ਗੁਰੂ ਦਾ ਸੰਕਲਪ ਸਿੱਖ ਧਰਮ ਵਿਚ ਕੇਂਦਰੀ ਮਹੱਤਵ ਦਾ ਧਾਰਨੀ ਹੈ। ਭਾਈ ਕਾਨ੍ਹ ਸਿੰਘ ਨਾਭਾ ਰਚਿਤ ‘ਮਹਾਨ ਕੋਸ਼’ ਅਨੁਸਾਰ ‘ਗੁਰੂ’ ਸ਼ਬਦ ਸੰਸਕ੍ਰਿਤ ਦੇ ਸ਼ਬਦ ‘ਗ੍ਰੀ’ ਧਾਤੂ ਤੋਂ ਬਣਿਆ ਹੈ। ਇਸ ਦੇ ਅਰਥ ਹਨ ਨਿਗਲਣਾ ਅਤੇ ਸਮਝਾਉਣਾ। ਜੋ ਅਗਿਆਨ ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਤਤ੍ਵ ਗਿਆਨ ਕਰਾਉਂਦਾ ਹੈ ਉਹ ਗੁਰੂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਗੁਰ’, ‘ਗੁਰੁ’ ਅਤੇ ‘ਗੁਰੂ’ ਸ਼ਬਦ ਇਕ ਹੀ ਅਰਥ ਵਿਚ ਆਇਆ ਹੈ, ਜਿਸ ਦਾ ਅਰਥ ਧਰਮ ਉਪਦੇਸ਼ ਜਾਂ ਧਾਰਮਿਕ ਸਿੱਖਿਆ ਦੇਣ ਵਾਲਾ ਅਚਾਰਯ ਹੈ। ਬਾਣੀ ਦੇ ਅਨੁਸਾਰ ਗੁਰੂ ਅਗਿਆਨਤਾ ਦੇ ਹਨ੍ਹੇਰੇ ਵਿਚ ਭਟਕਦੀ ਲੋਕਾਈ ਲਈ ਮੁਕਤੀ ਪ੍ਰਦਾਤਾ ਹਨ:
ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ॥
ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ॥ (ਪੰਨਾ 1399)
ਭੱਟ ਬਾਣੀਕਾਰ ਕਹਿੰਦੇ ਹਨ ਕਿ ਗੁਰੂ ਦਾ ਮਾਰਗ ਛੱਡਣ ਕਰਕੇ ਮਨੁੱਖ ਮਾਇਆ ਦੇ ਜੰਜਾਲ ਵਿਚ ਫਸਿਆ ਹੋਇਆ ਹੈ। ਗੁਰੂ ਦੇ ਗਿਆਨ ਰੂਪੀ ਚਾਨਣ ਤੋਂ ਅੱਖਾਂ ਬੰਦ ਕਰ ਲੈਣ ਨਾਲ ਉਹ ਅਗਿਆਨਤਾ ਰੂਪੀ ਅੰਧਕਾਰ ਵਿਚ ਡੁੱਬਾ ਹੋਇਆ ਹੈ। ਉਸ ਨੂੰ ਦੁਨਿਆਵੀ ਕਾਰ-ਵਿਹਾਰ ਅਤੇ ਐਸ਼ੋ-ਆਰਾਮ ਚੰਗੇ ਲੱਗਦੇ ਹਨ:
ਸੰਸਾਰਿ ਸਫਲੁ ਗੰਗਾ ਗੁਰ ਦਰਸਨੁ ਪਰਸਨ ਪਰਮ ਪਵਿਤ੍ਰ ਗਤੇ॥
ਜੀਤਹਿ ਜਮ ਲੋਕੁ ਪਤਿਤ ਜੇ ਪ੍ਰਾਣੀ ਹਰਿ ਜਨ ਸਿਵ ਗੁਰ ਗ੍ਹਾਨਿ ਰਤੇ॥ (ਪੰਨਾ 1401)
ਗੁਰੂ ਦੀ ਕਿਰਪਾ ਤੋਂ ਬਿਨਾਂ ਇਸ ਸੰਸਾਰ ਰੂਪੀ ਭਵਸਾਗਰ ਨੂੰ ਪਾਰ ਕਰਨਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੈ:
ਗੁਰੁ ਜਹਾਜੁ ਖੇਵਟੁ ਗੁਰੂ ਗੁਰ ਬਿਨੁ ਤਰਿਆ ਨ ਕੋਇ॥
ਗੁਰ ਪ੍ਰਸਾਦਿ ਪ੍ਰਭੁ ਪਾਈਐ ਗੁਰ ਬਿਨੁ ਮੁਕਤਿ ਨ ਹੋਇ॥ (ਪੰਨਾ 1401)
ਜਿਨ੍ਹਾਂ ਮਨੁੱਖਾਂ ਉੱਤੇ ਸਤਿਗੁਰੂ ਪ੍ਰਸੰਨ ਹੁੰਦਾ ਹੈ ਉਨ੍ਹਾਂ ਦੇ ਹਿਰਦੇ ਵਿਚ ਹਰੀ ਨਾਮ ਦਾ ਵਾਸ ਹੁੰਦਾ ਹੈ। ਜਿਨ੍ਹਾਂ ਉੱਤੇ ਗੁਰੂ ਦੀ ਮਿਹਰ ਹੁੰਦੀ ਹੈ ਉਨ੍ਹਾਂ ਦੇ ਪਾਪ ਹਰਨ ਹੋ ਜਾਂਦੇ ਹਨ:
ਗੁਰੁ ਜਿਨ੍ ਕਉ ਸੁਪ੍ਰਸੰਨੁ ਨਾਮੁ ਹਰਿ ਰਿਦੈ ਨਿਵਾਸੈ॥
ਜਿਨ੍ ਕਉ ਗੁਰੁ ਸੁਪ੍ਰਸੰਨੁ ਦੁਰਤੁ ਦੂਰੰਤਰਿ ਨਾਸੈ॥ (ਪੰਨਾ 1398)
ਜਿਨ੍ਹਾਂ ਮਨੁੱਖਾਂ ਉੱਤੇ ਗੁਰੂ ਦੀ ਮਿਹਰ ਹੁੰਦੀ ਹੈ ਉਨ੍ਹਾਂ ਦੀ ਹਉਮੈ ਖ਼ਤਮ ਹੋ ਜਾਂਦੀ ਹੈ ਤੇ ਉਹ ਸ਼ਬਦ ਨਾਲ ਜੁੜ ਕੇ ਇਸ ਸੰਸਾਰ ਰੂਪੀ ਭਵਸਾਗਰ ਨੂੰ ਪਾਰ ਕਰ ਲੈਂਦੇ ਹਨ :
ਗੁਰੁ ਜਿਨ੍ ਕਉ ਸੁਪ੍ਰਸੰਨੁ ਮਾਨੁ ਅਭਿਮਾਨੁ ਨਿਵਾਰੈ॥
ਜਿਨ੍ ਕਉ ਗੁਰੁ ਸੁਪ੍ਰਸੰਨੁ ਸਬਦਿ ਲਗਿ ਭਵਜਲੁ ਤਾਰੈ॥ (ਪੰਨਾ 1398)
ਗੁਰੂ ਦੀ ਉਪਮਾ : ਭੱਟ ਸਾਹਿਬਾਨ ਦੀ ਬਾਣੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਤਕ ਪੰਜ ਗੁਰੂ ਸਾਹਿਬਾਨ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਹੈ। ਭੱਟ ਸਾਹਿਬਾਨ ਤੋਂ ਪਹਿਲਾਂ ਵੀ ਗੁਰੂ-ਮਹਿਮਾ ਦਾ ਜ਼ਿਕਰ ਗੁਰਬਾਣੀ ਵਿੱਚੋਂ ਹੀ ਮਿਲ ਜਾਂਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ:
ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ॥ (ਪੰਨਾ 750)
ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ॥ (ਪੰਨਾ 1396)
ਨਾਨਕ ਕੁਲਿ ਨਿੰਮਲੁ ਅਵਤਰ੍ਹਿਉ ਅੰਗਦ ਲਹਣੇ ਸੰਗਿ ਹੁਅ॥
ਗੁਰ ਅਮਰਦਾਸ ਤਾਰਣ ਤਰਣ ਜਨਮ ਜਨਮ ਪਾ ਸਰਣਿ ਤੁਅ॥ (ਪੰਨਾ 1395)
ਗੁਰ ਨਾਨਕ ਅੰਗਦ ਅਮਰ ਲਾਗਿ ਉਤਮ ਪਦੁ ਪਾਯਉ॥
ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ॥ (ਪੰਨਾ 1407)
ਤਉ ਪਰਮ ਗੁਰੂ ਨਾਨਕ ਗੁਨ ਗਾਵਉ॥ (ਪੰਨਾ 1398)
ਕਬਿ ਕਲ ਸੁਜਸੁ ਨਾਨਕ ਗੁਰ ਨਿਤ ਨਵਤਨੁ ਜਗਿ ਛਾਇਓ॥ (ਪੰਨਾ 1390)
ਗਾਵਹਿ ਇੰਦ੍ਰਾਦਿ ਭਗਤ ਪ੍ਰਹਿਲਾਦਿਕ ਆਤਮ ਰਸੁ ਜਿਨਿ ਜਾਣਿਓ॥ (ਪੰਨਾ 1389)
ਗਾਵਹਿ ਕਪਿਲਾਦਿ ਆਦਿ ਜੋਗੇਸੁਰ ਅਪਰੰਪਰ ਅਵਤਾਰ ਵਰੋ॥ (ਪੰਨਾ 1389)
ਭੱਟਾਂ ਦੇ ਸਵੱਈਆਂ ਦਾ ਅਧਿਐਨ ਕਰਨ ਤੋਂ ਬਾਅਦ ਇਹ ਧਾਰਨਾ ਬਣਦੀ ਹੈ ਕਿ ਭੱਟ ਗੁਰੂ ਸਾਹਿਬਾਨ ਦੀ ਉਪਮਾ ਗੁਰੂ ਜੋਤ ਸਰੂਪ ਨੂੰ ਵਿਲੱਖਣ ਦਰਸਾਉਣ ਲਈ ਕਰਦੇ ਹਨ। ਇਨ੍ਹਾਂ ਵਿਚ ਭਾਵੇਂ ਗੁਰੂ-ਉਪਮਾ ਵਧੇਰੇ ਹੈ ਪ੍ਰੰਤੂ ਇਸ ਦੇ ਨਾਲ ਹੀ ਗੁਰੂ ਦੇ ਸੰਕਲਪ ਦੀ ਸਿਧਾਂਤਕ ਅਤੇ ਸੰਸਥਾਗਤ ਰੂਪ ਵਿਚ ਵਿਆਖਿਆ ਕੀਤੀ ਗਈ ਹੈ। ਗੁਰੂ-ਸਿਧਾਂਤ ਦੀ ਪ੍ਰਪੱਕਤਾ ਲਈ ਗੁਰੂ ਸਾਹਿਬ ਨੂੰ ਪਰਮਾਤਮਾ ਵਿਚ ਅਭੇਦ ਮੰਨਿਆ ਹੈ:
ਪਰਤਖਿ ਦੇਹ ਪਾਰਬ੍ਰਹਮੁ ਸੁਆਮੀ ਆਦਿ ਰੂਪਿ ਪੋਖਣ ਭਰਣੰ॥ (ਪੰਨਾ 1401)
ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ॥
ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਹ ਹਰਿ॥ (ਪੰਨਾ 1409)
ਦੋਹਾਂ ਵਿਚ ਇਤਨੀ ਅਭੇਦਤਾ ਹੈ ਕਿ ਸਿੱਖ ਗੁਰੂ ਵਿੱਚੋਂ ਹੀ ਗੋਬਿੰਦ ਨੂੰ ਦਿਬ-ਦ੍ਰਿਸ਼ਟੀ ਰਾਹੀਂ ਨਿਹਾਰਦਾ ਹੈ। ਡਾ. ਮਨਮੋਹਨ ਸਿੰਘ (ਸਹਿਗਲ) ਦਾ ਵਿਚਾਰ ਹੈ ਕਿ ਜਿਉਂ-ਜਿਉਂ ਚਿੰਤਨ ਦਾ ਖੇਤਰ ਵਿਸਤ੍ਰਿਤ ਹੁੰਦਾ ਹੈ ਗੁਰੂ ਹੀ ਬ੍ਰਹਮ ਰੂਪ ਦਿਖਾਈ ਦੇਣ ਲੱਗਦਾ ਹੈ ਅਤੇ ਸਿੱਖ ਦੀ ਉਹ ਅਵਸਥਾ ਵੀ ਦੂਰ ਨਹੀਂ ਰਹਿ ਜਾਂਦੀ ਜਦੋਂ ਉਹ ਗੁਰੂ ਨੂੰ ਸਾਖਿਆਤ ਬ੍ਰਹਮ ਸਵੀਕਾਰ ਕਰਦਾ ਹੈ ਅਤੇ ਦੋਹਾਂ ਦੀ ਅਭੇਦਤਾ ਸਥਾਪਨਾ ਸਰੂਪ ਹੋ ਜਾਂਦੀ ਹੈ। ਇਸ ਦਾ ਸਿਧਾਂਤਕ ਦ੍ਰਿਸ਼ਟੀਕੋਣ ਤੋਂ ਆਧਾਰ ਇਹੀ ਹੈ ਕਿ ਗੁਰੁ ਜੋਤਿ ਸਰੂਪ ਹੈ। ਇਸ ਪ੍ਰਥਾਇ ਗੁਰ-ਫੁਰਮਾਨ ਹੈ:
ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ ਇਕ ਵਸਤੁ ਅਨੂਪ ਦਿਖਾਈ॥
ਗੁਰ ਗੋਵਿੰਦੁ ਗੋੁਵਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ॥ (ਪੰਨਾ 442)
ਇਸੇ ਵਿਚਾਰ ਦੀ ਪ੍ਰੋੜਤਾ ਭੱਟ-ਬਾਣੀ ਤੋਂ ਇਸ ਤਰ੍ਹਾਂ ਹੁੰਦੀ ਹੈ:
ਤੂ ਸਤਿਗੁਰੁ ਚਹੁ ਜੁਗੀ ਆਪਿ ਆਪੇ ਪਰਮੇਸਰੁ॥ (ਪੰਨਾ 1406)
ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥
ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ॥
ਜਹ ਕਹ ਤਹ ਭਰਪੂਰੁ ਸਬਦੁ ਦੀਪਕਿ ਦੀਪਾਯਉ॥
ਜਿਹ ਸਿਖਹ ਸੰਗ੍ਰਹਿਓ ਤਤੁ ਹਰਿ ਚਰਣ ਮਿਲਾਯਉ॥ (ਪੰਨਾ 1395)
ਉਪਰੋਕਤ ਵਿਵਰਣ ਤੋਂ ਸਪੱਸ਼ਟ ਹੈ ਕਿ ਗੁਰੂ ਪਰਮਾਤਮਾ ਨਾਲ ਹੀ ਸਮਰੂਪ ਨਹੀਂ ਸਗੋਂ ਸਭ ਥਾਂ ਵਿਆਪਕ ਮੂਲ ਸ਼ਬਦ ਨਾਲ ਵੀ ਸਮਰੂਪ ਹੈ। ਦੈਵੀ ਗਿਆਨ ਨੂੰ ਗੁਰੂ ਸ਼ਬਦ/ਬਾਣੀ ਰਾਹੀਂ ਪ੍ਰਗਟਾਉਂਦਾ ਹੈ। ਇਨ੍ਹਾਂ ਅਰਥਾਂ ਵਿਚ ਗੁਰੂ, ਸ਼ਬਦ ਨਾਲ ਅਭੇਦ ਹੈ ਜਾਂ ਇਸ ਤਰ੍ਹਾਂ ਕਹਿ ਲਈਏ ਕਿ ‘ਸ਼ਬਦ’ ਹੀ ਗੁਰੂ ਹੈ:
ਸਬਦੁ ਗੁਰੂ ਪਰਕਾਸਿਓ ਹਰਿ ਰਸਨ ਬਸਾਯਉ॥ (ਪੰਨਾ 1407)
ਗੁਰੂ ਦੀ ਆਪਣੇ ਬੁਨਿਆਦੀ ਅਰਥਾਂ ਵਿਚ ਪਰਮਾਤਮਾ ਅਤੇ ਸ਼ਬਦ ਨਾਲ ਹੀ ਸਮਤਾ ਨਹੀਂ ਸਗੋਂ ਗੁਰੂ ਮਨੁੱਖਤਾ ਦੇ ਕਲਿਆਣ ਲਈ ਮਨੁੱਖੀ ਰੂਪ ਵਿਚ ਵੀ ਪ੍ਰਗਟ ਹੁੰਦਾ ਹੈ:
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥
ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ॥ (ਪੰਨਾ 1408)
ਇਨ੍ਹਾਂ ਅਰਥਾਂ ਵਿਚ ਗੁਰੂ ਪਰਮਾਤਮਾ ਨਾਲ ਇਕ ਰੂਪ ਹੈ ਅਤੇ ਉਨ੍ਹਾਂ ਦੁਆਰਾ ਪ੍ਰਗਟ ਹੋਦੇ ਸ਼ਬਦ ਨਾਲ ਵੀ। ਸਿੱਖ-ਪਰੰਪਰਾ ਵਿਚ ‘ਗੁਰੂ’ ਸ਼ਬਦ ਦਾ ਪ੍ਰਯੋਗ ਤਿੰਨ ਅਰਥਾਂ ਵਿਚ ਹੋਇਆ ਹੈ- ਇਹ ਪਰਮਾਤਮਾ ਦਾ ਵੀ ਸੰਕੇਤਕ ਹੈ, ਮਨੁੱਖੀ ਉਪਦੇਸ਼ਕ ਲਈ ਵੀ ਵਰਤੋਂ ਹੁੰਦੀ ਹੈ ਅਤੇ ਇਹ ਸ਼ਬਦ ਦਾ ਵੀ ਲਖਾਇਕ ਹੈ। ਗੁਰੁ ਦੇ ਇਹ ਅਰਥ ਇਕ ਦੂਸਰੇ ਤੋਂ ਵੱਖਰੇ ਨਹੀਂ ਹਨ। ਗੁਰੂ ਆਪ ਪਰਮਾਤਮਾ ਨਾਲ ਇਕਮਿਕ ਹੋ ਕੇ ਦੈਵੀ ਗਿਆਨ ਦੀ ਪ੍ਰਾਪਤੀ ਕਰਦਾ ਹੈ:
ਸਤਿਗੁਰਿ ਨਾਨਕਿ ਭਗਤਿ ਕਰੀ ਇਕ ਮਨਿ ਤਨੁ ਮਨੁ ਧਨੁ ਗੋਬਿੰਦ ਦੀਅਉ॥ (ਪੰਨਾ 1405)
ਗੁਰੂ-ਜੋਤ ਦੀ ਏਕਤਾ : ਸਿੱਖ-ਚਿੰਤਨ ਅਨੁਸਾਰ ਗੁਰੂ ਦਾ ਸੰਕਲਪ ਜੋਤਿ ਅਤੇ ਜੁਗਤਿ ਦੇ ਰੂਪ ਵਿਚ ਉਜਾਗਰ ਹੋਇਆ ਹੈ। ਸਾਰੇ ਗੁਰੂ ਸਾਹਿਬਾਨ ਵਿਚ ਇਕ ਹੀ ਦੈਵੀ ਜੋਤੀ ਪ੍ਰਜਵਲਿਤ ਹੋਈ ਮੰਨੀ ਗਈ ਹੈ ਅਤੇ ਗੁਰੂ ਜੁਗਤਿ ਵੀ ਇੱਕੋ ਹੀ ਹੈ:
ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ॥
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥ (ਪੰਨਾ 966)
ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰੁ ਛਤ੍ਰੁ ਫਿਰਾਇਆ।
ਜੋਤੀ ਜੋਤਿ ਮਿਲਾਇ ਕੈ ਸਤਿਗੁਰ ਨਾਨਕਿ ਰੂਪੁ ਵਟਾਇਆ।
ਲਖਿ ਨ ਕੋਈ ਸਕਈ ਆਚਰਜੇ ਆਚਰਜ ਦਿਖਾਇਆ।
ਕਾਇਆ ਪਲਟਿ ਸਰੂਪੁ ਬਣਾਇਆ॥ (ਭਾਈ ਗੁਰਦਾਸ ਜੀ, ਵਾਰ 1:45)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਜੋਤਿ ਭਾਈ ਲਹਿਣੇ ਵਿਚ ਇਸ ਤਰ੍ਹਾਂ ਜਗਾਈ ਜਿਸ ਤਰ੍ਹਾਂ ਇਕ ਦੀਵੇ ਤੋਂ ਦੂਸਰਾ ਦੀਵਾ ਜਗਦਾ ਹੈ ਅਤੇ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਬਣ ਗਏ:
ਗੁਰੁ ਅੰਗਦੁ ਗੁਰੁ ਅੰਗੁ ਤੇ ਅੰਮ੍ਰਿਤ ਬਿਰਖੁ ਅੰਮ੍ਰਿਤ ਫਲ ਫਲਿਆ।
ਜੋਤੀ ਜੋਤਿ ਜਗਾਈਅਨੁ ਦੀਵੇ ਤੇ ਜਿਉ ਦੀਵਾ ਬਲਿਆ। (ਵਾਰ 24:8)
ਇਹ ਵਰਤਾਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਇਸੇ ਤਰ੍ਹਾਂ ਨਿਰੰਤਰ ਵਰਤਦਾ ਰਿਹਾ। ਇਸੇ ਕਰਕੇ ਗੁਰੂ ਸਾਹਿਬਾਨ ਆਪਣੇ ਆਪ ਨੂੰ ‘ਨਾਨਕ’ ਨਾਮ ਨਾਲ ਸੰਬੋਧਨ ਕਰਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਸੌਂਪ ਕੇ ਸ਼ਬਦ-ਗੁਰੂ ਦੀ ਸਥਾਪਨਾ ਕੀਤੀ ਅਤੇ ਉਹ ਦੈਵੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਿਰਾਜਮਾਨ ਹੈ। ਉਪਰੋਤਕ ਵਿਚਾਰਧਾਰਾ ਦੀ ਹੀ ਪ੍ਰੋੜਤਾ ਭੱਟ-ਬਾਣੀ ਵਿਚ ਇਸ ਤਰ੍ਹਾਂ ਹੋਈ ਹੈ:
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥
ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ॥
ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ॥
ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ॥
ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ॥
ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ॥ (ਪੰਨਾ 1408)
ਭੱਟ ਸਾਹਿਬਾਨ ਦੀ ਬਾਣੀ ਵਿਚ ਜਿੱਥੇ ਗੁਰੂ-ਜੋਤਿ ਦੇ ਇਤਿਹਾਸਕ ਕ੍ਰਮ ਨੂੰ ਬਿਆਨ ਕੀਤਾ ਹੈ, ਉੱਥੇ ਗੁਰੂ ਸਾਹਿਬਾਨ ਨੂੰ ਗੁਰਗੱਦੀ ਮਿਲਣ ਦੇ ਸੰਕੇਤ ਵੀ ਗੁਰ-ਇਤਿਹਾਸ ਦੇ ਰੂਪ ਵਿਚ ਦ੍ਰਿਸ਼ਟੀਗੋਚਰ ਕੀਤੇ ਹਨ:
ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ॥ (ਪੰਨਾ 1399)
ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ॥ (ਪੰਨਾ 1409)
ਗੁਰੂ ਦੇ ਸੰਸਥਾਗਤ ਸੰਦਰਭ ਨੂੰ ਪੇਸ਼ ਕਰਦਿਆਂ ਹੋਇਆਂ ਭੱਟ ਸਾਹਿਬਾਨ ਨੇ ਗੁਰਗੱਦੀ ਦੇ ਸਿਲਸਿਲੇ ਨੂੰ ਬਿਆਨ ਕੀਤਾ ਹੈ, ਜਿਸ ਦੀਆਂ ਅਨੇਕਾਂ ਉਦਾਹਰਣਾਂ ਭੱਟ ਸਾਹਿਬਾਨ ਦੀ ਬਾਣੀ ਵਿੱਚੋਂ ਉਪਲਬਧ ਹਨ। ਇਸ ਤਰ੍ਹਾਂ ਭੱਟ ਸਾਹਿਬਾਨ ਨੇ ਗੁਰੂ ਸਾਹਿਬਾਨ ਨੂੰ ਸਿਧਾਂਤਕ ਤੇ ਸੰਸਥਾਗਤ ਰੂਪ ਬਿਆਨ ਕਰਦਿਆਂ ਹੋਇਆਂ ਉਨ੍ਹਾਂ ਨੂੰ ਸਰੀਰ ਤੋਂ ਪਾਰ ਸ਼ਬਦ ਰੂਪ ਵਿਚ ਨਿਹਾਰਿਆ ਹੈ। ਇਸ ਕਥਨ ਦੀ ਪੁਸ਼ਟੀ ਭੱਟਾਂ ਦੁਆਰਾ ਉਚਾਰੇ ਸ਼ਬਦਾਂ ‘ਨਾਨਕ ਆਦਿ ਅੰਗਦ ਅਮਰ ਸਤਿਗੁਰ ਸਬਦਿ ਸਮਾਇਅਉ॥’ (ਪੰਨਾ 1407) ਜਾਂ ‘ਸਤਿਗੁਰ ਸਬਦੁ ਅਥਾਹੁ ਅਮਿਅ ਧਾਰਾ’ (ਪੰਨਾ 1397) ਤੇ ‘ਸਬਦ ਸੂਰ ਬਲਵੰਤ’ (ਪੰਨਾ 1391) ਤੋਂ ਹੋ ਜਾਂਦੀ ਹੈ। ਉਪਰੋਕਤ ਵਿਚਾਰਾਂ ਤੋਂ ਸਪੱਸ਼ਟ ਹੈ ਕਿ ਭੱਟ ਸਾਹਿਬਾਨ ਦੀ ਬਾਣੀ ਗੁਰੂ ਸਾਹਿਬਾਨ ਦੀ ਮਹਿਮਾ ਦਾ ਗੁਣਗਾਨ ਕਰਨ ਵੱਲ ਰੁਚਿਤ ਹੈ। ਭੱਟ ਸਾਹਿਬਾਨ ਦੁਆਰਾ ਵਰਣਿਤ ਗੁਰੂ ਦੀ ਉਸਤਤੀ ਪਰਮਾਤਮਾ ਅਤੇ ਸ਼ਬਦ-ਬਾਣੀ ਦਾ ਸੁਮੇਲ ਹੈ। ਇਸ ਰੂਪ ਵਿਚ ਇਹ ਗੁਰੂ-ਮਹਿਮਾ ਰੱਬੀ ਸ਼ਕਤੀ ਦੀ ਉਪਮਾ ਹੋ ਨਿੱਬੜਦੀ ਹੈ।
ਲੇਖਕ ਬਾਰੇ
- ਡਾ. ਮਲਕਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%ae%e0%a8%b2%e0%a8%95%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/
- ਡਾ. ਮਲਕਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%ae%e0%a8%b2%e0%a8%95%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/April 1, 2010