editor@sikharchives.org

ਛੋਟਾ ਘੱਲੂਘਾਰਾ

ਇਸ ਵੇਲੇ ਸ਼ਹੀਦ ਹੋਏ ਸਿੰਘਾਂ ਦੀ ਗਿਣਤੀ ਚਾਰ ਹਜ਼ਾਰ ਤੋਂ ਸੱਤ ਹਜ਼ਾਰ ਦੇ ਵਿਚਕਾਰ ਸੀ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਦੀਵਾਨ ਲਖਪਤ ਰਾਇ ਜਿਸ ਦੇ ਸਿੱਖ ਵਿਰੋਧੀ ਕਿਰਦਾਰ ਕਰਕੇ ਉਸ ਨੂੰ ਲੱਖੂ ਕਰਕੇ ਪੁਕਾਰਿਆ ਜਾਂਦਾ ਹੈ, ਦਾ ਭਰਾ ਜਸਪਤ ਰਾਇ ਜਿਹੜਾ ਕਿ ਐਮਨਾਬਾਦ ਦਾ ਸਥਾਨਕ ਕਮਾਂਡਰ ਸੀ, ਸਿੱਖਾਂ ਦੇ ਪਿੰਡਾਂ ਤੋਂ ਲਗਾਨ ਇਕੱਠਾ ਕਰਨ ਲਈ ਇਕ ਮੁਹਿੰਮ ਦੀ ਅਗਵਾਈ ਕਰ ਰਿਹਾ ਸੀ। ਸਿੱਖ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਗੁਰਦੁਆਰਾ ਰੋੜੀ ਸਾਹਿਬ (ਐਮਨਾਬਾਦ) ਇਕੱਠੇ ਹੋ ਗਏ। ਇਹ ਇਕੱਠ ਜਸਪਤ ਰਾਇ ਨੂੰ ਕਿਵੇਂ ਭਾਵੇ ਜੋ ਦਿਲੋਂ ਸਿੰਘਾਂ ਨੂੰ ਨਫ਼ਰਤ ਕਰਦਾ ਸੀ? ਉਸ ਨੇ ਸਿੱਖਾਂ ਨਾਲ ਬਿਨਾਂ ਕਾਰਨ ਝਗੜਾ ਮੁੱਲ ਲੈ ਲਿਆ ਅਤੇ ਲੜਾਈ ਵਿਚ ਸਿੱਖਾਂ ਨੇ ਉਸ ਨੂੰ ਪਾਰ ਬੁਲਾ ਦਿੱਤਾ। ਇਸ ਖ਼ਬਰ ਨੇ ਲੱਖੂ ਨੂੰ ਇਕ ਵਾਰ ਬੇਜਾਨ ਕਰ ਦਿੱਤਾ, ਉਹ ਭੜਕ ਉੱਠਿਆ।

ਲਖਪਤ ਰਾਇ ਨੇ ਆਪਣੀ ਪੱਗ ਉਤਾਰ ਕੇ ਸੂਬੇ ਦੇ ਪੈਰਾਂ ਵਿਚ ਰੱਖ ਦਿੱਤੀ ਅਤੇ ਕਸਮ ਖਾਧੀ-

“I shall tie it on my head only when I have destroyed the Sikhs root and branch. I am a Khatri. Guru Gobind Singh who created the Khalsa was also a Khatri. This Khatri here before you, will destroy what was created by that Khatri. I shall not call myself a Khatri until all Sikhs are destroyed, root and branch.” (ਵੇਖੋ, Stories from Sikh History Book-V, ਹੇਮਕੁੰਟ ਪ੍ਰੈੱਸ)

ਲਖਪਤ ਰਾਇ ਨੇ ਦਮਗਜ਼ਾ ਮਾਰਿਆ ਕਿ ਚੂੰਕਿ ਉਹ ਆਪ ਖੱਤਰੀ ਹੈ, ਇਸ ਲਈ ਸ੍ਰੀ ਗੁਰੂ ਨਾਨਕ ਦੇਵ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਵਰਗੇ ਖੱਤਰੀਆਂ ਦੁਆਰਾ ਸਥਾਪਤ ਕੀਤੇ ਹੋਏ ਧਰਮ ਨੂੰ ਉਹ ਜੜ੍ਹੋਂ ਹੀ ਪੁੱਟ ਦੇਵੇਗਾ। ਇਸ ਲਈ ਉਸ ਨੇ ਯਹੀਆ ਖਾਂ ਗਵਰਨਰ ਦੀ ਸਲਾਹ ਨਾਲ ਸਿੱਖਾਂ ਦਾ ਸਰਵਨਾਸ਼ ਕਰ ਦੇਣ ਦਾ ਫੈਸਲਾ ਕਰ ਲਿਆ। 2 ਜੇਠ ਸੰਮਤ 1803 ਵਿਚ ਦੀਵਾਨ ਲਖਪਤ ਰਾਇ ਨਾਲ ਜੋ ਖਾਲਸੇ ਦੀ ਲੜਾਈ ਕਾਹਨੂੰਵਾਨ ਦੇ ਛੰਭ ਪਾਸ ਹੋਈ, ਉਹ ਛੋਟਾ ਘੱਲੂਘਾਰਾ ਦੇ ਨਾਂ ਨਾਲ ਪ੍ਰਸਿੱਧ ਹੈ। (ਵੇਖੋ, ਮਹਾਨ ਕੋਸ਼, ਭਾਈ ਕਾਨ੍ਹ ਸਿੰਘ ਨਾਭਾ, ਸਫਾ 442)

ਬਹੁਤ ਸਾਰੀ ਫੌਜ ਨਾਲ ਸਿੱਖਾਂ ਨੂੰ ਘੇਰ ਲਿਆ ਗਿਆ। ਸਿੱਖ ਵਰਤਮਾਨ ਗੁਰਦਾਸਪੁਰ ਦੇ ਜ਼ਿਲ੍ਹੇ ਦੁਆਲੇ ਕਾਹਨੂੰਵਾਨ ਦੇ ਜੰਗਲੀ ਇਲਾਕਿਆਂ ਵਿਚ ਚਲੇ ਗਏ ਪਰ ਮੁਗ਼ਲ ਫੌਜ ਉਨ੍ਹਾਂ ਦਾ ਬਰਾਬਰ ਪਿੱਛਾ ਕਰ ਰਹੀ ਸੀ। ਲਗਾਤਾਰ ਕਈ ਲੜਾਈਆਂ ਹੋਈਆਂ ਜਿਨ੍ਹਾਂ ਵਿਚ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ ਪਰ ਉਹ ਨਿਧੜਕ ਹੋ ਕੇ ਲੜਦੇ ਹੀ ਰਹੇ। ਮੁਗ਼ਲਾਂ ਨੇ ਉਨ੍ਹਾਂ ਜੰਗਲਾਂ ਨੂੰ ਅੱਗ ਲਾ ਦਿੱਤੀ ਜਿਨ੍ਹਾਂ ਵਿਚ ਸਿੱਖ ਛੁਪੇ ਹੋਏ ਸਨ। ਸਿੱਖ ਜੰਮੂ ਵੱਲ ਪਿੱਛੇ ਨੂੰ ਹਟੇ। ਉਨ੍ਹਾਂ ਨੂੰ ਉਮੀਦ ਸੀ ਕਿ ਸ਼ਾਇਦ ਉਥੇ ਉਨ੍ਹਾਂ ਨੂੰ ਪਨਾਹ ਮਿਲ ਸਕੇਗੀ, ਪਰ ਪਹਾੜੀ ਲੋਕ ਉਨ੍ਹਾਂ ਉਤੇ ਟੁੱਟ ਕੇ ਪਏ ਤੇ ਬਹੁਤ ਸਾਰੇ ਸਿੱਖਾਂ ਨੂੰ ਉਨ੍ਹਾਂ ਨੇ ਲਖਪਤ ਰਾਇ ਦੇ ਹਵਾਲੇ ਕਰ ਦਿੱਤਾ।

‘ਪੰਥ ਪ੍ਰਕਾਸ਼’ ਅਨੁਸਾਰ :

ਪਰਬਤ ਦਾਏਂ ਓਰ ਬਾਏਂ ਦਰਿਆਉ ਘੋਰ,
ਅੱਗਯੋ ਗਿਰੀਸ ਜੋਰ ਆਏ ਸੈਨ ਭਾਰੀਆ।
ਪਾਛੇ ਤੁਰਕਾਨੀ ਦਲ ਆਵਤੋ ਥਾ ਪਾਇ ਬਲ,
ਨਗਰ ਬਸੋਲੀ ਢਿਗ ਬਨੀ ਸਿੰਘੈ ਖ੍ਵਾਰੀਆ।
ਗੁਰੁ ਦਿਆਲ ਸਿੰਘ ਹਰਿ ਦਿਆਲ ਸਿੰਘ ਡੱਲੇ,
ਜਥੇਦਾਰ ਲੈ ਅਪਾਰ ਸਿੰਘਨ ਸੰਗਾਰੀਆ।
ਬੜੇ ਸੋ ਦਰਿਆਉ ਮਧ ਪਾਣੀ ਬਹੇ ਜੋਰ,
ਬਧ ਡੂਬਗੇ ਬਹੁਤ, ਥੋਰੇ ਲਗੇ ਜਾਇ ਪਾਰੀਆ॥14॥
ਉਤ ਤੈ ਨਿਰਾਸ ਹੋਇ ਜੀਵਨੇ ਕੀ ਆਸ ਖੋਇ,
ਕੀਨੇ ਮੁਖ ਦਿਸਾ ਦੋਇ ਸਿੰਘਨ ਵਿਚਾਰ ਹੈ।
ਏਕ ਓਰ ਕੋਹੀ ਦਿਸ ਦੂਸਰੀ ਤੁਰਕ ਧੋਹੀ,
ਗੋਲੇ ਗੋਲੀ ਤੀਰ ਸਮ ਮੇਹ ਰਹੇ ਡਾਰ ਹੈ।
ਵੱਟ ਕੈ ਕਸੀਸ ਦਾਂਤ ਪੀਸ ਰੀਸ ਸਿੰਘ ਸੂਰੇ,
ਪੈਂਹੈ ਜਿਤ ਵੱਲ ਕਰੈਂ ਛੀੜ ਤੇਗੇ ਮਾਰ ਹੈਂ।
ਲੱਖੂ ਆਦਿ ਸਰਦਾ ਤੁਰਕਨ ਕੇ ਰੋਸ ਧਾਰ,
ਹਾਲ ਹੂਲ ਪਾਰ ਆਇ ਪੈਹੈਂ ਏਕੈ ਬਾਰ ਹੈਂ॥15॥ (ਗਿਆਨੀ ਗਿਆਨ ਸਿੰਘ, ਸਫਾ 780)

ਉਸ ਨੇ ਭਾਰੀ ਗਿਣਤੀ ਵਿਚ ਸਿੱਖ ਕੈਦੀ ਬਣਾ ਕੇ ਲਾਹੌਰ ਲਿਆਂਦੇ ਤੇ ਉਨ੍ਹਾਂ ਨੂੰ ਦਿੱਲੀ ਦਰਵਾਜ਼ੇ ਦੇ ਬਾਹਰ ਖੁੱਲ੍ਹੇਆਮ ਤਲਵਾਰ ਦੇ ਘਾਟ ਉਤਾਰ ਦਿੱਤਾ ਗਿਆ। ਉਨ੍ਹਾਂ ਦੇ ਕਤਲ ਦਾ ਸਥਾਨ ਹੁਣ ‘ਸ਼ਹੀਦ ਗੰਜ’ ਅਖਵਾਉਂਦਾ ਹੈ। ਉਸ ਸਮੇਂ ਇਕ ਐਲਾਨ ਜਾਰੀ ਕੀਤਾ ਗਿਆ ਤੇ ਧਮਕੀ ਦਿੱਤੀ ਗਈ ਕਿ ‘ਗੁਰੂ ਦਾ ਨਾਉਂ ਤਕ ਲੈਣ ਵਾਲੇ ਦਾ ਪੇਟ ਚਾਕ ਕਰ ਦਿੱਤਾ ਜਾਵੇਗਾ।’

ਸ. ਨਰਿੰਦਰਪਾਲ ਸਿੰਘ ਕਰਤਾ ‘ਪੰਜਾਬ ਦਾ ਇਤਿਹਾਸ’ ਅਨੁਸਾਰ :

ਇਸ ਵੇਲੇ ਸ਼ਹੀਦ ਹੋਏ ਸਿੰਘਾਂ ਦੀ ਗਿਣਤੀ ਚਾਰ ਹਜ਼ਾਰ ਤੋਂ ਸੱਤ ਹਜ਼ਾਰ ਦੇ ਵਿਚਕਾਰ ਸੀ।

ਸ. ਕਰਮ ਸਿੰਘ ਹਿਸਟੋਰੀਅਨ ਕਰਤਾ ‘ਅਮਰ ਖਾਲਸਾ’ ਅਨੁਸਾਰ-

ਸਿੰਘਾਂ ਲਈ ਇਹ ਬੜੀ ਭਾਰੀ ਸੱਟ ਸੀ। ਸੱਚ ਤਾਂ ਇਹ ਹੈ ਕਿ ਜੇਕਰ ਸਿੰਘਾਂ ਦੀ ਥਾਂ ਕੋਈ ਹੋਰ ਕੌਮ ਹੁੰਦੀ ਤਾਂ ਐਸੀ ਕਰੜੀ ਸੱਟ ਨਾਲ ਜ਼ਰੂਰ ਖਤਮ ਹੋ ਜਾਂਦੀ। ਪਰ ਸਿੰਘਾਂ ਨੇ ਦਿਲ ਨਹੀਂ ਡੁਲ੍ਹਾਇਆ, ਸਗੋਂ ਇਸ ਸਮੇਂ ਵੀ ਚੜ੍ਹਦੀਆਂ ਕਲਾਂ ਵਿਚ ਹੀ ਰਹੇ। ਜੇਕਰ ਇਤਿਹਾਸ ਨੂੰ ਵੇਖਿਆ ਜਾਵੇ ਤਾਂ ਇਹ ਸਿੱਧ ਹੁੰਦਾ ਹੈ ਕਿ ਛੋਟੇ ਘੱਲੂਘਾਰੇ ਤੋਂ ਮਗਰੋਂ ਸਿੰਘਾਂ ਦੀ ਤਾਕਤ ਦਿਨੋ-ਦਿਨ ਵਧਣ ਲੱਗ ਪਈ, ਜਿਸ ਦਾ ਪ੍ਰਤੱਖ ਨਮੂਨਾ ਇਹ ਹੈ ਕਿ ਇਸ ਤੋਂ ਡੇਢ ਕੁ ਸਾਲ ਮਗਰੋਂ ਸਿੰਘਾਂ ਨੇ ਸ੍ਰੀ ਅੰਮ੍ਰਿਤਸਰ ਜੀ ਵਿਖੇ ਰਾਮਰੌਣੀ ਦੀ ਗੜ੍ਹੀ ਬਣਾ ਲਈ।

ਗਿਆਨੀ ਕਰਤਾਰ ਸਿੰਘ ਕਲਾਸਵਾਲੀਏ ਕਰਤਾ ‘ਜ਼ੌਹਰ ਖਾਲਸਾ’ ਅਨੁਸਾਰ:

ਕਹਿਰ ਵਰਤਯਾ ਸਿੰਘਾਂ ਤੇ ਬੜਾ ਭਾਰਾ, ਚੱਲੀ ਕਹਿਰ ਦੀ ਏਥੇ ਤਲਵਾਰ ਭਾਈ। ਬਹੁਤ ਸਿੰਘ ਸ਼ਹੀਦੀਆਂ ਪਾ ਗਏ, ਕੀਤੀ ਗੇਣਤੀ ਸੱਤ ਹਜ਼ਾਰ ਭਾਈ। ਬਾਕੀ ਜ਼ਖਮ ਤੋਂ ਬਿਨਾਂ ਨਾ ਕੋਈ ਖਾਲੀ, ਜੂਝ ਗਏ ਪੈਦਲ ਅਸਵਾਰ ਭਾਈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

124-A/540, Block-II, Govind Nagar, Kanpur-208006

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)