editor@sikharchives.org
Bhai Gurdas ji

ਭਾਈ ਗੁਰਦਾਸ ਜੀ ਦੀ ਰਚਨਾ ਵਿਚ ਇਕ ਆਦਰਸ਼ਕ ਸਿੱਖ ਦਾ ਚਿੱਤਰ

ਭਾਈ ਸਾਹਿਬ ਦੀ ਜੀਵਨ-ਸ਼ੈਲੀ ’ਤੇ ਗੁਰੂ ਸਾਹਿਬ ਦਾ ਰੰਗ ਅਤਿ ਗੂੜ੍ਹਾ ਤੇ ਮਜੀਠੜਾ ਹੈ।
ਬੁੱਕਮਾਰਕ ਕਰੋ (0)
Please login to bookmark Close
ਪੜਨ ਦਾ ਸਮਾਂ: 1 ਮਿੰਟ

ਭਾਈ ਸਾਹਿਬ ਭਾਈ ਗੁਰਦਾਸ ਜੀ ਇਕ ਮਹਾਨ ਆਦਰਸ਼ਕ ਸਿੱਖ ਸਨ। ਆਪ ਕੇਵਲ ਗੁਰੂ-ਘਰ ਦੇ ਅਨਿੰਨ ਸ਼ਰਧਾਲੂ ਗੁਰਸਿੱਖ ਤੇ ਨਿਕਟਵਰਤੀ ਹੀ ਨਹੀਂ ਸਨ ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਥਮ ਲਿਖਾਰੀ ਅਤੇ ਗੁਰਬਾਣੀ ਦੇ ਮਹਾਨ ਵਿਆਖਿਆਕਾਰ ਵੀ ਸਨ। ਉਨ੍ਹਾਂ ਨੇ ਆਪਣੀ ਰਚਨਾ ਵਿਚ ਇਕ ਆਦਰਸ਼ਕ ਸਿੱਖ ਦਾ ਚਿੱਤਰ ਏਨੀ ਸ਼ਿੱਦਤ ਨਾਲ ਰੇਖਾਂਕਿਤ ਕੀਤਾ ਹੈ ਕਿ ਉਹ ਮਨੁੱਖ-ਮਾਤਰ ਲਈ ਪਰਮ-ਉਦੇਸ਼ ਤੇ ਪਰਮਾਰਥੀ ਜੀਵਾਂ ਲਈ ਪੱਥ-ਪ੍ਰਦਰਸ਼ਕ ਹੋ ਨਿੱਬੜਦਾ ਹੈ। ਸਾਡੇ ਹਥਲੇ ਲੇਖ ਦਾ ਪ੍ਰਯੋਜਨ ਭਾਈ ਸਾਹਿਬ ਜੀ ਦੀ ਰਚਨਾ ਵਿੱਚੋਂ ਆਦਰਸ਼ਕ ਸਿੱਖ ਦਾ ਦਰਸ਼ਨ ਕਰਨਾ ਹੈ।

ਭਾਈ ਸਾਹਿਬ ਦੀ ਜੀਵਨ-ਸ਼ੈਲੀ ’ਤੇ ਗੁਰੂ ਸਾਹਿਬ ਦਾ ਰੰਗ ਅਤਿ ਗੂੜ੍ਹਾ ਤੇ ਮਜੀਠੜਾ ਹੈ। ਉਨ੍ਹਾਂ ਦੀ ਅਭਿਵਿਅਕਤੀ ਵਿੱਚੋਂ ਗੁਰੂ ਦਾ ਉਪਦੇਸ਼ ਸਾਖਸ਼ਾਤ ਹੋ ਨਿੱਬੜਦਾ ਹੈ। ਉਨ੍ਹਾਂ ਅਨੁਸਾਰ ਅੰਮ੍ਰਿਤ ਵੇਲੇ ਦੀ ਸੰਭਾਲ ਕਰਨਾ, ਨਾਮ-ਸਿਮਰਨ ਅਤੇ ਨਾਮ-ਅਭਿਆਸ ਵਿਚ ਜੁਟੇ ਰਹਿਣਾ, ਅਲਪ-ਅਹਾਰੀ ਤੇ ਥੋੜ੍ਹਾ ਬੋਲਣ ਵਾਲਾ ਹੋਣਾ ਇਕ ਸਿੱਖ ਦੇ ਆਮ ਲੱਛਣ ਹਨ। ਐਸਾ ਵਿਅਕਤੀ ਮਿੱਠ-ਬੋਲੜਾ, ਸਭ ਦਾ ਭਲਾ ਚਾਹੁਣ ਵਾਲਾ, ਨਿਰਹੰਕਾਰੀ ਤੇ ਨਿਮਰਤਾ ਪੂਰਵਕ ਜੀਵਨ ਬਸਰ ਕਰਨ ਵਾਲਾ, ਦੂਸਰਿਆਂ ਦੀ ਸਹਾਇਤਾ ਲਈ ਤਤਪਰ ਰਹਿਣ ਵਾਲਾ ਅਤੇ ਉੱਚੇ ਮਰਤਬੇ ’ਤੇ ਬੈਠ ਕੇ ਵੀ ਆਪਣੀ ਪ੍ਰਾਪਤੀ ਨੂੰ ਕੇਵਲ ‘ਗੁਰ ਪ੍ਰਸਾਦਿ’ ਸਮਝਣ ਵਾਲਾ ਹੁੰਦਾ ਹੈ। ਉਹ ਸਾਧ ਸੰਗਤ ਦਾ ਧਾਰਨੀ ਤੇ ਗੁਰੂ ਦੀ ਸਿੱਖਿਆ ਨੂੰ ਅਪਣਾਉਂਦਾ ਤੇ ਦ੍ਰਿੜ੍ਹ ਕਰਦਾ/ ਕਰਵਾਉਂਦਾ ਹੈ। ਉਹ ਦੁਨਿਆਵੀ ਫਲਾਂ ਦੀ ਤਮੰਨਾ ਨਹੀਂ ਰੱਖਦਾ ਸਗੋਂ ਸਭ ਕੁਝ ਗੁਰੂ ਦੀ ਦਇਆ-ਮਿਹਰ ’ਤੇ ਛੱਡ ਦਿੰਦਾ ਹੈ:

ਪਿਛਲ ਰਾਤੀਂ ਜਾਗਣਾ ਨਾਮੁ ਦਾਨੁ ਇਸਨਾਨੁ ਦਿੜਾਏ।
ਮਿਠਾ ਬੋਲਣੁ ਨਿਵ ਚਲਣੁ ਹਥਹੁ ਦੇ ਕੈ ਭਲਾ ਮਨਾਏ।
ਥੋੜਾ ਸਵਣਾ ਖਾਵਣਾ ਥੋੜਾ ਬੋਲਨੁ ਗੁਰਮਤਿ ਪਾਏ।
ਘਾਲਿ ਖਾਇ ਸੁਕ੍ਰਿਤੁ ਕਰੈ ਵਡਾ ਹੋਇ ਨ ਆਪੁ ਗਣਾਏ।
ਸਾਧਸੰਗਤਿ ਮਿਲ ਗਾਂਵਦੇ ਰਾਤਿ ਦਿਹੈਂ ਨਿਤ ਚਲਿ ਚਲਿ ਜਾਏ।
ਸਬਦ ਸੁਰਤਿ ਪਰਚਾ ਕਰੈ ਸਤਿਗੁਰੁ ਪਰਚੈ ਮਨੁ ਪਰਚਾਏ।
ਆਸਾ ਵਿਚਿ ਨਿਰਾਸੁ ਵਲਾਏ॥ (ਵਾਰ 28, ਪਉੜੀ 15)

ਆਪ ਅਜਿਹੇ ਵਿਅਕਤੀ ਨੂੰ ਗੁਰੂ ਦਾ ਸਿੱਖ ਹੋਣ ਦਾ ਮਰਤਬਾ ਦਿੰਦੇ ਹਨ। ਗੁਰਸਿੱਖ ਬਣਨ ਲਈ ਸਤਿਗੁਰੂ ਦੀ ਸ਼ਰਨ ਵਿਚ ਜਾਣਾ ਜ਼ਰੂਰੀ ਹੈ। ਗੁਰੂ ਪ੍ਰਤੀ ਹਿਰਦੇ ਵਿਚ ਏਨਾ ਪਿਆਰ ਭਰ ਜਾਵੇ ਕਿ ‘ਗੁਰੂ ਗੁਰੂ ਗੁਰੁ ਕਰਿ ਮਨ ਮੋਰ’ ਵਾਲੀ ਅਵਸਥਾ ਬਣ ਜਾਵੇ! ਜਦ ਜੀਵ ਲਗਾਤਾਰ ਗੁਰੂ ਦੀ ਸੰਗਤ ਕਰਦਾ ਹੈ ਤਾਂ ਗੁਰੂ ਵਾਲੇ ਗੁਣ ਪ੍ਰਗਟ ਹੋਣੇ ਸੁਭਾਵਿਕ ਹਨ:

ਗੁਰ ਚੇਲਾ ਚੇਲਾ ਗੁਰੂ ਗੁਰੁ ਸਿਖ ਸੁਣਿ ਗੁਰਸਿਖੁ ਸਦਾਵੈ। (ਵਾਰ 28, ਪਉੜੀ 16)

ਗੁਰੂ ਦੀ ਸੰਗਤ ਦੀ ਸੇਵਾ ਗੁਰੂ ਦੀ ਸੇਵਾ ਕਰਨਾ ਹੈ:

ਗੁਰ ਸਿਖੀ ਦਾ ਸਿਖਣਾ ਗੁਰਮੁਖਿ ਸਾਧਸੰਗਤਿ ਦੀ ਸੇਵਾ॥ (ਵਾਰ 28, ਪਉੜੀ 4)

ਗੁਰਸਿੱਖ ਆਪ ਔਖਿਆਈਆਂ ਝੱਲ ਕੇ ਵੀ ਦੂਸਰਿਆਂ ਨੂੰ ਸੌਖਾ ਰੱਖਣ ਲਈ ਤਤਪਰ ਰਹਿੰਦਾ ਹੈ। ਭਾਈ ਸਾਹਿਬ ਗਰਮ ਪਾਣੀ ਦੀ ਉਦਾਹਰਣ ਦੇ ਕੇ ਸਮਝਾਉਂਦੇ ਹਨ ਕਿ ਅੱਗ ਨੂੰ ਠੰਡਾ ਕਰਨ ਦੀ ਸਮਰੱਥਾ ਗਰਮ ਪਾਣੀ ਵਿਚ ਵੀ ਹੁੰਦੀ ਹੈ:

ਅਗਨਿ ਬੁਝਾਏ ਤਪਤਿ ਵਿਚਿ ਠੰਢਾ ਹੋਵੈ ਬਿਲਮੁ ਨ ਆਣੀ।
ਗੁਰਸਿਖੀ ਦੀ ਏਹੁ ਨੀਸਾਣੀ। (ਵਾਰ 28, ਪਉੜੀ 13)

ਉਸ ਦਾ ਸਭ ਸੰਜਮ, ਜਪ-ਤਪ ਪਰਮਾਤਮਾ ਦੇ ਭੈ ਵਿਚ ਰਹਿ ਕੇ ਜੀਵਨ ਬਸਰ ਕਰਨਾ ਤੇ ਹੋਰ ਵਿਭਿੰਨ ਡਰਾਂ ਤੋਂ ਦੂਰ ਰਹਿਣਾ ਹੈ:

ਗੁਰਸਿਖੀ ਦਾ ਸੰਜਮੋ ਡਰਿ ਨਿਡਰੁ ਨਿਡਰ ਮੁਚ ਡਰਣਾ। (ਵਾਰ 28, ਪਉੜੀ 10)

ਇਵੇਂ ਗੁਰੂ ਦੇ ਮਾਰਗ ’ਤੇ ਚੱਲਦਿਆਂ ਹੋਇਆਂ ਆਪਣੇ ਹੀ ਅੰਦਰੋਂ ਜੋਤਿ ਜਾਂ ਸ਼ਬਦ ਦੇ ਦਰਸ਼ਨ ਕਰਦਾ ਹੈ, ਜਿਵੇਂ ਦਸਮ ਪਿਤਾ ਨੇ ਕਿਹਾ ਸੀ:

ਪੂਰਨ ਜੋਤਿ ਜਗੈ ਘਟ ਮੈਂ ਤਬ ਖਾਲਿਸ ਤਾਹਿˆ ਨ ਖਾਲਿਸ ਜਾਨੈ।

ਇਸ ਸਭ ਕੁਝ ਤੋਂ ਇਹ ਨਾ ਸਮਝ ਬੈਠੀਏ ਕਿ ਸਿੱਖ ਦਾ ਜੀਵਨ ਪਾਬੰਦੀਆਂ ਨਾਲ ਜਕੜਿਆ ਜਿਹਲਵਾਸ ਵਰਗਾ ਹੈ। ਨਹੀਂ! ਭਾਈ ਸਾਹਿਬ ਇਕ ਵਿਆਹੁਤਾ ਇਸਤਰੀ ਦੀ ਉਦਾਹਰਣ ਦੇ ਕੇ ਸਪਸ਼ਟ ਕਰਦੇ ਹਨ ਕਿ ਜਿਵੇਂ ਉਹ ਆਪਣੇ ਪਤੀ, ਬਾਲ-ਬੱਚੇ, ਮਾਤਾ-ਪਿਤਾ ਤੇ ਬਾਕੀ ਪਰਵਾਰ ਦੀ ਸੇਵਾ ਕਰਦੀ ਹੋਈ ਸੁਖ-ਸੁਆਦ ਲਈ ਬਣਦਾ-ਫੱਬਦਾ ਪਹਿਨਦੀ, ਸ਼ਿੰਗਾਰ ਵੀ ਕਰਦੀ ਹੈ ਐਪਰ ਪਤੀ ਦੀ ਹੋ ਕੇ ਇਵੇਂ ਹੀ ਗੁਰਸਿੱਖ ਆਪਣੇ ਹੀ ਗੁਰੂ ਦਾ ਹੋ ਕੇ ਜੀਵਨ ਬਤੀਤ ਕਰਦਾ ਹੈ ਨਾ ਕਿ ਹਰੇਕ ਵਿਅਕਤੀ ਵਿਸ਼ੇਸ਼ ਦੇ ਚਰਨੀਂ ਡਿੱਗਦਾ ਫਿਰਦਾ ਹੈ:

ਜੈਸੇ ਪਤੀਬ੍ਰਤਾ ਕਉ ਪਵਿਤ੍ਰ ਘਰਿ ਵਾਸ ਨ੍ਹਾਤ, ਅਸਨ ਬਸਨ ਧਨ ਧਾਮ ਲੋਕਾਚਾਰ ਹੈ॥
ਤਾਤ ਮਾਤ ਭ੍ਰਾਤ ਸੁਤ ਸੁਜਨ ਕੁਟੰਬ ਸਖਾ, ਸੇਵਾ ਗੁਰ ਜਨ ਸੁਖ ਅਭਰਨ ਸ਼ਿੰਗਾਰ ਹੈ॥
ਕਿਰਤਿ ਬਿਰਤਿ ਪਰਸੂਤ ਮਲ ਮੂਤ੍ਰ-ਧਾਰੀ, ਸਕਲ ਕੁਟੰਬ ਮੈ ਪਵਿੱਤ੍ਰ ਜੋਈ ਬਿਬਿਧਿ ਅਚਾਰ ਹੈ॥
ਤੈਸੇ ਗੁਰਸਿਖਨ ਕਉ ਲੇਪ ਨ ਗ੍ਰਿਹਸਤ ਮੈ, ਆਨ ਦੇਵ ਸੇਵ ਧ੍ਰਿਗ ਜਨਮੁ ਸੰਸਾਰ ਹੈ॥483॥ (ਕਬਿੱਤ ਸੱਵਯੇ)

ਗੁਰਸਿੱਖ ਦੀ ਕਰਣੀ

ਗੁਰਸਿੱਖ ਦੀ ਕਰਣੀ-ਕਮਾਈ ਦਾ ਕੇਂਦਰੀ ਧੁਰਾ ਸਤਿਗੁਰ ਹੁੰਦੇ ਹਨ। ਜਦ ਵੀ ਗੁਰੂ ਦੇ ਪ੍ਰੇਮ ਦਾ ਮਜੀਠੀ ਰੰਗ ਚੜ੍ਹਦਾ ਹੈ ਤਾਂ ਜੀਵ ਮੋਹ-ਮਾਇਆ ਦੇ ਬੰਧਨਾਂ ਤੋਂ ਉੱਪਰ ਉੱਠ ਜਾਂਦਾ ਹੈ। ਉਹ ਗਰੀਬੀ ਜਾਂ ਨਿਮਰਤਾ ਦੀ ਸੰਜੋਅ ਪਹਿਨ ਲੈਂਦਾ ਹੈ ਤੇ ਇਹ ਸੰਜੋਅ ਹਰ ਮੁਸੀਬਤ ਤੋਂ ਉਸ ਦੀ ਰੱਖਿਆ ਕਰਦੀ ਹੈ। ਕਿਸੇ ਵੀ ਤਰ੍ਹਾਂ ਦੀ ਵਾਸਨਾ, ਕੋਈ ਵਿਸ਼ੇ-ਵਿਕਾਰ ਉਸ ਨੂੰ ਮੋਹਿਤ ਨਹੀਂ ਕਰ ਸਕਦਾ ਤੇ ਉਹ ਅਡੋਲ ਸਹਿਜ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ ਹੈ। ਗੁਰੂ ਦੇ ਹੁਕਮ ਵਿਚ ਮਨ ਦੀ ਚੰਚਲਤਾ ਖਤਮ ਹੋ ਜਾਂਦੀ ਹੈ ਤੇ ਜੀਵ ਟਿਕ ਕੇ ਬਹਿ ਜਾਂਦਾ ਹੈ। ਅਜਿਹੀ ਮਰਯਾਦਾ ਦਾ ਪਾਲਣ ਕਰਦਿਆਂ ਉਹ ਸਿਮਰਨ ਦਾ ਅਭਿਆਸ ਕਰਦਾ ਹੋਇਆ ਭਵ-ਸਾਗਰ ਤੋਂ ਪਾਰ ਜਾ ਉਤਰਦਾ ਹੈ:

ਪੈਰੀ ਪੈ ਪਾ ਖਾਕੁ ਮੁਰੀਦੈ ਥੀਵਣਾ।
ਗੁਰ ਮੂਰਤਿ ਮੁਸਤਾਕੁ ਮਰਿ ਮਰਿ ਜੀਵਣਾ।
ਪਰਹਰਿ ਸਭੇ ਸਾਕ ਸੁਰੰਗ ਰੰਗੀਵਣਾ।
ਹੋਰ ਨ ਝਖਣੁ ਝਾਕ ਸਰਣਿ ਮਨੁ ਸੀਵਣਾ।
ਪਿਰਮ ਪਿਆਲਾ, ਪਾਕ ਅਮਿਅ ਰਸੁ ਪੀਵਣਾ।
ਮਸਕੀਨੀ ਅਉਤਾਕ ਅਸਥਿਰੁ ਥੀਵਣਾ।
ਦਸ ਅਉਰਾਤਿ ਤਲਾਕ ਸਹਜਿ ਅਲੀਵਣਾ।
ਸਾਵਧਾਨ ਗੁਰ ਵਾਕ ਨ ਮਨ ਭਰਮੀਵਣਾ।
ਸਬਦ ਸੁਰਤਿ ਹੁਸਨਾਕ ਪਾਰਿ ਪਰੀਵਣਾ॥ (ਵਾਰ 3, ਪਉੜੀ 19)

ਹਲੀਮੀ ਦੀ ਆਦਰਸ਼ਕ ਉਦਾਹਰਣ ਭਾਈ ਸਾਹਿਬ ਦੀ ਵਾਰ ਵਿੱਚੋਂ ਪੇਸ਼ ਹੈ:

ਹਉ ਅਪਰਾਧੀ ਗੁਨਹਗਾਰੁ ਹਉ ਬੇਮੁਖ ਮੰਦਾ।
ਚੋਰੁ ਜਾਰੁ ਜੂਆਰਿ ਹਉ ਪਰ ਘਰਿ ਜੋਹੰਦਾ।
ਨਿੰਦਕੁ ਦੁਸਟੁ ਹਰਾਮਖੋਰੁ ਠਗੁ ਦੇਸ ਠਗੰਦਾ।
ਕਾਮ ਕ੍ਰੋਧੁ ਮਦੁ ਲੋਭੁ ਮੋਹੁ ਅਹੰਕਾਰੁ ਕਰੰਦਾ।
ਬਿਸਾਸਘਾਤੀ ਅਕਿਰਤਘਣ ਮੈ ਕੋ ਨ ਰਖੰਦਾ।
ਸਿਮਰਿ ਮੁਰੀਦਾ ਢਾਢੀਆ ਸਤਿਗੁਰ ਬਖਸੰਦਾ। (ਵਾਰ 36, ਪਉੜੀ 21)

ਗੁਰਸਿੱਖ ਵਿਕਾਰਾਂ ਜਾਂ ਕਾਮਨਾਵਾਂ ਤੋਂ ਮੁਕਤ ਹੁੰਦਾ ਹੈ। ਉਹ ਇਸ ਗੰਦਗੀ ਵਿਚ ਲਿਪਟਦਾ ਨਹੀਂ ਸਗੋਂ ਅਧਿਆਤਮਿਕ ਖੇਤਰ ਵਿਚ ਅੱਗੇ ਵਧਣ ਲਈ ਜਿਵੇਂ ਕਿ ਭਾਈ ਸਾਹਿਬ ਇਸ਼ਾਰਾ ਕਰਦੇ ਹਨ:

ਕਾਮੁ ਕ੍ਰੋਧੁ ਅਹੰਕਾਰ ਸਾਧਿ ਲੋਭ ਮੋਹ ਦੀ ਜੋਹ ਮਿਟਾਈ। (ਵਾਰ 29, ਪਉੜੀ 6)

ਉਹ ਤਾਂ ਪਰਾਈ ਇਸਤਰੀ ਜੇ ਆਪਣੀ ਉਮਰ ਤੋਂ ਵਡੇਰੀ ਹੈ, ਨੂੰ ਮਾਂ ਦਾ ਆਦਰ ਦਿੰਦਾ ਹੈ, ਹਾਣ ਦੀ ਨੂੰ ਭੈਣ ਦਾ ਪਿਆਰ ਤੇ ਛੋਟੀ ਨੂੰ ਪੁੱਤਰੀ ਦਾ ਲਾਡ। ਉਹਦੀ ਦ੍ਰਿਸ਼ਟੀ ਹਰ ਹਾਲ ਵਾਸਨਾ ਦੀ ਮੈਲ ਤੋਂ ਮੁਕਤ ਰਹਿੰਦੀ ਹੈ। ਉਹ ਹੱਕ- ਹਲਾਲ ਦੀ ਕਮਾਈ ਨਾਲ ਘਰ ਦਾ ਗੁਜ਼ਾਰਾ ਕਰਦਾ ਹੈ ਅਤੇ ਭਾਵੇਂ ਉਹ ਕਿੰਨਾ ਵੀ ਪਰਤਾਪੀ ਹੋ ਜਾਏ, ਅਹੰ-ਭਾਵ ਤੋਂ ਸੁਤੰਤਰ ਰਹਿੰਦਾ ਹੈ ਤੇ ਕਿਸੇ ਦਾ ਜੀਅ ਦੁਖਾਉਣ ਦਾ ਅਪਰਾਧੀ ਨਹੀਂ ਹੁੰਦਾ:

ਦੇਖਿ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ।
ਉਸੁ ਸੂਅਰੁ ਉਸੁ ਗਾਇ ਹੈ ਪਰ ਧਨ ਹਿੰਦੂ ਮੁਸਲਮਾਣੈ।
ਪੁਤ੍ਰ ਕਲਤ੍ਰ ਕੁਟੰਬੁ ਦੇਖਿ ਮੋਹੇ ਮੋਹਿ ਨ ਧੋਹਿ ਧਿਙਾਣੈ।
ਉਸਤਤਿ ਨਿੰਦਾ ਕੰਨਿ ਸੁਣਿ ਆਪਹੁ ਬੁਰਾ ਨ ਆਖਿ ਵਖਾਣੈ।
ਵਡ ਪਰਤਾਪੁ ਨ ਆਪੁ ਗਣਿ ਕਰਿ ਅਹੰਮੇਉ ਨ ਕਿਸੈ ਰਞਾਣੈ। (ਵਾਰ 29, ਪਉੜੀ 11)

ਗੁਰਮਤਿ ਆਪਣਾ ਘਰ-ਬਾਰ ਤਿਆਗਣ ਦੀ ਥਾਂ, ਮਾਤਾ-ਪਿਤਾ, ਜਾਂ ਘਰ ਗ੍ਰਹਿਸਤੀ ਤਿਆਗਣ ਦੀ ਥਾਂ, ਆਪਣੇ ਹੀ ਘਰ ਪਰਵਾਰ ਪ੍ਰਤੀ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਹੋਇਆਂ ਸਤਿ ਨਾਮ ਦੇ ਸਿਮਰਨ, ਸੇਵਾ-ਭਗਤੀ, ਸਤਿ-ਸੰਗਤ ਆਦਿ ਕਰਨ ਦਾ ਉਪਦੇਸ਼ ਦ੍ਰਿੜ੍ਹਾਉਂਦੀ ਹੈ:

ਗਿਆਨਨ ਮੈ ਗਿਆਨ ਅਰੁ ਧਿਆਨਨ ਮੈ ਧਿਆਨ ਗੁਰ, ਸਕਲ ਧਰਮ ਮੈ ਗ੍ਰਿਹਸਤੁ ਪ੍ਰਧਾਨ ਹੈ।

ਏਹੀ ਇਕ ਗੁਰਸਿੱਖ ਦਾ ਜੋਗ ਹੈ। ਉਹ ਗ੍ਰਿਹਸਤੀ ਜੀਵਨ ਵਿਚ ਵਿਚਰਦਿਆਂ ਹੋਇਆਂ ਸਤਿਗੁਰਾਂ ਦੇ ਦੱਸੇ ਮਾਰਗ ਅਨੁਸਾਰ ਭਜਨ-ਸਿਮਰਨ ਕਰਦਾ ਹੋਇਆ ਅੰਦਰੋਂ ਤਿਆਗੀ ਦੀ ਤਰ੍ਹਾਂ ਜੀਵਨ ਗੁਜ਼ਾਰਦਾ ਹੈ। ਸੰਸਾਰ ਵਿਚ ਰਹਿੰਦਿਆਂ ਸੰਸਾਰ ਤੋਂ ਨਿਰਲੇਪ ਰਹਿੰਦਾ ਹੈ ਜਿਵੇਂ ਮੁਰਗਾਬੀ ਪਾਣੀ ਵਿੱਚੋਂ ਭੋਜਨ ਟੋਲਦੀ ਹੈ ਤੇ ਆਖ਼ਰ ਖੁਸ਼ਕ ਪਰਾਂ ਨਾਲ ਉਡਾਰੀ ਮਾਰ ਜਾਂਦੀ ਹੈ। ਅਜਿਹਾ ਜੀਵਨ ਇਕ ਰਾਜ-ਜੋਗੀ ਦਾ ਜੀਵਨ ਹੁੰਦਾ ਹੈ:

ਗੁਰਮੁਖਿ ਸੁਖ ਫਲ ਪਾਇਆ ਰਾਜੁ ਜੋਗੁ ਰਸ ਰਲੀਆ ਮਾਣੈ। (ਵਾਰ 29, ਪਉੜੀ 11)

ਗੁਰ-ਸ਼ਬਦ ਦੀ ਕਮਾਈ ਕਰਨ ਨਾਲ ਜਿਹੜੇ ਲਾਭ ਪ੍ਰਾਪਤ ਹੁੰਦੇ ਹਨ, ਉਨ੍ਹਾਂ ਨੂੰ ਵੇਖਦਿਆਂ ਹੋਰ ਕਿਸੇ ਵੀ ਪ੍ਰਕਾਰ ਦੇ ਜਪ, ਤਪ, ਸੰਜਮ, ਯੱਗ ਵਰਤ, ਤੀਰਥ ਇਸ਼ਨਾਨ ਆਦਿ ਵੱਲ ਰੁਚਿਤ ਹੋਣਾ ਸਮਾਂ ਗਵਾਉਣ ਦੇ ਸਮਾਨ ਹੈ:

ਲਖ ਜਪ ਤਪ ਲਖ ਸੰਜਮਾਂ ਹੋਮ ਜਗ ਲਖ ਵਰਤ ਕਰੰਦੇ।
ਲਖ ਤੀਰਥ ਲਖ ਊਲਖਾ ਲਖ ਪੁਰੀਆ ਲਖ ਪੁਰਬ ਲਗੰਦੇ।…
ਅਗਨੀ ਅੰਗੁ ਜਲਾਇਂਦੇ ਲਖ ਹਿਮੰਚਲਿ ਜਾਇ ਗਲੰਦੇ।
ਗੁਰੁ ਸਿਖੀ ਸੁਖੁ ਤਿਲੁ ਨ ਲਹੰਦੇ।(ਵਾਰ 28, ਪਉੜੀ 18)

ਕੁੱਲ ਮਿਲਾ ਕੇ ਭਾਈ ਸਾਹਿਬ ਆਦਰਸ਼ਕ ਸਿੱਖ ਦੇ ਬਿੰਬ ਨੂੰ ਰੇਖਾਂਕਿਤ ਕਰਦੇ ਹੋਏ ਸਾਨੂੰ ਸਭ ਜੀਵਾਂ ਨੂੰ ਆਦਰਸ਼ਕ ਜੀਵਨ ਜੀਊਣ ਵੱਲ ਪ੍ਰੇਰਦੇ ਹਨ।

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

215, ਗਲੀ ਨੰ: 8, ਅੰਤਰਯਾਮੀ ਕਾਲੋਨੀ, ਅੰਮ੍ਰਿਤਸਰ।

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)