ਭਾਈ ਸੱਤੇ ਬਲਵੰਡ ਦੀ ਵਾਰ ਪਰੰਪਰਾਗਤ ਲੋਕ-ਵਾਰਾਂ ਅਤੇ ਗੁਰੂ-ਵਾਰਾਂ ਦੋਨਾਂ ਨਾਲੋਂ ਵਿਲੱਖਣ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 966 ਤੋਂ 968 ਤੀਕ 88 ਪੰਕਤੀਆਂ ਦੀ ਇਹ ਵਾਰ ਜਿੱਥੇ ਗੁਰੂ-ਸੰਸਥਾ ਦੇ ਆਸ਼ੇ ’ਤੇ ਖਰੀ ਉਤਰਦੀ ਹੈ ਉੱਥੇ ਸਿੱਖ ਇਤਿਹਾਸਕ ਨੁਕਤਿਆਂ ਦੀ ਪ੍ਰੋੜਤਾ ਵੀ ਕਰਦੀ ਹੈ। ਗੁਰਬਾਣੀ ਦੇ ਪ੍ਰੋੜ੍ਹ ਵਿਆਖਿਆਕਾਰ ਪ੍ਰੋ. ਸਾਹਿਬ ਸਿੰਘ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਦੀ ਸਤਵੀਂ ਪੋਥੀ ਵਿਚ ਪੰਨਾ 186 ਤੋਂ 221 ਤੀਕ ਭਾਈ ਸੱਤਾ ਤੇ ਭਾਈ ਬਲਵੰਡ ਦੇ ਜੀਵਨ ਤੇ ਰਚਨਾ ਬਾਰੇ ਭਰਪੂਰ ਚਰਚਾ ਕਰਦੇ ਹੋਏ ਇਸ ਸਿੱਟੇ ’ਤੇ ਪੁੱਜਦੇ ਹਨ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਪਾਸ ਦੋ ਕੀਰਤਨੀਏ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਸਨ। ਇਨ੍ਹਾਂ ਕਾਫੀ ਚਿਰ ਗੁਰੂ-ਘਰ ਦੀ ਸੇਵਾ ਕੀਤੀ। ਭਾਈ ਸੱਤਾ ਜੀ ਦੀ ਲੜਕੀ ਜਦੋਂ ਮੁਟਿਆਰ ਹੋ ਗਈ ਤਾਂ ਉਨ੍ਹਾਂ ਦੋਹਾਂ ਨੇ ਰਲ਼ ਕੇ ਲੜਕੀ ਦੇ ਹੱਥ ਪੀਲੇ ਕਰਨ ਲਈ ਗੁਰੂ ਜੀ ਪਾਸ ਮਾਇਆ ਲਈ ਬਿਨੈ ਕੀਤੀ ਕਿ ਉਨ੍ਹਾਂ ਨੂੰ ਵਿਸਾਖ ਦੀ ਸੰਗਰਾਂਦ ਦਾ ਚੜ੍ਹਾਵਾ ਦਿੱਤਾ ਜਾਵੇ। ਗੁਰੂ ਜੀ ਨੇ ਹਾਂ ਕਰ ਦਿੱਤੀ। ਕੁਦਰਤੀ ਚੜ੍ਹਾਵਾ ਥੋੜ੍ਹਾ ਚੜ੍ਹਿਆ ਤੇ ਭਾਈ ਸੱਤੇ-ਭਾਈ ਬਲਵੰਡ ਨੂੰ ਮਾਇਆ ਲੋੜ ਨਾਲੋਂ ਥੋੜ੍ਹੀ ਮਿਲੀ। ਨਤੀਜੇ ਵਜੋਂ ਦੋਵੇਂ ਕੀਰਤਨੀਏ ਗੁਰੂ-ਘਰ ਨਾਲੋਂ ਰੁੱਸ ਗਏ। ਗੁਰੂ ਜੀ ਕੀਰਤਨੀਆਂ ਦੇ ਸਤਿਕਾਰ ਲਈ ਉਨ੍ਹਾਂ ਪਾਸ ਗਏ ਤੇ ਕੀਰਤਨ ਕਰਨ ਲਈ ਆਖਿਆ ਪਰੰਤੂ ਉਨ੍ਹਾਂ ਕੋਈ ਪਰਵਾਹ ਨਾ ਕੀਤੀ। ਦੋ ਕੁ ਮਹੀਨੇ ਲੰਘੇ ਤਾਂ ਭਾਈ ਸੱਤਾ ਤੇ ਭਾਈ ਬਲਵੰਡ ਰੋਜ਼ਾਨਾ ਲੋੜਾਂ ਦੀ ਪੂਰਤੀ ਤੋਂ ਵੀ ਆਤੁਰ ਹੋ ਗਏ ਤਾਂ ਭਾਈ ਲੱਧਾ ਜੀ ਲਾਹੌਰ ਵਾਲਿਆਂ ਨੂੰ ਵਿੱਚ ਪਾ ਕੇ ਪੰਚਮ ਪਾਤਸ਼ਾਹ ਜੀ ਪਾਸੋਂ ਮੁਆਫੀ ਮੰਗੀ ਅਤੇ ਗੁਰੂ-ਘਰ ਦੀ ਉਸਤਤਿ ਕੀਤੀ ਤੇ ਰਾਮਕਲੀ ਰਾਗ ਵਿਚ ਇਹ ਵਾਰ ਉਚਾਰੀ।
ਇਸੇ ਵਾਰ ਵਿਚ ਭਾਈ ਸੱਤਾ ਤੇ ਭਾਈ ਬਲਵੰਡ ਦੁਆਰਾ ਗੁਰੂ-ਸੰਸਥਾ ਦੀ ਉਸਤਤ ਕੀਤੀ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਤੀਕ ਵੱਖ-ਵੱਖ ਗੁਰੂ-ਸ਼ਖ਼ਸੀਅਤਾਂ ਦੇ ਸਾਰੇ ਪੱਖਾਂ ’ਤੇ ਚਾਨਣਾ ਪਾਉਂਦੇ ਹੋਏ ਗੁਰੂ ਸੰਸਥਾ ਦਾ ਯਸ਼ ਗਾਉਂਦੇ ਹਨ। ਜਿੱਥੇ ਇੱਕੀ ਗੁਰੂ-ਵਾਰਾਂ ਗੁਰੂ-ਸੰਸਥਾ ਦਾ ਮਹਿਲ ਉਸਾਰਦੀਆਂ ਹਨ ਉਥੇ ਇਹ ਵਾਰ ਗੁਰੂ-ਸੰਸਥਾ ਦੀ ਅਤਿ ਭਾਵਭਿੰਨੀ ਸਿਫ਼ਤ ਕਰਦੀ ਹੋਈ ਸਿੱਖ-ਸਿਧਾਂਤਾਂ ਦਾ ਨਿਰੂਪਣ ਕਰਦੀ ਹੈ। ਕਰਤਾ ਪੁਰਖ ਦੀ ਪ੍ਰਭੂਸੱਤਾ ਤੇ ਮਹਾਨਤਾ ਦਾ ਪ੍ਰਗਟਾਵਾ ਕਰਦੇ ਹੋਏ ਭਾਈ ਬਲਵੰਡ ਜੀ ਕਹਿੰਦੇ ਹਨ:
ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ॥ (ਪੰਨਾ 966)
ਜਿਸ ’ਤੇ ਅਕਾਲ ਪੁਰਖ ਦੀ ਮਿਹਰ ਹੈ ਉਸ ਵਰਗਾ ਹੋਰ ਕੌਣ ਹੋ ਸਕਦਾ ਹੈ? ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਸੰਬੰਧੀ ਮਹੱਤਵਪੂਰਨ ਗੱਲ ਇਹੀ ਕਹਿੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਰਾਜ ਚਲਾਇਆ ਹੈ ਇਹ ਸੰਸਾਰਕ ਰਾਜ ਨਹੀਂ, ਇਹ ਧਰਮ ਦਾ ਰਾਜ ਹੈ ਜਿਸ ਦੀ ਨੀਂਹ ਸਤ ਦੇ ਬਲ ਉੱਤੇ ਹੈ। ਇਹ ਤਾਂ ਅਧਿਆਤਮਕ ਰਾਜ ਹੈ:
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥
ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ॥ (ਪੰਨਾ 966)
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਦੇ ਗੁਣ ਬਾਣੀਕਾਰ ‘ਅਕਥਨੀਯ’ ਦੱਸਦਾ ਹੈ। ਇਸ ਦੈਵੀ ਸ਼ਖ਼ਸੀਅਤ ਵਿਚ ਸਤ ਵਰਗੇ ਗੁਣ ਸੁਭਾਵਕ ਹੀ ਸਮੋਏ ਹੋਏ ਹਨ:
ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ॥ (ਪੰਨਾ 966)
ਵਾਰ ਦਾ ਨਾਇਕ ਗੁਰ-ਸੰਸਥਾ ਦੀ ਜੀਵਨ-ਜੁਗਤ ਹੈ ਜਿਹੜੀ ਸਰਵਭੌਮਿਕ ਹੈ। ਇਸ ਜੀਵਨ-ਜੁਗਤ ਨਾਲ ਸੰਸਾਰ ਵਿਚ ਰਹਿੰਦਿਆਂ ਕਰਤਾ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਬਾਣੀਕਾਰਾਂ ਦੁਆਰਾ ਗੁਰਮਤਿ ਜੀਵਨ-ਜੁਗਤ ਦਾ ਇਕ ਅਤਿ ਮਹੱਤਵਪੂਰਨ ਅਤੇ ਨਿਵੇਕਲਾ ਪੱਖ ਜਿਹੜਾ ਤਤਕਾਲੀਨ ਵਰਤਾਰੇ ਤੋਂ ਬਿਲਕੁਲ ਉਲਟ ਸੀ ਉਲਟੀ ਗੰਗਾ ਬਹਾਉਣ ਵਾਲਾ ਪ੍ਰਤੀਤ ਹੁੰਦਾ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖ ਲਹਿਣਾ ਜੀ ਅੱਗੇ ਨਮਸਕਾਰ ਕੀਤੀ ਅਤੇ ਆਪਣੇ ਜਿਊਂਦਿਆਂ ਹੀ ਉਸ ਨੂੰ ਗੁਰਗੱਦੀ ਦਾ ਟਿੱਕਾ ਦਿੱਤਾ:
ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ॥
ਸਹਿ ਟਿਕਾ ਦਿਤੋਸੁ ਜੀਵਦੈ॥ (ਪੰਨਾ 966)
ਭਾਈ ਸੱਤਾ ਜੀ ਆਖਦੇ ਹਨ:
ਹੋਰਿਂਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨੁ॥
ਨਾਨਕ ਈਸਰਿ ਜਗਨਾਥਿ ਉਚਹਦੀ ਵੈਣੁ ਵਿਰਿਕਿਓਨੁ॥ (ਪੰਨਾ 967)
ਇਸ ਵਾਰ ਵਿਚ ਗੁਰੂ ਤੇ ਪਾਰਬ੍ਰਹਮ ਅਭੇਦ ਹੋ ਗਏ ਹਨ। ਬਾਣੀਕਾਰ ਗੁਰੂ-ਸੰਸਥਾ ਦੀ ਸਿਫ਼ਤ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਗਤ ਦਾ ਈਸ਼ਵਰ ਤੇ ਨਾਥ ਸਵੀਕਾਰਦਾ ਹੈ। ਭਾਈ ਸੱਤਾ ਜੀ ਇਸ ਵਾਰ ਵਿਚ ਹਿੰਦੂ ਧਰਮ ਦੇ ਦੇਵਤਿਆਂ ਤੇ ਦੈਤਾਂ ਦੇ ਸਮੁੰਦਰ ਰਿੜਕਣ ਦਾ ਪ੍ਰਤੀਕ ਵਰਤਦੇ ਹਨ। ਗੁਰੂ ਜੀ ਨੇ ਉੱਚੀ ਸੁਰਤ ਦਾ ਮਾਧਾਣਾ ਪਾ ਕੇ ਮਨ ਰੂਪ ਸੱਪ ਦਾ ਨੇਤਰਾ ਪਾ ਕੇ ਸ਼ਬਦ ਰੂਪੀ ਸਮੁੰਦਰ ਨੂੰ ਰਿੜਕਿਆ ਤੇ 14 ਰਤਨ ਕੱਢੇ। ਇਸ ਨਾਲ ਸਾਰਾ ਸੰਸਾਰ ਸੁਖ ਰੂਪ ਹੋ ਗਿਆ।
ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ॥
ਚਉਦਹ ਰਤਨ ਨਿਕਾਲਿਅਨੁ ਕਰਿ ਆਵਾ ਗਉਣੁ ਚਿਲਕਿਓਨੁ॥ (ਪੰਨਾ 967)
ਗੁਰੂ-ਸੰਸਥਾ ਦੀ ਜੀਵਨ-ਜੁਗਤ ਦਾ ਨਿਵੇਕਲਾ ਲੱਛਣ ਜੋਤ ਦੀ ਏਕਤਾ ਹੈ ਜਿਹੜੀ ਕਾਇਆ ਪਲਟਣ ਨਾਲ ਬਦਲਦੀ ਨਹੀਂ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣਾ ਉੱਤਰਾਧਿਕਾਰੀ ਚੁਣਨ ਵੇਲੇ ਆਪਣੇ ਪੁੱਤਰਾਂ ਤੇ ਸੇਵਕਾਂ ਦੀ ਘੋਖ ਕਰਦੇ ਹਨ। ਜਦੋਂ ਇਹ ਪਰਪੱਕ ਹੋ ਗਿਆ ਕਿ ਭਾਈ ਲਹਿਣਾ ਜੀ ਹੀ ਇਸ ਜੀਵਨ-ਜੁਗਤ ਦੇ ਯੋਗ ਹਨ ਤਾਂ:
ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿਕਿਓਨੁ॥
ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ॥ (ਪੰਨਾ 967)
ਭਾਈ ਗੁਰਦਾਸ ਜੀ ਵੀ ਗੁਰੂ-ਸੰਸਥਾ ਦੀ ਉਸਤਤ ਕਰਦੇ ਹੋਏ ਇਸ ਨੂੰ ਜੋਤ ਦਾ ਜੋਤ ਵਿਚ ਸਮਾਉਣਾ ਆਖਦੇ ਹਨ:
ਜੋਤਿ ਸਮਾਣੀ ਜੋਤਿ ਵਿਚਿ ਗੁਰਮਤਿ ਸੁਖੁ ਦੁਰਮਤਿ ਦੁਖ ਦਹਣਾ। (ਵਾਰ 24:6)
ਪ੍ਰੋ. ਸ਼ੇਰ ਸਿੰਘ ਅਨੁਸਾਰ ਸ੍ਰੀ ਗੁਰੂ ਅੰਗਦ ਦੇਵ ਜੀ ਵਿਚ ਨਾ ਕੇਵਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਹੀ ਸੀ ਸਗੋਂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਕਾਰ-ਵਿਹਾਰ, ਖਿਆਲ ਤੇ ਕਰਮ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਵਾਲੇ ਸਨ।
ਗੁਰਮਤਿ ਵਿਚ ਗੁਰੂ ਦੀ ਖਾਸ ਮਹੱਤਤਾ ਹੈ। ਗੁਰੂ ਦਾ ਭਾਵ ਪ੍ਰਕਾਸ਼ ਕਰਨ ਵਾਲਾ ਜਾਂ ਰਹਿਨੁਮਾ ਹੈ। ਜਦੋਂ ਪੰਜ-ਭੂਤਕ ਸਰੀਰ ਨਹੀਂ ਰਹਿੰਦਾ ਤਾਂ ਉਸ ਗੁਰੂ ਦੇ ਮੁੱਖ ਦੁਆਰਾ ਉਚਰਤਿ ‘ਬਚਨ’ ਹੀ ਗੁਰੂ ਦਾ ਸਥਾਨ ਗ੍ਰਹਿਣ ਕਰਦੇ ਹਨ ਅਤੇ ਅਸਲ ਵਿਚ ਸ਼ਬਦ ਹੀ ਗੁਰੂ ਹੈ। ਜਿਵੇਂ ਕੋਠੇ ਦੀ ਛੱਤ ਨੂੰ ਥੰਮੀ ਦਾ ਸਹਾਰਾ ਹੁੰਦਾ ਹੈ ਇਵੇਂ ਹੀ ਗੁਰੂ ਦੇ ਸ਼ਬਦ ਦਾ ਸਹਾਰਾ ਮਨ ਨੂੰ ਹੁੰਦਾ ਹੈ:
ਜਿਉ ਮੰਦਰ ਕਉ ਥਾਮੈ ਥੰਮਨੁ॥
ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ॥ (ਪੰਨਾ 282)
ਗੁਰੂ ਜਿੱਥੇ ਅਧਿਆਤਮਿਕ ਮੰਡਲਾਂ ਦਾ ਪੱਥ-ਪ੍ਰਦਰਸ਼ਕ ਹੈ ਉੱਥੇ ਗੁਰੂ ਮਨੁੱਖ-ਮਾਤਰ ਨੂੰ ਸੰਸਾਰ ਵਿਚ ਰਹਿਣ ਦੇ ਯੋਗ ਵੀ ਬਣਾਉਂਦਾ ਹੈ। ਸੰਸਾਰ ਵਿਚ ਰਹਿਣ ਲਈ ਮਨੁੱਖ ਦਾ ਸਦਾਚਾਰ ਬਹੁਤ ਉੱਚਾ ਹੋਣਾ ਜ਼ਰੂਰੀ ਹੈ। ਇਹ ਸਦਾਚਾਰ ਗੁਰੂ ਦੀ ਕਿਰਪਾ, ਭਾਣਾ ਜਾਂ ਰਜ਼ਾ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਗੁਰੂ ਦਾ ਹੁਕਮ ਮੰਨਣਾ ਅਲੂਣੀ ਸਿਲ ਚੱਟਣ ਦੇ ਸਮਾਨ ਹੈ। ਭਾਈ ਬਲਵੰਡ ਜੀ ਗੁਰੂ ਦੇ ਹੁਕਮ ਦੀ ਮਨਉਤ ’ਤੇ ਬਲ ਦਿੰਦੇ ਹੋਏ ਕਹਿੰਦੇ ਹਨ:
ਕਰਹਿ ਜਿ ਗੁਰ ਫੁਰਮਾਇਆ ਸਿਲ ਜੋਗੁ ਅਲੂਣੀ ਚਟੀਐ॥
ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ॥
ਖਰਚੇ ਦਿਤਿ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ॥
ਹੋਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ॥
ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ॥
ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ॥ (ਪੰਨਾ 966-67)
ਗੁਰੂ-ਹੁਕਮ ’ਤੇ ਫੁੱਲ ਚੜ੍ਹਾਉਣੇ ਅਤੇ ਉਸ ਨੂੰ ਅਮਲੀ ਰੂਪ ਦੇਣਾ ਆਦਿ ਨੂੰ ਭਗਤ ਕਵੀ ‘ਮਰਦਾਂ ਦੀ ਘਾਲ’ ਕਹਿੰਦੇ ਹਨ। ਇਸ ਘਾਲ ਸਦਕਾ ਹੀ ਅਕਾਲ ਪੁਰਖ ਦੇ ਦਰ ’ਤੇ ਪ੍ਰਵਾਨ ਚੜ੍ਹ ਸਕੀਦਾ ਹੈ।
ਪਏ ਕਬੂਲੁ ਖਸੰਮ ਨਾਲਿ ਜਾਂ ਘਾਲ ਮਰਦੀ ਘਾਲੀ॥ (ਪੰਨਾ 967)
ਅਸਲ ਵਿਚ ਮਨੁੱਖ ਦਾ ਮਨ ਹੀ ਅਸਲ ਵੈਰੀ ਹੈ। ਇਸ ਨੂੰ ਵੱਸ ਕਰਨਾ ਅਤਿ ਆਵੱਸ਼ਕ ਸਮਝਿਆ ਗਿਆ ਹੈ ਜਿਸ ਲਈ ਜਪ, ਤਪ ਤੇ ਸੰਜਮ ਆਦਿ ਗੁਣਾਂ ਦੀ ਪ੍ਰਾਪਤੀ ’ਤੇ ਜ਼ੋਰ ਦਿੱਤਾ ਗਿਆ ਹੈ। ਭਾਈ ਲਹਿਣਾ ਜੀ ਭਾਵ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਣਾਤਮਕ ਤੌਰ ’ਤੇ ਹੀ ਵਡਿਆਈ ਮਿਲਦੀ ਹੈ। ਸਦਾਚਾਰਕ ਪਰਪੱਕਤਾ ਤੋਂ ਬਾਅਦ ਸਿਮਰਨ ਤੇ ਸਾਧਨਾ ਨਾਲ ਨਾਮ ਜਪਿਆ ਜਾ ਸਕਦਾ ਹੈ। ਪਰੰਤੂ ਜਿੱਥੇ ‘ਹਉਮੈ’ ਹੋਵੇ ਉਥੇ ਨਾਮ ਨਹੀਂ ਟਿਕ ਸਕਦਾ ਇਸ ਲਈ ਪੰਜ ਦੂਤਾਂ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਦਾ ਵਿਨਾਸ਼ ਅਤਿ ਆਵੱਸ਼ਕ ਹੈ। ਇਨ੍ਹਾਂ ਪੰਜ ਵਿਕਾਰਾਂ ਦੇ ਮੁਕਾਬਲੇ ਪੰਜ ਸ਼ੁਭ ਕਰਮ ਸਤਿ, ਸੰਤੋਖ, ਦਇਆ, ਧਰਮ ਤੇ ਸੱਚ ਹਨ। ਗੁਰਮਤਿ ਜੀਵਨ-ਜੁਗਤ ਵਿਚ ਇਨ੍ਹਾਂ ਦੋਵਾਂ ਦੀ ਟੱਕਰ ਵਿਚ ਸ਼ੁੱਭ ਕਰਮਾਂ ਦੀ ਜਿੱਤ ਹੁੰਦੀ ਹੈ। ਮੁਕਾਬਲੇ ’ਤੇ ਪਤਿਤ ਸੰਸਾਰ ਹਉਮੈ ਦੀ ਅੱਗ ਵਿਚ ਸੜਦਾ ਰਹਿੰਦਾ ਹੈ:
ਜਪੁ ਤਪੁ ਸੰਜਮੁ ਨਾਲਿ ਤੁਧੁ ਹੋਰੁ ਮੁਚੁ ਗਰੂਰੁ॥ (ਪੰਨਾ 967)
ਅਹੰਕਾਰ ਨਾਲ ਮਨੁੱਖੀ ਆਚਰਨ ਪਤਿਤ ਹੋ ਜਾਂਦਾ ਹੈ। ਫਲਸਰੂਪ ਲੋਭ-ਲਾਲਚ ਵਰਗੇ ਵਿਕਾਰ ਮਨ ਵਿਚ ਪੈਦਾ ਹੋ ਜਾਂਦੇ ਹਨ। ਲਾਲਚ ਮਨੁੱਖ ਨੂੰ ਬਰਬਾਦ ਕਰ ਦਿੰਦਾ ਹੈ। ਮਾਨਸਿਕ ਅਸ਼ਾਂਤੀ ਉਤਪੰਨ ਹੋ ਕੇ ਪਦਾਰਥ ਇਕੱਤਰ ਕਰਨ ਦੀ ਲਾਲਸਾ ਹਮੇਸ਼ਾ ਚਿੰਬੜੀ ਰਹਿੰਦੀ ਹੈ। ਇਹ ਤ੍ਰਿਸ਼ਨਾ ਹੀ ਦੁੱਖਾਂ ਦਾ ਮੂਲ ਕਾਰਨ ਹੈ। ਭਾਈ ਸੱਤਾ ਜੀ ਮਨੁੱਖੀ ਮਨ ਨੂੰ ਫਿਟਕਾਰ ਪਾਉਂਦੇ ਹੋਏ ਆਖਦੇ ਹਨ:
ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ॥ (ਪੰਨਾ 967)
ਮਨੋਵਿਗਿਆਨਕ ਤੱਥ ਇਹ ਹੈ ਕਿ ਜਿਸ ਸੋਮੇ ਤੋਂ ਮਨੁੱਖੀ ਮਨ ਨੂੰ ਕੁਝ ਮਿਲਦਾ ਹੈ ਉਸ ਦੀ ਉਹ ਉਸਤਤ ਕਰਦਾ ਹੈ ਪਰੰਤੂ ਜਿਸ ਸੋਮੇ ਤੋਂ ਉਸ ਦੀ ਇੱਛਾ-ਪੂਰਤੀ ਨਹੀਂ ਹੁੰਦੀ ਉਸ ਦੀ ਨਿੰਦਾ ਕਰਨ ਲੱਗ ਪੈਂਦਾ ਹੈ। ਭਾਈ ਸੱਤਾ ਜੀ ਗੁਰੂ-ਘਰ ਤੋਂ ਲੋੜ ਅਨੁਸਾਰ ਮਾਇਆ ਪ੍ਰਾਪਤੀ ਨਹੀਂ ਕਰ ਸਕੇ ਜਿਸ ਕਰਕੇ ਉਹ ਗੁਰੂ ਸੰਸਥਾ ਦੀ ਨਿੰਦਾ ਕਰਨ ਲੱਗਦੇ ਹਨ ਪਰ ਫਿਰ ਸੱਚਾ ਪਛਤਾਵਾ ਕਰ ਕੇ ਭੁੱਲ ਬਖ਼ਸ਼ਾਉਂਦੇ ਹਨ:
ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ॥ (ਪੰਨਾ 967)
ਉੱਚੇ ਆਚਰਨ ਦਾ ਇਸ ਜੀਵਨ-ਜੁਗਤ ਨਾਲ ਘਨੇਰਾ ਸੰਬੰਧ ਹੈ। ਮਨ ਨੂੰ ਪੰਜ ਦੂਤ ਹਰ ਸਮੇਂ ਘੇਰੀ ਰੱਖਦੇ ਹਨ। ਕਾਮ ਦੀ ਸਰਦਾਰੀ ਇਨ੍ਹਾਂ ਦੂਤਾਂ (ਕ੍ਰੋਧ, ਲੋਭ, ਮੋਹ, ਅਹੰਕਾਰ) ’ਤੇ ਚੱਲਦੀ ਹੈ ਪਰੰਤੂ ਜੇ ਮਨੁੱਖੀ ਮਨ ਜਤਿ ਰੂਪੀ ਕਾਠੀ ਪਾ ਕੇ ਸਹਿਜ ਦੇ ਘੋੜੇ ’ਤੇ ਸਵਾਰੀ ਕਰੇ ਅਰਥਾਤ ਆਪਣੇ ਆਚਰਨ ਨੂੰ ਮਹਾਨ ਬਣਾਏ ਤਾਂ ਹੁਕਮ ਬੁੱਝਿਆ ਜਾ ਸਕਦਾ ਹੈ। ਇਹ ਸ਼ੁਭ ਗੁਣ ਸ੍ਰੀ ਗੁਰੂ ਅਮਰਦਾਸ ਜੀ ਦੀ ਸ਼ਖ਼ਸੀਅਤ ’ਚ ਤੱਕ ਕੇ ਭਾਈ ਸੱਤਾ ਜੀ ਆਖਦੇ ਹਨ:
ਘੋੜਾ ਕੀਤੋ ਸਹਜ ਦਾ ਜਤੁ ਕੀਓ ਪਲਾਣੁ॥॥
ਧਣਖੁ ਚੜਾਇਓ ਸਤ ਦਾ ਜਸ ਹੰਦਾ ਬਾਣੁ॥ (ਪੰਨਾ 968)
ਜਿਸ ਆਚਰਨ ਵਿਚ ਦ੍ਰਿੜ੍ਹਤਾ ਤੇ ਸਥਿਰਤਾ ਹੈ ਵਿਸ਼ੇ-ਵਿਕਾਰ ਦੇ ਝੱਖੜ ਉਸ ਜੀਵਨ ਰੂਪੀ ਪਰਬਤ ਨੂੰ ਡੁਲ੍ਹਾ ਨਹੀਂ ਸਕਦੇ:
ਝਖੜਿ ਵਾਉ ਨ ਡੋਲਈ ਪਰਬਤੁ ਮੇਰਾਣੁ॥ (ਪੰਨਾ 968)
ਗੁਰੂ-ਸੰਸਥਾ ਦੀ ਇਸ ਜੀਵਨ-ਜੁਗਤ ਦੇ ਨਾਇਕ ਨੂੰ ਸੱਚਾ ਪਾਤਸ਼ਾਹ ਆਖਿਆ ਗਿਆ ਹੈ ਜਿਸ ਦੇ ਦਰਸ਼ਨ ਕੀਤਿਆਂ ਜਨਮਾਂ-ਜਨਮਾਂ ਦੀ ਮੈਲ ਕੱਟੀ ਜਾਂਦੀ ਹੈ:
ਹੋਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ॥
ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ॥ (ਪੰਨਾ 967)
ਇਹ ਸੱਚਾ ਪਾਤਸ਼ਾਹ ਗੁਰੂ ਰੂਪ ਅਜਿਹਾ ਕਾਰਜ ਸਾਧਕ ਹੈ, ਇਸ ਦਾ ਕਿਹਾ ਤਾਂ ਉਹ ਵਾਹਿਗੁਰੂ ਆਪ ਕਰਦਾ ਹੈ:
ਸਤਿਗੁਰੁ ਆਖੈ ਸਚਾ ਕਰੇ ਸਾ ਬਾਤ ਹੋਵੈ ਦਰਹਾਲੀ॥ (ਪੰਨਾ 967)
ਅਜਿਹਾ ਸਤਿਗੁਰੂ ਘਟ-ਘਟ ਦਾ ਜਾਨਣਹਾਰ ਹੈ:
ਜਾਣੈ ਬਿਰਥਾ ਜੀਅ ਕੀ ਜਾਣੀ ਹੂ ਜਾਣੁ॥ (ਪੰਨਾ 968)
ਗੁਰੂ-ਸੰਸਥਾ ਦਾ ਇਕ ਹੋਰ ਬੁਨਿਆਦੀ ਅਤੇ ਮਹੱਤਵਪੂਰਨ ਪੱਖ ਲੰਗਰ ਦੀ ਪ੍ਰਥਾ ਹੈ। ਲੰਗਰ, ਪੰਗਤ ਤੇ ਸੰਗਤ ਨਾਲ ਗੁਰਮਤਿ ਜੀਵਨ-ਜੁਗਤ ਵਿਚ ਲੋਕਤੰਤਰੀ ਭਾਵਨਾ ਦਾ ਪ੍ਰਚੰਡ ਰੂਪ ਚਿਤਰਿਆ ਹੈ। ਦੁਨਿਆਵੀ ਜ਼ਰੂਰਤਾਂ ਲਈ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿਚ ਹਮੇਸ਼ਾਂ ਅਤੁੱਟ ਲੰਗਰ ਵਰਤਦਾ ਹੈ:
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥ (ਪੰਨਾ 967)
ਨਿਰੀ ਪਦਾਰਥਕ ਤ੍ਰਿਪਤੀ ਮਨੁੱਖ ਨੂੰ ਸੰਤੁਸ਼ਟੀ ਨਹੀਂ ਦਿੰਦੀ। ਇਸ ਲਈ ਗੁਰੂ ਕੇ ਲੰਗਰ ਵਿਚ ਆਤਮਕ ਖੁਰਾਕ ਦੀ ਵੀ ਵਿਵਸਥਾ ਹੈ:
ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ॥ (ਪੰਨਾ 967)
ਅਜਿਹੇ ਲੰਗਰ ਦਾ ਦਾਤਾ ਕੋਈ ਸੁੰਨ ਸਮਾਧੀ ਲਾਈ ਚੁੱਪ ਨਹੀਂ ਬੈਠਾ। ਉਹ ਬੁੱਤ ਨਹੀਂ। ਅਧਿਆਤਮਕ ਪੁਰਖ ਹੈ ਅਤੇ ਸੁਘੜ-ਸੁਜਾਣ ਵੀ:
ਅਉਤਰਿਆ ਅਉਤਾਰੁ ਲੈ ਸੋ ਪੁਰਖੁ ਸੁਜਾਣੁ॥
ਝਖੜਿ ਵਾਉ ਨ ਡੋਲਈ ਪਰਬਤੁ ਮੇਰਾਣੁ॥
ਜਾਣੈ ਬਿਰਥਾ ਜੀਅ ਕੀ ਜਾਣੀ ਹੂ ਜਾਣੁ॥
ਕਿਆ ਸਾਲਾਹੀ ਸਚੇ ਪਾਤਿਸਾਹ ਜਾਂ ਤੂ ਸੁਘੜੁ ਸੁਜਾਣੁ॥ (ਪੰਨਾ 968)
ਅਜਿਹੇ ਗੁਰੂ ਪਾਤਸ਼ਾਹ ਨੂੰ ਸਿੱਖ-ਜਗਤ ਨੇ ਅਕਾਲ ਪੁਰਖ ਕਰਕੇ ਨਮਸਕਾਰ ਕੀਤੀ। ਗੁਰੂ ਰਾਮਦਾਸ ਜੀ ਦੀ ਸ਼ਖ਼ਸੀਅਤ ਦੀ ਮਹਾਨਤਾ ਇਤਨੀ ਹੈ ਕਿ:
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥ (ਪੰਨਾ 968)
ਗੁਰੂ ਜੀ ਦੀ ਅਲੌਕਿਕ ਸ਼ਖ਼ਸੀਅਤ ਨੂੰ ਜਾਣਨਾ ਸੌਖਾ ਨਹੀਂ:
ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ॥ (ਪੰਨਾ 968)
ਅਜਿਹੇ ਗੁਰੂ ਦੀ ਸੇਵਾ ਬਹੁਤ ਜ਼ਰੂਰੀ ਹੈ। ਸੇਵਕ ਦਾ ਕਾਰਜ ਸੇਵਾ ਕਰਨਾ ਹੀ ਹੈ। ਜਿਹੜੇ ਸੇਵਾ ਕਰਦੇ ਹਨ ਅਰਥਾਤ ਗੁਰੂ-ਹੁਕਮ ਦਾ ਪਾਲਣ ਕਰਦੇ ਹਨ ਉਹ ਗੁਰਮੁਖ ਹਨ। ਜਿਹੜੇ ਮਨ ਮਗਰ ਲੱਗ ਕੇ ਆਪਣੀ ਸੇਵਾ ਕਰਦੇ ਹਨ ਉਹ ਮਨਮੁਖ ਹਨ। ਗੁਰਮੁਖ ਸਫਲ ਹੋ ਜਾਂਦੇ ਹਨ ਕਿਉਂਕਿ ਗੁਰੂ ਉਨ੍ਹਾਂ ਉੱਤੇ ਆਪ ਬਖਸ਼ਿਸ਼ ਕਰਦਾ ਹੈ ਅਤੇ ਉਨ੍ਹਾਂ ਵਿੱਚੋਂ ਪੰਜ ਵਿਕਾਰ ਮਾਰ ਕੱਢਦਾ ਹੈ:
ਜਿਨਿ੍ ਤੂੰ ਸੇਵਿਆ ਭਾਉ ਕਰਿ ਸੇ ਤੁਧੁ ਪਾਰਿ ਉਤਾਰਿਆ॥
ਲਬੁ ਲੋਭੁ ਕਾਮੁ ਕ੍ਰੋਧੁ ਮੋਹੁ ਮਾਰਿ ਕਢੇ ਤੁਧੁ ਸਪਰਵਾਰਿਆ॥ (ਪੰਨਾ 968)
ਜਿਹੜੇ ਆਪਣੇ ਲਈ ਜਿਊਂਦੇ ਹਨ ਉਹ ਪਰਉਪਕਾਰਾਂ ਤੋਂ ਵਾਂਝੇ ਰਹਿੰਦੇ ਹਨ। ਉਨ੍ਹਾਂ ਨੂੰ ਗੁਰੂ ਸਾਹਿਬਾਨ ਦੁਆਰਾ ਦੱਸੀ ਗਈ ਜੀਵਨ-ਜੁਗਤ ਵਿਚ ਕੋਈ ਥਾਂ ਨਹੀਂ ਮਿਲਦੀ। ਉਨ੍ਹਾਂ ਲਈ ਅੰਮ੍ਰਿਤ ਸਮਾਪਤ ਹੋ ਗਿਆ ਹੈ ਤੇ ਉਨ੍ਹਾਂ ਨੂੰ ਤਾਂ ਆਤਮਿਕ ਮੌਤ ਹੀ ਥਾਂ ਮਾਰੇਗੀ:
ਜਿਨ੍ੀ ਗੁਰੂ ਨ ਸੇਵਿਓ ਮਨਮੁਖਾ ਪਇਆ ਮੋਆ॥ (ਪੰਨਾ 968)
ਇਸ ਵਾਰ ਵਿਚ ਜਿਸ ਗੁਰੂ-ਸੰਸਥਾ ਦੀ ਮਹਿਮਾ ਦਾ ਗਾਇਨ ਕੀਤਾ ਗਿਆ ਹੈ ਉਸ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਗੁਰੂ ਹਨ। ਗੁਰੂ ਜੀ ਦਾ ਤੇਜ਼ ਪ੍ਰਤਾਪ ਇੰਨਾ ਚਮਕਦਾ ਹੈ ਜਿਵੇਂ ਚੰਨ ਚਮਕਦਾ ਹੈ। ਗੁਰੂ ਸ਼ਖ਼ਸੀਅਤ ਦਾ ਪ੍ਰਭਾਵ ਬਹੁਪੱਖੀ ਤੇ ਆਦਰਸ਼ਕ ਹੈ:
ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ॥ (ਪੰਨਾ 968)
ਸਮੁੱਚੇ ਰੂਪ ਵਿਚ ਭਾਈ ਸੱਤੇ ਬਲਵੰਡ ਦੀ ਵਾਰ ਦਾ ਵਿਸ਼ੈਗਤ ਅਧਿਐਨ ਕਰਨ ਉਪਰੰਤ ਇਹ ਕਿਹਾ ਜਾ ਸਕਦਾ ਹੈ ਕਿ ਇਸ ਵਾਰ ਦਾ ਵਿਸ਼ਾ ਪੰਜ ਗੁਰੂ ਸਾਹਿਬਾਨ ਦੀ ਸ਼ਖ਼ਸੀਅਤ ਅਤੇ ਗੁਰੂ-ਸੰਸਥਾ ਦੀ ਗੁਰਮਤਿ ਜੀਵਨ-ਜੁਗਤ ਦੀ ਮਹਿਮਾ, ਮਹੱਤਤਾ, ਵਿਲੱਖਣਤਾ ਅਤੇ ਸਾਰਥਕਤਾ ਹੈ। ਸਾਂਝੀ ਜੋਤਿ ਦੀ ਜੀਵਨ-ਜੁਗਤਿ ਦਾ ਇਸ ਵਾਰ ਵਿਚ ਸਪੱਸ਼ਟ ਸੰਕਲਪ ਸਥਾਪਤ ਕੀਤਾ ਗਿਆ ਹੈ। ਵਾਰ ਵਿਚ ਪੰਜ ਗੁਰੂ ਸਾਹਿਬਾਨ ਦੀ ਸਾਂਝੀ ਜੀਵਨ-ਜੁਗਤ ’ਤੇ ਹੀ ਬਲ ਹੈ ਵਿਲੱਖਣਤਾ ’ਤੇ ਨਹੀਂ। ਡਾ. ਗੁਰਚਰਨ ਸਿੰਘ ਅਨੁਸਾਰ ਵਾਰਕਾਰ ਪੰਜ ਗੁਰ ਸਾਹਿਬਾਨ ਦੀ ਉਸਤਤੀ ਪੇਸ਼ ਕਰਨ ਲਈ ਉਨ੍ਹਾਂ ਦੀ ਸਾਂਝੀ ਯੋਗਤਾ ’ਤੇ ਬਲ ਦਿੰਦੇ ਹਨ। ਇਉਂ ਭਾਈ ਸੱਤੇ ਅਤੇ ਭਾਈ ਬਲਵੰਡ ਦਾ ਬਲ ਗੁਰੂ ਨਾਨਕ ਸੰਸਥਾ ਦੇ ਗੁਰੂ ਸਾਹਿਬਾਨ ਦੇ ਵਿਹਾਰ ਦੇ ਸਾਂਝੇ ਨੇਮਾਂ ਉੱਪਰ ਹੈ।
ਲੇਖਕ ਬਾਰੇ
# 549, ਅਮਰਦੀਪ ਕਾਲੋਨੀ, ਰਾਜਪੁਰਾ (ਪਟਿਆਲਾ)
- ਸ. ਕੁਲਦੀਪ ਸਿੰਘ ਉਗਾਣੀhttps://sikharchives.org/kosh/author/%e0%a8%b8-%e0%a8%95%e0%a9%81%e0%a8%b2%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98-%e0%a8%89%e0%a8%97%e0%a8%be%e0%a8%a3%e0%a9%80/April 1, 2009