ਜ਼ਿਲ੍ਹਾ ਸਰਗੋਧਾ ਵਿਚ ਪੱਛਮੀ ਪੰਜਾਬ ਦੇ ਝੰਗ-ਸ਼ਾਹਪੁਰ ਦੀ ਹੱਦ ਦੇ ਨੇੜੇ ਇਕ ਛੋਟਾ ਜਿਹਾ ਪਿੰਡ ‘ਫਿਰੂਕਾ’, ਕਦੇ ਕਿਸੇ ਫਿਰੂਕਾ ਨਾਂ ਦੇ ਇਕ ਮੁਸਲਮਾਨ ਨੇ ਵਸਾਇਆ ਸੀ ਜਿਸ ਕਰਕੇ ਉਸਦਾ ਇੰਜ ਨਾਮਕਰਨ ਕੀਤਾ ਗਿਆ ਸੀ। ਉਸ ਪਿੰਡ ਵਿਚ ਇਕ ਗੁਰਸਿੱਖ ਸੱਜਣ ਰਹਿੰਦਾ ਸੀ ਜਿਸਦਾ ਨਾਂ ਭਾਈ ਭਾਗ ਸਿੰਘ (1844-1947 ਈ.) ਸੀ। ਇਹ ਇਕ ਤਕੜਾ ਕੀਰਤਨਕਾਰ ਸੀ, ਤਾਊਸ ਦੀਆਂ ਤਰਬਾਂ ਛੇੜਦਾ ਤਾਂ ਦਿਲ ਹੀ ਲੁੱਟ ਲੈਂਦਾ। ਪਰ ਵਿਆਹ ਪਿੱਛੋਂ ਕੋਈ ਸੰਤਾਨ ਨਾ ਹੋਣ ਤੇ, ਭਾਗਾਂ ਵਾਲਾ ਇਹ ਭਾਗ ਸਿੰਘ ਆਪਣੇ ਭਾਗ ਵਿਚ ਇਸ ਪੱਖੋਂ ਕਦੇ-ਕਦੇ ਇਕ ਤਰੋਟ ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਜਿਹੀ ਮਹਿਸੂਸ ਕਰਦਾ। ਸ਼ਾਹਪੁਰ ਡੇਰੇ ਇਕ ਦੀ 1903 ਚ ਲਈ ਗਈ ਤਸਵੀਰ ਸੇਵਾ-ਪੰਥੀ ਸੰਤ ਰਹਿੰਦੇ ਸਨ, ਜਿਨ੍ਹਾਂ ਦਾ ਨਾਂ ਭਾਈ ਰਾਮ ਕਿਸ਼ਨ (1792-1888 ਈ.) ਸੀ। ਇਹ ਉਨ੍ਹਾਂ ਦੀ ਅਸੀਸ-ਅਰਦਾਸ ਸਦਕਾ ਹੀ ਸੀ ਕਿ ਭਾਈ ਭਾਗ ਸਿੰਘ ਦੇ ਘਰ 1879 ਈ. ਵਿਚ ਇਕ ਬਾਲ ਨੇ ਜਨਮ ਲਿਆ ਜਿਸਦਾ ਨਾਂ ‘ਹੀਰਾ ਸਿੰਘ ਰੱਖਿਆ ਗਿਆ। ਜਨਮ ਉਪਰੰਤ ਆਪ ਨੇ ਪਿਤਾ-ਪੁਰਖੀ ਤਾਲੀਮ ਤਾਂ ਲੈਣੀ ਹੀ ਸੀ, ਨਾਲ ਲੱਗਦਾ ਹਸਨੇ ਨਾਮੀ ਇਕ ਰਬਾਬੀ ਦੇ ਵੀ ਸ਼ਾਗਿਰਦ ਹੋ ਗਏ। ਉਸ ਪਿੱਛੋਂ ਆਪ ਨੇ ਅੰਮ੍ਰਿਤਸਰ ਆ ਕੇ, ਏਥੋਂ ਦੇ ਇਕ ਮਹੰਤ ਤਖਤ ਸਿੰਘ ਪਾਸੋਂ ਹਰਮੋਨੀਅਮ ਤੇ ਕੀਰਤਨ ਕਰਨਾ ਸਿੱਖਿਆ । ਇਨ੍ਹਾਂ ਦਾ ਕਿਉਂਕਿ ਭਾਈ ਵੀਰ ਸਿੰਘ ਜੀ ਨਾਲ ਪਰਿਵਾਰਕ ਪਿਆਰ ਸੀ, ਇਸ ਲਈ ਆਪ ਦੇ ਪਿਤਾ 1897 ਈ. ਵਿਚ ਜਦੋਂ ਅੰਮ੍ਰਿਤਸਰ ਆ ਗਏ, ਤਾਂ ਇਨ੍ਹਾਂ ਰਲ ਕੇ ਕੀਰਤਨ ਜਥਾ ਬਣਾ ਲਿਆ ਜਿਹੜਾ ਪਿੱਛੋਂ ਭਾਈ ਹੀਰਾ ਸਿੰਘ ਭਾਗ ਸਿੰਘ ਦਾ ਜਥਾ ਅਖਵਾਂਦਾ ਰਿਹਾ। ਆਪ ਨੇ ਕੀਰਤਨ ਕਰਨਾ ਤਾਂ ਅਨੇਕ ਉਸਤਾਦਾਂ ਕੋਲੋਂ ਸਿੱਖਿਆ ਸੀ। ਸਿੱਖ ਇਤਿਹਾਸ ਦੇ ਅਧਿਐਨ ਤੋਂ ਛੁੱਟ, ਉਰਦੂ ਫ਼ਾਰਸੀ ਦਾ ਵੀ ਰੱਜਵਾਂ ਮੁਤਾਲਿਆ ਕੀਤਾ। ਸ਼ਾਸਤ੍ਰੀ ਸੰਗੀਤ ਦਾ ਭਰਵਾਂ ਅਧਿਐਨ ਸੀ, ਇਸ ਲਈ ਢੇਰ ਕਰਕੇ ਕਲਾਸੀਕਲ ਹੀ ਗਾਉਂਦੇ, ਪਰ ਕਦੇ ਕਦੇ ਆਪਣੀ ਗੱਲ ਸਮਝਾਉਣ ਲਈ ਸਿੱਧੀਆਂ ਧਾਰਨਾਂ ਤੇ ਵੀ ਆ ਜਾਂਦੇ ਅਤੇ ਕਦੇ ਕਦੇ ਜੋਟੀਆਂ ਵਿਚ ਵੀ ਕੀਰਤਨ ਕਰਦੇ - ਭਾਵ ਕਿ ਇਕ ਤੁਕ ਪਹਿਲਾਂ ਆਪ ਗਾਉਂਦੇ ਤੇ ਫਿਰ ਓਹੀ ਤੁਕ ਸਰੋਤਿਆਂ ਕੋਲੋਂ ਗਵਾਉਂਦੇ। ਹੁਣ ਤਕ ਦੇ ਰਾਗੀ ਕੀਰਤਨ ਕਰਦਿਆਂ ਗੁਰਬਾਣੀ ਦੇ ਪਰਮਾਣ ਹੀ ਦਿੰਦੇ ਸਨ, ਪਰ ਦੱਸਿਆ ਜਾਂਦਾ ਹੈ ਕਿ ਭਾਈ ਸਾਹਿਬ ਪਹਿਲੇ ਕੀਰਤਨਕਾਰ ਸਨ, ਜਿਨ੍ਹਾਂ ਨੇ ਕੀਰਤਨ ਵਿਚ ਸਾਖੀ ਸੁਣਾਉਣ ਦਾ ਕੰਮ ਸ਼ੁਰੂ ਕੀਤਾ। ਸਾਡੇ ਪਿਤਾ ਜੀ ਜਿਨ੍ਹਾਂ ਨੇ ਉਨ੍ਹਾਂ ਨੂੰ ਐਬਟਾਬਾਦ ਉਨਾਂ ਦੀ ਆਖ਼ਰੀ ਉਮਰੇ ਸੁਣਿਆ, ਦੱਸਦੇ ਹੁੰਦੇ ਸਨ ਕਿ ਵਿਆਖਿਆ ਕਰਨ ਵਿਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ। ਉਨ੍ਹਾਂ ਦਾ ਆਪਣਾ ਨਿਜੀ ਜੀਵਨ ਐਨਾ ਉੱਚਾ ਸੁੱਚਾ ਸੀ ਅਤੇ ਉਨ੍ਹਾਂ ਦੀ ਜ਼ੁਬਾਨ ਵਿਚ ਐਨਾ ਰਸ ਅਤੇ ਜਾਦੂ ਸੀ ਕਿ ਉਹ ਪੱਥਰ ਤੋਂ ਪੱਥਰ ਦਿਲਾਂ ਨੂੰ ਵੀ ਮੋਮ ਬਣਾ ਦੇਣ ਦੀ ਸਮਰਥਾ ਰੱਖਦੇ ਸਨ। ਖ਼ਿਆਲ ਕੀਤਾ ਜਾਂਦਾ ਹੈ ਕਿ ਇਸ ਸਦੀ ਵਿਚ ਖ਼ਬਰੇ ਓਡਾ ਵੱਡਾ ਕੋਈ ਹੋਰ ਵਿਆਖਿਆਕਾਰ ਅਜੇ ਤਕ ਪੈਦਾ ਨਹੀਂ ਹੋਇਆ ! ਸਿੱਖ ਪੰਥ ਨੂੰ ਜੋ ਦੇਣ ਉਨ੍ਹਾਂ ਦੀ ਹੈ, ਉਹ ਉਨ੍ਹਾਂ ਦਾ ਹੀ ਹਿੱਸਾ ਹੈ। ਖ਼ਾਲਸਾ ਹਾਈ ਸਕੂਲ ਫਿਰੂਕਾ, ਜਿਸ ਉੱਤੇ ਉਨ੍ਹਾਂ ਭਲੇ ਸਮਿਆਂ 'ਚ, ਕਈ ਹਜ਼ਾਰ ਰੁਪਿਆ ਖ਼ਰਚ ਆਇਆ ਸੀ, ਉਹ ਨਿਰੋਲ ਆਪ ਦੀ ਦਿਨ ਰਾਤ ਦੀ ਮਿਹਨਤ ਦਾ ਹੀ ਨਤੀਜਾ ਸੀ।
ਆਪ ਉੱਕਾ ਲਾਲਚ ਨਹੀਂ ਸਨ ਕਰਦੇ, ਸਗੋਂ ਕੀਰਤਨ ਭੇਟਾ ਦਾ ਬਹੁਤਾ ਹਿੱਸਾ ਸਕੂਲਾਂ, ਕਾਲਜਾਂ, ਯਤੀਮਖ਼ਾਨਿਆਂ ਜਾਂ ਹੋਰ ਨੇਕ ਕਾਰਜਾਂ ਤੇ ਖ਼ਰਚ ਕਰ ਦਿੰਦੇ ਸਨ, ਇਸ ਲਈ ਹਰ ਪਾਸੇ ਉਨ੍ਹਾਂ ਦਾ ਬਹੁਤ ਸਤਿਕਾਰ ਸੀ। ਸਿੱਖੀ ਦੇ ਉਹ ਸਹੀ ਅਰਥਾਂ ਵਿਚ ਮਿਸ਼ਨਰੀ ਸਨ। ਉਨ੍ਹਾਂ ਦੇ ਵਿਅਕਤੀਤਵ ਦੇ ਗੁਣਾਂ ਕਰਕੇ, ਮੁਸਲਮਾਨਾਂ ਵਿਚ ਵੀ ਉਨ੍ਹਾਂ ਦਾ ਬੜਾ ਆਦਰ ਸਤਿਕਾਰ ਸੀ। ਇਹ ਦਸੰਬਰ 1925 ਦੀ ਗੱਲ ਹੈ ਕਿ ਉਨ੍ਹਾਂ ਦੀ ਕਹਿਣੀ ਕਥਨੀ ਤੋਂ ਇਕ ਫ਼ਕੀਰ ਮੁਸਲਮਾਨ ਹਾਜੀ ਮੁਹੰਮਦ ਐਨਾ ਪ੍ਰਭਾਵਿਤ ਸੀ ਕਿ ਉਸਨੇ 9 ਮਣ 14 ਸੇਰ ਚੰਦਨ ਦੀ ਲੱਕੜੀ ਵਿੱਚੋਂ ਇਕ ਇਕ ਤਾਰ ਖਿੱਚ ਕੇ ਇਕ ਲੱਖ ਪੰਤਾਲੀ ਹਜ਼ਾਰ ਤਾਰਾਂ ਤੋਂ ਬੜੀ ਰੀਝ ਨਾਲ ਜਿਹੜਾ ਚੌਰ ਤਿਆਰ ਕੀਤਾ ਸੀ, ਇਨ੍ਹਾਂ ਦੇ ਕਰ-ਕਮਲਾਂ ਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਭੇਟ ਕਰਵਾ ਕੇ, ਆਪਣੇ ਧੰਨ ਭਾਗ ਸਮਝੇ । ਅਦਭੁੱਤ ਚੰਦਨ ਦਾ ਇਹ ਚੌਰ ਸ੍ਰੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਵਿਚ ਸਾਂਭਿਆ ਹੁੰਦਾ ਸੀ, ਪਰ 1984 ਵਾਲੇ ਸਾਕਾ ਨੀਲਾ ਤਾਰਾ ਪਿੱਛੋਂ ਕੌਣ ਜਾਣੇ… ! ਓੜਕ ਕੀਰਤਨ ਦਾ ਇਹ ਅਮੋਲਕ ਹੀਰਾ 2 ਸਤੰਬਰ 1926 ਨੂੰ ਸ਼ਾਮ ਦੇ ਐਨ ਤਿੰਨ ਵਜੇ ਡੇਹਰਾਦੂਨ ਵਿਖੇ ਡਾ. ਬਲਬੀਰ ਸਿੰਘ, ਸੁੱਧ ਸਿੰਘ ਰਾਗੀ ਅਤੇ ਆਪਣੀ ਸੁਪਤਨੀ ਸ਼੍ਰੀਮਤੀ ਪ੍ਰੇਮ ਕੌਰ ਜੀ ਦੇ ਹੱਥਾਂ ਵਿਚ ਦੇਹ ਤਿਆਗ ਗਿਆ !
ਉਨ੍ਹਾਂ ਦੇ ਇਸ ਬੇਵਕਤ ਚਲਾਣੇ ਨਾਲ ਸਿੱਖ ਪੰਥ ਨੂੰ ਤਾਂ ਇਕ ਨਾ ਪੂਰਾ ਹੋਣ ਵਾਲਾ ਘਾਟਾ ਪੈਣਾ ਹੀ ਸੀ, ਉਨ੍ਹਾਂ ਦਾ ਪਿਤਾ ਭਾਈ ਭਾਗ ਸਿੰਘ, ਜਿਨ੍ਹਾਂ ਨੇ ਇਹ ਬੱਚਾ ਬੜੀਆਂ ਮੰਨਤਾਂ ਮੰਨ ਮੰਨ ਕੇ ਬੜੀਆਂ ਮੁਸ਼ਕਲਾਂ ਨਾਲ ਲਿਆ ਸੀ - ਅੱਜ ਫਿਰ ਆਪਣੇ ਆਪ ਨੂੰ ਉਹ ਦੁਬਾਰਾ ਅਭਾਗਾ ਜਿਹਾ ਸਮਝਣ ਲੱਗ ਪਿਆ। ਪਰ ਕਾਦਰ ਨੂੰ ਕੁਝ ਇਸ ਤਰ੍ਹਾਂ ਹੀ ਮਨਜ਼ੂਰ ਸੀ ਕਿਉਂਕਿ ਕੁਦਰਤ ਦੀ ਕਾਨੀ ਨੇ ਕੁਝ ਇਸ ਤਰ੍ਹਾਂ ਹੀ ਲਿਖਿਆ ਹੋਇਆ ਸੀ ਕਿ ਇਹ ਅਭਾਗਾ ਬਾਪ ਆਪ ਖ਼ੁਦ ਉਸ ਪਿੱਛੋਂ ਪੂਰੇ ਇੱਕ ਸਾਲ ਬਾਅਦ ਚੜ੍ਹਾਈ ਕਰੇ। ਭਾਈ ਹੀਰਾ ਸਿੰਘ ਜੀ ਦੀ ਯਾਦ ਵਿਚ ਪ੍ਰੋ: ਪੂਰਨ ਸਿੰਘ ਜੀ ਨੇ ਕੁਝ ਕਵਿਤਾਵਾਂ ਲਿਖੀਆਂ ਸਨ, ਜਿਨ੍ਹਾਂ ਵਿੱਚੋਂ ਕੁਝ ਟੂਕਾਂ ਦਿੱਤੀਆਂ ਜਾ ਰਹੀਆਂ ਹਨ : ਕੋਇਲ ਵਾਂਗੂੰ ਕੂਕਿਆ ਤੂੰ ! ਪਰ ਚੀਰਦੀ ਸੀ ਦਿਲਾਂ ਨੂੰ, ਜੀਆਂ ਨੂੰ ਸੀ ਟੋਲਦੀ, ਗਾਉਂਦੀ ਸੀ ਕੇਵਲ ਨਾਂਵ ਸਾਈਂ ਦਾ ਜੀਭ ਤੇਰੀ, ਨੈਣ ਬੱਦਲ ਵਸਦੇ ਸਨ, ਦਿਲ ਟਿੱਬੇ ਭਰਦੇ, ਇਕ ਰਾਗ ਛਿੜਦਾ ਦਿਸਦਾ ਸੀ, ਮਨੁੱਖ ਮਾਤ੍ਰ ਮਾਸ ਵਿਚ । ਤੂੰ ਭਰਾਵਾ ਦੱਸਿਆ : ਗੁਰੂ ਦਰਬਾਰ ਵਿਚ, ਭਾਈ ਹੀਰਾ ਸਿੰਘ ਆਇਆ, ਢਾਡੀ ਗੁਰੂ ਦਾ, ਗੁਰੂ ਫ਼ਰਮਾਇਆ : ਮਾਤ ਲੋਕ ਦੇ ਵਿਚ ਗੁਰੂ ਬਾਣੀ ਗਾਉਂਦਾ, ਬਰਖਾ ਕਰੋ ਅੱਜ ਸੰਸਾਰ ਤੋਂ!
ਬਲਬੀਰ ਸਿੰਘ ਕੰਵਲ
ਲੇਖਕ ਬਾਰੇ
- ਬਲਬੀਰ ਸਿੰਘ ਕੰਵਲhttps://sikharchives.org/kosh/author/%e0%a8%ac%e0%a8%b2%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%95%e0%a9%b0%e0%a8%b5%e0%a8%b2/August 1, 2008
- ਬਲਬੀਰ ਸਿੰਘ ਕੰਵਲhttps://sikharchives.org/kosh/author/%e0%a8%ac%e0%a8%b2%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%95%e0%a9%b0%e0%a8%b5%e0%a8%b2/February 1, 2009