editor@sikharchives.org

ਭੱਟ ਕੀਰਤ ਜੀ

ਭੱਟ ਕੀਰਤ ਜੀ ਦੇ ਸਵੱਈਆਂ ਵਿਚ ਨਾਮ-ਸਿਮਰਨ ਅਤ ਸਤਿ-ਸੰਗਤ ਦੀ ਮਹਿਮਾ ਦਾ ਵਰਣਨ ਵੀ ਹੋਇਆ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿਚ ਗੁਰੂ ਸਾਹਿਬਾਨਾਂ, ਭਗਤ ਸਾਹਿਬਾਨਾਂ, ਪ੍ਰਮੁੱਖ ਗੁਰਸਿੱਖਾਂ ਦੇ ਨਾਲ ਭੱਟ ਬਾਣੀਕਾਰਾਂ ਦੀ ਬਾਣੀ ਵੀ ਦਰਜ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭੱਟ-ਬਾਣੀਕਾਰਾਂ ਦੀ ਗਿਣਤੀ ਗਿਆਰਾਂ ਹੈ। ਸਿੱਖ ਸਾਹਿਤ ਵਿਚ ਪਹਿਲੀ ਵਾਰ ਭਾਈ ਗੁਰਦਾਸ ਜੀ ਨੇ 11ਵੀਂ ਵਾਰ ਵਿਚ ਭੱਟ ਭਿਖਾ ਜੀ ਅਤੇ ਭੱਟ ਟੋਡਾ ਜੀ ਦਾ ਨਾਮ ਸੁਲਤਾਨਪੁਰੀਏ ਸਿੱਖਾਂ ਦੀ ਸੂਚੀ ਵਿਚ ਦਿੱਤਾ ਹੈ:

ਭਿਖਾ ਟੋਡਾ ਭਟ ਦੁਇ——–। (ਪਉੜੀ 21)

ਇਹ ਦੋਵੇਂ ਭਗੀਰਥ ਭੱਟ ਦੀ ਵੰਸ਼ ਵਿੱਚੋਂ ਸਨ ਅਤੇ ਰਈਆ, ਦੇ ਪੁੱਤਰ ਸਨ।1 ਭੱਟ ਰਈਏ ਦੇ-ਭਿਖਾ, ਮੋਖਾ, ਤੋਖਾ, ਗੋਖਾ, ਚੋਖਾ ਅਤੇ ਟੋਡਾ ਛੇ ਪੁੱਤਰ ਸਨ।2

ਭੱਟ ਸਾਹਿਬਾਨ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਇਨ੍ਹਾਂ ਹੀ ਛੇ ਭੱਟ ਸਾਹਿਬਾਨ ਦੇ ਅੱਗੋਂ ਪੁੱਤਰ/ਭਤੀਜੇ ਸਨ। ਭੱਟ ਭਿਖਾ ਜੀ ਸਭ ਤੋਂ ਪਹਿਲਾਂ ਸ੍ਰੀ ਗੁਰੂ ਅਮਰਦਾਸ ਦੇ ਦਰਬਾਰ ਵਿਚ ਗੋਇੰਦਵਾਲ ਆਏ ਸਨ:

ਭੀਖਾ ਭੱਟ ਸੁਲਤਾਨਪੁਰ ਬਾਸੀ।
ਉਪਜੀ ਭਗਤ ਫਿਰੈ ਜਗਿਆਸੀ।
ਜਹਾ ਜਹਾ ਸੰਤ ਮੁਨ ਪਾਵੈ।
ਜਾਇ ਤਹਾ ਤਿਨ ਸੇਵ ਕਰਾਵੈ॥68॥3

ਭੱਟ ਕੀਰਤ ਜੀ ਭੱਟ ਭਿਖਾ ਜੀ ਦੇ ਪੁੱਤਰ ਸਨ। ਇਨ੍ਹਾਂ ਦੇ ਦੋ ਹੋਰ ਭਰਾ ਭੱਟ ਮਥੁਰਾ ਅਤੇ ਭੱਟ ਜਾਲਪ ਜੀ ਸਨ, ਜਿਨ੍ਹਾਂ ਦੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਹੈ। ਭੱਟ ਕੀਰਤ ਜੀ ਦੇ 8 ਸਵੱਯੇ ਗੁਰੂ ਗ੍ਰੰਥ ਸਾਹਿਬ ਵਿਚ ਵਿਦਮਾਨ ਹਨ। ਇਨ੍ਹਾਂ ਵਿਚ ਚਾਰ ਸਵੱਯੇ ਸ੍ਰੀ ਗੁਰੂ ਅਮਰਦਾਸ ਜੀ ਬਾਰੇ ਅਤੇ ਚਾਰ ਸਵੱਯੀਏ ਸ੍ਰੀ ਗੁਰੂ ਰਾਮਦਾਸ ਜੀ ਸੰਬੰਧੀ ਹਨ।

ਭੱਟ ਕੀਰਤ ਜੀ ਦੇ ਸਵੱਈਆਂ ਦਾ ਮੂਲ ਪਾਠ :

ਸਚੁ ਨਾਮੁ ਕਰਤਾਰੁ ਸੁ ਦ੍ਰਿੜੁ ਨਾਨਕਿ ਸੰਗ੍ਰਹਿਅਉ॥
ਤਾ ਤੇ ਅੰਗਦੁ ਲਹਣਾ ਪ੍ਰਗਟਿ ਤਾਸੁ ਚਰਣਹ ਲਿਵ ਰਹਿਅਉ॥
ਤਿਤੁ ਕੁਲਿ ਗੁਰ ਅਮਰਦਾਸੁ ਆਸਾ ਨਿਵਾਸੁ ਤਾਸੁ ਗੁਣ ਕਵਣ ਵਖਾਣਉ॥
ਜੋ ਗੁਣ ਅਲਖ ਅਗੰਮ ਤਿਨਹ ਗੁਣ ਅੰਤੁ ਨ ਜਾਣਉ॥
ਬੋਹਿਥਉ ਬਿਧਾਤੈ ਨਿਰਮਯੌ ਸਭ ਸੰਗਤਿ ਕੁਲ ਉਧਰਣ॥
ਗੁਰ ਅਮਰਦਾਸ ਕੀਰਤੁ ਕਹੈ ਤ੍ਰਾਹਿ ਤ੍ਰਾਹਿ ਤੁਅ ਪਾ ਸਰਣ॥1॥15॥
ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥
ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ॥
ਜਹ ਕਹ ਤਹ ਭਰਪੂਰੁ ਸਬਦੁ ਦੀਪਕਿ ਦੀਪਾਯਉ॥
ਜਿਹ ਸਿਖਹ ਸੰਗ੍ਰਹਿਓ ਤਤੁ ਹਰਿ ਚਰਣ ਮਿਲਾਯਉ॥
ਨਾਨਕ ਕੁਲਿ ਨਿਮਲੁ ਅਵਤਰ੍ਹਿਉ ਅੰਗਦ ਲਹਣੇ ਸੰਗਿ ਹੁਅ॥
ਗੁਰ ਅਮਰਦਾਸ ਤਾਰਣ ਤਰਣ ਜਨਮ ਜਨਮ ਪਾ ਸਰਣਿ ਤੁਅ॥2॥16॥
ਜਪੁ ਤਪੁ ਸਤੁ ਸੰਤੋਖੁ ਪਿਖਿ ਦਰਸਨੁ ਗੁਰਸਿਖਹ॥
ਸਰਣਿ ਪਰਹਿ ਤੇ ਉਬਰਹਿ ਛੋਡਿ ਜਮ ਪੁਰ ਕੀ ਲਿਖਹ॥
ਭਗਤਿ ਭਾਇ ਭਰਪੂਰੁ ਰਿਦੈ ਉਚਰੈ ਕਰਤਾਰੈ॥
ਗੁਰੁ ਗਉਹਰੁ ਦਰੀਆਉ ਪਲਕ ਡੁਬੰਤ੍ਹਹ ਤਾਰੈ॥
ਨਾਨਕ ਕੁਲਿ ਨਿਮਲੁ ਅਵਤਰ੍ਹਿਉ ਗੁਣ ਕਰਤਾਰੈ ਉਚਰੈ॥
ਗੁਰੁ ਅਮਰਦਾਸੁ ਜਿਨ੍‍ ਸੇਵਿਅਉ ਤਿਨ੍‍ ਦੁਖੁ ਦਰਿਦ੍ਰੁ ਪਰਹਰਿ ਪਰੈ॥3॥17॥
ਚਿਤਿ ਚਿਤਵਉ ਅਰਦਾਸਿ ਕਹਉ ਪਰੁ ਕਹਿ ਭਿ ਨ ਸਕਉ॥
ਸਰਬ ਚਿੰਤ ਤੁਝੁ ਪਾਸਿ ਸਾਧਸੰਗਤਿ ਹਉ ਤਕਉ॥
ਤੇਰੈ ਹੁਕਮਿ ਪਵੈ ਨੀਸਾਣੁ ਤਉ ਕਰਉ ਸਾਹਿਬ ਕੀ ਸੇਵਾ॥
ਜਬ ਗੁਰੁ ਦੇਖੈ ਸੁਭ ਦਿਸਟਿ ਨਾਮੁ ਕਰਤਾ ਮੁਖਿ ਮੇਵਾ॥
ਅਗਮ ਅਲਖ ਕਾਰਣ ਪੁਰਖ ਜੋ ਫੁਰਮਾਵਹਿ ਸੋ ਕਹਉ॥
ਗੁਰ ਅਮਰਦਾਸ ਕਾਰਣ ਕਰਣ ਜਿਵ ਤੂ ਰਖਹਿ ਤਿਵ ਰਹਉ॥4॥18॥ (ਪੰਨਾ 1395)

ਜਿਨਿ ਸਬਦੁ ਕਮਾਇ ਪਰਮ ਪਦੁ ਪਾਇਓ ਸੇਵਾ ਕਰਤ ਨ ਛੋਡਿਓ ਪਾਸੁ॥
ਤਾ ਤੇ ਗਉਹਰੁ ਗ੍ਹਾਨ ਪ੍ਰਗਟੁ ਉਜੀਆਰਉ ਦੁਖ ਦਰਿਦ੍ਰ ਅੰਧ੍ਹਾਰ ਕੋ ਨਾਸੁ॥
ਕਵਿ ਕੀਰਤ ਜੋ ਸੰਤ ਚਰਨ ਮੁੜਿ ਲਾਗਹਿ ਤਿਨ੍‍ ਕਾਮ ਕ੍ਰੋਧ ਜਮ ਕੋ ਨਹੀ ਤ੍ਰਾਸੁ॥
ਜਿਵ ਅੰਗਦੁ ਅੰਗਿ ਸੰਗਿ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰੁ ਰਾਮਦਾਸੁ॥1॥
ਜਿਨਿ ਸਤਿਗੁਰੁ ਸੇਵਿ ਪਦਾਰਥੁ ਪਾਯਉ ਨਿਸਿ ਬਾਸੁਰ ਹਰਿ ਚਰਨ ਨਿਵਾਸੁ॥
ਤਾ ਤੇ ਸੰਗਤਿ ਸਘਨ ਭਾਇ ਭਉ ਮਾਨਹਿ ਤੁਮ ਮਲੀਆਗਰ ਪ੍ਰਗਟ ਸੁਬਾਸੁ॥
ਧ੍ਰੂ ਪ੍ਰਹਲਾਦ ਕਬੀਰ ਤਿਲੋਚਨ ਨਾਮੁ ਲੈਤ ਉਪਜ੍ਹੋ ਜੁ ਪ੍ਰਗਾਸੁ॥
ਜਿਹ ਪਿਖਤ ਅਤਿ ਹੋਇ ਰਹਸੁ ਮਨਿ ਸੋਈ ਸੰਤ ਸਹਾਰੁ ਗੁਰੂ ਰਾਮਦਾਸੁ॥2॥
ਨਾਨਕਿ ਨਾਮੁ ਨਿਰੰਜਨ ਜਾਨ੍ਹਉ ਕੀਨੀ ਭਗਤਿ ਪ੍ਰੇਮ ਲਿਵ ਲਾਈ॥
ਤਾ ਤੇ ਅੰਗਦੁ ਅੰਗ ਸੰਗਿ ਭਯੋ ਸਾਇਰੁ ਤਿਨਿ ਸਬਦ ਸੁਰਤਿ ਕੀ ਨੀਵ ਰਖਾਈ॥
ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀਹ ਕਛੁ ਕਹੀ ਨ ਜਾਈ॥
ਸੋਢੀ ਸ੍ਰਿਸ੍ਟਿ ਸਕਲ ਤਾਰਣ ਕਉ ਅਬ ਗੁਰ ਰਾਮਦਾਸ ਕਉ ਮਿਲੀ ਬਡਾਈ॥3॥
ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ॥
ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ॥
ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ॥
ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ॥4॥58॥ (ਪੰਨਾ 1406)

ਭੱਟ ਕੀਰਤ ਜੀ ਵੱਲੋਂ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਸੰਬੰਧੀ ਉਚਾਰਣ ਕੀਤੇ ਸਵੱਈਆਂ ਵਿਚ ਹੇਠ ਲਿਖੇ ਪੱਖ ਉਭਰਦੇ ਹਨ:

ਪਹਿਲਾ ਹੈ-ਅਕਾਲ ਪੁਰਖ ਸਭ ਦਾ ਕਰਤਾ ਹੈ ਅਤੇ ਉਸਦੀ ਹੋਂਦ ਤੇ ਨਾਮ ਸਦੀਵੀ ਹੈ:

ਸਚੁ ਨਾਮੁ ਕਰਤਾਰੁ ਸੁ ਦ੍ਰਿੜੁ ਨਾਨਕਿ ਸੰਗ੍ਰਹਿਅਉ॥ (ਪੰਨਾ 1395)

ਦੂਜਾ-ਅਕਾਲ ਪੁਰਖ ਤੇ ਗੁਰੂ-ਜੋਤ ਇਕ ਹੈ। ਅਕਾਲ ਪੁਰਖ ਆਪਣੀ ਗੁਹਜ- ਕਲਾ ਵਰਤਾ ਕੇ ਸੰਸਾਰ ਵਿਚ ਪਰਵਿਰਤ ਹੋਇਆ ਭਾਵ ਵਾਹਿਗੁਰੂ ਨੇ ਸਰਗੁਣ ਸਰੂਪ ਧਾਰਨ ਕਰਕੇ ਸੰਸਾਰ ਮੰਡਲ ਵਿਚ ਆਪਣੀ ਜੋਤ ਦਾ ਪ੍ਰਕਾਸ਼ ਕੀਤਾ:

ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥
ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ॥ (ਪੰਨਾ 1395)

ਤੀਜਾ-ਨਿਰੰਕਾਰ ਭੱਟ ਕੀਰਤ ਜੀ ਅਨੁਸਾਰ ਨਿਰੰਕਾਰ ਦੀ ਜੋਤ ਗੁਰੂ ਅੱਗੋਂ ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਆਦਿ ਵਿਚ ਪ੍ਰਜ੍ਵਲਤ ਹੁੰਦੀ ਗਈ ਹੈ। ਇਸ ਲਈ ਸਭ ਗੁਰੂ ਇਕ-ਜੋਤ ਹਨ:

ਨਾਨਕਿ ਨਾਮੁ ਨਿਰੰਜਨ ਜਾਨ੍ਹਉ ਕੀਨੀ ਭਗਤਿ ਪ੍ਰੇਮ ਲਿਵ ਲਾਈ॥
ਤਾ ਤੇ ਅੰਗਦੁ ਅੰਗ ਸੰਗਿ ਭਯੋ ਸਾਇਰੁ ਤਿਨਿ ਸਬਦ ਸੁਰਤਿ ਕੀ ਨੀਵ ਰਖਾਈ॥
ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀਹ ਕਛੁ ਕਹੀ ਨ ਜਾਈ॥
ਸੋਢੀ ਸ੍ਰਿਸ੍ਟਿ ਸਕਲ ਤਾਰਣ ਕਉ ਅਬ ਗੁਰ ਰਾਮਦਾਸ ਕਉ ਮਿਲੀ ਬਡਾਈ॥3॥ (ਪੰਨਾ 1406)

ਚੌਥਾ- ਭੱਟ ਕੀਰਤ ਜੀ ਦੀ ਬਾਣੀ ਵਿਚ ਸਤਿਗੁਰਾਂ ਦੀ ਮਹਿਮਾ ਦਾ ਵਰਣਨ ਵੀ ਹੋਇਆ ਹੈ। ਗੁਰੂ ਅਮਰਦਾਸ ਜੀ ਬਾਰੇ ਗੁਣ ਗਾਇਨ ਕਰਦਿਆਂ ਭੱਟ ਕੀਰਤ ਜੀ ਫੁਰਮਾਉਂਦੇ ਹਨ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਕੁਲ ਵਿਚ ਪੈਦਾ ਹੋਏ ਗੁਰੂ ਅਮਰਦਾਸ ਜੀ ਦੇ ਕਿਹੜੇ ਕਿਹੜੇ ਗੁਣ ਦਾ ਵਰਣਨ ਕੀਤਾ ਜਾਵੇ। ਮਨੁੱਖ ਦੀ ਸੂਝ- ਸਮਝ ਤੋਂ ਪਰੇ ਨਿਰੰਕਾਰ ਦੇ ਸਭ ਗੁਣ ਸ੍ਰੀ ਗੁਰੂ ਅਮਰਦਾਸ ਜੀ ਵਿਚ ਹਨ ਜੋ ਮੈਂ ਜਾਣ ਨਹੀਂ ਸਕਦਾ:

ਤਿਤੁ ਕੁਲਿ ਗੁਰ ਅਮਰਦਾਸੁ ਆਸਾ ਨਿਵਾਸੁ ਤਾਸੁ ਗੁਣ ਕਵਣ ਵਖਾਣਉ॥
ਜੋ ਗੁਣ ਅਲਖ ਅਗੰਮ ਤਿਨਹ ਗੁਣ ਅੰਤੁ ਨ ਜਾਣਉ॥ (ਪੰਨਾ 1395)

ਨਿਰੰਕਾਰ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਸੰਸਾਰ ਦੇ ਕਲਿਆਣ ਲਈ ਇਕ ਜਹਾਜ ਦੀ ਤਰ੍ਹਾਂ ਬਣਾਇਆ ਹੈ। ਇਸ ਲਈ ਭੱਟ ਕੀਰਤ ਜੀ ਸਤਿਗੁਰਾਂ ਅੱਗੇ ਕੀਰਤ ਕਰਦੇ ਹੋਏ ਬੇਨਤੀ ਕਰਦੇ ਹਨ ਕਿ, ਹੇ ਸਤਿਗੁਰੂ! ਮੈ ਆਪ ਦੀ ਸ਼ਰਨ ਆਇਆ ਹਾਂ, ਮੇਰੀ ਰੱਖਿਆ ਕਰੋ ਜੀ:

ਬੋਹਿਥਉ ਬਿਧਾਤੈ ਨਿਰਮਯੌ ਸਭ ਸੰਗਤਿ ਕੁਲ ਉਧਰਣ॥
ਗੁਰ ਅਮਰਦਾਸ ਕੀਰਤੁ ਕਹੈ ਤ੍ਰਾਹਿ ਤ੍ਰਾਹਿ ਤੁਅ ਪਾ ਸਰਣ॥1॥15॥ (ਪੰਨਾ 1395)

ਭੱਟ ਕੀਰਤ ਜੀ ਅੱਗੇ ਹੋਰ ਦੱਸਦੇ ਹਨ ਕਿ ਗੁਰੂ ਅਮਰਦਾਸ ਪ੍ਰੇਮਾ-ਭਗਤੀ ਨਾਲ ਭਰਪੂਰ ਹਨ। ਉਨ੍ਹਾਂ ਦੇ ਹਿਰਦੇ ਵਿਚ ਕਰਤਾਰ ਦਾ ਨਾਮ ਉਚਾਰਣ ਹੁੰਦਾ ਰਹਿੰਦਾ ਹੈ। ਸੰਸਾਰ ਅਥਾਹ ਸਾਗਰ ਹੈ ਅਤੇ ਸਤਿਗੁਰ ਇਸ ਸਾਗਰ ਵਿਚ ਡੁੱਬਦੇ ਜੀਵਾਂ ਨੂੰ ਅੱਖ ਦੇ ਇਕ ਫੋਰ ਵਿਚ ਤਾਰ ਦਿੰਦੇ ਹਨ। ਜਿਨ੍ਹਾਂ ਵੀ ਜੀਵਾਂ ਨੇ ਗੁਰੂ ਅਮਰਦਾਸ ਜੀ ਨੂੰ ਸੇਵਿਆ ਹੈ। ਉਨ੍ਹਾਂ ਦੇ ਦੁੱਖ ਦਲਿੱਦਰ ਸਭ ਦੂਰ ਹੋ ਜਾਂਦੇ ਹਨ:

ਭਗਤਿ ਭਾਇ ਭਰਪੂਰੁ ਰਿਦੈ ਉਚਰੈ ਕਰਤਾਰੈ॥
ਗੁਰੁ ਗਉਹਰੁ ਦਰੀਆਉ ਪਲਕ ਡੁਬੰਤ੍ਹਹ ਤਾਰੈ॥
ਨਾਨਕ ਕੁਲਿ ਨਿਮਲੁ ਅਵਤਰ੍ਹਿਉ ਗੁਣ ਕਰਤਾਰੈ ਉਚਰੈ॥
ਗੁਰੁ ਅਮਰਦਾਸ ਜਿਨ੍‍ ਸੇਵਿਅਉ ਤਿਨ੍‍ ਦੁਖੁ ਦਰਿਦ੍ਰੁ ਪਰਹਰਿ ਪਰੈ॥3॥17॥ (ਪੰਨਾ 1395)

ਸ੍ਰੀ ਗੁਰੂ ਰਾਮਦਾਸ ਜੀ ਦੇ ਗੁਣ ਗਾਇਨ  ਕਰਦਿਆਂ  ਭੱਟ  ਕੀਰਤ ਜੀ ਵਰਣਨ ਕਰਦੇ ਹਨ ਕਿ ਸਤਿਗੁਰੂ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਕਰਕੇ ਨਾਮ ਪਦਾਰਥ ਪ੍ਰਾਪਤ ਕਰ ਲਿਆ ਤੇ ਵਾਹਿਗੁਰੂ ਦੇ ਚਰਨਾਂ ਵਿਚ ਵਾਸਾ ਹੋ ਗਿਆ। ਇਸ ਕਰਕੇ ਬੇਸ਼ੁਮਾਰ ਸਤ-ਸੰਗੀ ਸ੍ਰੀ ਗੁਰੂ ਰਾਮਦਾਸ ਜੀ ਦਾ ਅਦਬ ਸਤਿਕਾਰ ਕਰਦੇ ਹਨ ਉਨ੍ਹਾਂ ਦਾ ਭਉ ਮੰਨਦੇ ਹਨ:

ਜਿਨਿ ਸਤਿਗੁਰੁ ਸੇਵਿ ਪਦਾਰਥੁ ਪਾਯਉ ਨਿਸਿ ਬਾਸੁਰ ਹਰਿ ਚਰਨ ਨਿਵਾਸੁ॥
ਤਾ ਤੇ ਸੰਗਤਿ ਸਘਨ ਭਾਇ ਭਉ ਮਾਨਹਿ ਤੁਮ ਮਲੀਆਗਰ ਪ੍ਰਗਟ ਸੁਬਾਸੁ॥ (ਪੰਨਾ 1406)

ਭੱਟ ਕੀਰਤ ਜੀ ਅਨੁਸਾਰ ਪਰਮਾਤਮਾ ਦਾ ਨਾਮ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਜਾਣਿਆ ਅਤੇ ਸੁਰਤਿ ਜੋੜ ਕੇ ਪ੍ਰੇਮਾ-ਭਗਤੀ ਕੀਤੀ। ਇਹੀ ਨਾਮ-ਭਗਤੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਪ੍ਰਾਪਤ ਹੋਈ ਜਿਨ੍ਹਾਂ ਅੱਗੋਂ ਸੰਗਤਾਂ ਲਈ ਨਾਮ ਦੀ ਛਹਿਬਰ ਲਾ ਦਿੱਤੀ ਅੱਗੋਂ ਨਾਮ ਸਿਮਰਨ ਦੀ ਘਾਲਣਾ ਜਿੰਨੀ ਸ੍ਰੀ ਗੁਰੂ ਰਾਮਦਾਸ ਜੀ ਨੇ ਘਾਲੀ ਉਹ ਕਥਨ ਤੋਂ ਬਾਹਰੀ ਹੈ। ਹੁਣ ਨਾਮ ਦੀ ਭਗਤੀ ਰਾਹੀਂ ਸਾਰੀ ਸ੍ਰਿਸ਼ਟੀ ਨੂੰ ਭਵ-ਸਾਗਰ ਤੋਂ ਤਾਰਨ ਲਈ ਸੋਢੀ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਨੂੰ ਵਡਿਆਈ ਮਿਲੀ ਹੈ:

ਨਾਨਕਿ ਨਾਮੁ ਨਿਰੰਜਨ ਜਾਨ੍ਹਉ ਕੀਨੀ ਭਗਤਿ ਪ੍ਰੇਮ ਲਿਵ ਲਾਈ॥
ਤਾ ਤੇ ਅੰਗਦੁ ਅੰਗ ਸੰਗਿ ਭਯੋ ਸਾਇਰੁ ਤਿਨਿ ਸਬਦ ਸੁਰਤਿ ਕੀ ਨੀਵ ਰਖਾਈ॥
ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀਹ ਕਛੁ ਕਹੀ ਨ ਜਾਈ॥
ਸੋਢੀ ਸ੍ਰਿਸ੍ਟਿ ਸਕਲ ਤਾਰਣ ਕਉ ਅਬ ਗੁਰ ਰਾਮਦਾਸ ਕਉ ਮਿਲੀ ਬਡਾਈ॥3॥ (ਪੰਨਾ 1406)

ਸ੍ਰੀ ਗੁਰੂ ਰਾਮਦਾਸ ਜੀ ਸੰਬੰਧੀ ਉਚਾਰਣ ਕੀਤੇ ਅੰਤਲੇ ਸਵੱਯੀਏ ਵਿਚ ਭੱਟ ਕੀਰਤ ਜੀ ਪਾਤਸ਼ਾਹ ਅੱਗੇ ਅਰਦਾਸ ਕਰਦੇ ਹੋਏ ਬੇਨਤੀ ਕਰਦੇ ਹਨ ਕਿ ਸਾਡੇ ਔਗੁਣਾਂ ਨਾਲ ਭਰਿਆਂ ਹੋਇਆਂ ਵਿਚ ਇਕ ਵੀ ਗੁਣ ਨਹੀਂ ਹੈ। ਅੰਮ੍ਰਿਤ-ਨਾਮ ਨੂੰ ਤਿਆਗ ਕੇ ਜੀਵਨ ਭਰ ਅਸੀਂ ਮਾਇਆ ਰੂਪੀ ਜ਼ਹਿਰ ਹੀ ਜ਼ਹਿਰ ਖਾਧੀ ਹੈ। ਮਨ-ਮੋਹਣੀ ਮਾਇਆ ਦੇ ਭਰਮ ਜਾਲ ਵਿਚ ਫ਼ਸ ਕੇ ਗੁਰਮਤਿ ਤੋਂ ਭੁੱਲੇ ਹੋਏ ਅਤੇ ਨਾਲ ਧੀਆਂ, ਪੁੱਤਰਾਂ, ਪਤਨੀ ਨਾਲ ਮੋਹ ਪਾਇਆ ਹੋਇਆ ਹੈ। ਅਸੀਂ ਸੁਣਿਆ ਹੈ ਕਿ ਗੁਰੂ ਦੀ ਸ਼ਰਨ, ਗੁਰੂ ਦੀ ਸੰਗਤ ਹੀ ਇਕ ਉੱਤਮ ਮਾਰਗ ਹੈ, ਜਿਸ ਨਾਲ ਜਮਾਂ ਦਾ ਡਰ ਮਿਟਾਇਆ ਜਾ ਸਕਦਾ ਹੈ। ਇਸ ਲਈ, ਹੇ ਗੁਰੂ ਰਾਮਦਾਸ ਪਾਤਿਸ਼ਾਹ ਜੀ! ਆਪਣੀ ਚਰਨ-ਸ਼ਰਨ ਵਿਚ ਰੱਖੋ:

ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ॥…
ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ॥4॥58॥ (ਪੰਨਾ 1406)

ਭੱਟ ਕੀਰਤ ਜੀ ਦੇ ਸਵੱਈਆਂ ਵਿਚ ਪੂਰਵ-ਕਾਲੀ ਰਿਸ਼ੀਆਂ, ਮੁਨੀਆਂ ਅਤੇ ਭਗਤਾਂ ਜੋ ਪ੍ਰਵਾਨ ਹਨ ਦਾ ਵਰਣਨ ਹੋਇਆ ਹੈ ਜਿਵੇ:

ਧ੍ਰੂ ਪ੍ਰਹਲਾਦ ਕਬੀਰ ਤਿਲੋਚਨ ਨਾਮੁ ਲੈਤ ਉਪਜ੍ਹੋ ਜੁ ਪ੍ਰਗਾਸੁ॥ (ਪੰਨਾ 1046)

ਭੱਟ ਕੀਰਤ ਜੀ ਦੇ ਸਵੱਈਆਂ ਵਿਚ ਨਾਮ-ਸਿਮਰਨ ਅਤ ਸਤਿ-ਸੰਗਤ ਦੀ ਮਹਿਮਾ ਦਾ ਵਰਣਨ ਵੀ ਹੋਇਆ ਹੈ। ਨਾਮ ਦਾ ਸ੍ਰੋਤ ਅਕਾਲ ਪੁਰਖ ਹੈ, ਜੋ ਗੁਰੂ ਨਾਨਕ ਸਾਹਿਬ ਜੀ ਨੇ ਦ੍ਰਿੜ੍ਹ ਕੀਤਾ, ਅੱਗੋਂ ਦੂਸਰੇ ਗੁਰੂ ਸਾਹਿਬ ਨੇ ਧਿਆਇਆ:

ਸਚੁ ਨਾਮੁ ਕਰਤਾਰੁ ਸੁ ਦ੍ਰਿੜੁ ਨਾਨਕਿ ਸੰਗ੍ਰਹਿਅਉ॥ (ਪੰਨਾ 1395)

ਨਾਨਕਿ ਨਾਮੁ ਨਿਰੰਜਨ ਜਾਨ੍ਹਉ…॥ (ਪੰਨਾ 1406)

ਜੀਵ ਨੂੰ ਇਹ ਨਾਮ ਤਦੋਂ ਮਿਲਦਾ ਹੈ ਜਦੋਂ ਸਤਿਗੁਰ ਦੀ ਰਜ਼ਾ ਵਿਚ ਪ੍ਰਵਾਨਗੀ ਮਿਲ ਜਾਵੇ ਅਤੇ ਨਿਰੰਕਾਰ ਦੀ ਸੇਵਾ ਕੀਤੀ ਜਾਵੇ:

ਤੇਰੈ ਹੁਕਮਿ ਪਵੈ ਨੀਸਾਣੁ ਤਉ ਕਰਉ ਸਾਹਿਬ ਕੀ ਸੇਵਾ॥
ਜਬ ਗੁਰੁ ਦੇਖੈ ਸੁਭ ਦਿਸਟਿ ਨਾਮੁ ਕਰਤਾ ਮੁਖਿ ਮੇਵਾ॥ (ਪੰਨਾ 1395)

ਸਤਿ ਸੰਗਤ ਦੀ ਮਹਿਮਾ ਦਾ ਵਰਣਨ ਭੱਟ ਕੀਰਤ ਜੀ ਨੇ ਕੀਤਾ ਹੈ। ਜਦੋਂ ਜੀਵ ਅਪਣੀਆਂ ਸਭ ਚਿੰਤਾਵਾਂ, ਆਸ਼ਾਵਾਂ, ਫ਼ਿਕਰ ਸਤਿਗੁਰ ਦੇ ਹਵਾਲੇ ਕਰਾ ਦੇਵੇ ਅਤੇ ਕੇਵਲ ਸਤਿ-ਸੰਗਤਿ ਦਾ ਹੀ ਆਸਰਾ ਤੱਕੇ ਤਾਂ ਪ੍ਰਾਪਤੀ ਹੋ ਜਾਂਦੀ ਹੈ: –

ਸਰਬ ਚਿੰਤ ਤੁਝੁ ਪਾਸਿ ਸਾਧਸੰਗਤਿ ਹਉ ਤਕਉ॥ (ਪੰਨਾ 1395)

ਸਤਿਸੰਗਤਿ ਨੂੰ ਇਕ ਉਤਮ ਪੰਥ, ਰਸਤਾ ਦੱਸਿਆ ਹੈ ਜਿਥੇ ਜਾ ਕੇ ਜਮਾਂ ਦਾ ਡਰ-ਭਉ ਦੂਰ ਹੋ ਜਾਂਦਾ ਹੈ:

ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ॥ (ਪੰਨਾ 1406)

ਭੱਟ ਕੀਰਤ ਜੀ ਨੇ ਸਵੱਈਆਂ ਵਿਚ ਭਗਤੀ ਅਤੇ ਵਿਸ਼ੇਸ਼ ਕਰਕੇ ਪ੍ਰੇਮਾ-ਭਗਤੀ ਬਾਰੇ ਵਰਣਨ ਕੀਤਾ ਹੈ। ਜਿਵੇਂ:

ਭਗਤਿ ਭਾਇ ਭਰਪੂਰੁ ਰਿਦੈ ਉਚਰੈ ਕਰਤਾਰੈ॥ (ਪੰਨਾ 1395)

ਨਾਨਕਿ ਨਾਮੁ ਨਿਰੰਜਨ ਜਾਨ੍ਹਉ ਕੀਨੀ ਭਗਤਿ ਪ੍ਰੇਮ ਲਿਵ ਲਾਈ॥ (ਪੰਨਾ 1406)

ਸਦਗੁਣ ਜੀਵਨ ਦਾ ਆਧਾਰ ਹਨ। ਸਤ-ਸੰਤੋਖ ਦੀ ਚਰਚਾ ਭੱਟ ਕੀਰਤ ਜੀ ਦੇ ਸਵੱਈਆਂ ਵਿਚ ਹੋਈ ਹੈ ਕਿ ਇਹ ਸਤ, ਸੰਤੋਖ ਆਦਿ ਗੁਣ ਗੁਰਸਿੱਖਾਂ ਨੂੰ ਸਤਿਗੁਰਾਂ ਦੀ ਚਰਨ ਸ਼ਰਨ ਜਾ ਕੇ ਪ੍ਰਾਪਤ ਹੁੰਦੇ ਹਨ:

ਜਪੁ ਤਪੁ ਸਤੁ ਸੰਤੋਖੁ ਪਿਖਿ ਦਰਸਨੁ ਗੁਰਸਿਖਹ॥ (ਪੰਨਾ 1395)

ਸੇਵਾ ਸਾਧਨ ਹੈ ਪ੍ਰਭੂ ਨਾਲ ਮਿਲਣ ਦਾ। ਨਾਮ ਪਦਾਰਥ ਸੇਵਾ ਨਾਲ ਮਿਲਦਾ ਹੈ। ਸਤਿਗੁਰ ਦੀ ਸੇਵਾ ਦਾ ਵਰਣਨ ਵੀ ਭੱਟ ਕੀਰਤ ਜੀ ਦੇ ਸਵੱਈਆਂ ਵਿਚ ਹੋਇਆ ਹੈ:

ਤੇਰੈ ਹੁਕਮਿ ਪਵੈ ਨੀਸਾਣੁ ਤਉ ਕਰਉ ਸਾਹਿਬ ਕੀ ਸੇਵਾ॥ (ਪੰਨਾ 1395)

ਜਿਨਿ ਸਬਦੁ ਕਮਾਇ ਪਰਮ ਪਦੁ ਪਾਇਓ ਸੇਵਾ ਕਰਤ ਨ ਛੋਡਿਓ ਪਾਸੁ॥ (ਪੰਨਾ 1405)

ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਵਿਕਾਰ ਮਨੁੱਖ ਨੂੰ ਪ੍ਰਭੂ ਨਾਲ ਮਿਲਣ ਨਹੀਂ ਦਿੰਦੇ। ਇਨ੍ਹਾਂ ਦੇ ਭਰਮ ਵਿਚ ਹੀ ਮਨੁੱਖ ਦਾਤੇ ਨੂੰ ਭੁੱਲ ਗਿਆ। ਗੁਰੂ ਦੀ ਸ਼ਰਨ ਅਤੇ ਸਤਿ ਸੰਗਤ ਨਾਲ ਇਨ੍ਹਾਂ ਵਿਕਾਰਾਂ ਤੋਂ ਬਚਿਆ ਜਾ ਸਕਦਾ ਹੈ। ਇਨ੍ਹਾਂ ਵਿਕਾਰਾਂ ਬਾਰੇ ਭੱਟ ਕੀਰਤ ਜੀ ਦੇ ਸਵੱਈਆਂ ਵਿਚ ਵਰਣਨ ਇਸ ਤਰ੍ਹਾਂ ਹੈ:

ਕਵਿ ਕੀਰਤ ਜੋ ਸੰਤ ਚਰਨ ਮੁੜਿ ਲਾਗਹਿ ਤਿਨ੍‍ ਕਾਮ ਕ੍ਰੋਧ ਜਮ ਕੋ ਨਹੀ ਤ੍ਰਾਸੁ॥ (ਪੰਨਾ 1406)

ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ॥
ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ॥ (ਪੰਨਾ 1406)

ਭੱਟ ਕੀਰਤ ਜੀ ਦੇ ਸਵੱਈਆਂ ਸੰਬੰਧੀ ਹੋਈ ਉਪਰੋਕਤ ਵਿਚਾਰ ਚਰਚਾ ਦਾ ਸਾਰ-ਤੱਤ ਇਹ ਹੈ ਕਿ ਭੱਟ ਕੀਰਤ ਜੀ ਨੇ ਆਪਣੇ ਅੱਠ ਸਵੱਈਆਂ ਵਿਚ ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਉਪਮਾ ਕਰਦਿਆਂ ਸਤਿਗੁਰੂ ਦੀ ਚਰਨ-ਸ਼ਰਨ, ਨਾਮ-ਸਿਮਰਨ, ਸੇਵਾ, ਪ੍ਰੇਮ-ਭਗਤੀ, ਸਤਿ ਸੰਗਤ ਆਦਿ ਦੀ ਮਹੱਤਵ ਨੂੰ ਦਰਸਾਇਆ ਹੈ। ਭੱਟ ਕੀਰਤ ਜੀ ਅਨੁਸਾਰ ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਚਰਨ ਸ਼ਰਨ ਵਿਚ ਜਾਣ ਨਾਲ ਸਭ ਤਰ੍ਹਾਂ ਦੇ ਜਮਾਂ ਦੀ ਤ੍ਰਾਸ, ਦੁੱਖ-ਦਲਿੱਦਰ ਆਦਿ ਖਤਮ ਹੋ ਜਾਂਦੇ ਹਨ। ਸਭ ਚਿੰਤਾਵਾਂ ਮੁੱਕ ਜਾਂਦੀਆਂ ਅਤੇ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Balwinder Singh Jorasingha
ਰੀਸਰਚ ਸਕਾਲਰ, ਸਿੱਖ ਇਤਿਹਾਸ ਰੀਸਰਚ ਬੋਰਡ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

#160, ਪ੍ਰਤਾਪ ਐਵੀਨਿਊ, ਜੀ. ਟੀ. ਰੋਡ, ਅੰਮ੍ਰਿਤਸਰ

1 ਡਾ. ਰਾਏ ਜਸਬੀਰ ਸਿੰਘ (ਸੰਪਾ) ਗੁਰੂ ਅਮਰਦਾਸ ਸ੍ਰੋਤ ਪੁਸਤਕ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1986, ਪੰਨਾ 9.
2 ਪ੍ਰੋ. ਪਿਆਰਾ ਸਿੰਘ ਪਦਮ, ਸ੍ਰੀ ਗੁਰੂ ਗ੍ਰੰਥ ਪ੍ਰਕਾਸ਼, ਕਲਮ ਮੰਦਰ, ਪਟਿਆਲਾ, 1977, ਪੰਨਾ 63- 63.
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)