ਉਹ ਕੌਮਾਂ ਸਦਾ ਜਿਊਂਦੀਆਂ ਰਹਿੰਦੀਆਂ ਹਨ ਜੋ ਆਪਣੇ ਕੌਮੀ ਵਿਰਸੇ ਨੂੰ ਗਾਹੇ-ਬਗਾਹੇ ਯਾਦ ਕਰਦੀਆਂ ਰਹਿੰਦੀਆਂ ਹਨ। ‘ਘੱਲੂਘਾਰਾ’ ਸ਼ਬਦ ਸਿੱਖ ਮਾਨਸਿਕਤਾ ਦੇ ਧੁਰ ਅੰਦਰ ਮਨ ਦੇ ਵਿਚ ਪੂਰੀ ਤਰ੍ਹਾਂ ਸਮਾਇਆ ਹੋਇਆ ਹੈ। ‘ਘੱਲੂਘਾਰਾ’ ਦੇ ਲਫਜ਼ੀ ਮਾਇਨੇ ਹਨ- ਤਬਾਹੀ, ਗਾਰਤੀ, ਸਰਵਨਾਸ਼। ਜਦੋਂ ਵੀ ਕਿਸੇ ਹਾਕਮ, ਰਾਜ ਜਾਂ ਸਰਕਾਰ ਵੱਲੋਂ ਸਿੱਖੀ ਦੇ ਧਰਮ-ਸਿਧਾਂਤ, ਸਰੂਪ ਅਤੇ ਸਭਿਆਚਾਰ ਨੂੰ ਮੁੱਢੋਂ ਖ਼ਤਮ ਕਰਨ ਜਾਂ ਇਸ ਦਾ ਸਰਬਨਾਸ਼ ਕਰਨ ਵਾਸਤੇ ਕੋਈ ਭਾਰੀ ਤਬਾਹੀ ਮਚਾਈ ਗਈ ਤਾਂ ਖ਼ਾਲਸਾ ਪੰਥ ਨੇ ਉਸ ਸਰਬਨਾਸ਼ ਨੂੰ ‘ਘੱਲੂਘਾਰੇ’ ਦਾ ਨਾਂ ਦਿੱਤਾ। ਗਿਆਨੀ ਗਿਆਨ ਸਿੰਘ ਦੇ ਸ਼ਬਦਾਂ ਵਿਚ :
ਸਾਤ ਹਜਾਰਕ ਮਰਯੋ ਥਾ ਸਿੰਘ ਜੰਗ ਇਸ ਮਾਹਿ।
ਯਾਹੀ ਤੈ ਸਭ ਪੰਥ ਕਹਿ ਘੱਲੂਘਾਰਾ ਯਾਂਹਿ॥ (ਪੰਥ ਪ੍ਰਕਾਸ਼)
ਸਿੱਖ ਇਤਿਹਾਸ ਵਿਚ ਅਨੇਕਾਂ ਸਾਕੇ ਵਾਪਰੇ ਹਨ, ਇਨ੍ਹਾਂ ਵਿਚ ਪੰਥਕ-ਸਵੈਮਾਣ ਦੇ ਸਰਬਨਾਸ਼ ਦੀ ਸੁਰ ਪ੍ਰਚੰਡ ਰਹੀ ਹੈ। ਪਰ ਤਿੰਨ ਸਾਕੇ ਅਜਿਹੇ ਹਨ ਜਿਨ੍ਹਾਂ ਰਾਹੀਂ ਸਮਕਾਲੀ ਹਕੂਮਤਾਂ ਨੇ ਸਿੱਖਾਂ ਦਾ ਖ਼ੂਨ ਡੋਲ੍ਹਿਆ ਅਤੇ ਭਾਰੀ ਤਬਾਹੀ ਮਚਾਈ। ਬੇਦੋਸ਼ੇ-ਨਿਹੱਥੇ ਬਜ਼ੁਰਗਾਂ, ਇਸਤਰੀਆਂ, ਬੱਚਿਆਂ ਦੇ ਖ਼ੂਨ ਨਾਲ ਭਿੱਜੇ ਇਹ ਤਿੰਨ ਸਾਕੇ ‘ਘੱਲੂਘਾਰੇ’ ਦੇ ਨਾਂ ਨਾਲ ਜਾਣੇ ਜਾਂਦੇ ਹਨ। ਪਹਿਲਾ 1746 ਈ. ਦਾ ਸਰਬਨਾਸ਼ ਜੋ ਕਾਹਨੂੰਵਾਨ ਦੀ ਛੰਬ ਵਿਚ ਵਾਪਰਿਆ। ਦੂਜਾ 1762 ਈ. ਕੁਪਰੋਹੀੜੇ ਦੇ ਰੜ੍ਹੇ ਮੈਦਾਨਾਂ ਵਿਚ ਇਤਿਹਾਸ ਦਾ ਹਿੱਸਾ ਬਣਿਆ। ਇਨ੍ਹਾਂ ਨੂੰ ਛੋਟਾ ਘੱਲੂਘਾਰਾ ਤੇ ਵੱਡਾ ਘੱਲੂਘਾਰਾ ਦਾ ਨਾਂ ਦਿੱਤਾ ਗਿਆ। ਤੀਜਾ 1984 ਈ. ਵਿਚ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਵਾਲੇ ਦਿਨ ਉੱਤੇ ਸਮੇਂ ਦੀ ਹਕੂਮਤ ਵੱਲੋਂ ਹਜ਼ਾਰਾਂ ਬੇਦੋਸ਼ੇ ਬਜ਼ੁਰਗਾਂ, ਇਸਤਰੀਆਂ ਤੇ ਬੱਚਿਆਂ ਨਾਲ ਖ਼ੂਨ ਦੀ ਹੋਲੀ ਰਾਹੀਂ ਖੇਡਿਆ ਗਿਆ।
ਛੋਟੇ ਘੱਲੂਘਾਰੇ ਦੇ ਸੰਦਰਭ ਵਿਚ ਇਸ ਦੀ ਪਰੰਪਰਾ ਅਤੇ ਇਤਿਹਾਸ ਵਿਚ ਇਸ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਇਸ ਨੂੰ ਚਾਰ ਹਿੱਸਿਆਂ ਵਿਚ ਵੰਡਿਆ ਜਾ ਸਕਦਾ: ਪਹਿਲਾ- ਸਿੱਖ ਧਰਮ ਦੀ ਸ਼ਹਾਦਤ ਪਰੰਪਰਾ; ਦੂਜਾ- ਛੋਟੇ ਘੱਲੂਘਾਰੇ ਦੇ ਤਤਕਾਲੀ ਕਾਰਨ; ਤੀਜਾ- ਘਟਨਾਵਲੀ; ਚੌਥਾ- ਇਤਿਹਾਸਕ ਮਹੱਤਵ।
ਸਿੱਖ ਧਰਮ ਦੀ ਸ਼ਹਾਦਤ ਪਰੰਪਰਾ :
ਕਈ ਸਦੀਆਂ ਤੋਂ ਉੱਤਰ-ਪੱਛਮ ਵੱਲੋਂ ਅਨੇਕਾਂ ਜਰਵਾਣੇ ਭਾਰਤ ਉੱਪਰ ਹਮਲਾਵਰ ਹੋ ਕੇ ਆਉਂਦੇ ਰਹੇ ਪਰ ਇਨ੍ਹਾਂ ਨੂੰ ਚੁਣੌਤੀ ਦੇਣ ਵਾਲੀ ਕੋਈ ਖਾਸ ਧਿਰ ਨਜ਼ਰ ਨਹੀਂ ਆਉਂਦੀ ਸੀ। ਇਨ੍ਹਾਂ ਜਰਵਾਣਿਆਂ ਵਿਰੁੱਧ ਆਵਾਜ਼ ਬੁਲੰਦ ਕਰਨ, ਠੱਲ੍ਹ ਪਾਉਣ ਤੇ ਸ਼ਹੀਦੀ ਦੀ ਪਰੰਪਰਾ ਨੂੰ ਸਥਾਪਿਤ ਕਰਨ ਦਾ ਸਿਹਰਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਹਿੱਸੇ ਆਇਆ। ਪੂਰੇ ਮੱਧ ਯੁੱਗ ਵਿਚ ਕੇਵਲ ਗੁਰੂ ਨਾਨਕ ਸਾਹਿਬ ਜੀ ਹੀ ਸਨ, ਜਿਨ੍ਹਾਂ ਨੇ “ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ” ਦੀ ਆਵਾਜ਼ ਰਾਹੀਂ ਜਿੱਥੇ ਆਮ ਲੋਕਾਂ ਦੇ ਦਰਦ ਨੂੰ ਮਹਿਸੂਸ ਕੀਤਾ ਉਥੇ ਰੱਬ ਨੂੰ ਫ਼ਰਿਆਦ ਵੀ ਕੀਤੀ ਕਿ ਇਹ ਜਰਵਾਣੇ ਕਦੋਂ ਤਕ ਆਮ ਲੋਕਾਂ ’ਤੇ ਜ਼ੁਲਮ ਕਰਦੇ ਰਹਿਣਗੇ?
ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਹੱਕ-ਸੱਚ ਦੀ ਸਥਾਪਤੀ ਹਿਤ ਅਤੇ ਅਨਿਆਂ, ਅਤਿਆਚਾਰ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਪ੍ਰੇਰਨਾ ਦੁਨੀਆਂ ਨੂੰ ਦਿੱਤੀ। ਲੋਕਾਂ ਨੂੰ ਹਰ ਤਰ੍ਹਾਂ ਦੇ ਅਤਿਆਚਾਰ, ਅਨਿਆਂ, ਜ਼ੁਲਮਾਂ ਤੋਂ ਛੁਟਕਾਰਾ ਦਿਵਾ ਕੇ ਦੀਨ-ਦੁਨੀਆਂ ਵਾਲੇ ਕਲਿਆਣਕਾਰੀ ਧਰਮ ਦੀ ਸਥਾਪਨਾ ਕੀਤੀ ਜੋ ਸੰਸਾਰ ਦੇ ਧਰਮਾਂ ਦੇ ਇਤਿਹਾਸ ਵਿਚ ਇਕ ਨਿਵੇਕਲਾ ਤਜਰਬਾ ਸੀ। ਇਸ ਨਵੇਂ ਧਰਮ ਦੀ ਮੂਲ-ਭਾਵਨਾ ਆਪਣੇ ਧਾਰਮਿਕ ਤੇ ਇਖ਼ਲਾਕੀ ਫ਼ਰਜ਼ ਨੂੰ ਨਿਭਾਉਣਾ ਅਤੇ ਬਦੀ ਦੀਆਂ ਸ਼ਕਤੀਆਂ ਵਿਰੁੱਧ ਡਟ ਖਲੋਣਾ ਸੀ। ਉਦੇਸ਼ ਦੀ ਪੂਰਤੀ ਲਈ ਸਿਧਾਂਤ ਨਾਲ ਪ੍ਰਤੀਬੱਧਤਾ ਅਤੇ ਪਿਆਰ ਜ਼ਰੂਰੀ ਹੁੰਦਾ ਹੈ। ਇਸ ਲਈ ਇਹ ਆਵਾਜ਼ ਦਿੱਤੀ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)
ਹੱਕ, ਸੱਚ ਅਤੇ ਨਿਆਂ ਲਈ ਅਤਿਆਚਾਰ ਵਿਰੁੱਧ ਲੜਨਾ ਪੈਂਦਾ ਹੈ। ਇਹ ਦੋ ਤਰ੍ਹਾਂ ਨਾਲ ਲੜਿਆ ਜਾਂਦਾ ਹੈ। ਪਹਿਲਾਂ ਆਤਮਕ ਬੋਲਾਂ ਰਾਹੀਂ, ਦੂਜਾ ਬਾਹੂ ਬਲ ਰਾਹੀਂ, ਕਿਉਂਕਿ ਜਦੋਂ ਬੋਲਾਂ ਦਾ ਅਸਰ ਨਾ ਹੋਵੇ ਤਾਂ ਬਲ ਦੀ ਵਰਤੋਂ ਜਾਇਜ਼ ਹੁੰਦੀ ਹੈ:
ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥
ਹਲਾਲੱਸਤ ਬੁਰਦਨ ਬ ਸ਼ਮਸ਼ੀਰ ਦਸਤ॥ (ਜ਼ਫ਼ਰਨਾਮਾ)
ਗੁਰੂ ਨਾਨਕ ਸਾਹਿਬ ਅਤੇ ਦੂਸਰੇ ਗੁਰੂ ਸਾਹਿਬਾਨ ਨੂੰ ਸਿਧਾਂਤ ਦੀ ਰੱਖਿਆ ਲਈ ਕੁਝ ਕਹਿਣ ਦੀ ਲੋੜ ਪਈ ਤਾਂ ਉਨ੍ਹਾਂ ਸਾਹਮਣੇ “ਸਚੁ ਸੁਣਾਇਸੀ ਸਚੁ ਕੀ ਬੇਲਾ” ਦਾ ਆਦਰਸ਼ ਪ੍ਰਧਾਨ ਸੀ। ਇਸੇ ਲਈ ਆਪਣੇ ਆਤਮਕ ਬੋਲਾਂ ਰਾਹੀਂ ਬਾਬਰ ਬਾਦਸ਼ਾਹ ਨੂੰ ਜਮੁ, ਸਕਤਾ, ਸੀਂਹ ਤੇ ਫ਼ੌਜ ਨੂੰ ਪਾਪ ਦੀ ਜੰਞ ਤਕ ਕਹਿ ਦਿੱਤਾ।
ਸਮਕਾਲੀ ਸ਼ਾਸਕ ਸ਼੍ਰੇਣੀ ਵਾਲਿਆਂ ਨੂੰ “ਰਾਜੇ ਸੀਹ ਮੁਕਦਮ ਕੁਤੇ”, “ਕਲਿ ਕਾਤੀ ਰਾਜੇ ਕਾਸਾਈ”, “ਰਤੁ ਪੀਣੇ ਰਾਜੇ”, “ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ” ਦੇ ਬੋਲਾਂ ਰਾਹੀਂ ਬਿਨਾਂ ਝਿਜਕ ਦੇ ਅਤਿਆਚਾਰ ਦਾ ਵਿਰੋਧ ਕੀਤਾ।
ਇਨ੍ਹਾਂ ਬੋਲਾਂ ਨੂੰ ਨਿਭਾਉਣ ਲਈ ਬਲ ਅਤੇ ਬਲੀਦਾਨ ਦੇ ਦੋਵੇਂ ਤੱਤ ਗੁਰੂ ਸਾਹਿਬਾਨ ਨੇ ਆਪਣੀ ਵਿਚਾਰਧਾਰਾ ਅਤੇ ਵਿਵਹਾਰ ਰਾਹੀਂ ਦਿੱਤੇ। ਇਸ ਨੂੰ ਧਰਮ ਯੁੱਧ ਦਾ ਨਾਂ ਦਿੱਤਾ। ਇਸ ਧਰਮ ਯੁੱਧ ਦਾ ਮਨੋਰਥ ਸਿਧਾਂਤ ਨਾਲ ਪ੍ਰਤੀਬੱਧਤਾ ਅਤੇ ਬਦੀ ਨਾਲ ਹਰ ਪੱਖੋਂ ਵਿਰੋਧ ਤੇ ਸੰਘਰਸ਼ ਦਾ ਸੀ। ਦ੍ਰਿੜ੍ਹਤਾ ਰੱਖਣੀ, ਝੁਕਣਾ ਅਤੇ ਭੱਜਣਾ ਨਹੀਂ:
ਰਣਿ ਰੂਤਉ ਭਾਜੈ ਨਹੀ ਸੂਰਉ ਥਾਰਉ ਨਾਉ॥34॥ (ਪੰਨਾ 342)
ਸਿੱਖ ਧਰਮ ਦੀ ਪਰੰਪਰਕ ਰਵਾਇਤ ਹੈ ਕਿ ਜਦੋਂ ਕਿਸੇ ਮਜ਼ਲੂਮ ਦੀ ਬਾਂਹ ਫੜ ਲਈ ਜਾਂਦੀ ਹੈ ਤਾਂ ਉਸ ਨੂੰ ਤੋੜ ਨਿਭਾਉਣਾ ਹੀ ਧਰਮ ਹੈ:
ਗੁਰੂ ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨ ਛੋਡੀਏ।
ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ ਬਾਹਿ ਨ ਛੋੜੀਏ॥ (ਚਾਂਦ ਕਵੀ)
ਇਸ ਵਿਚਾਰਧਾਰਾ ਵਿਚ ਸ਼ਹਾਦਤ ਪਰੰਪਰਾ ਦਾ ਮੂਲ ਰੂਪ ਵਿਦਮਾਨ ਸੀ। ਸ਼ਹਾਦਤ ਦਾ ਅਰਥ ਹੱਕ, ਸੱਚ, ਨਿਆਂ ਅਤੇ ਧਰਮ ਦੇ ਸੱਚ ਹੋਣ ਲਈ ਗਵਾਹੀ ਦੇਣਾ ਹੈ। ਗਵਾਹੀ ਲਈ ਸ਼ਹੀਦੀ ਪਰਮ ਅਵੱਸ਼ਕ ਹੈ। ਇਹ ਸ਼ਹੀਦੀ ਹਰ ਕੋਈ ਨਹੀਂ ਦੇ ਸਕਦਾ। ਇਸ ਲਈ ਅਸੂਲ-ਪ੍ਰਸਤੀ ਤੇ ਦ੍ਰਿੜ੍ਹਤਾ ਲੋੜੀਂਦੀ ਹੈ। ਅਸੂਲ ਲਈ ਮੌਤ ਨੂੰ ਗਲ਼ੇ ਕੇਵਲ ਸੂਰਮਾ ਹੀ ਲਾਉਂਦਾ ਹੈ। ਕੁਰਬਾਨੀ ਦੇਣੀ ਕੇਵਲ ਸੂਰਮਿਆਂ ਦਾ ਹੀ ਅਧਿਕਾਰ ਹੈ:
ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥ (ਪੰਨਾ 579-80)
ਸਿੱਖ ਧਰਮ ਦਾ ਇਤਿਹਾਸ ਕੁਰਬਾਨੀਆਂ ਦਾ ਇਤਿਹਾਸ ਹੈ। ਨਾਨਕ ਨਿਰਮਲ ਪੰਥ ਦੇ ਪਾਂਧੀਆਂ ਨੇ ਦੋ ਤਰ੍ਹਾਂ ਨਾਲ ਕੁਰਬਾਨੀਆਂ ਦੇ ਕੇ ਆਪਣੇ ਇਤਿਹਾਸ ਨੂੰ ਅਮੀਰ ਬਣਾਇਆ। ਪਹਿਲਾ ਢੰਗ ਸੀ ਅਨਿਆਂ ਤੇ ਜ਼ੁਲਮ ਦਾ ਟਾਕਰਾ, ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਹੀਦ ਹੋਣਾ। ਦੂਜਾ ਤਰੀਕਾ ਸੀ ਪਾਪ ਦੀ ਜੰਞ ਨਾਲ ਆਹਮੋ-ਸਾਹਮਣੇ ਦੋ ਹੱਥ ਕਰਦਿਆਂ ਸ਼ਹੀਦ ਹੋਣਾ।
ਕੁਰਬਾਨੀਆਂ ਦੀ ਅਨੂਠੀ ਗਾਥਾ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਉੱਕਰੀ ਹੋਈ ਹੈ। ਬਾਬਰ ਦੀਆਂ ਚੱਕੀਆਂ ਪੀਹਣ ਦੇ ਜ਼ੁਲਮ ਤੋਂ ਸ਼ੁਰੂ ਹੋਇਆ ਇਹ ਇਤਿਹਾਸ ਤੱਤੀਆਂ ਤਵੀਆਂ ‘ਤੇ ਬੈਠ ਭਾਣੇ ਨੂੰ ਮਿੱਠਾ ਕਰ ਕੇ ਮੰਨਦਾ, ‘ਕਲੂ ਮੈ ਸਾਕਾ’ ਵਰਤਾ ਕੇ ਸਿਰਰ ਨਹੀਂ ਦਿੰਦਾ। ਉਬਲਦੀਆਂ ਦੇਗਾਂ ਵਿਚ ਉਬਾਲੇ ਖਾਂਦਾ, ਬੰਦ-ਬੰਦ ਕਟਵਾ, ਚਰਖੜੀਆਂ ਚੜ੍ਹ, ਮਾਸੂਮ ਦਿਲਾਂ ਦੇ ਟੁਕੜਿਆਂ ਨੂੰ ਗਲ਼ ਵਿਚ ਪਵਾ, ਚੱਕੀਆਂ ਪੀਂਹਦਾ, ਖੋਪਰੀ ਉਤਰਵਾ, ਸਿੱਖੀ ਸਿਦਕ ਨੂੰ ਕੇਸਾਂ-ਸੁਆਸਾਂ ਸੰਗ ਨਿਭਾ ਕੇ ਚਾਰ ਚੰਨ ਲਾਉਂਦਾ ਹੈ। ਦੂਜੇ ਪਾਸੇ ਜੁਝਾਰੂ ਨੀਤੀ ਦੇ ਅਮਲ ਰਾਹੀਂ ਅੰਮ੍ਰਿਤਸਰ, ਮਹਿਰਾਜ, ਹਰਿਗੋਬਿੰਦਪੁਰਾ, ਕਰਤਾਰਪੁਰ ਵਿਚਲੇ ਪਹਿਲੇ ਇਮਤਿਹਾਨਾਂ ਵਿੱਚੋਂ ਪਾਸ ਹੋ ਕੇ ਭੰਗਾਣੀ, ਨਿਰਮੋਹ, ਅਨੰਦਪੁਰ, ਸਰਸਾ ਕੰਢੇ ਦੇ ਮੈਦਾਨਾਂ ਵਿਚ ਲੜਦਾ ਹੋਇਆ ਇਹ ਇਤਿਹਾਸ ਚਮਕੌਰ ਦੀ ਗੜ੍ਹੀ ਵਿਚ ਪਾਸ ਹੋ ਜਾਂਦਾ ਹੈ। ਸਰਹੰਦ ਵਿਚ ਹਕੂਮਤ ਦੀਆਂ ਨੀਹਾਂ ਖੋਖਲੀਆਂ ਕਰਦਿਆਂ ਆਪਣੀਆਂ ਨੀਹਾਂ ਪੱਕੀਆਂ ਕਰ ਕੇ ਖਿਦਰਾਣੇ ਦੀ ਢਾਬ ’ਤੇ ਟੁੱਟੀ ਗੰਢ ਕੇ, ਸਰਹੰਦ ਵਿਚ ਸੁਹਾਗਾ ਫੇਰ, ਗੁਰਦਾਸ ਨੰਗਲ, ਜੰਗਲਾਂ, ਬੇਲਿਆਂ, ਛੰਬਾਂ (ਕਾਹਨੂੰਵਾਨ) ਅਤੇ ਮੈਦਾਨਾਂ (ਕੁਪਰੋਹੀੜੇ) ਵਿਚ ਘੱਲੂਘਾਰੇ ਬਣਾਉਂਦਾ ਇਹ ਇਤਿਹਾਸ ਫ਼ਤਹਿ ਪਾਉਂਦਾ ਹੈ। ਚੜ੍ਹਦੀ ਕਲਾ ਦੇ ਇਸ ਇਤਿਹਾਸ ਦੀ ਗੁਣ-ਵੱਖਰਤਾ ਇਹ ਵੀ ਹੈ ਕਿ ਹਜ਼ਾਰਾਂ ਸ਼ਹੀਦ ਕਰਵਾ ਕੇ ਵੀ ਸਿੱਖ ਚੜ੍ਹਦੀ ਕਲਾ ਵਾਲਾ ਜਿਗਰਾ ਰੱਖਦਾ ਹੈ।
ਤਤਕਾਲੀ ਕਾਰਨ –
ਛੋਟੇ ਘੱਲੂਘਾਰੇ ਦੇ ਵਾਪਰਨ ਪਿੱਛੇ ਕਈ ਕਾਰਨ ਸਨ। 1716 ਈ: ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ’ਤੇ ਮੁਗ਼ਲ ਹਕੂਮਤ ਦੁਆਰਾ ਸਖ਼ਤੀਆਂ ਦਾ ਦੌਰ ਸ਼ੁਰੂ ਹੋ ਗਿਆ। ਫ਼ਰੁਖਸੀਅਰ ਸਮੇਂ ਅਬੁਦਸਮਦ ਖਾਨ ਨੂੰ ਪੰਜਾਬ ਦਾ ਗਵਰਨਰ ਬਣਿਆ ਰਹਿਣ ਦਿੱਤਾ ਅਤੇ ਸਿੱਖਾਂ ਨੂੰ ਮਾਰਨ ਦੇ ਲਈ ਹੋਰ ਅਧਿਕਾਰ ਦੇ ਦਿੱਤੇ। ਖਾਫ਼ੀ ਖਾਂ ਦੀ ਜ਼ੁਬਾਨੀ ਅਬਦੁਸਮਦ ਖਾਨ ਨੇ ਪੰਜਾਬ ਨੂੰ ਖ਼ੂਨ ਨਾਲ ਇਸ ਤਰ੍ਹਾਂ ਭਰ ਦਿੱਤਾ ਜਿਵੇਂ ਉਹ ਥਾਲ ਹੋਵੇ। ਜ਼ੁਲਮਾਂ ਦਾ ਐਸਾ ਚੱਕਰ ਚੱਲਿਆ ਕਿ ਜਿੱਥੋਂ ਬਚ ਨਿਕਲਣਾ ਔਖਾ ਸੀ। ਸਖ਼ਤੀ ਦੇ ਇਸ ਦੌਰ ਵਿਚ ਸਿੱਖਾਂ ਨੇ ਕਾਹਨੂੰਵਾਨ ਦੇ ਛੰਭਾਂ, ਮਾਲਵੇ ਅਤੇ ਰਾਜਸਥਾਨ ਦੇ ਇਲਾਕਿਆਂ ਵਿਚ ਨਵੇਂ ਟਿਕਾਣੇ ਬਣਾ ਲਏ। ਪੰਜਾਬ ਦਾ ਮੈਦਾਨ ਲੱਗਭਗ ਖਾਲੀ ਸੀ। ਫ਼ਰੁਖਸੀਅਰ ਦੀ ਮੌਤ ਤੋਂ ਬਾਅਦ ਪੰਜਾਬ ਦਾ ਗਵਰਨਰ ਕੁਝ ਢਿੱਲਾ ਪੈ ਗਿਆ। ਸਿੱਖ ਫਿਰ ਛੁਪਣਗਾਹਾਂ ’ਚੋਂ ਬਾਹਰ ਆ ਗਏ। ਇਸੇ ਸਮੇਂ ‘ਹਰਸਾ ਮਾਰਿਆ, ਦੇਵਾ ਨੱਠਾ, ਅਸਲਾ ਗਈ ਲਾਹੌਰ’ ਦਾ ਅਖਾਣ ਮੂੰਹ ਚੜ੍ਹ ਗਿਆ। ਅਜਿਹੀ ਸਥਿਤੀ ਵੇਖ ਕੇ ਦਿੱਲੀ ਦੇ ਵਜ਼ੀਰ ਮੁਹੰਮਦ ਅਮੀਨ ਖਾਨ ਨੇ ਆਪਣੇ ਜੁਆਈ ਅਤੇ ਅਬੁਦਸਮਦ ਖਾਂ ਦੇ ਪੁੱਤਰ ਜ਼ਕਰੀਆ ਖਾਨ ਨੂੰ ਲਾਹੌਰ ਦਾ ਗਵਰਨਰ ਬਣਾ ਦਿੱਤਾ। ਜ਼ਕਰੀਆ ਖਾਨ ਨੇ ਇੱਕੋ ਵੇਲੇ ਦੋ-ਧਾਰੀ ਨੀਤੀ ਨਰਮੀ ਤੇ ਸਖ਼ਤੀ ਅਪਣਾਈ। ਨਰਮੀ ਕਰਦਿਆਂ ਉਸ ਨੇ ਕਈ ਅਹੁਦੇ ਸਿੱਖਾਂ ਦੇ ਹਵਾਲੇ ਕਰ ਦਿੱਤੇ। ਇਸ ਦੇ ਨਾਲ ਹੀ ਨਿੱਕੇ-ਨਿੱਕੇ ਬਹਾਨੇ ਬਣਾ ਕੇ ਸਿੱਖਾਂ ਨੂੰ ਸ਼ਹੀਦ ਵੀ ਕਰ ਦਿੱਤਾ ਜਾਂਦਾ ਸੀ, ਇਸੇ ਸਮੇਂ ਭਾਈ ਤਾਰਾ ਸਿੰਘ ਡਲਵਾਂ ਅਤੇ ਹੋਰ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ।
ਛਲ ਭਰੀ ਨੀਤੀ –
ਅਧੀਨ ਜ਼ਕਰੀਆ ਖ਼ਾਨ ਨੇ 1733 ਈ. ਦੇ ਅਰੰਭ ਵਿਚ ਸਰਦਾਰ ਸੁਬੇਗ ਸਿੰਘ ਹੱਥ ਦੀਪਾਲਪੁਰ, ਕੰਗਨਵਾਲ ਤੇ ਝਬਾਲ ਦੇ ਇਲਾਕਿਆਂ ਦੇ ਮਾਮਲੇ ਦੀ ਜਗੀਰ ਭੇਜਣ ਦਾ ਫ਼ੈਸਲਾ ਕੀਤਾ ਜੋ ਉਸ ਸਮੇਂ ਸਰਕਾਰੇ-ਦਰਬਾਰੇ ਚੰਗੀ ਪਹੁੰਚ ਰੱਖਦੇ ਸਨ। ਖ਼ਾਲਸਾ ਪੰਥ ਦੇ ਮੁਖੀ ਆਗੂ ਭਾਈ ਦਰਬਾਰਾ ਸਿੰਘ, ਭਾਈ ਬੁੱਢਾ ਸਿੰਘ, ਸ. ਕਪੂਰ ਸਿੰਘ, ਸ. ਜੱਸਾ ਸਿੰਘ ਆਦਿ ਇਨ੍ਹਾਂ ਸਭ ਨੇ ‘ਹਮ ਕੋ ਲੋੜ ਨਿਵਾਬੀ ਨਹੀਂ’ ਕਹਿ ਠੁਕਰਾ ਦਿੱਤੀ। ਇਸ ਦੀ ਥਾਂ ‘ਅੱਗੋ ਹਮਕੋ ਸਤਿਗੁਰ ਬਚਨ ਪਾਤਸ਼ਾਹੀ’ ਅਤੇ ‘ਹਮ ਰਾਖਤ ਪਾਤਿਸਾਹੀ ਦਾਵਾ’ ਦੇ ਬੋਲ ਸੁਣਾਏ। ਅਖ਼ੀਰ ਪੰਥ ਨੇ ਸਮੇਂ, ਲੋੜ ਅਤੇ ਸ. ਸੁਬੇਗ ਸਿੰਘ ਦੇ ਜ਼ੋਰ ਦੇਣ ’ਤੇ ਨਵਾਬੀ ਲੈਣ ਦਾ ਫ਼ੈਸਲਾ ਕਰ ਲਿਆ ਅਤੇ ਸ. ਕਪੂਰ ਸਿੰਘ ਨੂੰ ਨਵਾਬੀ ਦੇ ਦਿੱਤੀ।
ਇਸ ਨਾਲ ਸਿੱਖਾਂ ਦਾ ਸਾਹ ਥੋੜ੍ਹਾ ਸੌਖਾ ਹੋਇਆ। ਸਰਕਾਰ ਨੂੰ ਆਸ ਸੀ ਸਿੱਖ ਤਲਵਾਰਾਂ ਨੂੰ ਹਲਾਂ ਦੇ ਫਾਲਿਆਂ ਵਿਚ ਬਦਲ ਲੈਣਗੇ। ਪਰ ਕਿਉਂਕਿ ਸਿੱਖ ਰਾਜਸੀ ਸੁਤੰਤਰਤਾ ਦਾ ਸੁਆਦ ਚੱਖ ਬੈਠੇ ਸਨ ਇਸ ਲਈ ਮੌਕਾ ਹਥਿਆਉਣ ਦੀ ਉਡੀਕ ਵਿਚ ਸਨ। ਪਹਿਲਾਂ ਦੋ ਜਥੇ ਬੁੱਢਾ ਦਲ ਅਤੇ ਤਰਨਾ ਦਲ ਸਨ। ਇਨ੍ਹਾਂ ਨੇ ਅੱਗੋਂ ਬਾਬਾ ਦੀਪ ਸਿੰਘ, ਭਾਈ ਕਰਮ ਸਿੰਘ, ਭਾਈ ਧਰਮ ਸਿੰਘ, ਭਾਈ ਕਾਨ੍ਹ ਸਿੰਘ, ਬਾਬਾ ਬਿਨੋਦ ਸਿੰਘ, ਬਾਬਾ ਦਸੌਂਦਾ ਸਿੰਘ ਅਤੇ ਭਾਈ ਵੀਰੂ ਸਿੰਘ ਦੀ ਅਗਵਾਈ ਹੇਠ ਪੰਜ ਜਥੇ ਬਣਾ ਦਿੱਤੇ। ਖ਼ਾਲਸਾ ਪੰਥ ਦੀ ਇਸ ਨਵੀਂ ਵਿਉਂਤਬੰਦੀ ਨੇ ਹਕੂਮਤ ਦੇ ਮਨ ਵਿਚ ਡਰ ਪੈਦਾ ਕਰ ਦਿੱਤਾ ਜਿਸ ਕਰਕੇ 1735 ਈ: ਵਿਚ ਜਗੀਰ ਜ਼ਬਤ ਕਰ ਲਈ। ਇਸ ਨਾਲ ਪੰਥ ਹਕੂਮਤ ਨਾਲ ਦੋ-ਹੱਥ ਕਰਨ ਲਈ ਵਿਹਲਾ ਹੋ ਗਿਆ। ਲਾਹੌਰ ਦੇ ਦੀਵਾਨ ਲਖਪਤ ਰਾਏ ਨੇ ਬੁੱਢਾ ਦਲ ਨੂੰ ਬਾਰੀ ਦੁਆਬ ਦੇ ਇਲਾਕੇ ਵਿੱਚੋਂ ਕੱਢ ਦਿੱਤਾ। ਇਸੇ ਸਮੇਂ ਦੀਵਾਨ ਲਖਪਤ ਰਾਏ ਨਾਲ ਹੋਰ ਵੀ ਝੜਪਾਂ ਹੋਈਆਂ। ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ’ਤੇ ਕਬਜ਼ਾ ਕਰ ਲਿਆ। 1738 ਈ: ਵਿਚ ਸਿੱਖਾਂ ਦੁਆਰਾ ਦੀਵਾਲੀ ਮਨਾਉਣ, ਤੇ ਉਸ ਪਿੱਛੇ ਹੋਈਆਂ ਘਟਨਾਵਾਂ ਕਰਕੇ ਭਾਈ ਮਨੀ ਸਿੰਘ ਜੀ ਸ਼ਹੀਦ ਹੋ ਗਏ। 1734 ਈ: ਵਿਚ ਨਾਦਰ ਸ਼ਾਹ ਦੀ ਦਿੱਤੀ ਇਸ ਚਿਤਾਵਨੀ ਕਿ ‘ਯਾਦ ਰੱਖਣਾ ਉਹ ਦਿਨ ਦੂਰ ਨਹੀਂ ਜਦੋਂ ਇਹ ਬਾਗੀ ਤੇਰੇ ਮੁਲਕ ਉੱਤੇ ਕਬਜ਼ਾ ਕਰ ਲੈਣਗੇ’ ਨੇ ਜ਼ਕਰੀਆ ਖਾਂ ਨੂੰ ਚੁਕੰਨਾ ਕਰ ਦਿੱਤਾ ਅਤੇ ਉਸ ਨੇ ਸਿੱਖਾਂ ਵਿਰੁੱਧ ਸਖ਼ਤੀ ਅਰੰਭ ਕਰ ਦਿੱਤੀ। ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ। ਸਿੱਖਾਂ ਦੇ ਲੁੱਟਣ, ਮਾਰਨ ਨੂੰ ਜਾਇਜ਼ ਕਰਾਰ ਦਿੱਤਾ ਗਿਆ। ਸਭ ਚੌਧਰੀ, ਮੁਕੱਦਮ ਸਿੱਖਾਂ ਮਗਰ ਪੈ ਗਏ। ਛੀਨੇ ਦਾ ਕਰਮਾ, ਤਲਵੰਡੀ ਦਾ ਰਾਮਾ ਰੰਧਾਵਾ, ਨੌਸ਼ਹਿਰੇ ਢਾਲੇ ਦਾ ਸਾਹਿਬ ਰਾਏ ਸੰਧੂ ਸਿੱਖਾਂ ਨੂੰ ਮਾਰਨ ਲਈ ਅੱਗੇ ਲੱਗੇ ਹੋਏ ਸਨ। ਚੌਧਰੀਆਂ ਵਿਚ ਮੰਡਿਆਲੀ ਦੇ ਮੱਸਾ ਰੰਘੜ ਨੇ ਅੱਤ ਕਰ ਦਿੱਤੀ ਸੀ। ਸ੍ਰੀ ਦਰਬਾਰ ਸਾਹਿਬ ਨੂੰ ਉਸ ਨੇ ਨਾਚ-ਘਰ ਬਣਾ ਲਿਆ ਸੀ। ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਅਤੇ ਭਾਈ ਮਹਿਤਾਬ ਸਿੰਘ ਨੇ ਮੱਸੇ ਰੰਘੜ ਨੂੰ ਸੋਧਾ ਲਾ ਦਿੱਤਾ। 1745 ਈ: ਪੂਹਲੇ ਪਿੰਡ ਦੇ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰ ਕੇ ਸ਼ਹੀਦ ਕਰ ਦਿੱਤਾ। ਇਸ ਸਮੇਂ ਜ਼ਕਰੀਆ ਖਾਂ ਦੀ ਪਿਸ਼ਾਬ ਬੰਦ ਹੋਣ ਨਾਲ ਮੌਤ ਹੋ ਗਈ। ਉਸ ਪਿੱਛੋਂ ਉਸ ਦਾ ਪੁੱਤਰ ਯਹੀਆ ਖਾਨ ਜੋ ਆਪਣੇ ਪੁਰਖਿਆਂ ਦੀ ਤਰ੍ਹਾਂ ਹੀ ਨਿਰਦਈ ਸੀ, ਗੱਦੀ ਉੱਤੇ ਬੈਠਾ। ਉਸ ਨੇ ਆਉਂਦਿਆਂ ਹੀ ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਨੂੰ ਚਰਖੜੀਆਂ ਉੱਤੇ ਚੜ੍ਹਾ ਕੇ ਸ਼ਹੀਦ ਕਰ ਦਿੱਤਾ। ਯਹੀਆ ਖਾਨ ਨੇ ਲਖਪਤ ਰਾਏ ਨੂੰ ਦੀਵਾਨ ਦੀ ਪਦਵੀ ਉੱਤੇ ਪੱਕਿਆਂ ਕਰ ਦਿੱਤਾ। ਉਸ ਦਾ ਭਰਾ ਜਸਪਤ ਰਾਏ ਐਮਨਾਬਾਦ ਦਾ ਫੌਜਦਾਰ ਸੀ। ਦੋਹਾਂ ਭਰਾਵਾਂ ਨੇ ਸਿੱਖਾਂ ਵਿਰੁੱਧ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ। ਇਸ ਸਖ਼ਤੀ ਨਾਲ ਲਾਹੌਰ ਦੇ ਹਿੰਦੂ ਵੀ ਪਰੇਸ਼ਾਨ ਹੋ ਗਏ। ਇਲਾਕੇ ਦੇ ਜ਼ਿਮੀਂਦਾਰ ਤੰਗ ਆ ਕੇ ਖ਼ਾਲਸਾ ਪੰਥ ਨਾਲ ਮਿਲ ਗਏ। ਸਿੱਖਾਂ ਦਾ ਇਕ ਜਥਾ ਦੁਸ਼ਮਣ ਵੱਲੋਂ ਧੱਕਿਆ ਹੋਇਆ ਐਮਨਾਬਾਦ ਦੇ ਇਲਾਕੇ ਵੱਲ ਨਿਕਲ ਆਇਆ ਅਤੇ ਇਥੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਵਿਚ ਬਣੇ ਗੁਰ-ਅਸਥਾਨ ਗੁਰਦੁਆਰਾ ਰੋੜੀ ਸਾਹਿਬ ਦੇ ਦਰਸ਼ਨਾਂ ਲਈ ਆਇਆ। ਭਾਈ ਰਤਨ ਸਿੰਘ ਭੰਗੂ ਦੇ ਕਥਨ ਅਨੁਸਾਰ ‘ਸਿੰਘਾਂ ਨੇ ਜਸਪਤ ਰਾਏ ਤੋਂ ਸ਼ਹਿਰ ਵਿਚ ਆਪਣੇ ਖਾਣ-ਪੀਣ ਲਈ ਰਸਦ ਖਰੀਦਣ ਦੀ ਆਗਿਆ ਮੰਗੀ ਤੇ ਕਿਹਾ ਕਿ ਉਹ ਰਾਤ ਇਥੇ ਟਿਕ ਕੇ ਅਗਲੇ ਦਿਨ ਚਲੇ ਜਾਣਗੇ। ਜਸਪਤ ਰਾਏ ਨੇ ਸਿੱਖਾਂ ਨੂੰ ਉਥੋਂ ਕੱਢਣ ਲਈ ਹੱਲਾ ਬੋਲ ਦਿੱਤਾ। ਸਿੱਖਾਂ ਨੇ ਡਟ ਕੇ ਮੁਕਾਬਲਾ ਕੀਤਾ। ਲੜਾਈ ਸਮੇਂ ਇਕ ਸਿੱਖ ਭਾਈ ਨਿਬਾਹੂ ਸਿੰਘ ਨੇ ਜਸਪਤ ਰਾਏ ਦੇ ਹਾਥੀ ਉੱਤੇ ਚੜ੍ਹ ਕੇ ਉਸ ਦਾ ਸਿਰ ਵੱਢ ਦਿੱਤਾ। ਇਸ ਨਾਲ ਦੁਸ਼ਮਣ ਵਿਚ ਭਾਜੜ ਮੱਚ ਗਈ। ਖ਼ਾਲਸੇ ਨੇ ਮੈਦਾਨ ਮਾਰ ਲਿਆ।’
ਘਟਨਾਵਲੀ –
ਜਸਪਤ ਰਾਏ ਦੀ ਮੌਤ ਦੀ ਖ਼ਬਰ ਜਦੋਂ ਲਖਪਤ ਰਾਏ ਨੂੰ ਮਿਲੀ ਤਾਂ ਉਹ ਗੁੱਸੇ ਨਾਲ ਪਾਗਲ ਹੋ ਉੱਠਿਆ। ਉਹ ਲਾਹੌਰ ਦੇ ਨਵਾਬ ਕੋਲ ਆਇਆ ਅਤੇ ਆਪਣੀ ਪੱਗ ਉਸ ਦੇ ਪੈਰਾਂ ’ਤੇ ਰੱਖ ਕੇ ਸਹੁੰ ਖਾਧੀ ਕਿ ਉਹ ਇਸ ਪੱਗ ਨੂੰ ਸਿੱਖਾਂ ਦਾ ਨਾਮੋ- ਨਿਸ਼ਾਨ ਮਿਟਾ ਕੇ ਹੀ ਆਪਣੇ ਸਿਰ ਉੱਪਰ ਰੱਖੇਗਾ। ਉਸ ਨੇ ਹੋਰ ਕਿਹਾ, ‘ਮੈਂ ਖੱਤਰੀ ਹਾਂ, ਇਕ ਖੱਤਰੀ ਗੁਰੂ (ਗੁਰੂ ਗੋਬਿੰਦ ਸਿੰਘ ਜੀ) ਨੇ ਖ਼ਾਲਸੇ ਦੀ ਸਿਰਜਨਾ ਕੀਤੀ ਹੈ। ਦੂਜਾ ਖੱਤਰੀ (ਲਖਪਤ ਰਾਏ) ਸਿੱਖਾਂ ਦਾ ਨਾਂ ਖਤਮ ਕਰ ਦੇਵੇਗਾ।’ ਭਾਈ ਰਤਨ ਸਿੰਘ ਭੰਗੂ ਦੇ ਸ਼ਬਦਾਂ ਵਿਚ:
ਯਹ ਪੰਥ ਫਦੂਲ ਫਦੂਲੀਏ ਖਤ੍ਰੀ ਜਾਤ ਸੁ ਕੀਨ।
ਮੈ ਅਬ ਖਤ੍ਰੀ ਤੌ ਰਹਾਂ ਪੰਥ ਰਲਾਵੋਂ ਦੀਨ॥ (ਸ੍ਰੀ ਗੁਰੂ ਪੰਥ ਪ੍ਰਕਾਸ਼)
ਉਸ ਨੇ ਸਿੱਖਾਂ ਵਿਰੁੱਧ ਕਾਰਵਾਈ ਅਰੰਭਦਿਆਂ ਲਾਹੌਰ ਦੇ ਸਾਰੇ ਸਿੱਖਾਂ ਨੂੰ ਫੜ ਲਿਆ। ਸਿਆਣੇ ਮੁਖੀ ਸ਼ਹਿਰੀਆਂ, ਜਿਨ੍ਹਾਂ ਵਿਚ ਗੁਸਾਈਂ ਭਗਤ, ਦੀਵਾਨ ਕੌੜਾ ਮਲ, ਦੀਵਾਨ ਲਛੀ ਰਾਮ, ਦੀਵਾਨ ਸੂਰਤ ਸਿੰਘ, ਭਾਈ ਦੇਸ ਰਾਜ, ਚੌਧਰੀ ਜਵਾਹਰ ਮਲ ਆਦਿ ਸ਼ਾਮਿਲ ਸਨ, ਨੇ ਹਜ਼ਾਰਾਂ ਬੇਕਸੂਰ ਲੋਕਾਂ ਦਾ ਖੂਨ ਡੋਲ੍ਹਣ ਤੋਂ ਖਾਸ ਕਰਕੇ ਸੋਮਵਾਰ ਦੀ ਮੱਸਿਆ ਵਾਲੇ ਦਿਨ ਤੋਂ ਰੋਕਿਆ ਪਰ ਉਸ ਨੇ ਕਿਸੇ ਦੀ ਨਾ ਸੁਣੀ ਅਤੇ ਸਭ ਫੜੇ ਹੋਏ ਸਿੱਖ ਕਤਲ ਕਰਵਾ ਦਿੱਤੇ। ‘ਗੁਰੂ ਗ੍ਰੰਥ ਸਾਹਿਬ ਦੀ ਥਾਂ ਪੋਥੀ’, ‘ਗੁੜ ਦੀ ਥਾਂ ਰੋੜੀ’ ਸ਼ਬਦ ਕਹਿਣ ਦਾ ਆਦੇਸ਼ ਦਿੱਤਾ। ਪਾਵਨ ਗ੍ਰੰਥਾਂ ਨੂੰ ਜਲਾ ਦਿੱਤਾ। ਅੰਮ੍ਰਿਤ ਸਰੋਵਰ ਮਿੱਟੀ ਨਾਲ ਪੂਰ ਦਿੱਤਾ। ਇਕ ਵੱਡੀ ਫ਼ੌਜ ਯਹੀਆ ਖਾਨ ਅਤੇ ਲਖਪਤ ਰਾਏ ਦੀ ਨਿੱਜੀ ਕਮਾਨ ਹੇਠ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਨਿਕਲ ਤੁਰੀ। ਇਸ ਸਮੇਂ ਸਿੱਖਾਂ ਦੇ ਇਕ ਵੱਡੇ ਜਥੇ ਜਿਸ ਦੀ ਗਿਣਤੀ 15,000 ਦੇ ਕਰੀਬ ਦੱਸੀ ਜਾਂਦੀ ਹੈ, ਕਾਹਨੂੰਵਾਨ ਦੀ ਛੰਭ ਵਿਚ ਛੁਪਿਆ ਬੈਠਾ ਸੀ, ਦਾ ਖੁਰਾ ਨੱਪਦਿਆਂ ਲਖਪਤ ਰਾਏ ਆਣ ਪਹੁੰਚਾ। ਸੈਨਾ ਦੀ ਇਕ ਟੁਕੜੀ ਨੇ ਤੋਪਾਂ ਦੀ ਮਦਦ ਨਾਲ ਸਿੱਖਾਂ ਨੂੰ ਕਾਹਨੂੰਵਾਨ ਵਿੱਚੋਂ ਕੱਢ ਕੇ ਰਾਵੀ ਵੱਲ ਧੱਕ ਦਿੱਤਾ। ਉਹ ਬਸੌਲੀ ਦੀਆਂ ਪਹਾੜੀਆਂ ਵੱਲ ਨਿਕਲਣ ਦੀ ਸੋਚ ਰਹੇ ਸਨ ਕਿ ਅੱਗੋਂ ਪਹਾੜੀਆਂ ਨੇ ਗੋਲੀਆਂ ਤੇ ਪੱਥਰਾਂ ਨਾਲ ਸਿੱਖਾਂ ਦਾ ਸੁਆਗਤ ਕੀਤਾ। ਸਥਿਤੀ ਬੜੀ ਖਤਰਨਾਕ ਸੀ, ਇਕ ਪਾਸੇ ਸਿੱਧਾ ਪਹਾੜ ਤੇ ਵੈਰੀ ਵਜੋਂ ਉਨ੍ਹਾਂ ‘ਤੇ ਮੌਤ ਵਰ੍ਹ ਰਹੀ ਸੀ; ਦੂਜੇ ਪਾਸੇ ਦਰਿਆ ਦਾ ਹੜ੍ਹ, ਪਿੱਛੇ ਮੁਗ਼ਲ ਫੌਜ। ਸਿੰਘਾਂ ਪਾਸ ਨਾ ਖੁਰਾਕ ਸੀ ਨਾ ਅਸਲਾ। ਉਨ੍ਹਾਂ ਨੇ ਪਿੱਛੇ ਮੁੜਨ ਅਤੇ ਮਾਝੇ ਵੱਲ ਜਾਣ ਦਾ ਫੈਸਲਾ ਕੀਤਾ। ਦਰਿਆ ਰਾਵੀ ਦੇ ਹੜ੍ਹ ਦੀ ਥਹੁ ਪਾਉਂਦੇ ਡੱਲੇਵਾਲੀਏ ਗੁਰਦਿਆਲ ਸਿੰਘ ਦੇ ਦੋ ਭਰਾ ਰੁੜ੍ਹ ਗਏ। ਇਸ ਸਮੇਂ ਸਿਰ ਤਲੀ ’ਤੇ ਧਰ ਕੇ ਕੁਝ ਸਿੰਘ ਪਹਾੜਾਂ ਵੱਲ ਨਿਕਲ ਤੁਰੇ, ਕੁਝ ਦੁਸ਼ਮਣਾਂ ਦੇ ਵਿੱਚੋਂ ਦੀ ਰਾਹ ਬਣਾ ਕੇ ਭੱਜ ਗਏ।
ਖ਼ਾਲਸਾ ਸੈਨਾ ਦਾ ਮੁੱਖ ਜਥਾ ਜਥੇਦਾਰ ਸੁੱਖਾ ਸਿੰਘ ਦੀ ਅਗਵਾਈ ਹੇਠ ਪਿੱਛਾ ਕਰ ਰਹੀ ਸੈਨਾ ’ਤੇ ਟੁੱਟ ਕੇ ਪੈ ਗਿਆ। ਲਖਪਤ ਰਾਏ ਉੱਤੇ ਹਮਲਾ ਕਰਨ ਦੇ ਯਤਨ ਵਿਚ ਉਸ ਦੀ ਲੱਤ ਉੱਤੇ ਗੋਲੀ ਲੱਗੀ। ਬਾਕੀ ਸਿੱਖਾਂ ਦਾ ਜੰਗਲਾਂ ਵਿਚ ਪਿੱਛਾ ਕੀਤਾ ਗਿਆ। ਇਹ ਘਟਨਾ 1 ਜੂਨ 1746 ਈ: ਦੀ ਹੈ। ਦੋ ਕੁ ਹਜ਼ਾਰ ਸਿੱਖ ਬਚ ਕੇ ਰਾਵੀ ਦਰਿਆ ਪਾਰ ਕਰ ਕੇ ਰਿਆੜਕੀ ਗੁਰਦਾਸਪੁਰ ਦੇ ਇਲਾਕੇ ਵੱਲ ਨਿਕਲ ਗਏ। ਗਰਮੀ ਦੇ ਦਿਨ ਸਨ, ਤੱਤੀ ਰੇਤ ਦਾ ਪੈਂਡਾ, ਭੁੱਖੇ ਪੇਟ, ਜ਼ਖ਼ਮਾਂ ਨਾਲ ਕਰਾਹੁੰਦੇ ਲੰਮਾ ਪੈਂਡਾ ਕਰ ਕੇ ਸ੍ਰੀ ਹਰਿਗੋਬਿੰਦਪੁਰ ਨੇੜੇ ਬਿਆਸ ਦਰਿਆ ਪਾਰ ਕੀਤਾ ਤਾਂ ਪਠਾਣਾਂ ਦੀ ਇਕ ਟੁਕੜੀ ਨੇ ਉਨ੍ਹਾਂ ’ਤੇ ਹੱਲਾ ਬੋਲ ਦਿੱਤਾ। ਸਿੱਖਾਂ ਨੇ ਪਠਾਣਾਂ ਨਾਲ ਇਸ ਸਮੇਂ ਨਜਿੱਠ ਲੈਣਾ ਸੀ ਪਰ ਜਦੋਂ ਸਿੱਖਾਂ ਨੂੰ ਪਤਾ ਲੱਗਾ ਕਿ ਲਖਪਤ ਰਾਏ ਦਰਿਆ ਪਾਰ ਕਰ ਗਿਆ ਹੈ ਅਤੇ ਛੇਤੀ ਹੀ ਉਹ ਹਮਲਾ ਕਰੇਗਾ, ਇਸ ਲਈ ਉਹ ਸਭ ਖਾਣਾ ਆਦਿ ਛੱਡ ਕੇ ਅਲੀਵਾਲ ਤੋਂ ਸਤਲੁਜ ਦਰਿਆ ਪਾਰ ਕਰ ਕੇ ਮਾਲਵੇ ਵਿਚ ਨਿਕਲ ਗਏ। ਲਖਪਤ ਰਾਏ ਇਸ ਲੜਾਈ ਕਰਕੇ ਥੱਕ-ਹਾਰ ਗਿਆ। ਉਹ ਹੋਰ ਪਿੱਛਾ ਕਰਨ ਦੀ ਥਾਂ ਵਾਪਸ ਲਾਹੌਰ ਨੂੰ ਮੁੜ ਪਿਆ। ਇਸ ਘੱਲੂਘਾਰੇ ਵਿਚ 7,000 ਦੇ ਕਰੀਬ ਸਿੱਖ ਮਾਰੇ ਗਏ। ਇਹ ਮਾਰਾ-ਮਾਰੀ ਅਤੇ ਧਰ-ਪਕੜ ਪੂਰਾ ਇਕ ਮਹੀਨਾ ਚੱਲਦੀ ਰਹੀ। ਤਿੰਨ ਕੁ ਹਜ਼ਾਰ ਦੇ ਕਰੀਬ ਸਿੱਖਾਂ ਨੂੰ ਪਕੜ ਲਾਹੌਰ ਲਿਜਾ ਕੇ ਨਖਾਸ ਚੌਕ ਵਿਚ ਤਸੀਹੇ ਦੇ ਕੇ ਕਤਲ ਕਰ ਦਿੱਤਾ ਗਿਆ।
ਇਤਿਹਾਸਕ ਮਹੱਤਵ –
ਸਖ਼ਤੀਆਂ ਅਤੇ ਮਾਰਾ-ਮਾਰੀ ਦੇ ਦੌਰ ਦੌਰਾਨ ਛੋਟਾ ਘੱਲੂਘਾਰਾ ਸਿੱਖਾਂ ਲਈ ਪਹਿਲਾ ਸਭ ਤੋਂ ਭਾਰੀ ਨੁਕਸਾਨ ਵਾਲਾ ਕਤਲੇਆਮ ਸੀ। ਲਖਪਤ ਰਾਏ ਸਿੱਖਾਂ ਨੂੰ ਹਾਰ ਦੇ ਕੇ ਕੁਝ ਹੱਦ ਤਕ ਸੰਤੁਸ਼ਟ ਸੀ ਪਰ ਉਹ ਇਸ ਨੂੰ ਲੰਮੇ ਸਮੇਂ ਤਕ ਸਾਂਭ ਨਾ ਸਕਿਆ। ਲਖਪਤ ਰਾਏ ਨੇ ਭਾਵੇਂ ਖ਼ਾਲਸਾ ਪੰਥ ਨੂੰ ਖ਼ਤਮ ਕਰਨ ਦੀ ਸਹੁੰ ਖਾਧੀ ਸੀ ਪਰ ਉਸ ਮੂਰਖ ਨੂੰ ਇਹ ਪਤਾ ਨਹੀਂ ਇਹ ਖ਼ਾਲਸਾ ਪੰਥ ਅਕਾਲ ਪੁਰਖ ਨੇ ਰਚਿਆ ਸੀ ਅਤੇ ਉਸ ਨੇ ਹੀ ਇਸ ਦੀ ਹੱਥ ਦੇ ਕੇ ਰੱਖਿਆ ਕਰਨੀ ਸੀ:
ਮੂਰਖ ਖਤ੍ਰੀ ਏਹੁ ਨ ਜਾਨੈ।
ਪੰਥ ਰਚਯੋ ਇਹੁ ਜਿਸ ਭਗਵਾਨੈ॥
ਸੋ ਅਕਾਲ ਕਾ ਸੁਤ ਸਮ੍ਰੱਥ।
ਰੱਖਯਾ ਕਰਹੈ ਦੈਕਰ ਹੱਥ॥ (ਪੰਥ ਪ੍ਰਕਾਸ਼)
ਮੁਲਤਾਨ ਦੇ ਗਵਰਨਰ ਸ਼ਾਹ ਨਵਾਜ ਨੇ ਯਹੀਆ ਖਾਂ ਨੂੰ ਨਜ਼ਰਬੰਦ ਕਰ ਕੇ ਅਹੁਦੇ ਤੋਂ ਹਟਾ ਦਿੱਤਾ। ਲਖਪਤ ਰਾਏ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਗਿਆ। ਇਸ ਦੀ ਥਾਂ ਦੀਵਾਨ ਕੌੜਾ ਮਲ ਜਿਸ ਨੂੰ ਸਿੱਖ ਮਿੱਠਾ ਮਲ ਕਹਿ ਕੇ ਸੱਦਦੇ ਸਨ, ਨੂੰ ਦੀਵਾਨ ਬਣਾ ਦਿੱਤਾ। ਇਸ ਤੋਂ ਬਾਅਦ ਅਹਿਮਦ ਸ਼ਾਹ ਦੁਰਾਨੀ ਨੇ ਲਾਹੌਰ ‘ਤੇ ਹਮਲਾ ਕਰ ਕੇ ਕਬਜ਼ਾ ਕਰ ਲਿਆ। ਲਾਹੌਰ ਤੇ ਦਿੱਲੀ ’ਚ ਦੁਰਾਨੀਆਂ ਵਿਚਕਾਰ ਆਪਸੀ ਖਿਚੋਤਾਣ ਵਧ ਗਈ। ਅਜਿਹੇ ਸਮੇਂ ਭਾਰੀ ਨੁਕਸਾਨ ਹੋਣ ਦੇ ਬਾਵਜੂਦ ਵੀ ਖ਼ਾਲਸਾ ਪੰਥ ਨੇ ਮੁੜ ਸੰਗਠਤ ਹੋਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਕਸ਼ਟਾਂ ਰਾਹੀਂ ਸੱਤਾ-ਪ੍ਰਾਪਤੀ ਦੇ ਬੀਜ ਪੁੰਗਰ ਪਏ। ਸਿੱਖ ਛੁਪਣਗਾਹਾਂ ਤੋਂ ਬਾਹਰ ਨਿਕਲ ਆਏ ਅਤੇ ਉਨ੍ਹਾਂ ਨੇ ਮੁੜ ਦੁਰਾਨੀਆਂ ਦੇ ਰਾਹ ਮਾਰੇ, ਲਾਹੌਰ, ਅੰਮ੍ਰਿਤਸਰ, ਜਲੰਧਰ ਆਦਿ ਜਿੱਤ ਲਿਆ। ਇਹ ਸਮਾਂ ਸਿੱਖ ਇਤਿਹਾਸ ਲਈ ਬੜਾ ਭਾਗਸ਼ਾਲੀ ਤੇ ਮਹੱਤਵਪੂਰਨ ਸੀ। ਡਾ: ਗੰਡਾ ਸਿੰਘ ਦੇ ਸ਼ਬਦਾਂ ਵਿਚ: ‘ਇਸ ਨਾਲ ਇਕ ਨਵੇਂ ਯੁੱਗ ਦਾ ਅਰੰਭ ਹੋਇਆ ਜਿਸ ਵਿਚ ਸਿੱਖਾਂ ਨੇ ਆਪਣੇ ਬਿਖਰੇ ਹੋਏ ਜਥਿਆਂ ਨੂੰ ਇਕ ਸਮੂਹ ਵਿਚ ਪਰੋ ਲਿਆ ਅਤੇ ਆਪਣੀ ਸਥਾਨਕ ਰਿਹਾਇਸ਼ ਲਈ ਕਿਲ੍ਹਾ ਵੀ ਬਣਾ ਲਿਆ। ਪੰਥ ਦੇ ਵਿਚਾਰ ਨੇ ਇਕ ਨਵੀਂ ਸ਼ਕਲ ਧਾਰਨ ਕੀਤੀ। ਇਸ ਦੇ ਦੁਆਲੇ ਇਕ ਪਰੰਪਰਾ ਜੁੜ ਗਈ। ਇਸ ਅਨੁਸਾਰ ਇਕ ਸਾਂਝੇ ਆਗੂ ਦੀਆਂ ਆਗਿਆਕਾਰੀ ਅਤੇ ਜਥਿਆਂ ਦੇ ਵਾਹਦ ਵਿਅਕਤੀਆਂ ਦੀ ਸਮੁੱਚੇ ਪੰਥ ਵੱਲ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਹੋਈ।’ 1748 ਈ: ਦੀ ਵਿਸਾਖੀ ਮੌਕੇ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਦਲ ਖ਼ਾਲਸੇ ਦਾ ਜਥੇਦਾਰ ਚੁਣ ਲਿਆ ਗਿਆ। ਦਲ ਖ਼ਾਲਸੇ ਨੂੰ ਫਿਰ ਤੋਂ ਪੈਰਾਂ ਸਿਰ ਕਰ ਕੇ ਗਿਆਰਾਂ ਜਥਿਆਂ ਵਿਚ ਵੰਡ ਦਿੱਤਾ ਤੇ ਜਥੇਦਾਰ ਬਣਾ ਦਿੱਤੇ, ਪਿੱਛੋਂ ਇਹੀ ਜਥੇ ਮਿਸਲਾਂ ਦੇ ਰੂਪ ’ਚ ਵਟ ਗਏ। ਖ਼ਾਲਸਾ ਰਾਜ ਦਾ ਐਲਾਨ ਕਰ ਦਿੱਤਾ। ਸਿੱਖਾਂ ਦੀ ਜਥੇਬੰਦਕ ਸ਼ਕਤੀ ਨੇ ਪੰਜਾਬ ਵਿਚ ਦੂਜਿਆਂ ਲਈ ਰਾਜ ਕਰਨਾ ਕਾਫ਼ੀ ਮੁਸ਼ਕਲ ਬਣਾ ਦਿੱਤਾ। ਇਨ੍ਹਾਂ ਘੱਲੂਘਾਰਿਆਂ ਦੀ ਭੱਠੀ ਵਿੱਚੋਂ ਨਿਕਲ ਕੇ ਖ਼ਾਲਸਾ ਪੰਥ ਸ਼ੁੱਧ ਫ਼ੌਲਾਦ ਬਣ ਗਿਆ। ਇਸ ਨਾਲ ਬਣੇ ਤਿੱਖੇ ਹਥਿਆਰਾਂ ਨੇ ਖ਼ਾਲਸਾ ਪੰਥ ਦੇ ਸਵੈ-ਰਾਜ ਦਾ ਰਾਹ ਪੱਧਰਾ ਕਰ ਦਿੱਤਾ ਅਤੇ ਉਹ ਸਮਾਂ ਦੂਰ ਨਾ ਰਿਹਾ ਜਦੋਂ ਪੰਜਾਬ ਵਿਚ ਸਿੱਖ ਪੰਥ ਸੱਤਾਧਾਰੀ ਹੋ ਗਿਆ। ਕਿਹਾ ਜਾ ਸਕਦਾ ਹੈ ਕਿ ਇਸ ਘੱਲੂਘਾਰੇ ਰਾਹੀਂ ਹੋਈਆਂ ਸ਼ਹਾਦਤਾਂ ਨਾਲ ਭਾਵੇਂ ਭਾਰੀ ਤਬਾਹੀ ਹੋਈ ਪਰ ਇਸ ਵਿੱਚੋਂ ਹੀ ਸਿੱਖ ਧਰਮ ਦੀ ਅਣਖ ਅਤੇ ਅਜ਼ਾਦੀ ਲਈ ਸੀਸ ਦੇਣ ਅਤੇ ਸਿੱਖੀ ਕੇਸਾਂ-ਸੁਆਸਾਂ ਸੰਗ ਨਿਭਾਉਣ ਦਾ ਜਜ਼ਬਾ ਦ੍ਰਿੜ੍ਹ ਹੋਇਆ। ਸਿੱਖੀ ਪ੍ਰਚੰਡ ਹੋ ਕੇ ਨਿਕਲੀ ਅਤੇ ਪੰਥ ਦੇ ਉਜਲੇ ਭਵਿੱਖ ਦੀ ਆਸ ਪੈਦਾ ਹੋ ਗਈ।
ਪਦ ਟਿੱਪਣੀ ਅਤੇ ਹਵਾਲੇ
1. ਸ੍ਰੀ ਗੁਰੂ ਪੰਥ ਪ੍ਰਕਾਸ਼, ਭਾਈ ਰਤਨ ਸਿੰਘ ਭੰਗੂ, ਸੰਪਾ: ਸ. ਬਲਵੰਤ ਸਿੰਘ (ਢਿੱਲੋਂ), ਸਿੰਘ ਬ੍ਰਦਰਜ਼, ਅੰਮ੍ਰਿਤਸਰ, 2004.
2. ਪੰਥ ਪ੍ਰਕਾਸ਼, ਗਿਆਨੀ ਗਿਆਨ ਸਿੰਘ, ਭਾਸ਼ਾ ਵਿਭਾਗ, ਪੰਜਾਬ, ਪਟਿਆਲਾ 1987.
3. ਸਿੱਖ ਇਤਿਹਾਸ, ਪ੍ਰਿੰ. ਤੇਜਾ ਸਿੰਘ, ਡਾ. ਗੰਡਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ 1984.
4. ਸਿੱਖ ਇਤਿਹਾਸ ਬਾਰੇ, ਡਾ. ਗੰਡਾ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, 1998.
5. ਅਠਾਰ੍ਹਵੀਂ ਸਦੀ ਵਿਚ ਬੀਰ ਪਰੰਪਰਾ ਦਾ ਵਿਕਾਸ, ਪ੍ਰਿੰ. ਸਤਿਬੀਰ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ 1987.
6. ਸ. ਜੱਸਾ ਸਿੰਘ ਆਹਲੂਵਾਲੀਆ, ਡਾ. ਗੰਡਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
7. ਇਤਿਹਾਸਕ ਖੋਜ, ਸ. ਕਰਮ ਸਿੰਘ ਹਿਸਟੋਰੀਅਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।
8. ਸਿੱਖ ਇਤਿਹਾਸ ਦੇ ਸੂਰਬੀਰ ਯੋਧੇ, ਚਾਰ ਸਾਹਿਬਜ਼ਾਦੇ, ਸੰਪਾ: ਪ੍ਰੋ: ਬਲਵਿੰਦਰ ਸਿੰਘ ਜੌੜਾ ਸਿੰਘਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, 2005.
9. ਰਾਜ ਦਾ ਸਿੱਖ ਸੰਕਲਪ, ਡਾ: ਜਸਪਾਲ ਸਿੰਘ, ਨਵਯੁਗ ਪਬਲਿਸ਼ਰਜ਼, ਦਿੱਲੀ, 1990.
ਲੇਖਕ ਬਾਰੇ
#160, ਪ੍ਰਤਾਪ ਐਵੀਨਿਊ, ਜੀ. ਟੀ. ਰੋਡ, ਅੰਮ੍ਰਿਤਸਰ
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/June 1, 2007
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/July 1, 2007
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/September 1, 2007
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/October 1, 2007
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/November 1, 2007
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/April 1, 2008
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/May 1, 2008
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/June 1, 2008
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/November 1, 2008
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/