editor@sikharchives.org

ਦੇਸ਼ ਦੀ ਅਜ਼ਾਦੀ ਵਿਚ ਪੰਜਾਬ ਦੇ ਸੰਗਠਨਾਂ ਤੇ ਖਾਸ ਕਰਕੇ ਸਿੱਖਾਂ ਦਾ ਯੋਗਦਾਨ

19ਵੀਂ ਸਦੀ ਦੇ ਦੂਸਰੇ ਅੱਧ ਤੇ 20ਵੀਂ ਸਦੀ ਦੇ ਪਹਿਲੇ 47 ਵਰ੍ਹਿਆਂ ਵਿਚ ਪੰਜਾਬ ਵਿਚ ਅਨੇਕ ਅੰਦੋਲਨ ਚਲਾਏ ਗਏ ਜਿਨ੍ਹਾਂ ਦਾ ਸਰੂਪ ਭਾਵੇਂ ਕੁਝ ਵੀ ਸੀ, ਉਨ੍ਹਾਂ ਦਾ ਅੰਤਮ ਨਿਸ਼ਾਨਾ ਦੇਸ਼ ਨੂੰ ਬਦੇਸ਼ੀਆਂ ਦੀ ਗ਼ੁਲਾਮੀ ਤੋਂ ਮੁਕਤ ਕਰਾਉਣਾ ਸੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਾਡੇ ਦੇਸ਼ ਨੂੰ ਆਜ਼ਾਦੀ ਹਾਸਲ ਕਰਨ ਲਈ ਬੜੀ ਲੰਬੀ ਜੱਦੋ-ਜਹਿਦ ਕਰਨੀ ਪਈ ਹੈ। ਇਸ ਲੰਬੀ ਲੜਾਈ ਵਿਚ ਪੰਜਾਬ ਨੇ ਜੋ ਹਿੱਸਾ ਪਾਇਆ ਹੈ ਉਹ ਕਿਸੇ ਤੋਂ ਗੁੱਝਾ ਨਹੀਂ। 19ਵੀਂ ਸਦੀ ਦੇ ਦੂਸਰੇ ਅੱਧ ਤੇ 20ਵੀਂ ਸਦੀ ਦੇ ਪਹਿਲੇ 47 ਵਰ੍ਹਿਆਂ ਵਿਚ ਪੰਜਾਬ ਵਿਚ ਅਨੇਕ ਅੰਦੋਲਨ ਚਲਾਏ ਗਏ ਜਿਨ੍ਹਾਂ ਦਾ ਸਰੂਪ ਭਾਵੇਂ ਕੁਝ ਵੀ ਸੀ, ਉਨ੍ਹਾਂ ਦਾ ਅੰਤਮ ਨਿਸ਼ਾਨਾ ਦੇਸ਼ ਨੂੰ ਬਦੇਸ਼ੀਆਂ ਦੀ ਗ਼ੁਲਾਮੀ ਤੋਂ ਮੁਕਤ ਕਰਾਉਣਾ ਸੀ। ਇਥੇ ਇਹ ਸੰਭਵ ਨਹੀਂ ਕਿ ਅਸੀਂ ਉਨ੍ਹਾਂ ਸਾਰੇ ਅੰਦੋਲਨਾਂ ਦੀ ਚਰਚਾ ਵਿਸਥਾਰ ਵਿਚ ਕਰੀਏ ਪਰ ਤਾਂ ਵੀ ਕੁਝ ਇਕ ਪ੍ਰਮੁੱਖ ਅੰਦੋਲਨਾਂ ਦੇ ਨਾਮ ਇਸ ਪ੍ਰਕਾਰ ਹਨ- ਨਾਮਧਾਰੀ ਜਾਂ ਕੂਕਾ ਅੰਦੋਲਨ, ਸਿੰਘ ਸਭਾ ਲਹਿਰ, ਕਿਸਾਨ ਅੰਦੋਲਨ, ਅਕਾਲੀ ਲਹਿਰ ਅਥਵਾ ਗੁਰਦੁਆਰਾ ਸੁਧਾਰ ਅੰਦੋਲਨ, ਬੱਬਰ ਅਕਾਲੀ ਲਹਿਰ, ਕਿਰਤੀ ਕਿਸਾਨ ਅੰਦੋਲਨ, ਨੌਜੁਆਨ ਭਾਰਤ ਸਭਾ, ਪੰਜਾਬ ਪਰਜਾ ਮੰਡਲ ਅਤੇ ਆਈ.ਐਨ.ਏ. ਆਦਿ।

ਪੰਜਾਬ ਵਿਚ ਅੰਗਰੇਜ਼ਾਂ ਤੋਂ ਅਜ਼ਾਦੀ ਪ੍ਰਾਪਤ ਕਰਨ ਦੀ ਲੜਾਈ ਦਾ ਮੁੱਢ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਲੜੀਆਂ ਗਈਆਂ ਦੋ ਲੜਾਈਆਂ ਤੋਂ ਹੀ ਸਮਝਿਆ ਜਾਣਾ ਚਾਹੀਦਾ ਹੈ ਜਦੋਂ ਸ. ਸ਼ਾਮ ਸਿੰਘ ਅਟਾਰੀਵਾਲਾ, ਸ. ਚਤਰ ਸਿੰਘ, ਸ. ਸ਼ੇਰ ਸਿੰਘ, ਦੀਵਾਨ ਮੂਲ ਰਾਜ, ਮਹਾਰਾਣੀ ਜਿੰਦਾਂ ਅਤੇ ਭਾਈ ਮਹਾਰਾਜ ਸਿੰਘ ਨੇ ਅੰਗਰੇਜ਼ਾਂ ਨੂੰ ਦੇਸ਼ ’ਚੋਂ ਕੱਢ ਦੇਣ ਲਈ ਸਿਰ-ਧੜ ਦੀ ਬਾਜ਼ੀ ਲਗਾ ਦਿੱਤੀ ਸੀ।

ਬੇਸ਼ੱਕ, ਸੰਨ 1849 ਵਿਚ ਪੰਜਾਬ ਨੂੰ ਅੰਗੇਰਜ਼ੀ ਰਾਜ ਦਾ ਇਕ ਹਿੱਸਾ ਬਣਾ ਲਿਆ ਗਿਆ ਪਰ ਨੌਰੰਗਾਬਾਦ ਦੇ ਭਾਈ ਮਹਾਰਾਜ ਸਿੰਘ ਨੇ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਦਾ ਝੰਡਾ ਖੜ੍ਹਾ ਕਰ ਦਿੱਤਾ। ਉਨ੍ਹਾਂ ਬਾਰੇ ਜ਼ਿਕਰ ਕਰਦਿਆਂ ਸਰ ਹੈਨਰੀ ਲਾਰੰਸ ਲਿਖਦਾ ਹੈ ਕਿ ਭਾਈ ਮਹਾਰਾਜ ਸਿੰਘ ਨਾਂ ਦਾ ਇਕ ਸਿੱਖ ਸੰਤ, ਜੋ ਆਪਣੇ ਆਚਰਨ ਦੇ ਕਾਰਨ ਬੜਾ ਉੱਘਾ ਤੇ ਚੋਖੇ ਅਸਰ-ਰਸੂਖ ਦਾ ਮਾਲਕ ਸੀ, ਇਸ ਵੇਲੇ ਲਾਹੌਰ ਵਿਚ ਪੰਜਾਬ ਰਸਾਲੇ (ਫੌਜੀਆਂ) ਦੇ ਕੁਝ ਸਿੱਖਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਿਹਾ ਹੈ। ਮੁਲਤਾਨ ਦੀ ਲੜਾਈ ਤੋਂ ਬਾਅਦ ਇਹ ਪਹਿਲਾ ਪੁਰਸ਼ ਸੀ, ਜਿਸ ਨੇ ਬਗ਼ਾਵਤ ਦਾ ਝੰਡਾ ਖੜ੍ਹਾ ਕੀਤਾ। ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਸਰਕਾਰ ਨੂੰ ਸਾਵਧਾਨ ਕਰਦਿਆਂ ਲਿਖਿਆ ਸੀ ਕਿ ਜੇ ਮਹਾਰਾਜ ਸਿੰਘ ਬਚ ਕੇ ਨਿਕਲ ਗਿਆ ਤੇ ਮੁੜ ਕੇ ਗ੍ਰਿਫਤਾਰ ਨਾ ਹੋ ਸਕਿਆ ਤਾਂ ਪੰਜਾਬ ਦੀ ਸਾਰੀ ਜਨਤਾ ਇਕਮੁੱਠ ਹੋ ਕੇ ਉਸ ਦੇ ਮਗਰ ਲੱਗ ਤੁਰੇਗੀ। ਇਹ ਅੰਗਰੇਜ਼ੀ ਹਕੂਮਤ ਲਈ ਬੜੇ ਦੁਰਭਾਗ ਦੀ ਗੱਲ ਹੋਵੇਗੀ।

ਇਸ ਤੋਂ ਪਹਿਲਾਂ ਕਿ ਭਾਈ ਮਹਾਰਾਜ ਸਿੰਘ ਦੀ ਬਗ਼ਾਵਤ ਜਨ-ਅੰਦੋਲਨ ਦਾ ਰੂਪ ਧਾਰ ਸਕਦੀ, ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਪਹਿਲਾਂ ਕਲਕੱਤੇ ਤੇ ਫਿਰ ਨਜ਼ਰਬੰਦ ਕਰਕੇ ਸਿੰਘਾਪੁਰ ਭੇਜ ਦਿੱਤਾ ਗਿਆ। ਇਥੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਜਿਸ ਦੇ ਫਲਸਰੂਪ ਉਹ 5 ਜੁਲਾਈ ਸੰਨ 1856 ਨੂੰ ਸ਼ਹੀਦ ਹੋ ਗਏ। ਉਨ੍ਹਾਂ ਨੇ ਆਪਣੀ ਮੌਤ ਤੋਂ ਪਹਿਲਾਂ ਜੇਲ੍ਹ ਦੇ ਸੁਪ੍ਰਿੰਟੈਂਡੈਂਟ ਨੂੰ ਕਿਹਾ ਸੀ ‘ਮੈਨੂੰ ਤੁਹਾਡੇ ਵੱਲੋਂ ਦਿੱਤੇ ਜਾ ਰਹੇ ਕਸ਼ਟਾਂ ਦੀ ਜ਼ਰਾ ਵੀ ਪਰਵਾਹ ਨਹੀਂ ਤੇ ਨਾ ਹੀ ਮੈਂ ਮੌਤ ਤੋਂ ਡਰਦਾ ਹਾਂ, ਮੈਨੂੰ ਇਹ ਪੂਰਨ ਵਿਸ਼ਵਾਸ ਹੈ ਕਿ ਅੰਗਰੇਜ਼ੀ ਰਾਜ ਦਾ ਅੰਤ ਬੜੀ ਜਲਦੀ ਹੋਵੇਗਾ ਤੇ ਮੇਰਾ ਦੇਸ਼ ਅਜ਼ਾਦੀ ਤੇ ਸੁਖ ਦਾ ਸਾਹ ਲੈ ਸਕੇਗਾ।’

ਭਾਈ ਮਹਾਰਾਜ ਸਿੰਘ ਦੀ ਸ਼ਹੀਦੀ ਤੋਂ ਕੇਵਲ 6 ਸਾਲ ਮਗਰੋਂ ਪੰਜਾਬ ਦੇ ਇਕ ਛੋਟੇ ਜਿਹੇ ਪਿੰਡ ਭੈਣੀ ਸਾਹਿਬ, ਜ਼ਿਲ੍ਹਾ ਲੁਧਿਆਣਾ ਵਿਖੇ ਅਜ਼ਾਦੀ ਦੀ ਇਕ ਹੋਰ ਅਜਿਹੀ ਲਾਟ ਪ੍ਰਜਵਲਤ ਹੋਈ, ਜਿਸ ਨੇ ਅੰਗਰੇਜ਼ੀ ਰਾਜ ਨੂੰ ਇਕ ਵਾਰ ਤਾਂ ਹੱਥਾਂ- ਪੈਰਾਂ ਦੀ ਪਾ ਕੇ ਰੱਖ ਦਿੱਤੀ। ਬਾਬਾ ਰਾਮ ਸਿੰਘ ਜੀ ਨੇ ਨਾਮਧਾਰੀ ਅਥਵਾ ਕੂਕਾ ਲਹਿਰ ਨੂੰ ਜਨਮ ਦਿੱਤਾ, ਜਿਸ ਦਾ ਮੁੱਖ ਨਿਸ਼ਾਨਾ ਅੰਗਰੇਜ਼ਾਂ ਨੂੰ ਦੇਸ਼ ’ਚੋਂ ਬਾਹਰ ਕੱਢਣਾ ਤੇ ਆਪਣੀ ਮਾਤਭੂਮੀ ਨੂੰ ਮੁਕਤ ਕਰਾਉਣਾ ਸੀ। ਜਿਥੇ ਉਨ੍ਹਾਂ ਨੇ ਧਰਮ ਤੇ ਸਮਾਜ ਵਿਚ ਆ ਚੁੱਕੀਆਂ ਕੁਰੀਤੀਆਂ ਨੂੰ ਦੂਰ ਕਰਨ ਦਾ ਯਤਨ ਕੀਤਾ ਉਥੇ ਉਨ੍ਹਾਂ ਨੇ ਆਪਣੇ ਅਨੁਯਾਈਆਂ ਨੂੰ ਇਹ ਆਦੇਸ਼ ਦਿੱਤੇ ਕਿ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿਚ ਨਹੀਂ ਭੇਜਣਾ, ਅੰਗਰੇਜ਼ੀ ਕਚਹਿਰੀਆਂ ਵਿਚ ਆਪਣੇ ਝਗੜੇ ਲੈ ਕੇ ਨਹੀਂ ਜਾਣਾ, ਵਿਦੇਸ਼ੀ ਕੱਪੜਾ ਨਹੀਂ ਪਹਿਨਣਾ ਅਤੇ ਅੰਗਰੇਜ਼ਾਂ ਦੀ ਨੌਕਰੀ ਨਹੀਂ ਕਰਨੀ। ਅਸਲ ਵਿਚ ਇਹ ਇਕ ਤਰ੍ਹਾਂ ਨਾਲ ਉਸ ਅਸਹਿਯੋਗ ਅੰਦੋਲਨ ਦਾ ਮੁੱਢ ਸੀ ਜਿਸ ਨੂੰ ਅੱਗੇ ਚਲ ਕੇ ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਵਿਰੁੱਧ ਇਕ ਸਫਲ ਹਥਿਆਰ ਵਜੋਂ ਵਰਤਿਆ। ਬਾਬਾ ਰਾਮ ਸਿੰਘ ਜੀ ਨੇ ਪੰਜਾਬ ਦੇ ਲੋਕਾਂ ਨੂੰ ਸੰਗਠਿਤ ਕਰਨ ਲਈ ਆਪਣੇ ਪ੍ਰਚਾਰ-ਖੇਤਰ ਨੂੰ 22 ਸੂਬਿਆਂ ਵਿਚ ਵੰਡਿਆ। ਪੰਜਾਬ ਤੋਂ ਬਾਹਰ ਗਵਾਲੀਅਰ, ਬਨਾਰਸ, ਕਾਬਲ, ਨਿਪਾਲ ਅਤੇ ਰੂਸ ਵਿਚ ਆਪਣੇ ਸੂਬੇ ਨੀਯਤ ਕੀਤੇ ਤੇ ਕੁਝ ਦੇਸੀ ਰਜਵਾੜਿਆਂ ਨਾਲ ਵੀ ਸੰਪਰਕ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਲੋੜ ਪੈਣ ’ਤੇ ਇਨ੍ਹਾਂ ਦੀ ਸਹਾਇਤਾ ਲਈ ਜਾ ਸਕੇ।

ਬਾਬਾ ਜੀ ਜਲਦੀ ਵਿਚ ਕੋਈ ਕਦਮ ਨਹੀਂ ਸਨ ਚੁੱਕਣਾ ਚਾਹੁੰਦੇ ਜਿਸ ਨਾਲ ਕਿ ਉਨ੍ਹਾਂ ਦੇ ਮਿਸ਼ਨ ਨੂੰ ਕੋਈ ਢਾਹ ਲੱਗੇ- ਪਰ ਸੰਨ 1871-72 ਵਿਚ ਕੁਝ ਨੌਜੁਆਨ ’ਤੇ ਉਤਸ਼ਾਹੀ ਨਾਮਧਾਰੀਆਂ ਨੇ ਪੰਜਾਬ ’ਚੋਂ ਗਊ-ਹੱਤਿਆ ਰੋਕਣ ਲਈ ਅੰਮ੍ਰਿਤਸਰ ਅਤੇ ਮਲੇਰਕੋਟਲੇ ਵਿਖੇ ਕੁਝ ਬੁੱਚੜਾਂ ਦਾ ਕਤਲ ਕਰ ਦਿੱਤਾ। ਅੰਗਰੇਜ਼ ਹਕੂਮਤ ਜੋ ਕਿ ਇਸ ਲਹਿਰ ਨੂੰ ਖਤਮ ਕਰਨ ਲਈ ਮੌਕਾ ਤਲਾਸ਼ ਕਰ ਰਹੀ ਸੀ ਉਨ੍ਹਾਂ ਨੇ ਥਾਂ-ਥਾਂ ’ਤੇ ਕੂਕਿਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਪਿੰਡ ਭੈਣੀ ਉੱਪਰ ਪੁਲਿਸ ਚੌਂਕੀ ਬਿਠਾ ਦਿੱਤੀ। 68 ਕੂਕਿਆਂ ਨੂੰ ਤੋਪਾਂ ਦੇ ਮੂੰਹ ਅੱਗੇ ਬੰਨ੍ਹ ਕੇ ਉਡਾ ਦਿੱਤਾ ਗਿਆ, ਅਨੇਕਾਂ ਨੂੰ ਫਾਂਸੀ ਦਿੱਤੀ ਗਈ ਤੇ ਬਾਬਾ ਰਾਮ ਸਿੰਘ ਜੀ ਨੂੰ ਨਜ਼ਰਬੰਦ ਕਰਕੇ ਰੰਗੂਨ ਭੇਜ ਦਿੱਤਾ ਗਿਆ। ਇਥੇ ਹੀ ਸੰਨ 1885 ਵਿਚ ਜਲਾਵਤਨੀ ਦੇ ਦੌਰਾਨ ਬਾਬਾ ਜੀ ਦਾ ਦੇਹਾਂਤ ਹੋ ਗਿਆ।

19ਵੀਂ ਸਦੀ ਦੇ ਦੂਜੇ ਅੱਧ ਵਿਚ ਦੇਸ਼ ਵਿਚ ਅਨੇਕਾਂ ਧਾਰਮਿਕ ਅਤੇ ਸਮਾਜਿਕ ਲਹਿਰਾਂ ਸ਼ੁਰੂ ਹੋਈਆਂ, ਜਿਨ੍ਹਾਂ ਵਿਚ ਬ੍ਰਹਮੋ ਸਮਾਜ, ਪ੍ਰਾਰਥਨਾ ਸਮਾਜ, ਰਾਮਾ-ਕ੍ਰਿਸ਼ਨਾ ਮਿਸ਼ਨ, ਥਿਊਸੋਫੀਕਲ ਸੁਸਾਇਟੀ, ਆਰੀਆ ਸਮਾਜ ਅਤੇ ਸਿੰਘ ਸਭਾ ਲਹਿਰ ਦੇ ਨਾਮ ਵਰਣਨਯੋਗ ਹਨ। ਇਨ੍ਹਾਂ ਲਹਿਰਾਂ ਨੇ ਜਿਥੇ ਦੇਸ਼ ਵਾਸੀਆਂ ਨੂੰ ਆਪਣੇ ਪੁਰਾਣੇ ਵਿਰਸੇ ਤੋਂ ਜਾਣੂ ਕਰਾਇਆ ਉਥੇ ਨਾਲ ਹੀ ਮੱਧ ਵਰਗ ਦੇ ਪੜ੍ਹੇ-ਲਿਖੇ ਲੋਕਾਂ ਵਿਚ ਰਾਸ਼ਟਰੀ ਭਾਵਨਾ ਨੂੰ ਵੀ ਮਜ਼ਬੂਤ ਕੀਤਾ। ਪੰਜਾਬ ਵਿਚ ਇਸ ਦਾ ਸਿਹਰਾ ਗਿਆਨੀ ਦਿੱਤ ਸਿੰਘ, ਪ੍ਰੋ. ਗੁਰਮੁਖ ਸਿੰਘ ਅਤੇ ਹੋਰ ਅਨੇਕ ਸਿੰਘ ਸਭਾਈਆਂ ਦੇ ਸਿਰ ’ਤੇ ਹੈ। ਇਨ੍ਹਾਂ ਲਹਿਰਾਂ ਦੇ ਫਲਸਰੂਪ ਭਾਰਤੀ ਭਾਸ਼ਾਵਾਂ ਵਿਚ ਛਪਣ ਵਾਲੇ ਅਨੇਕ ਪਰਚਿਆਂ ਤੇ ਰਸਾਲਿਆਂ ਦਾ ਜਨਮ ਹੋਇਆ ਜਿਨ੍ਹਾਂ ਨੇ ਅੱਗੇ ਚਲ ਕੇ ਦੇਸ਼ ਦੀ ਅਜ਼ਾਦੀ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ।

ਸੰਨ 1907 ਵਿਚ ਪੰਜਾਬ ਵਿਚ ਇਕ ਜਬਰਦਸਤ ਅੰਦੋਲਨ ਨੇ ਜਨਮ ਲਿਆ ਜਿਸ ਨੂੰ ਕਿਸਾਨ ਅੰਦੋਲਨ ਦਾ ਨਾਮ ਦਿੱਤਾ ਗਿਆ ਹੈ। ਇਸ ਦੇ ਸੰਚਾਲਕ ਦੇਸ਼ ਭਗਤ ਸ. ਅਜੀਤ ਸਿੰਘ ਅਤੇ ਲਾਲਾ ਲਾਜਪਤ ਰਾਏ ਸਨ। ਇਹ ਅੰਦੋਲਨ ਅੰਗਰੇਜ਼ ਸਰਕਾਰ ਵੱਲੋਂ ਪਾਸ ਕੀਤੇ ਗਏ ਨਹਿਰੀ ਆਬਾਦੀ ਬਾਰੇ ਇਕ ਕਾਨੂੰਨ ਅਤੇ ਜ਼ਮੀਨਾਂ ਉੱਪਰ ਵਧਾਏ ਗਏ ਮਾਲੀਏ ਦੇ ਵਿਰੋਧ ਵਿਚ ਸੀ। ਇਨ੍ਹਾਂ ਦੋਹਾਂ ਨੇਤਾਵਾਂ ਨੇ ਥਾਂ-ਥਾਂ ’ਤੇ ਜਲਸੇ ਕਰਕੇ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਲੜਨ ਤੇ ਕੁਰਬਾਨੀਆਂ ਕਰਨ ਲਈ ਤਿਆਰ ਕੀਤਾ। ਸ. ਅਜੀਤ ਸਿੰਘ, ਸੂਫੀ ਅੰਬਾ ਪ੍ਰਸ਼ਾਦਿ ਅਤੇ ਆਗਾ ਹੈਦਰ ਨੇ ਅੰਜੁਮਨੇ ਮੁਹਿਬਾਨ-ਏ-ਵਤਨ ਨਾਂ ਦੀ ਇਕ ਸਭਾ ਬਣਾ ਕੇ ਇਨ੍ਹਾਂ ਕਾਨੂੰਨਾਂ ਵਿਰੁੱਧ ਐਜੀਟੇਸ਼ਨ ਸ਼ੁਰੂ ਕਰ ਦਿੱਤੀ। ਇਨ੍ਹਾਂ ਦਿਨਾਂ ਵਿਚ ਹੀ ਲਾਇਲਪੁਰ ਦੇ ਇਕ ਜਲਸੇ ਵਿਚ ਲਾਲਾ ਬਾਂਕੇ ਦਿਆਲ, ਐਡੀਟਰ ‘ਝੰਗ ਸਿਆਲ’ ਨੇ ਆਪਣੀ ਉਹ ਪ੍ਰਸਿੱਧ ਕਵਿਤਾ ਪੜ੍ਹੀ ਜਿਸ ਦੀ ਗੂੰਜ ਪੰਜਾਬ ਦੇ ਪਿੰਡ-ਪਿੰਡ ਤੇ ਘਰ-ਘਰ ਵਿਚ ਸੁਣਾਈ ਦੇਣ ਲੱਗ ਪਈ:

ਪਗੜੀ ਸੰਭਾਲ ਓ ਜੱਟਾ, ਪਗੜੀ ਸੰਭਾਲ ਓਏ!
ਫਰੰਗੀ ਨੇ ਲੁੱਟ ਖੜਿਆ ਤੇਰਾ ਧਨ ਮਾਲ ਉਏ!
ਫਸਲਾਂ ਨੂੰ ਖਾ ਗਏ ਕੀੜੇ, ਤਨ ਤੇ ਨਹੀਂ ਤੇਰੇ ਲੀੜੇ,
ਭੁੱਖਾਂ ਨੇ ਖ਼ੂਬ ਨਚੋੜੇ, ਰੋਂਦੇ ਨੇ ਬਾਲ ਓਏ! ਪਗੜੀ ਸੰਭਾਲ…
ਹਿੰਦ ਹੈ ਤੇਰਾ ਮੰਦਰ, ਇਸ ਦਾ ਪੁਜਾਰੀ ਤੂੰ, ਝੱਲੇਂਗਾ ਕਦੋਂ ਤਕ,
ਆਪਣੀ ਖੁਆਰੀ ਤੂੰ ਲੜਨੇ ਤੇ ਮਰਨੇ ਦੀ ਹੁਣ ਕਰ ਲੈ ਤਿਆਰੀ ਤੂੰ,
ਹੋ ਕੇ ਇਕੱਠੇ ਵੀਰੋ, ਮਾਰੋ ਲਲਕਾਰ ਓਏ! ਪਗੜੀ ਸੰਭਾਲ…

ਸਰਕਾਰ ਨੇ ਇਸ ਲਹਿਰ ਦੇ ਵਧ ਰਹੇ ਵੇਗ ਤੇ ਉਸ ਤੋਂ ਪੈਦਾ ਹੋਣ ਵਾਲੇ ਖਤਰਿਆਂ ਨੂੰ ਮੁੱਖ ਰੱਖ ਕੇ ਸ. ਅਜੀਤ ਸਿੰਘ ਤੇ ਲਾਲਾ ਲਾਜਪਤ ਰਾਏ ਨੂੰ ਗ੍ਰਿਫਤਾਰ ਕਰਕੇ ਮਾਂਡਲੇ ਜੇਲ੍ਹ ਵਿਚ ਭੇਜ ਦਿੱਤਾ। ਕਿਸਾਨਾਂ ਨੂੰ ਖੁਸ਼ ਕਰਨ ਲਈ ਪਾਸ ਕੀਤਾ ਗਿਆ, ਨਹਿਰੀ ਆਬਾਦੀ ਕਾਨੂੰਨ ਵਾਪਸ ਲੈ ਲਿਆ ਗਿਆ ਤੇ ਜ਼ਮੀਨ ਉੱਪਰ ਵਧਾਏ ਗਏ ਮਾਲੀਏ ਦੀ ਦਰ ਘਟਾ ਦਿੱਤੀ ਗਈ।

ਜਿਨ੍ਹਾਂ ਦਿਨਾਂ ਵਿਚ ਪੰਜਾਬ ਵਿਚ ਕਿਸਾਨ ਅੰਦੋਲਨ ਚਲ ਰਿਹਾ ਸੀ, ਉਨ੍ਹਾਂ ਦਿਨਾਂ ਵਿਚ ਹੀ ਅੰਮ੍ਰਿਤਸਰ ਦੇ ਇਕ ਨੌਜੁਆਨ ਵਿਦਿਆਰਥੀ ਮਦਨ ਲਾਲ ਢੀਂਗਰਾ ਨੇ ਜਿਹੜਾ ਕਿ ਲੰਡਨ ਵਿਚ ਵਿੱਦਿਆ-ਪ੍ਰਾਪਤੀ ਲਈ ਗਿਆ ਹੋਇਆ ਸੀ-ਸਰ ਵਿਲੀਅਮ ਕਰਜ਼ਨ ਵਿਲੀ ਨੂੰ ਗੋਲੀ ਮਾਰ ਕੇ ਪਾਰ ਬੁਲਾ ਦਿੱਤਾ। ਇਹ ਅਫਸਰ ਭਾਰਤੀ ਨੌਜੁਆਨਾਂ ਵਿਚ ਫੁੱਟ ਪਾਉਣ ਤੇ ਹਿੰਦੁਸਤਾਨ ਵਿਰੁੱਧ ਘਟੀਆ ਪ੍ਰਚਾਰ ਕਰਕੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਕਰਦਾ ਸੀ। ਵਿਲੀ ਦੇ ਕਤਲ ਦੇ ਦੋਸ਼ ਵਿਚ ਮਦਨ ਲਾਲ ਨੂੰ 16 ਅਗਸਤ 1909 ਨੂੰ ਫਾਂਸੀ ’ਤੇ ਲਟਕਾ ਦਿੱਤਾ ਗਿਆ। ਉਸ ਨੇ ਆਪਣੇ ਇਕ ਬਿਆਨ ਵਿਚ ਕਿਹਾ ਸੀ, ‘ਮੇਰਾ ਨਿਸ਼ਚਾ ਹੈ ਕਿ ਜਿਸ ਕੌਮ ਨੂੰ ਬਿਦੇਸ਼ੀ ਸੰਗੀਨਾਂ ਨਾਲ ਦਬਾ ਕੇ ਰੱਖਿਆ ਜਾਏ, ਉਹ ਸਦੀਵੀ ਜੰਗ ਦੀ ਅਵਸਥਾ ਵਿਚ ਹੁੰਦੀ ਹੈ- ਤੇ ਸਾਡੀ ਜੰਗ ਉਦੋਂ ਤਕ ਜਾਰੀ ਰਹੇਗੀ ਜਦੋਂ ਤਕ ਸਾਡਾ ਦੇਸ਼ ਅਜ਼ਾਦ ਨਹੀਂ ਹੋ ਜਾਂਦਾ।’ ਵੀਹਵੀਂ ਸਦੀ ਦੇ ਸ਼ੁਰੂ ਵਿਚ ਹੀ ਕੇਂਦਰੀ ਪੰਜਾਬ ਦੇ ਹਜ਼ਾਰਾਂ ਨੌਜੁਆਨ ਰੋਜ਼ੀ ਕਮਾਉਣ ਦੀ ਖ਼ਾਤਰ ਅਮਰੀਕਾ ਤੇ ਕੈਨੇਡਾ ਆਦਿ ਦੇਸ਼ਾਂ ਵਿਚ ਜਾ ਕੇ ਵੱਸ ਗਏ ਸਨ। ਸੰਨ 1912 ਤਕ ਇਨ੍ਹਾਂ ਦੀ ਸੰਖਿਆ 20,000 ਤਕ ਪਹੁੰਚ ਗਈ ਸੀ। ਬਾਹਰਲੇ ਦੇਸ਼ਾਂ ਵਿਚ ਭਾਰਤੀਆਂ ਨਾਲ ਹੁੰਦੇ ਮਾੜੇ ਸਲੂਕ ਅਤੇ ਅਜ਼ਾਦ ਕੌਮਾਂ ਦੀ ਖੁਸ਼ਹਾਲੀ ਵੇਖ ਕੇ ਇਨ੍ਹਾਂ ਦੇ ਮਨ ਵਿਚ ਆਪਣੇ ਦੇਸ਼ ਨੂੰ ਅਜ਼ਾਦ ਕਰਾਉਣ ਦੀ ਇੱਛਾ ਨੇ 1913 ਈ. ਵਿਚ ਇਕ ਸ਼ਕਤੀਸ਼ਾਲੀ ਲਹਿਰ ਨੂੰ ਜਨਮ ਦਿੱਤਾ, ਜਿਸ ਨੂੰ ਅਸੀਂ ‘ਗ਼ਦਰ ਲਹਿਰ’ ਦੇ ਨਾਮ ਨਾਲ ਯਾਦ ਕਰਦੇ ਹਾਂ। ਇਸ ਦੇ ਪਹਿਲੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਅਤੇ ਸਕੱਤਰ ਲਾਲਾ ਹਰਦਿਆਲ ਸਨ। ਇਨ੍ਹਾਂ ਨੇ ‘ਗ਼ਦਰ’ ਨਾਂ ਦਾ ਇਕ ਹਫਤਾਵਾਰੀ ਪਰਚਾ ਵੀ ਕੱਢਣਾ ਸ਼ੁਰੂ ਕੀਤਾ ਜਿਹੜਾ ਪੰਜਾਬੀ ਤੋਂ ਛੁਟ ਉਰਦੂ ਅਤੇ ਗੁਜਰਾਤੀ ਵਿਚ ਵੀ ਛਪਿਆ ਕਰਦਾ ਸੀ। ‘ਗ਼ਦਰ’ ਦੇ ਪੰਜਾਬੀ ਐਡੀਸ਼ਨ ਦਾ ਸੰਪਾਦਕ ਸ. ਕਰਤਾਰ ਸਿੰਘ ਸਰਾਭਾ ਸੀ। ਇਸ ਪਰਚੇ ਵਿਚ ਅਕਸਰ ਬੜੀਆਂ ਜੋਸ਼ੀਲੀਆਂ ਤੇ ਅੰਗਰੇਜ਼ੀ ਸਾਮਰਾਜ ਵਿਰੋਧੀ ਕਵਿਤਾਵਾਂ ਛਪਿਆ ਕਰਦੀਆਂ ਸਨ। ‘ਗ਼ਦਰ ਲਹਿਰ’ ਦਾ ਆਸ਼ਾ ਹਿੰਦੁਸਤਾਨ ਵਿਚ ਹਥਿਆਰਬੰਦ ਕ੍ਰਾਂਤੀ ਲਿਆ ਕੇ ਅੰਗਰੇਜ਼ਾਂ ਨੂੰ ਦੇਸ਼ ’ਚੋਂ ਬਾਹਰ ਕੱਢਣਾ ਸੀ। ‘ਗ਼ਦਰ’ ਪਰਚੇ ਵਿਚ ਛਪਣ ਵਾਲੀਆਂ ਕਵਿਤਾਵਾਂ ਦੀਆਂ ਕੁਝ ਪੰਕਤੀਆਂ ਹਨ:

ਸ਼ੇਰਾਂ ਵਾਲਾ ਰੂਪ ਧਾਰ, ਗੱਜੀਏ ਮੈਦਾਨ ਵਿਚ,
ਕੱਢੀਏ ਬੁਖਾਰ ਮਾਰ, ਬਾਂਦਰਾਂ ਦੀ ਧਾੜ ਨੂੰ।
ਢੂੰਡਿਆਂ ਨਾ ਲੱਭੂ ਕਿਤੇ, ਗੋਰਿਆਂ ਦਾ ਖੁਰਾ-ਖੋਜ,
ਕੱਢਾਂਗੇ ਮਿਆਨ ਵਿੱਚੋਂ, ਜਦੋਂ ਤਲਵਾਰ ਨੂੰ।

ਕੁਰਬਾਨੀ ਤੇ ਸ਼ਹੀਦੀ ਦੀ ਪ੍ਰੇਰਨਾ ਦੇਣ ਲਈ ‘ਗ਼ਦਰ’ ਅਖ਼ਬਾਰ ਵਿਚ ਆਮ ਤੌਰ ’ਤੇ ਇਹ ਇਸ਼ਤਿਹਾਰ ਛਪਿਆ ਕਰਦਾ ਸੀ, “ਲੋੜ ਹੈ, ਲੋੜ ਹੈ” ਹਿੰਦੁਸਤਾਨ ਵਿਚ ਗ਼ਦਰ ਮਚਾਉਣ ਲਈ ਜੁਸ਼ੀਲੇ ਤੇ ਸੂਰਬੀਰ ਜਵਾਨਾਂ ਦੀ-

ਤਨਖਾਹ – ਮੌਤ
ਇਨਾਮ – ਸ਼ਹੀਦੀ
ਪੈਨਸ਼ਨ – ਅਜ਼ਾਦੀ
ਮੈਦਾਨੇ-ਜੰਗ – ਹਿੰਦੁਸਤਾਨ

‘ਗ਼ਦਰ’ ਲਹਿਰ’ ਦੇ ਅਸਰ ਥੱਲੇ ਬਹੁਤ ਸਾਰੇ ਪੰਜਾਬੀ ਜਿਨ੍ਹਾਂ ਵਿਚ ਵਧੇਰੇ ਸਿੱਖ ਨੌਜੁਆਨ ਸਨ, ਭਾਰਤ ਪਰਤਣੇ ਸ਼ੁਰੂ ਹੋ ਗਏ। ਸਭ ਤੋਂ ਵੱਧ ਗ਼ਦਰੀ (ਜੁਆਨ) ਤੋਸਾ ਮਾਰੂ ਜਹਾਜ਼ ਰਾਹੀਂ 29 ਅਕਤੂਬਰ 1914 ਈ. ਨੂੰ ਭਾਰਤ ਪਹੁੰਚੇ ਸਨ। ਇਨ੍ਹਾਂ ਨੇ ਬੰਗਾਲ ਦੇ ਕ੍ਰਾਂਤੀਕਾਰੀ ਰਾਸ ਬਿਹਾਰੀ ਬੋਸ ਨਾਲ ਸਲਾਹ ਕਰਕੇ 21 ਫਰਵਰੀ ਸੰਨ 1915 ਈ. ਨੂੰ ਦੇਸ਼ ਵਿਚ ਗ਼ਦਰ ਮਚਾਉਣ ਦਾ ਫੈਸਲਾ ਕਰ ਲਿਆ। ਅੰਮ੍ਰਿਤਸਰ ਤੇ ਲਾਹੌਰ ਵਿਚ ਬੰਬ ਬਣਾਉਣ ਦੀਆਂ ਫੈਕਟਰੀਆਂ ਕਾਇਮ ਕਰ ਲਈਆਂ। ਭਾਰਤੀ ਫੌਜ ਵਿਚ ਆਪਣੇ ਬੰਦੇ ਭਰਤੀ ਕਰਾ ਕੇ ਫੌਜੀਆਂ ਨੂੰ ਅੰਗਰੇਜ਼ਾਂ ਵਿਰੁੱਧ ਗ਼ਦਰ ਮਚਾਉਣ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਜਿਵੇਂ ਕਿ ਅਕਸਰ ਹੋਇਆ ਕਰਦਾ ਹੈ ਗ਼ਦਾਰ ਲੋਕ ਜਿੱਤੀਆਂ ਹੋਈਆਂ ਬਾਜ਼ੀਆਂ ਵੀ ਹਰਾ ਦਿੰਦੇ ਹਨ। ਇਸ ਲਹਿਰ ਨਾਲ ਵੀ ਕੁਝ ਇਸੇ ਤਰ੍ਹਾਂ ਦਾ ਦੁਖਾਂਤ ਵਾਪਰਿਆ। ਇਨ੍ਹਾਂ ਦੇ ਆਪਣੇ ਹੀ ਇਕ ਮੈਂਬਰ ਨੇ ਸਾਰੇ ਪ੍ਰੋਗਰਾਮ ਦੀ ਸੂਚਨਾ ਅੰਗਰੇਜ਼ ਹਕੂਮਤ ਨੂੰ ਦੇ ਦਿੱਤੀ। ਇਸ ਤੋਂ ਪਹਿਲਾਂ ਕਿ ਗ਼ਦਰ ਲਹਿਰ ਆਪਣੇ ਮੰਤਵ ਵਿਚ ਸਫ਼ਲ ਹੋ ਸਕਦੀ, ਗ਼ਦਰੀ ਨੌਜੁਆਨਾਂ ਦੀ ਫੜੋ-ਫੜੀ ਸ਼ੁਰੂ ਹੋ ਗਈ ਤੇ ਬਹੁਤਿਆਂ ਨੂੰ ਝੂਠੇ ਮੁਕਾਬਲੇ ਵਿਚ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। 47 ਤੋਂ ਵੱਧ ਗ਼ਦਰੀਆਂ ਨੂੰ ਫਾਂਸੀ ’ਤੇ ਲਟਕਾ ਦਿੱਤਾ ਗਿਆ ਜਿਨ੍ਹਾਂ ਵਿਚ ਨੌਜੁਆਨ ਕਰਤਾਰ ਸਿੰਘ ਸਰਾਭਾ ਵੀ ਸੀ।306 ਨੂੰ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ। 77 ਤੋਂ ਵੱਧ ਗ਼ਦਰੀਆਂ ’ਤੇ ਜ਼ੁਰਮਾਨੇ ਕਰਕੇ ਉਨ੍ਹਾਂ ਦੀ ਜ਼ਮੀਨ-ਜਾਇਦਾਦ ਜ਼ਬਤ ਕਰ ਲਈ ਗਈ। 400 ਇਨਕਲਾਬੀਆਂ ਨੂੰ ਵੱਖੋ-ਵੱਖਰੀ ਮਿਆਦ ਦੀਆਂ ਸਜ਼ਾਵਾਂ ਦੇ ਕੇ ਜੇਲ੍ਹਾਂ ਵਿਚ ਭੇਜ ਦਿੱਤਾ ਗਿਆ ਤੇ 2500 ਤੋਂ ਵੱਧ ਗ਼ਦਰੀ ਪਿੰਡਾਂ ਵਿਚ ਹੀ ਨਜ਼ਰਬੰਦ ਕਰ ਦਿੱਤੇ ਗਏ।

ਕਾਮਾਗਾਟਾਮਾਰੂ ਜਹਾਜ਼ ਦਾ ਦੁਖਾਂਤ ਵੀ ਇਸੇ ਲਹਿਰ ਦਾ ਇਕ ਹਿੱਸਾ ਹੀ ਸੀ। ਬੇਸ਼ੱਕ ਇਹ ਅੰਦੋਲਨ ਤਤਕਾਲ ਸਫਲ ਨਾ ਹੋ ਸਕਿਆ ਪਰ ਇਸ ਨੇ ਮਗਰੋਂ ਚੱਲਣ ਵਾਲੀਆਂ ਸਾਰੀਆਂ ਲਹਿਰਾਂ ’ਤੇ ਬੜਾ ਡੂੰਘਾ ਅਸਰ ਪਾਇਆ।

ਸੰਨ 1919 ਈ. ਵਿਚ ਜਲ੍ਹਿਆਂ ਵਾਲੇ ਬਾਗ ਦੀ ਘਟਨਾ ਨੇ ਸਾਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ। ਰੋਲਟ ਐਕਟ ਤੇ ਮਾਰਸ਼ਲ ਲਾਅ ਵਰਗੀਆਂ ਸਖ਼ਤੀਆਂ ਨੇ ਦੇਸ਼ ਵਾਸੀਆਂ ਦੇ ਮਨ ’ਚ ਅੰਗਰੇਜ਼ੀ ਹਕੂਮਤ ਪ੍ਰਤੀ ਸਖ਼ਤ ਰੁਖ਼ ਅਪਣਾਉਣ ਲਈ ਮਜਬੂਰ ਕਰ ਦਿੱਤਾ।

ਸੰਨ 1920-21 ਵਿਚ ਪੰਜਾਬ ਵਿਚ ਗੁਰਦੁਆਰਾ ਸੁਧਾਰ ਲਹਿਰ ਦਾ ਅਰੰਭ ਹੋਇਆ। ਬੇਸ਼ੱਕ ਇਸ ਲਹਿਰ ਦਾ ਮੁੱਖ ਮੰਤਵ ਗੁਰਦੁਆਰਿਆਂ ਨੂੰ ਦੁਰਾਚਾਰੀ ਮਹੰਤਾਂ ਤੇ ਅੰਗਰੇਜ਼ੀ ਏਜੰਟਾਂ ਦੀ ਲੁੱਟ-ਖਸੁੱਟ ਤੋਂ ਮੁਕਤ ਕਰਾ ਕੇ ਇਨ੍ਹਾਂ ਦਾ ਪ੍ਰਬੰਧ ਪੰਥ ਦੀ ਨੁਮਾਇੰਦਾ ਜਮਾਤ ਨੂੰ ਸੌਂਪਣਾ ਸੀ- ਪਰ ਅਜੋਕੀ ਖੋਜ ਤੇ ਉਸ ਸਮੇਂ ਦੇ (ਲਿਖੇ) ਪ੍ਰਾਪਤ ਦਸਤਾਵੇਜ਼ ਇਹ ਜ਼ਾਹਰ ਕਰਦੇ ਹਨ ਕਿ ਅੰਦੋਲਨ ਦਾ ਅਸਲ ਨਿਸ਼ਾਨਾ ਦੇਸ਼ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਅਜ਼ਾਦ ਕਰਵਾਉਣਾ ਵੀ ਸੀ। ਇਹ ਲਹਿਰ ਪੂਰੇ ਤੌਰ ’ਤੇ ਸ਼ਾਂਤਮਈ ਤੇ ਅਹਿੰਸਕ ਸੀ। ਇਸੇ ਕਰਕੇ ਗੁਰੂ ਕੇ ਬਾਗ ਦੇ ਮੋਰਚੇ ਵੇਲੇ ਸਤਿਆਗ੍ਰਹੀਆਂ ਉੱਪਰ ਵਰ੍ਹਦੀਆਂ ਲਾਠੀਆਂ ਤੇ ਉਨ੍ਹਾਂ ਦੀ ਸ਼ਹੀਦੀ ਨੂੰ ਵੇਖ ਕੇ ਅੰਗਰੇਜ਼ ਪਾਦਰੀ ਸੀ.ਐਫ.ਐਂਡਰੀਊਜ਼ ਨੇ ਲਿਖਿਆ ਸੀ, ‘ਮੈਂ ਅੱਜ ਇਥੇ ਇਕ ਨਹੀਂ, ਅਨੇਕਾਂ ਈਸਾ ਮਸੀਹ ਸੂਲੀ ’ਤੇ ਚੜ੍ਹਦੇ ਵੇਖੇ ਹਨ।’ ਚਾਬੀਆਂ ਦੇ ਮੋਰਚੇ ਦੀ ਸਫ਼ਲਤਾ ਤੋਂ ਬਾਅਦ ਮਹਾਤਮਾ ਗਾਂਧੀ ਨੇ ਬਾਬਾ ਖੜਕ ਸਿੰਘ ਨੂੰ ਇਕ ਤਾਰ ਰਾਹੀਂ ਵਧਾਈ ਦਿੱਤੀ ਸੀ ਜਿਸ ਵਿਚ ਉਨ੍ਹਾਂ ਲਿਖਿਆ ਸੀ, “ਹਿੰਦੁਸਤਾਨ ਦੀ ਅਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਗਈ ਹੈ। ਵਧਾਈ।” ਕੁਝ ਨੌਜੁਆਨ ਜਿਨ੍ਹਾਂ ਨੂੰ ਇਹ ਸ਼ਾਂਤਮਈ ਢੰਗ ਪਸੰਦ ਨਹੀਂ ਸੀ, ਉਨ੍ਹਾਂ ਇਕ ਨਵੀਂ ਜਥੇਬੰਦੀ ਨੂੰ ਜਨਮ ਦਿੱਤਾ ਜਿਸ ਦਾ ਨਾਮ ਬੱਬਰ ਅਕਾਲੀ ਲਹਿਰ ਰੱਖਿਆ ਗਿਆ। ਇਸ ਲਹਿਰ ਦੇ ਪ੍ਰਮੁੱਖ ਨੇਤਾ ਮਾਸਟਰ ਮੋਤਾ ਸਿੰਘ ਤੇ ਸ. ਕ੍ਰਿਸ਼ਨ ਸਿੰਘ ਗੜਗੱਜ ਸਨ। ਇਨ੍ਹਾਂ ਦਾ ਨਿਸ਼ਾਨਾ ਸਰਕਾਰੀ ਏਜੰਟਾਂ ਤੇ ਮੁਖਬਰਾਂ ਨੂੰ ਸੋਧਣਾ ਤੇ ਦੇਸ਼ ਵਿਚ ਅੰਗਰੇਜ਼ੀ ਰਾਜ ਵਿਰੁੱਧ ਚੇਤਨਤਾ ਪੈਦਾ ਕਰਨਾ ਸੀ। ਇਨ੍ਹਾਂ ਨੇ ‘ਬੱਬਰ ਅਕਾਲੀ ਦੁਆਬਾ’ ਨਾਮ ਦਾ ਇਕ ਪਰਚਾ ਵੀ ਜਾਰੀ ਕੀਤਾ। ਪਰ ਇਨ੍ਹਾਂ ਦੀਆਂ ਹਿੰਸਕ ਕਾਰਵਾਈਆਂ ਤੋਂ ਘਬਰਾ ਕੇ ਅੰਗਰੇਜ਼ ਹਕੂਮਤ ਨੇ ਬੱਬਰਾਂ ਦੀ ਫੜੋ-ਫੜੀ ਸ਼ੁਰੂ ਕਰ ਦਿੱਤੀ। ਗ੍ਰਿਫਤਾਰ ਕੀਤੇ 186 ਬੱਬਰਾਂ ਵਿੱਚੋਂ 5 ਨੂੰ ਮੌਤ ਦੀ ਸਜ਼ਾ, 11 ਨੂੰ ਉਮਰ ਕੈਦ ਤੇ 38 ਨੂੰ ਵੱਖੋ-ਵੱਖਰੀਆਂ ਸਜ਼ਾਵਾਂ ਸੁਣਾ ਕੇ ਜੇਲ੍ਹਾਂ ਵਿਚ ਭੇਜ ਦਿੱਤਾ ਗਿਆ। ਸੰਨ 1920 ਈ. ਦੇ ਦਹਾਕੇ ਵਿਚ ਦੇਸ਼ ਵਿਚ ਸਮਾਜਵਾਦੀ ਵਿਚਾਰਧਾਰਾ ਨੇ ਜ਼ੋਰ ਪਕੜਨਾ ਸ਼ੁਰੂ ਕੀਤਾ। ਇਸ ਦਾ ਅਸਰ ਪੰਜਾਬ ’ਤੇ ਵੀ ਹੋਇਆ। ਸੰਨ 1927 ਈ. ਵਿਚ ਸ. ਸੰਤੋਖ ਸਿੰਘ ਤੇ ਅਬਦੁਲ ਮਜੀਦ ਨੇ ਕਿਰਤੀ ਕਿਸਾਨ ਪਾਰਟੀ ਦੀ ਸਥਾਪਨਾ ਕੀਤੀ। ਇਸ ਜਥੇਬੰਦੀ ਦੇ ਆਦਰਸ਼ਾਂ ਨੂੰ ਪ੍ਰਚਾਰਨ ਲਈ ‘ਕਿਰਤੀ’ ਨਾਮ ਦਾ ਪਰਚਾ ਕੱਢਿਆ ਗਿਆ।

ਸੰਨ 1926 ਈ. ਵਿਚ ਸ. ਭਗਤ ਸਿੰਘ ਨੇ ਨੌਜੁਆਨ ਭਾਰਤ ਸਭਾ ਦੀ ਨੀਂਹ ਰੱਖੀ। ਸੰਨ 1928 ਈ. ਵਿਚ ਸਾਈਮਨ ਕਮਿਸ਼ਨ ਦੇ ਵਿਰੋਧ ਵਿਚ ਜੋ ਜਲੂਸ ਕੱਢਿਆ ਗਿਆ, ਜਿਸ ਵਿਚ ਲਾਠੀਆਂ ਦੀ ਮਾਰ ਕਾਰਨ ਅਨੇਕਾਂ ਅੰਦੋਲਨਕਾਰੀ ਗੰਭੀਰ ਜ਼ਖ਼ਮੀ ਹੋ ਗਏ। ਸ. ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਰਾਜਗੁਰੂ, ਯਸ਼ਪਾਲ ਤੇ ਚੰਦਰ ਸ਼ੇਖਰ ਅਜ਼ਾਦ ਨੇ ਪੰਜਾਬ ਪੁਲਿਸ ਦੇ ਇਕ ਵੱਡੇ ਅਫ਼ਸਰ ਸਾਂਡਰਸ ਦਾ ਖੂਨ ਕਰਕੇ ਇਸ ਜ਼ੁਲਮ ਦਾ ਬਦਲਾ ਲਿਆ। ਸੰਨ 1929 ਈ. ਵਿਚ ਸ. ਭਗਤ ਸਿੰਘ ਤੇ ਬੁਟਕੇਸ਼ਵਰ ਦੱਤ ਨੇ ਅਸੈਂਬਲੀ ਵਿਚ ਬੰਬ ਸੁੱਟਿਆ ਤੇ ਗ੍ਰਿਫਤਾਰ ਹੋ ਕੇ ਮੁਕੱਦਮੇ ਦੇ ਦੌਰਾਨ ਬੋਲਦਿਆਂ ਦੇਸ਼ ਦੀ ਅਜ਼ਾਦੀ ਦੇ ਪੱਖ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ। 23 ਮਾਰਚ, ਸੰਨ 1931 ਨੂੰ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸਾਂਡਰਸ ਦੇ ਕਤਲ ਦੇ ਦੋਸ਼ ਵਿਚ ਫਾਂਸੀ ਦੇ ਦਿੱਤੀ ਗਈ। ਸੰਨ 1928 ਈ. ਵਿਚ ਦੇਸੀ ਰਾਜਿਆਂ ਦੇ ਜ਼ੁਲਮ ਤੇ ਉਨ੍ਹਾਂ ਦੀਆਂ ਵਧੀਕੀਆਂ ਵਿਰੁੱਧ ਪੰਜਾਬ ਪਰਜਾ ਮੰਡਲ ਦਾ ਗਠਨ ਕੀਤਾ ਗਿਆ। ਇਸ ਦੇ ਪ੍ਰਮੁੱਖ ਨੇਤਾ ਸ. ਸੇਵਾ ਸਿੰਘ ਠੀਕਰੀਵਾਲਾ ਸਨ, ਜਿਹੜੇ ਪਟਿਆਲਾ ਰਾਜ ਪੁਲਿਸ ਦੀਆਂ ਸਖ਼ਤੀਆਂ ਦਾ ਸ਼ਿਕਾਰ ਹੋ ਕੇ ਸੰਨ 1935 ਈ. ਵਿਚ ਅਕਾਲ ਚਲਾਣਾ ਕਰ ਗਏ। ਸੰਨ 1941-42 ਵਿਚ ਜਨਰਲ ਮੋਹਨ ਸਿੰਘ ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਦੇਸ਼ ਤੋਂ ਬਾਹਰ ਜਾ ਕੇ ਆਈ.ਐਨ.ਏ. (ਇੰਡੀਅਨ ਨੈਸ਼ਨਲ ਆਰਮੀ) ਦਾ ਗਠਨ ਕੀਤਾ। ਇਨ੍ਹਾਂ ਦਾ ਆਸ਼ਾ ਬਰਮਾ ਵਾਲੇ ਪਾਸੇ ਤੋਂ ਹਮਲਾ ਕਰਕੇ ਅੰਗਰੇਜ਼ਾਂ ਨੂੰ ਬਾਹਰ ਕੱਢਣਾ ਸੀ। ਬੇਸ਼ੱਕ ਇਹ ਕੋਸ਼ਿਸ਼ ਤਾਂ ਸਫਲ ਨਾ ਹੋ ਸਕੀ ਪਰ ਕੇਵਲ ਪੰਜ ਹੀ ਵਰ੍ਹਿਆਂ ਬਾਅਦ ਦੇਸ਼ ਇਕ ਲੰਬੀ ਲੜਾਈ ਮਗਰੋਂ 15 ਅਗਸਤ 1947 ਨੂੰ ਅਜ਼ਾਦ ਹੋ ਗਿਆ। ਇਸ ਅਜ਼ਾਦੀ ਦੀ ਸਭ ਤੋਂ ਵੱਡੀ ਕੀਮਤ ਵੀ ਪੰਜਾਬ ਨੂੰ ਹੀ ਚੁਕਾਉਣੀ ਪਈ, ਜਦੋਂ ਉਨ੍ਹਾਂ ਨੂੰ ਆਪਣੇ ਘਰ-ਘਾਟ ਤੇ ਪਵਿੱਤਰ ਧਰਮ-ਅਸਥਾਨ ਮੰਦਰ ਤੇ ਗੁਰਦੁਆਰੇ ਛੱਡ ਕੇ ਸ਼ਰਨਾਰਥੀ ਬਣ ਕੇ ਅਜ਼ਾਦ ਭਾਰਤ ਵਿਚ ਆਉਣਾ ਪਿਆ। ਇਹ ਅਜ਼ਾਦੀ ਅਸੀਂ ਬੜਾ ਮੁੱਲ ਦੇ ਕੇ ਲਈ ਹੈ। ਇਸ ਅਜ਼ਾਦੀ ਲਈ ਪੰਜਾਬ ਵੱਲੋਂ ਪਾਏ ਗਏ ਯੋਗਦਾਨ ਨੂੰ ਕਿਸੇ ਤਰ੍ਹਾਂ ਵੀ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਹਰਬੰਸ ਸਿੰਘ (6 ਮਾਰਚ 1921 30 ਮਈ 1998) ਇੱਕ ਸਿੱਖਿਆ ਸ਼ਾਸਤਰੀ, ਪ੍ਰਸ਼ਾਸਕ, ਵਿਦਵਾਨ ਅਤੇ ਸਿੱਖ ਧਰਮ ਦੇ ਵਿਸ਼ਵਕੋਸ਼ ਦੇ ਮੁੱਖ ਸੰਪਾਦਕ ਸਨ। ਸਿੱਖ ਵਿਦਵਤਾ ਅਤੇ ਪੰਜਾਬੀ ਸਾਹਿਤਕ ਅਧਿਐਨਾਂ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਦਾ ਸਤਿਕਾਰ ਕੀਤਾ ਜਾਂਦਾ ਸੀ ਅਤੇ ਧਾਰਮਿਕ ਅਧਿਐਨਾਂ ਦੇ ਖੇਤਰ ਵਿੱਚ ਉਨ੍ਹਾਂ ਦਾ ਅਹਿਮ ਅਤੇ ਵਿਆਪਕ ਪ੍ਰਭਾਵ ਸੀ, ਜਿਸ ਵਿੱਚ ਸਿੱਖ ਧਰਮ ਦਾ ਵਿਸ਼ੇਸ਼ ਹਵਾਲਾ ਦਿੱਤਾ ਗਿਆ ਸੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)