editor@sikharchives.org
Religion and Science

ਧਰਮ ਤੇ ਵਿਗਿਆਨ: ਗੁਰਮਤਿ ਦਾ ਪਰਿਪੇਖ

ਅਜੋਕਾ ਵਿਗਿਆਨ ਜੜ੍ਹ-ਪਦਾਰਥ ਦੀ ਸੂਖ਼ਮ ਛਾਣਬੀਣ ਉਪਰੰਤ ਚੇਤਨਾ ਦੇ ਜਗਤ ਨੂੰ ਸਮਝਣ ਵਾਲੇ ਪਾਸੇ ਤੁਰ ਰਿਹਾ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਅਤਿ ਗੌਰਵਮਈ ਸਾਹਿਤਕ ਵਿਰਸੇ ਵਾਲੀ ਪੰਜਾਬੀ ਜ਼ੁਬਾਨ ਦਾ ਭਵਿੱਖ ਮੈਨੂੰ ਅਕਸਰ ਫ਼ਿਕਰਮੰਦ ਕਰਦਾ ਹੈ। ਕਾਰਨ ਹੈ ਪੰਜਾਬੀਆਂ ਦੀ ਇਸ ਪ੍ਰਤੀ ਬੇਰੁਖੀ। ਪੰਜਾਬੀਆਂ ਦੇ ਘਰਾਂ ਵਿਚ ਬੱਚੇ ਪੰਜਾਬੀ ਬੋਲਣ ਵਿਚ ਹੀਣਤਾ ਮਹਿਸੂਸ ਕਰ ਰਹੇ ਹਨ।

ਤੁਸੀਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਵਿਚ ਗੁਟਕੇ ਲੈ ਕੇ ਪਾਠ ਕਰਦੇ ਬੰਦਿਆਂ ਨੂੰ ਧਿਆਨ ਨਾਲ ਵੇਖਣਾ। ਉਨ੍ਹਾਂ ਵਿੱਚੋਂ ਅੱਧਿਆਂ ਨਾਲੋਂ ਵੱਧ ਹਿੰਦੀ ਦੇ ਗੁਟਕੇ ਫੜੀ ਬੈਠੇ ਹੋਣਗੇ। ਇਸੇ ਸਥਿਤੀ ਵਿਚ ਜੇ ਯੂਨੈਸਕੋ ਦੀ ਇਕ ਰਿਪੋਰਟ ਇਸ ਸਦੀ ਦੇ ਅੰਤ ਤਕ ਪੰਜਾਬੀ ਭਾਸ਼ਾ ਦੇ ਅਲੋਪ ਹੋਣ ਦੀ ਭਵਿੱਖਬਾਣੀ ਕਰਦੀ ਹੈ ਤਾਂ ਇਸ ਜ਼ੁਬਾਨ ਦੇ ਵਾਰਸਾਂ ਨੂੰ ਸੱਚਮੁੱਚ ਹੀ ਸੁਚੇਤ ਹੋਣਾ ਚਾਹੀਦਾ ਹੈ। ਆਮ ਪੰਜਾਬੀਆਂ ਨੂੰ ਪੂਰੇ ਜ਼ੋਰ ਨਾਲ ਪੰਜਾਬੀ ਭਾਸ਼ਾ ਦੇ ਸਾਹਿਤ ਨੂੰ ਹਰ ਪੱਖੋਂ ਅਮੀਰ ਬਣਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਸਾਡੀਆਂ ਸਿਆਸੀ, ਸਮਾਜਕ ਤੇ ਧਾਰਮਿਕ ਸੰਸਥਾਵਾਂ ਨੂੰ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਸਰਬਪੱਖੀ ਵਿਕਾਸ ਲਈ ਪੂਰੀ ਨਿਸ਼ਠਾ ਨਾਲ ਸਰਗਰਮ ਹੋਣਾ ਚਾਹੀਦਾ ਹੈ।

ਕੋਈ ਸਮਾਂ ਸੀ ਜਦੋਂ ਅੰਗਰੇਜ਼ੀ ਰਾਜ ਉੱਤੇ ਸੂਰਜ ਕਦੇ ਅਸਤ ਨਹੀਂ ਸੀ ਹੁੰਦਾ। ਇੰਨਾ ਵਿਸਤ੍ਰਿਤ ਸੀ ਇਹ ਸਾਮਰਾਜ ਕਿ ਕਿਤੇ ਨਾ ਕਿਤੇ ਸੂਰਜ ਚੜ੍ਹਿਆ ਹੀ ਰਹਿੰਦਾ। ਉਸ ਸਮੇਂ ਮਿਸਟਰ ਵਿਸਟਨ ਚਰਚਿਲ ਪ੍ਰਧਾਨ ਮੰਤਰੀ ਸੀ। ਉਸ ਨੇ ਉਦੋਂ ਆਖਿਆ ਸੀ ਕਿ ਜੇ ਸਾਡੀ ਸਾਰੀ ਸਲਤਨਤ ਤੱਕੜੀ ਦੇ ਇਕ ਪੱਲੜੇ ਵਿਚ ਪਈ ਹੋਵੇ ਅਤੇ ਦੂਜੇ ਪੱਲੜੇ ਵਿਚ ਇਕੱਲਾ ਸ਼ੇਕਸਪੀਅਰ ਟਿਕਾ ਕੇ ਪੁੱਛਿਆ ਜਾਵੇ ਕਿ ਤੁਹਾਨੂੰ ਕਿਹੜਾ ਛਾਬਾ ਚਾਹੀਦਾ ਹੈ ਤਾਂ ਸਾਰੀ ਅੰਗਰੇਜ਼ ਕੌਮ ਇੱਕੋ ਜਵਾਬ ਦੇਵੇਗੀ ਕਿ ਸ਼ੇਕਸਪੀਅਰ ਵਾਲਾ। ਪੰਜਾਬੀਆਂ ਤੇ ਪੰਜਾਬੀ ਦੇ ਵਿਕਾਸ ਤੇ ਪ੍ਰੇਮ ਦੇ ਦਾਅਵੇਦਾਰਾਂ ਵਿਚ ਇਸ ਕਿਸਮ ਦੀ ਭਾਵਨਾ ਦੀ ਅਜੇ ਲੇਸ ਮਾਤਰ ਵੀ ਪ੍ਰਾਪਤ ਨਹੀਂ। ਇਸੇ ਕਾਰਨ ਪੰਜਾਬੀ ਦੇ ਵਿਕਾਸ ਨਾਲ ਜੁੜੇ ਸਾਡੇ ਬੁੱਧੀਜੀਵੀਆਂ ਨੂੰ ਉਹ ਮਾਣ-ਆਦਰ ਅਤੇ ਪਛਾਣ ਨਹੀਂ ਮਿਲ ਰਹੀ ਜਿਸ ਦੇ ਉਹ ਹੱਕਦਾਰ ਹਨ।

ਇੰਨੀ ਲੰਬੀ ਭੂਮਿਕਾ ਦੀ ਲੋੜ ਮੈਨੂੰ ਇਸ ਲਈ ਪ੍ਰਤੀਤ ਹੋਈ ਹੈ ਕਿ ਪੰਜਾਬੀ ਵਿਚ ਧਰਮ ਤੇ ਵਿਗਿਆਨ ਦੇ ਵਿਸ਼ਿਆਂ ਉੱਤੇ ਸੂਖ਼ਮ ਵਿਦਵਤਾ ਨਾਲ ਝਾਤੀ ਪਾਉਣ ਲਈ ਇਕ ਪੁਸਤਕ ਦਾ ਪਿਛਲੇ ਛੇ ਵਰ੍ਹੇ ਵਿਚ ਕਿਸੇ ਨੇ ਨੋਟਿਸ ਹੀ ਨਹੀਂ ਲਿਆ। ਧਰਮ ਤੇ ਵਿਗਿਆਨ ਵਿਸ਼ੇ ਉੱਤੇ ਕਿਸੇ ਸਮੇਂ ਪ੍ਰਿੰ. ਨਰਿੰਜਨ ਸਿੰਘ ਨੇ ਛੋਟੀ ਜਿਹੀ ਪੁਸਤਕ ਲਿਖੀ ਸੀ। ਬਹੁਤ ਪਹਿਲਾਂ ਆਈਨਸਟਾਈਨ ਨੇ ਇਸ ਵਿਸ਼ੇ ਉੱਤੇ ਕੁਝ ਨਿਬੰਧ ਵੀ ਲਿਖੇ ਸਨ। ਕੁਝ ਨੋਬਲ ਪ੍ਰਾਈਜ਼ ਜੇਤੂ ਵਿਗਿਆਨੀਆਂ ਨੇ ਵੀ ਇਸ ਵਿਸ਼ੇ ਉੱਤੇ ਗੰਭੀਰ ਚਰਚਾ ਅੰਗਰੇਜ਼ੀ ਵਿਚ ਕੀਤੀ ਹੈ। ਪਰੰਤੂ ਪੰਜਾਬੀ ਵਿਚ ਇਸ ਵਿਸ਼ੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਅਤੇ ਪੰਜਾਬੀ ਦੇ ਸਮਾਜਕ-ਸਭਿਆਚਾਰਕ ਪਿਛੋਕੜ ਨਾਲ ਜੋੜ ਕੇ ਸੰਗਠਿਤ ਰੂਪ ਵਿਚ ਪੇਸ਼ ਕਰਨ ਦਾ ਪਹਿਲਾ ਉੱਦਮ ਕੇਵਲ ਡਾਕਟਰ ਦਵਿੰਦਰਪਾਲ ਸਿੰਘ ਹੋਰਾਂ ਨੇ ਹੀ ਕੀਤਾ ਹੈ। ਸਿੰਘ ਬ੍ਰਦਰਜ਼, ਅੰਮ੍ਰਿਤਸਰ ਨੇ ਉਨ੍ਹਾਂ ਦੀ ‘ਧਰਮ ਅਤੇ ਵਿਗਿਆਨ’ ਪੁਸਤਕ 2001 ਵਿਚ ਪ੍ਰਕਾਸ਼ਿਤ ਕੀਤੀ ਸੀ।

ਡਾਕਟਰ ਦਵਿੰਦਰਪਾਲ ਸਿੰਘ ਹੋਰੀਂ ਮੂਲ ਰੂਪ ਵਿਚ ਭੌਤਿਕ ਵਿਗਿਆਨ ਦੇ ਅਧਿਆਪਕ ਹਨ। ਫਿਜ਼ਿਕਸ ਭਾਵ ਭੌਤਿਕ ਵਿਗਿਆਨ ਦੇ ਖੇਤਰ ਵਿਚ ਉੱਚਤਮ ਸਿੱਖਿਆ ਉਪਰੰਤ ਉਨ੍ਹਾਂ ਨੇ ਆਪਣੇ ਆਪ ਨੂੰ ਪੰਜਾਬੀ ਭਾਸ਼ਾ ਦੇ ਵਿਕਾਸ ਹਿਤ ਸਮਰਪਿਤ ਕੀਤਾ ਹੈ। ਭੌਤਿਕ ਵਿਗਿਆਨ ਵਿਚ ਡਾਕਟਰੇਟ ਹਾਸਲ ਕਰ ਕੇ ਉਨ੍ਹਾਂ ਨੇ ਸੌ ਦੇ ਕਰੀਬ ਖੋਜ ਪੱਤਰ ਦੇਸ਼-ਵਿਦੇਸ਼ ਵਿਚ ਪ੍ਰਕਾਸ਼ਤ ਕਰਵਾਏ ਹਨ। ਉਨ੍ਹਾਂ ਨੇ ਧਰਮ ਤੇ ਸਿੱਖ ਧਰਮ ਦਾ ਬਾਕਾਇਦਾ ਤੇ ਵਿਧੀਵਤ ਦੀਰਘ ਅਧਿਐਨ ਵੀ ਕੀਤਾ ਹੈ। ਪੰਜਾਬੀ ਵਿਚ ਲੱਗਭਗ ਡੇਢ ਦਰਜਨ ਪੁਸਤਕਾਂ ਤੇ ਅੱਠ ਸੌ ਦੇ ਕਰੀਬ ਨਿਬੰਧ ਉਨ੍ਹਾਂ ਨੇ ਲਿਖੇ ਹਨ। ਚੇਤੇ ਰਹੇ ਕਿ ਇਹ ਕਾਰਜ ਉਨ੍ਹਾਂ ਨੇ ਕਾਲਜ ਵਿਚ ਫਿਜ਼ਿਕਸ ਦੇ ਇਕ ਹਰਮਨ ਪਿਆਰੇ ਅਧਿਆਪਕ ਵਜੋਂ ਕਰਦੇ ਹੋਏ ਉਦੋਂ ਕੀਤਾ ਹੈ ਜਦੋਂ ਇਸ ਕਿੱਤੇ ਨਾਲ ਜੁੜੇ ਲੋਕ ਲੱਖਾਂ ਰੁਪਏ ਦੀਆਂ ਟਿਊਸ਼ਨਾਂ ਪੜ੍ਹਾਉਂਦੇ ਹਨ। ਇਹ ਘਰ ਫੂਕ ਕੇ ਤਮਾਸ਼ਾ ਵੇਖਣ ਵਾਲਾ ਸਿਰੜ ਹੀ ਤਾਂ ਹੈ।

ਡਾ. ਦਵਿੰਦਰਪਾਲ ਸਿੰਘ ਦੀ ਇਸ ਅਣਗੌਲੀ ਪੁਸਤਕ ਬਾਰੇ ਰਤਾ ਕੁ ਵਿਸਤਾਰ ਨਾਲ ਜਾਣਕਾਰੀ ਤਾਂ ਇਥੇ ਦੇਣੀ ਬਣਦੀ ਹੈ। ਸਿੰਘ ਬ੍ਰਦਰਜ਼, ਅੰਮ੍ਰਿਤਸਰ ਵੱਲੋਂ ਰੀਝ ਨਾਲ ਛਾਪੀ ਇਸ ਪੁਸਤਕ ਵਿਚ ਸਿੱਖ ਧਰਮ ਅਤੇ ਵਿਗਿਆਨ ਨਾਲ ਸੰਬੰਧਤ ਸੋਲ੍ਹਾਂ ਨਿਬੰਧ ਹਨ। ਧਰਮ ਦੇ ਸੱਚੇ-ਸੁੱਚੇ ਪੈਰੋਕਾਰਾਂ ਅਤੇ ਵਿਗਿਆਨ ਦੇ ਸੁਦ੍ਰਿੜ੍ਹ ਅਤੇ ਨਿਸ਼ਕਾਮ ਖੋਜੀਆਂ ਨੂੰ ਸਮਰਪਿਤ ਇਹ ਸਾਰੇ ਲੇਖ ਲੇਖਕ ਦੇ ਵਿਸ਼ਾਲ ਅਧਿਐਨ ਦੁਆਰਾ ਆਪਣੇ ਵਿਸ਼ੇ ਉੱਤੇ ਹਾਸਲ ਹੋਈ ਉਸ ਦੀ ਮਜ਼ਬੂਤ ਪਕੜ ਦੇ ਗਵਾਹ ਹਨ। ਇਸ ਪੁਸਤਕ ਦੀ ਸਿਰਜਨਾ ਪਿੱਛੇ ਬ੍ਰਹਿਮੰਡ ਅਤੇ ਮਨੁੱਖ ਦੀ ਉਤਪਤੀ, ਵਿਕਾਸ ਤੇ ਹੋਣੀ ਨਾਲ ਜੁੜੇ ਕੁਝ ਮੂਲ ਪ੍ਰਸ਼ਨਾਂ ਦਾ ਉੱਤਰ ਜਾਣਨ ਦੀ ਜਗਿਆਸਾ ਹੈ। ਬ੍ਰਹਿਮੰਡ ਦੀ ਉਤਪਤੀ, ਪਸਾਰੇ ਤੇ ਭਵਿੱਖ, ਧਰਤੀ ਉੱਤੇ ਮਨੁੱਖ ਦੇ ਜਨਮ ਤੇ ਵਿਕਾਸ, ਪਦਾਰਥ ਤੇ ਚੇਤਨਾ ਦਾ ਵਿਕਾਸ, ਜੀਵਨ-ਵਿਕਾਸ ਤੇ ਜੀਵਨ-ਉਦੇਸ਼ ਜਿਹੇ ਪ੍ਰਸ਼ਨਾਂ ਦਾ ਉੱਤਰ ਲੇਖਕ ਨੇ ਵਿਗਿਆਨ ਤੇ ਧਰਮ ਦੋਹਾਂ ਦੇ ਤੁਲਨਾਤਮਕ ਪਰਿਪੇਖ ਵਿਚ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਚਰਚਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ-ਨਾਲ ਹੋਰ ਵੀ ਕਈ ਵਿਗਿਆਨਕ ਪੁਸਤਕਾਂ ਦੇ ਸਿਧਾਂਤਾਂ ਨੂੰ ਬਾਦਲੀਲ ਪਰੰਤੂ ਸਰਲ ਤਰੀਕੇ ਨਾਲ ਸਪੱਸ਼ਟ ਕੀਤਾ ਗਿਆ ਹੈ। ਵਿਗਿਆਨ ਦੇ ‘ਜੜ੍ਹ’ ਦੇ ਖੇਤਰ ਨੂੰ ਧਰਮ ਦੇ ਚੇਤਨਾ ਦੇ ਖੇਤਰ ਦੇ ਸਮਵਿਥ ਰੱਖ ਕੇ ਵੇਖਣ ਦਾ ਲੇਖਕ ਦਾ ਉੱਦਮ ਪ੍ਰਸੰਸਾਯੋਗ ਹੈ। ਸਿੱਖ ਧਰਮ ਦੇ ਅਨੁਯਾਈਆਂ ਲਈ ਇਹ ਉੱਦਮ ਇਸ ਕਰਕੇ ਵੀ ਧਿਆਨ ਦੇਣ ਯੋਗ ਹੈ ਕਿ ਇਸ ਵਿਚ ਜੜ੍ਹ ਤੇ ਚੇਤਨ ਦੋਹਾਂ ਨੂੰ ਮਾਨਤਾ ਪ੍ਰਾਪਤ ਹੈ। ਇਥੇ ਸਰਗੁਣ ਕੋਈ ਦੇਹਧਾਰੀ ਅਵਤਾਰ ਨਹੀਂ। ਪ੍ਰਕਿਰਤੀ ਤੇ ਸੰਸਾਰ ਨੂੰ ਨਿਰਗੁਣ ਅਕਾਲ ਪੁਰਖ ਦਾ ਸਰਗੁਣ ਪ੍ਰਗਟਾਵਾ ਮੰਨਿਆ ਗਿਆ ਹੈ। ਅਜੋਕਾ ਵਿਗਿਆਨ ਜੜ੍ਹ-ਪਦਾਰਥ ਦੀ ਸੂਖ਼ਮ ਛਾਣਬੀਣ ਉਪਰੰਤ ਚੇਤਨਾ ਦੇ ਜਗਤ ਨੂੰ ਸਮਝਣ ਵਾਲੇ ਪਾਸੇ ਤੁਰ ਰਿਹਾ ਹੈ। ਡਾ. ਦਵਿੰਦਰਪਾਲ ਸਿੰਘ ਦੀ ਵਿਚਾਰ ਅਧੀਨ ਪੁਸਤਕ ਦੇ ਪਹਿਲੇ ਅੱਠ ਲੇਖ ਇਕ ਪਾਸੇ ਧਰਮ ਤੇ ਵਿਗਿਆਨ ਦੇ ਪਰਸਪਰ ਰਿਸ਼ਤੇ ਦੇ ਵਿਭਿੰਨ ਪੱਖਾਂ ਨੂੰ ਸਿਧਾਂਤਕ ਪੱਧਰ ਉੱਤੇ ਸਮਝਣ ਵੱਲ ਰੁਚਿਤ ਹਨ ਅਤੇ ਦੂਜੇ ਪਾਸੇ ਇਸ ਸੰਬੰਧ ਨੂੰ ਗੁਰੂ ਨਾਨਕ ਸਾਹਿਬ ਤੇ ਪਾਵਨ ਗੁਰਬਾਣੀ ਤੋਂ ਪ੍ਰਾਪਤ ਅੰਤਰ-ਦ੍ਰਿਸ਼ਟੀਆਂ ਨਾਲ ਜੋੜ ਕੇ ਸਮਝਣ ਲਈ ਯਤਨਸ਼ੀਲ ਹਨ। ਸਿੱਖ ਧਰਮ ਦੀ ਇਸ ਵਿਲੱਖਣ ਵਿਗਿਆਨਕ ਸੋਚ ਅਤੇ ਨਰੋਆ ਨਸ਼ਾ-ਮੁਕਤ ਸਮਾਜ ਸਿਰਜਣ ਦੀ ਪ੍ਰਤੀਬੱਧਤਾ ਅਗਲੇ ਦੋ ਲੇਖਾਂ ਦਾ ਉਦੇਸ਼ ਹੈ। ਬਾਕੀ ਦੇ ਲੇਖ ਵਿਗਿਆਨਕ ਤਰੱਕੀ ਨਾਲ ਅਜੋਕੇ ਸਮਾਜ ਵਿਚ ਆਏ ਬਦਲਾਵਾਂ ਦਾ ਸਮਾਜਕ- ਨੈਤਿਕ ਦ੍ਰਿਸ਼ਟੀ ਤੋਂ ਜਾਇਜ਼ਾ ਲੈ ਕੇ ਉਨ੍ਹਾਂ ਪ੍ਰਤੀ ਗੁਰਬਾਣੀ ਦੀ ਵਿਗਿਆਨਕ ਪਹੁੰਚ ਨੂੰ ਸਪੱਸ਼ਟ ਕਰਦੇ ਹਨ।

ਡਾ. ਦਵਿੰਦਰਪਾਲ ਸਿੰਘ ਵਿਭਿੰਨ ਧਰਮਾਂ ਵਿਚ ਬ੍ਰਹਿਮੰਡ ਦੀ ਉਤਪਤੀ, ਵਿਕਾਸ, ਵਿਸਤਾਰ ਤੇ ਵਿਨਾਸ਼ ਬਾਰੇ ਪ੍ਰਚਲਿਤ ਮਿਥਿਹਾਸਕ ਧਾਰਨਾਵਾਂ ਨਾਲ ਜਾਣ- ਪਛਾਣ ਕਰਵਾਉਣ ਉਪਰੰਤ ਸਿੱਖ ਧਰਮ ਵਿਚ ਉਪਰੋਕਤ ਵਿਸ਼ੇ ਉੱਤੇ ਪੇਸ਼ ਵਿਗਿਆਨਕ ਅੰਤਰ-ਦ੍ਰਿਸ਼ਟੀਆਂ ਨੂੰ ਉਜਾਗਰ ਕਰਦਾ ਹੈ। ਉਹ ਵਿਗਿਆਨਕ ਤੇ ਧਾਰਮਿਕ ਅਨੁਭਵ ਦੀ ਪ੍ਰਕਿਰਤੀ ਦੀ ਵੱਖਰਤਾ ਦੇ ਬਾਵਜੂਦ ਦੋਹਾਂ ਦੀ ਸਾਰਥਕਤਾ ਨੂੰ ਸਵੀਕਾਰਦਾ ਹੈ। ਵਿਗਿਆਨ ਦੀ ਤਰਕਸ਼ੀਲ ਪਹੁੰਚ ਦੇ ਸਮਵਿਥ ਉਹ ਗੁਰੂ ਨਾਨਕ ਸਾਹਿਬ ਦੇ ਜੀਵਨ ਤੇ ਚਿੰਤਨ ਨੂੰ ਚਿਤਰਦਾ ਹੈ। ਬ੍ਰਹਿਮੰਡ ਦੀ ਉਤਪਤੀ, ਵਿਕਾਸ, ਵਿਨਾਸ਼ ਤੇ ਵਿਸਤਾਰ ਬਾਰੇ ਉਨ੍ਹਾਂ ਦੇ ਮਹਾਂਵਾਕ ਪੇਸ਼ ਕਰਦਾ ਹੈ। ਇਸ ਸਿਲਸਿਲੇ ਵਿਚ ਗੁਰੂ ਨਾਨਕ ਸਾਹਿਬ ਦੀ ਪਾਵਨ ਬਾਣੀ ਪੂਰਾ ਥੀਸਿਜ਼ ਪੇਸ਼ ਕਰਦੀ ਹੈ ਜਿਸ ਦੀ ਵਿਸਤ੍ਰਿਤ ਵਿਆਖਿਆ ਇਸ ਪੁਸਤਕ ਦੇ ਕਈ ਨਿਬੰਧਾਂ ਦਾ ਪਿੰਡਾ ਸਿਰਜਦੀ ਹੈ। ਇਕ ਅਧਿਆਪਕ ਹੋਣ ਦੇ ਨਾਤੇ ਲੇਖਕ ਨੇ ਵਿਦਿਆਰਥੀਆਂ ਨੂੰ ਸਵੱਛ, ਸਾਰਥਕ ਤੇ ਜ਼ਿੰਮੇਵਾਰ ਸਮਾਜਕ ਜੀਵਨ ਲਈ ਸੇਧ ਦੇਣ ਵਾਸਤੇ ਧਰਮ ਤੇ ਵਿਗਿਆਨ ਦੇ ਸੁਮੇਲ ਵਿੱਚੋਂ ਪ੍ਰਾਪਤ ਜੀਵਨ-ਸ਼ੈਲੀ ਨੂੰ ਖਾਸੇ ਵਿਸਤਾਰ ਨਾਲ ਉਲੀਕਿਆ ਹੈ। ਇਸ ਜੀਵਨ-ਸ਼ੈਲੀ ਵਿਚ ਵਿੱਦਿਆ, ਮਨੋਰੰਜਨ, ਖੇਡਾਂ, ਦੇਹ-ਅਰੋਗਤਾ, ਸ਼ੁਭ ਅਮਲ, ਚੰਗੀ ਸੰਗਤ, ਨਸ਼ਿਆਂ ਤੋਂ ਪ੍ਰਹੇਜ਼, ਸਦਭਾਵਨਾ, ਵਾਤਾਵਰਨ ਦੀ ਸੰਭਾਲ, ਵਿਗਿਆਨਕ ਸੋਚ, ਸੇਵਾ ਤੇ ਕੇਸਾਂ ਦੀ ਮਹੱਤਤਾ ਜਿਹੇ ਸਾਰੇ ਪੱਖ ਸ਼ਾਮਲ ਹਨ। ਲੇਖਕ ਵਿਗਿਆਨਕ ਚੇਤਨਾ ਤੇ ਅੰਧ-ਵਿਸ਼ਵਾਸ ਵਿਚ ਅੰਤਰ ਕਰਦੇ ਹੋਏ ਧਰਮ ਪ੍ਰਤੀ ਵਿਗਿਆਨਕ ਪਹੁੰਚ ਅਪਣਾਉਣ ਦੇ ਰਾਹ ਤੁਰਦਾ ਤੋਰਦਾ ਹੈ।

ਭੌਤਿਕ ਵਿਗਿਆਨੀ ਹੋਣ ਕਾਰਨ ਡਾ. ਦਵਿੰਦਰਪਾਲ ਸਿੰਘ ਨੇ ਬ੍ਰਹਿਮੰਡ- ਉਤਪਤੀ ਬਾਰੇ ਪ੍ਰਾਪਤ ਵਿਭਿੰਨ ਸਿਧਾਂਤਾਂ ਦੀ ਗੱਲ ਕਰਨ ਉਪਰੰਤ ‘ਬਿਗ ਬੈਂਗ ਸਿਧਾਂਤ’ ਦੀ ਗੱਲ ਕੀਤੀ ਹੈ ਤੇ ਦੱਸਿਆ ਹੈ ਕਿ ਆਪਣੀ ਦੀਰਘ ਖੋਜ ਦੇ ਬਾਵਜੂਦ ਵਿਗਿਆਨ ਇਸ ਵਿਸ਼ੇ ਬਾਰੇ ਹਰਫ਼-ਏ-ਆਖ਼ਿਰ ਆਖਣ ਦੀ ਸਥਿਤੀ ਵਿਚ ਨਹੀਂ। ਗੁਰੂ ਨਾਨਕ ਪਾਤਸ਼ਾਹ ਮਨੁੱਖ ਤੇ ਵਿਗਿਆਨ ਦੀ ਇਸ ਅਸਮਰੱਥਾ ਨੂੰ ਪੂਰੇ ਜ਼ੋਰ ਨਾਲ ਉਜਾਗਰ ਕਰਨ ਉਪਰੰਤ ਬ੍ਰਹਿਮੰਡ ਦੇ ਅਸੀਮ ਪਸਾਰੇ ਵੱਲ ਬਾਰ-ਬਾਰ ਸੰਕੇਤ ਕਰਦੇ ਹਨ। ਧਰਮ ਨੂੰ ਵਿਸ਼ਵ ਭਾਈਚਾਰੇ ਵਿਚ ਸਹਿਹੋਂਦ ਦੇ ਪ੍ਰਚਾਰ-ਪ੍ਰਸਾਰ ਹਿਤ ਵਰਤਣ ਦੀ ਗੁਰਮਤਿ ਦੀ ਪਹੁੰਚ ਦਾ ਲੇਖਕ ਨੇ ਉਚੇਚਾ ਜ਼ਿਕਰ ਕੀਤਾ ਹੈ। ਸਿੱਖ ਧਰਮ ਵਿਚ ਪ੍ਰਭੂ ਦਾ ਸਰੂਪ, ਜੀਵਨ-ਮਨੋਰਥ, ਕਿਰਤ ਕਰਨ, ਕਿਰਤ ਦਾ ਫਲ ਵੰਡ ਕੇ ਖਾਣ, ਦੇਹ ਦੀ ਥਾਂ ਸ਼ਬਦ ਵਿਚ ਆਸਥਾ, ਮਨੁੱਖੀ ਬਰਾਬਰੀ ਵਿਚ ਵਿਸ਼ਵਾਸ, ਰਾਜਨੀਤੀ ਉੱਤੇ ਧਰਮ ਦੀ ਨੈਤਿਕਤਾ ਦਾ ਅੰਕੁਸ਼, ਸਰਬੱਤ ਦਾ ਭਲਾ, ਸੇਵਾ-ਸਿਮਰਨ, ਨਸ਼ਿਆਂ ਤੋਂ ਪ੍ਰਹੇਜ਼, ਜਥੇਬੰਦਕ ਜੀਵਨ, ਪਰਉਪਕਾਰ, ਕੁਰਬਾਨੀ, ਆਸਥਾ ਤੇ ਵਿਸ਼ਵਾਸ ਦੇ ਬਿੰਦੂ ਇਸ ਨੂੰ ਵਿਲੱਖਣ ਵਿਗਿਆਨਕ ਆਧਾਰ ਪ੍ਰਦਾਨ ਕਰਦੇ ਹਨ। ਇਸ ਆਧਾਰ ਦੀ ਖ਼ੂਬਸੂਰਤ ਵਿਆਖਿਆ ਇਸ ਪੁਸਤਕ ਦੇ ਨਿਬੰਧ ਕਰਦੇ ਹਨ।

ਇੱਕੀਵੀਂ ਸਦੀ ਦੀ ਦਹਿਲੀਜ਼ ਉੱਤੇ ਖਲੋਤੇ ਲੇਖਕ ਨੇ ਆਦਿ ਮਨੁੱਖ ਤੋਂ ਹੁਣ ਤਕ ਦੇ ਮਨੁੱਖ ਦੇ ਵਿਕਾਸ ਦੀ ਚਰਚਾ ਉਪਰੰਤ ਵਿਗਿਆਨਕ ਤੇ ਤਕਨੀਕੀ ਵਿਕਾਸ ਨਾਲ ਮਨੁੱਖ ਦੇ ਨਿੱਜੀ ਤੇ ਸਮਾਜਕ ਜੀਵਨ ਵਿਚ ਪੈਦਾ ਹੋਈਆਂ ਉਲਝਣਾਂ ਨੂੰ ਵੀ ਇਸ ਪੁਸਤਕ ਵਿੱਚ ਵਿਸ਼ਲੇਸ਼ਿਤ ਕੀਤਾ ਹੈ। ਉਹ ਇਨ੍ਹਾਂ ਉਲਝਣਾਂ ਦੇ ਹੱਲ ਲਈ ਪਦਾਰਥ ਤੇ ਚੇਤਨਾ ਪ੍ਰਤੀ ਸੰਤੁਲਿਤ ਦ੍ਰਿਸ਼ਟੀ ਅਪਣਾਉਣ ਦੀ ਸਲਾਹ ਦਿੰਦਾ ਹੈ।

ਧਰਮ ਤੇ ਵਿਗਿਆਨ ਬਾਰੇ ਡਾ. ਦਵਿੰਦਰਪਾਲ ਸਿੰਘ ਦੀ ਇਹ ਪੁਸਤਕ ਧਰਮ ਤੇ ਵਿਗਿਆਨ ਵਿਚ ਰੁਚੀ ਰੱਖਣ ਵਾਲੇ ਹਰ ਪਾਠਕ ਲਈ ਮੁੱਲਵਾਨ ਨਿਧੀ ਦੇ ਤੌਰ ’ਤੇ ਕੰਮ ਕਰਦਿਆਂ ਧਰਮ ਅਤੇ ਵਿਗਿਆਨ ਦੇ ਸੁਮੇਲ ਸਬੰਧੀ ਧਰਮ ਅਤੇ ਵਿਗਿਆਨ ਦੋਨਾਂ ਖੇਤਰਾਂ ਵਿਚ ਵਿਦਮਾਨ ਭ੍ਰਾਂਤੀਆਂ ਨੂੰ ਦੂਰ ਕਰਨ ’ਚ ਸਹਾਇਕ ਸਿੱਧ ਹੋ ਸਕਦੀ ਹੈ। ਧਰਮ ਅਤੇ ਵਿਗਿਆਨ ਦੋਨਾਂ ਵਿੱਚੋਂ ਕਿਸੇ ਨੂੰ ਵੀ ਅਣਗੌਲਣਾ ਅਜੋਕੇ ਮਨੁੱਖ ਵਾਸਤੇ ਨੁਕਸਾਨਦਾਇਕ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Kuldeep Singh Dhir
ਸਾਬਕਾ ਪ੍ਰੋਫੈਸਰ ਤੇ ਡੀਨ ਅਕਾਦਮਿਕ ਮਾਮਲੇ -ਵਿਖੇ: ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕੁਲਦੀਪ ਸਿੰਘ ਧੀਰ (15 ਨਵੰਬਰ 1943 - 16 ਨਵੰਬਰ 2020) ਇੱਕ ਪੰਜਾਬੀ ਵਿਦਵਾਨ ਅਤੇ ਵਾਰਤਕ ਲੇਖਕ ਸੀ। ਡਾ. ਕੁਲਦੀਪ ਸਿੰਘ ਧੀਰ ਨੇ ਸਾਹਿਤ ਜਗਤ, ਸਿੱਖ ਧਰਮ ਅਤੇ ਗਿਆਨ ਵਿਗਿਆਨ ਵਿਚ ਵਡਮੁੱਲਾ ਯੋਗਦਾਨ ਪਾਇਆ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਡੀਨ ਅਕਾਦਮਿਕ ਤੇ ਪੰਜਾਬੀ ਵਿਭਾਗ ਮੁਖੀ ਰਹੇ ਡਾ. ਕੁਲਦੀਪ ਸਿੰਘ ਧੀਰ ਨੇ ਲੇਖਕਾਂ ਦਾ ਰੇਖਾ ਚਿੱਤਰ ਲਿਖਣ ਦੇ ਨਾਲ ਹੋਰ ਕਈ ਕਿਤਾਬਾਂ ਸਾਹਿਤ ਜਗਤ ਦੀ ਝੋਲੀ ਪਾਈਆਂ।
ਕਿਤਾਬਾਂ-
ਸਾਹਿਤ ਅਧਿਐਨ: ਪਾਠਕ ਦੀ ਅਨੁਕ੍ਰਿਆ, ਵੈਲਵਿਸ਼ ਪਬਲਿਸ਼ਰਜ਼,. ਦਿੱਲੀ, 1996.
ਨਵੀਆਂ ਧਰਤੀਆਂ ਨਵੇਂ ਆਕਾਸ਼ (1996)
ਵਿਗਿਆਨ ਦੇ ਅੰਗ ਸੰਗ (2013)[2]
ਸਿੱਖ ਰਾਜ ਦੇ ਵੀਰ ਨਾਇਕ
ਦਰਿਆਵਾਂ ਦੀ ਦੋਸਤੀ
ਵਿਗਿਆਨ ਦੀ ਦੁਨੀਆਂ
ਗੁਰਬਾਣੀ
ਜੋਤ ਅਤੇ ਜੁਗਤ
ਗਿਆਨ ਸਰੋਵਰ
ਕੰਪਿਊਟਰ
ਕਹਾਣੀ ਐਟਮ ਬੰਬ ਦੀ
ਜਹਾਜ਼ ਰਾਕਟ ਅਤੇ ਉਪਗ੍ਰਹਿ
ਤਾਰਿਆ ਵੇ ਤੇਰੀ ਲੋਅ
ਧਰਤ ਅੰਬਰ ਦੀਆਂ ਬਾਤਾਂ[3]
ਬਿੱਗ ਬੈਂਗ ਤੋਂ ਬਿੱਗ ਕਰੰਚ (੨੦੧੨)
ਹਿਗਸ ਬੋਸਨ ਉਰਫ ਗਾਡ ਪਾਰਟੀਕਲ (੨੦੧੩)

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)