ਹਾਲ ਵਿਚ ਹੀ ਤਹਲਕਾ ਅਦਾਰੇ ਨੇ ਕੁਝ ਟੇਪ ਜਾਰੀ ਕੀਤੇ ਹਨ ਜਿਨ੍ਹਾਂ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਕੁਝ ਵਰ੍ਹੇ ਪਹਿਲਾਂ ਗੋਧਰਾ ਵਿਚ ਹੋਏ ਹਤਿਆਕਾਂਡ ਦੇ ਪਿੱਛੋਂ ਗੁਜਰਾਤ ਵਿਚ ਹੋਏ ਫਸਾਦਾਂ ਨੂੰ ਪੂਰੀ ਤਰ੍ਹਾਂ ਨਰਿੰਦਰ ਮੋਦੀ ਦੀ ਸਰਕਾਰ ਦੀ ਸ਼ਹਿ ’ਤੇ ਅੰਜਾਮ ਦਿੱਤਾ ਗਿਆ ਸੀ। ਉਸ ਵੇਲੇ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਗੋਧਰਾ ਦੇ ਸਟੇਸ਼ਨ ਉੱਤੇ 56 ਰਾਮਸੇਵਕਾਂ ਦੀ ਹੱਤਿਆ ਦਾ ਬਦਲਾ ਲੈਣਾ ਹੈ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਾਰੇ ਪੁਲਿਸ ਅਫਸਰਾਂ ਨੂੰ ਇਹ ਇਸ਼ਾਰਾ ਕਰ ਦਿੱਤਾ ਗਿਆ ਕਿ ਤਿੰਨ ਦਿਨਾਂ ਤਕ ਦੰਗਾਈਆਂ ਨੂੰ ਮਨਮਰਜ਼ੀ ਕਰਨ ਦਿੱਤੀ ਜਾਏ। ਉਸ ਪਿੱਛੋਂ ਉਹ ਆਪਣੀ ਕਾਰਵਾਈ ਸ਼ੁਰੂ ਕਰਨ।
ਨਵੰਬਰ 1984 ਵਿਚ ਦਿੱਲੀ ਅਤੇ ਹੋਰ ਕਿੰਨੀਆਂ ਥਾਵਾਂ ’ਤੇ ਸਿੱਖਾਂ ਦਾ ਜਿਹੜਾ ਕਤਲੇਆਮ ਹੋਇਆ ਸੀ, ਉਸ ਬਾਰੇ ਇਕ ਉੱਘੇ ਰਾਜਸੀ ਲੀਡਰ ਨੇ ਉਦੋਂ ਮੈਨੂੰ ਇਕ ਗੱਲ ਦੱਸੀ ਸੀ। 2 ਨਵੰਬਰ ਨੂੰ ਜਦੋਂ ਦਿੱਲੀ ਵਿਚ ਥਾਂ-ਥਾਂ-ਥਾਂ ’ਤੇ ਸਿੱਖਾਂ ਨੂੰ ਬੜੀ ਬੇਰਹਿਮੀ ਨਾਲ ਮਾਰਿਆ ਜਾ ਰਿਹਾ ਸੀ, ਉਨ੍ਹਾਂ ਦੇ ਘਰਾਂ-ਦੁਕਾਨਾਂ ਨੂੰ ਅੱਗਾਂ ਲਾਈਆਂ ਜਾ ਰਹੀਆਂ ਸਨ, ਉਸ ਲੀਡਰ ਨੇ ਤਤਕਾਲੀ ਗ੍ਰਹਿ ਮੰਤਰੀ ਪੀ.ਵੀ. ਨਰਸਿਮ੍ਹਾ ਰਾਓ ਨੂੰ ਫ਼ੋਨ ਕੀਤਾ ਤੇ ਕਿਹਾ- ਰਾਉ ਸਾਹਿਬ, ਦਿੱਲੀ ਵਿਚ ਬੇਗੁਨਾਹ ਸਿੱਖ ਮਾਰੇ ਜਾ ਰਹੇ ਹਨ, ਉਨ੍ਹਾਂ ਦੇ ਘਰਾਂ ਨੂੰ ਅੱਗਾਂ ਲਾਈਆਂ ਜਾ ਰਹੀਆਂ ਹਨ, ਤੁਸੀਂ ਕੁਝ ਕਰਦੇ ਕਿਉਂ ਨਹੀਂ? ਗ੍ਰਹਿ ਮੰਤਰੀ ਦਾ ਜਵਾਬ ਸੀ- ‘ਤੁਸੀਂ ਬਿਲਕੁਲ ਫ਼ਿਕਰ ਨਾ ਕਰੋ। ਤਿੰਨ-ਚਾਰ ਦਿਨ ਇਹ ਸਭ ਚੱਲਣ ਦਿਉ। ਉਸ ਪਿੱਛੋਂ ਅਸੀਂ ਸਭ ਸੰਭਾਲ ਲਵਾਂਗੇ।’
23 ਵਰ੍ਹੇ ਪਹਿਲਾਂ ਕੇਂਦਰ ਵਿਚ ਬੈਠੀ ਸਰਕਾਰ ਨੇ ਫਸਾਦੀਆਂ ਨੂੰ ਸਿੱਖਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਦੀ ਕੁਝ ਦਿਨਾਂ ਦੀ ਖੁੱਲ੍ਹ ਦੇ ਦਿੱਤੀ ਸੀ। ਇਸੇ ਤਰ੍ਹਾਂ 5 ਵਰ੍ਹੇ ਪਹਿਲਾਂ ਗੁਜਰਾਤ ਦੀ ਸਰਕਾਰ ਨੇ ਆਪਣੇ ਸੂਬੇ ਵਿਚ ਮੁਸਲਮਾਨਾਂ ਦੇ ਨਰਸੰਘਾਰ ਦੀ ਲੋਕਾਂ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਸੀ। 88 ਵਰ੍ਹੇ ਪਹਿਲਾਂ ਅੰਮ੍ਰਿਤਸਰ ਵਿਚ ਅੰਗਰੇਜ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਦੀ ਮੁਹਿੰਮ ਵਿਚ ਸਰਗਰਮ ਕੁਝ ਲੋਕਾਂ ਨੇ ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪੁਚਾਇਆ ਸੀ ਤੇ ਇਕ ਈਸਾਈ ਮਿਸ਼ਨਰੀ ਔਰਤ ਨਾਲ ਮਾਰ-ਕੁਟਾਈ ਕੀਤੀ ਸੀ। ਜਨਰਲ ਡਾਇਰ ਨੇ ਉਸ ਦਾ ਬਦਲਾ ਲੈਣ ਲਈ ਜਲ੍ਹਿਆਂਵਾਲਾ ਬਾਗ ਵਿਚ ਸੈਂਕੜੇ ਬੰਦਿਆਂ ਨੂੰ ਮੌਤ ਦੇ ਦਿੱਤੀ ਸੀ। ਇਹ ਹੈ ਬਦਲੇ ਦੀ ਰਾਜਨੀਤੀ। ਇਸ ਨੂੰ ਸਬਕ ਸਿਖਾਉਣ ਦੀ ਰਾਜਨੀਤੀ ਕਹਿਣਾ ਵਧੇਰੇ ਠੀਕ ਹੈ। ਜਨਰਲ ਡਾਇਰ ਹਿੰਦੁਸਤਾਨੀਆਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ। ਰਾਜੀਵ ਗਾਂਧੀ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ, ਨਰਿੰਦਰ ਮੋਦੀ ਮੁਸਲਮਾਨਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ। ਸਬਕ ਸਿਖਾਉਣ ਦੀ ਰਾਜਨੀਤੀ ਉਹ ਕਰ ਸਕਦਾ ਹੈ ਜਿਸ ਕੋਲ ਪੁਲਿਸ ਹੋਵੇ, ਫ਼ੌਜ ਹੋਵੇ, ਸਰਕਾਰੀ ਤਾਕਤ ਹੋਵੇ। ਈਰਾਨ ਦੇ ਬਾਦਸ਼ਾਹ ਨਾਦਰ ਸ਼ਾਹ ਨੇ ਹਿੰਦੁਸਤਾਨ ’ਤੇ ਹਮਲਾ ਕਰ ਕੇ ਦਿੱਲੀ ’ਤੇ ਕਬਜ਼ਾ ਕਰ ਲਿਆ। ਦਿੱਲੀ ਦੇ ਕੁਝ ਲੋਕਾਂ ਨੇ ਉਸ ਦੇ ਕੁਝ ਸਿਪਾਹੀਆਂ ਨਾਲ ਬਦਸਲੂਕੀ ਕਰ ਦਿੱਤੀ। ਬਸ, ਨਾਦਰ ਸ਼ਾਹ ਨੇ ਦਿੱਲੀ ਵਾਸੀਆਂ ਨੂੰ ਸਬਕ ਸਿਖਾਉਣ ਦੀ ਠਾਣ ਲਈ। ਉਸ ਨੇ ਕਤਲੇਆਮ ਦਾ ਹੁਕਮ ਦੇ ਦਿੱਤਾ। ਉਸ ਦੇ ਸਿਪਾਹੀਆਂ ਨੇ ਕੁਝ ਘੰਟਿਆਂ ਵਿਚ ਹੀ ਦਿੱਲੀ ਦੇ ਹਜ਼ਾਰਾਂ ਬੰਦਿਆਂ ਦੇ ਲਹੂ ਨਾਲ ਆਪਣੀਆਂ ਤਲਵਾਰਾਂ ਰੰਗ ਲਈਆਂ।
ਬਦਲੇ ਦੀ ਭਾਵਨਾ ਨਾਲ ਕੀਤੀਆਂ ਗਈਆਂ ਹਤਿਆਵਾਂ ਸਾਡੇ ਪਿੰਡਾਂ-ਸ਼ਹਿਰਾਂ ਵਿਚ ਆਮ ਹਨ। ਜਦੋਂ ਇਕ-ਦੋ ਜਾਂ ਵੱਧ ਬੰਦੇ ਮਿਲ ਕੇ ਦੂਜੇ ਪੱਖ ਦੇ ਕੁਝ ਬੰਦਿਆਂ ਨੂੰ ਬਦਲੇ ਦੀ ਭਾਵਨਾ ਨਾਲ ਮਾਰ ਦਿੰਦੇ ਹਨ ਤਾਂ ਉਹ ਹੱਤਿਆ ਹੁੰਦੀ ਹੈ। ਜਦੋਂ ਕੁਝ ਲੋਕਾਂ ਦੀ ਭੀੜ ਬੇਕਸੂਰ, ਅਨਜਾਣ ਬੰਦਿਆਂ ਨੂੰ ਮਾਰਨ ਦਾ ਤਹੱਈਆ ਕਰ ਲੈਂਦੀ ਹੈ ਤਾਂ ਉਹ ਕਤਲੇਆਮ ਜਾਂ ਨਰਸੰਘਾਰ ਹੁੰਦਾ ਹੈ। ਇਸ ਨੂੰ ‘ਬਰਬਰਤਾ’ ਕਿਹਾ ਜਾ ਸਕਦਾ ਹੈ। ਮਨੁੱਖੀ ਇਤਿਹਾਸ ਹਤਿਆਵਾਂ ਨਾਲ ਵੀ ਭਰਿਆ ਹੋਇਆ ਹੈ, ਬਰਬਰਤਾ ਨਾਲ ਵੀ। ਬਰਬਰਤਾ ਆਪਣੇ ਨਾਲ ਬੜੀਆਂ ਸਾਰੀਆਂ ਦਲੀਲਾਂ ਲੱਭ ਲੈਂਦੀ ਹੈ। ਹਿਟਲਰ ਨੇ ਯਹੂਦੀਆਂ ਨਾਲ ਜੋ ਸਲੂਕ ਕੀਤਾ ਸੀ, ਉਸ ਬਾਰੇ ਉਸ ਦੀ ਦਲੀਲ ਸੀ ਕਿ ਯਹੂਦੀ ਈਸਾਈਅਤ ਦੇ ਦੁਸ਼ਮਣ ਹਨ, ਉਨ੍ਹਾਂ ਦਾ ਖ਼ੂਨ ਸ਼ੁੱਧ ਆਰੀਆ ਖ਼ੂਨ ਨਹੀਂ ਹੈ, ਧਰਤੀ ’ਤੇ ਉਨ੍ਹਾਂ ਦਾ ਜਿਊਣਾ ਧਰਤੀ ਲਈ ਬੋਝ ਹੈ। ਰੂਸ ਦੇ ਤਾਨਾਸ਼ਾਹ ਸਟਾਲਿਨ ਨੇ ਬੇਅੰਤ ਲੋਕਾਂ ਨੂੰ ਕਤਲ ਕਰਾਇਆ ਸੀ ਤੇ ਇਹ ਸੰਤੋਸ਼ ਪ੍ਰਾਪਤ ਕੀਤਾ ਸੀ ਕਿ ਉਸ ਨੇ ‘ਕਮਿਊਨਿਜ਼ਮ’ ਦੀ ਸੇਵਾ ਕੀਤੀ ਹੈ।
ਇਸਲਾਮ ਦੇ ਵਿਸਤਾਰ ਨਾਲ ਕਤਲੇਆਮ ਦਾ ਸੰਬੰਧ ਸਦੀਆਂ ਪੁਰਾਣਾ ਹੈ। ਤੈਮੂਰ ਲੰਗ ਨੇ ਸੰਨ 1398 ਵਿਚ ਸਿੰਧੂ ਨਦੀ ਪਾਰ ਕਰ ਕੇ ਹਿੰਦੁਸਤਾਨ ’ਤੇ ਹਮਲਾ ਕੀਤਾ ਸੀ। ਅਜਿਹੇ ਹਮਲਾਵਰਾਂ ਦੇ ਅੱਗੇ ਚਾਰ ਮੁੱਖ ਗੱਲਾਂ ਹੁੰਦੀਆਂ ਸਨ- ਲੁੱਟੋ, ਸਾੜੋ, ਮਾਰੋ ਤੇ ਗ਼ੁਲਾਮ ਬਣਾਓ। ਤੈਮੂਰ ਨੇ ਵੀ ਇਹ ਕੀਤਾ। ਆਪਣੇ ਹਮਲਿਆਂ ਵੇਲੇ ਉਸ ਨੇ ਹਜ਼ਾਰਾਂ ਲੋਕਾਂ ਦੀ ਜਾਨ ਲਈ ਤੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਗ਼ੁਲਾਮ ਬਣਾਇਆ। ਇਕ ਵੇਲੇ ਉਸ ਕੋਲ ਇਕ ਲੱਖ ਤੋਂ ਵੱਧ ਹਿੰਦੂ ਕੈਦੀ ਹੋ ਗਏ। ਜਦੋਂ ਉਹ ਦਿੱਲੀ ਨੂੰ ਲੁੱਟ- ਪੁੱਟ ਕੇ ਵਾਪਸ ਜਾਣ ਲੱਗਾ ਤਾਂ ਉਸ ਨੇ ਸਾਰੇ ਕੈਦੀਆਂ ਦੇ ਕਤਲ ਦਾ ਹੁਕਮ ਦੇ ਦਿੱਤਾ ਇਹ ਆਖਦੇ ਹੋਏ ਕਿ ਉਹ ਕਾਫ਼ਰਾਂ ਨੂੰ ਸਜ਼ਾ ਦੇ ਰਿਹਾ ਹੈ। ਕੁਝ ਦਿਨਾਂ ਵਿਚ ਹੀ ਸਾਰੇ ਕੈਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕਾਬਲ ਤੋਂ ਫੌਜਾਂ ਲੈ ਕੇ ਆਏ ਬਾਬਰ ਦੇ ਜ਼ੁਲਮਾਂ ਦੀ ਕਹਾਣੀ ਦੇ ਸ੍ਰੀ ਗੁਰੂ ਨਾਨਕ ਸਾਹਿਬ ਆਪ ਗੁਆਹ ਹਨ। ਉਸ ਦੇ ਸਿਪਾਹੀਆਂ ਦੀ ਬਰਬਰਤਾ ਦਾ ਜ਼ਿਕਰ ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਵਿਚ ਵੀ ਕੀਤਾ ਹੈ। ਉਸ ਦੇ ਜ਼ੁਲਮਾਂ ਤੋਂ ਨਾ ਹਿੰਦੂ ਬਚੇ ਨਾ ਮੁਸਲਮਾਨ।
ਬਰਬਰਤਾ ਦੇ ਪਿਛੋਕੜ ਵਿਚ ਮੁੱਖ ਰੂਪ ਵਿਚ ਦੋ ਗੱਲਾਂ ਕੰਮ ਕਰਦੀਆਂ ਨਜ਼ਰ ਆਉਂਦੀਆਂ ਹਨ। ਇਕ ਹੈ ਆਪਣੀ ਪ੍ਰਭੂਤਾ, ਆਪਣੀ ਹਕੂਮਤ, ਆਪਣੀ ਸਲਤਨਤ ਦੇ ਵਿਸਤਾਰ ਦੀ ਭਾਵਨਾ। ਚੰਗੇਜ਼ ਖਾਨ ਨੇ ਜੇ ਮੰਗੋਲੀਆ ਤੋਂ ਚੱਲ ਕੇ ਤੁਰਕੀ ਤਕ ਆਪਣੀ ਹਕੂਮਤ ਦਾ ਪਰਚਮ ਫੈਲਾਇਆ ਤਾਂ ਉਸ ਪਿੱਛੇ ਪ੍ਰਭੂਤਾ ਦੀ ਭੁੱਖ ਸੀ। ਇਸ ਭੁੱਖ ਦੀ ਤ੍ਰਿਪਤੀ ਲਈ ਉਸ ਦੀਆਂ ਫ਼ੌਜਾਂ ਜਿੱਥੋਂ-ਜਿੱਥੋਂ ਲੰਘਦੀਆਂ ਸਨ ਲੁੱਟ, ਤਬਾਹੀ ਤੇ ਮੱਨੁਖੀ ਘਾਣ ਦਾ ਮੰਜ਼ਰ ਖੜ੍ਹਾ ਕਰ ਦਿੰਦੀਆਂ ਸਨ। ਪਰ ਉਸ ਦਾ ਆਪਣਾ ਕੋਈ ਧਾਰਮਿਕ ਅਕੀਦਾ ਨਹੀਂ ਸੀ। ਉਸ ਦੇ ਵੱਡ-ਵਡੇਰੇ ਬੋਧੀ ਸਨ। ਉਸ ਪਿੱਛੋਂ ਆਏ ਹਲਾਕੂ ਖਾਨ ਤੇ ਤੈਮੂਰ ਇਸਲਾਮ ਕਬੂਲ ਕਰ ਚੁੱਕੇ ਸਨ। ਦੁਨੀਆਂ ਵਿਚ ਇਸਲਾਮ ਦੇ ਪ੍ਰਚਾਰ ਦਾ ਮਖੌਟਾ ਉਨ੍ਹਾਂ ਦੇ ਹਮਲਿਆਂ ਦਾ ਵੱਡਾ ਸਹਾਈ ਬਣ ਗਿਆ। ਤਥਾਕਥਿਤ ਕਾਫ਼ਰਾਂ ਦਾ ਕਤਲੇਆਮ ਕਰਨਾ ਉਨ੍ਹਾਂ ਨੂੰ ਸਵਾਬ ਜਾਪਣਾ ਲੱਗ ਪਿਆ।
ਇਹ ਵੀ ਸੱਚ ਹੈ ਕਿ ਧਰਮ ਦੇ ਨਾਂ ’ਤੇ ਦੁਨੀਆਂ ਵਿਚ ਜਿੰਨੀ ਕਤਲੋਗਾਰਤ ਹੋਈ ਹੈ, ਓਨੀ ਰਾਜ ਸੱਤਾ ਲਈ ਵੀ ਨਹੀਂ ਹੋਈ। ਕੁਝ ਭਾਰਤੀ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਵੈਦਿਕ ਧਰਮੀਆਂ ਨੇ ਇਸ ਦੇਸ਼ ਵਿਚ ਵੱਡੀ ਗਿਣਤੀ ਵਿਚ ਬੋਧੀਆਂ ਦਾ ਨਰਸੰਘਾਰ ਕੀਤਾ ਸੀ। ਮੱਧ ਯੁੱਗ ਵਿਚ ਯੂਰਪ ਵਿਚ ਈਸਾਈ ਅਦਾਲਤਾਂ ਹੁੰਦੀਆਂ ਸਨ, ਜਿਸ ਨੂੰ ‘ਇਨਕਿਉਜੀਸ਼ਨ’(Inquisition) ਕਿਹਾ ਜਾਂਦਾ ਸੀ। ਜਿਹੜੇ ਬੰਦੇ ਕੱਟੜ ਈਸਾਈ ਅਸੂਲਾਂ ਨਾਲ ਕੁਝ ਮੱਤਭੇਦ ਰੱਖਦੇ ਸਨ ਜਾਂ ਈਸਾਈ ਧਰਮ ਗੁਰੂਆਂ ਵੱਲੋਂ ਬਣਾਏ ਨਿਯਮਾਂ ਦੇ ਖਿਲਾਫ਼ ਕੁਝ ਕਰਦੇ ਸਨ, ਉਨ੍ਹਾਂ ਨੂੰ ਫੜ ਕੇ ਲਿਆਇਆ ਜਾਂਦਾ ਸੀ ਤੇ ਉਸ ਅਦਾਲਤ ਅੱਗੇ ਪੇਸ਼ ਕੀਤਾ ਜਾਂਦਾ ਸੀ ਅਜਿਹੇ ਲੋਕਾਂ ਨੂੰ ‘ਹੇਰੇਟਿਕ’ (ਧਰਮ ਧ੍ਰੋਹੀ) ਕਿਹਾ ਜਾਂਦਾ ਸੀ। ਇਨ੍ਹਾਂ ਨੂੰ ਜਿਊਂਦਿਆਂ ਸਾੜ ਦੇਣ ਦੀ ਸਜ਼ਾ ਦਿੱਤੀ ਜਾਂਦੀ ਸੀ। ਕਈ ਵਾਰ ਇੰਜ ਵੀ ਹੁੰਦਾ ਸੀ ਕਿ ਜਦੋਂ ਧਰਮ ਧ੍ਰੋਹੀਆਂ ਉੱਤੇ ਮੁਕੱਦਮਾ ਚੱਲ ਰਿਹਾ ਹੁੰਦਾ ਸੀ, ਕੱਟੜਪੰਥੀ ਬੰਦਿਆਂ ਦੀ ਭੀੜ ਜੇਲ੍ਹਾਂ ਦੇ ਬੂਹੇ ਤੋੜ ਕੇ ਉਨ੍ਹਾਂ ਨੂੰ ਜਬਰਨ ਕੱਢ ਲਿਆਉਂਦੀ ਸੀ ਤੇ ਸਾਰਿਆਂ ਨੂੰ ਮੌਤ ਦੇ ਘਾਟ ਉਤਾਰ ਦਿੰਦੀ ਸੀ।
ਇਹ ਗੱਲਾਂ ਮੱਧਯੁਗ ਦੀਆਂ ਹਨ। ਅਸੀਂ ਮੰਨਦੇ ਹਾਂ ਕਿ ਅੱਜ ਦਾ ਮਨੁੱਖ ਪਹਿਲਾਂ ਨਾਲੋਂ ਕਿਤੇ ਸੱਭਿਅਕ ਤੇ ਸਿਆਣਾ ਹੋ ਗਿਆ ਹੈ। ਉਹ ਮਨੁੱਖੀ ਕਦਰਾਂ-ਕੀਮਤਾਂ ਨੂੰ ਮਾਨਤਾ ਦਿੰਦਾ ਹੈ। ਉਹ ਹੁਣ ਸਹਿਹੋਂਦ ਵਿਚ ਭਰੋਸਾ ਰੱਖਦਾ ਹੈ। ਉਹ ‘ਜੀਉ ਤੇ ਜੀਵਣ ਦਿਉ’ ਦੇ ਅਸੂਲ ਨੂੰ ਮੰਨਦਾ ਹੈ। ਉਹ ਸਾਰਿਆਂ ਨਾਲ ਮਿਲ-ਜੁਲ ਕੇ ਪਿਆਰ ਨਾਲ ਜਿਊਣਾ ਚਾਹੁੰਦਾ ਹੈ। ਸਾਰੇ ਧਰਮ ਪ੍ਰੇਮ ਤੇ ਭਾਈਚਾਰੇ ਦਾ ਉਪਦੇਸ਼ ਦਿੰਦੇ ਹਨ।
ਪਰ ਮਨੁੱਖ ਪਹਿਲਾਂ ਨਾਲੋਂ ਵਧੇਰੇ ਸਹਿਣਸ਼ੀਲ ਤੇ ਉਦਾਰ ਹੋਇਆ ਹੈ ਅਜਿਹਾ ਕਿਤੇ ਨਜ਼ਰ ਨਹੀਂ ਆਉਂਦਾ। ਬਰਬਰਤਾ, ਨਰਦਇਤਾ ਤੇ ਅੰਨ੍ਹੀ ਧਾਰਮਿਕਤਾ ਵਿਚ ਉਹ ਮੱਧਯੁਗੀਨ ਲੋਕਾਂ ਨੂੰ ਮਾਤ ਪਾਉਂਦਾ ਹੈ। ਸਿਰਫ਼ 60 ਵਰ੍ਹੇ ਪਹਿਲਾਂ ਦੇਸ਼ ਦੀ ਵੰਡ ਵੇਲੇ ਇਥੇ ਬਰਬਰਤਾ ਦਾ ਜੋ ਨੰਗਾ ਨਾਚ ਹੋਇਆ ਸੀ, ਉਸ ਨੂੰ ਕੌਣ ਭੁਲਾ ਸਕਦਾ ਹੈ? ਸ਼ਿਕਾਗੋ (ਅਮਰੀਕਾ) ਵਿਚ ਸਤੰਬਰ 1893 ਵਿਚ ਹੋਏ ਅੰਤਰਰਾਸ਼ਟਰੀ ਸਰਬ ਧਰਮ ਸਮਾਗਮ ਵਿਚ ਸੁਆਮੀ ਵਿਵੇਕਾਨੰਦ ਹੋਰਾਂ ਨੇ ਮੱਧ ਯੁਗ ਦੀਆਂ ਈਸਾਈ ਅਦਾਲਤਾਂ ਦੀ ਕਾਰਗੁਜ਼ਾਰੀ ਦਾ ਜ਼ਿਕਰ ਕਰਦੇ ਹੋਏ ਬੜੇ ਫਖ਼ਰ ਨਾਲ ਕਿਹਾ ਸੀ, “ਇਕ ਧਰਮਾਂਧ ਹਿੰਦੂ ਭਾਵੇਂ ਬਲਦੀ ਹੋਈ ਚਿਖਾ ਉੱਤੇ ਚੜ੍ਹ ਕੇ ਆਪਣੇ ਆਪ ਨੂੰ ਸਾੜ ਦੇਵੇ ਪਰ ਉਹ ਦੂਜੇ ਧਰਮ ਨੂੰ ਮੰਨਣ ਵਾਲੇ ਨੂੰ ਸਾੜਨ ਲਈ ਕਦੇ ਅੱਗ ਨਹੀਂ ਬਾਲੇਗਾ। ਜੇ ਅੱਜ ਉਹ ਹੁੰਦੇ ਤੇ ਵੇਖਦੇ ਕਿ ਜਿਨ੍ਹਾਂ ਬਾਰੇ ਉਨ੍ਹਾਂ ਨੇ ਬੜੇ ਫਖ਼ਰ ਨਾਲ ਇਹ ਦਾਅਵਾ ਕੀਤਾ ਸੀ, ਉਨ੍ਹਾਂ ਨੇ 1984 ਵਿਚ ਬੇਗੁਨਾਹ ਲੋਕਾਂ ਨੂੰ ਉਨ੍ਹਾਂ ਦੇ ਗਲ਼ਾਂ ਵਿਚ ਬਲਦੇ ਹੋਏ ਟਾਇਰ ਪਾ ਕੇ ਕਿਵੇਂ ਸਾੜਿਆ ਸੀ! 1992 ਵਿਚ ਗੁਜਰਾਤ ਵਿਚ ਹੋਏ ਫਸਾਦਾਂ ਦੇ ਵੇਲੇ ਭੀੜ ਨੇ ਅਹਿਮਦਾਬਾਦ ਦੇ ਇਕ ਬਹੁਮੰਜ਼ਲੇ ਮਕਾਨ ਨੂੰ ਅੱਗ ਲਾ ਦਿੱਤੀ ਸੀ, ਜਿਸ ਵਿਚ ਰਹਿਣ ਵਾਲੇ ਸਾਰੇ ਮੁਸਲਮਾਨ ਸੜ ਕੇ ਸਵਾਹ ਹੋ ਗਏ ਸਨ।
ਜਿਨ੍ਹਾਂ ਨੇ ਬਿਹਾਰ ਵਿਚ ਵਿਭਿੰਨ ਜਾਤੀਆਂ ਵਿਚ ਹੋਣ ਵਾਲੀਆਂ ਹਿੰਸਕ ਘਟਨਾਵਾਂ ਦੇ ਵੇਰਵੇ ਪੜ੍ਹੇ ਹਨ, ਉਹ ਜਾਣਦੇ ਹਨ ਕਿ ਇਕ ਖਾਸ ਜਾਤੀ ਦੇ ਲੋਕ ਜਦੋਂ ਦੂਜੀ ਜਾਤੀ ਦੇ ਕਿਸੇ ਪਿੰਡ ’ਤੇ ਹਮਲਾ ਕਰਦੇ ਹਨ ਤਾਂ ਨਾ ਸਿਰਫ਼ ਉਨ੍ਹਾਂ ਦੀ ਹੱਤਿਆ ਕਰਦੇ ਹਨ, ਸਗੋਂ ਬਰਬਰਤਾ ਦੀਆਂ ਸਾਰੀਆਂ ਹੱਦਾਂ ਮੁਕਾ ਦਿੰਦੇ ਹਨ। ਹਮਲਾਵਰ ਉਸ ਜਾਤੀ ਦੇ ਲੋਕਾਂ ਦਾ ਢਿੱਡ ਪਾੜ ਕੇ ਉਨ੍ਹਾਂ ਦੀਆਂ ਅੰਤੜੀਆਂ ਬਾਹਰ ਕੱਢ ਦਿੰਦੇ ਹਨ, ਔਰਤਾਂ ਦੀਆਂ ਛਾਤੀਆਂ ਕੱਟ ਕੇ ਕੰਧਾਂ ਉੱਤੇ ਚਿਪਕਾ ਦਿੰਦੇ ਹਨ। ਕਿਸੇ ਦੇ ਮਨ ਵਿਚ ਇਹ ਸਵਾਲ ਉੱਠ ਸਕਦਾ ਹੈ ਕਿ ਅਜੋਕਾ ਮਨੁੱਖੀ ਸਮਾਜ ਸਭਿਅਤਾ ਵੱਲ ਵਧ ਰਿਹਾ ਹੈ ਕਿ ਹਿੰਸਾ ਤੇ ਬਰਬਰਤਾ ਦੀਆਂ ਨਵੀਆਂ ਹੱਦਾਂ ਨੂੰ ਛੂਹ ਰਿਹਾ ਹੈ।
ਮੱਧਯੁਗੀਨ ਤੇ ਆਧੁਨਿਕ ਬਰਬਰਤਾ ਵਿਚ ਇਕ ਫ਼ਰਕ ਜ਼ਰੂਰ ਹੈ। ਮੱਧ ਯੁੱਗ ਦੇ ਬਰਬਰ ਰਾਜੇ, ਸੁਲਤਾਨ ਹਮਲਾਵਰ ਪੂਰੇ ਤਾਨਾਸ਼ਾਹ ਹੁੰਦੇ ਸਨ। ਆਪਣੀਆਂ ਕਾਰਗੁਜ਼ਾਰੀਆਂ ਲਈ ਉਹ ਕਿਸੇ ਅੱਗੇ ਜਵਾਬਦੇਹ ਨਹੀਂ ਹੁੰਦੇ ਸਨ। ਪਰ ਆਧੁਨਿਕ ਯੁੱਗ ਵਿਚ ਲੋਕਤੰਤਰ ਦੇ ਉਭਾਰ ਨਾਲ ਰਾਜਸੱਤਾ ਵਿਚ ਆਮ ਲੋਕਾਂ ਦਾ ਦਖ਼ਲ ਵਧ ਗਿਆ ਹੈ ਤੇ ਤਾਨਾਸ਼ਾਹਾਂ ਨੂੰ ਲੋਕਾਂ ਅੱਗੇ ਜਵਾਬਦੇਹ ਵੀ ਹੋਣਾ ਪੈਂਦਾ ਹੈ। ਭਾਵੇਂ ਇਸ ਯੁੱਗ ਵਿਚ ਵੀ ਹਿਟਲਰ, ਮੁਸੋਲਿਨੀ, ਸਟਾਲਿਨ ਤੇ ਈਦੀ ਅਮੀਨ ਵਰਗੇ ਸੱਤਾਧਾਰੀਆਂ ਨੇ ਲੋਕਾਂ ਵਿਚ ਆਪਣੀ ਬਰਬਰਤਾ ਦਾ ਨਾਚ ਖੇਡਣ ਵਿਚ ਕੋਈ ਕਸਰ ਨਹੀਂ ਛੱਡੀ ਪਰ ਲੋਕਾਂ ਦੀ ਆਲੋਚਨਾ ਤੋਂ ਉਹ ਨਹੀਂ ਬਚੇ। ਅਜਿਹੇ ਤਾਨਾਸ਼ਾਹ ਬੁਰੀ ਮੌਤ ਮਰੇ ਜਾਂ ਅੰਤਰਰਾਸ਼ਟਰੀ ਅਦਾਲਤਾਂ ਵਿਚ ਉਨ੍ਹਾਂ ਉੱਤੇ ਮੁਕੱਦਮੇ ਚੱਲੇ। ਇਰਾਕ ਦੇ ਸੱਦਾਮ ਹੁਸੈਨ ਵਰਗਿਆਂ ਨੂੰ ਫਾਂਸੀ ਵੀ ਲੱਗ ਗਈ। ਸਭ ਤੋਂ ਵੱਧ ਸ਼ਰਮਨਾਕ ਅਤੇ ਚਿੰਤਾ ਦੀ ਗੱਲ ਇਹ ਹੈ ਕਿ ਜੇ ਲੋਕਤੰਤਰ ਵਿਚ ਲੋਕਾਂ ਵੱਲੋਂ ਚੁਣੀਆਂ ਹੋਈਆਂ ਸਰਕਾਰਾਂ ਦੇ ਆਗੂ ਬਦਲੇ ਦੀ ਭਾਵਨਾ ਨਾਲ ਕਿਸੇ ਤਬਕੇ ਨੂੰ ਸ਼ਹਿ ਦੇ ਕੇ, ਦੂਜੇ ਤਬਕੇ ਦੇ ਬੇਕਸੂਰ ਲੋਕਾਂ ਉੱਤੇ ਹਮਲੇ ਕਰਾਉਣ, ਉਨ੍ਹਾਂ ਦਾ ਬੇਰਹਿਮੀ ਨਾਲ ਸਮੂਹਿਕ ਕਤਲੇਆਮ ਕਰਾਉਣ ਅਤੇ ਦੋਸ਼ੀ ਲੋਕਾਂ ਨੂੰ ਕਾਨੂੰਨ ਦੀ ਪਕੜ ਵਿਚ ਆਉਣ ਤੋਂ ਬਚਾਉਣ ਦਾ ਯਤਨ ਕਰਨ ਤਾਂ ਉਨ੍ਹਾਂ ਵਿਚ ਅਤੇ ਮੱਧਯੁਗੀਨ ਤਾਨਾਸ਼ਾਹਾਂ ਵਿਚ ਕੋਈ ਫ਼ਰਕ ਨਹੀਂ ਰਹੇਗਾ। ਲੋਕਤੰਤਰੀ ਸ਼ਾਸਨ ਨੂੰ ਨਿਆਂ ਦਾ ਸ਼ਾਸਨ ਕਿਹਾ ਜਾਂਦਾ ਹੈ। ਉਸ ਦੀ ਨਜ਼ਰ ਵਿਚ ਸਾਰੇ ਨਾਗਰਿਕਾਂ ਨੂੰ ਇੱਕੋ ਜਿਹੇ ਹੱਕ ਮਿਲਦੇ ਹਨ। ਸਭ ਨੂੰ ਇੱਕੋ ਜਿਹਾ ਇਨਸਾਫ਼ ਮਿਲਦਾ ਹੈ। ਇਹ ਕਿਹੋ ਜਿਹੀ ਨਿਆਂ ਪ੍ਰਣਾਲੀ ਹੈ ਜਿਹੜੀ ਇੰਦਰਾ ਗਾਂਧੀ ਅਤੇ ਜਨਰਲ ਵੈਦਿਆ ਦਾ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਫਾਂਸੀ ’ਤੇ ਲਟਕਾ ਦਿੰਦੀ ਹੈ ਤੇ ਹਜ਼ਾਰਾਂ ਮਾਸੂਮਾਂ ਦਾ ਕਤਲੇਆਮ ਕਰਾਉਣ ਵਾਲੇ ਦੋਸ਼ੀਆਂ ਨੂੰ ਸੜਕਾਂ ’ਤੇ ਖੁੱਲ੍ਹੇਆਮ ਘੁੰਮਣ ਅਤੇ ਉੱਚੀਆਂ ਪਦਵੀਆਂ ’ਤੇ ਪੁੱਜਣ ਦੀ ਇਜਾਜ਼ਤ ਦੇ ਦਿੰਦੀ ਹੈ? ਦਿੱਲੀ ਤੇ ਗੁਜਰਾਤ ਵਿਚ ਇਹੋ ਕੁਝ ਵਾਪਰਿਆ। ਨਿਆਂ ਦੀ ਹੱਤਿਆ ਕਿਸੇ ਬਰਬਰਤਾ ਤੋਂ ਘੱਟ ਨਹੀਂ। (ਧੰਨਵਾਦ ਸਹਿਤ ‘ਰੋਜ਼ਾਨਾ ਅਜੀਤ’ ’ਚੋਂ)
ਲੇਖਕ ਬਾਰੇ
ਡਾ. ਮਹੀਪ ਸਿੰਘ ਸੁਪ੍ਰਸਿੱਧ ਸਾਹਿਤਕਾਰ ਤੇ ਪੱਤਰਕਾਰ ਸਨ। ਆਪ ਦਾ 24 ਨਵੰਬਰ 2015 ਨੂੰ ਦਿਹਾਂਤ ਹੋ ਗਿਆ।
ਐਚ-108, ਸ਼ਿਵਾ ਜੀ ਪਾਰਕ, ਨਵੀਂ ਦਿੱਲੀ-110026
- ਹੋਰ ਲੇਖ ਉਪਲੱਭਧ ਨਹੀਂ ਹਨ