ਯੁੱਗਗਰਦੀਆਂ ਦੇ ਲੰਮੇ ਪੈਂਡਿਆਂ ’ਚ ਕਦੇ-ਕਦਾਈਂ ਇਸ ਧਰਤੀ ’ਤੇ ਕੋਈ ਅਜਿਹੀ ਰੂਹ ਆਉਂਦੀ ਹੈ, ਜਿਹੜੀ ਇਤਿਹਾਸ ਨੂੰ ਸਦੀਆਂ ਤਕ ਬਦਲ ਕੇ ਰੱਖ ਦਿੰਦੀ ਹੈ। ਅਜਿਹੀ ਹੀ ਇਕ ਰੂਹ ਸੀ ਬਾਬਾ ਬੰਦਾ ਸਿੰਘ ਬਹਾਦਰ। ਬਾਬਾ ਜੀ ਦੇ ਜੀਵਨ ਅਤੇ ਸ਼ਖ਼ਸੀਅਤ ਸੰਬੰਧੀ ਭਾਵੇਂ ਇਤਿਹਾਸਕਾਰਾਂ ਨੇ ਬਹੁਤ ਕੁਝ ਲਿਖਿਆ ਹੈ, ਪਰ ਫਿਰ ਵੀ ਸਮੁੱਚੀ ਉਪਲਬਧ ਸਮੱਗਰੀ ਨੂੰ ਸੌ ਫੀਸਦੀ ਵਰਤਿਆ ਨਹੀਂ ਜਾ ਸਕਿਆ। ਹਥਲੇ ਲੇਖ ਵਿਚ ਸਾਡਾ ਮੁੱਖ ਪ੍ਰਯੋਜਨ ਭੱਟ-ਵਹੀਆਂ ’ਚ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਮਿਲਦੀ ਜਾਣਕਾਰੀ ਮੁਹੱਈਆ ਕਰਵਾਉਣਾ ਹੈ, ਜਿਸ ਕਰਕੇ ਅਸੀਂ ਭੱਟ ਵਹੀਆਂ ਤਕ ਹੀ ਸੀਮਤ ਰਹਾਂਗੇ। ਪਰੰਤੂ ਇਹ ਜਾਣਕਾਰੀ ਪ੍ਰਾਪਤ ਕਰਨ ਤੋਂ ਪਹਿਲਾਂ ਵਹੀਆਂ ਬਾਰੇ ਆਮ ਜਾਣਕਾਰੀ ਹਾਸਲ ਕਰਨੀ ਵਧੇਰੇ ਸਾਰਥਕ ਸਿੱਧ ਹੋਵੇਗੀ।
‘ਭੱਟ’ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ, ਉਸਤਤਿ ਪੜ੍ਹਨ ਵਾਲਾ ਕਵਿ, ਅਥਵਾ ਰਾਜ ਦਰਬਾਰ ਵਿਚ ਰਾਜਾ ਅਤੇ ਯੋਧਿਆਂ ਦਾ ਯਸ਼ ਕਹਿਣ ਵਾਲਾ।1 ਭੱਟ, ਅਕਸਰ ਰਾਜ ਦਰਬਾਰਾਂ ਵਿਚ ਰਹਿੰਦੇ ਸਨ ਅਤੇ ਯੁੱਧਾਂ ਵਿਚ ਰਾਜਿਆਂ ਤੇ ਉਨ੍ਹਾਂ ਦੇ ਪੂਰਵਜਾਂ ਦੁਆਰਾ ਪ੍ਰਾਪਤ ਕੀਤੀਆਂ ਜਿੱਤਾਂ ਦੀਆਂ ਗਾਥਾਵਾਂ ਉਨ੍ਹਾਂ ਰਾਜਿਆਂ ਨੂੰ ਅਤੇ ਪਰਜਾ ਨੂੰ ਸੁਣਾਉਂਦੇ ਸਨ। ਭੱਟਾਂ ਦੇ ਪਿਛੋਕੜ ਵੱਲ ਝਾਤ ਮਾਰਿਆਂ ਪਤਾ ਚੱਲਦਾ ਹੈ ਕਿ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਭਿਖਾ ਨਾਂ ਦੇ ਭੱਟ ਨੇ ਸਿੱਖੀ ਧਾਰਨ ਕੀਤੀ। ਉਪਰੰਤ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਉਹ ਆਪਣੇ ਨਾਲ ਕਈ ਭੱਟਾਂ ਨੂੰ ਲੈ ਕੇ ਗੁਰ-ਦਰਬਾਰ ਵਿਚ ਹਾਜ਼ਰ ਹੋਇਆ। ਉਨ੍ਹਾਂ ਭੱਟਾਂ ਨੇ ਗੁਰੂ ਸਾਹਿਬਾਨ ਦੀ ਉਸਤਤਿ ਵਿਚ ਜਿਹੜੇ ਛੰਦ ਉਚਾਰੇ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਭੱਟਾਂ ਕੇ ਸਵਈਏ’ ਸਿਰਲੇਖ ਅਧੀਨ ਅੰਕਿਤ ਹਨ।2
ਭੱਟ ਵਹੀਆਂ:
ਭੱਟ, ਜਜਮਾਨਾਂ ਦੇ ਖੁਸ਼ੀ-ਗ਼ਮੀ ਦੇ ਮੌਕੇ ’ਤੇ ਹਾਜ਼ਰ ਹੋ ਕੇ ਵਧਾਈਆਂ ਦੇ ਕੇ ਆਪਣੀ ਲਾਗ-ਦੱਛਣਾ ਲੈਂਦੇ ਸਨ। ਇਹ ਉਨ੍ਹਾਂ ਦਾ ਇਕ ਤਰ੍ਹਾਂ ਨਾਲ ਰੁਜ਼ਗਾਰ/ ਰੋਟੀ ਦਾ ਸਾਧਨ ਵੀ ਸੀ। ਇਸੇ ਕਰਕੇ ਇਹ ਭੱਟ ਲੋਕ ਆਪਣੇ ਕੋਲ ਵਹੀਆਂ 3 ਰੱਖਦੇ ਸਨ ਅਤੇ ਜਿਥੇ-ਕਿਤੇ ਇਹ ਜਾਂਦੇ ਸਨ, ਜਜਮਾਨਾਂ ਦੇ ਨਾਂ, ਪਤੇ ਤੇ ਬੰਸਾਵਲੀਆਂ ਨਾਲੋ-ਨਾਲ ਦਰਜ ਕਰਦੇ ਰਹਿੰਦੇ ਸਨ। ਜੇਕਰ ਕੋਈ ਖਾਸ ਘਟਨਾ ਵਾਪਰਦੀ ਤਾਂ ਇਹ ਉਸ ਦਾ ਬਿਉਰਾ ਵੀ ਅੰਕਿਤ ਕਰ ਲੈਂਦੇ। ਇਸ ਦਾ ਲਾਭ ਇਹ ਹੁੰਦਾ ਕਿ ਜਦੋਂ ਕੋਈ ਜਜਮਾਨਾਂ ਦਾ ਖਾਸ ਸਮਾਗਮ ਹੁੰਦਾ ਤਾਂ ਇਹ ਪਿਛਲੇ ਕੁਰਸੀਨਾਮੇ ਅਤੇ ਕਾਰਨਾਮੇ ਪੜ੍ਹ-ਸੁਣਾ ਕੇ ਵਡੇਰਿਆਂ ਦੀਆਂ ਖਾਸ ਬੀਰਤਾ ਤੇ ਦਾਨ ਦੀਆਂ ਉਭਰਵੀਆਂ ਗੱਲਾਂ ਦੱਸ ਕੇ ਨਵੀਂ ਪੀੜ੍ਹੀ ਦੇ ਮਨ ਵਿਚ ਹੁਲਾਸ ਪੈਦਾ ਕਰ ਦਿੰਦੇ ਸਨ, ਜਿਸ ਸਦਕਾ ਉਨ੍ਹਾਂ ਨੂੰ ਚੰਗਾ ਦਾਨ/ਬਖਸ਼ੀਸ਼ ਪ੍ਰਾਪਤ ਹੁੰਦੀ ਸੀ।
ਸੋ, ਇਹ ਵਹੀਆਂ ਭੱਟਾਂ ਦੇ ਜੀਵਨ ਦਾ ਆਧਾਰ ਸਨ ਅਤੇ ਇਨ੍ਹਾਂ ਦੀ ਬਹੁਤ ਸਾਂਭ-ਸੰਭਾਲ ਕੀਤੀ ਜਾਂਦੀ ਸੀ, ਕਿਉਂਕਿ ਇਨ੍ਹਾਂ ਵਿਚ ਪੀੜ੍ਹੀ-ਦਰ-ਪੀੜ੍ਹੀ ਅਨੇਕਾਂ ਘਰਾਣਿਆਂ ਦੇ ਮੋਟੇ-ਮੋਟੇ ਹਾਲਾਤ ਲਿਖੇ ਜਾਂਦੇ ਰਹਿੰਦੇ ਸਨ। ਇਥੇ ਇਹ ਵਰਨਣਯੋਗ ਹੈ ਕਿ ਇਹ ਭੱਟ, ਕੋਈ ਵਿਦਵਾਨ ਇਤਿਹਾਸਕਾਰ ਨਹੀਂ ਸਨ ਅਤੇ ਨਾ ਹੀ ਇਤਿਹਾਸ ਲਿਖਣਾ ਇਨ੍ਹਾਂ ਦਾ ਉਦੇਸ਼ ਸੀ। ਇਹ ਤਾਂ ਕੇਵਲ ਰੁਜ਼ਗਾਰ ਖ਼ਾਤਰ ਆਪਣੇ ਜਜਮਾਨ ਖਾਨਦਾਨ ਦੀਆਂ ਵਡਿਆਈਆਂ ਦੀ ਘਟਨਾਵਲੀ ਅੰਕਿਤ ਕਰਦੇ ਸਨ ਤਾਂ ਕਿ ਸਮੇਂ ਸਿਰ ਸੁਣਾਉਣ ਲਈ ਲੋੜੀਂਦੀ ਸਮੱਗਰੀ ਤਿਆਰ ਰਹੇ।
ਇਹ ਭੱਟ ਇਕੱਲੇ-ਦੁਕੱਲੇ ਨਹੀਂ, ਬਲਕਿ ਟੋਲੀਆਂ ਦੇ ਰੂਪ ਵਿਚ ਵਿਚਰਦੇ ਸਨ। ਇਨ੍ਹਾਂ ਨੇ ਆਪਣੇ-ਆਪਣੇ ਇਲਾਕੇ ਵੀ ਵੰਡੇ ਹੋਏ ਸਨ ਅਤੇ ਆਪਣੇ ਹਲਕੇ ਦੇ ਜਜਮਾਨਾਂ ਕੋਲੋਂ ਹੀ ਦਾਨ ਬਖਸ਼ੀਸ਼ ਲੈਣ ਜਾਂਦੇ ਸਨ। ਇਸੇ ਕਰਕੇ ਇਨ੍ਹਾਂ ਵਹੀਆਂ ਦੇ ਨਾਮ ਇਲਾਕਿਆਂ, ਖਾਨਦਾਨਾਂ ਜਾਂ ਪਿੰਡਾਂ ਦੇ ਨਾਂ ’ਤੇ ਹਨ, ਜਿਵੇਂ ਕਿ ਭੱਟ ਵਹੀ ਮੁਲਤਾਨੀ ਸਿੰਧੀ, ਭੱਟ ਵਹੀ ਤਲਉਂਢਾ, ਭੱਟ ਵਹੀ ਕਰਸਿੰਧੂ, ਭੱਟ ਵਹੀ ਭਾਦਸੋਂ, ਭੱਟ ਵਹੀ ਪੂਰਬੀ ਦੱਖਣੀ, ਭੱਟ ਵਹੀ ਜਾਦੋ ਬੰਸੀਆਂ ਕੀ ਆਦਿ। ਇਹ ਭੱਟ ਵਹੀਆਂ ‘ਭੱਟ ਅਛਰੀ’ ਵਿਚ ਲਿਖੀਆਂ ਜਾਂਦੀਆਂ ਸਨ। ਅਠ੍ਹਾਰਵੀਂ ਸਦੀ ਦੇ ਅੰਤਲੇ ਦਹਾਕੇ ਦੌਰਾਨ ਭਾਈ ਛੱਜੂ ਸਿੰਘ ਭੱਟ ਨੇ ਗੁਰੂ ਸਾਹਿਬਾਨ ਬਾਰੇ ਮਿਲਦੀਆਂ ਸਾਖੀਆਂ ਦਾ ਗੁਰਮੁਖੀ ਵਿਚ ਲਿਪੀਅੰਤਰ ਕੀਤਾ। ਕੁਝ ਸਮੇਂ ਬਾਅਦ ਗਿਆਨੀ ਗਰਜਾ ਸਿੰਘ ਜੀ ਨੇ ਇਸ ਦੇ ਉਤਾਰੇ ਦੀ ਨਕਲ ਕਰਕੇ ਇਸ ਅਮੁਲ ਖਜ਼ਾਨੇ ਨੂੰ ਸਿੱਖ ਪੰਥ ਦੀ ਝੋਲੀ ਪਾਇਆ। ਪਰੰਤੂ ਦੁੱਖ ਦੀ ਗੱਲ ਇਹ ਹੈ ਕਿ ਮੌਜੂਦਾ ਸਮੇਂ ਤਕ ਇਸ ਮੁੱਲਵਾਨ ਦਸਤਾਵੇਜ਼ ਨੂੰ ਕਿਸੇ ਵੀ ਵਿਦਵਾਨ ਨੇ ਸੰਪਾਦਿਤ ਨਹੀਂ ਕੀਤਾ, ਜਿਸ ਕਰਕੇ ਇਸ ਖਜ਼ਾਨੇ ਤੋਂ ਲੋੜੀਂਦਾ ਲਾਭ ਨਹੀਂ ਲਿਆ ਗਿਆ। ਭੱਟ ਵਹੀਆਂ ਦੇ ਇਸ ਅਨਮੋਲ ਖਜ਼ਾਨੇ ਬਾਰੇ ਇਕ ਥਾਂ ਗਿਆਨੀ ਗੁਰਦਿੱਤ ਸਿੰਘ ਇਉਂ ਲਿਖਦੇ ਹਨ:
“ਪੰਜਾਬ ਦੇ ਭੱਟਾਂ ਬਾਰੇ ਹੁਣੇ-ਹੁਣੇ ਪ੍ਰਾਪਤ ਹੋਈ ਜਾਣਕਾਰੀ ਸਾਡੀ ਅਖੌਤੀ ਵਿਦਵਤਾ ਦਾ ਪੋਲ ਖੋਲ੍ਹ ਕੇ ਰੱਖ ਦਿੰਦੀ ਹੈ ਕਿ ਅਸੀਂ ਆਪਣੇ ਆਸ-ਪਾਸ ਪਈ ਸਮੱਗਰੀ ਤੋਂ ਕਿੰਨੇ ਬੇ-ਖ਼ਬਰ ਅਤੇ ਬੇ-ਪ੍ਰਵਾਹ ਹੋ ਕੇ ਟੁਰੇ ਜਾ ਰਹੇ ਹਾਂ। ਸਾਡੇ ਇਤਿਹਾਸ ਤੇ ਸਾਹਿਤ ਦਾ ਜਿਤਨਾ ਕੀਮਤੀ ਮਸਾਲਾ ਅਣ-ਛੋਹਿਆ ਪਿਆ ਹੈ, ਉਸ ਦੀ ਪ੍ਰਾਪਤੀ ਬਿਨਾਂ ਕਾਇਮ ਕੀਤੇ ਸਿਧਾਂਤ ਅਤੇ ਉਨ੍ਹਾਂ ਦੇ ਨਿਰਭਰ ਬਹਿਸਾਂ ਤੇ ਪੁਸਤਕ ਦੀ ਰਚਨਾ ਬਿਨਾਂ ਨੀਂਹ ਤੇ ਰੇਤ ਦੀਆਂ ਕੰਧਾਂ ਉਸਾਰਣ ਦੇ ਤੁਲ ਹੈ।” 4
ਬਾਬਾ ਬੰਦਾ ਸਿੰਘ ਬਹਾਦਰ
ਭੱਟ ਵਹੀਆਂ ਵਿਚ ਜਿਥੇ ਰਾਜਿਆਂ ਦੇ ਕੌਤਕਾਂ ਦਾ ਵਰਣਨ ਮਿਲਦਾ ਹੈ, ਉਥੇ ਇਨ੍ਹਾਂ ਵਹੀਆਂ ਦਾ ਸਿੱਖ ਇਤਿਹਾਸ ਨਾਲ ਵੀ ਡੂੰਘਾ ਰਿਸ਼ਤਾ ਹੈ। ਉਪਰੋਕਤ ਦੱਸੇ ਅਨੁਸਾਰ ਭੱਟਾਂ ਦਾ ਸਿੱਖੀ ਵਿਚ ਆਗਮਨ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਵੇਲੇ ਹੋਇਆ। ਉਸ ਸਮੇਂ ਤੋਂ ਲੈ ਕੇ ਅਠ੍ਹਾਰਵੀਂ ਸਦੀ ਤਕ ਦੇ ਅਸਰ-ਰਸੂਖ ਰੱਖਣ ਵਾਲੇ ਨਾਮੀ ਸਿੱਖਾਂ ਦਾ ਇਤਿਹਾਸ ਇਨ੍ਹਾਂ ਵਹੀਆਂ ਵਿਚ ਮੌਜੂਦ ਹੈ।
ਸਿੱਖ ਇਤਿਹਾਸ ਦੇ ਨਾਇਕ ‘ਬਾਬਾ ਬੰਦਾ ਸਿੰਘ ਬਹਾਦਰ’ ਬਾਰੇ ਵੀ ਇਨ੍ਹਾਂ ਭੱਟ ਵਹੀਆਂ ਵਿਚ ਕੁਝ ਜਾਣਕਾਰੀ ਮਿਲਦੀ ਹੈ। ਇਨ੍ਹਾਂ ਵਹੀਆਂ ਵਿਚ ਬਾਬਾ ਜੀ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੇਲ ਦਰਸਾਇਆ ਗਿਆ ਹੈ।
ਇਨ੍ਹਾਂ ਵਹੀਆਂ ਅਨੁਸਾਰ ਸੰਮਤ 1765 ਵਿਚ ਤੀਜ ਦੇ ਦਿਨ ਸੂਰਜ ਗ੍ਰਹਿਣ ਦੇ ਲੱਗੇ ਮੇਲੇ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਥੀ ਸਿੰਘਾਂ ਸਮੇਤ ਮਾਧੋਦਾਸ ਬੈਰਾਗੀ ਦੇ ਡੇਰੇ ’ਤੇ ਗਏ। ਉਸ ਸਮੇਂ ਮਾਧੋਦਾਸ ਆਪਣੇ ਡੇਰੇ ਵਿਚ ਮੌਜੂਦ ਨਹੀਂ ਸੀ। ਡੇਰੇ ਵਿਚ ਮੌਜੂਦ ਇਕ ਪਲੰਘ ’ਤੇ ਗੁਰੂ ਸਾਹਿਬ ਨੇ ਆਪਣਾ ਆਸਣ ਲਾਇਆ ਤੇ ਮਾਧੋਦਾਸ ਦੀ ਉਡੀਕ ’ਚ ਬੈਠ ਗਏ। ਇਸੇ ਸਮੇਂ ਦੌਰਾਨ ਦਿਨ ਢਲਣ ’ਤੇ ਸਿੰਘਾਂ ਨੇ ਡੇਰੇ ਵਿਚ ਲੰਗਰ ਤਿਆਰ ਕੀਤਾ। ਇਹ ਸਾਰੀ ਵਿਥਿਆ ਮਾਧੋਦਾਸ ਦੇ ਚੇਲਿਆਂ ਨੇ ਜਦੋਂ ਜਾ ਕੇ ਉਸ ਨੂੰ ਸੁਣਾਈ ਤਾਂ ਉਹ ਰੋਹ ਵਿਚ ਆ ਗਿਆ। ਉਸ ਨੇ ਡੇਰੇ ਵਿਚ ਜਾ ਕੇ ਆਪਣੀ ਸ਼ਕਤੀ ਨਾਲ ਪਲੰਘ ਨੂੰ ਉਲਟਾਉਣਾ ਚਾਹਿਆ, ਪਰੰਤੂ ਪਲੰਘ ਅਡੋਲ ਰਿਹਾ। ਇਹ ਦੇਖ ਕੇ ਮਾਧੋਦਾਸ ਗੁਰੂ ਸਾਹਿਬ ਦੇ ਚਰਨੀਂ ਪੈ ਗਿਆ ਅਤੇ ਉਸ ਨੇ ਆਪਣੇ ਆਪ ਨੂੰ ਗੁਰੂ ਸਾਹਿਬ ਦਾ ਬੰਦਾ (ਚੇਲਾ) ਸਵੀਕਾਰ ਕੀਤਾ। ਅੱਗੋਂ ਗੁਰੂ ਸਾਹਿਬ ਨੇ ‘ਬੰਦੇ’ ਨੂੰ ਬਾਂਹ ਫੜ ਕੇ ਉਠਾਇਆ ਅਤੇ ਆਪਣੇ ਸੀਨੇ ਨਾਲ ਲਗਾ ਕੇ ਡੇਰੇ ਦੇ ਅੰਦਰ ਲੈ ਆਏ। ਅਗਲੇ ਦਿਨ ਗੁਰੂ ਸਾਹਿਬ ਨੇ ‘ਬੰਦੇ’ ਨੂੰ ਖੰਡੇ ਦੀ ਪਾਹੁਲ ਦੇ ਕੇ ਖਾਲਸਾ ਬਣਾ ਦਿੱਤਾ। ਉਪਰੋਕਤ ਸਾਰੀ ਵਾਰਤਾ ਭੱਟ ਵਹੀ ਵਿਚ ਇਸ ਤਰ੍ਹਾਂ ਅੰਕਿਤ ਹੈ:
“ਗੁਰੂ ਗੋਬਿੰਦ ਸਿੰਘ ਜੀ ਮਹਲ ਦਸਮਾਂ… ਸਾਲ ਸਤਰ੍ਹਾ ਸੌ ਪੈਂਸਠ ਕਾਰਤਿਕ ਪ੍ਰਵਿਸ਼ਟੇ-ਤੀਜ ਸ਼ੁਕਰਵਾਰ ਕੇ ਦਿਹੁ ਨਦੇੜ ਗਾਉਂ ਮੇਂ ਸੂਰਜ ਗ੍ਰਹਿਨ ਕੇ ਮੇਲੇ ਤੇ ਗੋਦਾਵਰੀ ਨਦੀ ਕੇ ਤੀਰ-ਜਾਨਕੀ ਪ੍ਰਸ਼ਾਦਿ ਕੇ ਚੇਲੇ ਮਾਧੋਦਾਸ ਕੇ ਡੇਰੇ ਮੇਂ ਆਇ ਗਏ। ਮਾਧੋਦਾਸ ਬੈਰਾਗੀ- ਡੇਰੇ ਮੇਂ ਹਾਜ਼ਰ ਨਾ ਥਾ- ਗੁਰੂ ਜੀ ਨੇ ਉਸ ਕੇ ਪਲੰਘ ਤੇ ਆਸਨ ਲਗਾ ਲੀਆ। ਤੀਜੇ ਪਹਿਰ-ਭਾਈ ਦੇਆ ਸਿੰਘ ਆਦਿ ਸਿੱਖਾਂ ਗੁਰੂ ਜੀ ਕਾ ਬਚਨ ਪਾਇ… ਲੰਗਰ ਤਿਆਰ ਕੀਆ। ਮਾਧੋਦਾਸ ਚੇਲੋਂ ਸੇ ਡੇਰੇ ਕੀ ਸਾਰੀ ਬਾਰਤਾ ਸੁਨ ਆਗ ਭਗੋਲਾ ਹੋਇ ਡੇਰੇ ਮੇਂ ਆਇਆ। ਇਸੇ ਜਗਾ ਅਭਿਆਸ ਕੇ ਬਲ ਸੇ ਪਲੰਘ ਉਠਵਾਨਾ ਚਾਹਾ-ਪਲੰਘ ਸਮੇਰ ਪ੍ਰਬਤ ਕੀ ਤਰ੍ਹਾਂ ਅਚੱਲ ਹੋਇ ਗਿਆ। ਆਖਰ ਮਾਧੋਦਾਸ ਨੇ ਗੁਰੂ ਜੀ ਕੇ ਪਾਉ ਪਕੜ ਬਿਬ ਆਇ ਕੇ ਬੋਲਾ, ਮੁਝੇ ਰਾਖ ਲੇਨਾ-ਮੈਂ ਆਪ ਕੇ ਦਰ ਕਾ ਬੰਦਾ ਹਾਂ। ਸਤਿਗੁਰਾਂ ਇਸੇ ਬਾਜੂ ਸੇ ਪਕੜ ਆਪਣੇ ਸੀਨੇ ਨਾਲ ਲਾਇਆ। ਇਸੇ ਗੈਲ ਲੈ ਆਪਨੇ ਡੇਰੇ ਮੇਂ ਆਇ ਗਏ। ਅਗਲੇ ਦਿਵਸ ਇਸ ਕੇ ਅਰ ਜੋਈ ਪਾਨ ਖਾਨਡੇ ਕੀ ਪਾਹੁਲ ਦੇ ਕੇ ਖਾਲਸਾ ਬਨਾ ਦੀਆ।” 5
ਇਕ ਹੋਰ ਵਹੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਖੰਡੇ ਦੀ ਪਾਹੁਲ ਦੇਣ ਦਾ ਜ਼ਿਕਰ ਇਉਂ ਕੀਤਾ ਹੈ:
“ਗੁਰੂ ਗੋਬਿੰਦ ਸਿੰਘ ਮਹਲ ਦਸਮਾ, ਬੇਟਾ ਗੁਰੂ ਤੇਗ ਬਹਾਦਰ ਜੀ ਕਾ ਸੰਮਤ ਸਤਰਾਂ ਸੈ ਪੈਂਸਠ ਅਸੁਵ ਦਿਹੁੰ ਚਾਰ ਗਏ, ਗਾਮ ਨਦੇੜ ਦੇਸ ਦੱਖਣ ਮੇਂ ਗੁਰੂ ਜੀ ਨੇ ਦੇਆ ਸਿੰਘ ਸੇ ਕਹਾ-ਮਾਧੋਦਾਸ ਸ਼ਸਤਰ ਬਸਤਰ ਸਜਾਇ ਹਾਥ ਮੇਂ ਨੇਜਾ ਪਕੜਿ ਗੁਰੂ ਜੀ ਕੇ ਸਾਹਵੇਂ ਆਇ ਖਲਾ ਹੂਆ। ਸਤਿਗੁਰਾਂ ਇਸੇ ਅਪਨੇ ਦਸਤਿ ਮੁਬਾਰਕ ਸੇ ਪਾਹੁਲ ਦੀ, ਬੰਦਾ ਸਿੰਘ ਨਾਉਂ ਰਾਖਾ। ਇਸੇ ਰਹਿਤ ਬਹਿਤ ਬਤਾਈ।” 6
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹਸਤ-ਕਮਲਾਂ ਨਾਲ ਮਾਧੋਦਾਸ ਨੂੰ ਪੰਜ ਕਕਾਰ ਸਜਾ ਕੇ, ਖੰਡੇ ਦੀ ਪਾਹੁਲ ਦੇਣ ਉਪਰੰਤ ਉਸ ਨੂੰ ਬੈਰਾਗੀ ਤੋਂ ਸਿੰਘ ਬਣਾ ਦਿੱਤਾ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਮਾਧੋਦਾਸ ਨੂੰ ਬਾਬਾ ਬੰਦਾ ਸਿੰਘ ਬਣਾਉਣ ਉਪਰੰਤ ਗੁਰੂ ਸਾਹਿਬ ਨੇ ਉਸ ਨੂੰ ਪੰਥ ਦਾ ਜਥੇਦਾਰ ਥਾਪ ਕੇ ਪੰਜ ਹੋਰ ਸਿੰਘਾਂ- ਭਗਵੰਤ ਸਿੰਘ, ਕੁਇਰ ਸਿੰਘ, ਬਾਜ ਸਿੰਘ, ਬਿਨੋਦ ਸਿੰਘ ਤੇ ਕਾਹਨ ਸਿੰਘ ਸਣੇ ਪੰਜਾਬ ਦੀ ਧਰਤੀ ’ਤੇ ਜਾ ਕੇ ਵੈਰੀਆਂ ਨੂੰ ਸੋਧਣ ਦਾ ਹੁਕਮ ਕੀਤਾ, ਜਿਸ ਨੂੰ ਮੰਨਦੇ ਹੋਏ ਬਾਬਾ ਬੰਦਾ ਸਿੰਘ ਨੇ ਪੰਜਾਬ ਨੂੰ ਚਾਲਾ ਮਾਰਿਆ। ਇਸ ਸੰਬੰਧੀ ਭੱਟ ਵਹੀਆਂ ਗਵਾਹੀ ਭਰਦੀਆਂ ਹਨ:
“ਭਗਵੰਤ ਸਿੰਘ ਨਠੀਆ ਕਾ ਕਉਰ ਸਿੰਘ ਨਠੀਆ ਕਾ ਬਾਜ ਸਿੰਘ ਨਠੀਆ ਕਾ ਪੋਤੇ ਬੱਲੂ ਕੇ ਪੜਪੋਤੇ ਮੂਲੇ ਕੇ ਬੰਸ ਜੱਲੇ ਕਾ… ਬਾਸੀ ਖੇਰਪੁਰ ਪ੍ਰਗਨਾਂ ਸੀਤਪੁਰ ਬੰਗੇਸਰੀ। ਬਨੋਦ ਸਿੰਘ ਗੋਬਿੰਦ ਰਾਮ ਕਾ, ਕਾਹਨ ਸਿੰਘ ਬਿਨੋਦ ਸਿੰਘ ਕਾ ਪੋਤਾ ਗੋਬਿੰਦ ਰਾਮ ਕਾ ਪੜਪੋਤਾ ਜਗਤ ਮੱਲ ਕਾ ਬੰਸ ਗੁਰੂ ਅੰਗਦ ਜੀ ਕੀ ਗੁਰੂ ਜੀ ਕਾ ਬਚਨ ਪਾਇ ਸੰਮਤ 1765 ਕਾਰਤਕ ਮਾਸੇ ਸ਼ੁਕਲਾ ਪਖੇ ਤੀਜ ਮੰਗਲਵਾਰ ਕੇ ਦਿਹੁ ਪਾਂਚ ਘਟੀ ਦਿਵਸ ਚਢੇ- ਬੰਦਾ ਸਿੰਘ ਕੀ ਗੈਲ ਨਾਇਕ ਭਗਵੰਤ ਸਿੰਘ ਕੇ ਟਾਂਡਾ ਮੇਂ ਪਾਂਚ ਸਿੱਖ ਦਖਨ ਦੇਸ-ਨਦੇਰ ਨਗਰੀ ਮੇਂ ਪੰਜਾਬ ਤਰਫ ਆਏ।” 7
ਇਕ ਹੋਰ ਭੱਟ ਵਹੀ ਵੀ ਇਸ ਵਿਥਿਆ ਨੂੰ ਇਉਂ ਪੇਸ਼ ਕਰਦੀ ਹੈ:
“ਗੁਰੂ ਗੋਬਿੰਦ ਸਿੰਘ ਮਹਲ ਦਸਮਾ, ਬੇਟਾ ਗੁਰੂ ਤੇਗ ਬਹਾਦਰ ਜੀ ਕਾ-ਨੇ-ਸੰਮਤ ਸਤਰਾਂ ਸੈ ਪੈਂਸਠ ਕਾਰਤਕ ਮਾਸੇ ਸੁਦੀ ਤੀਜ ਮੰਗਲਵਾਰ ਕੇ ਦਿਹੁੰ ਗਾਂਮ ਨਦੇੜ, ਦੇਸ ਦੱਖਣ ਤੱਟ ਗੋਦਾਵਰੀ ਸੇ-ਬੰਦਾ ਸਿੰਘ ਕੋ ਮਦ੍ਰ ਦੇਸ ਜਾਨੇ ਕਾ ਬਚਨ ਹੂਆ। ਗੈਲੋਂ ਬਾਬਾ ਬਿਨੋਦ ਸਿੰਘ, ਕਾਹਨ ਸਿੰਘ, ਭਗਵੰਤ ਸਿੰਘ, ਕੁਇਰ ਸਿੰਘ, ਬਾਜ ਸਿੰਘ-ਪਾਂਚ ਸਿੱਖ ਤਿਆਰ ਕੀਏ। ਛੀਏ ਸਿੱਖ ਬਣਜਾਰਾ ਟਾਂਡਾ ਮੇਂ ਪੰਜਾਬ ਆਏ।” 8
ਬਾਬਾ ਬੰਦਾ ਸਿੰਘ ਬਹਾਦਰ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ ਪੇਸ਼ ਕਰਨ ਦੇ ਨਾਲ-ਨਾਲ ਇਹ ਭੱਟ ਵਹੀਆਂ ਬਾਬਾ ਜੀ ਦੇ ਪਰਵਾਰ ਦਾ ਖੁਲਾਸਾ ਵੀ ਕਰਦੀਆਂ ਹਨ, ਜਿਹੜਾ ਕਿ ਇਤਿਹਾਸਕ ਦ੍ਰਿਸ਼ਟੀ ਤੋਂ ਬਹੁਤ ਲਾਹੇਵੰਦ ਹੈ। ਇਨ੍ਹਾਂ ਵਹੀਆਂ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਦੋ ਪੁੱਤਰ ਸਨ- ਰਣਜੀਤ ਸਿੰਘ ਤੇ ਅਜੈ ਸਿੰਘ। ਅਜੈ ਸਿੰਘ ਚਾਰ ਸਾਲ ਦੀ ਉਮਰ ਵਿਚ ਹੀ ਆਪਣੇ ਪਿਤਾ ਬਾਬਾ ਬੰਦਾ ਸਿੰਘ ਨਾਲ ਸ਼ਹੀਦ ਹੋ ਗਿਆ। ਰਣਜੀਤ ਸਿੰਘ ਦੇ ਅੱਗੋਂ ਦੋ ਪੁੱਤਰ ਸਨ- ਜੁਝਾਰ ਸਿੰਘ ਤੇ ਜੋਰਾਵਰ ਸਿੰਘ। ਜੋਰਾਵਰ ਸਿੰਘ ਦਾ ਅੱਗੋਂ ਪੁੱਤਰ ਅਰਜਨ ਸਿੰਘ, ਅਰਜਨ ਸਿੰਘ ਦਾ ਖੜਕ ਸਿੰਘ, ਖੜਕ ਸਿੰਘ ਦਾ ਦਯਾ ਸਿੰਘ, ਦਯਾ ਸਿੰਘ ਦਾ ਸੁਜਾਨ ਸਿੰਘ, ਸੁਜਾਨ ਸਿੰਘ ਦਾ ਸਰਦੂਲ ਸਿੰਘ ਤੇ ਸਰਦੂਲ ਸਿੰਘ ਦਾ ਤੇਜਿੰਦਰਪਾਲ ਸਿੰਘ।9 ਬਾਬਾ ਜੀ ਦੇ ਇਸ ਪਰਵਾਰ ਦੀ ਗਵਾਹੀ ਇਹ ਭੱਟ ਵਹੀਆਂ ਇਉਂ ਬਿਆਨ ਕਰਦੀਆਂ ਹਨ:
“ਭਾਈ ਫਤਹਿ ਸਿੰਘ ਸੁਚੇਤ ਸਿੰਘ-ਬੇਟੇ ਸਾਹਿਬ ਸਿੰਘ ਜੁਝਾਰ ਸਿੰਘ ਜੀ ਕੇ, ਪੋਤੇ ਰਣਜੀਤ ਸਿੰਘ ਕੇ, ਪੜਪੋਤੇ ਸਾਹਿਬ ਬੰਦਾ ਸਾਹਿਬ ਜੀ ਕੇ ਬੰਸ ਗੁਰੂ ਗੋਬਿੰਦ ਸਿੰਘ ਜੀ ਕਾ, ਸੰਮਤ 1880 ਮੇਂ ਪਿਤਾ ਸਾਹਿਬ ਜੁਝਾਰ ਸਿੰਘ ਜੀ ਕੇ ਫੂਲ ਲਿਆਏ ਗੰਗਾ ਜੀ।”10
ਅਥਵਾ
“ਭਾਈ ਫਤਿਹ ਸਿੰਘ ਜੀ ਬੇਟੇ ਸਾਹਿਬ ਜੁਝਾਰ ਸਿੰਘ ਜੀ ਕੇ ਪੋਤੇ ਸਾਹਿਬ ਰਣਜੀਤ ਸਿੰਘ ਜੀ ਕੇ ਪੜਪੋਤੇ ਸਾਹਿਬ ਬੰਦਾ ਸਾਹਿਬ ਜੀ ਕੇ, ਬੰਸ ਗੁਰੂ ਗੋਬਿੰਦ ਸਿੰਘ ਜੀ ਕਾ ਸੰਮਤ 1901 ਮੇਂ ਕੁੰਭ ਕੇ ਇਸਨਾਨ ਪਰ ਆਏ, ਗੰਗਾ ਜੀ, ਸਾਥ ਇਸਤਰੀ ਭਾਗਭਰੀ, ਕਿਸ਼ਨ ਦੇਈ, ਨਾਰਾਇਣ ਦੇਈ, ਗੁਲਾਬ ਦੇਈ ਚਾਰੇ ਆਈਆਂ ਟਹਿਲਣਾਂ-ਰਾਮਦੇਈ, ਦੌਰਾਂ, ਮਲਾਵੀ ਤੇ ਪ੍ਰੇਮੀ ਸਾਥ ਆਈਆਂ।”11
ਇਹ ਵਹੀਆਂ ਜਿੱਥੇ ਬਾਬਾ ਬੰਦਾ ਸਿੰਘ ਦੀਆਂ ਅਹਿਮ ਘਟਨਾਵਾਂ ਪੇਸ਼ ਕਰਦੀਆਂ ਹਨ, ਉਥੇ ਇਨ੍ਹਾਂ ਰਾਹੀਂ ਬਾਬਾ ਜੀ ਨਾਲ ਸੰਬੰਧਿਤ ਕਈ ਇਤਿਹਾਸਕ ਨਾਵਾਂ/ਥਾਵਾਂ ਦੇ ਵੇਰਵੇ ਵੀ ਸਾਹਮਣੇ ਆਉਂਦੇ ਹਨ। ਕਈ ਇਤਿਹਾਸਕ ਨਾਵਾਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਨ੍ਹਾਂ ਤੋਂ ਇਲਾਵਾ ਪੰਜ ਇਤਿਹਾਸਕ ਥਾਵਾਂ ਦਾ ਜ਼ਿਕਰ ਇਸ ਪ੍ਰਸੰਗ ਵਿਚ ਆਉਂਦਾ ਹੈ। ਇਹ ਹਨ-ਸੀਡਪੁਰ ਬੰਗੇਸਰੀ, ਨਾਂਦੇੜ, ਖੇਰਪੂਰ ਪਰਗਨਾਂ, ਮਦਰ ਦੇਸ (ਪੰਜਾਬ) ਅਤੇ ਟਾਂਡਾ।
ਉਪਰੋਕਤ ਸਮੁੱਚੀ ਚਰਚਾ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਇਤਿਹਾਸਕ ਦ੍ਰਿਸ਼ਟੀ ਤੋਂ ਭੱਟ ਵਹੀਆਂ ਦੀ ਵਿਗਿਆਨਕ ਖੋਜ ਰਾਹੀਂ ਅਨੇਕਾਂ ਐਸੀਆਂ ਮਹੱਤਵਪੂਰਨ ਘਟਨਾਵਾਂ ਦਾ ਖੁਲਾਸਾ ਕੀਤਾ ਜਾ ਸਕਦਾ ਹੈ, ਜਿਹੜੀਆਂ ਮੌਜੂਦਾ ਸਮੇਂ ਤਕ ਵਿਵਾਦ ਦਾ ਵਿਸ਼ਾ ਹਨ ਜਾਂ ਫਿਰ ਜਿਨ੍ਹਾਂ ਬਾਰੇ ਕੋਈ ਹੋਰ ਇਤਿਹਾਸਕ ਪ੍ਰਮਾਣ ਨਹੀਂ ਮਿਲਦਾ।
ਲੇਖਕ ਬਾਰੇ
#463, ਗਲੀ ਨੰ: 8, ਘੁੰਮਣ ਨਗਰ, ਸਰਹਿੰਦ ਰੋਡ, ਪਟਿਆਲਾ।
- ਹੋਰ ਲੇਖ ਉਪਲੱਭਧ ਨਹੀਂ ਹਨ