editor@sikharchives.org

ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ

ਸਾਹਿਬਜ਼ਾਦੇ ਨਿੱਕੀ ਉਮਰ ਵਿਚ ਵੱਡਾ ਸਾਕਾ ਕਰ ਗਏ ਜਿਨ੍ਹਾਂ ਨੇ ਵੱਡੇ-ਵੱਡੇ ਸੂਰਮਿਆਂ-ਯੋਧਿਆਂ ਦੇ ਮੂੰਹਾਂ ਵਿਚ ਉਂਗਲਾਂ ਪੁਆ ਦਿੱਤੀਆਂ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

1704 ਈ: ਨੂੰ 7 ਦਿਨਾਂ ਦੇ ਥੋੜ੍ਹੇ ਜਿਹੇ ਅਰਸੇ ਵਿਚ ਮਾਤਾ ਗੁਜਰੀ ਜੀ ਤੇ ਉਨ੍ਹਾਂ ਦੇ ਪੋਤਰੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਇਕ ਅਜਿਹਾ ਇਤਿਹਾਸ ਸਿਰਜ ਗਏ ਜੋ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਦਾ ਸ਼ਿੰਗਾਰ ਬਣ ਗਿਆ। ਇਹ ਸਾਹਿਬਜ਼ਾਦੇ ਨਿੱਕੀ ਉਮਰ ਵਿਚ ਵੱਡਾ ਸਾਕਾ ਕਰ ਗਏ ਜਿਨ੍ਹਾਂ ਨੇ ਵੱਡੇ-ਵੱਡੇ ਸੂਰਮਿਆਂ-ਯੋਧਿਆਂ ਦੇ ਮੂੰਹਾਂ ਵਿਚ ਉਂਗਲਾਂ ਪੁਆ ਦਿੱਤੀਆਂ। ਹਰ ਇਕ ਦੇ ਮੂੰਹੋਂ ਇਹੀ ਸ਼ਬਦ ਨਿਕਲਦੇ ਸਨ: ਧੰਨ-ਧੰਨ ਗੁਰੂ ਗੋਬਿੰਦ ਸਿੰਘ ਜੀ-ਧੰਨ ਉਨ੍ਹਾਂ ਦੇ ਜਾਏ!

ਸਮਾਂ ਜਦੋਂ ਕਰਵਟ ਬਦਲਦਾ ਹੈ ਤੇ ਹੋਣੀ ਜਦੋਂ ਆਪਣਾ ਜੌਹਰ ਦਿਖਾਉਂਦੀ ਹੈ ਦੋਹਾਂ ਦਾ ਅੰਦਾਜ਼ ਕੋਈ ਕ੍ਰਿਸ਼ਮਾ ਕਰਨ ਦਾ ਹੁੰਦਾ ਹੈ ਜਿਸ ਨਾਲ ਕਿਤੇ ਸੁਖ ਹੀ ਸੁਖ ਮਿਲ ਜਾਂਦੇ ਹਨ ਤੇ ਕਿਤੇ ਦੁੱਖ ਹੀ ਦੁੱਖ। ਪਰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਤਾਂ ਦੁੱਖ ਹੀ ਦੁੱਖ ਹਿੱਸੇ ਆਏ। ਇਨ੍ਹਾਂ ਦੁੱਖਾਂ ਵਿਚ ਉਹ ਘਬਰਾਏ ਨਹੀਂ, ਡੋਲੇ ਨਹੀਂ ਸਗੋਂ ਖਿੜੇ-ਮੱਥੇ ਇਨ੍ਹਾਂ ਦੁੱਖਾਂ ਨੂੰ ਪਾਰ ਕਰ ਗਏ। ਆਪਣੀ ਸ਼ਹਾਦਤ ਨਾਲ ਇਤਿਹਾਸ ਦਾ ਅਜਿਹਾ ਮੀਲ-ਪੱਥਰ ਗੱਡ ਗਏ ਜਿਸ ਨੂੰ ਰਹਿੰਦੀ ਦੁਨੀਆਂ ਤਕ ਕੋਈ ਮਾਈ ਦਾ ਲਾਲ ਪੁੱਟ ਨਹੀਂ ਸਕੇਗਾ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕੀਤਾ। ਜਦੋਂ ਸਰਸਾ ਨਦੀ ਨੂੰ ਪਾਰ ਕਰਨ ਲੱਗੇ, ਉਸ ਵਿਚ ਪੂਰਾ ਹੜ੍ਹ ਆਇਆ ਹੋਇਆ ਸੀ। ਦੂਜਾ, ਮੁਗ਼ਲ ਫੌਜਾਂ ਤੇ ਪਹਾੜੀ ਰਾਜਿਆਂ ਨੇ ਪੂਰੇ ਜ਼ੋਰ ਨਾਲ ਹਮਲਾ ਬੋਲ ਦਿੱਤਾ। ਇਸ ਹਫੜਾ-ਦਫੜੀ ਵਿਚ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਗੁਰੂ ਜੀ ਦੇ ਜਥੇ ਨਾਲੋਂ ਨਿੱਖੜ ਗਏ। ਬਸ ਫੇਰ ਕੀ ਸੀ, ਇਮਤਿਹਾਨ ਦੀਆਂ ਘੜੀਆਂ ਦਾ ਸਮਾਂ ਆ ਗਿਆ। ਪਤਾ ਨਹੀਂ ਕਿਸ ਢੰਗ ਨਾਲ ਗੁਰੂ-ਘਰ ਦਾ ਰਸੋਈਆ ਗੰਗੂ ਆ ਮਿਲਿਆ।

ਉਸ ਨੇ ਮਾਤਾ ਜੀ ਨੂੰ ਕਿਹਾ ਕਿ ਸੰਕਟ ਦਾ ਸਮਾਂ ਹੈ, ਤੁਸੀਂ ਮੇਰੇ ਘਰ ਟਿਕਾਣਾ ਕਰ ਲਵੋ। ਉਹ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਸਹੇੜੀ (ਖੇੜੀ) ਲੈ ਆਇਆ। ਜਦੋਂ ਗੰਗੂ ਨੂੰ ਪਤਾ ਲੱਗਾ ਕਿ ਮਾਤਾ ਜੀ ਕੋਲ ਸੋਨੇ ਦੀਆਂ ਮੋਹਰਾਂ ਹਨ ਤਾਂ ਲਾਲਚ ਵਿਚ ਆ ਕੇ ਉਸ ਦੀ ਨੀਅਤ ਫਿੱਟ ਗਈ ਤੇ ਉਸ ਨੇ ਮੋਹਰਾਂ ਚੁਰਾ ਲਈਆਂ। ਮਾਤਾ ਜੀ ਦੇ ਪੁੱਛਣ ’ਤੇ ਉਲਟਾ ਕਹਿਣ ਲੱਗਾ ਕਿ ਮੈਂ ਕਿਤੇ ਚੋਰ ਹਾਂ? ਇਕ ਮੈਂ ਤੁਹਾਨੂੰ ਠਹਿਰਨ ਲਈ ਆਪਣਾ ਘਰ ਦਿੱਤਾ। ਦੂਜਾ, ਮੇਰੇ ’ਤੇ ਦੂਸ਼ਣ ਲਾਉਂਦੇ ਹੋ? ਗੰਗੂ ਨੂੰ ਬਹਾਨਾ ਮਿਲ ਗਿਆ, ਉਹ ਮੋਰਿੰਡੇ ਦੇ ਰੰਘੜ ਕੋਤਵਾਲ ਨੂੰ ਸੱਦ ਲਿਆਇਆ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਇਸ ਕੋਤਵਾਲ ਨੇ ਇਨ੍ਹਾਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਦੇ ਹਵਾਲੇ ਕਰ ਦਿੱਤਾ। ਵਜ਼ੀਰ ਖਾਨ ਨੇ ਇਨ੍ਹਾਂ ਨੂੰ ਇਕ ਠੰਡੇ ਬੁਰਜ ਵਿਚ ਬੰਦ ਕਰ ਦਿੱਤਾ:

ਵਿਚ ਬੁਰਜ ਦੇ ਬੰਦ ਹਨ ਦਾਦੀ ਪੋਤੇ,
ਠੰਡਾ ਹੈ ਬੁਰਜ ਤੇ ਠੰਡੀਆਂ ਰਾਤਾਂ।
ਪਰ ਹੌਂਸਲੇ ਬੁਲੰਦ ਤੇ ਮਘਦੇ ਚਿਹਰੇ ਨੇ,
ਪਰ ਪਾਉਂਦੇ ਨੇ ਹੋਣੀਆਂ ਦੀਆਂ ਬਾਤਾਂ।

ਰਾਤ ਨੂੰ ਦਾਦੀ ਪੋਤੇ ਇਸ ਦੁਖਾਂਤ ਦੇ ਟਾਕਰੇ ਲਈ ਆਪਣੇ ਆਪ ਨੂੰ ਤਿਆਰ ਕਰਦੇ ਹਨ। ਦਾਦੀ ਮਾਂ ਪੋਤਿਆਂ ਨੂੰ ਸਮਝਾਉਂਦੀ ਹੈ ਕਿ ਮੇਰੇ ਲਾਲੋ! ਤੁਹਾਡੇ ਦਾਦੇ ਦੀ ਪੱਗ ਬੜੀ ਚਿੱਟੀ ਹੈ, ਦੇਖਣਾ ਕਿਤੇ ਇਸ ਨੂੰ ਦਾਗ ਨਾ ਲੁਆ ਦੇਣਾ! ਅੱਗੋਂ ਸਾਹਿਬਜ਼ਾਦੇ ਜਵਾਬ ਦਿੰਦੇ ਹਨ:

ਦਾਦੀ ਮਾਂ ਤੁਹਾਡਾ ਬਚਨ ਸਿਰ ਮੱਥੇ,
ਨਾ ਸਾਨੂੰ ਸਮਝ ਛੋਟੇ, ਅਸੀਂ ਧਰਮ ਦੇ ਹਾਂ ਪੱਕੇ।
ਨਹੀਂ ਲੱਗਣ ਦਿਆਂਗੇ ਦਾਗ ਪੱਗ ਨੂੰ।
ਕਰ ਦਿਆਂਗੇ ਦੁਸ਼ਮਣ ਦੇ ਦੰਦ ਖੱਟੇ।

ਦਾਦੀ ਸਾਹਿਬਜ਼ਾਦਿਆਂ ਦਾ ਅਜਿਹਾ ਹੌਂਸਲਾ ਦੇਖ ਕੇ ਖੁਸ਼ ਭੀ ਹੁੰਦੀ ਹੈ ਤੇ ਉਦਾਸ ਵੀ। ਕਿਉਂਕਿ ਉਸ ਨੂੰ ਕੱਲ੍ਹ ਵਾਲੇ ਸਮੇਂ ਦਾ ਪਤਾ ਸੀ ਕਿ ਕੀ ਵਾਪਰਨਾ ਹੈ। ਪੂਰੀ ਠੰਡ ਹੈ ਤੇ ਬੁਰਜ ਵੀ ਪੂਰਾ ਠੰਡਾ ਹੈ। ਇਸ ਸੰਕਟ ਦੀ ਘੜੀ ਵਿਚ ਚੈਨ ਕਿੱਥੇ? ਪਰ ਆਪਣੇ ਆਪ ਨੂੰ ਧਰਵਾਸ ਦਿੰਦੀ ਹੈ:

ਸ਼ੇਰਾਂ ਦੇ ਪੁੱਤ, ਹੁੰਦੇ ਨੇ ਸ਼ੇਰ ਬੱਚੇ,
ਪੂਰੇ ਪੱਕੇ ਨੇ, ਲੱਗਦੇ ਨਹੀ ਕੱਚੇ।

ਸਵੇਰ ਹੁੰਦਿਆਂ ਹੀ ਸਿਪਾਹੀ ਸਾਹਿਬਜ਼ਾਦਿਆਂ ਨੂੰ ਲੈਣ ਆ ਜਾਂਦੇ ਹਨ। ਦਾਦੀ ਆਪਣੇ ਪੋਤਿਆਂ ਨੂੰ ਲਾਡ ਕਰਦੀ ਹੈ ਤੇ ਨਾਲੇ ਤਿਆਰ ਕਰਦੀ ਹੈ। ਇਸ ਜੁਦਾਈ ਦੇ ਪਲਾਂ ਨੂੰ ਬੜੇ ਹੀ ਟੁੰਬਣ ਵਾਲੇ ਸ਼ਬਦ ਨਾਲ ਸ਼ਾਇਰ ਅੱਲਾ ਯਾਰ ਖਾਂ ਜੋਗੀ ਬਿਆਨ ਕਰਦਾ ਹੈ:

ਜਾਨੇ ਸੇ ਪਹਲੇ ਆਓ ਗਲੇ ਸੇ ਲਗਾ ਤੋ ਲੂੰ
ਕੇਸੋਂ ਕੋ ਕੰਘੀ ਕਰ ਦੂੰ ਜ਼ਰਾ ਮੂੰਹ ਧੁਲਾ ਤੋ ਲੂੰ
ਪਯਾਰੇ ਸੇ ਸਰੋਂ ਪੇ ਨੰਨ੍ਹੀ ਸੀ ਕਲਗ਼ੀ ਸਜਾ ਤੋ ਲੂੰ
ਮਰਨੇ ਸੇ ਪਹਲੇ ਤੁਮ ਕੋ ਦੂਲ੍ਹਾ ਬਨਾ ਤੋ ਲੂੰ (ਅੱਲਾ ਯਾਰ ਖਾਂ ਜੋਗੀ)

ਸਾਹਿਬਜ਼ਾਦੇ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿਚ ਪੇਸ਼ ਹੁੰਦੇ ਹਨ; ਝੁਕ ਕੇ ਸਲਾਮ ਬੁਲਾਉਣ ਦੀ ਥਾਂ ਗੱਜ ਕੇ ਬੋਲਦੇ ਹਨ, ਵਾਹਿਗੁਰੂ ਜੀ ਕਾ ਖਾਲਸਾ-ਵਾਹਿਗੁਰੂ ਜੀ ਕੀ ਫ਼ਤਹ। ਸਾਹਿਬਜ਼ਾਦੇ ਨਾ ਕਿਸੇ ਲਾਲਚ ਵਿਚ ਆਉਂਦੇ ਹਨ ਅਤੇ ਨਾ ਹੀ ਵਜ਼ੀਰ ਖਾਨ ਦਾ ਕਿਸੇ ਕਿਸਮ ਦਾ ਦਬਾਅ ਮੰਨਦੇ ਹਨ। ਇਸ ਤਰ੍ਹਾਂ ਦਾ ਵਰਤਾਰਾ ਦੇਖ ਕੇ ਨਵਾਬ ਵਜ਼ੀਰ ਖਾਨ ਗੁੱਸੇ ਵਿਚ ਆ ਜਾਂਦਾ ਹੈ, ਕਾਜ਼ੀ ਨੂੰ ਫਤਵਾ ਸੁਣਾਉਣ ਲਈ ਕਹਿੰਦਾ ਹੈ। ਕਾਜ਼ੀ ਦਬਾਅ ਹੇਠ ਹੀ ਨੀਹਾਂ ਵਿਚ ਚਿਣਨ ਦਾ ਫਤਵਾ ਸੁਣਾਉਂਦਾ ਹੈ। ਇਉਂ ਕਾਜ਼ੀ ਨੂੰ ਵਜ਼ੀਰ ਖਾਨ ਦਾ ਖੌਫ ਤਾਂ ਰਿਹਾ ਪਰ ਉਹ ਰੱਬ ਦੇ ਖੌਫ ਨੂੰ ਭੁੱਲ ਗਿਆ।

ਫਤਵਾ ਲਾਉਣ ਤੋਂ ਪਹਿਲਾਂ ਵਜ਼ੀਰ ਖਾਨ ਨੇ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਨ ਨੂੰ ਕਿਹਾ ਕਿ ਹੁਣ ਮੌਕਾ ਹੈ ਕਿ ਤੂੰ ਇਨ੍ਹਾਂ ਬੱਚਿਆਂ ਤੋਂ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਸਕਦਾ ਹੈਂ। ਪਰ ਸ਼ੇਰ ਮੁਹੰਮਦ ਖਾਨ ਨੇ ਅਜਿਹਾ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ ਅਤੇ ਹਾਅ ਦਾ ਨਾਅਰਾ ਮਾਰ ਕੇ ਕਚਹਿਰੀ ਵਿੱਚੋਂ ਇਹ ਕਹਿੰਦਾ ਹੋਇਆ ਉੱਠ ਆਇਆ:

ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ
ਮਹਫ਼ੂਜ਼ ਰੱਖੇ ਹਮ ਕੋ ਖੁਦਾ ਐਸੇ ਪਾਪ ਸੇ (ਅੱਲਾ ਯਾਰ ਖਾਂ ਜੋਗੀ)

ਕਚਹਿਰੀ ਵਿਚ ਬੈਠੇ ਅਹਿਲਕਾਰ ਸਾਰੇ ਹੀ ਭਾੜੇ ਦੇ ਟੱਟੂ ਨਿਕਲੇ। ਕੋਈ ਵੀ ਸੂਰਮਾ ਉਭਰ ਕੇ ਸਾਹਮਣੇ ਨਾ ਆਇਆ। ਸਾਹਿਬਜ਼ਾਦੇ ਜਿਊਂਦੇ ਨੀਂਹਾਂ ਵਿਚ ਚਿਣੇ ਗਏ। ਆਪਣੀ ਸ਼ਹਾਦਤ ਦੇ ਕੇ ਸਿੱਖ ਕੌਮ ਦਾ ਨਾਂ ਉੱਚਾ ਕਰ ਗਏ।

ਮਿਟਾ ਦੇ ਅਪਨੀ ਹਸਤੀ ਕੋ ਅਗਰ ਕੁਛ ਬਣਨਾ ਚਾਹਤਾ ਹੈ,
ਦਾਨਾ ਖ਼ਾਕ ਮੇਂ ਮਿਲ ਕਰ ਗੁਲੋ ਗੁਲਜ਼ਾਰ ਹੋਤਾ ਹੈ।

ਠੀਕ ਹੀ ਹੈ ਕੋਈ ਵੱਡਾ ਕਾਰਨਾਮਾ ਕਰਨ ਲਈ ਆਪਣੇ-ਆਪ ਨੂੰ ਮਿਟਾਉਣਾ ਪੈਂਦਾ ਹੈ। ਪਰ ਸੱਚ ਦਾ ਪੱਲਾ ਹਮੇਸ਼ਾਂ ਭਾਰੂ ਰਹਿੰਦਾ ਹੈ। ਸ਼ਹਾਦਤ ਰੰਗ ਲਿਆਈ। ਵਜ਼ੀਰ ਖਾਨ ਮਾਰਿਆ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਥਾਂ-ਥਾਂ ਮੇਲੇ ਲੱਗਦੇ ਹਨ। ਨਗਰ ਕੀਰਤਨ ਹੁੰਦੇ ਹਨ। ਉਨ੍ਹਾਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਹਨ। ਸਰਹਿੰਦ (ਫ਼ਤਿਹਗੜ੍ਹ ਸਾਹਿਬ) ਦਾ ਜੋੜ-ਮੇਲਾ ਹਿੰਦੁਸਤਾਨ ਦੇ ਲੋਕਾਂ ਲਈ ਖਾਸ ਕਰਕੇ ਸਿੱਖਾਂ ਲਈ ਇਕ ਤੀਰਥ ਬਣ ਗਿਆ।

ਆਉ ਇਨ੍ਹਾਂ ਮਹਾਨ ਹਸਤੀਆਂ ਨੂੰ ਯਾਦ ਕਰਦਿਆਂ ਆਪਣੇ ਆਪ ਨੂੰ ਸੰਵਾਰਨ ਦਾ ਜਤਨ ਕਰੀਏ। ਆਪਣੇ ਵਿਰਸੇ ਨੂੰ ਸੰਭਾਲਣ ਦਾ ਪ੍ਰਣ ਕਰੀਏ। ਪਤਿਤਪੁਣੇ ਤੋਂ ਬਚੀਏ, ਨਸ਼ਿਆਂ ਤੋਂ ਬਚੀਏ, ਅਤੇ ਗੁਰੂ ਵਾਲੇ ਬਣੀਏ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਪਿੰਡ ਹੰਡਿਆਇਆ, ਜ਼ਿਲ੍ਹਾ ਸੰਗਰੂਰ-148107

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)