editor@sikharchives.org

ਭਾਈ ਜੋਧ ਸਿੰਘ ਜੀ ਦਾ ਜੀਵਨ ਤੇ ਸ਼ਖ਼ਸੀਅਤ

ਭਾਈ ਜੋਧ ਸਿੰਘ ਜੀ ਵੀਹਵੀਂ ਸਦੀ ਦੇ ਪ੍ਰਮੁੱਖ ਸਿੱਖ ਵਿਦਵਾਨ, ਧਰਮ-ਸ਼ਾਸਤਰੀ, ਦਾਰਸ਼ਨਿਕ, ਪ੍ਰਬੰਧਕ ਤੇ ਵਿਆਖਿਆਕਾਰ ਵਜੋਂ ਉਭਰ ਕੇ ਸਾਹਮਣੇ ਆਏ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਭਾਈ ਜੋਧ ਸਿੰਘ ਜੀ ਵੀਹਵੀਂ ਸਦੀ ਦੇ ਪ੍ਰਮੁੱਖ ਸਿੱਖ ਵਿਦਵਾਨ, ਧਰਮ-ਸ਼ਾਸਤਰੀ, ਦਾਰਸ਼ਨਿਕ, ਪ੍ਰਬੰਧਕ ਤੇ ਵਿਆਖਿਆਕਾਰ ਵਜੋਂ ਉਭਰ ਕੇ ਸਾਹਮਣੇ ਆਏ। ਆਪ ਜੀ ਦਾ ਜਨਮ ਉਸ ਸਮੇਂ ਹੋਇਆ ਜਦੋਂ ਸਿੰਘ ਸਭਾ ਲਹਿਰ ਚੱਲ ਰਹੀ ਸੀ। ਆਪ ਨੇ ਨਾ ਕੇਵਲ ਇਸ ਲਹਿਰ ਦਾ ਅਸਰ ਕਬੂਲਿਆ ਸਗੋਂ ਲੋੜ ਪੈਣ ’ਤੇ ਯੋਗ ਅਗਵਾਈ ਵੀ ਦਿੱਤੀ। ਡਾ. ਗੁਰਦਿਆਲ ਸਿੰਘ ਫੁੱਲ ‘ਖੋਜ ਪੱਤ੍ਰਿਕਾ ਦੇ ਸਮ੍ਰਿਤੀ ਅੰਕ’ ’ਚ ਲਿਖਦੇ ਹਨ ਕਿ ਭਾਈ ਸਾਹਿਬ ਦੇ ਜਨਮ ਤੋਂ ਪਹਿਲਾਂ ਸਿੱਖੀ, ਪੰਜਾਬੀ ਬੋਲੀ ਤੇ ਵਿੱਦਿਆ ਪ੍ਰਚਾਰਨ ਵਾਲੀ ਸਿੰਘ ਸਭਾ ਨੌਂ ਸਾਲ ਦੀ ਹੋ ਗਈ ਸੀ।

ਭਾਈ ਜੋਧ ਸਿੰਘ ਦਾ ਜਨਮ ਭਾਈ ਰਾਮ ਸਿੰਘ ਦੇ ਘਰ 31 ਮਈ, 1882 ਈ: ਨੂੰ ਪੱਛਮੀ ਪੰਜਾਬ ਦੇ ਜ਼ਿਲ੍ਹਾ ਰਾਵਲਪਿੰਡੀ, ਤਹਿਸੀਲ ਗੁੱਜਰਖਾਨ ਦੇ ਪਿੰਡ ਘੁੰਗਰਾਲਾ ਵਿਖੇ ਹੋਇਆ। ਆਪ ਦੇ ਪਹਿਲੇ ਨਾਮ ਰਣਬੀਰ ਸਿੰਘ ਤੇ ਰਸ਼ਪਾਲ ਸਿੰਘ ਸਨ ਪਰ ਬਾਅਦ ਵਿਚ ਸੌਖਾ ਨਾਮ ਸੰਤ ਸਿੰਘ ਰੱਖ ਦਿੱਤਾ ਗਿਆ। ਜਦੋਂ ਆਪ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ ਤਾਂ ਨਾਮ ਬਦਲ ਕੇ ਜੋਧ ਸਿੰਘ ਰੱਖ ਦਿੱਤਾ ਗਿਆ ਅਤੇ ਇਸੇ ਨਾਮ ਨਾਲ ਹੀ ਆਪ ਨੇ ਹਰੇਕ ਖੇਤਰ ਵਿਚ ਪ੍ਰਾਪਤੀਆਂ ਕੀਤੀਆਂ ਹਨ। ਭਾਈ ਜੋਧ ਸਿੰਘ ਜੀ ਦੀ ਰੁਚੀ ਸਾਇੰਸ ਦੀ ਪੜ੍ਹਾਈ ਕਰਨ ਵਿਚ ਸੀ ਪਰ ਮਿਸ਼ਨ ਕਾਲਜ, ਰਾਵਲਪਿੰਡੀ ਵਿਚ ਸਾਇੰਸ ਦੇ ਸਾਮਾਨ ਦੀਆਂ ਸਹੂਲਤਾਂ ਉਪਲਬਧ ਨਾ ਹੋਣ ਕਾਰਨ ਆਰਟਸ ਵਿਸ਼ੇ ਵਿਚ ਹੀ ਐਫ.ਏ. ਜਿਸ ਵਿਚ ਇਕ ਵਿਸ਼ਾ ਗਣਿਤ ਦਾ ਵੀ ਸੀ, ਪਾਸ ਕਰ ਲਈ।

ਸਿੱਖ ਪੰਥ ਵਿਸ਼ਵ ਕੋਸ਼ ਭਾਗ ਦੂਜਾ ਵਿਚ ਡਾ. ਰਤਨ ਸਿੰਘ ਜੱਗੀ ਲਿਖਦੇ ਹਨ ਕਿ ਸੰਨ 1902 ਈ: ਵਿਚ ਸ. ਸੁੰਦਰ ਸਿੰਘ ਮਜੀਠੀਆ ਨੇ ਇਨ੍ਹਾਂ ਨੂੰ ਆਪਣੇ ਪੁੱਤਰਾਂ ਦਾ ਉਸਤਾਦ ਲਗਾਇਆ। ਇਨ੍ਹਾਂ ਨੇ ਸੰਨ 1904 ਈ: ਵਿਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀ.ਏ. ਅਤੇ ਸੰਨ 1906 ਈ: ਵਿਚ ਫਾਰਮਨ ਕ੍ਰਿਸਚੀਅਨ ਕਾਲਜ ਲਾਹੌਰ ਤੋਂ ਐਮ.ਏ. (ਗਣਿਤ) ਦੇ ਇਮਤਿਹਾਨ ਪਾਸ ਕੀਤੇ ਅਤੇ ਦੋਨਾਂ ਇਮਤਿਹਾਨਾਂ ਵਿਚ ਪੰਜਾਬ ਯੂਨੀਵਰਸਿਟੀ ਵਿਚ ਅੱਵਲ ਰਹੇ ਤੇ ਮੈਡਲ ਅਤੇ ਇਨਾਮ ਲਏ।

ਡਾ. ਗੁਰਦਿਆਲ ਸਿੰਘ ਫੁੱਲ ਦੇ ਲਿਖੇ ਅਨੁਸਾਰ ਆਪ ਦੀਆਂ ਵਿੱਦਿਅਕ ਪ੍ਰਾਪਤੀਆਂ ਤੋਂ ਖੁਸ਼ ਹੋ ਕੇ ਮਹਾਰਾਜਾ ਹੀਰਾ ਸਿੰਘ ਨੇ ਹੋਰ ਇਨਾਮਾਂ ਦੇ ਨਾਲ ਆਪ ਨੂੰ ਖਾਸ ਇਨਾਮ ਵਜੋਂ ਸੋਨੇ ਦੀ ਅੰਗੂਠੀ ਦਿੱਤੀ।

ਜਦੋਂ ਸਿੰਘ ਸਭਾ ਲਹਿਰ ਦਾ ਪ੍ਰਚਾਰ ਸ਼ੁਰੂ ਹੋ ਗਿਆ ਅਤੇ ਦੂਜੇ ਧਰਮਾਂ ਦੇ ਲੋਕ ਵੀ ਇਸ ਧਰਮ ਤੋਂ ਪ੍ਰਭਾਵਿਤ ਹੋ ਕੇ, ਸਿੱਖ ਧਰਮ ਵਿਚ ਪ੍ਰਵੇਸ਼ ਕਰ ਕੇ, ਅੰਮ੍ਰਿਤ ਦੀ ਦਾਤ ਹਾਸਲ ਕਰਨ ਲੱਗੇ ਤਦੋਂ ਪੰਜ ਪਿਆਰਿਆਂ ਵਿਚ ਭਾਈ ਜੋਧ ਸਿੰਘ ਦਾ ਨਾਮ ਵੀ ਸ਼ਾਮਲ ਸੀ। ਭਾਈ ਜੋਧ ਸਿੰਘ ਨੇ ਕਈ ਸਾਲ ਗਿਆਨੀ ਬਿਬੇਕ ਸਿੰਘ ਜੀ ਤੋਂ, ਜਿਨ੍ਹਾਂ ਦਾ ਡੇਰਾ ਚੌਂਕ ਕਰੋੜੀ, ਸ੍ਰੀ ਅੰਮ੍ਰਿਤਸਰ ਵਿਖੇ ਸੀ, ਗੁਰਬਾਣੀ ਦੇ ਅਰਥਾਂ ਦਾ ਗਿਆਨ ਹਾਸਲ ਕੀਤਾ। ਆਪ ਨੇ ਕਦੇ ਮੌਸਮ ਦੀ ਪਰਵਾਹ ਨਾ ਕੀਤੀ ਤੇ ਲਗਾਤਾਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਤੋਂ ਬਾਅਦ ਦਸਮ ਗ੍ਰੰਥ, ਭਾਈ ਗੁਰਦਾਸ ਦੀਆਂ ਵਾਰਾਂ ਅਤੇ ਕਬਿੱਤ ਸਵੱਈਆਂ ਦੇ ਅਰਥਾਂ ਦੀ ਵੀ ਜਾਣਕਾਰੀ ਹਾਸਲ ਕੀਤੀ। ਆਪ ਨੇ ਕਦੇ ਵੀ ਆਪਣੇ ਅਹੁਦੇ ਦਾ ਹੰਕਾਰ ਨਹੀਂ ਕੀਤਾ, ਸਗੋਂ ਹਮੇਸ਼ਾਂ ਨਿਮਰਤਾ ਵਾਲਾ ਸੁਭਾਅ ਹੀ ਰੱਖਿਆ। ਆਪ ਆਪਣੀ ਤਨਖਾਹ ਵਿੱਚੋਂ ਦਸਵੰਧ ਜ਼ਰੂਰ ਕੱਢਦੇ। ਦੇਸ਼-ਪਿਆਰ ਦੀ ਭਾਵਨਾ ਤੇ ਸੱਚਾਈ ’ਤੇ ਅੜਨ ਕਰਕੇ ਆਪ ਨੂੰ ਕਈ ਵਾਰੀ ਅੰਗਰੇਜ਼ ਸਰਕਾਰ ਦੀਆਂ ਵਧੀਕੀਆਂ ਦਾ ਵੀ ਸਾਹਮਣਾ ਕਰਨਾ ਪਿਆ ਸੀ, ਪਰ ਆਪ ਨੇ ਕਦੇ ਹੌਂਸਲਾ ਨਹੀਂ ਸੀ ਹਾਰਿਆ।

ਆਪ ਨੇ ਸਤੰਬਰ 1914 ਈ: ਤੋਂ ਫਰਵਰੀ 1920 ਈ: ਤਕ ਖਾਲਸਾ ਹਾਈ ਸਕੂਲ ਦੇ ਹੈੱਡਮਾਸਟਰ ਦੇ ਤੌਰ ’ਤੇ ਸੇਵਾ-ਕਾਰਜ ਸੰਭਾਲਿਆ ਜਿੱਥੇ ਆਪ ਨੇ ਸਿੱਖੀ ਤੇ ਧਰਮ-ਵਿੱਦਿਆ ਦੇ ਪ੍ਰਚਾਰ ਦਾ ਅਹਿਮ ਰੋਲ ਅਦਾ ਕੀਤਾ ਪਰ 1920 ਈ: ਵਿਚ ਇਸ ਅਹੁਦੇ ਤੋਂ ਤਿਆਗ-ਪੱਤਰ ਦੇ ਕੇ ਗੁਰੂ ਨਾਨਕ ਖਾਲਸਾ ਕਾਲਜ, ਗੁਜਰਾਂਵਾਲਾ ਦੇ ਪ੍ਰਿੰਸੀਪਲ ਦਾ ਅਹੁਦਾ ਸੰਭਾਲ ਲਿਆ। ਇਥੇ ਆਪ ਨੇ ਵਿੱਦਿਅਕ ਅਦਾਰੇ ਵਿਚ ਕਾਫੀ ਸੁਧਾਰ ਲਿਆਂਦੇ ਅਤੇ ਧਰਮ ਪ੍ਰਚਾਰ ਦਾ ਕੰਮ ਵੀ ਨਾਲੋ-ਨਾਲ ਜਾਰੀ ਰੱਖਿਆ। ਇਥੇ ਆਪ ਸਿੰਘ ਸਭਾ ਗੁਰਦੁਆਰੇ ਵਿਚ ਕਥਾ ਅਤੇ ਗੁਰਬਾਣੀ ਦੀ ਵਿਆਖਿਆ ਕਰਦੇ। ਅਕਤੂਬਰ 1921 ਈ: ਵਿਚ ਪ੍ਰਿੰਸੀਪਲ ਦੇ ਅਹੁਦੇ ਤੋਂ ਤਿਆਗ-ਪੱਤਰ ਦੇ ਕੇ ਅੰਮ੍ਰਿਤਸਰ ਆ ਗਏ। ਅੰਮ੍ਰਿਤਸਰ ਵਿਖੇ ਦੋ ਸਾਲ ਆਪ ਨੇ ਚੀਫ ਖਾਲਸਾ ਦੀਵਾਨ ਵੱਲੋਂ ਜਾਰੀ ਪੰਜਾਬੀ ਅਖ਼ਬਾਰ ‘ਖਾਲਸਾ’ ਤੇ ਅੰਗਰੇਜ਼ੀ ਦੇ ਸਪਤਾਹਿਕ ‘ਖਾਲਸਾ ਐਡਵੋਕੇਟ’ ਦੇ ਐਡੀਟਰ ਦੇ ਤੌਰ ’ਤੇ ਕੰਮ ਕੀਤਾ।

1 ਜਨਵਰੀ 1926 ਈ: ਨੂੰ ਭਾਈ ਜੋਧ ਸਿੰਘ ਪੰਜਾਬ ਯੂਨੀਵਰਸਿਟੀ ਦੇ ਫੈਲੋ ਨਾਮਜ਼ਦ ਕੀਤੇ ਗਏ। 8 ਦਸੰਬਰ 1938 ਈ: ਨੂੰ ਭਾਈ ਜੋਧ ਸਿੰਘ ਦੇ ਛੋਟੇ ਲੜਕੇ ਕਾਕਾ ਹਰਬੰਸ ਸਿੰਘ ਦਾ ਦੇਹਾਂਤ ਹੋਣ ’ਤੇ ਭਾਈ ਸਾਹਿਬ ਨੇ ਵਾਹਿਗੁਰੂ ਦਾ ਭਾਣਾ ਮੰਨ ਕੇ ਅੰਤਮ ਅਰਦਾਸ ਆਪ ਹੀ ਕੀਤੀ ਤੇ ਚਿਤਾ ਨੂੰ ਅੱਗ ਵੀ ਆਪ ਹੀ ਦਿੱਤੀ।

“ਵਿੱਦਿਅਕ ਖੇਤਰ ਵਿਚ ਆਪ ਦੀਆਂ ਪ੍ਰਾਪਤੀਆਂ ਵੇਖ ਕੇ ਸਰਕਾਰ ਨੇ 1943 ਈ: ਵਿਚ ਆਪ ਨੂੰ ‘ਸਰਦਾਰ ਬਹਾਦਰ’ ਦਾ ਖਿਤਾਬ ਬਖ਼ਸ਼ਿਆ। ਆਪ ਨਿਰੇ ਪ੍ਰਿੰਸੀਪਲ ਹੀ ਨਹੀਂ ਸਨ ਆਪ ਪੰਜਾਬ ਯੂਨੀਵਰਸਿਟੀ ਦੇ ਦਿਮਾਗ ਸਨ। ਆਪ ਪੰਜਾਬ ਯੂਨੀਵਰਸਿਟੀ ਦੀਆਂ ਬਹੁਤ ਸਾਰੀਆਂ ਕਮੇਟੀਆਂ ਦੇ ਮੁਖੀ ਸਨ। ਇਸ ਤੋਂ ਛੁਟ ਆਪ ਭਾਵਕ ਏਕਤਾ ਕਮੇਟੀ, ਕੌਮੀ ਏਕਤਾ ਕਮੇਟੀ, ਰੇਡੀਓ ਸਲਾਹਕਾਰ ਕਮੇਟੀ, ਭਾਸ਼ਾ ਵਿਭਾਗ ਦੀ ਸਲਾਹਕਾਰ ਕਮੇਟੀ, ਬੋਲੀ ਦੇ ਝਗੜੇ ਨਜਿੱਠਣ ਲਈ ਬਣੀ ਕਮੇਟੀ, ਪੰਜਾਬੀ ਸੂਬੇ ਲਈ ਬਣੀ ਕਮੇਟੀ, ਗੁਰਦੁਆਰਾ ਐਕਟ ਬਣਾਉਣ ਵਾਲੀ ਕਮੇਟੀ, ਖਾਲਸਾ ਪੰਥ ਵੱਲੋਂ ਬਣਾਈ ਗਈ ਕਮੇਟੀ, ਪੰਥਕ ਝਗੜੇ ਨਜਿੱਠਣ ਵਾਲੀ ਕਮੇਟੀ ਤੇ ਨਨਕਾਣਾ ਸਾਹਿਬ ਦੀਆਂ ਚਾਬੀਆਂ ਲੈਣ ਵਾਲੀ ਕਮੇਟੀ ਆਦਿ ਦੇ ਆਪ ਜਾਂ ਮੁਖੀ ਜਾਂ ਸਕੱਤਰ ਜਾਂ ਮੈਂਬਰ ਸਨ। ਤਦੇ ਪੰਡਿਤ ਦੀਵਾਨ ਚੰਦ ਸ਼ਰਮਾ ਕਿਹਾ ਕਰਦੇ ਸੀ ਕਿ ਆਪ ਬਹੁਤ ਵਧੀਆ ਕਮੇਟੀਕਾਰ ਸਨ। ਕੋਈ ਕਮੇਟੀ ਐਸੀ ਨਹੀਂ ਸੀ ਜਿਸ ਦੇ ਆਪ ਮੈਂਬਰ ਨਹੀਂ ਸਨ।1

ਭਾਈ ਜੋਧ ਸਿੰਘ ਇਸ ਗੱਲ ਦੇ ਹੱਕ ਵਿਚ ਸਨ ਕਿ ਹਰ ਸੂਬੇ ਵਿਚ ਉਥੇ ਬੋਲੀ ਜਾਂਦੀ ਬੋਲੀ ਵਿਚ ਹੀ ਦਫ਼ਤਰੀ ਕੰਮਕਾਜ ਹੋਣਾ ਚਾਹੀਦਾ ਹੈ। ਇਸ ਸੰਬੰਧੀ ਆਪ ਨੇ ਕਈ ਟਰੈਕਟ ਲਿਖੇ, ਕਈ ਲੇਖ ਲਿਖ ਕੇ ਅਖਬਾਰਾਂ ਵਿਚ ਛਪਣ ਲਈ ਭੇਜੇ ਤਾਂ ਜੋ ਪੰਜਾਬੀ ਬੋਲੀ ਤੇ ਗੁਰਮੁਖੀ ਲਿੱਪੀ ਦਾ ਪ੍ਰਚਾਰ ਕੀਤਾ ਜਾ ਸਕੇ।

ਆਪ ਦੀ ਵਿੱਦਿਅਕ ਯੋਗਤਾ ਅਤੇ ਸਾਹਿਤ ਅਕੈਡਮੀ ਦੀ ਸਫਲ ਸਥਾਪਨਾ ਦੇਖ ਆਪ ਨੂੰ ਅੱਸੀ ਸਾਲ ਦੀ ਉਮਰ ਵਿਚ 30 ਅਪ੍ਰੈਲ 1965 ਈ: ਨੂੰ ਪੰਜਾਬੀ ਯੂਨੀਵਰਸਿਟੀ ਦਾ ਵਾਈਸ-ਚਾਂਸਲਰ ਥਾਪਿਆ ਗਿਆ।

ਆਪ ਨੂੰ ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਹੋਣ ਦਾ ਮਾਣ ਪ੍ਰਾਪਤ ਹੈ। ਤਿੰਨ ਸਾਲ ਆਪ ਨੇ ਇਹ ਸੇਵਾ ਤਨੋ-ਮਨੋ ਨਿਭਾਈ।

ਡਾ. ਰਤਨ ਸਿੰਘ ਜੱਗੀ ਵੱਲੋਂ ਲਿਖੇ ਅਨੁਸਾਰ ਆਪ ਨੂੰ ਸੰਨ 1966 ਈ: ਵਿਚ ਪਦਮ-ਭੂਸ਼ਣ ਦਾ ਸਨਮਾਨ ਪ੍ਰਾਪਤ ਹੋਇਆ। ਆਪ ਵੱਲੋਂ ਵਿੱਦਿਅਕ ਖੇਤਰ ਵਿਚ ਪਾਏ ਅਦੁੱਤੀ ਯੋਗਦਾਨ ਦੀ ਮਾਨਤਾ ਵਜੋਂ ਸੰਨ 1961 ਈ: ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਸੰਨ 1979 ਈ: ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਡੀ.ਲਿਟ. ਦੀਆਂ ਮਾਨ-ਅਰਥ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।

ਸਿੱਖੀ ਜੀਵਨ-ਜਾਚ ਅਪਣਾਉਣ ਵਾਲੇ ਭਾਈ ਜੋਧ ਸਿੰਘ ਨਿਤਨੇਮੀ, ਸਮੇਂ ਦੇ ਪਾਬੰਦ, ਅਨੁਸ਼ਾਸਨ-ਪ੍ਰੇਮੀ, ਸੰਜਮੀ ਤੇ ਰੱਬ ਦਾ ਭਾਣਾ ਮੰਨਣ ਵਾਲੇ ਵਿਅਕਤੀ ਸਨ। ਆਪ ਦੀ ਕਥਨੀ ਤੇ ਕਰਨੀ ਵਿਚ ਕੋਈ ਅੰਤਰ ਨਹੀਂ ਸੀ। ਆਪ ਨੂੰ ਤਕਰੀਬਨ 50 ਸਾਲ ਦਾ ਪੜ੍ਹਾਉਣ ਦਾ ਤਜਰਬਾ ਸੀ। ਡਾ. ਫੁੱਲ ਹੋਰਾਂ ਅਨੁਸਾਰ ਆਪ ਹਰ ਨਿੱਕੇ ਤੋਂ ਨਿੱਕਾ ਕੰਮ ਵੀ ਵਿਉਂਤ ਤੇ ਜੁਗਤ ਨਾਲ ਕਰਦੇ ਸਨ। ਆਪ ਦਾ ਸੈਰ ਦਾ ਸਮਾਂ ਐਸਾ ਪੱਕਾ ਸੀ ਕਿ ਆਪ ਦੀ ਸੈਰ ਨਾਲ ਲੋਕ ਆਪਣੀਆਂ ਘੜੀਆਂ ਦਾ ਟਾਈਮ ਮਿਲਾ ਲਿਆ ਕਰਦੇ ਸਨ।

ਕਈ ਸਰਕਾਰੀ ਉਪਾਧੀਆਂ ਪ੍ਰਾਪਤ ਹੋਣ ਦੇ ਬਾਵਜੂਦ ਵੀ ਆਪ ਆਪਣੇ ਨਾਮ ਨਾਲ ਹੋਰ ਕੁਝ ਲਗਾਉਣ ਨਾਲੋਂ ‘ਭਾਈ’ ਲਗਾਉਣਾ ਵਧੇਰੇ ਠੀਕ ਸਮਝਦੇ ਸਨ। ਇਸ ਤੋਂ ਆਪ ਦੀ ਗੁਰਮਤਿ ਪ੍ਰਤੀ ਸ਼ਰਧਾ ਦੀ ਭਾਵਨਾ ਦਾ ਪਤਾ ਲੱਗਦਾ ਹੈ। ਭਾਈ ਸਾਹਿਬ ਦੀ ਮਹਾਨ ਸ਼ਖ਼ਸੀਅਤ ਉਸਾਰਨ ਵਿਚ ਆਪਦੇ ਦਾਦਾ ਜੀ ਅਤੇ ਦਾਦੀ ਜੀ ਦਾ ਵਿਸ਼ੇਸ਼ ਹੱਥ ਰਿਹਾ ਹੈ। ਆਪ ਨੂੰ ਬਚਪਨ ਤੋਂ ਹੀ ਗੁਰਬਾਣੀ ਪੜ੍ਹਨ ਤੇ ਮਹਾਨ ਵਿਅਕਤੀਆਂ ਦੀਆਂ ਜੀਵਨੀਆਂ ਸੁਣਨ, ਪੜ੍ਹਨ ਦੀ ਲਿਵ ਲੱਗ ਗਈ ਸੀ। ਆਪ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਦੀ ਜਾਚ ਸਿੱਖ ਗਏ ਸਨ। ਆਪ ਕਿਸੇ ਨਾਲ ਵੈਰ-ਵਿਰੋਧ ਦੀ ਭਾਵਨਾ ਨਹੀਂ ਰੱਖਦੇ ਸਨ ਤੇ ਹਰ ਫੈਸਲਾ ਨਿਰਪੱਖ ਹੋ ਕੇ ਕਰਦੇ। ਗੁੰਝਲਦਾਰ ਸਮੱਸਿਆ ਨੂੰ ਆਸਾਨ ਤਰੀਕੇ ਨਾਲ ਸੁਲਝਾਉਣ ਦੀ ਵੀ ਆਪ ਦੀ ਖੂਬੀ ਰਹੀ ਹੈ। ਆਪ ਆਪਣੇ ਕੰਮ ਦੀ ਸ਼ੁਰੂਆਤ ਕਰਨ ਵੇਲੇ ਅਰਦਾਸ ਜ਼ਰੂਰ ਕਰਦੇ ਸਨ। ਆਪ ਜ਼ਿਆਦਾ ਬੋਲਣ ਤੇ ਫਜ਼ੂਲ ਬਹਿਸ ਨੂੰ ਤਰਜੀਹ ਨਹੀਂ ਦਿੰਦੇ ਸਨ ਕਿਉਂਕਿ ਅਜਿਹਾ ਕਰਨ ਨਾਲ ਐਨਰਜੀ ਨਸ਼ਟ ਹੁੰਦੀ ਹੈ।

ਬੇਟੇ ਸੁੰਦਰ ਸਿੰਘ ਨੇ ਆਪ ਦੇ ਬਾਰੇ ਲਿਖਿਆ ਹੈ, “ਪਿਤਾ ਜੀ ਦਾ ਹਾਜ਼ਰ-ਜਵਾਬ ਹੋਣਾ ਬਹੁਤ ਮਸ਼ਹੂਰ ਸੀ। ਇਸ ਸਿਲਸਿਲੇ ਵਿਚ ਮੈਨੂੰ ਉਨ੍ਹਾਂ ਦੇ ਹਮਜੋਲੀ ਨੇ ਦੱਸਿਆ ਕਿ ਜਦ ਕਿਰਪਾਨ ਦੇ ਮਾਮਲੇ ਵਿਚ ਕੌਂਸਲ ਵਿਚ ਬਹਿਸ ਹੋਣ ਲੱਗੀ ਤਾਂ ਕਈਆਂ ਨੇ ਕਿਹਾ ਕਿ ਕਿਰਪਾਨ ਦੀ ਲੰਬਾਈ ਛੇ ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਦੱਸਿਆ ਕਿ ਜਦ ਪਿਤਾ ਜੀ ਦੀ ਬੋਲਣ ਦੀ ਵਾਰੀ ਆਈ ਤਾਂ ਉਹ ਜਵਾਬ ਵਿਚ ਕਹਿਣ ਲੱਗੇ ਕਿ ਕਿਰਪਾਨ ਸਾਡੇ ਧਰਮ ਦਾ ਉਸੇ ਤਰ੍ਹਾਂ ਦਾ ਹੀ ਚਿੰਨ੍ਹ ਹੈ ਜਿਸ ਤਰ੍ਹਾਂ ਸਨਾਤਨ ਧਰਮ ਵਿਚ ਸਿਰ ਦੀ ਬੋਦੀ। ਅਸਾਂ ਕਦੀ ਕੋਈ ਇਤਰਾਜ਼ ਨਹੀਂ ਕੀਤਾ ਕਿ ਇਸ ਦੀ ਲੰਬਾਈ ਮੁਕੱਰਰ ਹੋਣੀ ਚਾਹੀਦੀ ਹੈ, ਇਸੇ ਤਰ੍ਹਾਂ ਕਿਰਪਾਨ ਦੇ ਸਾਈਜ਼ ਉੱਤੇ ਵੀ ਕੋਈ ਪਾਬੰਦੀ ਨਹੀਂ ਹੋ ਸਕਦੀ।”2

ਭਾਈ ਜੋਧ ਸਿੰਘ ਜੀ ਨੂੰ ਪੰਜਾਬੀ ਤੇ ਅੰਗਰੇਜ਼ੀ ਭਾਸ਼ਾਵਾਂ ਤੋਂ ਇਲਾਵਾ ਸੰਸਕ੍ਰਿਤ, ਫ਼ਾਰਸੀ ਭਾਸ਼ਾਵਾਂ ਤੇ ਭਾਰਤੀ ਦਰਸ਼ਨ ਦਾ ਵੀ ਕਾਫੀ ਗਿਆਨ ਸੀ। ਪ੍ਰੋ. ਤੇਜਾ ਸਿੰਘ, ਭਾਈ ਸਾਹਿਬ ਸਿੰਘ, ਭਾਈ ਵੀਰ ਸਿੰਘ ਤੇ ਭਾਈ ਜੋਧ ਸਿੰਘ ਨੇ ਗੁਰਬਾਣੀ ਦੀ ਵਿਆਖਿਆ ਦੀ ਪੁਰਾਤਨ ਵਿਧੀ ਵਿਚ ਕਈ ਲੋੜੀਂਦੇ ਉਸਾਰੂ ਪਰਿਵਰਤਨ ਕਰ ਕੇ, ਨਵੇਂ ਢੰਗ ਨਾਲ ਗੁਰਬਾਣੀ ਦੀ ਵਿਆਖਿਆ ਕੀਤੀ ਹੈ ਕਿਉਂਕਿ ਇਨ੍ਹਾਂ ਸਾਰਿਆਂ ਨੂੰ ਅੰਗਰੇਜ਼ੀ ਭਾਸ਼ਾ ਦਾ ਗਿਆਨ ਹਾਸਲ ਸੀ।

ਮੁਸੀਬਤ ਵੇਲੇ ਹੌਸਲਾ ਨਾ ਛੱਡਣਾ ਤੇ ਆਪਣੇ ਆਪ ’ਤੇ ਭਰੋਸਾ ਇਨ੍ਹਾਂ ਦੀ ਸ਼ਖ਼ਸੀਅਤ ਦੇ ਦੋ ਵੱਡੇ ਗੁਣ ਸਨ। “ਇਕ ਵਾਰੀ ਕਾਲਜ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਲਈ ਜਾਂਦਿਆਂ ਅਚਾਨਕ ਇਨ੍ਹਾਂ ਦਾ ਟਾਂਗਾ ਅੰਗਰੇਜ਼ ਡਿਪਟੀ ਕਮਿਸ਼ਨਰ ਦੀ ਬੱਘੀ ਨਾਲ ਟਕਰਾ ਗਿਆ ਤੇ ਉਨ੍ਹਾਂ ਨੂੰ ਇਨ੍ਹਾਂ ਦੀ ਨੀਅਤ ’ਤੇ ਕੁਝ ਸ਼ੱਕ ਹੋਇਆ, ਜਿਸ ਕਰਕੇ ਇਨ੍ਹਾਂ ਨੂੰ ਕਾਲਜ ਛੱਡਣਾ ਪਿਆ। ਇਸ ਭੈੜੇ ਵੇਲੇ ਇਨ੍ਹਾਂ ਨੇ ਬੜੇ ਹੀ ਠਰ੍ਹੰਮੇ ਤੇ ਹੌਂਸਲੇ ਤੋਂ ਕੰਮ ਲਿਆ। 1924 ਈ: ਵਿਚ ਜਦੋਂ ਕਾਲਜ ਦਾ ਪ੍ਰਬੰਧ ਅੰਗਰੇਜ਼ਾਂ ਦੇ ਹੱਥਾਂ ਵਿੱਚੋਂ ਨਿਕਲ ਗਿਆ ਤਾਂ ਆਪ ਮੁੜ ਕੇ ਖਾਲਸਾ ਕਾਲਜ ਜਾ ਪਹੁੰਚੇ।”3

ਭਾਈ ਜੋਧ ਸਿੰਘ ਜੀ ਰੱਬ ਦੀ ਰਜ਼ਾ ’ਚ ਰਹਿਣ ਵਾਲੇ ਤੇ ਅਸੂਲਾਂ ਦੇ ਪੱਕੇ ਸਨ। ਇਨ੍ਹਾਂ ਨੇ ਆਪ ਤਾਂ ਸੁਚੱਜੀ ਜੀਵਨ-ਜਾਚ ਨੂੰ ਅਪਣਾਇਆ ਹੀ, ਆਪਣੇ ਬੇਟੇ ਸੁੰਦਰ ਸਿੰਘ ਨੂੰ ਵੀ ਇਹੀ ਸਿੱਖਿਆ ਦਿੰਦੇ ਸਨ। ਬੇਟੇ ਸੁੰਦਰ ਸਿੰਘ ਦੇ ਸ਼ਬਦਾਂ ਵਿਚ “1939 ਈ: ਵਿਚ ਮੈਂ ਪਹਿਲੀ ਵਾਰ ਨੌਕਰੀ ’ਤੇ ਜਾਣ ਲੱਗਾ ਤਾਂ ਪਿਤਾ ਜੀ ਨੇ ਇਹ ਇਕਰਾਰ ਕਰਨ ਲਈ ਕਿਹਾ: ਨਾ ਤੂੰ ਆਪ ਸ਼ਰਾਬ ਪੀਣੀ ਹੈ, ਨਾ ਹੀ ਕਿਸੇ ਮਹਿਮਾਨ ਨੂੰ ਆਪਣੇ ਘਰ ਵਿਚ ਪਿਆਉਣੀ ਹੈ। ਰਿਸ਼ਵਤ ਨਹੀਂ ਲੈਣੀ ਅਤੇ ਕੋਈ ਹੋਰ ਭੈੜੀ ਕਰਤੂਤ ਨਹੀਂ ਕਰਨੀ ਜਿਸ ਤੋਂ ਮੇਰੀ ਤੇ ਖਾਨਦਾਨ ਦੀ ਬੇਇਜ਼ਤੀ ਹੋਵੇ। ਯਥਾ-ਸ਼ਕਤ ਗਰੀਬਾਂ ਦੀ ਮਦਦ ਕਰਨੀ ਹੈ ਤੇ ਦਸਵੰਧ ਕੱਢਣਾ ਹੈ। ਮੈਂ ਜਦ 1961 ਈ: ਵਿਚ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਲੱਗਾ ਤਾਂ ਕਹਿਣ ਲੱਗੇ, ਵੇਖੋ ਵਾਹਿਗੁਰੂ ਦਾ ਇਨਸਾਫ। ਜਿਸ ਕਾਲਜ ਵਿੱਚੋਂ ਮੈਨੂੰ ਅੰਗਰੇਜ਼ਾਂ ਵੇਲੇ ਕੱਢਿਆ ਗਿਆ ਸੀ ਤੇ ਕਾਲਜ ਦਾ ਅਹਾਤਾ ਛੱਡਣ ਲਈ 24 ਘੰਟੇ ਦਾ ਨੋਟਿਸ ਮਿਲਿਆ ਸੀ, ਉਸੇ ਕਾਲਜ ਦਾ ਮੈਂ 16 ਸਾਲ ਪ੍ਰਿੰਸੀਪਲ ਰਿਹਾ ਹਾਂ ਤੇ ਜਿਸ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਅੰਗਰੇਜ਼ਾਂ ਵੇਲੇ ਮੇਰੇ ’ਤੇ ਕਾਤਲਾਨਾ ਹਮਲਾ ਕਰਨ ਦਾ ਮੁਕੱਦਮਾ ਬਣਾਉਣਾ ਚਾਹਿਆ ਸੀ, ਤੂੰ ਹੁਣ ਉਸ ਦੀ ਪਦਵੀ ਸੰਭਾਲੀ ਹੈ।”4

ਆਪ ਨੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਹੋਏ ਕਦੇ ਦੂਜੇ ਧਰਮਾਂ ਦੀ ਬੁਰਾਈ ਨਹੀਂ ਕੀਤੀ, ਸਗੋਂ ਉਨ੍ਹਾਂ ਦੀਆਂ ਚੰਗੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਸਨ। ਪੰਥ ਦੀ ਸੇਵਾ ਕਰਨ ਲਈ ਆਪ ਹਮੇਸ਼ਾਂ ਤਤਪਰ ਰਹਿੰਦੇ ਸਨ ਪਰ ਜਦੋਂ ਆਪ ਹੋਰਨਾਂ ਨੂੰ ਬੇਨਤੀ ਕਰਦੇ ਤਾਂ ਦੂਜੇ ਵੀ ਵਧ-ਚੜ੍ਹ ਕੇ ਸੇਵਾ ਕਰਨ ਵਿਚ ਹਿੱਸਾ ਲੈਂਦੇ ਤੇ ਦਾਨ ਦਿੰਦੇ ਸਨ। ਸਿੱਖਾਂ ਦੇ ਧਾਰਮਿਕ ਅਸਥਾਨਾਂ ਨੂੰ ਮਹੰਤਾਂ ਦੇ ਕਬਜ਼ੇ ਵਿੱਚੋਂ ਛੁਡਾਉਣ ਲਈ ਭਾਈ ਜੋਧ ਸਿੰਘ ਨੇ ਅਹਿਮ ਰੋਲ ਅਦਾ ਕੀਤਾ ਸੀ। ਮੁਸੀਬਤ ਵੇਲੇ ਸਿੱਖਾਂ ਨੂੰ ਭਟਕਣ ਲਈ ਨਹੀਂ, ਸਗੋਂ ਸ਼ਾਂਤ ਅਵਸਥਾ ਵਿਚ ਰਹਿਣ ਲਈ ਕਹਿੰਦੇ ਸਨ।

ਚੀਫ ਖਾਲਸਾ ਦੀਵਾਨ ਵੱਲੋਂ ਸਿੱਖ ਕੌਮ ਦੀ ਭਲਾਈ ਲਈ ਜੋ ਵੀ ਨਵੇਂ ਕਦਮ ਉਠਾਏ ਜਾਂਦੇ, ਗੁਰਦੁਆਰਾ ਸੁਧਾਰ ਲਈ ਜੋ ਬਿੱਲ ਬਣਾਏ ਜਾਂਦੇ, ਉਨ੍ਹਾਂ ਸਭ ਦੇ ਖਰੜੇ ਤਿਆਰ ਕਰਨ ਅਤੇ ਸੂਰਮਾ ਸਿੰਘ ਆਸ਼ਰਮ ਦੀ ਸ਼ੁਰੂਆਤ ਕਰਨ ਆਦਿ ਸਭ ਕੰਮਾਂ ਵਿਚ ਭਾਈ ਜੋਧ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਭਾਈ ਸੰਤ ਸਿੰਘ ਨੇ ਭਾਈ ਸਾਹਿਬ ਦੀ ਸ਼ਲਾਘਾ ਬੜੇ ਸੁੰਦਰ ਸ਼ਬਦਾਂ ਵਿਚ ਇਸ ਤਰ੍ਹਾਂ ਕੀਤੀ ਹੈ ਕਿ ਭਾਈ ਜੋਧ ਸਿੰਘ ਜੀ ਦੀ ਚੀਫ ਖਾਲਸਾ ਦੀਵਾਨ ਅਤੇ ਐਜੂਕੇਸ਼ਨਲ ਕਮੇਟੀ ਲਈ ਕੀਤੀ ਸੇਵਾ ਇਕ ਅਣਥੱਕ ਸੇਵਾ ਹੈ, ਜਿਸ ਨੂੰ ਚੀਫ ਖਾਲਸਾ ਦੀਵਾਨ ਕਦੇ ਵੀ ਨਹੀਂ ਭੁਲਾ ਸਕਦਾ। 4 ਦਸੰਬਰ, 1981 ਈ: ਨੂੰ ਆਪ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਕੇ ਇਸ ਦੁਨੀਆਂ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਏ।

ਹਵਾਲੇ ਤੇ ਟਿੱਪਣੀਆਂ :

1. ਖੋਜ ਪੱਤ੍ਰਿਕਾ ਸਫਾ 27, ਗੁਰਦਿਆਲ ਸਿੰਘ ਫੁੱਲ, ‘ਭਾਈ ਜੋਧ ਸਿੰਘ: ਜੀਵਨ ਅਤੇ ਵਿਅਕਤਿਤਵ’।
2. ਉਹੀ ਸਫ਼ਾ 6, ਸੁੰਦਰ ਸਿੰਘ, ‘ਪਿਤਾ ਜੀ ਦੀਆਂ ਕੁਝ ਯਾਦਾਂ’।
3. ਉਹੀ, ਸਾਹਿਬ ਸਿੰਘ, ‘ਪਿਤਾ ਜੀ ਦੀਆਂ ਕੁਝ ਯਾਦਾਂ’।
4. ਭਾਈ ਜੋਧ ਸਿੰਘ ਅਭਿਨੰਦਨ ਗ੍ਰੰਥ (ਸੰਪਾ. ਗੰਡਾ ਸਿੰਘ), ‘ਸੁਭਾਉ-ਚਰਿੱਤਰ’, ਸਫ਼ਾ 97.

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)