ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਬਾਣੀਕਾਰਾਂ ਦੀ ਧੁਰ ਕੀ ਬਾਣੀ ਵਿਚ ਮਾਨਵ-ਜੀਵਨ ਪ੍ਰਤੀ ਹਰ ਪੱਖੋਂ ਸਰਬ ਸੰਪੂਰਨ ਤੇ ਬਹੁਪਾਸਾਰੀ ਦ੍ਰਿਸ਼ਟੀ ਨੇ ਵਿਸ਼ਵ-ਭਰ ਦੇ ਵਿਦਵਾਨਾਂ ਦਾ ਧਿਆਨ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਕੇਂਦਰਤ ਕੀਤਾ ਹੈ। ਨਿਰਸੰਦੇਹ ਇਸ ਪਾਵਨ ਗ੍ਰੰਥ ਦੀ ਰਚਨਾ ਲੱਗਭਗ 400 ਸਾਲ ਪਹਿਲਾਂ ਹੋਈ ਸੀ ਅਤੇ ਹੁਣ ਇਸ ਦੀ ਪੁਨਰ-ਸੰਪਾਦਨਾ ਦੇ ਕਾਰਜ ਨੂੰ 300 ਤੋਂ ਕੁਝ ਵੱਧ ਸਾਲ ਹੋ ਗਏ ਹਨ ਇਸ ਦੇ ਬਾਵਜੂਦ ਇਸ ਪਾਵਨ ਗ੍ਰੰਥ ਦੀ ‘ਗੁਰੂ’ ਦੇ ਰੂਪ ਵਿਚ ਮਹਾਨਤਾ ਤੇ ਪਾਵਨਤਾ ਜਿਉਂ ਦੀ ਤਿਉਂ ਨਿਰੰਤਰ ਕਾਇਮ ਹੈ। ਇਥੋਂ ਤਕ ਕਿ ਜਦੋਂ ਵੀ ਕਿਸੇ ਨੇ ਇਸ ਵਿਚ ਬਾਰ੍ਹਵੀਂ ਤੋਂ ਸਤਾਰ੍ਹਵੀਂ ਸਦੀ ਦੇ ਵਿਭਿੰਨ ਬਾਣੀਕਾਰਾਂ ਦੀ ਵਿਚਾਰਧਾਰਾ ਨੂੰ ਅਜੋਕੇ ਪ੍ਰਮੁੱਖ ਵਿਆਖਿਆ ਸ਼ਾਸਤਰਾਂ ਜਿਨ੍ਹਾਂ ਵਿਚ ਬਹੁ-ਸਭਿਆਚਾਰਵਾਦ, ਵਿਆਖਿਆ ਗਿਆਨ, ਉਤਰ-ਆਧੁਨਿਕਵਾਦ, ਉਤਰ-ਚਿੰਨ੍ਹ ਵਿਗਿਆਨ, ਨਾਰੀਵਾਦ ਆਦਿ ਸ਼ਾਮਲ ਹਨ ਦੇ ਅੰਤਰਗਤ ਵਿਚਾਰਿਆ ਤਾਂ ਇਨ੍ਹਾਂ ਬਾਣੀਕਾਰਾਂ ਦੀ ਵਿਚਾਰਧਾਰਾ ਉਨ੍ਹਾਂ ਵਿਚਾਰਵਾਨਾਂ ਨੂੰ ਹੋਰ ਵੀ ਵਧੇਰੇ ਮਹੱਤਵਪੂਰਨ ਦ੍ਰਿਸ਼ਟੀਗੋਚਰ ਹੋਈ ਹੈ। ਇਸ ਦਾ ਸਪੱਸ਼ਟ ਕਾਰਨ ਹੈ ਇਨ੍ਹਾਂ ਬਾਣੀਕਾਰਾਂ ਦਾ ਉਹ ਪ੍ਰਮੁੱਖ ਮਨੋਰਥ, ਜੋ ਮਾਨਵ-ਸੋਚ ਨੂੰ ਅਪ੍ਰਸੰਗਕ ਕੀਮਤਾਂ ਦੀ ਗ਼ੁਲਾਮੀ ਤੋਂ ਆਜ਼ਾਦ ਕਰਦਿਆਂ ਪ੍ਰਭੂ-ਹੁਕਮ ਅਧੀਨ ਕਰ ਕੇ ਸਮਕਾਲੀ ਤੇ ਸਰਬਕਾਲੀ ਪ੍ਰਸੰਗਕ ਜੀਵਨ-ਮੁੱਲਾਂ ਨਾਲ ਜੋੜਦਾ ਹੈ। ਇਸ ਸੰਦਰਭ ਵਿਚ ਡਾ. ਗੁਰਭਗਤ ਸਿੰਘ ਦਾ ਕਥਨ ਬਹੁਤ ਮਹੱਤਵਪੂਰਨ ਲੱਗਦਾ ਹੈ ਕਿ “ਅਜੋਕੇ ਵਿਆਖਿਆ ਸ਼ਾਸਤਰਾਂ ਦੇ ਪ੍ਰਸੰਗ ਵਿਚ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕੀਤੀ ਜਾਵੇ ਤਾਂ ਇਹ ਗ੍ਰੰਥ ਬਹੁਤ ਗੌਰਵਸ਼ੀਲ ਹੈ, ਸਾਡਾ ਸਮਕਾਲੀ ਹੈ ਇਸ ਵਿਚ ਸੰਦੇਹ ਨਹੀਂ।”1 ਪਰ ਨਾਲ ਹੀ ਉਹ ਸੁਚੇਤ ਵੀ ਕਰਦੇ ਹਨ ਕਿ “ਅਜਿਹੀ ਵਿਆਖਿਆ ਲਈ ਨਵੇਂ ਗਿਆਨਾਂ ਨੂੰ ਠੀਕ ਗ੍ਰਹਿਣ ਕਰਨਾ ਜ਼ਰੂਰੀ ਹੈ।” ਉਨ੍ਹਾਂ ਦੀ ਗੱਲ ਠੀਕ ਵੀ ਹੈ ਕਿਉਂਕਿ ਅਜੋਕੇ ਸਮੇਂ ਇਹ ਰੁਝਾਨ ਭਾਰੂ ਹੁੰਦਾ ਜਾ ਰਿਹਾ ਹੈ ਕਿ ਅਸੀਂ ਕਿਸੇ ਵੀ ਡਸਿਪਲਿਨ ਨੂੰ ਉਸ ਦੀ ਪਿੱਠਭੂਮੀ ਵਿਚ ਸਮਝੇ ਬਿਨਾਂ ਅਪ੍ਰਸੰਗਕ ਸਿੱਟੇ ਕੱਢ ਲੈਂਦੇ ਹਾਂ ਜੋ ਆਮ ਤੌਰ ’ਤੇ ਵਾਦ-ਵਿਵਾਦ ਦਾ ਕਾਰਨ ਬਣ ਕੇ ਗਲਤ ਧਾਰਨਾਵਾਂ ਬਣਾ ਦਿੰਦੇ ਹਨ। ਅਰਧ ਗਿਆਨ ਸਮੱਸਿਆਵਾਂ ਸੁਲਝਾਉਂਦਾ ਨਹੀਂ, ਵਧਾਉਂਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ‘ਧੁਰ ਕੀ ਬਾਣੀ’, ‘ਸ਼ਬਦ-ਗੁਰੂ’ ਦੇ ਰੂਪ ਵਿਚ ਇਲਾਹੀ ਪ੍ਰਕਾਸ਼ ਅਤੇ ਪਰਮਾਰਥ-ਜੀਵਨ ਲਈ ਅਨਮੋਲ ਜੀਵਨ-ਜੁਗਤ ਹੈ। ਨਿਰਸੰਦੇਹ ਵਿਸ਼ਵ ਦੇ ਵਿਭਿੰਨ ਧਰਮਾਂ ਦੇ ਆਪੋ-ਆਪਣੇ ਧਰਮ-ਗ੍ਰੰਥ ਹਨ, ਜੋ ਆਪੋ-ਆਪਣੇ ਖੇਤਰ ਵਿਚ ਪ੍ਰਵਾਨਿਤ ਹਨ ਪਰ ਪੂਰੇ ਵਿਸ਼ਵ ਵਿਚ ਇਹੋ ਇਕੋ-ਇਕ ਪਾਵਨ ਗ੍ਰੰਥ ਹੈ, ਜਿਸ ਨੂੰ ਗੁਰੂ-ਪਦ ਪ੍ਰਾਪਤ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸੇ ਵੀ ਪੱਖ ਤੋਂ ਵਿਚਾਰਨ ਸਮੇਂ ਮਾਨਵ-ਸੋਚ ਦੰਗ ਹੋ ਕੇ ਰਹਿ ਜਾਂਦੀ ਹੈ ਕਿ ਇਸ ਮਹਾਨ ਸਰਵ-ਸ੍ਰੇਸ਼ਟ ਬਾਣੀ ਦੀ ਰੋਸ਼ਨੀ ‘ਅਖੰਡਕਾਲ ਜੋਤਿ’ ਵਾਂਗ ਧਾਰਮਿਕ, ਦਾਰਸ਼ਨਿਕ, ਸੰਗੀਤਕ, ਸਾਹਿਤਕ, ਰਾਜਨੀਤਿਕ, ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਸੰਸਾਰ ਦੇ ਅਨੰਤ ਪਸਾਰਾਂ ਵਿਚ ਫੈਲਦੀ ਹੈ। ਇਸ ਦੇ ਇਕ-ਇਕ ਵਾਕ ਦਾ ਨਾਦ ਸੁਣਦੇ ਸਾਰ ਹੀ, ਮਾਨਸਿਕ ਅਵਸਥਾ ਬਦਲ ਜਾਂਦੀ ਹੈ। ਸਰਬ-ਸਾਂਝੀਵਾਲਤਾ ਦੇ ਗੁਣਾਂ ਨਾਲ ਭਰਪੂਰ ਇਸ ਦੀ ਮਾਨਵ-ਹਿਤੂ ਵਿਚਾਰਧਾਰਾ, ਮਾਨਵ-ਚੇਤਨਾ ਵਿਚ ਧਾਰਮਿਕ-ਏਕਤਾ, ਪ੍ਰਭੂ-ਏਕਤਾ ਅਤੇ ਮਾਨਵ-ਏਕਤਾ ਵਿਚ ਵਿਸ਼ਵਾਸ ਦ੍ਰਿੜ੍ਹ ਕਰਵਾਉਂਦਿਆਂ ਪ੍ਰੇਮ-ਭਾਵਨਾ ਦੀ ਰਸੀਲੀ ਸੁਰ ਰਾਹੀਂ ਅਜਿਹੀ ਰੂਹਾਨੀਅਤ ਦਾ ਮਾਹੌਲ ਸਿਰਜਦੀ ਹੈ, ਜੋ ਮਾਨਵ-ਮਨ ਨੂੰ ਅਨੰਦ-ਵਿਭੋਰ ਕਰ ਦਿੰਦੀ ਹੈ। ‘ਪੋਥੀ ਪਰਮੇਸਰ ਕਾ ਥਾਨੁ’ ਤੋਂ ‘ਗੁਰੂ’ ਪਦ ਪ੍ਰਾਪਤ ਕਰਨ ਦਾ ਸਫ਼ਰ ਤੈਅ ਕਰਨ ਵਾਲੇ ਇਸ ਲਾਸਾਨੀ ਗ੍ਰੰਥ ਦੀ ਸੰਪੂਰਨਤਾ ਦਾ ਸੁਹਾਵਾ ਸਥਾਨ ਹੈ- ਸ੍ਰੀ ਦਮਦਮਾ ਸਾਹਿਬ, ਜੋ ਪਹਿਲਾਂ ਤਲਵੰਡੀ ਸਾਬੋ ਵਜੋਂ ਪ੍ਰਸਿੱਧ ਸੀ ਅਤੇ ਅੱਜ ਇਹ ਸਿੱਖ ਧਰਮ ਦੇ ਪੰਜਾਂ ਤਖ਼ਤਾਂ ਵਿੱਚੋਂ ਇਕ ਤਖ਼ਤ ਹੈ।
ਕੋਈ ਵੀ ‘ਗ੍ਰੰਥ’ ਉਦੋਂ ਹੀ ਗੁਰੂ-ਪਦ ਦਾ ਅਧਿਕਾਰੀ ਬਣਦਾ ਹੈ ਜਦੋਂ ਉਸ ਦੇ ਆਲੇ-ਦੁਆਲੇ ਧਰਮ-ਵੰਡ, ਵਰਣ-ਵੰਡ, ਨਸਲ-ਵੰਡ, ਊਚ-ਨੀਚ ਵੰਡ, ਜਾਤ-ਪਾਤ ਵੰਡ ਆਦਿ ਦੀਆਂ ਮਨੁੱਖਤਾ ਨੂੰ ਵੰਡਣ ਵਾਲੀਆਂ ਦੀਵਾਰਾਂ ਖੜ੍ਹੀਆਂ ਨਾ ਕੀਤੀਆਂ ਹੋਣ। ਉਹ ‘ਗ੍ਰੰਥ’ ਜਦੋਂ ‘ਸਮਦਰਸੀ ਏਕ ਦ੍ਰਿਸ਼ਟੇਤਾ’ ਦੀ ਭਾਵਨਾ ਦੇ ਅੰਤਰਗਤ ਸਮੁੱਚੀ ਮਾਨਵਤਾ ਨੂੰ ਕਲਾਵੇ ਵਿਚ ਲੈਂਦਿਆਂ ਉਸ ਦੇ ਵਿਕਾਸ ਤੇ ਵਿਗਾਸ ਦੇ ਰੱਬੀ-ਸੰਦੇਸ਼ਾਂ ਰਾਹੀਂ ਰੂਹਾਨੀਅਤ ਦੇ ਮਾਹੌਲ ਨੂੰ ਸਿਰਜਦਾ ਹੈ ਤਾਂ ਉਹ ‘ਗੁਰੂ’ ਬਣ ਜਾਂਦਾ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ‘ਆਦਿ-ਗ੍ਰੰਥ’ ਦੀ ਸੰਪਾਦਨਾ ਤੋਂ ਪੂਰਵ ਇਹ ‘ਪੋਥੀ ਸਾਹਿਬ’ ਵਜੋਂ ਪ੍ਰਸਿੱਧ ਸੀ ਪਰ ‘ਪੋਥੀ ਪਰਮੇਸਰ ਕਾ ਥਾਨੁ’ ਵਜੋਂ ਹੀ ਸਤਿਕਾਰੀ ਜਾਂਦੀ ਸੀ। ‘ਆਦਿ ਗ੍ਰੰਥ’ ਦੇ ਸੰਪਾਦਨ ਕਾਰਜ ਦੀ ਸੰਪੂਰਨਤਾ ਅਤੇ ਇਸ ਪਾਵਨ ਗ੍ਰੰਥ ਦਾ ਸ੍ਰੀ ਹਰਿਮੰਦਰ ਸਾਹਿਬ ਵਿਚ ਪ੍ਰਕਾਸ਼ ਅਤੇ ਬਾਬਾ ਬੁੱਢਾ ਜੀ ਦੀ ਪਹਿਲੇ ਗ੍ਰੰਥੀ ਵਜੋਂ ਨਿਯੁਕਤੀ ਨਾਲ ‘ਪੋਥੀ ਸਾਹਿਬ’ ਪਾਵਨ ਬੀੜ ਦੇ ਰੂਪ ਵਿਚ ‘ਆਦਿ ਗ੍ਰੰਥ’ ਦੇ ਨਾਮ ਨਾਲ ਪ੍ਰਸਿੱਧ ਹੋਈ। ਇਸ ਤੋਂ ਬਾਅਦ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਨੰਦਪੁਰ ਸਾਹਿਬ ਤੋਂ ਮੁਕਤਸਰ ਸਾਹਿਬ ਤਕ ਜੰਗਾਂ-ਯੁੱਧਾਂ ਦਾ ਸਫ਼ਰ ਤੈਅ ਕਰਦਿਆਂ ਤਲਵੰਡੀ ਸਾਬੋ ਪੁੱਜਣ ਤਕ ਦੇ ਇਕ ਸਦੀ ਤੋਂ ਵਧੀਕ ਸਮੇਂ ਦੇ ਅੰਤਰਾਲ ਨੇ ਆਦਿ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਕਈ ਉਤਾਰੇ ਪ੍ਰਚੱਲਤ ਕਰ ਦਿੱਤੇ ਸਨ। ਬੇਸ਼ੱਕ ਕਰਤਾਰਪੁਰ ਦੇ ਸੋਢੀਆਂ ਪਾਸ (ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਤੋਂ ਰਹਿਤ) ਆਦਿ ਬੀੜ ਸੁਰੱਖਿਅਤ ਸੀ ਪਰ ਮੀਣਿਆਂ, ਮਸੰਦਾਂ, ਉਦਾਸੀਆਂ ਆਦਿ ਨੇ ਭਾਈ ਬੰਨੋ ਵਾਂਗ ਕਈ ਬੀੜਾਂ ਤਿਆਰ ਕਰ ਲਈਆਂ ਸਨ, ਜਿਨ੍ਹਾਂ ਵਿਚ ਬਹੁਤ ਸਾਰੀਆਂ ਵਾਧੂ ਰਚਨਾਵਾਂ-ਰਤਨਮਾਲਾ, ਮੁਨਾਜਾਤ ਆਦਿ ਟਾਂਕੀਆਂ ਹੋਈਆਂ ਸਨ। ਅਜਿਹੀ ਇਕ ਬੀੜ ਇਕ ਉਦਾਸੀ ਸਾਧੂ ਦਸਮ ਗੁਰੂ ਜੀ ਪਾਸ ਅਨੰਦਪੁਰ ਸਾਹਿਬ ਲੈ ਕੇ ਵੀ ਆਇਆ ਸੀ।2 ਇਹ ਕੁਝ ਐਸੇ ਹਾਲਾਤ ਸਨ, ਜਿਨ੍ਹਾਂ ਦੇ ਸਨਮੁਖ ਦਸਮ ਗੁਰੂ ਜੀ ਨੂੰ ‘ਆਦਿ ਗ੍ਰੰਥ ਸਾਹਿਬ’ ਦੀ ਪੁਨਰ-ਸੰਪਾਦਨਾ ਦਾ ਵਿਚਾਰ ਆਇਆ।
ਮਾਲਵੇ ਦੀ ਧਰਤ ਨੂੰ ਦਸਮੇਸ਼ ਗੁਰੂ ਤੋਂ ਪਹਿਲਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ, ਸ੍ਰੀ ਗੁਰੂ ਹਰਿਰਾਇ ਸਾਹਿਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ-ਛੁਹ ਪ੍ਰਾਪਤ ਹੋ ਚੁੱਕੀ ਸੀ। ਭੂਗੋਲਿਕ ਦ੍ਰਿਸ਼ਟੀ ਤੋਂ ਇਹ ਇਲਾਕਾ ਪੰਜਾਬ ਦੇ ਮੁਗ਼ਲ ਹਾਕਮਾਂ ਦੇ ਕਹਿਰ ਤੋਂ ਬਚਿਆ ਹੋਇਆ ਸੀ, ਜਿਸ ਕਰਕੇ ਇਸ ਧਰਤ ਦੇ ਨਿਰਛਲ ਤੇ ਨਿਰਮਲ ਮਨਾਂ ਵਾਲੇ ਰਿਸ਼ਟ-ਪੁਸ਼ਟ ਮਲਵਈਆਂ ਨੇ ਸਿੱਖ ਗੁਰੂ ਸਾਹਿਬ ਤੇ ਸਿੱਖਾਂ ਦਾ ਭੈ-ਮੁਕਤ ਹੋ ਕੇ ਨਿੱਘਾ ਸੁਆਗਤ ਕਰਦਿਆਂ ਥਾਂ ਪਰ ਥਾਂ ਉਨ੍ਹਾਂ ਨੂੰ ਜੀ-ਆਇਆਂ ਆਖਿਆ ਅਤੇ ਸਿੱਖ ਧਰਮ ਨੂੰ ਧਾਰਨ ਕਰਨ ਵਿਚ ਮਾਣ ਮਹਿਸੂਸ ਕੀਤਾ।
ਖਿਦਰਾਣੇ ਦੀ ਢਾਬ ਤੋਂ ਅਨੇਕਾਂ ਪਿੰਡਾਂ ਵਿੱਚੋਂ ਲੰਘਦਿਆਂ ਦਸਮ ਗੁਰੂ ਜੀ, ਬਠਿੰਡੇ ਰਾਹੀਂ ਜਦੋਂ ਲੱਖੀ ਜੰਗਲ ਪੁੱਜੇ ਤਾਂ ਇਥੋਂ ਦੇ ਸ਼ਾਂਤ ਵਾਤਾਵਰਨ ਵਿਚ ਕੁਝ ਦਿਨ ਠਹਿਰਨ ਦਾ ਮਨ ਬਣਾਇਆ। ਆਪ ਜੀ ਦੇ ਇਸ ਟਿਕਾਣੇ ਕਾਰਨ ਸਿੱਖ-ਸੰਗਤਾਂ ਦੀ ਆਵਾਜਾਈ ਨੇ ਇਸ ਰੁੱਖੜ ਮਾਰੂਥਲ ਧਰਤ ਨੂੰ ਹਰੀ-ਭਰੀ ਬਣਾ ਦਿੱਤਾ। ਇਥੋਂ ਦਸਮ ਗੁਰੂ ਜੀ ਨੇ ਮੁੜ ਆਪਣਾ ਸਫ਼ਰ ਅਰੰਭ ਕਰਦਿਆਂ ਤਲਵੰਡੀ ਸਾਬੋ ਦੇ ਨੇੜੇ ਇਕ ਟਿੱਬੇ ਕੋਲ ਪੁੱਜ ਕੇ ਉਸ ਨੂੰ ਪੱਧਰਾ ਕਰਨ ਦਾ ਹੁਕਮ ਦਿੱਤਾ। ਉਪਰੰਤ ਆਪ ਨੇ ਕਮਰਕੱਸਾ ਖੋਲ੍ਹਦਿਆਂ ਸ਼ਸਤਰ ਉਤਾਰ ਦਿੱਤੇ ਅਤੇ ਉਥੇ ਬੈਠ ਕੇ ਆਰਾਮ ਕਰਨ ਲੱਗੇ। ਇਹੋ ਜਗ੍ਹਾ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਵਜੋਂ ਜਾਣੀ ਜਾਂਦੀ ਹੈ। ‘ਮਾਲਵਾ ਦੇਸ਼ ਰਟਨ ਦੀ ਸਾਖੀ’ ਪੋਥੀ ਅਨੁਸਾਰ ਏਸ ਅਸਥਾਨ ਨੂੰ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ‘ਗੁਰੂ ਕੀ ਕਾਸ਼ੀ’ ਦੱਸਦਿਆਂ ਇਥੇ ਕਾਰ ਕਰਨ ਵਾਲੇ ਨੂੰ ਰਾਜ ਭਾਗ, ਰਿਧੀਆਂ-ਸਿਧੀਆਂ, ਅੰਨ ਦੀ ਦੇਗ ਦੀ ਪ੍ਰਾਪਤੀ ਅਤੇ ਬਹੁਤ ਮਹਾਨ ਗੁਣੀ ਗਿਆਨੀ ਹੋਣ ਦੀ ਅਸੀਸ ਦਿੱਤੀ।3 ਇਸ ਦੇ ਨਾਲ ਹੀ ਨੌਵੇਂ ਪਾਤਸ਼ਾਹ ਨੇ ਇਹ ਭਵਿੱਖ ਬਚਨ ਵੀ ਉਚਾਰੇ ਕਿ-“ਏਥੇ ਬਡਾ ਅਸਥਾਨ ਬਣੂੰਗਾ, ਨੌਂ ਨੇਜ਼ੇ ਉਚਾ ਦਮਦਮਾ ਹੋਊ, ਸ੍ਵਰਨ ਕੇ ਕਲਸ ਹੋਣਗੇ।”4 ਅਜਿਹੀ ਹੀ ਅਸੀਸ ਦਸਮ ਗੁਰੂ ਜੀ ਨੇ ਦੱਖਣ ਵੱਲ ਚਾਲੇ ਪਾਉਣ ਤੋਂ ਪਹਿਲਾਂ ਦਿੱਤੀ ਕਿ-
ਇਹ ਹੈ ਪ੍ਰਗਟ ਹਮਾਰੀ ਕਾਸੀ॥
ਪੜ ਹੈਂ ਇਹਾਂ ਢੋਰ ਮਤਿ ਨਾਸੀ॥
ਲੇਖਕ ਗੁਨੀ ਕਵਿੰਦ ਗਿਆਨੀ॥
ਬੁਧਿ ਵਡੀ ਹੁਇ ਹੈਂ ਅਤਿ ਗਿਆਨੀ॥5
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ, ਗੁਰਬਾਣੀ ਦੀ ਪਾਠ-ਪਰੰਪਰਾ, ਅਰਥ-ਪਰੰਪਰਾ, ਸਿੱਖ ਸਾਹਿਤ ਅਤੇ ਸਿੱਖੀ ਦੀ ਜਗਮਗ ਜੋਤਿ ਬਰਕਰਾਰ ਰੱਖਣ ਦਾ ਸਾਰਥਕ ਕਾਰਜ ਦਸਮ ਗੁਰੂ ਜੀ ਵੱਲੋਂ ਤਲਵੰਡੀ ਸਾਬੋ ਅਰਥਾਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਚ ਹੀ ਹੋਇਆ ਅਤੇ ਇਸ ਕਾਰਜ ਸਮੇਂ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਯੋਗਦਾਨ ਇਤਿਹਾਸ ਦਾ ਅੰਗ ਬਣ ਜਾਂਦਾ ਹੈ। ਇਸ ਪ੍ਰਸੰਗ ਵਿਚ ਪ੍ਰੋਫ਼ੈਸਰ ਸਾਹਿਬ ਸਿੰਘ ਦਾ ਕਥਨ ਬਿਲਕੁਲ ਠੀਕ ਤੇ ਢੁੱਕਵਾਂ ਹੈ ਕਿ, “ਜਿਵੇਂ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੂੰ ਬਾਣੀ ਲਿਖਣ ਦਾ ਕੰਮ ਸੌਂਪਿਆ ਸੀ ਤਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਇਸ ਕੰਮ ’ਤੇ ਲਾਇਆ ਸੀ।”6 ਪ੍ਰਸਿੱਧ ਵਿਦਵਾਨ ਡਾ. ਹਰਨਾਮ ਸਿੰਘ ਸ਼ਾਨ ਵੀ ਇਸੇ ਮੱਤ ਦੀ ਪ੍ਰੋੜ੍ਹਤਾ ਕਰਦਿਆਂ ਲਿਖਦੇ ਹਨ ਕਿ, “ਤਲਵੰਡੀ ਪਹੁੰਚਦਿਆਂ ਹੀ ਜਦੋਂ ਸੁਖ ਦਾ ਸਾਹ ਮਿਲਿਆ ਤਾਂ ਕਈ ਮੈਦਾਨ ਮਾਰ ਆਏ ਤੇ ਥੱਕੇ-ਟੁੱਟੇ ਇਸ ਜਰਨੈਲ ਨੇ ਤੁਰੰਤ ਹੀ ਜੰਗ ਦਾ ਕਾਂਟਾ ਬਦਲਦਿਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਨੂੰ ਉਚਾਰਨ ਤੇ ਲਿਖਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਲਿਖਾਰੀ ਦਾ ਕੰਮ ਭਾਈ ਮਨੀ ਸਿੰਘ ਨੂੰ ਦਿੱਤਾ।7
ਦਸਮ ਗੁਰੂ ਜੀ ਵੱਲੋਂ ਬੀੜ ਲਿਖਵਾਉਣ ਅਤੇ ਭਾਈ ਮਨੀ ਸਿੰਘ ਜੀ ਵੱਲੋਂ ਸੰਮਤ 1763, ਦਿਨ ਐਤਵਾਰ, 8 ਭਾਦਰੋਂ ਨੂੰ ਬੀੜ ਲਿਖਣ ਦਾ ਕਾਰਜ ਸੰਪੂਰਨ ਹੋਣ ਦੀ ਸੂਚਨਾ ਗਿਆਨੀ ਕਰਤਾਰ ਸਿੰਘ ਕਲਾਸਵਾਲੀਆ ਇਸ ਪ੍ਰਕਾਰ ਦਿੰਦੇ ਹਨ:
ਇਹਨਾਂ ਦਿਨਾਂ ਦੇ ਵਿਚ ਸਤਿਗੁਰਾਂ ਨੇ ਆਦਿ ਗ੍ਰੰਥ ਬੀੜ ਰਚਾਈ ਵਾਹ ਵਾਹ॥
ਬਾਣੀ ਉਚਾਰਦੇ ਆਪ ਅਗਮ ਤੋਂ ਸਨ ਕੀਤੀ ਮਣੀ ਸਿੰਘ ਹਥੀਂ ਲਿਖਾਈ ਵਾਹ ਵਾਹ॥
ਸਤਾਰਾਂ ਸੌ ਤ੍ਰੇਹਠ ਦਿਨ ਐਤਵਾਰ ਦਾ ਸੀ ਆਠ ਭਾਦਰੋਂ ਬੀੜ ਮੁਕਾਈ ਵਾਹ ਵਾਹ॥
ਪਹਿਲੀ ਬੀੜ ਨਾਲੋਂ ਕਰਤਾਰ ਸਿੰਘਾ ਵਿਲੱਖਣਤਾ ਦਿਖਲਾਈ ਵਾਹ ਵਾਹ॥8
ਭਾਈ ਕਾਨ੍ਹ ਸਿੰਘ ਨਾਭਾ ਵੀ ਏਸੇ ਮੱਤ ਨੂੰ ਮੰਨਦੇ ਹਨ ਕਿ “ਦਸਮ ਗੁਰੂ ਜੀ ਨੇ ਆਪਣੇ ਆਤਮਿਕ ਬਲ ਨਾਲ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਵਾਇਆ।”9 ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲੇ ਵੀ ਇਹੋ ਮੰਨਦੇ ਹਨ ਕਿ, “ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮਾਧੀ-ਅਸਤ ਅੰਤਰ-ਧਿਆਨ ਹੋ ਕੇ ਸਾਰਾ ਗ੍ਰੰਥ ਸਾਹਿਬ ਆਪਣੇ ਮੁਖਾਰਬਿੰਦ ਤੋਂ ਉਚਾਰ ਕੇ ਭਾਈ ਮਨੀ ਸਿੰਘ ਜੀ ਤੋਂ ਲਿਖਵਾਇਆ।”10
ਭਾਈ ਰਤਨ ਸਿੰਘ ਭੰਗੂ ਦੇ ‘ਪ੍ਰਾਚੀਨ ਪੰਥ ਪ੍ਰਕਾਸ਼’ ਭਾਈ ਸੰਤੋਖ ਸਿੰਘ ਦੇ ‘ਗੁਰਪ੍ਰਤਾਪ ਸੂਰਜ ਗ੍ਰੰਥ’, ਗਿਆਨੀ ਗਿਆਨ ਸਿੰਘ ਦੇ ‘ਤਵਾਰੀਖ ਗੁਰੂ ਖਾਲਸਾ ਭਾਗ-2’, ਗਿਆਨੀ ਗਰਜਾ ਸਿੰਘ ਦੇ ‘ਸ਼ਹੀਦ ਬਿਲਾਸ’, ‘ਮਾਲਵਾ ਦੇਸ਼ ਰਟਨ ਦੀ ਸਾਖੀ’, ‘ਗਿਆਨ ਰਤਨਾਵਲੀ’।11 ਸਾਹਿਬੇ-ਕਮਾਲ ਗੁਰੂ ਗੋਬਿੰਦ ਸਿੰਘ ਜੀ, ਪ੍ਰੋ. ਸਾਹਿਬ ਸਿੰਘ, ਡਾ. ਹਰਨਾਮ ਸਿੰਘ ਸ਼ਾਨ, ਗਿਆਨੀ ਗੁਰਦਿੱਤ ਸਿੰਘ, ਪ੍ਰੋ. ਤੇਜਾ ਸਿੰਘ, ਗਿਆਨੀ ਕਰਤਾਰ ਸਿੰਘ ਕਲਾਸਵਾਲੀਆ, ਡਾ. ਤਾਰਨ ਸਿੰਘ,12 ਡਾ. ਬਲਵੰਤ ਸਿੰਘ (ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ), ਪ੍ਰੋ. ਪ੍ਰੀਤਮ ਸਿੰਘ, ਡਾ. ਰਤਨ ਸਿੰਘ ਜੱਗੀ, ਡਾ. ਸੁਖਦਿਆਲ ਸਿੰਘ,13 ਡਾ. ਸਹਿਗਲ14 ਆਦਿ ਸਿੱਖ- ਸ੍ਰੋਤਾਂ ਅਤੇ ਪੁਸਤਕਾਂ ਵਿੱਚੋਂ ਇਸ ਪ੍ਰਸੰਗ ਵਿਚ ਪ੍ਰਾਪਤ ਹੁੰਦੀ ਜਾਣਕਾਰੀ ਗੰਭੀਰਤਾ ਨਾਲ ਪੜ੍ਹਦੇ ਹਾਂ ਤਾਂ ਇਹ ਜਿੱਥੇ ਰੌਚਕ ਲੱਗਦੀ ਹੈ ਉਥੇ ਸਾਡੇ ਧਿਆਨ ਦੀ ਉਚੇਚਾ ਮੰਗ ਵੀ ਕਰਦੀ ਹੈ।
ਇਨ੍ਹਾਂ ਸਿੱਖ-ਸ੍ਰੋਤਾਂ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਨਿਵਾਸ ਸਮੇਂ ਭਾਈ ਮਨੀ ਸਿੰਘ ਦੀ ਅਗਵਾਈ ਹੇਠ ਜਦੋਂ ਸਿੱਖ ਸੰਗਤਾਂ ਨੇ ਦਸਮ ਪਾਤਸ਼ਾਹ ਨੂੰ ਸਮੱਗ੍ਰ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਅਰਥ, ਸੰਗਤਾਂ ਨੂੰ ਸ੍ਰਵਣ ਕਰਾਉਣ ਦੀ ਬੇਨਤੀ ਕੀਤੀ ਤਾਂ ਜੰਗਜੂ ਗਤੀਵਿਧੀਆਂ ਕਾਰਨ ਆਪ ਜੀ ਸਿੱਖ ਸੰਗਤਾਂ ਦੀ ਇਹ ਮੰਗ ਪੂਰੀ ਨਾ ਕਰ ਸਕੇ। ਇਥੋਂ ਇਹ ਪਤਾ ਲੱਗਦਾ ਹੈ ਕਿ ਉਸ ਸਮੇਂ ਆਦਿ ਗ੍ਰੰਥ ਸਾਹਿਬ ਪ੍ਰਚੱਲਤ ਸਨ। ਸ੍ਰੀ ਅਨੰਦਪੁਰ ਸਾਹਿਬ, ਚਮਕੌਰ ਸਾਹਿਬ, ਮਾਛੀਵਾੜਾ, ਦੀਨਾ ਕਾਂਗੜ, ਮੁਕਤਸਰ ਸਾਹਿਬ ਆਦਿ ਦੀਆਂ ਜੰਗਾਂ ਤੋਂ ਵਿਹਲੇ ਹੋ ਕੇ ਜਦੋਂ ਦਸਮ ਗੁਰੂ ਜੀ ਭਾਈ ਡੱਲੇ ਦੀ ਤਲਵੰਡੀ ਸਾਬੋ ਪੁੱਜੇ ਤਾਂ ਇਥੇ ਆਪ ਜੀ ਨੇ ਉਸ ਅਸਥਾਨ ’ਤੇ ਆ ਕੇ ਕਮਰਕੱਸਾ ਖੋਲ੍ਹ ਦਿੱਤਾ, ਜਿੱਥੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਠਹਿਰੇ ਸਨ। ਇਥੇ ਹੀ ਆਪ ਜੀ ਨੇ ‘ਆਦਿ ਗ੍ਰੰਥ ਸਾਹਿਬ ਜੀ’ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕਰਦਿਆਂ ਸੰਪੂਰਨ ਬੀੜ ਮੁੜ ਲਿਖਵਾਈ। ਬੀੜ ਲਿਖਣ ਦਾ ਕਾਰਜ ਕੀਤਾ ਭਾਈ ਮਨੀ ਸਿੰਘ ਜੀ ਨੇ ਅਤੇ ਬਾਬਾ ਦੀਪ ਸਿੰਘ ਜੀ ਨੇ ਇਹ ਕਾਰਜ ਸੰਪੂਰਨ ਕਰਨ ਹਿਤ ਉਨ੍ਹਾਂ ਦੀ ਪੂਰੀ ਸਹਾਇਤਾ ਕੀਤੀ। ਪੁਨਰ-ਸੰਪਾਦਤ ਇਹੋ ਦਮਦਮੀ ਬੀੜ ਸੰਪੂਰਨ ਹੋਣ ਉਪਰੰਤ ਸਮੁੱਚੇ ਸਿੱਖ ਪੰਥ ਵਿਚ ਪ੍ਰਮਾਣਿਤ ਤੌਰ ’ਤੇ ‘ਗੁਰੂ ਗ੍ਰੰਥ ਸਾਹਿਬ’ ਦੇ ਰੂਪ ਵਿਚ ਪ੍ਰਵਾਨਤ ਹੋਈ ਹੈ। ਇਥੇ ਇਹ ਗੱਲ ਨੋਟ ਕਰਨ ਦੀ ਲੋੜ ਹੈ ਕਿ ਦਸਮ ਪਾਤਸ਼ਾਹ ਬੀੜ ਤਿਆਰ ਕਰਾਉਣ ਦੇ ਨਾਲ ਬਾਣੀ ਦੇ ਪਾਠ-ਯੁਕਤ ਅਰਥ ਵੀ ਕਰਦੇ ਰਹੇ, ਜਿਨ੍ਹਾਂ ਨੂੰ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਨੇ ਇਕ ਮਨ ਤੇ ਇਕ ਚਿਤ ਹੋ ਕੇ ਸ੍ਰਵਣ ਕਰਦਿਆਂ ਆਪਣੇ ਮਨ ਅੰਦਰ ਵਸਾ ਲਿਆ। ਕਿਹਾ ਜਾਂਦਾ ਹੈ ਕਿ ਬਾਣੀ ਦੇ ਅਰਥ ਸੁਣਨ ਉਪਰੰਤ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਨੇ ਇਕਾਂਤਵਾਸ ਹੋਣ ਲਈ ਜੰਗਲਾਂ ਵੱਲ ਰੁਖ਼ ਕਰ ਲਿਆ ਪਰ ਦਸਮ ਗੁਰੂ ਜੀ ਨੇ ਆਪ ਨੂੰ ‘ਅਵਧੂਤ’ ਬਣਨ ਤੋਂ ਰੋਕਦਿਆਂ ਹੁਕਮ ਕੀਤਾ ਕਿ ਤੁਸੀਂ ਗੁਰਸਿੱਖੀ ਜੀਵਨ ਜਿਉਣਾ ਹੈ ਅਤੇ ‘ਬ੍ਰਹਮ ਗਿਆਨੀ ਪਰਉਪਕਾਰ ਉਮਾਹਾ’ ਦੇ ਸਿਧਾਂਤ ਅਨੁਸਾਰ ਗੁਰਬਾਣੀ ਦੇ ਅਰਥ ਸਿੰਘਾਂ ਨੂੰ ਪੜ੍ਹਾਉਣੇ ਹਨ ਅਤੇ ਗੁਰਬਾਣੀ ਅਨੁਸਾਰ ਹੀ ਜੀਵਨ ਜਿਊਣ ਦਾ ਰੋਲ ਮਾਡਲ ਪੇਸ਼ ਕਰਨਾ ਹੈ। ਬਾਬਾ ਦੀਪ ਸਿੰਘ ਜੀ ਦੀ ਡਿਊਟੀ ਸ੍ਰੀ ਦਮਦਮਾ ਸਾਹਿਬ (ਗੁਰੂ ਕੀ ਕਾਸ਼ੀ) ਵਿਖੇ ਰਹਿ ਕੇ ਬੀੜਾਂ ਲਿਖਣ, ਲਿਖਵਾਉਣ ਤੇ ਪਾਠ ਦੇ ਅਰਥ ਪੜ੍ਹਾਉਣ ਦੀ ਅਤੇ ਭਾਈ ਮਨੀ ਸਿੰਘ ਜੀ ਦੀ ਡਿਊਟੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਹੋਣ ਦੇ ਨਾਲ-ਨਾਲ ਗੁਰਬਾਣੀ ਦੇ ਅਰਥ ਸਿੰਘਾਂ ਨੂੰ ਪੜ੍ਹਾਉਣ ਦੀ ਲਗਾ ਦਿੱਤੀ। ਇਸ ਤਰ੍ਹਾਂ ਦਸਮ ਗੁਰੂ ਜੀ ਨੇ ‘ਆਦਿ ਗ੍ਰੰਥ ਸਾਹਿਬ’ ਦੀ ਪੁਨਰ-ਸੰਪਾਦਨਾ ਦੇ ਨਾਲ-ਨਾਲ ਗੁਰਬਾਣੀ ਦੀ ਵਿਧੀਵਤ ਟਕਸਾਲੀ ਅਰਥ ਪਰੰਪਰਾ ਵੀ ਦਮਦਮੇ ਅਰੰਭ ਕੀਤੀ।
ਗੁਰਬਾਣੀ ਦੀ ਇਸ ਅਰਥ-ਪਰੰਪਰਾ ਦੇ ਪ੍ਰਸੰਗ ਵਿਚ ਇਸ ਦੀ ਵਿਸ਼ੇਸ਼ਤਾ ਤੇ ਵਿਲੱਖਣਤਾ ਇਹ ਹੈ ਕਿ ਇਸ ਪਰੰਪਰਾ ਨਾਲ ਜੁੜੇ ਵਿਦਵਾਨ ਮੂਲ ਦੇ ਹਰ ਸ਼ਬਦ ਦੀ ਵਿਆਖਿਆ, ਅਰਥ-ਮੂਲਕ ਵਿਆਖਿਆ ਦੀ ਕੈਦ ਤੋਂ ਮੁਕਤ ਹੋ ਕੇ ਸਿਧਾਂਤਮੁਖੀ ਵਿਆਖਿਆ ਇਸ ਤਰ੍ਹਾਂ ਕਰਦੇ ਹਨ, ਜਿਸ ਨਾਲ ਅਧਿਆਤਮਿਕ ਰਹੱਸ ਸਹਿਜੇ ਹੀ ਸਪੱਸ਼ਟ ਹੋ ਜਾਂਦੇ ਹਨ। ਬ੍ਰਿਤਾਂਤ ਦੀ ਸਪੱਸ਼ਟਤਾ, ਸਿਧਾਂਤ ਦੀ ਦ੍ਰਿੜ੍ਹਤਾ, ਬੋਲੀ ਦੀ ਸਰਲਤਾ ਅਤੇ ਸ਼ੈਲੀ ਦੀ ਕੋਮਲਤਾ ਇਨ੍ਹਾਂ ਵਿਦਵਾਨਾਂ ਦੀ ਅਰਥ-ਪ੍ਰਣਾਲੀ ਦੀ ਵਿਸ਼ੇਸ਼ਤਾ ਆਖੀ ਜਾ ਸਕਦੀ ਹੈ। ਇਨ੍ਹਾਂ ਵਿਦਵਾਨਾਂ ਵੱਲੋਂ ਥੋੜ੍ਹੇ ਸ਼ਬਦਾਂ ਤੇ ਸੀਮਿਤ ਸਮੇਂ ਵਿਚ ਹੀ ਗੁਹਝ ਭਾਵ ਵਾਲੇ ਅਰਥ ਸਮਝਗੋਚਰੇ ਬਣਾ ਦਿੱਤੇ ਜਾਂਦੇ ਹਨ। ਇਨ੍ਹਾਂ ਵਿਦਵਾਨਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ-ਇਨ੍ਹਾਂ ਦਾ ਆਦਰਸ਼ਕ ਤੇ ਮਿਸਾਲੀ ‘ਸੰਤ-ਸਿਪਾਹੀ’ ਵਾਲਾ ਰੋਲ ਮਾਡਲ ਜੀਵਨ। ਇਹ ਵਿਦਵਾਨ ਨਿਰਾਪੁਰਾ ਗੁਰਬਾਣੀ ਅਰਥ ਕਰਨ ਵਿਚ ਹੀ ਮਾਹਰ ਨਹੀਂ ਸਨ ਬਲਕਿ ਇਨ੍ਹਾਂ ਦੀ ਕਠਨ ਸਾਧਨਾ ਸੰਤ-ਸਿਪਾਹੀ ਵਾਲੀ ਸਿੱਖੀ ਜੀਵਨ-ਜਾਚ ਦੀ ਜਿਊਂਦੀ-ਜਾਗਦੀ ਮਿਸਾਲ ਹੁੰਦੀ ਸੀ। ਇਹ ਆਪਣੇ ਸ਼ਾਗਿਰਦਾਂ ਨੂੰ ਕੇਵਲ ਗੁਰਬਾਣੀ ਦੇ ਅਰਥ ਹੀ ਨਹੀਂ ਸਨ ਸਮਝਾਉਂਦੇ ਸਗੋਂ ਮਿਸਾਲੀ ਸਿੱਖੀ ਜੀਵਨ ਅਪਣਾਉਣ ਅਤੇ ਉਸ ਨੂੰ ਪ੍ਰਚਾਰਨ ਦੀ ਸੰਥਿਆ ਵੀ ਦਿੰਦੇ ਸਨ। ਇਨ੍ਹਾਂ ਤੋਂ ਪੜ੍ਹੇ ਸਿੰਘ, ਵਿਰਕਤ ਜਾਂ ਸੰਨਿਆਸੀ ਜੀਵਨ ਨਹੀਂ ਸਨ ਜਿਊਂਦੇ ਸਗੋਂ ਗ੍ਰਿਹਸਤ ਜੀਵਨ ਵਿਚ ਪ੍ਰਵੇਸ਼ ਕਰਦਿਆਂ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦੇ ਸਿਧਾਂਤ ਨੂੰ ਅਮਲੀ ਰੂਪ ਵਿਚ ਅੰਗ-ਸੰਗ ਰੱਖਦੇ ਸਨ। ਜਦੋਂ ਵੀ ਕਦੇ ਸਿੱਖ ਪੰਥ ਤੇ ਗੁਰੂ ਗ੍ਰੰਥ ਸਾਹਿਬ ਦੀ ਆਨ-ਸ਼ਾਨ ਨੂੰ ਦੋਖੀਆਂ ਵੱਲੋਂ ਵੰਗਾਰਿਆ ਜਾਂ ਤ੍ਰਿਸਕਾਰਿਆ ਜਾਂਦਾ ਤਾਂ ਇਹੋ ਕਥਾਵਾਚਕ ਤੇ ਪ੍ਰਚਾਰਕ ਸਿੰਘ, ਪੰਥ ਤੇ ਗ੍ਰੰਥ ਦੀ ਆਨ-ਸ਼ਾਨ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਸਦਾ ਤਤਪਰ ਰਹਿੰਦੇ ਸਨ। ਭਾਈ ਮਨੀ ਸਿੰਘ ਜੀ ਦਾ ਬੰਦ-ਬੰਦ ਕੱਟਿਆ ਜਾਣਾ ਅਤੇ ਬਾਬਾ ਦੀਪ ਸਿੰਘ ਜੀ ਵੱਲੋਂ 18 ਸੇਰ (ਕੱਚਾ) ਵਜ਼ਨੀ ਖੰਡਾ ਖੜਕਾਉਂਦਿਆਂ ਸ਼ਹੀਦੀ ਪ੍ਰਾਪਤ ਕਰਨਾ ਅਨੋਖੀਆਂ ਮਿਸਾਲਾਂ ਹਨ।
ਉਪਰੋਕਤ ਵਿਵਰਣ ਸਾਡੇ ਸਾਹਮਣੇ ਇਸ ਤੱਥ ਨੂੰ ਉਭਾਰਦਾ ਹੈ ਕਿ ਸ੍ਰੀ ਗੁਰੁ ਅਰਜਨ ਦੇਵ ਜੀ ਵੱਲੋਂ ਤਿਆਰ ਕਰਵਾਈ ਗਈ ਬੀੜ ‘ਆਦਿ ਗ੍ਰੰਥ’ ਪੂਰੀ ਤਰ੍ਹਾਂ ਕਰਤਾਰਪੁਰ ਦੇ ਸੋਢੀਆਂ ਦੇ ਕਬਜ਼ੇ ਵਿਚ ਸੀ, ਜਿਨ੍ਹਾਂ ਨੇ ਉਸ ਨੂੰ ਦਸਮ ਗੁਰੂ ਜੀ ਨੂੰ ਵੀ ਦੇਣ ਤੋਂ ਇਨਕਾਰ ਕਰ ਦਿੱਤਾ। ਗੁਰੂ-ਘਰ ਦਾ ਵਿਰੋਧ ਕਰਨ ਵਾਲਿਆਂ ਨੇ ਇਸ ਸਮੇਂ ਪਾਵਨ-ਬੀੜ ਵਿਚ ਆਪਣੀ ਮਨਸ਼ਾ ਅਨੁਸਾਰ ਕਈ ਵਾਧੇ-ਘਾਟੇ ਕਰ ਲਏ ਸਨ। ਇਥੋਂ ਤਕ ਕਿ ਕੁਝ ਬੀੜਾਂ ਵਿਚ ਨੌਵੇਂ ਗੁਰੂ ਜੀ ਦੇ ਸ਼ਬਦ ਵੀ ਬੇਤਰਤੀਬ ਦਰਜ ਕਰ ਲਏ ਗਏ। ਅਜਿਹੀ ਸਥਿਤੀ ਵਿਚ ਦਸਮ ਗੁਰੂ ਜੀ ਲਈ ਜ਼ਰੂਰੀ ਹੋ ਗਿਆ ਸੀ ਕਿ ਉਹ ਪੰਚਮ ਪਾਤਸ਼ਾਹ ਦੀ ਮੂਲ-ਭਾਵਨਾ ਦੇ ਸਨਮੁਖ ‘ਆਦਿ ਗ੍ਰੰਥ’ ਦਾ ਅਵਲੋਕਨ ਕਰਦਿਆਂ ਇਸ ਦਾ ਪੁਨਰ-ਸੰਪਾਦਨ ਕਰਨ।
ਇਸ ਪੁਨਰ-ਸੰਪਾਦਨ ਕਾਰਜ ਸਮੇਂ ਦਸਮ ਗੁਰੂ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਚੀ ਬਾਣੀ ਦੇ 59 ਸ਼ਬਦਾਂ ਨੂੰ ਉਨ੍ਹਾਂ ਦੇ ਭਾਵ ਸੰਚਾਰ- ਸਨਮੁਖ, ਰਾਗਾਂ ਦੇ ਭਾਵ-ਸੰਚਾਰ ਨਾਲ ਸੁਮੇਲ ਕਰਦਿਆਂ ਲੋੜੀਂਦੇ ਰਾਗ ਸਿਰਲੇਖਾਂ ਹੇਠ ਅੰਕਿਤ ਕੀਤਾ ਅਤੇ 57 ਸਲੋਕਾਂ ਨੂੰ ਸੁਤੰਤਰ ਰੂਪ ਵਿਚ ਅੰਤਲੇ ਹਿੱਸੇ ਵਿਚ ਸ਼ਾਮਲ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕੀਤਾ। ਇਸੇ ਦਮਦਮੀ ਬੀੜ ਨੂੰ 1708 ਈ. ਵਿਚ ਦਸਮ ਗੁਰੂ ਜੀ ਨੇ ‘ਗੁਰਗੱਦੀ’ ਦਿੱਤੀ ਸੀ।
ਹੁਣ ਤਾਂ ਇਸ ਜਾਗਤ ਜੋਤਿ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਨੂੰ ਦੇਸ਼ ਦੀ ਸਰਵਉੱਚ ਦੁਨਿਆਵੀ ਅਦਾਲਤ ਸੁਪਰੀਮ ਕੋਰਟ ਨੇ ਵੀ ‘ਨਿਆਂਇਕ ਸ਼ਖ਼ਸੀਅਤ’ ਪ੍ਰਵਾਨ ਕਰਦਿਆਂ ਇਸ ਦੀ ਪਾਵਨਤਾ, ਸੰਪੂਰਨਤਾ ਤੇ ਗੁਰਤਾ ਨੂੰ ਸਥਾਪਿਤ ਕਰ ਦਿੱਤਾ ਹੈ। ‘ਬਾਣੀ ਗੁਰੂ ਗੁਰੂ ਹੈ ਬਾਣੀ’ ਦੀ ਭਾਵਨਾ ਦੇ ਅੰਤਰਗਤ ਕਾਨੂੰਨੀ-ਭਾਸ਼ਾ ਦੀ ਪਰਿਭਾਸ਼ਾ ਅਨੁਸਾਰ ਨਿਆਂਇਕ ਸ਼ਖ਼ਸੀਅਤ ਉਹ ਹੁੰਦੀ ਹੈ ਜਿਸ ਵਿਚ ਵਿਅਕਤੀ ਪੰਜ-ਭੂਤਕ ਸਰੀਰ ਪੱਖੋਂ ਤਾਂ ਹਾਜ਼ਰ ਨਹੀਂ ਹੁੰਦਾ ਪਰ ਉਸ ਦੀ ਸ਼ਖ਼ਸੀਅਤ ਨੂੰ ਹਾਜ਼ਰ-ਨਾਜ਼ਰ ਮੰਨ ਲਿਆ ਜਾਂਦਾ ਹੈ। 2 ਅਪ੍ਰੈਲ, 2002 ਨੂੰ ਸੁਪਰੀਮ ਕੋਰਟ ਦੇ ਜੱਜ ਸ੍ਰੀ ਏ.ਪੀ. ਮਿਸ਼ਰਾ ਅਤੇ ਐਮ.ਆਰ.ਰਾਓ ਨੇ 86 ਵਿਅਕਤੀਆਂ ਵੱਲੋਂ ਕੀਤੇ ਗਏ ਇਕ ਕੇਸ ਦਾ ਫੈਸਲਾ ਦਿੰਦਿਆਂ ਆਖਿਆ ਸੀ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਸਿੱਖਾਂ ਦੇ ਪੂਜਨੀਕ ਹਾਜ਼ਰ- ਨਾਜ਼ਰ ਗੁਰੂ ਹਨ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੋਵੇ ਉਹ ਅਸਥਾਨ ਪੂਜਨੀਕ ਤੇ ਪਾਵਨ ਬਣ ਜਾਂਦਾ ਹੈ। ਇਸ ਪਾਵਨਤਾ ਦੇ ਆਧਾਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਿਆਂਇਕ ਸ਼ਖ਼ਸੀਅਤ ਵਜੋਂ ਕਾਨੂੰਨੀ ਮਾਨਤਾ ਦੇਣ ਦੇ ਸਾਰੇ ਗੁਣ ਮੌਜੂਦ ਹਨ। ਇਸ ਦੇ ਵਿਪਰੀਤ ਇਸ ਦੀ ਪਰਿਭਾਸ਼ਾ ਕਰਨਾ ਨਿਆਂਇਕ ਸ਼ਖ਼ਸੀਅਤ ਦੇ ਅਰਥ ਨੂੰ ਕਾਨੂੰਨੀ ਖੇਤਰ ਵਿਚ ਉਸ ਨਿਆਂ ਵਿਧਾਨ ਦੀ ਹੇਠੀ ਹੋਵੇਗੀ ਜਿਸ ਆਧਾਰ ’ਤੇ ਇਹ ਹੋਂਦ ਵਿਚ ਆਇਆ ਹੈ।
ਲੇਖਕ ਬਾਰੇ
- ਡਾ. ਜਸਬੀਰ ਸਿੰਘ ਸਾਬਰhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%b8%e0%a8%be%e0%a8%ac%e0%a8%b0/September 1, 2007
- ਡਾ. ਜਸਬੀਰ ਸਿੰਘ ਸਾਬਰhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%b8%e0%a8%be%e0%a8%ac%e0%a8%b0/
- ਡਾ. ਜਸਬੀਰ ਸਿੰਘ ਸਾਬਰhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%b8%e0%a8%be%e0%a8%ac%e0%a8%b0/
- ਡਾ. ਜਸਬੀਰ ਸਿੰਘ ਸਾਬਰhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%b8%e0%a8%be%e0%a8%ac%e0%a8%b0/November 1, 2008
- ਡਾ. ਜਸਬੀਰ ਸਿੰਘ ਸਾਬਰhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%b8%e0%a8%be%e0%a8%ac%e0%a8%b0/August 1, 2009
- ਡਾ. ਜਸਬੀਰ ਸਿੰਘ ਸਾਬਰhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%b8%e0%a8%be%e0%a8%ac%e0%a8%b0/November 1, 2009
- ਡਾ. ਜਸਬੀਰ ਸਿੰਘ ਸਾਬਰhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%b8%e0%a8%be%e0%a8%ac%e0%a8%b0/May 1, 2010
- ਡਾ. ਜਸਬੀਰ ਸਿੰਘ ਸਾਬਰhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%b8%e0%a8%be%e0%a8%ac%e0%a8%b0/October 1, 2010