editor@sikharchives.org

ਫਿਰ ਮੁਜ਼ਰਿਮ ਕੌਣ ਹਨ?

ਵਹਿਸ਼ੀ ਦਰਿੰਦਿਆਂ ਵੱਲੋਂ ਸ਼ਿਕਾਰੀ ਕੁੱਤਿਆਂ ਦਾ ਰੂਪ ਧਾਰ ਕੇ ਸਿੱਖਾਂ ਦਾ ਲੱਭ-ਲੱਭ ਕੇ ਸ਼ਿਕਾਰ ਕੀਤਾ ਜਾ ਰਿਹਾ ਸੀ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਕਦੀ ਭੁੱਲ ਕੇ ਵੀ ਨਾ ਭੁਲਾਏ ਜਾਣ ਵਾਲੇ ਨਵੰਬਰ 84 ਦੇ ਕਤਲੇਆਮ ਦਾ ਦੁਖਾਂਤ ਉਸ ਸਮੇਂ ਵਰਤਿਆ ਜਦੋਂ ਸ. ਸਤਵੰਤ ਸਿੰਘ ਅਤੇ ਸ. ਬੇਅੰਤ ਸਿੰਘ ਨੇ ਭਾਰਤ ਦੀ ਪ੍ਰਧਾਨ ਮੰਤਰੀ ਨੂੰ 31 ਅਕਤੂਬਰ ਵਾਲੇ ਦਿਨ ਸਵੇਰ ਦੇ 9:18 ਮਿੰਟ ‘ਤੇ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਇਹ ਉਸ ਵੱਲੋਂ ਕਰਵਾਏ ਗਏ ਜੂਨ 1984 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਅਤੇ ਹੋਰ ਗੁਰਧਾਮਾਂ ‘ਤੇ ਫੌਜੀ ਹਮਲੇ ਦਾ ਨਤੀਜਾ ਸੀ।

ਇੰਦਰਾ ਗਾਂਧੀ ਨੂੰ ਜਿਸ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦਿੱਲੀ ਵਿਖੇ ਦਾਖ਼ਲ ਕਰਵਾਇਆ ਗਿਆ, ਉਸ ਦੇ ਮੁੱਖ ਪ੍ਰਵੇਸ਼ ਦੁਆਰ ਦੇ ਸਾਹਮਣੇ ਦੁੱਖ ਦਾ ਪ੍ਰਗਟਾਵਾ ਕਰਨ ਆਏ ਲੱਗਭਗ 3-4 ਹਜ਼ਾਰ ਦੀ ਗਿਣਤੀ ‘ਚ ਲੋਕਾਂ ਦਾ ਇਕੱਠ ਸੀ, ਜਿਸ ਵਿਚ ਸਿੱਖ ਵੀ ਮੌਜੂਦ ਸਨ। ਸ੍ਰੀ ਦੇਵ ਦੱਤ ਪੱਤਰਕਾਰ ਦੇ ਮੁਤਾਬਕ ਸਾਢੇ ਚਾਰ ਵਜੇ ਇਸ ਇਕੱਠ ਵਿੱਚੋਂ 30-35 ਨੌਜਵਾਨਾਂ ਦਾ ਟੋਲਾ ਨਿਕਲਿਆ, ਜਿਸ ਨੇ ਆਈ. ਐਨ. ਏ. ਮਾਰਕੀਟ ਦੇ ਬਾਹਰ ਇਕ ਸਿੱਖ ਦੇ ਸਕੂਟਰ ਨੂੰ ਅੱਗ ਲਾ ਦਿੱਤੀ। ਫਿਰ ਉਹ ਝੁੰਡ ਸਰੋਜਨੀ ਨਗਰ ਵੱਲ ਨੂੰ ਹੋ ਤੁਰਿਆ ਅਤੇ ਬੱਸਾਂ ਵਿੱਚੋਂ ਸਿੱਖਾਂ ਨੂੰ ਧੂਹ ਕੇ ਦੁਰਵਿਹਾਰ ਕਰਨ ਲੱਗ ਪਿਆ। ਸ੍ਰੀ ਦੇਵ ਦੱਤ ਜੀ ਦੱਸਦੇ ਹਨ ਕਿ, ‘ਮੈਂ ਇੱਕੋ ਕਤਾਰ ਵਿਚ ਪੰਜ ਪੱਗਾਂ ਸੜਦੀਆਂ ਵੇਖੀਆਂ।’

ਪੰਜ ਕੁ ਵਜੇ ਜਦੋਂ ਰਾਜੀਵ ਗਾਂਧੀ ਆਪਣੀ ਮਾਤਾ (ਇੰਦਰਾ ਗਾਂਧੀ) ਕੋਲ ਆਇਆ ਉਸ ਵੇਲੇ ਉਹ ਬੜੇ ਕ੍ਰੋਧ ਵਿਚ ਸੀ। ਉਸ ਦੇ ਨਾਲ ਆਏ (ਸੂਚਨਾ ਤੇ ਪ੍ਰਸਾਰਨ) ਰਾਜ ਮੰਤਰੀ ਐੱਚ. ਕੇ. ਐੱਲ. ਭਗਤ ਨੇ ਹਸਪਤਾਲ ਤੋਂ ਬਾਹਰ ਭਾਰੀ ਇਕੱਠ (ਜੋ ‘ਇੰਦਰਾ ਗਾਂਧੀ ਅਮਰ ਰਹੇ’, ‘ਖ਼ੂਨ ਕਾ ਬਦਲਾ ਖ਼ੂਨ ਸੇ ਲੇਂਗੇ’ ਦੇ ਨਾਅਰੇ ਲਗਾ ਰਿਹਾ ਸੀ) ਨੂੰ (ਰਿਪੋਰਟ ਆਫ ਨੇਸ਼ਨ ਟਰੁੱਥ ਅਬਾਉਟ ਦਿੱਲੀ ਵਿਓਲੈਂਸ ਅਨੁਸਾਰ) ਕਿਹਾ, “ਕੀ ਤੁਸੀਂ ਇਸ ਜਗ੍ਹਾ ‘ਤੇ ਹੀ ਫੋਕੇ ਨਾਅਰੇ ਲਾ ਕੇ ਪ੍ਰਾਰਥਨਾ ਕਰਦੇ ਰਹੋਗੇ?” ਇਸ ਤੋਂ ਸਪੱਸ਼ਟ ਹੈ ਕਿ ਉਸ ਨੇ ਕਾਂਗਰਸ (ਆਈ) ਦੇ ਹਮਾਇਤੀਆਂ ਨੂੰ ਸਿੱਖ ਕਤਲੇਆਮ ਵਾਸਤੇ ਭੜਕਾਇਆ।

ਜਦੋਂ ਛੇ ਵਜੇ ਆਲ ਇੰਡੀਆ ਰੇਡੀਓ ਨੇ ਸ੍ਰੀਮਤੀ ਇੰਦਰਾ ਗਾਂਧੀ ਦੀ ਮੌਤ ਅਤੇ ਉਸ ਤੋਂ ਉਪਰੰਤ ਉਸ ਦੇ ਪੁੱਤਰ ਰਾਜੀਵ ਗਾਂਧੀ ਦੇ (ਤਿੰਨ ਵਜ਼ੀਰਾਂ ਸਮੇਤ) ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਦੀ ਖ਼ਬਰ ਦਿੱਤੀ, ਉਸ ਸਮੇਂ ਸਿੱਖਾਂ ਦਾ ਕਾਫੀ ਜਾਨੀ-ਮਾਲੀ ਨੁਕਸਾਨ ਹੋ ਚੁੱਕਾ ਸੀ। ਵਿਗੜ ਰਹੇ ਹਾਲਾਤ ‘ਤੇ ਕਾਬੂ ਪਾਉਣ ਵਾਸਤੇ ਜਦੋਂ ਭਾਰਤੀ ਜਨਤਾ ਪਾਰਟੀ ਦੇ ਨੇਤਾ ਨੇ ਨਵੇਂ ਬਣੇ ਗ੍ਰਹਿ ਮੰਤਰੀ (ਨਰਸਿੰਮਹਾ ਰਾਓ) ਨੂੰ ਕਿਹਾ ਤਾਂ ਉਸ ਨੇ ਯਕੀਨ ਦਵਾਇਆ ਕਿ “ਵਿਗੜ ਰਹੇ ਹਾਲਾਤ ‘ਤੇ ਦੋ ਘੰਟਿਆਂ ਵਿਚ ਕਾਬੂ ਪਾ ਲਿਆ ਜਾਵੇਗਾ।” ਪਰ ਸਿੱਖਾਂ ਦੇ ਖ਼ੂਨ ਦੀ ਖੇਡੀ ਜਾ ਰਹੀ ਹੋਲੀ ਨੂੰ ਰੋਕਣ ਵਾਸਤੇ ਕੋਈ ਵੀ ਕਦਮ ਨਾ ਚੁੱਕਿਆ।

ਗਿਣੀ-ਮਿਥੀ ਸਾਜ਼ਸ਼ ਮੁਤਾਬਕ ਕਾਂਗਰਸ (ਆਈ) ਦੇ ਹਮਾਇਤੀਆਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾ ਕੇ ਝੂਠੀਆਂ ਅਫਵਾਹਾਂ ਫੈਲਾਈਆਂ ਗਈਆਂ ਕਿ ‘ਸਿੱਖ ਇੰਦਰਾ ਗਾਂਧੀ ਦੀ ਮੌਤ ਹੋਣ ‘ਤੇ ਭੰਗੜੇ ਪਾ ਰਹੇ ਹਨ ਅਤੇ ਮਠਿਆਈਆਂ ਵੰਡ ਰਹੇ ਹਨ, (ਹਿੰਦੂਆਂ ਨੂੰ ਸਿੱਖਾਂ ਦੇ ਖਿਲਾਫ਼ ਭੜਕਾਉਣ ਵਾਸਤੇ) ਪੁਰਾਣੀ ਦਿੱਲੀ ਦੇ ਸਟੇਸ਼ਨ ‘ਤੇ ਸੈਂਕੜੇ ਹਿੰਦੂਆਂ ਦੀਆਂ ਲਾਸ਼ਾਂ ਨਾਲ ਭਰੀਆਂ ਗੱਡੀਆਂ ਸਿੱਖਾਂ ਨੇ ਪੰਜਾਬ ਤੋਂ ਭੇਜੀਆਂ ਹਨ, (ਦਿੱਲੀ ਦੇ ਵਸਨੀਕਾਂ ਨੂੰ ਭੜਕਾਉਣ ਵਾਸਤੇ) ਸਿੱਖਾਂ ਨੇ ਪੀਣ ਵਾਲੇ ਸਾਰੇ ਪਾਣੀ ਵਿਚ ਜ਼ਹਿਰ ਘੋਲ ਦਿੱਤਾ ਹੈ’ ਵਰਗੀਆਂ ਅਫਵਾਹਾਂ ਨੇ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ। ਇਥੇ ਹੀ ਬਸ ਨਹੀਂ, ਸਗੋਂ ਕਾਂਗਰਸ (ਆਈ) ਦੇ ਹਮਾਇਤੀਆਂ/ਨੇਤਾਵਾਂ ਨੇ ਬਾਹਰਲੇ ਪਿੰਡਾਂ ਤੋਂ ਭੰਗੀਆਂ, ਗੁੱਜਰਾਂ, ਜਾਟਾਂ ਅਤੇ ਗੁੰਡਿਆਂ ਨੂੰ ਵਧ-ਚੜ੍ਹ ਕੇ ਸਿੱਖਾਂ ਦਾ ਕਤਲੇਆਮ ਕਰਨ ਵਾਸਤੇ ਲਿਆਂਦਾ। ਉਨ੍ਹਾਂ ਨੂੰ ਇਹ ਵੀ ਲਾਲਚ ਦਿੱਤਾ ਗਿਆ ਕਿ ਸਿੱਖਾਂ ਨੂੰ ਮਾਰ ਕੇ ਉਨ੍ਹਾਂ ਦੀ ਲੁੱਟੀ ਹੋਈ ਜਾਇਦਾਦ ਤੁਹਾਡੀ ਹੋਵੇਗੀ। ਟੀ. ਵੀ. ‘ਤੇ ‘ਖ਼ੂਨ ਕਾ ਬਦਲਾ ਖ਼ੂਨ ਸੇ ਲੇਂਗੇ’ ਵਰਗੇ ਭੜਕਾਊ ਨਾਅਰੇ ਸੁਣੇ ਗਏ।

ਵਹਿਸ਼ੀ ਦਰਿੰਦਿਆਂ ਵੱਲੋਂ ਸ਼ਿਕਾਰੀ ਕੁੱਤਿਆਂ ਦਾ ਰੂਪ ਧਾਰ ਕੇ ਸਿੱਖਾਂ ਦਾ ਲੱਭ-ਲੱਭ ਕੇ ਸ਼ਿਕਾਰ ਕੀਤਾ ਜਾ ਰਿਹਾ ਸੀ। ਘਰਾਂ, ਦੁਕਾਨਾਂ, ਟਰੱਕ/ਮੋਟਰ ਗੱਡੀਆਂ ਅਤੇ ਗੁਰਦੁਆਰਿਆਂ ਨੂੰ ਅੱਗ ਲਗਾਈ ਜਾ ਰਹੀ ਸੀ। ਸੁੰਦਰ ਨਗਰ ਕਾਲੋਨੀ ਵਿਚ ਗੁਰਦੁਆਰਾ ਸਾਹਿਬ ‘ਤੇ ਹਮਲਾ ਕਰਨ ਆਏ ਰਾਖਸ਼ ਟੋਲੇ ਦਾ ਸ. ਦਿਲਬਾਗ ਸਿੰਘ (ਕੁਰੂਕਸ਼ੇਤਰ) ਅਤੇ ਹੋਰ ਅੰਮ੍ਰਿਤਧਾਰੀ ਤੇ ਗੈਰ-ਅੰਮ੍ਰਿਤਧਾਰੀ ਸਿੱਖਾਂ ਵੱਲੋਂ ਡੱਟ ਕੇ ਮੁਕਾਬਲਾ ਕੀਤਾ ਗਿਆ। ਗਹਿ-ਗੱਚ ਲੜਾਈ ਹੋਣ ਤੋਂ ਬਾਅਦ ਸ. ਦਿਲਬਾਗ ਸਿੰਘ ਹਮਲਾਵਰਾਂ ਦੇ ਹੱਥ ਆ ਗਿਆ। ਉਸ ਨੂੰ ਬੜੀ ਬੇਰਹਿਮੀ ਨਾਲ ਥੋੜ੍ਹਾ-ਥੋੜ੍ਹਾ ਸਾੜ ਕੇ ਮਾਰਿਆ ਗਿਆ ਅਤੇ ਵਿਰਲਾਪ ਕਰ ਰਹੀ ਉਸ ਦੀ ਪਤਨੀ ਨਾਲ ਨਹਾਇਤ ਕੋਝੀਆਂ ਹਰਕਤਾਂ ਕੀਤੀਆਂ ਗਈਆਂ। ਜ਼ੁਲਮ ਦੀ ਹੱਦ ਸਿਖਰਾਂ ਨੂੰ ਛੂਹ ਰਹੀ ਸੀ। ਸ਼ਹੀਦ ਨਗਰ ਵਿਚ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਸਾੜਿਆ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਪਾਵਨ ਸਰੂਪ ਵੀ ਜਲਾ ਦਿੱਤੇ, ਗੁਰੂ ਸਾਹਿਬ ਦੇ ਅੱਧ-ਸੜੇ ਸਰੂਪਾਂ ਨੂੰ ਪੈਰਾਂ ਵਿਚ ਰੋਲ਼ਿਆ ਗਿਆ। ਦਿੱਲੀ ਦੇ ਕੋਨੇ-ਕੋਨੇ ਵਿਚ ਸਿੱਖ ਕਤਲੇਆਮ ਦੀ ਹਾਹਾਕਾਰ ਮੱਚੀ ਹੋਈ ਸੀ ਲੇਕਿਨ ਅਜੇ ਵੀ ਤਤਕਾਲੀ ਗ੍ਰਹਿ ਮੰਤਰੀ “ਹਾਲਾਤ ਪੂਰੀ ਤਰ੍ਹਾਂ ਕਾਬੂ ਵਿਚ ਹੈ” ਦੱਸ ਰਿਹਾ ਸੀ।

ਜਦੋਂ ਰਾਸ਼ਟਰਪਤੀ ਨੂੰ ਕੁਝ ਸ਼ਹਿਰੀ ਅਤੇ ਉੱਚ ਅਧਿਕਾਰੀਆਂ ਨੇ ਪੁੱਛਿਆ ਕਿ, “ਕਿ ਵਿਗੜ ਰਹੇ ਹਾਲਾਤ ‘ਤੇ ਕਾਬੂ ਪਾਉਣ ਵਾਸਤੇ ਫੌਜ ਨੂੰ ਕਿਉਂ ਨਹੀਂ ਬੁਲਾਇਆ ਜਾ ਰਿਹਾ?” ਤਾਂ ਉਸ ਨੇ ਦੱਸਿਆ, “ਸਰਕਾਰ ਅਜੇ ਸੋਚ ਰਹੀ ਹੈ ਕਿ ਫ਼ੌਜ ਨੂੰ ਬੁਲਾਇਆ ਜਾਵੇ ਜਾਂ ਨਾ।”

ਵਿਰੋਧੀ ਧਿਰ ਦੇ ਨੇਤਾਵਾਂ ਦੇ ਵਾਰ-ਵਾਰ ਜ਼ੋਰ ਦੇਣ ‘ਤੇ “ਅਣਮਿੱਥੇ ਸਮੇਂ ਲਈ ਕਰਫ਼ਿਊ ਲਗਾ ਦਿੱਤਾ ਗਿਆ, ਫੌਜ ਸੱਦ ਲਈ ਗਈ ਅਤੇ ਵੇਖਦਿਆਂ ਹੀ ਗੋਲੀ ਮਾਰਨ ਦਾ ਹੁਕਮ ਇਕ ਨਵੰਬਰ ਦੀ ਸ਼ਾਮ ਨੂੰ ਜਾਰੀ ਕੀਤਾ ਗਿਆ।” (ਇੰਡੀਅਨ ਐਕਸਪ੍ਰੈੱਸ 2 ਨਵੰਬਰ) ਵਿਗੜੇ ਹੋਏ ਹਾਲਾਤ ਨੂੰ ਕਾਬੂ ਵਿਚ ਲੈਣ ਵਾਸਤੇ (24 ਘੰਟੇ ਨਸ਼ਟ ਕਰ ਕੇ) ਫੌਜ ਦੇ ਹੱਥ ਪ੍ਰਬੰਧ ਦੇਣਾ ਇਕ ਸੋਚੀ-ਸਮਝੀ ਸਾਜ਼ਸ਼ ਨਹੀਂ ਤਾਂ ਹੋਰ ਕੀ ਸੀ? ਮੇਜਰ ਜਨਰਲ ਜੇ. ਐੱਸ. ਜੰਮਵਾਲ ਦਾ 7 ਨਵੰਬਰ 1984 ਦਾ ਬਿਆਨ “ਹਿੰਸਾ ‘ਤੇ ਕਾਬੂ ਪਾਉਣ ਲਈ ਫੌਜ ਪੂਰੀ ਤਰ੍ਹਾਂ ਤਾਇਨਾਤ ਉਦੋਂ ਕੀਤੀ ਗਈ ਜਦੋਂ ਇੰਦਰਾ ਗਾਂਧੀ ਦੇ ਅੰਤਮ ਸਸਕਾਰ ਲਈ ਰਾਖਵੇਂ ਰੱਖੇ 3000 ਫੌਜੀ ਅਤੇ ਮੋਟਰ ਗੱਡੀਆਂ ਵਿਹਲੀਆਂ ਹੋ ਗਈਆਂ।” ਭਾਵ 72 ਘੰਟੇ ਬਾਅਦ।

ਮੁਨੀਰਕਾ ਵਿਚ ਯੂਥ ਦੇ ਨੇਤਾ ਸਤਬੀਰ ਸਿਹੁੰ ਨੇ ਗੁੰਡਿਆਂ ਦੀ ਭਰੀ ਬੱਸ ਲਿਆਂਦੀ ਜਿਨ੍ਹਾਂ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਇਮਾਰਤ ਅਤੇ ਸਕੂਲੀ ਬੱਸਾਂ ਨੂੰ ਅੱਗ ਲਗਾ ਦਿੱਤੀ। ਤ੍ਰਿਸ਼ੂਲਾਂ, ਲੋਹੇ ਦੇ ਸਰੀਏ ਅਤੇ ਹੋਰ ਤੇਜ਼ ਹਥਿਆਰਾਂ ਨਾਲ ਸਿੱਖਾਂ ਦਾ ਘਾਣ ਕੀਤਾ ਜਾ ਰਿਹਾ ਸੀ। ਪੀ. ਯੂ. ਡੀ. ਆਰ. ਅਤੇ ਪੀ. ਯੂ. ਸੀ. ਐੱਲ. ਦੀ ਰਿਪੋਰਟ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ “ਆਰ ਕੇ ਪੁਰਮ ਦੇ ਚਾਰ ਸੈਕਟਰ ਦੇ ਪੁਲਿਸ ਸਟੇਸ਼ਨ ਜਾ ਕੇ ਜਦੋਂ ਸ੍ਰੀ ਧਰਮ ਰਾਜ ਪੁਆਰ ਅਤੇ ਸ੍ਰੀ ਰਾਜਵੀਰ ਪੁਆਰ (ਜੋ ਬੇਰ ਸਰਾਏ ਦੇ ਵਸਨੀਕ ਸਨ) ਨੇ ਐੱਸ. ਐੱਚ. ਓ. ਨੂੰ ਮੁਨੀਰਕਾ ਦੇ ਨਗਰ ਨਿਗਮ (ਹਲਕਾ ਨੰਬਰ 14) ਦੇ ਮੈਂਬਰ ਜਗਦੀਸ਼ ਟੋਕਾਮ ਦੀ ਅਗਵਾਈ ਹੇਠਲੀ ਭੀੜ ਪਾਸੋਂ ਉਨ੍ਹਾਂ ਸਿੱਖਾਂ ਨੂੰ ਬਚਾਉਣ ਵਾਸਤੇ ਬੇਨਤੀ ਕੀਤੀ ਜਿਨ੍ਹਾਂ ਨੂੰ ਹਿੰਦੂ ਭਰਾਵਾਂ ਨੇ ਆਪਣੇ ਘਰਾਂ ਵਿਚ ਪਨਾਹ ਦਿੱਤੀ ਹੋਈ ਹੈ, ਪਰ ਅੱਗੋਂ ਐੱਸ. ਐੱਚ. ਓ. ਨੇ ਉਨ੍ਹਾਂ ਨੂੰ “ਸਿੱਖਾਂ ਨੂੰ ਮਾਰਨਾ ਬਿਲਕੁਲ ਜਾਇਜ਼” ਦੱਸਿਆ ਅਤੇ ਪੁਲਿਸ ਸਟੇਸ਼ਨ ਦੇ ਬਾਹਰ ਖੜ੍ਹੇ ਦੋ ਸਿਪਾਹੀ, ਉਨ੍ਹਾਂ ਨੂੰ ਕਹਿੰਦੇ ਹਨ, “ਜਾਟ ਹੋਣ ਦੇ ਨਾਤੇ ਤੁਹਾਨੂੰ ਉਨ੍ਹਾਂ ਸਿੱਖਾਂ ਨੂੰ ਮਾਰ ਦੇਣਾ ਚਾਹੀਦਾ ਹੈ।” ਗੱਲ ਕੀ? ਖੁਦ ਪੁਲਿਸ ਵੀ ਭੂਤਰੀ ਹੋਈ ਭੀੜ ਨੂੰ ਸਿੱਖਾਂ ਨੂੰ ਮਾਰਨ, ਉਨ੍ਹਾਂ ਦੀਆਂ ਜਾਇਦਾਦਾਂ ਸਾੜਨ, ਲੁੱਟਣ ਅਤੇ ਉਨ੍ਹਾਂ ਦੀਆਂ ਬਹੂ/ਬੇਟੀਆਂ ਨਾਲ ਬਲਾਤਕਾਰ ਕਰਨ ਵਾਸਤੇ ਉਕਸਾ/ਭੜਕਾ ਰਹੀ ਸੀ। ਐੱਮ. ਪੀ. ਸੱਜਨ ਕੁਮਾਰ ਅਤੇ ਲਲਿਤ ਮਾਕਨ ਦੇ ਟਰੇਡ ਯੂਨੀਅਨ ਦੇ ਨੇਤਾ ਆਦਿ ਸਿੱਖਾਂ ਦੇ ਕਾਤਲਾਂ ਨੂੰ ਪ੍ਰਤੀ ਵਿਅਕਤੀ 100 ਰੁਪਿਆ ਅਤੇ ਇਕ ਬੋਤਲ ਸ਼ਰਾਬ ਦੀ ਵੰਡ ਰਹੇ ਸਨ, ਇਨ੍ਹਾਂ ਵੱਲੋਂ ਕਈਆਂ ਕਾਤਲਾਂ ਨੂੰ ਪ੍ਰਤੀ ਵਿਅਕਤੀ 1000 ਰੁਪਿਆ ਵੀ ਦਿੱਤਾ ਗਿਆ।

ਸਰਕਾਰ ਵੱਲੋਂ ਅਣਮਿੱਥੇ ਸਮੇਂ ਦੇ ਕਰਫ਼ਿਊ ਅਤੇ ਵੇਖਦਿਆਂ ਹੀ ਗੋਲੀ ਮਾਰਨ ਦਾ ਐਲਾਨ ਹੋਣ ਤੋਂ ਬਾਅਦ ਵੀ ਹੋਈ ਭਿਆਨਕ ਤਬਾਹੀ ਦੇ ਬਾਅਦ ਸ਼ੱਕ ਪੈਦਾ ਹੁੰਦਾ ਹੈ ਕਿ ਸਰਕਾਰ ਦੀ ਇਹ ਚਾਲ ਸੀ, ਕਰਫ਼ਿਊ ਦੌਰਾਨ ਆਪਣੇ ਘਰਾਂ ਵਿਚ ਹੀ ਬੈਠੇ ਸਿੱਖਾਂ ਨੂੰ ਘਰ-ਬੂਹੇ ਸਮੇਤ ਸਾੜ-ਫੂਕ ਦਿੱਤਾ ਜਾਵੇ, ਅਗਰ ਜੇ ਕੋਈ ਭੱਜ ਕੇ ਬਾਹਰ ਨਿਕਲੇ ਤਾਂ ਉਸ ਨੂੰ ਤੁਰੰਤ ਗੋਲੀ ਮਾਰ ਦਿੱਤੀ ਜਾਵੇ। “ਯਾਦ ਰਹੇ ਕਿ ਫੌਜ ਕੋਲ ਗੋਲੀ ਚਲਾਉਣ ਦਾ ਕੋਈ ਅਧਿਕਾਰ ਨਹੀਂ ਸੀ।” (ਇੰਡੀਅਨ ਐਕਸਪ੍ਰੈੱਸ 3 ਨਵੰਬਰ 1984) ਇਹ ਅਧਿਕਾਰ ਕੇਵਲ ਸਿੱਖਾਂ ਦੇ ਕਾਤਲਾਂ ਨੂੰ ਸੀ। ਕਿਉਂਕਿ ਲਾਜਪਤ ਨਗਰ ਦੀ ਮਾਰਕੀਟ ਵਿਚ ਸੈਂਕੜੇ ਨੌਜਵਾਨ ਤਲਵਾਰਾਂ, ਤ੍ਰਿਸ਼ੂਲ, ਸਲਾਖਾਂ ਆਦਿ ਫੜੀ ਦਨ-ਦਨਾਉਂਦੇ ਫਿਰਦੇ ਸਨ, ਪਰ ਫੌਜ ਦੀ ਇਕ ਕਾਨਵਾਈ (ਟੁਕੜੀ) ਆਪਣੀ ਕਾਰਵਾਈ ਪਾਉਂਦੀ ਲਾਗੋਂ ਲੰਘ ਗਈ, ਉਸ ਨੇ ਉਨ੍ਹਾਂ ਨੂੰ ਕੁਝ ਨਾ ਕਿਹਾ। ਪੀ. ਯੂ. ਡੀ. ਆਰ. ਅਤੇ ਪੀ. ਯੂ. ਸੀ. ਐੱਲ. ਦੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ “ਐੱਮ. ਪੀ. ਧਰਮ ਦਾਸ ਸ਼ਾਸਤਰੀ, ਦਿੱਲੀ ਨਗਰ ਨਿਗਮ (ਹਲਕਾ ਨੰ: 32) ਦੇ ਮੈਂਬਰ ਮੰਗਤ ਰਾਮ ਅਤੇ ਦਿੱਲੀ ਮਹਾਂ ਨਗਰ ਕੌਂਸਲਰ (ਮਹਿੰਦਰ) ਨੇ ਵੋਟਰ ਲਿਸਟਾਂ ਤੋਂ ਸਿੱਖਾਂ ਦੇ ਘਰਾਂ ਦੀ ਪਹਿਚਾਣ ਕਰ ਕੇ ਭੂਤਰੀ ਹੋਈ ਵਹਿਸ਼ੀ ਦਰਿੰਦਿਆਂ ਦੀ ਭੀੜ ਪਾਸੋਂ ਸਿੱਖਾਂ ਦਾ ਕਤਲੇਆਮ ਕਰਵਾਇਆ।

ਇਹ ਵੀ ਚੇਤੇ ਰਹੇ ਕਿ ਸਿੱਖਾਂ ਨੂੰ ਕਤਲ ਕਰਨ ਵਾਲੇ ਇਹ ਨਹੀਂ ਸਨ ਵੇਖਦੇ ਕਿ ਕੌਣ ਕਾਂਗਰਸੀ ਹੈ, ਕੌਣ ਗੈਰ-ਕਾਂਗਰਸੀ ਹੈ। ਉਹ ਤਾਂ ਕੇਵਲ ਦਾੜ੍ਹੀ/ਕੇਸ ਅਤੇ ਸਿਰ ‘ਤੇ ਬੱਝੀ ਪੱਗ/ਪਰਨਾ ਹੀ ਵੇਖਦੇ ਸਨ। ਹਮਲਾਵਰਾਂ ਵੱਲੋਂ ਸੀਮਾਪੁਰੀ ਦੇ ਕਾਂਗਰਸੀ ਲੀਡਰ ਜਗਜੀਤ ਸਿੰਘ ਅਤੇ ਅਮਰਜੀਤ ਸਿੰਘ (ਸਕੇ ਭਰਾਵਾਂ) ਦੀ ਕੋਠੀ ‘ਤੇ ਹਮਲਾ ਕੀਤਾ ਗਿਆ। ਸਕਰਪੁਰ ਦੇ ਐੱਮ ਬਲਾਕ ਦੇ ਵਸਨੀਕ ਕਾਂਗਰਸ ਦੇ ਕਾਰਕੁਨ ਤਰਲੋਚਨ ਸਿੰਘ (ਭਾਟੀਆ) ਨੂੰ ਮਾਰ ਦਿੱਤਾ ਗਿਆ ਅਤੇ ਦਿੱਲੀ ਦੇ ਸਿੱਖ ਕਾਂਗਰਸ (ਆਈ) ਦੇ ਐੱਮ. ਪੀ. ਸ. ਚਰਨਜੀਤ ਸਿੰਘ ਦੀ ਕੈਂਪਾ ਕੋਲਾ ਦੀ ਫੈਕਟਰੀ ਸਾੜ ਕੇ ਉਸ ਦਾ ਦਸ ਕਰੋੜ ਦਾ ਨੁਕਸਾਨ ਕੀਤਾ ਗਿਆ। ਬੇਸ਼ੱਕ ਉਸ ਵੱਲੋਂ ਲੈਫਟੀਨੈਂਟ ਗਵਰਨਰ ਅਤੇ ਪੁਲਿਸ ਨੂੰ ਫੋਨ ਕਰ ਕੇ ਆਪਣੀ ਫੈਕਟਰੀ ਦਾ ਨੁਕਸਾਨ ਹੋਣੋਂ ਰੋਕਣ ਵਾਸਤੇ ਕਿਹਾ ਗਿਆ ਪਰ ਪੁਲਿਸ ਫਿਰ ਵੀ ਉਥੇ ਨਾ ਪਹੁੰਚੀ।

ਸਿਵਲ ਕੱਪੜਿਆਂ ਵਿਚ ਸ. ਕੁਲਵੰਤ ਸਿੰਘ ਕਾਂਸਟੇਬਲ ਆਪਣੀ ਡਿਊਟੀ ਤੋਂ ਬਾਅਦ ਆਪਣੇ ਘਰ ਵੱਲ ਆ ਰਿਹਾ ਸੀ, ਰਸਤੇ ਵਿਚ ਇਕ ਹਜ਼ੂਮ ਨੇ ਉਸ ਨੂੰ ਘੇਰ ਕੇ ਲਹੂ-ਲੁਹਾਣ ਕਰ ਕੇ ਸੁੱਟ ਦਿੱਤਾ। ਉਸ ਦੇ ਸਿਰ ਅਤੇ ਸਰੀਰ ‘ਤੇ ਵੱਜੇ ਚੌਦਾਂ ਰਾਡਾਂ ਦੇ ਜ਼ਖਮ ਸਨ। ਉਹ ਕਹਿੰਦਾ ਹੈ ਕਿ ਪੁਲਿਸ ਹਮਲਾਵਰਾਂ ਨੂੰ ਤਾਂ ਰੋਕ ਨਹੀਂ ਸੀ ਰਹੀ, ਕਿਉਂਕਿ ਇਕ ਤਾਂ ਉਹ ਭਾਰੀ ਗਿਣਤੀ ਵਿਚ ਸਨ, ਦੂਜਾ ਉਨ੍ਹਾਂ ਪਾਸ ਹਥਿਆਰ ਵੀ ਬਹੁਤ ਜ਼ਿਆਦਾ ਸਨ। ਸ. ਕਸ਼ਮੀਰ ਸਿੰਘ ‘ਮੋਦਾ’ ਟਰੱਕ ਡਰਾਈਵਰ ਜਿਸ ਨੂੰ ਇਕ ਹੋਰ ਸਾਥੀ ਸਮੇਤ ਮੁਸਲਮਾਨ ਸਾਥੀਆਂ ਨੇ ਆਪਣੀ ਸ਼ਰਨ ਵਿਚ ਰੱਖ ਕੇ ਟਰੱਕਾਂ ਨੂੰ ਅੱਗ ਲਗਾ ਰਹੀ ਭੀੜ ਤੋਂ ਬਚਾਇਆ, ਦੱਸਦਾ ਹੈ ਕਿ ਭੀੜ ਨੇ ਕਈ ਉਨ੍ਹਾਂ ਹਿੰਦੂ ਭਰਾਵਾਂ ਦੇ ਘਰ-ਬੂਹੇ ਸਾੜੇ ਜਿਨ੍ਹਾਂ ਨੇ ਸਿੱਖਾਂ ਨੂੰ ਆਪਣੇ ਘਰਾਂ ਵਿਚ ਪਨਾਹ ਦਿੱਤੀ ਹੋਈ ਸੀ। ਇਹ ਵੀ ਪਤਾ ਲੱਗਾ ਹੈ ਕਿ ਇਕ ਏ-ਮੁਲਾ ਨਾਮ ਦੇ ਮੁਸਲਮਾਨ ਨੇ ਵੀ ਬਲਦੀ ‘ਤੇ ਰੋਟੀ ਲਾਹੁਣ ਦੀ ਉਦੋਂ ਕੋਸ਼ਿਸ਼ ਕੀਤੀ, ਜਦੋਂ ਉਸ ਨੇ ਤ੍ਰਿਲੋਕਪੁਰੀ ਵਿਚ ਮੁਸਲਮਾਨ ਭਰਾਵਾਂ ਨੂੰ ਗੁਰਦੁਆਰੇ ਸਾੜਨ ਵਾਸਤੇ ਭੜਕਾਇਆ।

ਸ੍ਰੀ ਗੁਪਤਾ ਐੱਮ. ਪੀ. ਦੀ ਅਗਵਾਈ ਹੇਠ ਸੁਲਤਾਨਪੁਰੀ ਵਿਚ ਭੜਕਿਆ ਹੋਇਆ ਲੋਕਾਂ ਦਾ ਹਜ਼ੂਮ ‘ਮਰਦਾਂ ਨੂੰ ਮਾਰ ਦਿਓ’ ਅਤੇ ‘ਔਰਤਾਂ ਨਾਲ ਜਬਰ-ਜਿਨਾਹ ਕਰੋ’ ਉੱਚੀ-ਉੱਚੀ ਕਹਿ ਰਿਹਾ ਸੀ। ਇਸ ਹਜ਼ੂਮ ਤੋਂ ਬਚੇ ਲੋਕ ਦੱਸਦੇ ਹਨ ਕਿ ਇਸ ਸੁਲਤਾਨਪੁਰੀ ਦੇ ਪੁਲਿਸ ਸਟੇਸ਼ਨ ਦੇ ਐੱਸ. ਐੱਚ. ਓ. ਵੱਲੋਂ ਸਿੱਖਾਂ ਦੇ ਫੜੇ ਹਥਿਆਰ (ਜੋ ਉਨ੍ਹਾਂ ਆਪਣੀ ਰੱਖਿਆ ਵਾਸਤੇ ਫੜੇ ਸਨ) ਸੁਟਵਾ ਕੇ ਉਨ੍ਹਾਂ ਨੂੰ ਵਹਿਸ਼ੀ ਦਰਿੰਦਿਆਂ ਦੇ ਹਵਾਲੇ ਕਰਨ ਦੇ ਨਾਲ-ਨਾਲ ਖੁਦ ਵੀ ਸਿੱਖਾਂ ਨੂੰ ਕਤਲ ਕੀਤਾ ਅਤੇ ਸਿੱਖਾਂ ਦੇ ਬੰਦੂਕ ਦੀ ਨੋਕ ‘ਤੇ ਕੇਸ ਕਟਵਾਏ, ਕੇਸ ਕੱਟਣ ਵਾਲੇ ਨਾਈ ਨੇ ਪ੍ਰਤੀ ਵਿਅਕਤੀ 21 ਰੁਪਏ ਦੇ ਹਿਸਾਬ ਨਾਲ 500 ਰੁਪਿਆ ਲਿਆ। ਇਸ ਦੁਸ਼ਟ ਐੱਸ. ਐੱਚ. ਓ. ਦਾ ਨਾਮ ਹਰੀ ਰਾਮ ਭੱਟੀ ਸੀ। ਬ੍ਰਹਮ ਨੰਦ ਗੁਪਤਾ ਸਿੱਖਾਂ ਨੂੰ ਸਾੜਨ ਵਾਸਤੇ ਤੇਲ ਮੁਹੱਈਆ ਕਰ ਰਿਹਾ ਸੀ। ਮੰਗੋਲਪੁਰੀ ਵਿਚ ਕਤਲੇਆਮ ਦੇ ਸ਼ਿਕਾਰ ਹੋਏ ਲੋਕਾਂ ਨੇ ਪੱਤਰਕਾਰਾਂ ਨੂੰ ਸੁਲਤਾਨਪੁਰੀ ਅਤੇ ਮੰਗੋਲਪੁਰੀ ਵਿਚਲੇ ਨਾਲੇ ਵਿਚ ਸੁੱਟੀਆਂ ਸਿੱਖਾਂ ਦੀਆਂ ਲਾਸ਼ਾਂ ਅਤੇ ਸਿੱਖ ਬੱਚਿਆਂ ਨੂੰ ਪਾੜ-ਪਾੜ ਕੇ ਸੁੱਟਣ ਬਾਰੇ ਵੀ ਦੱਸਿਆ। ਉਹ ਇਹ ਵੀ ਕਹਿੰਦੇ ਹਨ, “ਸਿੱਖ ਨੌਜਵਾਨਾਂ/ਬਜ਼ੁਰਗਾਂ ਦੇ ਕੇਸ ਕੱਟੇ ਗਏ, ਲੋਹੇ ਦੀਆਂ ਸਲਾਖਾਂ ਨਾਲ ਕੁੱਟ-ਕੁੱਟ ਕੇ, ਉਨ੍ਹਾਂ ਨੂੰ ਬੁਰੀ ਤਰ੍ਹਾਂ ਮਾਰਿਆ ਗਿਆ, ਉਨ੍ਹਾਂ ਵਿੱਚੋਂ ਜੋ ਅਜੇ ਸਹਿਕਦੇ ਜਾਂ ਬਚ ਜਾਂਦੇ ਉਨ੍ਹਾਂ ਨੂੰ ਤੇਲ ਪਾ ਕੇ ਸਾੜ ਦਿੱਤਾ ਜਾਂਦਾ ਸੀ।” ਇਥੇ ਸਿੱਖਾਂ ਦੇ ਕਾਤਲਾਂ ਦੀ ਅਗਵਾਈ ਦਿੱਲੀ ਨਗਰ ਨਿਗਮ ਮੰਗੋਲਪੁਰੀ ਦੇ (ਹਲਕਾ ਨੰਬਰ 37 ਦੇ ਮੈਂਬਰ) ਈਸ਼ਵਰ ਸਿਹੁੰ, ਸਲੀਮ ਕੁਰੈਸ਼ੀ ਤੇ ਸ਼ਕੀਨ ਦੇ ਕਾਰਕੁਨਾਂ ਨੇ ਕੀਤੀ।

ਤ੍ਰਿਲੋਕਪੁਰੀ ਵਿਚ ਦੇ ਕੌਂਸਲਰ ਅਸ਼ੋਕ ਕੁਮਾਰ ਨੇ ਵਹਿਸ਼ੀ ਦਰਿੰਦਿਆਂ ਦੀ ਅਗਵਾਈ ਕੀਤੀ, ਜਿਨ੍ਹਾਂ 400 ਸਿੱਖ ਜਿਊਂਦੇ ਸਾੜ ਦਿੱਤੇ। ਇਥੇ ਪੱਤਰਕਾਰਾਂ ਨੇ ਸਿੱਖਾਂ ਦੀਆਂ ਅੱਧ-ਸੜੀਆਂ ਲਾਸ਼ਾਂ ਨੂੰ ਚੂਹਿਆਂ ਵੱਲੋਂ ਕੁਤਰਦਿਆਂ ਹੋਇਆਂ ਵੇਖਿਆ। ਐੱਸ. ਐੱਚ. ਓ. ਸੁਰਵੀਰ ਸਿਹੁੰ ਨੇ ਭੀੜ ਵੱਲੋਂ ਹੋਰ ਕਤਲੇਆਮ ਅਤੇ ਲੁੱਟ-ਮਾਰ ਕਰਨ ਵਾਸਤੇ ਡਿਊਟੀ ‘ਤੇ ਤਾਇਨਾਤ ਇਕ ਹਵਾਲਦਾਰ ਅਤੇ ਦੋ ਸਿਪਾਹੀਆਂ ਨੂੰ ਹਟਾ ਲਿਆ। ਪ੍ਰਸਿੱਧ ਪੱਤਰਕਾਰ ਸ੍ਰੀ ਸਤੀਸ਼ ਜੈਕਬ ਨੇ 32 ਨੰ: ਬਲਾਕ ਦੇ ਹਰ ਘਰ ਵਿਚ ਸਿੱਖਾਂ ਦੀਆਂ ਲਾਸ਼ਾਂ ਪਈਆਂ ਵੇਖੀਆਂ, ਜਿਹੜੀਆਂ ਲੋਹੇ ਦੀਆਂ ਸਲਾਖਾਂ ਨਾਲ ਵਿੰਨ੍ਹੀਆਂ ਪਈਆਂ ਸਨ ਅਤੇ ਮਿੱਟੀ ਦਾ ਤੇਲ ਪਾ ਕੇ ਸਾੜੀਆਂ ਗਈਆਂ ਸਨ ਜਿੱਥੋਂ ਅਜੇ ਵੀ ਮਿੱਟੀ ਦੇ ਤੇਲ ਦੀ ਬਦਬੋ ਆ ਰਹੀ ਸੀ। 2 ਨਵੰਬਰ ਨੂੰ ਹੋਏ ਖ਼ੂਨ-ਖਰਾਬੇ ਦੀ ਖ਼ਬਰ ਮਿਲਦਿਆਂ ਸ੍ਰੀ ਰਾਹੁਲ, ਕੁਲਦੀਪ ਬੇਦੀ, ਜੌਸਫ ਮਲੀਆਕਨ (ਪੱਤਰ-ਪ੍ਰੇਰਕ ਇੰਡੀਅਨ ਐਕਸਪ੍ਰੈੱਸ) ਭੜਕੀ ਹੋਈ ਭੀੜ ਵੱਲੋਂ ਕੀਤੇ ਗਏ ਪਥਰਾਅ ਦਾ ਸਾਹਮਣੇ ਕਰਦੇ ਪੁਲਿਸ ਸਟੇਸ਼ਨ ਪਹੁੰਚੇ ਤਾਂ ਉਥੋਂ ਦੇ ਐੱਸ. ਐੱਚ. ਓ. ਨੇ ਕਿਹਾ, “ਇਲਾਕੇ ਵਿਚ ਪੂਰਨ ਸ਼ਾਂਤੀ ਹੈ।” ਜਦੋਂ ਕਿ ਪੁਲਿਸ ਹੈੱਡ ਕੁਆਰਟਰ ਦੇ ਬਾਹਰ ਇਕ ਟਰੱਕ ਵੇਖਿਆ, ਜਿਸ ਵਿਚ 4 ਮਨੁੱਖੀ ਲਾਸ਼ਾਂ ਸਨ, ਜਿਨ੍ਹਾਂ ਵਿੱਚੋਂ ਇਕ ਬੰਦਾ ਅਜੇ ਵੀ ਜਿਊਂਦਾ ਸੀ ਤਾਂ ਪੀ. ਯੂ. ਡੀ. ਆਰ. ਅਤੇ ਪੀ. ਯੂ. ਸੀ. ਐੱਲ. ਦੀ ਰਿਪੋਰਟ ਮੁਤਾਬਕ ਹੀ ਇਕ ਪੱਤਰ ਪ੍ਰੇਰਕ ਨੇ ਪੁਲਿਸ ਕਮਿਸ਼ਨ ਨੂੰ ਦੱਸਿਆ “ਕਿ ਆਪ ਕਹਿ ਰਹੇ ਹੋ ਤ੍ਰਿਲੋਕਪੁਰੀ ਵਿਚ ਕੋਈ ਗੜਬੜ ਨਹੀਂ ਹੈ, ਜਦੋਂ ਕਿ ਉਥੇ 30 ਘੰਟੇ ਤੋਂ ਜ਼ਿਆਦਾ ਸਮੇਂ ਦੇ ਕਤਲੇਆਮ ਵਿਚ 350 ਤੋਂ ਵੱਧ ਲੋਕ ਮਾਰੇ ਗਏ ਹਨ। 3 ਨਵੰਬਰ 1984 ਦੀ ‘ਇੰਡੀਅਨ ਐਕਸਪ੍ਰੈੱਸ’ ਦੀ ਰਿਪੋਰਟ ਅਨੁਸਾਰ ਇਕੱਲੀ ਪੂਰਬੀ ਦਿੱਲੀ ਵਿਚ 500 ਲੋਕ ਮਾਰ ਦਿੱਤੇ ਗਏ, 200 ਦੇ ਕਰੀਬ ਲਾਸ਼ਾਂ ਪੁਲਿਸ ਦੇ ਮੁਰਦਾ ਘਰ ਵਿਚ ਪਈਆਂ ਵੇਖੀਆਂ ਸਨ।

ਦਿੱਲੀ ਦੇ ਪੂਰਬੀ ਜ਼ਿਲ੍ਹੇ ਦੇ ਸਹਾਇਕ ਪੁਲਿਸ ਕਮਿਸ਼ਨਰ ‘ਮਲਹੋਤਰਾ’ ਜਿਸ ‘ਤੇ ਇਹ ਇਲਜ਼ਾਮ ਹੈ ਕਿ ਉਸ ਨੇ ਖੁਦ ਭੀੜ ਨੂੰ ਬੁਲਾ ਕੇ ਹਿੰਸਾ ਕਰਵਾਈ।

ਲੋਕਾਂ ਨੇ ਉਸ ਨੂੰ ਇਹ ਕਹਿੰਦੇ ਸੁਣਿਆ, “ਭਾਈ ਨੂੰ ਮਾਰਨ ਦੇ ਨਾਲ-ਨਾਲ ਤੁਹਾਨੂੰ ਗੁਰਦੁਆਰੇ ਨੂੰ ਵੀ ਉਡਾ ਦੇਣਾ ਚਾਹੀਦਾ ਸੀ।”….. ਉਸ ਕੋਲ ਇਕ ਜੀਪ, ਸਟੇਸ਼ਨ ਵੈਗਨ ਤੇ ਸਟੇਨਗੰਨਾਂ ਨਾਲ ਲੈਸ ਦੋ ਸਿਪਾਹੀ ਸਨ। ਉਸ ਕੋਲ ਕਈ ਰਿਵਾਲਵਰ, ਪੈਟਰੋਲ ਦੀਆਂ ਕੈਨੀਆਂ ਤੇ ਢੇਰ ਸਾਰੇ ਪੱਥਰ ਵੀ ਸਨ। ਚਸ਼ਮਦੀਦ ਗਵਾਹਾਂ ਮੁਤਾਬਿਕ ਉਸ ਨੇ ਭੀੜ ਨੂੰ ਹਥਿਆਰ ਵੰਡੇ।” (ਰਿਪੋਰਟ: ਪੀ. ਯੂ. ਡੀ. ਆਰ. ਅਤੇ ਪੀ. ਯੂ. ਸੀ. ਐੱਲ.)

70-80 ਟਰੱਕ ਭੋਗਲ ਵਿਚ ਸੜ ਰਹੇ ਸਨ, ਚੁਫੇਰੇ ਧੂੰਏਂ ਦੇ ਬੱਦਲ ਸਨ। ਜਦੋਂ ‘ਸ-ਮੈਨ’ ਦਾ ਪੱਤਰ-ਪ੍ਰੇਰਕ ਭੋਗਲ ਇਲਾਕੇ (ਦੱਖਣੀ ਦਿੱਲੀ ਵਿਚ ਸ਼ਨੀਵਾਰ ਸ਼ਾਮ ਨੂੰ) ਗਿਆ ਤਾਂ ਦੂਰ ਤੋਂ ਹੀ ਧੂੰਆਂ ਨਜ਼ਰ ਆ ਰਿਹਾ ਸੀ, ਫੌਜ ਅਤੇ ਪੁਲਿਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਥੇ ਕੋਈ ਗੜਬੜ ਹੈ (ਸਟੇਟਸ ਮੈਨ, 4 ਨਵੰਬਰ 1984)

ਫੌਜੀ ਅਫਸਰਾਂ ਨੇ ਪੀ. ਯੂ. ਡੀ. ਆਰ. ਤੇ ਪੀ. ਯੂ. ਸੀ. ਐੱਲ. ਦੀ ਸਾਂਝੀ ਕਮੇਟੀ ਨੂੰ ਦੱਸਿਆ ਕਿ ਪੁਲਿਸ ਸਾਨੂੰ ਸਕਾਊਟ ਨਹੀਂ ਸੀ ਦੇ ਰਹੀ ਜੋ ਉਨ੍ਹਾਂ ਨੂੰ ਗੜਬੜ ਵਾਲੀ ਥਾਂ ‘ਤੇ ਲੈ ਜਾਣ ਜਿਸ ਦੀ ਇਕ ਉਦਾਹਰਣ ਇਹ ਹੈ ਕਿ ਮੇਜਰ ਕੋਲ 1974 ਈ: ਦਾ ਨਕਸ਼ਾ ਸੀ, ਜਿਸ ਵਿਚ ਮੁੜ ਵਸਾਈਆਂ ਬਸਤੀਆਂ (ਸੁਲਤਾਨਪੁਰੀ, ਮੰਗੋਲਪੁਰੀ, ਤ੍ਰਿਲੋਕਪੁਰੀ ਆਦਿ ਜਿਥੇ ਹਿੰਸਾ ਦੀਆਂ ਘਟਨਾਵਾਂ ਦੀ ਅਤਿ ਹੋ ਗਈ ਸੀ) ਦਾ ਕਿਤੇ ਨਾਂ-ਨਿਸ਼ਾਨ ਵੀ ਨਹੀਂ ਸੀ।

ਇਨਸਾਨੀ ਦਿਲ ਵਾਲੇ ਪੱਤਰਕਾਰਾਂ ਤੇ ਇਖ਼ਲਾਕ ਦੇ ਪੁਜਾਰੀਆਂ ਨੇ ਇਸ ਅਣਮਨੁੱਖੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਉਪਰਾਲੇ ਕੀਤੇ। ਪੀ. ਟੀ. ਆਈ. ‘ਇਕਨਾਮਿਕਸ ਟਾਈਮਜ਼’ 5 ਨਵੰਬਰ 1984 ਮੁਤਾਬਕ “ਕੇਂਦਰੀ ਸਰਕਾਰ ਨੇ ਰਾਜਧਾਨੀ ਵਿਚ ਵੱਡੀ ਪੱਧਰ ‘ਤੇ ਹੋਈ ਹਿੰਸਾ ਤੋਂ ਬਾਅਦ ਰਾਤ ਨੂੰ ਅਚਾਨਕ ਲਏ ਇਕ ਫੈਸਲੇ ਵਿਚ ਸ੍ਰੀ ਵਲੀ ਨੂੰ (ਲੈਫਟੀਨੈਂਟ ਗਵਰਨਰ) ਸ੍ਰੀ ਪੀ. ਸੀ. ਗਵੱਈ ਦੀ ਜਗ੍ਹਾ ਨਿਯੁਕਤ ਕਰਨ ਦਾ ਫੈਸਲਾ ਕੀਤਾ। ਸ੍ਰੀ ਗਵੱਈ ਛੁੱਟੀ ‘ਤੇ ਚਲੇ ਗਏ।” “4 ਨਵੰਬਰ ਨੂੰ ਪੁਲਿਸ ਕਮਿਸ਼ਨਰ ਐੱਸ. ਸੀ. ਟੰਡਨ ਨੇ ਮੰਗੋਲਪੁਰੀ ਵਿਚ… ਲੋਕਾਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਦੀ ਜਾਂਚ ਕਰਵਾਉਣ ਦਾ ਹੁਕਮ ਜਾਰੀ ਕੀਤਾ।” (ਟਾਈਮਜ਼ ਆਫ਼ ਇੰਡੀਆ, 4 ਨਵੰਬਰ 1984)। ‘ਇੰਡੀਅਨ ਐਕਸਪ੍ਰੈਸ’ 6 ਨਵੰਬਰ 1984 ਮੁਤਾਬਿਕ “ਕੇਂਦਰੀ ਜ਼ਿਲ੍ਹਾ ਪੁਲਿਸ ਨੇ 300 ਤੋਂ ਵਧੇਰੇ ਵਿਅਕਤੀਆਂ ਨੂੰ ਜਾਇਦਾਦ ਲੁੱਟਣ ਦੇ ਸ਼ੱਕ ਵਿਚ ਹਿਰਾਸਤ ‘ਚ ਲਿਆ। ਐੱਮ. ਪੀ. ਧਰਮ ਦਾਸ ਸ਼ਾਸਤਰੀ ਕਰੋਲ ਬਾਗ ਪੁਲਿਸ ਸਟੇਸ਼ਨ ਵਿਖੇ, ਪੁਲਿਸ ਦੀ ਇਸ ਕਾਰਵਾਈ ਵਿਰੁੱਧ ਰੋਸ ਪ੍ਰਗਟ ਕਰਨ ਆਏ। ਧਰਮ ਦਾਸ ਸ਼ਾਸਤਰੀ ਨੇ ਇਹ ਕਿਹਾ, “ਉਨ੍ਹਾਂ ਤੋਂ ਬਰਾਮਦ ਕੀਤਾ ਹੋਇਆ ਮਾਲ ਲੈ ਲਉ, ਪਰ ਗ੍ਰਿਫਤਾਰ ਕਰਨ ਦੀ ਕੋਈ ਲੋੜ ਨਹੀਂ, ਇਹ ਕੋਈ ਮੁਜ਼ਰਮ ਨਹੀਂ ਹਨ।” ‘ਸਟੇਟਸ ਮੈਨ’ 7 ਨਵੰਬਰ 1984 ਮੁਤਾਬਿਕ ਕੁੱਲ 2517 ਗ੍ਰਿਫਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ, ਪਰ ਸ੍ਰੀ ਵਲੀ ਅਜਿਹੇ ਲੋਕਾਂ ਦੀ ਗਿਣਤੀ ਨਾ ਦੱਸ ਸਕੇ, ਜਿਨ੍ਹਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਪਰੰਤੂ ਉਸ ਨੇ ਜ਼ੋਰ ਦੇ ਕੇ ਕਿਹਾ, “ਕੁਝ ਮਾਮਲਿਆਂ ਵਿਚ ਜ਼ਮਾਨਤ ਹਰੇਕ ਸ਼ਹਿਰੀ ਦਾ ਹੱਕ ਹੈ।” ਪੀ. ਯੂ. ਡੀ. ਆਰ. ਤੇ ਪੀ. ਯੂ. ਸੀ. ਐੱਲ. ਨੇ ਆਪਣੀ ਰਿਪੋਰਟ ਵਿਚ ਦੱਸਿਆ ਹੈ ਕਿ “ਸਦਰ ਹਲਕੇ ਤੋਂ ਐੱਮ. ਪੀ. ਜਗਦੀਸ਼ ਟਾਈਟਲਰ ਜੋ 4 ਨਵੰਬਰ ਨੂੰ ਸ਼ਾਮ ਦੇ 5 ਵਜੇ ਹਿੰਸਾ ਦੇ ਦੋਸ਼ ਵਿਚ ਫੜੇ ਵਿਅਕਤੀਆਂ ਨੂੰ ਛੁਡਵਾਉਣ ਲਈ ਭੱਜ-ਦੌੜ ਕਰ ਰਿਹਾ ਸੀ, ਪੁਲਿਸ ਕਮਿਸ਼ਨਰ ਐੱਸ. ਪੀ. ਟੰਡਨ ਦੇ ਦਫ਼ਤਰ ਵਿਚ ਜਾ ਵੜਿਆ ਜਿਥੇ ਕਿ ਪ੍ਰੈੱਸ ਕਾਨਫਰੰਸ ਚੱਲ ਰਹੀ ਸੀ। ਇਕ ਨਾਮਾਨਿਗਾਰ ਨੇ ਕਮੇਟੀ ਨੂੰ ਦੱਸਿਆ ਕਿ ਉਹ ਪੁਲਿਸ ਕਮਿਸ਼ਨਰ ਨੂੰ ਕਹਿ ਰਿਹਾ ਸੀ, “ਤੁਸੀਂ ਮੇਰੇ ਆਦਮੀਆਂ ਨੂੰ ਗ੍ਰਿਫਤਾਰ ਕਰ ਕੇ ਰਲੀਫ ਦੇ ਕੰਮ ਵਿਚ ਰੋੜੇ ਅਟਕਾ ਰਹੇ ਹੋ, ਹਦਾਇਤ ਨੂੰ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ।”

ਸਰਕਾਰੀ ਅਨੁਮਾਨ ਅਨੁਸਾਰ ਨਵੰਬਰ 84 ਦੇ ਇਸ ਸਿੱਖ ਕਤਲੇਆਮ ਵਿਚ 2717 ਜਾਨਾਂ ਗਈਆਂ, ਜਿਨ੍ਹਾਂ ਵਿਚ 2150 ਜਾਨਾਂ ਕੇਵਲ ਦਿੱਲੀ ਵਿਚ ਗਈਆਂ। ‘ਇੰਡੀਅਨ ਐਕਸਪ੍ਰੈੱਸ’ 23 ਨਵੰਬਰ 1984 ਮੁਤਾਬਿਕ ਇਕੱਲੀ ਪੂਰਬੀ ਦਿੱਲੀ ਵਿਚ 1000 ਤੋਂ ਵੱਧ ਬੰਦੇ ਮਾਰੇ ਗਏ ਅਤੇ 50,000 ਲੋਕ ਦੰਗਿਆਂ ਅਤੇ ਸਾੜ-ਫੂਕ ਦਾ ਸ਼ਿਕਾਰ ਹੋਏ। ਪੁਲਿਸ ਨੇ ਕੁੱਲ 80 ਕੇਸ ਦਰਜ ਕੀਤੇ। ਆਮ ਤੌਰ ‘ਤੇ ਹਰ ਸ਼ਿਕਾਇਤ ਪਿੱਛੇ ਇਕ ਕੇਸ ਦਰਜ ਹੋਣਾ ਚਾਹੀਦਾ ਸੀ ਪਰ ਇਥੇ ਪੁਲਿਸ ਨੇ ਛੇ ਸੌ ਸ਼ਕਾਇਤਾਂ ਪਿੱਛੇ ਸਿਰਫ ਇਕ ਕੇਸ ਦਰਜ ਕੀਤਾ।” 50,000 ਸਿੱਖ ਦੇਸ਼ ਦੀ ਰਾਜਧਾਨੀ (ਦਿੱਲੀ) ਛੱਡ ਕੇ ਪੰਜਾਬ ਨੂੰ ਆ ਗਏ ਅਤੇ 50,000 ਸਿੱਖਾਂ ਨੇ ਸਵੈ-ਇੱਛਿਤ ਸੰਸਥਾਵਾਂ ਰਾਹੀਂ ਖੋਲ੍ਹੇ ਵਿਸ਼ੇਸ਼ ਕੈਂਪਾਂ ਵਿਚ ਪਨਾਹ ਲਈ। ਜਮਨਾ ਪਾਰ ਦੇ 7 ਸ਼ਰਨਾਰਥੀ ਕੈਂਪ ਪੂਰਬੀ ਦਿੱਲੀ ਤੋਂ ਆਏ 25,000 ਦੇ ਕਰੀਬ ਸਿੱਖਾਂ ਨਾਲ ਨੱਕੋ-ਨੱਕ ਭਰੇ ਹੋਏ ਸਨ। ਬੜੇ ਔਖੇ ਹੋ ਕੇ ਹੀ ਘੱਟ ਤੋਂ ਘੱਟ ਰਾਹਤ ਦਿੱਤੀ ਜਾ ਰਹੀ ਸੀ। ਰਾਜ-ਪ੍ਰਬੰਧ ਜਿਸ ਦਾ ਸਭ ਤੋਂ ਬੁਰੀ ਤਰ੍ਹਾਂ ਮਾਰ ਹੇਠ ਆਏ ਇਲਾਕਿਆਂ ਵਿਚ ਇਕ ਵੀ ਕੈਂਪ ਨਹੀਂ ਸੀ, ਫਿਰ ਵੀ ਵਲੰਟੀਅਰ ਜਥੇਬੰਦੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਕੰਮ ਕਰ ਰਹੀਆਂ ਸਨ।” (ਇੰਡੀਅਨ ਐਕਸਪ੍ਰੈੱਸ 6 ਨਵੰਬਰ 1984)

ਘੱਟੋ-ਘੱਟ 20 ਰਾਹਤ ਕੇਂਦਰਾਂ ਨੂੰ ਦਿੱਲੀ ਪ੍ਰਸ਼ਾਸਨ ਵੱਲੋਂ ਮਾਨਤਾ ਨਾ ਮਿਲੀ। 19 ਨਵੰਬਰ ਨੂੰ ਇੰਦਰਾ ਗਾਂਧੀ ਦੇ ਜਨਮ ਦਿਨ ‘ਤੇ ਬੋਟ ਕਲੱਬ ਰੈਲੀ ਵਿਚ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਆਪਣੀ ਮਾਂ ਦੇ ਕਤਲ ਤੋਂ ਬਾਅਦ ਹੋਏ ਭਾਰੀ ਸਿੱਖ ਕਤਲੇਆਮ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ, “ਜਦੋਂ ਕੋਈ ਵੱਡਾ ਦਰਖ਼ਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ।” ਜਨੇਵਾ ਵਿਚ ਯੂ. ਐੱਨ.  ਓ. ਲਈ ਕੰਮ ਕਰ ਰਹੇ ਇਕ ਭਾਰਤੀ ਜਿਹੜਾ ਕਿ ਦਿੱਲੀ ਵਿਚ ਇੰਦਰਾ ਗਾਂਧੀ ਦੇ ਅੰਤਮ ਸਸਕਾਰ ਵਿਚ ਸ਼ਾਮਲ ਹੋਣ ਆਇਆ ਸੀ ਨੇ ਪੀ. ਯੂ. ਡੀ. ਆਰ. ਤੇ ਪੀ. ਯੂ. ਸੀ. ਐੱਲ. ਦੀ ਸਾਂਝੀ ਕਮੇਟੀ ਨੂੰ ਦੱਸਿਆ ਕਿ ਇਹ ਭਿਆਨਕ ਹਿੰਸਾ ਦੀ ਖੁੱਲ੍ਹ ‘ਸਿੱਖਾਂ ਨੂੰ ਸਬਕ ਸਿਖਾਉਣ’ ਲਈ ਹੀ ਦਿੱਤੀ ਗਈ ਸੀ।

ਮੁੱਕਦੀ ਗੱਲ! ਨਵੰਬਰ 1984 ਵਿਚ ਮਨੁੱਖਤਾ ਦੇ ਵੈਰੀਆਂ ਨੇ ਗਿਣੀ-ਮਿਥੀ ਸਾਜ਼ਸ਼ ਦੁਆਰਾ ਸਿੱਖਾਂ ਦਾ ਭਾਰੀ ਕਤਲੇਆਮ ਕੀਤਾ। ਜਿਥੇ ਸਿੱਖਾਂ ਦਾ ਭਾਰੀ ਜਾਨੀ- ਮਾਲੀ ਨੁਕਸਾਨ ਕੀਤਾ, ਉਥੇ ਸਿੱਖਾਂ ਦੀਆਂ ਧੀਆਂ-ਭੈਣਾਂ ਨਾਲ ਬਲਾਤਕਾਰ ਵਰਗਾ ਘਿਨਾਉਣਾ ਕੁਕਰਮ ਵੀ ਕੀਤਾ। ਇਸ ਕਤਲੇਆਮ ਤੋਂ ਬਾਅਦ ਅਨੇਕਾਂ ਕਮਿਸ਼ਨ ਬਣੇ, ਜਿਨ੍ਹਾਂ ਨਿਰਪੱਖ ਰਿਪੋਰਟਾਂ ਤਿਆਰ ਕਰ ਕੇ ਸਰਕਾਰ ਨੂੰ ਦਿੱਤੀਆਂ, ਜਿਨ੍ਹਾਂ ਨੂੰ ਕੇਵਲ ਰੱਦੀ ਸਮਝ ਕੇ ਹੀ ਸੁੱਟਿਆ ਹੋਇਆ ਹੈ। ਸਿਟੀਜਨ ਕਮਿਸ਼ਨ ਦੇ ਐੱਸ. ਐੱਮ. ਸਿਕਰੀ (ਭਾਰਤ ਦੇ ਰਿਟਾ. ਜੱਜ) ਨੇ ਰਾਸ਼ਟਰਪਤੀ ਤਕ ਆਪਣੀ ਰਿਪੋਰਟ ਦੀਆਂ ਕਾਪੀਆਂ ਭੇਜੀਆਂ, ਜਿਸ ਵਿਚ ਉਨ੍ਹਾਂ ਇਸ ਕਤਲੋਗਾਰਤ ਦੇ ਮੁਜ਼ਰਮਾਂ ਨੂੰ ਕਦੇ ਮੁਆਫ ਨਾ ਕਰਨ ਲਈ ਕਿਹਾ। ਉੱਚ ਕੋਟੀ ਦੇ ਕਾਨੂੰਨਦਾਨ ਜਸਟਿਸ ਤਾਰਕੁੰਡੇ, ਡਾ. ਕੁਠਾਰੀ ਨੇ ਵੀ ਇਸ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਇਸ ਦਾ ਸ਼ਿਕਾਰ ਹੋਏ ਬੇਦੋਸ਼ੇ ਸਿੱਖਾਂ ਨੂੰ ਇਨਸਾਫ ਮਿਲਣ ਦੀ ਮੰਗ ਕੀਤੀ। ਅਫਸੋਸ ਕਿ ਭਾਰਤ ਦੇ ਬਹੁਗਿਣਤੀ ਹਿੰਦੂ ਸਾਮਰਾਜ ਦੇ ਨਗਾਰਖਾਨੇ ਵਿਚ ਤੂਤੀ ਦੀ ਆਵਾਜ਼ ਨੂੰ ਨਾ ਸੁਣਦਿਆਂ ਨਵੰਬਰ 84 ਦੇ ਕਤਲੇਆਮ ਦੇ ਸੈਂਕੜੇ ਦੋਸ਼ੀਆਂ ਨੂੰ “ਇਹ ਮੁਜ਼ਰਿਮ ਨਹੀਂ ਹਨ” ਕਹਿ ਕੇ ਸਜ਼ਾ ਮੁਕਤ ਕਰ ਦਿੱਤਾ ਗਿਆ। ਕੀ ਤਤਕਾਲੀ ਕੇਂਦਰੀ ਸਰਕਾਰ ਦੱਸ ਸਕਦੀ ਹੈ, ਕਿ ਫਿਰ ਮੁਜ਼ਰਿਮ ਕੌਣ ਹਨ?

ਸਿੱਖਾਂ ਦੇ ਹੋਏ ਇਸ ਭਿਆਨਕ ਕਤਲੇਆਮ ਤੇ ਉਨ੍ਹਾਂ ਨੂੰ ਇਨਸਾਫ ਨਾ ਮਿਲਣ ‘ਤੇ ਈਸਾਈ ਅਤੇ ਇਸਲਾਮੀ ਭਾਈਚਾਰਾ ਵੀ ਕਾਫੀ ਚਿੰਤਤ ਸੀ ਕਿ ਕਿਤੇ ਕਦੇ ਭਾਰਤ ਦਾ ਹਿੰਦੂ/ਬਹੁਗਿਣਤੀ ਸਾਮਰਾਜ ਸਾਡੇ ਨਾਲ ਵੀ ਅਜਿਹਾ ਸਲੂਕ ਕਰ ਸਕਦਾ ਹੈ। (ਯਾਦ ਰਹੇ ਕਿ ਉਨ੍ਹਾਂ ਦਾ ਇਹ ਧੁੜਕੂ ਵੀ ਸੱਚ ਸਾਬਤ ਹੋ ਗਿਆ ਜਦੋਂ ਗੁਜਰਾਤ ਦੇ ਦੰਗਿਆਂ ਵਿਚ ਮੁਸਲਮਾਨਾਂ ਦਾ ਕਤਲੇਆਮ ਹੋਇਆ)।

ਸਵਾਲ ਉੱਠਦਾ ਹੈ ਕਿ ਜੇ ਹਜ਼ਾਰਾਂ ਸਿੱਖਾਂ ਨੂੰ ਸਾੜਨ/ਮਾਰਨ ਵਾਲੇ, ਉਨ੍ਹਾਂ ਦੇ ਘਰ- ਬਾਰ ਸਾੜਨ ਵਾਲੇ ਅਤੇ ਉਨ੍ਹਾਂ ਦੀਆਂ ਧੀਆਂ-ਭੈਣਾਂ ਦੀ ਬੇਇੱਜ਼ਤੀ ਕਰਨ ਵਾਲੇ ਮੁਜ਼ਰਿਮ ਨਹੀਂ ਹੋ ਸਕਦੇ (ਕਿਉਂਕਿ ਉਨ੍ਹਾਂ ਸ੍ਰੀਮਤੀ ਇੰਦਰਾ ਗਾਂਧੀ ਦੀ ਮੌਤ ਦਾ ਬਦਲਾ ਲਿਆ ਸੀ) ਤਾਂ ਫਿਰ ਸ. ਬੇਅੰਤ ਸਿੰਘ, ਸ. ਸਤਵੰਤ ਸਿੰਘ ਤੇ ਸ. ਕੇਹਰ ਸਿੰਘ ਨੂੰ ਕਿਉਂ ਫਾਂਸੀ ‘ਤੇ ਲਟਕਾਇਆ ਗਿਆ? ਉਨ੍ਹਾਂ ਵੀ ਤਾਂ ਆਪਣੇ ਗੁਰੂਧਾਮਾਂ ‘ਤੇ ਕਰਵਾਏ ਫੌਜੀ ਅਟੈਕ ਵਿਰੁੱਧ ਆਪਣਾ ਪ੍ਰਤੀਕਰਮ ਹੀ ਪ੍ਰਗਟਾਇਆ ਸੀ। ਇਹ ਪ੍ਰਸ਼ਨ ਵੀ ਵਿਚਾਰਨ ਵਾਲੇ ਹਨ ਕਿ ਫਿਰ ਕਦੇ ਸਿੱਖਾਂ ‘ਤੇ ਐਸੀ ਭਿਆਨਕ ਘੜੀ ਆ ਸਕਦੀ ਹੈ? ਕੀ ਸਿੱਖ ਮੁੜ ਆਈ ਐਸੀ ਘੜੀ ਵਿਚ ਆਪਣੀ ਅਤੇ ਸਿੱਖ ਭਾਈਚਾਰੇ ਦੀ ਗੁਰਸਿੱਖੀ ਨੂੰ ਬਰਕਰਾਰ ਰੱਖ ਸਕਣਗੇ? ਕਿਉਂ? ਨਹੀਂ! ਸਿਰਫ਼ ਲੋੜ ਹੈ ਕਿ ਉਨ੍ਹਾਂ ਨੂੰ ਪੰਜ ਪਿਆਰਿਆਂ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਖੰਡੇ ਦੀ ਪਾਹੁਲ ਲੈ ਕੇ ਸ਼ਸਤਰਧਾਰੀ ਬਣਨਾ ਪਵੇਗਾ ਤੇ ਗੁਰਮਤਿ ਦੇ ਨਿਯਮਾਂ ‘ਤੇ ਪਹਿਰਾ ਦੇਣਾ ਪਵੇਗਾ!

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Nishan Singh Gandivind
ਗ੍ਰੰਥੀ, ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ -ਵਿਖੇ: ਠੱਠਾ ਤਰਨਤਾਰਨ
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)