ, ਗ੍ਰਹਿ (ਧਰਤੀਆਂ) ਤੇ ਉਪਗ੍ਰਹਿ (ਚੰਦ), ਤੇ ਫਿਰ ਸਮੁੰਦਰ, ਦਰਿਆ, ਬਨਸਪਤੀ, ਜੀਵ-ਜੰਤੂ ਤੇ ਮਨੁੱਖ ਹੋਂਦ ਵਿਚ ਆਏ ਤੇ ਕੀ ਉਨ੍ਹਾਂ ਦੇ ਲੱਛਣ ਹਨ। ਬਨਸਪਤੀ ਤੇ ਜੀਵ-ਜੰਤੂਆਂ ਦੇ ਪ੍ਰਕਾਰ ਤੇ ਉਨ੍ਹਾਂ ਦੇ ਲੱਛਣ ਤੇ ਉਨ੍ਹਾਂ ਤੋਂ ਗੁਰਮਤਿ ਸਿਖਿਆ ਦਾ ਇਹ ਵਾਰਾਂ ਅਮੁੱਕ ਖਜ਼ਾਨਾ ਹਨ। ਇਥੇ ਕਾਦਰ-ਕੁਦਰਤ, ਪੰਜ ਤੱਤ, ਬਨਸਪਤੀ, ਜੀਵ- ਜੰਤੂ ਤੇ ਮਨੁੱਖਾਂ ਦਾ ਵਰਣਨ ਵਿਸਥਾਰ ਸਹਿਤ ਕੀਤਾ ਗਿਆ ਹੈ।

ਕੁਦਰਤ ਕੀ ਹੈ?

ਕੁਦਰਤ ਬਹਾਈ ਸ਼ਬਦ ਹੈ ਜਿਸ ਦਾ ਭਾਵ ਹੈ ‘ਸ਼ਕਤੀ’। ਪੰਜਾਬੀ ਵਿਚ ਤੇ ਗੁਰਬਾਣੀ ਵਿਚ ਇਹ ਸ਼ਬਦ ਅਰਬੀ-ਫਾਰਸੀ ਭਾਸ਼ਾਵਾਂ ਰਾਹੀਂ ਆਇਆ ਹੈ ਤੇ ‘ਮਹਾਨ ਕੋਸ਼’ ਵਿਚ ਇਸ ਦੇ ਅਰਥ ਭਾਈ ਕਾਹਨ ਸਿੰਘ ਨਾਭਾ ਨੇ ਵੀ ਇਸੇ ਭਾਵ ਵਿਚ “ਸ਼ਕਤੀ” ਤੇ “ਤਾਕਤ” ਵਜੋਂ ਲਏ ਹਨ। ‘ਕੁਦਰਤਿ ਕਉਣ ਹਮਾਰੀ’ (ਬਸੰਤ ਮ: 1). ਦੂਸਰਾ ਅਰਥ ਮਾਇਆ, ਤੇ ਕਰਤਾਰ ਦੀ ਰਚਨਾ ਸ਼ਕਤਿ ਤੋਂ ਲਿਆ ਹੈ : ਦੁਯੀ ਕੁਦਰਤਿ ਸਾਜੀਐ ਕਰਿ ਆਸਣਿ ਡਿਠੋ ਚਾਉ” (ਵਾਰ ਆਸਾ “ਕੁਦਰਤਿ ਪਾਤਾਲੀ ਆਕਾਸੀ” (ਵਾਰ ਆਸਾ)। ਗੁਰਬਾਣੀ ਵਿਚ ਕੁਦਰਤ ਦੀ ਵਿਆਖਿਆ ਬੜੇ ਸੁੰਦਰ ਸ਼ਬਦਾਂ ਵਿਚ ਦਿਤੀ ਗਈ ਹੈ:

ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ॥
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ॥
ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ॥
ਕੁਦਰਤਿ ਖਾਣਾ ਪੀਣਾ ਪੈਨ੍‍ਣੁ ਕੁਦਰਤਿ ਸਰਬ ਪਿਆਰੁ॥
ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ॥
ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ॥
ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ॥
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ॥
ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ ॥2॥ (ਪੰਨਾ 464)

ਇਸ ਦਾ ਭਾਵ ਜਿਸ ਸ਼ਕਤੀ ਰਾਹੀਂ ਅਸੀਂ ਦੇਖਦੇ ਹਾਂ ਜਾਂ ਜਿਸ ਸ਼ਕਤੀ ਰਾਹੀਂ ਅਸੀਂ ਸੁਣਦੇ ਹਾਂ, ਜਿਸ ਸ਼ਕਤੀ ਦਾ ਅਸੀਂ ਭੈ ਖਾਂਦੇ ਹਾਂ ਜਾਂ ਜੋ ਸ਼ਕਤੀ ਸਾਨੂੰ ਸੁਖ ਦਿੰਦੀ ਹੈ ਉਹੋ ਕੁਦਰਤ ਰੂਪੀ ਪਾਤਾਲੀਂ, ਆਕਾਸ਼ੀਂ ਤੇ ਸਾਰੇ ਆਕਾਰਾਂ ਵਿਚ ਹੈ।ਸਾਰੇ ਵੇਦ ਪੁਰਾਣ ਤੇ ਹੋਰ ਧਾਰਮਿਕ ਕਿਤਾਬਾਂ ਤੇ ਸਾਰੇ ਵਿਚਾਰਾਂ ਦੀ ਕਰਤਾ ਕੁਦਰਤ ਹੀ ਹੈ। ਖਾਣਾ ਪੀਣਾ ਪੈਨ੍‍ਣਾ ਤੇ ਸਾਰਾ ਪਿਆਰ ਵੀ ਕੁਦਰਤ ਹੀ ਹੈ। ਸਾਰੀਆਂ ਜਾਤੀਆਂ ਜਿਨਸਾਂ ਤੇ ਰੰਗ ਤੇ ਇਸ ਜਹਾਨ ਦੇ ਸਾਰੇ ਜੀਅ-ਜੀਅ ਕੁਦਰਤ ਹਨ। ਨੇਕੀਆਂ ਬਦੀਆਂ, ਮਾਨ-ਅਭਿਮਾਨ ਭੀ ਸਭ ਕੁਦਰਤ ਹੀ ਹੈ। ਸਾਰੇ ਤੱਤ ਭਾਵ ਪਉਣ, ਪਾਣੀ ਬੈਸੰਤਰ ਧਰਤੀ, ਮਿੱਟੀ ਸਭ ਕੁਦਰਤ ਹਨ।ਇਸ ਸਾਰੀ ਕੁਦਰਤ ਦਾ ਕਰਤਾ ਪਾਕ ਪਵਿੱਤਰ ਨਾਮ ਵਾਲਾ ਕਾਦਰ ਹੈ ।

ਭਾਈ ਗੁਰਦਾਸ ਜੀ ਨੇ ਕੁਦਰਤ ਦੀ ਵਿਆਖਿਆ ਬੜੇ ਹੀ ਵਿਸਥਾਰ ਨਾਲ ਗੁਰਬਾਣੀ ਵਾਲੇ ਭਾਵ-ਅਰਥਾਂ ਵਿਚ ਹੀ ਕੀਤੀ ਹੈ। ਭਾਈ ਗੁਰਦਾਸ ਜੀ ਅਨੁਸਾਰ ਵੀ ਕਾਦਰ ਨੇ ਜੋ ਵੀ ਆਪਣੀ ਸ਼ਕਤੀ ਨਾਲ ਸਾਜਿਆ ਹੈ ਉਹ ਕੁਦਰਤ ਹੈ। ਸ੍ਰਿਸ਼ਟੀ ਦੀ ਹਰ ਰਚਨਾ ਕੁਦਰਤ ਹੈ। ਸਾਰੇ ਸਿਤਾਰੇ, ਗ੍ਰਹਿ, ਭੂ-ਮੰਡਲ, ਬਨਸਪਤਿ, ਜੀਵ ਸਭ ਕੁਦਰਤ ਹਨ। ਕਾਦਰ ਦੀ ਸਾਰੀ ਮਾਇਆ ਕੁਦਰਤ ਹੈ। ਭਾਈ ਗੁਰਦਾਸ ਜੀ ਨੇ ਸਮੁੱਚੀ ਕੁਦਰਤ ਦਾ ਵਿਸਥਾਰ ਨਾਲ ਵਰਣਨ ਕੀਤਾ ਹੈ।

ਕੁਦਰਤ ਕਿਸ  ਨੇ ਸਾਜੀ?

ਭਾਈ ਗੁਰਦਾਸ ਜੀ ਦੱਸਦੇ ਹਨ ਕਿ ਸਾਰੀ ਕੁਦਰਤ ਕਾਦਰ ਨੇ ਸਾਜੀ ਹੈ:

(ੳ) ਪਾਰਬ੍ਰਹਮੁ ਪੂਰਨ ਬ੍ਰਹਮੁ ਨਿਰੰਕਾਰਿ ਆਕਾਰੁ ਬਣਾਇਆ। (16-18-1)
(ਅ) ਇਕ ਕਵਾਉ ਪਸਾਉ ਕਰਿ ਕੁਦਰਤਿ ਅੰਦਰਿ ਕੀਆ ਪਸਾਰਾ। (8-1-2)
(ੲ) ਇਕੁ ਕਵਾਉ ਪਸਾਉ ਕਰਿ ਓਅੰਕਾਰਿ ਅਕਾਰੁ ਬਣਾਇਆ। (37-1-2)
(ਸ) ਕੁਦਰਤਿ ਇਕੁ ਕਵਾਉ ਥਾਪ ਉਥਾਪਦਾ। (21-18-1)

ਕਾਦਰ

ਕਾਦਰ, ਕਰਤਾਰ ਇੱਕੋ-ਇੱਕ ਹੈ ਜੋ ਸਾਰੀ ਦੁਨੀਆਂ ਦਾ ਕਰਤਾ ਹੈ, ਸਾਰੇ ਆਕਾਰ ਭਾਵ ਸਾਰੀ ਕੁਦਰਤ, ਸਾਰੀ ਸ਼੍ਰਿਸ਼ਟੀ ਉਸੇ ਨੇ ਹੀ ਰਚੀ ਹੈ। ਉਸ ਦਾ ਨਾਮ ਸੱਚਾ ਹੈ, ਕਿਉਂਕਿ ਉਹ ਬਦਲਣਹਾਰ ਨਹੀਂ, ਬਾਕੀ ਸਾਰੀ ਰਚਨਾ ਬਦਲਣਹਾਰ ਹੈ, ਅਸਥਿਰ ਹੈ ਇਸ ਲਈ ਝੂਠੀ ਕਹੀ ਜਾਂਦੀ ਹੈ। ਕਿਉਂਕਿ ਸਾਰੀ ਰਚਨਾ ਉਸੇ ਨੇ ਰਚੀ ਹੈ ਇਸ ਲਈ ਉਸ ਦਾ ਕੋਈ ਸਾਨੀ ਨਹੀਂ, ਉਸ ਦਾ ਵੈਰ ਵੀ ਕਿਸ ਨਾਲ ਹੋ ਸਕਦਾ ਹੈ, ਉਸ ਨੂੰ ਡਰ ਵੀ ਕਿਸ ਦਾ ਹੈ? ਇਸ ਲਈ ਉਹ ਨਿਰਭਉ ਤੇ ਨਿਰਵੈਰ ਕਿਹਾ ਗਿਆ ਹੈ। ਉਹ ਕਾਲ ਤੋਂ ਰਹਿਤ ਹੈ ਤੇ ਇਸ ਲਈ ਆਉਣ-ਜਾਣ ਦੇ ਚੱਕਰੋਂ ਉੱਪਰ, ਜੂਨਾਂ ਤੋਂ ਬਾਹਰਾ ਅਜੂਨੀ ਹੈ। ਉਸ ਦਾ ਨੀਸਾਣ ਸੱਚ ਹੈ, ਜਿਸ ਦੀ ਅਪਾਰ ਜੋਤ ਨੇ ਹਰ ਤਰਫ ਉਜਾਲਾ ਕੀਤਾ ਹੋਇਆ ਹੈ:

ਏਕਾ ਏਕੰਕਾਰੁ ਲਿਖਿ ਦੇਖਾਲਿਆ। (3-15-1)
ਊੜਾ ਓਅੰਕਾਰੁ ਪਾਸਿ ਬਹਾਲਿਆ। (3-15-2)
ਸਤਿ ਨਾਮੁ ਕਰਤਾਰੁ ਨਿਰਭਉ ਭਾਲਿਆ। (3-15-3)
ਨਿਰਵੈਰਹੁ ਜੈਕਾਰੁ ਅਜੂਨਿ ਅਕਾਲਿਆ। (3-15-4)
ਸਚੁ ਨੀਸਾਣੁ ਅਪਾਰੁ ਜੋਤਿ ਉਜਾਲਿਆ। (3-15-5)
ਪੰਜ ਅਖਰ ਉਪਕਾਰ ਨਾਮੁ ਸਮਾਲਿਆ। (3-15-6)
ਪਰਮੇਸੁਰ ਸੁਖੁ ਸਾਰੁ ਨਦਰਿ ਨਿਹਾਲਿਆ। (3-15-7)
ਨਉ ਅੰਗਿ ਸੁੰਨ ਸੁਮਾਰੁ ਸੰਗਿ ਨਿਰਾਲਿਆ। (3-15-8)

ਉਹ ਸੱਚਾ ਪਰਮਾਤਮਾ ਹੀ ਪੂਰਾ ਹੈ ਜਿਸ ਦੀ ਪੂਰਨਤਾ ਦਾ ਕਿੱਸਾ ਬਿਆਨ ਤੋਂ ਬਾਹਰ ਹੈ। ਜਿਵੇਂ ਉਸ ਨੂੰ ਭਾਉਂਦਾ ਹੈ ਉਹ ਥਾਪਦਾ ਤੇ ਮਿਟਾਉਂਦਾ ਹੈ। ਉਸ ਦਾ ਆਪਣਾ ਤਾਂ ਕੋਈ ਆਕਾਰ ਨਹੀਂ ਪਰ ਸਾਰੇ ਆਕਾਰ ਉਸੇ ਦੇ ਬਣਾਏ ਹੋਏ ਹਨ:

(ੳ) ਪੂਰਾ ਸਤਿਗੁਰੁ ਆਪਿ ਨ ਅਲਖੁ ਲਖਾਵਈ। (3-7-1)
ਦੇਖੈ ਥਾਪਿ ਉਥਾਪਿ ਜਿਉ ਤਿਸੁ ਭਾਵਈ। (3-7-2)

(ਅ) ਪਾਰਬ੍ਰਹਮ ਪੂਰਨ ਬ੍ਰਹਮ ਨਿਰੰਕਾਰ ਆਕਾਰ ਬਨਾਯਾ॥ (16-18-1)

ਕਾਦਰ ਨੇ ਕੁਦਰਤ ਕਦੋਂ ਸਾਜੀ?

ਕਾਦਰ ਨੇ ਕੁਦਰਤ ਕਦੋਂ ਸਾਜੀ? ਇਸ ਦੀ ਤਿਥ ਜਾਂ ਵਾਰ ਦਾ ਕਿਸੇ ਨੂੰ ਨਹੀਂ ਪਤਾ। ਕਿਸੇ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਉਹ ਖੁਦ ਕਦੋਂ ਦ੍ਰਿਸ਼ਟਮਾਨ ਹੋਇਆ ਤੇ ਉਸ ਨੇ ਆਪਣਾ ਨਾਮ ਕੀ ਰਖਾਇਆ। ਉਹ ਤਾਂ ਆਪਣੇ ਹੁਕਮ ਅਨੁਸਾਰ ਹੀ ਕੁਦਰਤ ਰਚਦਾ ਆਇਆ ਹੈ। ਉਸ ਦਾ ਆਦਿ ਜਾਂ ਅੰਤ ਵੀ ਕਿਸੇ ਨੂੰ ਪਤਾ ਨਹੀਂ ਕਿਉਂਕਿ ਉਹ ਤਾਂ ਸਭ ਗਿਣਤੀਆਂ-ਮਿਣਤੀਆਂ ਤੋਂ ਪਰ੍ਹੇ ਹੈ। ਉਸ ਨੇ ਤਾਂ ਸਾਰੀ ਕੁਦਰਤ ਸਾਜ ਦਿੱਤੀ ਤੇ ਫਿਰ ਇਸ ਕੁਦਰਤ ਵਿਚ ਆਪ ਵੀ ਸਮਾ ਗਿਆ:

ਓਅੰਕਾਰਿ ਆਕਾਰੁ ਕਰਿ ਥਿਤਿ ਨ ਵਾਰ ਨ ਮਾਹੁ ਜਣਾਇਆ॥ (18-7-1)
ਨਿਰੰਕਾਰੁ ਆਕਾਰੁ ਵਿਣੁ ਏਕੰਕਾਰ ਨ ਅਲਖੁ ਲਖਾਇਆ॥ (18-7-2)
ਆਪੇ ਆਪਿ ਉਪਾਇ ਕੈ ਆਪੇ ਅਪਣਾ ਨਾਉ ਧਰਾਇਆ॥ (18-7-3)
ਆਦਿ ਪੁਰਖੁ ਆਦੇਸੁ ਹੈ ਹੈ ਭੀ ਹੋਸੀ ਹੋਂਦਾ ਆਇਆ॥ (18-7-4)
ਆਦਿ ਨ ਅੰਤ ਬਿਅੰਤ ਹੈ ਆਪੇ ਆਪਿ ਨ ਆਪੁ ਗਣਾਇਆ॥ (18-7-5)
ਆਪੇ ਆਪੁ ਉਪਾਇ ਸਮਾਇਆ॥7॥ (18-7-6)

ਕੁਦਰਤ ਰਚਨਾ ਤੋਂ ਪਹਿਲਾਂ ਕਾਦਰ ਕੀ ਕਰ ਰਿਹਾ ਸੀ ਤੇ ਕਿਸ ਹਾਲਤ ਵਿਚ ਸੀ?

ਕੁਦਰਤ ਰਚਨਾ ਤੋਂ ਪਹਿਲਾਂ ਕਾਦਰ ਕਈ ਯੁੱਗਾਂ ਤੀਕ ਧੁੰਧੂਕਾਰ (ਡਾਰਕ ਐਨਰਜੀ ਦੀ ਸ਼ਕਲ ਵਿਚ) ਵਿਚ ਸੀ।

ਕੇਤੜਿਆਂ ਜੁਗ ਵਰਤਿਆ ਅਗਮ ਅਗੋਚਰੁ ਧੁੰਧੂਕਾਰਾ। (29-19-3)

ਉਹ ਨਿਰੰਕਾਰ ਸੀ । ਉਸ ਦਾ ਨਾ ਕੋਈ ਰੂਪ ਸੀ, ਨਾ ਕੋਈ ਰੰਗ ਸੀ, ਨਾ ਕੋਈ ਵੰਨ।

ਅਲਖ ਨਿਰੰਜਨੁ ਆਖੀਐ ਰੂਪ ਨ ਰੇਖ ਅਲੇਖ ਅਪਾਰਾ। (29-18-1)

ਨਿਰੰਕਾਰ ਤੋਂ ਆਕਾਰ ਤੇ ਨਿਰਗੁਣ ਤੋਂ ਸਰਗੁਣ

ਪਰਮਾਤਮਾ ਜੋ ਪਹਿਲਾਂ ਨਿਰੰਕਾਰ ਸੀ ਆਕਾਰ ਵਿਚ ਆਇਆ:

ਨਿਰੰਕਾਰੁ ਅਕਾਰੁ ਕਰਿ ਏਕੰਕਾਰੁ ਅਪਾਰ ਸਦਾਇਆ। (39-2-1)

ਉਹ ਨਿਰਗੁਣ ਤੋਂ ਸਰਗੁਣ ਹੋ ਗਿਆ:

ਪਾਰਬ੍ਰਹਮੁ ਪੂਰਨ ਬ੍ਰਹਮੁ ਨਿਰਗੁਣ ਸਰਗੁਣ ਅਲਖੁ ਲਖਾਇਆ। (25-1-4)

ਉਹ ਨਿਰੰਕਾਰ ਤੋਂ ਆਕਾਰ ਤੇ ਨਿਰਗੁਣ ਤੋਂ ਸਰਗੁਣ ਕੁਦਰਤ ਦੇ ਰੂਪ ਵਿਚ ਹੋਇਆ:

ਕਾਦਰੁ ਕਿਨੇ ਨ ਲਖਿਆ ਕੁਦਰਤਿ ਸਾਜਿ ਕੀਆ ਅਵਤਾਰਾ। (1-4-3)

ਉਸ ਨੇ ਆਪਣੇ ਇਕ ਆਪੇ ਤੋਂ ਲੱਖਾਂ, ਅਸੰਖਾਂ ਤਾਂ ਕੀ ਬੇਅੰਤ ਅਪਾਰ ਆਕਾਰ ਬਣਾਏ ਹਨ ਜਿਨ੍ਹਾਂ ਨੂੰ ਅਜੇ ਤਕ ਕਿਸੇ ਨੇ ਨਹੀਂ ਜਾਣਿਆ:

(ੳ) ਇਕ ਦੂ ਕੁਦਰਤਿ ਲਖ ਕਰਿ ਲਖ ਬਿਅੰਤ ਅਸੰਖ ਅਪਾਰਾ। (1-4-4)
(ਅ) ਲਖ ਅਗਾਸ ਨ ਅਪੜਨਿ ਕੁਦਰਤਿ ਕਾਦਰੁ ਨੋ ਕੁਰਬਾਣੈ। (7-18-5)

ਆਪਣੀ ਸ਼ਕਤੀ ਨੂੰ ਵਰਤ ਕੇ ਚੰਦ ਸੂਰਜ, ਦਿਨ ਰਾਤ ਸਭ ਬਣਾ ਦਿੱਤੇ:

ਸਿਵ ਸਕਤੀ ਨੋ ਸਾਧਿ ਕੈ ਚੰਦੁ ਸੂਰਜੁ ਦਿਹੁ ਰਾਤਿ ਸਧਾਏ। (7-2-1)

ਕਾਦਰ ਨੇ ਕੁਦਰਤ ਰਚਨਾ ਕਿਉਂ ਕੀਤੀ?

ਕੁਦਰਤ ਕਾਦਰ ਦਾ ਵੱਡਾ ਚੋਜ ਹੈ ਜੋ ਸਾਰੇ ਵਿਸ਼ਵ ਨੂੰ ਹੈਰਾਨ ਕਰਨ ਵਾਲਾ ਹੈ

ਕੁਦਰਤਿ ਅਗਮੁ ਅਥਾਹੁ ਚੋਜ ਵਿਡਾਣੀਐ। (21-1-5)
ਦੀਨ ਦੁਨੀ ਹੈਰਾਣੁ ਚੋਜ ਵਿਡਾਣਿਆ। (21-4-5)

ਕਾਦਰ ਕੁਦਰਤ ਨੂੰ ਰਚ ਕੇ ਮਾਣ ਰਿਹਾ ਹੈ:

ਕਾਦਰ ਨੋ ਕੁਰਬਾਣੁ ਕੁਦਰਤਿ ਮਾਣਿਆ। (21-4-6)

ਕਾਦਰ ਨੇ ਸੱਚਾ ਹੁਕਮ ਤੇ ਸੱਚੇ ਲੇਖ ਘੜਨ ਲਈ ਇਹ ਕਾਰਨ ਕਰ ਖੇਡ ਰਚਾਇਆ ਹੈ। ਉਹ ਕਰਤਾ ਵੀ ਆਪ ਹੈ ਤੇ ਕਾਰਨ ਵੀ। ਇਹ ਖੇਡ ਉਸ ਨੇ ਕਿਉਂ ਰਚੀ? ਇਹ ਉਸ ਦੀ ਆਪਣੀ ਮਰਜ਼ੀ ਸੀ। ਉਸ ਨੇ ਹੋਰ ਕੁਝ ਕਿਉਂ ਨਹੀਂ ਕੀਤਾ? ਕਿਉਂਕਿ ਉਸ ਨੂੰ ਇਹੋ ਭਾਉਂਦਾ ਸੀ:

ਸਚੁ ਹੁਕਮੁ ਸਚੁ ਲੇਖੁ ਹੈ ਸਚੁ ਕਾਰਣੁ ਕਰਿ ਖੇਲੁ ਰਚਾਇਆ। (26-10-1)
ਕਾਰਣੁ ਕਰਤੇ ਵਸਿ ਹੈ ਵਿਰਲੈ ਦਾ ਓਹੁ ਕਰੈ ਕਰਾਇਆ। (26-10-2)
ਸੋ ਕਿਹੁ ਹੋਰੁ ਨ ਮੰਗਈ ਖਸਮੈ ਦਾ ਭਾਣਾ ਤਿਸੁ ਭਾਇਆ। (26-10-3)

ਕਾਦਰ ਨੇ ਕੁਦਰਤ ਦੀ ਰਚਨਾ ਕਿਵੇਂ ਕੀਤੀ?

ਕਾਦਰ ਨੇ ਸ਼੍ਰਿਸ਼ਟੀ ਰਚਨਾ ਧੁਨੀ ਦੇ ਫੈਲਾਅ ਨਾਲ ਕੀਤੀ। ਸਾਰੇ ਆਕਾਰ, ਸਾਰੀ ਪ੍ਰਕਿਰਤੀ, ਇਕ ਨਾਦ, ਧੁਨੀ ਜਾਂ ਸ਼ਬਦ ਦੇ ਫੈਲਾਅ ਨਾਲ ਹੀ ਬਣੇ:

(ੳ) ਨਿਰੰਕਾਰੁ ਆਕਾਰੁ ਹੋਇ ਏਕੰਕਾਰੁ ਅਪਾਰੁ ਸਦਾਇਆ। (26-2-2)
ਏਕੰਕਾਰਹੁ ਸਬਦ ਧੁਨਿ ਓਅੰਕਾਰਿ ਅਕਾਰੁ ਬਣਾਇਆ। (26-2-3)

(ਅ) ਕੁਦਰਤਿ ਇਕੁ ਕਵਾਉ ਥਾਪ ਉਥਾਪਦਾ। (21-18-1)

ਕੁਦਰਤ ਰਚਨਾ ਦਾ ਮੂਲ ਕੀ ਸੀ?

ਸਾਰੀ ਪ੍ਰਕਿਰਤੀ ਪਰਮਾਤਮਾ ਦੀ ਕਾਦਰ ਦੀ ਸ਼ਕਤੀ ਦਾ ਹੀ ਖੇਲ ਹੈ:

ਸਿਵ ਸਕਤੀ ਦਾ ਖੇਲੁ ਮੇਲਿ ਪਰਕਿਰਤਿ ਪਸਾਰਾ। (2-19-4)

ਪਰਮਾਤਮਾ ਨੇ ਨਾਦ ਰਾਹੀਂ ਆਕਾਰ ਬਣਾਏ ਜਿਨ੍ਹਾਂ ਵਿਚ ਤਿੰਨ ਗੁਣ ਰਾਜਸ, ਤਾਮਸ ਤੇ ਸਤੋ ਭਰੇ ਤੇ ਪੰਜਾਂ ਤੱਤਾਂ ਪੌਣ, ਅਗਨ, ਜਲ, ਆਕਾਸ਼ ਤੇ ਧਰਤੀ ਦੇ ਫੈਲਾਅ ਰਾਹੀਂ ਸ਼੍ਰਿਸ਼ਟੀ ਦਾ ਵਾਧਾ ਕੀਤਾ:

ਓਅੰਕਾਰ ਅਕਾਰੁ ਕਰਿ ਤ੍ਰੈ ਗੁਣ ਪੰਜ ਤਤ ਉਪਜਾਇਆ। (39-13-1)
ਪੰਜ ਤਤ ਪਰਵਾਣੁ ਕਰਿ ਪੰਜ ਮਿਤ੍ਰ ਪੰਜ ਸਤ੍ਰੁ ਮਿਲਾਇਆ। (39-2-3)

ਮਾਇਆ:

ਸਾਰੀ ਰਚਨਾ ਕਾਦਰ ਦੀ ਮਾਇਆ ਹੈ । ਅੰਬਰ, ਧਰਤੀਆਂ, ਪਾਤਾਲ, ਸੂਰਜ, ਚੰਦ, ਸਿਤਾਰੇ, ਜਲ, ਥਲ, ਬੱਦਲ, ਸਾਰੇ ਰਚਣਹਾਰੇ ਬ੍ਰਹਮਾ ਬਿਸ਼ਨ ਮਹੇਸ਼ ਤੇ ਦਸ ਅਵਤਾਰ, ਪਰਮਾਤਮਾ ਨੂੰ ਧਿਆਉਣ ਵਾਲੇ ਤਪ ਕਰਨ ਵਾਲੇ, ਧਰਮ ਚਲਾਉਣ ਵਾਲੇ ਸਾਰੀ ਕਾਦਰ ਦੀ ਖੇਡ ਹੈ । ਹਉਮੈ ਦੀ ਮਾਰੀ ਦੁਨੀਆਂ ਕਾਮ, ਕ੍ਰੋਧ, ਲੋਭ, ਮੋਹ ਵਿਚ ਗ੍ਰਸੀ ਇਕ ਦੂਜੇ ਦੇ ਵਿਰੋਧ ਵਿਚ ਧ੍ਰੋਹ ਕਮਾਉਂਦੀ ਤੇ ਆਪਸੀ ਲੜਾਈਆਂ ਵਿਚ ਉਲਝਦੀ ਹੈ। ਇਹ ਸਭ ਕਿਉਂ ਹੋ ਰਿਹਾ ਹੈ ਇਸ ਦਾ ਕਾਰਨ ਕਰਤਾ ਹੀ ਜਾਣਦਾ ਹੈ ਹੋਰ ਕੋਈ ਨਹੀਂ:

ਓਅੰਕਾਰਿ ਅਕਾਰੁ ਕਰਿ ਮਖੀ ਇਕ ਉਪਾਈ ਮਾਇਆ। (18-11-1)
ਤਿਨਿ ਲੋਅ ਚਉਦਹ ਭਵਨੁ ਜਲ ਥਲੁ ਮਹੀਅਲੁ ਛਲੁ ਕਰਿ ਛਾਇਆ। (18-11-2)
ਬ੍ਰਹਮਾ ਬਿਸਨ ਮਹੇਸੁ ਤ੍ਰੈ ਦਸ ਅਵਤਾਰ ਬਜਾਰਿ ਨਚਾਇਆ। (18-11-3)
ਜਤੀ ਸਤੀ ਸੰਤੋਖੀਆ ਸਿਧ ਨਾਥ ਬਹੁ ਪੰਥ ਭਵਾਇਆ। (18-11-4)
ਕਾਮ ਕਰੋਧ ਵਿਰੋਧ ਵਿਚਿ ਲੋਭ ਮੋਹੁ ਕਰਿ ਧ੍ਰੋਹੁ ਲੜਾਇਆ। (18-11-5)
ਹਉਮੈ ਅੰਦਰਿ ਸਭੁ ਕੋ ਸੇਰਹੁ ਘਟਿ ਨ ਕਿਨੈ ਅਖਾਇਆ। (18-11-6)
ਕਾਰਣੁ ਕਰਤੇ ਆਪੁ ਲੁਕਾਇਆ॥11॥ (18-11-7)

ਕੁਦਰਤ ਦੇ ਲੱਛਣ ਕੀ ਹਨ?

ਕੁਦਰਤ ਦੇ ਸਾਰੇ ਲੱਛਣਾਂ ਦਾ ਗਿਆਨ ਵੀ ਕਿਸੇ ਦੇ ਵੱਸ ਦਾ ਨਹੀਂ। ਪਰ ਜਿਤਨੇ ਲੱਛਣ ਪ੍ਰਗਟਾਏ ਜਾ ਸਕਦੇ ਹਨ ਉਨ੍ਹਾਂ ਵਿੱਚੋਂ ਕੁਝ ਹੇਠਾਂ ਬਿਆਨੇ ਹਨ:

1. ਕੁਦਰਤ ਕਾਦਰ ਦੀ ਰਚੀ ਹੈ:

ਪਾਰਬ੍ਰਹਮੁ ਪੂਰਨ ਬ੍ਰਹਮੁ ਨਿਰੰਕਾਰਿ ਆਕਾਰੁ ਬਣਾਇਆ। (16-18-1)

2. ਨਾਦ ਤੋਂ ਕੁਦਰਤ ਨੂੰ ਅਨੇਕਾਂ ਤਰੀਕਿਆਂ ਨਾਲ ਰਚਿਆ ਗਿਆ ਹੈ:

ਇਕ ਕਵਾਉ ਪਸਾਉ ਕਰਿ ਓਅੰਕਾਰ ਅਨੇਕ ਅਕਾਰਾ। (18-1-2)

3. ਕੁਦਰਤ ਦੇ ਹਰ ਰੋਮ ਵਿਚ, ਹਰ ਸਾਹ ਵਿਚ ਪਰਮਾਤਮਾ ਆਪ ਵੱਸਦਾ ਹੈ:

ਰੋਮਿ ਰੋਮਿ ਵਿਚਿ ਰਖਿਓਨਿ ਕਰਿ ਬ੍ਰਹਮੰਡਿ ਕਰੋੜਿ ਸੁਮਾਰਾ। (1-4-5)

4. ਕੁਦਰਤ ਨਿਰਗੁਣ ਦਾ ਸਰਗੁਣ ਰੂਪ ਹੈ:

(ੳ) ਨਿਰੰਕਾਰ ਆਕਾਰੁ ਕਰਿ ਏਕੰਕਾਰੁ ਅਕਾਰੁ ਪਛੋਆ। (39-4-2)
(ਅ) ਪਾਰਬਹਮੁ ਪੂਰਨ ਬ੍ਰਹਮੁ ਨਿਰਗੁਣ ਸਰਗੁਣ ਅਲਖੁ ਲਖਾਇਆ। (25-1-4)

5. ਕਰਤਾ ਸੂਖਮ ਹੈ ਤੇ ਕੁਦਰਤ ਇਸ ਦਾ ਸਥੂਲ ਰੂਪ। ਸੂਖਮ ਤੋਂ ਸਥੂਲ ਹੋ ਕੇ ਵਧਦੀ ਜਾਂਦੀ ਹੈ:

6.  ਕੁਦਰਤ ਪੰਜ ਤੱਤਾਂ ਤੋਂ ਬਣੀ ਹੈ

ਪਉਣ ਪਾਣੀ ਬੈਸੰਤਰੋ ਚਉਥੀ ਧਰਤੀ ਸੰਗਿ ਮਿਲਾਈ। (1-2-3)
ਪੰਚਮਿ ਵਿਚਿ ਆਕਾਸੁ ਕਰਿ ਕਰਤਾ ਛਟਮੁ ਅਦਿਸਟੁ ਸਮਾਈ। (1-2-4)

7. ਪਉਣ, ਅੱਗ ਤੇ ਜਲ ਵਿਚ ਵਿਰੋਧਾਭਾਸ ਵਿਚ ਵੀ ਇਕਸੁਰਤਾ ਹੈ:

ਅਗਿ ਤਤੀ ਜਲੁ ਸੀਅਲਾ ਸਿਰੁ ਉਚਾ ਨੀਵਾਂ ਦਿਖਲਾਵੈ। (5-19-5)
ਅਗਿ ਤਤੀ ਜਲੁ ਸੀਅਰਾ ਕਿਤੁ ਅਵਗਣਿ ਕਿਤੁ ਗੁਣ ਵੀਚਾਰਾ। (4-5-1)
ਅਗੀ ਧੂਆ ਧਉਲਹਰੁ ਨਿਰਮਲ ਗੁਰ ਗਿਆਨ ਸੁਚਾਰਾ। (4-5-2)
ਕੁਲ ਦੀਪਕੁ ਬੈਸੰਤਰਹੁ ਜਲ ਕੁਲ ਕਵਲ ਵਡੇ ਪਰਵਾਰਾ। (4-5-3)
ਦੀਪਕ ਹੇਤੁ ਪਤੰਗ ਦਾ ਕਵਲ ਭਵਰ ਪਰਗਟੁ ਪਹਾਰਾ। (4-5-4)
ਅਗੀ ਲਾਟ ਉਚਾਟ ਹੈ ਸਿਰੁ ਉਚਾ ਕਰਿ ਕਰੈ ਕੁਚਾਰਾ। (4-5-5)
ਸਿਰੁ ਨੀਵਾ ਨਿਵਾਣਿ ਵਾਸੁ ਪਾਣੀ ਅੰਦਰਿ ਪਰਉਪਕਾਰਾ। (4-5-6)
ਨਿਵ ਚਲੈ ਸੋ ਗੁਰੂ ਪਿਆਰਾ ॥5॥ (4-5-7)

ਕੁਦਰਤ ਆਪੇ ਤੋਂ ਹੀ ਵਧਦੀ-ਫੁਲਦੀ ਹੈ:

ਇਕਿ ਦੂ ਕੁਦਰਤਿ ਲਖ ਕਰਿ ਲਖ ਬਿਅੰਤ ਅਸੰਖ ਅਪਾਰਾ। (1-4-4)

8. ਕੁਦਰਤ ਦਾ ਪਸਾਰਾ

(ੳ) ਕੁਦਰਤ ਦਾ ਪਸਾਰਾ ਇਤਨਾ ਹੈ ਕਿ ਇਸ ਨੂੰ ਅਜੇ ਤਕ ਕੋਈ ਵੀ ਸਮਝ ਨਹੀਂ ਸਕਿਆ:

ਕੁਦਰਤਿ ਅਗਮ ਅਪਾਰੁ ਅੰਤੁ ਨ ਪਾਇਆ। (19-1-6)
ਕੁਦਰਤਿ ਅਗਮੁ ਅਥਾਹੁ ਅੰਤੁ ਨ ਪਾਈਐ। (21-19-1)
ਕਾਦਰੁ ਬੇਪਰਵਾਹੁ ਕਿਨ ਪਰਚਾਈਐ। (21-19-2)
ਕੇਵਡੁ ਹੈ ਦਰਗਾਹ ਆਖਿ ਸੁਣਾਈਐ। (21-19-3)
ਕੋਇ ਨ ਦਸੈ ਰਾਹੁ ਕਿਤੁ ਬਿਧਿ ਜਾਈਐ। (21-19-4)
ਕੇਵਡੁ ਸਿਫਤਿ ਸਲਾਹ ਕਿਉ ਕਰਿ ਧਿਆਈਐ। (21-19-5)
ਅਬਿਗਤਿ ਗਤਿ ਅਸਗਾਹੁ ਨ ਅਲਖੁ ਲਖਾਈਐ॥19॥ (21-19-6)

(ਅ) ਉਸ ਨੂੰ ਕਿਤਨਾ ਵੀ ਵਡਾ ਆਖਿਆ ਜਾਏ ਉਹ ਉਸ ਤੋਂ ਵੀ ਵੱਡਾ ਹੈ

(1) ਕੇਵਡੁ ਵਡਾ ਆਖੀਐ ਵਡੇ ਦੀ ਵਡੀ ਵਡਿਆਈ। (18-2-1)
(2)  ਵਡੀ ਹੂੰ ਵਡਾ ਵਖਾਣੀਐ ਸੁਣਿ ਸੁਣਿ ਆਖਣੁ ਆਖ ਸੁਣਾਈ। (18-2-2)

(ੲ) ਕਾਦਰ ਦੀ ਵਡਿਆਈ ਕਹਿਣੋਂ ਬਾਹਰੀ ਹੈ, ਲਫਜ਼ੋਂ ਪਰ੍ਹੇ ਹੈ:

ਸਤਿਗੁਰੁ ਵਡਾ ਆਖੀਐ ਵਡੇ ਦੀ ਵਡੀ ਵਡਿਆਈ। (26-5-1)
ਓਅੰਕਾਰਿ ਅਕਾਰੁ ਕਰਿ ਲਖ ਦਰੀਆਉ ਨ ਕੀਮਤਿ ਪਾਈ। (26-5-2)
ਇਕ ਵਰਭੰਡੁ ਅਖੰਡੁ ਹੈ ਜੀਅ ਜੰਤ ਕਰਿ ਰਿਜਕੁ ਦਿਵਾਈ। (26-5-3)
ਲੂੰਅ ਲੂੰਅ ਵਿਚਿ ਰਖਿਓਨੁ ਕਰਿ ਵਰਭੰਡ ਕਰੋੜਿ ਸਮਾਈ। (26-5-4)
ਕੇਵਡੁ ਵਡਾ ਆਖੀਐ ਕਵਣ ਥਾਉ ਕਿਸੁ ਪੁਛਾਂ ਜਾਈ। (26-5-5)
ਅਪੜਿ ਕੋਇ ਨ ਹੰਘਈ ਸੁਣਿ ਸੁਣਿ ਆਖਣ ਆਖਿ ਸੁਣਾਈ। (26-5-6)
ਸਤਿਗੁਰੁ ਮੂਰਤਿ ਪਰਗਟੀ ਆਈ ॥5॥ (26-5-7)

(ਸ) ਅਸਮਾਨ ਕਿਤਨੇ ਵੀ ਉਚੇ ਹੋ ਜਾਣ ਉਸ ਦੀ ਉਚਾਈ ਨੂੰ ਪਹੁੰਚ ਨਹੀਂ ਸਕਦੇ, ਪਾਤਾਲ ਕਿਤਨੇ ਵੀ ਡੂੰਘੇ ਤੋਂ ਡੂੰਘੇ ਹੋਣ ਉਸ ਦੀ ਡੂੰਘਾਈ ਨੂੰ ਨਹੀਂ ਨਾਪ ਸਕਦੇ। ਉਸ ਦਾ ਫੈਲਾਅ ਚਾਰੇ ਦਿਸ਼ਾਵਾਂ ਵਿਚ ਇਤਨਾ ਹੈ ਕਿ ਪਹੁੰਚਿਆ ਨਹੀਂ ਜਾ ਸਕਦਾ। ਓਸ ਦਾ ਓੜਕ ਭਾਲਣਾ ਅਸੰਭਵ ਹੈ:

ਲਖ ਅਸਮਾਨ ਉਚਾਣਿ ਚੜਿ ਉਚਾ ਹੋਇ ਨ ਅੰਬੜਿ ਸਕੈ। (18-6-1)
ਉਚੀ ਹੂੰ ਉਚਾ ਘਣਾ ਥਾਉ ਗਿਰਾਉ ਨ ਨਾਉ ਅਥਕੈ। (18-6-2)
ਲਖ ਪਾਤਾਲ ਨੀਵਾਣਿ ਜਾਇ ਨੀਵਾ ਹੋਇ ਨ ਨੀਵੈ ਤਕੈ। (18-6-3)
ਪੂਰਬਿ ਪਛਮਿ ਉਤਰਾਧਿ ਦਖਣਿ ਫੇਰਿ ਚਉਫੇਰਿ ਨ ਢਕੈ। (18-6-4)
ਓੜਕ ਮੂਲੁ ਨ ਲਭਈ ਓਪਤਿ ਪਰਲਉ ਅਖਿ ਫਰਕੈ। (18-6-5)
ਫੁਲਾਂ ਅੰਦਰਿ ਵਾਸੁ ਮਹਕੈ॥6॥ (18-6-6)

(ਹ) ਕੁਦਰਤ ਕਿਸੇ ਤੋਲ ਤੋਂ ਪਰ੍ਹੇ ਹੈ:

ਤੋਲਿ ਅਤੋਲੁ ਨ ਤੋਲੀਐ ਤੁਲਿ ਨ ਤੁਲਾਧਾਰਿ ਤੋਲਾਇਆ। (16-11-2)

(ਕ) ਕੁਦਰਤ ਦਾ ਵਰਣਨ ਅੱਖਰਾਂ ਵਿਚ ਕਰਨਾ ਅਸੰਭਵ ਹੈ:

ਲੇਖ ਅਲੇਖੁ ਨ ਲਿਖੀਐ ਅੰਗੁ ਨ ਅਖਰੁ ਲੇਖ ਲਿਖਾਇਆ। (16-11-3)

(ਖ) ਕੁਦਰਤ ਅਨਮੋਲ ਹੈ, ਉਸ ਦਾ ਕੋਈ ਮੁੱਲ ਵੀ ਨਹੀਂ ਲਾਇਆ ਜਾ ਸਕਦਾ:

ਮੁਲਿ ਅਮੁਲੁ ਨ ਮੋਲੀਐ ਲਖੁ ਪਦਾਰਥ ਲਵੈ ਨ ਲਾਇਆ। (16-11-4)

(ਗ) ਕੁਦਰਤ ਬਾਰੇ ਅਜੇ ਤਕ ਕੋਈ ਵੀ ਪੂਰੀ ਤਰ੍ਹਾਂ ਨਹੀਂ ਜਾਣ ਸਕਿਆ ਜੋ ਕੋਈ ਕੁਦਰਤ ਦਾ ਵਰਣਨ ਕਰਦਾ ਹੈ ਸੁਣਿਆ-ਸੁਣਾਇਆ ਹੀ ਵਰਣਨ ਕਰਦਾ ਹੈ:

ਬੋਲਿ ਅਬੋਲੁ ਨ ਬੋਲੀਐ ਸੁਣਿ ਸੁਣਿ ਆਖਣੁ ਆਖਿ ਸੁਣਾਇਆ। (16-11-5)

(ਘ) ਕਿਉਂਕਿ ਕੁਦਰਤ ਤਾਂ ਅਥਾਹ ਹੈ ਉਸ ਦਾ ਕੋਈ ਪਾਰਾਵਾਰ ਨਹੀਂ ਪਾਇਆ ਜਾ ਸਕਦਾ:

ਅਗਮੁ ਅਥਾਹੁ ਅਗਾਧਿ ਬੋਧ ਅੰਤੁ ਨ ਪਾਰਾਵਾਰੁ ਨ ਪਾਇਆ। (16-11-6)

(ਚ) ਕਾਦਰ ਕੁਦਰਤ ਦੇ ਰੋਮ-ਰੋਮ ਵਿਚ ਰਚਿਆ ਹੋਇਆ ਹੈ:

ਰੋਮ ਰੋਮ ਵਿਚਿ ਰਖਿਓਨੁ ਕਰਿ ਵਰਭੰਡ ਕਰੋੜਿ ਸਮਾਈ। (18-2-3)

ਕੁਦਰਤ ਦਾ ਵਧਾਰਾ ਕੁਦਰਤ ਵਿਚ ਹੀ ਹੈ। ਇਸ ਦਾ ਬੀਜ ਇਸ ਦੇ ਅੰਦਰ ਹੀ ਹੈ:

ਬੀਉ ਬੀਜਿ ਅਤਿ ਸੂਖਮੋ ਤਿਦੂੰ ਹੋਇ ਵਡ ਬਿਰਖ ਬਿਥਾਰਾ। (6-4-6)
ਫਲ ਵਿਚਿ ਬੀਉ ਸਮਾਇ ਕੈ ਇਕ ਦੂੰ ਬੀਅਹੁ ਲਖ ਹਜਾਰਾ। (6-4-7)
ਪਉਣੁ ਪਾਣੀ ਬੈਸੰਤਰੋ ਧਰਤਿ ਅਗਾਸਿ ਨਿਵਾਸੁ ਵਿਥਾਰਾ। (18-1-2)
ਜਲ ਥਲ ਤਰਵਰ ਪਰਬਤਾਂ ਜੀਅ ਜੰਤ ਅਗਣਤ ਅਪਾਰਾ। (18-1-3)
ਇਕੁ ਵਰਭੰਡੁ ਅਖੰਡੁ ਹੈ ਲਖ ਵਰਭੰਡ ਪਲਕ ਪਰਕਾਰਾ। (18-1-4)
ਕੁਦਰਤਿ ਕੀਮ ਨ ਜਾਣੀਐ ਕੇਵਡੁ ਕਾਦਰੁ ਸਿਰਜਣਹਾਰਾ। (18-1-5)
ਅੰਤੁ ਬਿਅੰਤੁ ਨ ਪਾਰਾਵਾਰਾ॥ (18-1-6)

9. ਸਾਰਾ ਪਸਾਰਾ ਪਉਣ, ਪਾਣੀ, ਬੈਸੰਤਰ, ਧਰਤੀ, ਅਕਾਸ਼, ਸੂਰਜ, ਚੰਦ ਸਾਰੇ ਉਸ ਕਾਦਰ ਦੇ ਹੁਕਮ ਵਿਚ ਹਨ ਅਤੇ ਉਸ ਦਾ ਭੈ ਮਨ ਵਿਚ ਰੱਖ ਕੇ ਉਸ ਦੀ ਮਰਜ਼ੀ ਅਨੁਸਾਰ ਹੀ ਸਭ ਕੁਝ ਕਰਦੇ ਹਨ:

ਭੈ ਵਿਚਿ ਧਰਤਿ ਅਗਾਸੁ ਹੈ ਨਿਰਾਧਾਰ ਭੈ ਭਾਰਿ ਧਰਾਇਆ। (18-5-1)
ਪਉਣੁ ਪਾਣੀ ਬੈਸੰਤਰੋ ਭੈ ਵਿਚਿ ਰਖੈ ਮੇਲਿ ਮਿਲਾਇਆ। (18-5-2)
ਪਾਣੀ ਅੰਦਰਿ ਧਰਤਿ ਧਰਿ ਵਿਣੁ ਥੰਮ੍ਹਾ ਆਗਾਸੁ ਰਹਾਇਆ। (18-5-3)
ਕਾਠੈ ਅੰਦਰਿ ਅਗਨਿ ਧਰਿ ਕਰਿ ਪਰਫੁਲਿਤ ਸੁਫਲੁ ਫਲਾਇਆ। (18-5-4)
ਨਵੀ ਦੁਆਰੀ ਪਵਣ ਧਰਿ ਭੈ ਵਿਚਿ ਸੂਰਜੁ ਚੰਦ ਚਲਾਇਆ॥ (18-5-5)
ਨਿਰਭਉ ਆਪਿ ਨਿਰੰਜਨੁ ਰਾਇਆ ॥5॥ (18-5-6)

10. ਇਹ ਸਾਰੀ ਕੁਦਰਤ ਕਾਦਰ ਦਾ ਰਚਾਇਆ ਹੋਇਆ ਆਵਾਗਉਣ ਦਾ ਖੇਲ ਹੈ:

ਇਹੁ ਜਗੁ ਚਉਪੜਿ ਖੇਲੁ ਹੈ ਆਵਾ ਗਉਣ ਭਉਜਲ ਸੈਂਸਾਰੇ। (37-27-1)

11. ਮਨੁੱਖਾਂ ਵਿਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਭਰ ਦਿੱਤਾ ਤੇ ਇਸ ਸੰਗ ਵੈਰ-ਵਿਰੋਧ, ਦੁਸ਼ਮਣੀ ਵੀ ਵਧ ਗਏ । ਇਸੇ ਵਿਰੋਧਭਾਸੀ ਜਗਤ ਵਿਚ ਜੱਗ ਦਾ ਨਾਸ ਤੇ ਵਧਾਰਾ ਹੁੰਦਾ ਚਲਿਆ ਜਾ ਰਿਹਾ ਹੈ ਤੇ ਜ਼ਿੰਦਗੀ ਜੂਝ ਰਹੀ ਹੈ:

ਕਾਮੁ ਕ੍ਰੋਧ ਵਿਰੋਧੁ ਲੰਘਿ ਲੋਭੁ ਮੋਹੁ ਅਹੰਕਾਰੁ ਵਿਹਾਣਾ। (7-5-2)

12.  ਇਸ ਆਵਾਗਉਣ ਦੇ ਖੇਲ ਵਿਚ ਜੇ ਕੋਈ ਆਸ ਦੀ ਕਿਰਨ ਹੈ ਤਾਂ ਸਤ, ਸੰਤੋਖ, ਦਇਆ, ਧਰਮ ਤੇ ਅਰਥ:

ਸਤਿ ਸੰਤੋਖ ਦਇਆ ਧਰਮੁ ਅਰਥੁ ਸੁ ਗਰੰਥ ਪੰਚ ਪਰਵਾਣਾ। (7-5-3)

13. ਤੇ ਇਸ ਭਵ ਸਾਗਰ ਵਿੱਚੋਂ ਪਾਰ ਹੋਣ ਦਾ ਰਸਤਾ ਨਾਮ ਦਾ ਮਾਰਗ ਹੈ ਜੋ ਸਤਿਸੰਗਤ ਵਿਚ ਪ੍ਰਾਪਤ ਕੀਤਾ ਤੇ ਜਪਿਆ ਜਾ ਸਕਦਾ ਹੈ:

(ੳ) ਖੇਚਰ ਭੂਚਰ ਚਾਚਰੀ ਉਨਮਨ ਲੰਘਿ ਅਗੋਚਰ ਬਾਣਾ। (7-5-4)
ਪੰਚਾਇਣ ਪਰਮੇਸਰੋ ਪੰਚ ਸਬਦ ਘਨਘੋਰ ਨੀਸਾਣਾ। (7-5-5)
ਗੁਰਮੁਖਿ ਪੰਚ ਭੂਆਤਮਾ ਸਾਧਸੰਗਤਿ ਮਿਲ ਸਾਧ ਸੁਹਾਣਾ। (7-5-6)
ਸਹਜਿ ਸਮਾਧਿ ਨ ਆਵਣ ਜਾਣਾ॥5॥ (7-5-7)

(ਅ) ਸਾਧਸੰਗਤਿ ਵਸਗਤਿ ਹੋਆ ਓਤਿ ਪੋਤਿ ਕਰਿ ਪਿਰਮ ਪਿਆਰਾ। (29-19-6)
ਗੁਰਮੁਖਿ ਸੁਝੈ ਸਿਰਜਣਹਾਰਾ॥19॥ (29-19-7)

14. ਕੁਦਰਤ ਦ੍ਰਿਸ਼ਟਮਾਨ ਵੀ ਹੈ ਤੇ ਅਦ੍ਰਿਸ਼ਟਮਾਨ ਵੀ। ਅਸੀਂ ਪੰਜ ਇੰਦਰਿਆਂ ਨਾਲ ਦ੍ਰਿਸ਼ਟਮਾਨ ਦਾ ਗਿਆਨ ਪ੍ਰਾਪਤ ਕਰ ਸਕਦੇ ਹਾਂ ਉਸ ਅਨੁਸਾਰ ਕੁਦਰਤ ਦੇ ਏਨੇ ਕੁ ਹੀ ਲੱਛਣ ਕੋਂ ਬਾਹਰਾ ਹੈ ਪ੍ਰੰਤੂ ਅਦ੍ਰਿਸ਼ਟਮਾਨ ਦੇ ਲੱਛਣ ਨਾ ਅਸੀਂ ਦੇਖ ਸਕਦੇ ਹਾਂ, ਨਾ ਸਮਝ ਸਕਦੇ ਹਾਂ ਤੇ ਨਾ ਬਿਆਨ ਕਰ ਸਕਦੇ ਹਾਂ:

ਅੰਬਰੁ ਧਰਤਿ ਵਿਛੋੜਿਅਨੁ ਕੁਦਰਤਿ ਕਰਿ ਕਰਤਾਰ ਕਹਾਇਆ। (26-3-1)
ਧਰਤੀ ਅੰਦਰਿ ਪਾਣੀਐ ਵਿਣੁ ਥੰਮਾਂ ਆਗਾਸੁ ਰਹਾਇਆ। (26-3-2)
ਇੰਨ੍ਹਣ ਅੰਦਰਿ ਅਗਿ ਧਰਿ ਅਹਿਨਿਸਿ ਸੂਰਜੁ ਚੰਦੁ ਉਪਾਇਆ। (26-3-3)
ਛਿਅ ਰੁਤਿ ਬਾਰਹ ਮਾਹ ਕਰਿ ਖਾਣੀ ਬਾਣੀ ਚਲਤੁ ਰਚਾਇਆ। (26-3-4)
ਮਾਣਸ ਜਨਮੁ ਦੁਲੰਭੁ ਹੈ ਸਫਲੁ ਜਨਮੁ ਗੁਰੂ ਪੂਰਾ ਪਾਇਆ। (26-3-5)
ਸਾਧਸੰਗਤਿ ਮਿਲਿ ਸਹਜਿ ਸਮਾਇਆ ॥3॥ (26-3-6)

ਸਹਾਇਕ ਪੁਸਤਕਾਂ

1. ਹਰਬੰਸ ਸਿੰਘ (ਐਡੀਟਰ), ਇਨਸਾਈਕਲੋਪੀਡੀਆ ਆਫ ਸਿਖਿਇਜ਼ਮ, ਵਾਲਿਊਮ ਤੀਜਾ
2. ਹੰਸ ਸ ਸ, 1969, ਭਾਈ ਗੁਰਦਾਸ ਇਨ ਪ੍ਰੋਸੀਡਿੰਗਜ਼ ਆਫ ਪੰਜਾਬ ਹਿਸਟਰੀ ਕਾਨਫਰੰਸ (12 ਵਾਂ ਸ਼ੈਸ਼ਨ), ਪਟਿਆਲਾ।
3. ਸਰਦੂਲ ਸਿੰਘ, 1961, ਭਾਈ ਗੁਰਦਾਸ, ਪਟਿਆਲਾ
4. ਜੋਧ ਸਿੰਘ, 1998, ਵਾਰਾਂ ਭਾਈ ਗੁਰਦਾਸ, ਪਟਿਆਲਾ।
5. ਜੱਗੀ ਰਤਨ ਸਿੰਘ, 1974, ਭਾਈ ਗੁਰਦਾਸ ਜੀਵਨੀ ਤੇ ਰਚਨਾ, ਪਟਿਆਲਾ।
6. ਜਗਤ ਸਿੰਘ, ਵਾਰਾਂ ਭਾਈ ਗੁਰਦਾਸ ਜੀ ਅੰਮ੍ਰਿਤਸਰ
7. ਦਰਸ਼ਨ ਸਿੰਘ, ਭਾਈ ਗੁਰਦਾਸ: ਸਿੱਖੀ ਦੇ ਪਹਿਲੇ ਵਿਆਖਿਆਕਾਰ, ਪਟਿਆਲਾ
8. ਨਰਾਇਣ ਸਿੰਘ (ਪੰਡਿਤ, ਗਿਆਨੀ), ਵਾਰਾਂ ਭਾਈ ਗੁਰਦਾਸ ਜੀ ਸਟੀਕ, ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ।
9. ਵਾਰਾਂ ਭਾਈ ਗੁਰਦਾਸ, 1966,ਸ਼ਬਦ ਅਨੁਕ੍ਰਮਿਕਾ ਅਤੇ ਕੋਸ਼, ਪਟਿਆਲਾ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Dalvinder Singh Grewal
Ex. Colonel Indian Armed Forces Ex. Dean and Director -ਵਿਖੇ: Desh Bhagat University Panjab

Education Administrator, Buisness Executive & Writer
Ex. Colonel Indian Armed Forces
Ex. Dean and Director Desh Bhagat University Panjab
1925, ਬਸੰਤ ਐਵਿਨਿਊ, ਲੁਧਿਆਣਾ। ਮੋ: 98153-66726

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)