ਸਿੱਖ ਇਤਿਹਾਸ ਵਿਚ ਭਾਈ ਸੱਤਾ ਤੇ ਭਾਈ ਬਲਵੰਡ ਨੂੰ ਗੁਰੂ-ਦਰਬਾਰ ਦੇ ਪ੍ਰਸਿੱਧ ਕੀਰਤਨੀਏ (ਰਬਾਬੀ) ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਆਪਣੀ ਰਚਿਤ ਬਾਣੀ ਰਾਮਕਲੀ ਦੀ ਵਾਰ ਰਾਹੀਂ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਪ੍ਰਤਿਭਾ ਨੂੰ ਬਾਖ਼ੂਬੀ ਕਲਮਬੱਧ ਕਰਨ ਦਾ ਯਤਨ ਕੀਤਾ ਹੈ। ਵਾਰ ਦੀਆਂ 8 ਪਉੜੀਆਂ ਵਿੱਚੋਂ 5 ਸ੍ਰੀ ਗੁਰੂ ਅੰਗਦ ਦੇਵ ਜੀ ਨਾਲ ਸੰਬੰਧਿਤ ਹਨ। ਭੱਟਾਂ ਦੇ ਸਵੱਈਏ ਜੋ ਉਨ੍ਹਾਂ ਨੇ ਗੁਰੂ ਸਾਹਿਬਾਨ ਦੀ ਕੀਰਤੀ ਹਿਤ ਰਚੇ ਹਨ, ਉਨ੍ਹਾਂ ਵਿੱਚੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ਖ਼ਸੀਅਤ ਨੂੰ ਬਿਆਨ ਕਰਨ ਲਈ ਭੱਟ ਕਲਸਹਾਰ ਦੇ 10 ਸਵੱਈਏ ਹਨ। ਇਨ੍ਹਾਂ ਦੋਨਾਂ ਬਾਣੀਆਂ ਦਾ ਅਧਿਐਨ ਕਰਨ ਉਪਰੰਤ ਅਸੀਂ ਦੇਖਦੇ ਹਾਂ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦੈਵੀ (ਗੁਰੂ ਜੋਤਿ) ਸਰੂਪ ਨੂੰ ਬਿਆਨ ਕਰਨ ਦਾ ਯਤਨ ਕੀਤਾ ਗਿਆ ਹੈ, ਜਿਸ ਦਾ ਜ਼ਿਕਰ ਅਸੀਂ ਹੇਠ ਲਿਖੇ ਅਨੁਸਾਰ ਕਰ ਰਹੇ ਹਾਂ।
ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਲਿਖਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਭੂ ਦੀ ਬਾਦਸ਼ਾਹਤ ਕਾਇਮ ਕੀਤੀ ਅਤੇ ਸੱਚ ਦੇ ਕਿਲ੍ਹੇ ਦੀ ਮਜ਼ਬੂਤ ਬੁਨਿਆਦ ਰੱਖੀ:
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥
ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ॥ (ਪੰਨਾ 966)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਗੁਰਿਆਈ ਭਾਈ ਲਹਿਣਾ ਜੀ ਨੂੰ ਸੌਂਪ ਕੇ ਗੁਰੂ ਅੰਗਦ ਰੂਪ ਦਿੱਤਾ। ਭੱਟ ਬਾਣੀਕਾਰ ਇਸ ਪ੍ਰਥਾਇ ਲਿਖਦਾ ਹੈ:
ਸੋਈ ਪੁਰਖੁ ਧੰਨੁ ਕਰਤਾ ਕਾਰਣ ਕਰਤਾਰੁ ਕਰਣ ਸਮਰਥੋ॥
ਸਤਿਗੁਰੂ ਧੰਨੁ ਨਾਨਕੁ ਮਸਤਕਿ ਤੁਮ ਧਰਿਓ ਜਿਨਿ ਹਥੋ॥
ਤ ਧਰਿਓ ਮਸਤਕਿ ਹਥੁ ਸਹਜਿ ਅਮਿਉ ਵੁਠਉ ਛਜਿ ਸੁਰਿ ਨਰ ਗਣ ਮੁਨਿ ਬੋਹਿਯ ਅਗਾਜਿ॥ (ਪੰਨਾ 1391)
ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਇਹ ਗੁਰਿਆਈ ਕੋਈ ਐਵੇਂ ਪ੍ਰਾਪਤ ਨਹੀਂ ਹੋਈ ਸਗੋਂ ਅਨੇਕਾਂ ਕਠਿਨ ਪ੍ਰੀਖਿਆਵਾਂ ਤੋਂ ਬਾਅਦ ਪ੍ਰਾਪਤ ਹੋਈ, ਜਿਨ੍ਹਾਂ ਦਾ ਜ਼ਿਕਰ ਜਨਮਸਾਖੀ ਸਾਹਿਤ ਵਿਚ ਵੱਖ-ਵੱਖ ਥਾਈਂ ਕੀਤਾ ਗਿਆ ਹੈ। ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਨੇ ਵੀ ਇਸ ਦੀ ਪ੍ਰੋੜਤਾ ਕੀਤੀ ਹੈ:
ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ ਮੁਰਟੀਐ॥
ਦਿਲਿ ਖੋਟੈ ਆਕੀ ਫਿਰਨਿ੍ ਬੰਨਿ੍ ਭਾਰੁ ਉਚਾਇਨਿ੍ ਛਟੀਐ॥ (ਪੰਨਾ 967)
ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ॥
ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ॥ (ਪੰਨਾ 967)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ ਗੁਰਗੱਦੀ ਨਾ ਦੇ ਕੇ ਸਗੋਂ ਯੋਗ ਅਧਿਕਾਰੀ ਦੀ ਚੋਣ ਕੀਤੀ। ਇਹ ਗੁਰੂ-ਘਰ ਦੀ ਵਡਿਆਈ ਹੈ। ਇਸ ਪ੍ਰਥਾਇ ਗੁਰਬਾਣੀ ਵਿਚ ਕਿਹਾ ਗਿਆ ਹੈ:
ਤਖਤਿ ਬਹੈ ਤਖਤੈ ਕੀ ਲਾਇਕ॥ (ਪੰਨਾ 1039)
ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਲਿਖਦੇ ਹਨ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਸੌਂਪੀ ਤਾਂ ਭਾਈ ਲਹਿਣਾ ਜੀ ਦੀ ਦੁਹਾਈ ਫਿਰ ਗਈ ਪਰੰਤੂ ਹੈਰਾਨੀਜਨਕ ਗੱਲ ਇਹ ਹੋਈ ਕਿ ਗੁਰੂ ਜੋਤਿ ਤਾਂ ਉਹੋ ਹੀ ਰਹੀ ਅਤੇ ਉਸ ਨੂੰ ਨਿਰੰਤਰਤਾ ਪ੍ਰਦਾਨ ਕਰਨ ਲਈ ਜੁਗਤਿ ਦੇ ਸਿਧਾਂਤ ਵਿਚ ਕੋਈ ਫ਼ਰਕ ਨਹੀਂ ਆਉਣ ਦਿੱਤਾ, ਕੇਵਲ ਕਾਇਆ ਹੀ ਪਲਟੀ ਜਿਸ ਦੀ ਪ੍ਰੋੜਤਾ ਇਨ੍ਹਾਂ ਸਤਰਾਂ ਤੋਂ ਹੋ ਜਾਂਦੀ ਹੈ:
ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ॥
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥ (ਪੰਨਾ 966)
ਉਪਰੋਕਤ ਵਿਚਾਰਾਂ ਦੀ ਗਵਾਹੀ ਭਰਦੇ ਭਾਈ ਗੁਰਦਾਸ ਜੀ ਲਿਖਦੇ ਹਨ:
ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰਿ ਛਤ੍ਰੁ ਫਿਰਾਇਆ।
ਜੋਤੀ ਜੋਤਿ ਮਿਲਾਇ ਕੈ ਸਤਿਗੁਰ ਨਾਨਕਿ ਰੂਪੁ ਵਟਾਇਆ।
ਲਖਿ ਨ ਕੋਈ ਸਕਈ ਆਚਰਜੇ ਆਚਰਜੁ ਦਿਖਾਇਆ।
ਕਾਇਆ ਪਲਟਿ ਸਰੂਪੁ ਬਣਾਇਆ॥ (ਵਾਰ 1:45)
ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਸਰੂਪ ਹੀ ਹਨ ਕਿਉਂਕਿ ਇਨ੍ਹਾਂ ਵਿਚ ਇਕ ਹੀ ਜੋਤਿ ਹੈ ਤੇ ਇਹੀ ਜੋਤਿ ਦਸ ਜਾਮਿਆਂ ਵਿਚ ਇਕਰੂਪ ਵਿਚਰਦੀ ਰਹੀ। ਇਸ ਵਿਚਾਰ ਨੂੰ ਗੁਰਬਾਣੀ ਵਿਚ ਇਸ ਤਰ੍ਹਾਂ ਰੂਪਮਾਨ ਕੀਤਾ ਗਿਆ ਹੈ:
ਤਤੁ ਨਿਰੰਜਨੁ ਜੋਤਿ ਸਬਾਈ ਸੋਹੰ ਭੇਦੁ ਨ ਕੋਈ ਜੀਉ॥
ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ॥ (ਪੰਨਾ 599)
ਭੱਟ ਬਾਣੀਕਾਰ ਕਹਿੰਦੇ ਹਨ ਕਿ ਤੈਨੂੰ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਭੂਤਾ ਪ੍ਰਦਾਨ ਕੀਤੀ ਸੀ ਕਿਉਂਕਿ ਤੂੰ ਪ੍ਰਧਾਨ ਗੁਰਾਂ ਦੀ ਟਹਿਲ ਕਮਾਈ ਸੀ। ਹੇ ਗੁਰੂ ਅੰਗਦ ਦੇਵ ਜੀ! ਆਪ ਜੀ ਦੇ ਦਰਸ਼ਨ ਸਾਈਂ, ਹਰੀ (ਪਰਮਾਤਮਾ) ਦੇ ਦਰਸ਼ਨ ਵਰਗਾ ਹੈ:
ਹਰਿ ਹਰਿ ਦਰਸ ਸਮਾਨ ਆਤਮਾ ਵੰਤਗਿਆਨ ਜਾਣੀਅ ਅਕਲ ਗਤਿ ਗੁਰ ਪਰਵਾਨ॥
ਜਾ ਕੀ ਦ੍ਰਿਸਟਿ ਅਚਲ ਠਾਣ ਬਿਮਲ ਬੁਧਿ ਸੁਥਾਨ ਪਹਿਰਿ ਸੀਲ ਸਨਾਹੁ ਸਕਤਿ ਬਿਦਾਰਿ॥ (ਪੰਨਾ 1391)
ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ਖ਼ਸੀਅਤ ਅਜਿਹੀ ਹੈ ਕਿ ਉਨ੍ਹਾਂ ਦੇ ਨੇਤਰਾਂ ਦੀ ਆਬ-ਏ-ਹਯਾਤ ਦੀ ਨਦੀ ਪਾਪਾਂ ਦੀ ਕਾਲਖ ਨੂੰ ਧੋ ਸੁੱਟਦੀ ਹੈ ਅਤੇ ਉਨ੍ਹਾਂ ਦੇ ਦਰ ਦੇ ਦਰਸ਼ਨ ਬੇਸਮਝੀ ਦਾ ਹਨ੍ਹੇਰਾ ਦੂਰ ਕਰ ਦਿੰਦੇ ਹਨ। ਸ੍ਰੀ ਗੁਰੂ ਅੰਗਦ ਦੇਵ ਜੀ ਦੀ ਇਹ ਵੀ ਵਿਲੱਖਣਤਾ ਹੈ ਕਿ ਉਹ ਨਾਮ-ਸਿਮਰਨ ਕਰਦੇ ਹਨ ਜਿਸ ਨਾਲ ਔਖੇ ਤੋਂ ਔਖੇ ਕੰਮ ਵੀ ਅਸਾਨ ਹੋ ਜਾਂਦੇ ਹਨ। ਜੋ ਵੀ ਨਾਮ-ਸਿਮਰਨ ਕਰਦੇ ਹਨ ਉਹ ਸੰਸਾਰ ਰੂਪੀ ਸਮੁੰਦਰ ਨੂੰ ਪਾਰ ਕਰ ਜਾਂਦੇ ਹਨ ਅਤੇ ਪਾਪਾਂ ਦੇ ਬੋਝ ਤੋਂ ਖਲਾਸੀ ਪਾ ਲੈਂਦੇ ਹਨ।
ਭੱਟ ਬਾਣੀਕਾਰ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਜਨਕ ਰਾਜੇ ਨਾਲ ਤੁਲਨਾ ਕੀਤੀ ਹੈ। ਹਿੰਦੂ ਇਤਿਹਾਸ ਅਨੁਸਾਰ ਇਕ ਜਨਕ ਰਾਜਾ ਹੀ ਅਜਿਹਾ ਹੋਇਆ ਹੈ, ਜਿਸ ਨੇ ਰਾਜ ਕਰਦਿਆਂ ਜਗਤ ਨੂੰ ਮਿਥਿਆ ਮੰਨਿਆ। ਗੁਰੂ ਅੰਗਦ ਸਾਹਿਬ ਵੀ ਉਸ ਵਾਂਗ ਨਿਰਲੇਪ ਇਸ ਜਗਤ ਵਿਚ ਪਾਣੀ (ਚਿੱਕੜ) ਅੰਦਰ ਕੰਵਲ ਦੀ ਨਿਆਈਂ ਹੈ। ਇਸ ਦੀ ਪ੍ਰੋੜਤਾ ਇਨ੍ਹਾਂ ਪੰਕਤੀਆਂ ਤੋਂ ਹੁੰਦੀ ਹੈ:
ਤੂ ਤਾ ਜਨਿਕ ਰਾਜਾ ਅਉਤਾਰੁ ਸਬਦੁ ਸੰਸਾਰਿ ਸਾਰੁ ਰਹਹਿ ਜਗਤ੍ਰ ਜਲ ਪਦਮ ਬੀਚਾਰ॥ (ਪੰਨਾ 1391)
ਸ੍ਰੀ ਗੁਰੂ ਅੰਗਦ ਦੇਵ ਜੀ ਦੀ ਪ੍ਰਤਿਭਾ ਦੁਖੀਆਂ ਦੇ ਦੁੱਖ ਦੂਰ ਕਰਨ ਵਾਲੀ ਹੈ। ਭੱਟ ਬਾਣੀਕਾਰ ਇਸ ਪ੍ਰਥਾਇ ਲਿਖਦਾ ਹੋਇਆ ਕਹਿੰਦਾ ਹੈ ਕਿ ਸਵਰਗੀ ਬ੍ਰਿਛ ਦੀ ਮਾਨੰਦ ਆਪ ਜਗਤ ਦੀਆਂ ਬੀਮਾਰੀਆਂ (ਦੁੱਖਾਂ-ਤਕਲੀਫਾਂ) ਨੂੰ ਨਸ਼ਟ ਕਰ ਦਿੰਦਾ ਹੈ:
ਕਲਿਪ ਤਰੁ ਰੋਗ ਬਿਦਾਰੁ ਸੰਸਾਰ ਤਾਪ ਨਿਵਾਰੁ ਆਤਮਾ ਤ੍ਰਿਬਿਧਿ ਤੇਰੈ ਏਕ ਲਿਵ ਤਾਰ॥ (ਪੰਨਾ 1391)
ਹੇ ਗੁਰੂ ਅੰਗਦ ਦੇਵ ਜੀ! ਆਪ ਜੀ ਦੇ ਖਿਆਲ ਪਵਿੱਤਰ ਹਨ ਅਤੇ ਆਪ ਜੀ ਫਲ ਨਾਲ ਭਰੇ ਹੋਏ ਬ੍ਰਿਛ ਵਾਂਗ ਨਿਮਰਤਾ ਅੰਦਰ ਨਿਉਂਦਾ ਹੋ ਅਤੇ ਫਲਦਾਰ ਹੋਣ ਦਾ ਦੁੱਖ ਸਹਾਰਦੇ ਹੋ ਕਿਉਂਕਿ ਆਪ ਜੀ ਨੇ ਸਰਬ-ਵਿਆਪਕ ਤੇ ਅਦ੍ਰਿਸ਼ਟ ਅਤੇ ਅਦਭੁਤ ਸੁਆਮੀ ਨੂੰ ਅਨੁਭਵ ਕਰ ਲਿਆ ਹੈ। ਆਪ ਜੀ ਨੇ ਮਕਬੂਲ ਗੁਰੂ ਦਾ ਦਰਜਾ ਪ੍ਰਾਪਤ ਕਰ ਲਿਆ ਹੈ ਅਤੇ ਸੱਚ ਤੇ ਸੰਤੁਸ਼ਟਤਾ ਨੂੰ ਗ੍ਰਹਿਣ ਕਰ ਲਿਆ ਹੈ। ਭੱਟ ਬਾਣੀਕਾਰ ਕਲਸਹਾਰ ਕਹਿੰਦੇ ਹਨ ਕਿ ਜਿਸ ਕਿਸੇ ਨੂੰ ਲਹਿਣੇ ਦਾ ਦੀਦਾਰ ਪ੍ਰਾਪਤ ਹੋ ਜਾਂਦਾ ਹੈ ਉਹ ਆਪਣੇ ਹਰੀ ਨੂੰ ਮਿਲ ਜਾਂਦਾ ਹੈ। ਇਸ ਹਰੀ ਨੂੰ ਮਿਲਣ ਦਾ ਸਾਧਨ ਹੈ ਨਾਮ-ਨਾਮ ਆਪ ਜੀ ਦੀ ਦਵਾਈ ਹੈ, ਨਾਮ ਆਸਰਾ ਤੇ ਨਾਮ ਹੀ ਆਪ ਜੀ ਦੀ ਸਮਾਧੀ ਦਾ ਆਰਾਮ ਅਤੇ ਪ੍ਰਭੂ ਦੇ ਨਾਮ ਦੀ ਮੋਹਰ ਆਪ ਜੀ ਨੂੰ ਹਮੇਸ਼ਾ ਸਸ਼ੋਭਿਤ ਕਰਦੀ ਹੈ। ਆਪ ਜੀ ਪ੍ਰਭੂ ਦੇ ਪਿਆਰ ਨਾਲ ਰੰਗੇ ਹੋਏ ਹੋ। ਪ੍ਰਭੂ ਨਾਮ ਦੇਵਤਿਆਂ ਅਤੇ ਮਨੁੱਖਾਂ ਨੂੰ ਸੁਗੰਧਤ ਕਰ ਦਿੰਦਾ ਹੈ। ਜੇ ਕੋਈ ਨਾਮ ਰੂਪੀ ਪਾਰਸ ਨੂੰ ਪਾ ਲੈਂਦਾ ਹੈ ਤਾਂ ਉਹ ਸੱਚ ਸਰੂਪ ਹੋ ਜਾਂਦਾ ਹੈ ਅਤੇ ਉਸ ਦੀ ਪ੍ਰਭੂਤਾ ਦਾ ਸੂਰਜ ਸਾਰੇ ਸੰਸਾਰ ਅੰਦਰ ਚਮਕਦਾ ਹੈ।
ਉਪਰੋਕਤ ਵਿਆਖਿਆ ਤੋਂ ਅਸੀਂ ਇਸ ਸਿੱਟੇ ‘ਤੇ ਪੁੱਜਦੇ ਹਾਂ ਕਿ ਗੁਰੂ ਤੇ ਪਰਮਾਤਮਾ ਇਕ ਹੀ ਹਨ। ਦੋਹਾਂ ਵਿਚ ਏਨੀ ਅਭੇਦਤਾ ਹੈ ਕਿ ਸਿੱਖ, ਗੁਰੂ ਵਿੱਚੋਂ ਹੀ ਗੋਬਿੰਦ ਨੂੰ ਦਿਬ-ਦ੍ਰਿਸ਼ਟੀ ਰਾਹੀਂ ਨਿਹਾਰਦਾ ਹੈ। ਇਸੇ ਕਰਕੇ ਡਾ. ਮਨਮੋਹਨ ਸਹਿਗਲ ਲਿਖਦੇ ਹਨ- “ਜਿਉਂ-ਜਿਉਂ ਚਿੰਤਨ ਦਾ ਖੇਤਰ ਵਿਸਤ੍ਰਿਤ ਹੁੰਦਾ ਹੈ, ਗੁਰੂ ਹੀ ਬ੍ਰਹਮ ਰੂਪ ਦਿਖਾਈ ਦੇਣ ਲੱਗਦਾ ਹੈ ਅਤੇ ਸਿੱਖ ਦੀ ਉਹ ਅਵਸਥਾ ਵੀ ਦੂਰ ਨਹੀਂ ਰਹਿ ਜਾਂਦੀ ਜਦ ਉਹ ਗੁਰੂ ਨੂੰ ਸਾਖਿਆਤ ਬ੍ਰਹਮ ਸਵੀਕਾਰ ਕਰਦਾ ਹੈ ਅਤੇ ਦੋਹਾਂ ਦੀ ਅਭੇਦਤਾ ਸਥਾਪਨਾ ਸਰੂਪ ਹੋ ਜਾਂਦੀ ਹੈ।” (ਉਤਾਰਾ: ਲਤਾ ਬਾਂਸਲ, ਧਰਮ, ਸਫ਼ਾ 269)
ਇਸ ਦਾ ਸਿਧਾਂਤਕ ਦ੍ਰਿਸ਼ਟੀਕੋਣ ਤੋਂ ਆਧਾਰ ਇਹੀ ਹੈ ਗੁਰੂ ਜੋਤਿ ਸਰੂਪੀ ਹੈ। ਗੁਰ-ਫ਼ੁਰਮਾਨ ਹੈ:
ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ ਇਕ ਵਸਤੁ ਅਨੂਪ ਦਿਖਾਈ॥
ਗੁਰ ਗੋਵਿੰਦੁ ਗੋੁਵਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ॥ (ਪੰਨਾ 442)
ਸਿੱਖ-ਸਿਧਾਂਤਾਂ ਦੇ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਗੁਰੂ ਦਾ ਪੰਜ ਭੂਤਕ ਸਰੀਰ ਗੁਰੂ ਨਹੀਂ, ਸਗੋਂ ਉਸ ਦੀ ਆਤਮ ਜੋਤਿ ਹੈ ਜੋ ਉਸ ਦੇ ਸਰੀਰ ਰਾਹੀਂ ਵਿਸ਼ਵ ਕਲਿਆਣ ਲਈ ਕੰਮ ਕਰਦੀ ਹੈ। ਗੁਰੂ ਸ਼ਬਦ ਸਰੂਪ ਹੈ ਤੇ ਇਹ ਸ਼ਬਦ ਆਪਣੀ ਸੂਖਮਤਾ ਵਿਚ ਜੋਤਿ ਦਾ ਪ੍ਰਕਾਸ਼ ਹੈ। ਸ਼ਬਦ ਦੀ ਵਿਚਾਰ ਕਰਨਾ ਜੋਤਿ ਦੇ ਸਰੂਪ ਨੂੰ ਅਨੁਭਵ ਕਰਨਾ ਹੈ। ਇਸ ਪ੍ਰਥਾਇ ਗੁਰ-ਫ਼ੁਰਮਾਨ ਹੈ:
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ (ਪੰਨਾ 594)
ਗੁਰੂ ਦੀ ਵਿਚਾਰਧਾਰਾ ਨੂੰ ਅਪਣਾਉਣਾ ਗੁਰੂ ਦੇ ਅਸਲ ਦਰਸ਼ਨ ਹਨ। ਆਓ! ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ਤਾਬਦੀ ਮਨਾਉਂਦਿਆਂ ਹੋਇਆਂ ਅਸੀਂ ਵੀ ਇਹ ਪ੍ਰਣ ਕਰੀਏ ਕਿ ਅਸੀਂ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ ‘ਤੇ ਤੁਰਨ ਦਾ ਯਤਨ ਕਰਾਂਗੇ। ਅੰਤ ਵਿਚ ਅਸੀਂ ਭਾਈ ਸੱਤਾ ਤੇ ਬਲਵੰਡ ਦੀਆਂ ਇਨ੍ਹਾਂ ਸਤਰਾਂ ਰਾਹੀਂ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਨਤ-ਮਸਤਕ ਹੁੰਦੇ ਹਾਂ:
ਹੋਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ॥
ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ॥ (ਪੰਨਾ 967)
ਲੇਖਕ ਬਾਰੇ
- ਡਾ. ਮਲਕਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%ae%e0%a8%b2%e0%a8%95%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/July 1, 2008
- ਡਾ. ਮਲਕਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%ae%e0%a8%b2%e0%a8%95%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/April 1, 2010