editor@sikharchives.org
Baba Budha Ji

‘ਬੂੜੇ’ ਤੋਂ ਬਾਬਾ ਬੁੱਢਾ ਸਾਹਿਬ ਜੀ

ਬਾਬਾ ਬੁੱਢਾ ਜੀ ਉੱਠਦਿਆਂ, ਬਹਿੰਦਿਆਂ, ਸੌਂਦਿਆਂ ਨਾਮ-ਸਿਮਰਨ ਵਿਚ ਲੱਗੇ ਰਹਿੰਦੇ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਬਾਬਾ ਬੁੱਢਾ ਜੀ ਦਾ ਜਨਮ 7 ਕੱਤਕ ਸੰਮਤ 1563 ਨੂੰ ਕੱਥੂਨੰਗਲ ਵਿਖੇ ਮਾਤਾ ਗੌਰਾਂ ਜੀ ਦੀ ਕੁੱਖੋਂ ਭਾਈ ਸੁੱਘਾ ਰੰਧਾਵੇ ਦੇ ਘਰ ਹੋਇਆ। ਮਾਤਾ-ਪਿਤਾ ਨੇ ਆਪ ਦਾ ਨਾਮ ‘ਬੂੜਾ’ ਰੱਖਿਆ। ਆਪ ਬਚਪਨ ਤੋਂ ਹੀ ਬੜੀ ਤੇਜ਼ ਬੁੱਧੀ, ਗੰਭੀਰ ਸੁਭਾਅ ਦੇ ਮਾਲਕ ਸਨ। ਆਪ ਦੇ ਮਾਤਾ-ਪਿਤਾ ਕਿਸੇ ਕਾਰਨ ਕੱਥੂਨੰਗਲ ਤੋਂ ਅੱਜ ਦੇ ਰਮਦਾਸ ਆ ਵੱਸੇ। ਆਪ ਪਿੰਡ ਦੇ ਆਮ ਮੁੰਡਿਆਂ ਵਾਂਗ ਗਾਵਾਂ-ਮੱਝਾਂ ਚਾਰਦੇ ਸਨ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਨੂੰ ਤਾਰਦੇ ਹੋਏ ਇਕ ਟਾਹਲੀ ਦੇ ਰੁੱਖ ਹੇਠਾਂ ਸਮਾਧੀ ਦੀ ਅਵਸਥਾ ਵਿਚ ਬਿਰਾਜਮਾਨ ਸਨ ਤਦੋਂ ਬੂੜਾ ਜੀ ਬਾਕੀ ਸਾਥੀਆਂ ਦੇ ਨਾਲ ਗਾਵਾਂ-ਮੱਝਾਂ ਦੇ ਵੱਗ ਚਾਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿਚ ਆ ਬੈਠੇ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਮਾਧੀ ਖੁੱਲ੍ਹੀ ਤਾਂ ਗੁਰੂ ਜੀ ਨੇ ਬੂੜਾ ਜੀ ਤੇ ਸਾਥੀਆਂ ਨੂੰ ਬਚਨ ਤੇ ਉਪਦੇਸ਼ ਸੁਣਾਇਆ। ਬੂੜਾ ਜੀ ਦਾ ਮਨ ਬਹੁਤ ਪ੍ਰਭਾਵਿਤ ਹੋਇਆ। ਆਪ ਹਰ ਰੋਜ਼ ਨੇਮ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿਚ ਬੈਠ ਕੇ ਉਨ੍ਹਾਂ ਦੇ ਨਿਰਮਲ ਉਪਦੇਸ਼ ਨੂੰ ਸੁਣਦੇ-ਸਮਝਦੇ। ਆਪ ਭੇਟਾ ਵਜੋਂ ਹਰ ਰੋਜ਼ ਦੁੱਧ ਲਿਆਉਂਦੇ।

ਇਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ, “ਕਾਕਾ, ਤੇਰਾ ਨਾਮ ਕੀ ਹੈ?” ਬੂੜਾ ਜੀ ਨੇ ਉੱਤਰ ਦਿੱਤਾ ਕਿ ਮੇਰੇ ਮਾਤਾ-ਪਿਤਾ ਨੇ ਮੇਰਾ ਨਾਮ ‘ਬੂੜਾ’ ਰੱਖਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਤੂੰ ਸਾਡੇ ਕੋਲ ਕੀ ਲੈਣ ਲਈ ਆਉਂਦਾ ਹੈਂ? ਬੂੜਾ ਜੀ ਨੇ ਬੇਨਤੀ ਕੀਤੀ ਕਿ ਗਰੀਬ ਨਿਵਾਜ! ਮੈਨੂੰ ਮੌਤ ਤੋਂ ਬਹੁਤ ਡਰ ਲੱਗਦਾ ਹੈ ਤੇ ਜਨਮ-ਮਰਨ ਕੱਟਿਆ ਜਾਵੇ ਤੇ ਇਸ ਦੁੱਖ ਤੋਂ ਬਚਣ ਲਈ ਉਪਾਅ ਲੋਚਦਾ ਹਾਂ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਬੂੜਿਆ! ਤੇਰੀ ਉਮਰ ਤਾਂ ਖੇਡਣ-ਮੱਲਣ ਤੇ ਖਾਣ-ਹੰਢਾਉਣ ਦੀ ਹੈ। ਤੈਨੂੰ ਇਹ ਖਿਆਲ ਕਿਵੇਂ ਆਇਆ? ਵੱਡਾ ਹੋਵੇਂਗਾ ਤਾਂ ਇਹ ਸੋਚਾਂ ਸੋਚੀਂ। ਬੂੜਾ ਜੀ ਨੇ ਉੱਤਰ ਦਿੱਤਾ ਕਿ ਸੱਚੇ ਪਾਤਸ਼ਾਹ! ਮੌਤ ਦਾ ਕੀ ਭਰੋਸਾ ਕਦੋਂ ਆ ਦਬੋਚੇ! ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਕਾਕਾ ਬੂੜਿਆ! ਤੈਨੂੰ ਇਹ ਸੋਚ ਕਿਵੇਂ ਆਈ? ਬੂੜਾ ਜੀ ਨੇ ਉੱਤਰ ਦਿੱਤਾ ਕਿ ਮੁਗ਼ਲ ਜਰਵਾਣੇ ਸਾਡੇ ਪਿੰਡ ਦੇ ਕੋਲ ਦੀ ਲੰਘੇ। ਉਹ ਧੱਕੇ ਨਾਲ ਸਾਡੀਆਂ ਕੱਚੀਆਂ-ਪੱਕੀਆਂ ਫ਼ਸਲਾਂ ਵੱਢ ਕੇ ਲੈ ਗਏ। ਮੈਂ ਪਿਤਾ ਜੀ ਨੂੰ ਪੁੱਛਿਆ ਕਿ ਇਨ੍ਹਾਂ ਨੂੰ ਕੋਈ ਰੋਕਦਾ ਕਿਉਂ ਨਹੀਂ? ਉਨ੍ਹਾਂ ਨੇ ਉੱਤਰ ਦਿੱਤਾ ਕਿ ਸਾਡੀ ਕੀ ਮਜਾਲ ਕਿ ਇਨ੍ਹਾਂ ਨੂੰ ਰੋਕ ਸਕੀਏ! ਮੇਰੇ ਮਨ ਵਿਚ ਡਰ ਪੈ ਗਿਆ ਕਿ ਇਨ੍ਹਾਂ ਜਰਵਾਣਿਆਂ ਨੂੰ ਹੀ ਨਹੀਂ ਕੋਈ ਰੋਕ ਸਕਦਾ ਤਾਂ ਮੌਤ ਦੇ ਜਮਾਂ ਨੂੰ ਕੌਣ ਰੋਕ ਸਕੇਗਾ? ਉਸ ਦੇ ਲਈ ਤਾਂ ਬੱਚੇ, ਗੱਭਰੂ, ਬੁੱਢੇ ਇਕ-ਸਮਾਨ ਹਨ। ਮੈਨੂੰ ਹਰ ਵੇਲੇ ਇਹ ਡਰ ਲੱਗਾ ਰਹਿੰਦਾ ਹੈ। ਸੋ ਮੇਰਾ ਡਰ ਦੂਰ ਕਰੋ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਛੋਟੇ ਬਾਲਕ ਨੂੰ ਵੈਰਾਗ ਦੀਆਂ ਗੱਲਾਂ ਕਰਦੇ ਸੁਣਿਆ ਤਾਂ ਆਪ ਨੇ ਹੱਸ ਕੇ ਕਿਹਾ “ਤੂੰ ਤਾਂ ਬਾਲਕ ਨਹੀਂ, ਤੇਰੀ ਤਾਂ ਬੁੱਢਿਆਂ ਜੈਸੀ ਮੱਤ ਹੈ। ਤੂੰ ਬੱਚਾ ਨਹੀਂ ਬੁੱਢਾ ਹੈਂ।” ਇਉਂ ਗੁਰੂ ਜੀ ਨੇ ਬੂੜਾ ਜੀ ਨੂੰ ਨਦਰੀ ਨਦਰ ਨਿਹਾਲ ਕਰ ਦਿੱਤਾ ਤੇ ਹੋਰ ਕਿਹਾ ਕਿ ਤਕੜੇ ਹੋ ਬੱਚੇ! ਰੱਬ ਮੌਤ ਨਾਲੋਂ ਬਲਵਾਨ ਹੈ। ਜੇ ਤੂੰ ਉਸ ਦਾ ਹੋ ਜਾਵੇਂਗਾ ਤਾਂ ਮੌਤ ਤੈਨੂੰ ਡਰਾ ਨਹੀਂ ਸਕਦੀ। ਪਰਮਾਤਮਾ ਨੂੰ ਖ਼ੁਸ਼ ਕਰਨ ਲਈ ਉਸ ਨੂੰ ਹਰ ਵੇਲੇ ਚੇਤੇ ਰੱਖ ਕੇ ਨਾਮ-ਸਿਮਰਨ ਕਰਿਆ ਕਰ। ਇਉਂ ਤੈਨੂੰ ਮੌਤ ਦਾ ਡਰ ਨਹੀਂ ਰਹੇਗਾ ਤੇ ਤੇਰਾ ਜਨਮ-ਮਰਨ ਦਾ ਗੇੜ ਵੀ ਮੁੱਕ ਜਾਵੇਗਾ। ਬੂੜਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿਚ ਮੱਥਾ ਟੇਕਿਆ ਤੇ ਆਪਣਾ ਮਿਸ਼ਨ ਗੁਰੂ-ਸੰਗਤਾਂ ਤੇ ਗੁਰੂ-ਘਰ ਦੀ ਸੇਵਾ ਤੇ ਸਿਮਰਨ ਕਰਦਿਆਂ ਜੀਵਨ ਮੁਕਤ ਹੋਣ ਦਾ ਬਣਾ ਲਿਆ ਤੇ ਆਪ ਗੁਰੂ-ਘਰ ਦੇ ਹੋ ਕੇ ਰਹਿ ਗਏ। ਆਪ ਘਰ-ਘਾਟ ਛੱਡ ਕੇ ਉਨ੍ਹਾਂ ਨਾਲ ਤੁਰ ਪਏ ਤੇ ਕਰਤਾਰਪੁਰ (ਪਾਕਿਸਤਾਨ) ਹੀ ਟਿਕ ਗਏ। ਇਸ ਤੋਂ ਪਿੱਛੋਂ ਹੀ ਆਪ ਦਾ ਨਾਮ ‘ਬੂੜੇ’ ਤੋਂ ‘ਬੁੱਢਾ’ ਪੈ ਗਿਆ ਤੇ ਸਿੱਖ ਸੰਗਤਾਂ ਸਤਿਕਾਰ ਵਜੋਂ ‘ਧੰਨ ਬਾਬਾ ਬੁੱਢਾ ਜੀ’ ਆਖਣ ਲੱਗ ਪਈਆਂ।

ਬਾਬਾ ਬੁੱਢਾ ਜੀ ਉੱਠਦਿਆਂ, ਬਹਿੰਦਿਆਂ, ਸੌਂਦਿਆਂ ਨਾਮ-ਸਿਮਰਨ ਵਿਚ ਲੱਗੇ ਰਹਿੰਦੇ। ਆਪ ਜੀ ਦੀ ਇਤਨੀ ਸੇਵਾ ਦੇਖ ਕੇ ਗੁਰੂ ਸਾਹਿਬਾਨ ਨੇ ‘ਤੈਥੋਂ ਉਹਲੇ ਨਾਂਹ ਹੋਸਾਂ’ ਦਾ ਵਰ ਬਖ਼ਸ਼ਿਆ। ਗੁਰੂ ਸਾਹਿਬਾਨ ਦੀ ਆਗਿਆ ਨਾਲ ਆਪ ਜੀ ਦੀ ਸ਼ਾਦੀ ਅਚੱਲ ਪਿੰਡ ਵਿਖੇ ਮਾਤਾ ਮਿਰੋਆਂ ਨਾਲ ਰਚਾਈ ਹੋਈ। ਆਪ ਜੀ ਦੇ ਗ੍ਰਹਿ ਵਿਖੇ ਚਾਰ ਪੁੱਤਰਾਂ ਨੇ ਜਨਮ ਲਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਗੁਰਗੱਦੀ ਆਪਣੇ ਪਰਮ ਸੇਵਕ ਭਾਈ ਲਹਿਣਾ ਜੀ ਨੂੰ ਦਿੱਤੀ ਤਾਂ ਗੁਰਗੱਦੀ ਦੇਣ ਸਮੇਂ ਤਿਲਕ ਲਗਾਉਣ ਦਾ ਮਾਣ ਬਾਬਾ ਬੁੱਢਾ ਜੀ ਨੂੰ ਬਖ਼ਸ਼ਿਆ। ਆਪ ਜੀ ਨੇ ਅੱਠ ਗੁਰੂ ਸਾਹਿਬਾਨ: ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਿਰਫ਼ ਦਰਸ਼ਨ ਹੀ ਨਹੀਂ ਕੀਤੇ ਸਗੋਂ ਪੰਜ ਗੁਰੂ ਸਾਹਿਬਾਨ, ਦੂਜੀ ਪਾਤਸ਼ਾਹੀ ਤੋਂ ਛੇਵੀਂ ਪਾਤਸ਼ਾਹੀ ਤਕ, ਆਪਣੇ ਹੱਥੀਂ ਗੁਰਗੱਦੀ ਤਿਲਕ ਵੀ ਲਗਾਇਆ। ਆਪ ਜੀ ਨੂੰ ਸ੍ਰੀ ਦਰਬਾਰ ਸਾਹਿਬ ਜੀ ਦੇ ਪਹਿਲੇ ਮੁੱਖ ਗ੍ਰੰਥੀ ਤੇ ਪੁੱਤਰਾਂ ਦੇ ਦਾਨੀ ਹੋਣ ਦਾ ਮਾਣ ਪ੍ਰਾਪਤ ਹੈ। ਆਪ ਸਿੱਖ-ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਵਿੱਚੋਂ ਇਕ ਹਨ। ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਨਾਮ ਲੈਂਦਿਆਂ ਹੀ ਸ਼ਰਧਾ ਤੇ ਸਤਿਕਾਰ ਨਾਲ ਸੀਸ ਝੁਕ ਜਾਂਦਾ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਪਿੰਡ ਬੁਲੋਵਾਲ, ਜ਼ਿਲ੍ਹਾ ਹੁਸ਼ਿਆਰਪੁਰ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)