editor@sikharchives.org

ਗਾਥਾ

ਗਾਥਾ ਇਕ ਲੌਕਿਕ ਛੰਦ ਹੈ, ਕਾਵਿ- ਰੂਪ ਹੈ, ਭਾਰਤ ਵਿਚ ਪ੍ਰਚਲਿਤ ਪ੍ਰਾਕ੍ਰਿਤ ਭਾਸ਼ਾ ਦਾ ਇਕ ਰੂਪ ਹੈ ਜਿਸ ਵਿਚ ਜੈਨੀ ਕਵੀਆਂ ਨੇ ਕਾਵਿ-ਰਚਨਾ ਕਰ ਕੇ ਆਪਣੇ ਵਿਚਾਰਾਂ ਨੂੰ ਜਨਤਾ ਤਕ ਪਹੁੰਚਾਉਣ ਦਾ ਯਤਨ ਕੀਤਾ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਇਕ ਬਾਣੀ ਦਾ ਸਿਰਲੇਖ ‘ਗਾਥਾ’ ਹੈ ਜਿਸ ਵਿਚ 23 ਸਲੋਕ ਹਨ ਜਿਨ੍ਹਾਂ ਦਾ ਮੂਲ ਕੇਂਦਰੀ ਭਾਵ ਹੈ ਕਿ ਸਰੀਰ ਦੇ ਅਹੰਕਾਰ ਨੂੰ ਤਿਆਗ ਕੇ ਪ੍ਰਭੂ-ਚਰਨਾਂ ਨਾਲ ਜੁੜਨ ਨਾਲ ਪਰਮਗਤਿ ਪ੍ਰਾਪਤ ਹੋ ਸਕਦੀ ਹੈ। ਇਹ ਸੋਝੀ ਗੁਰੂ-ਕਿਰਪਾ ਨਾਲ ਹੁੰਦੀ ਹੈ ਤੇ ਗੁਰੂ-ਪ੍ਰਸਾਦਿ ਦੁਆਰਾ ਸਿੱਖ ਪ੍ਰਭੂ-ਚਰਨਾਂ ਨਾਲ ਜੁੜ ਕੇ ਸਮਾਂ ਪਾ ਕੇ ਸੱਚਖੰਡ ਵਾਸੀ ਬਣ ਕੇ ਪਰਮਾਨੰਦ ਵਿਚ ਸਥਿਤ ਹੋ ਜਾਂਦਾ ਹੈ।

‘ਗਾਥਾ’ ਸ਼ਬਦ ਦਾ ਅਰਥ ਕੀ ਹੈ, ਇਸ ਬਾਰੇ ਵਿਦਵਾਨਾਂ ਦੇ ਵਿਚਾਰ ਜਾਣ ਲੈਣੇ ਜ਼ਰੂਰੀ ਹਨ ਤਾਂ ਕਿ ਇਸ ਬਾਣੀ ਦੇ ਸਰੂਪ ਨੂੰ ਸਹਿਜੇ ਸਮਝਿਆ ਜਾ ਸਕੇ। ਗਾਥਾ : ਛੰਦ। ਵੇਦ ਤੋਂ ਭਿੰਨ ਛੰਦ ‘ਸਲੋਕ’ ਗੀਤ। ਪ੍ਰਾਕ੍ਰਿਤ ਭਾਸ਼ਾ ਦਾ ਇਕ ਭੇਦ।1

ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ :

ਗਾਥਾ : ਸਤੁਤਿ, ਉਸਤਤਿ; ਕਥਾ; ਪ੍ਰਕਰਣ; ਕਹਾਣੀ; ਉਹ ਇਤਿਹਾਸਕ ਰਚਨਾ ਜਿਸ ਵਿਚ ਕਿਸੇ ਵੀ ਵੰਸ਼ ਅਤੇ ਦਾਨ ਆਦਿਕ ਦਾ ਵਰਣਨ ਹੋਵੇ; ਇਕ ਛੰਦ ਜਿਸ ਦਾ ਨਾਉਂ ਆਰਯ ਤੇ ਰਾਗ ਵੀ ਹੈ; ਇਕ ਪ੍ਰਾਚੀਨ ਭਾਸ਼ਾ ਜਿਸ ਵਿਚ ਸੰਸਕ੍ਰਿਤ, ਪਾਲੀ ਅਤੇ ਹੋਰ ਬੋਲੀਆਂ ਦੇ ਸ਼ਬਦ ਮਿਲੇ ਦੇਖੀਦੇ ਹਨ।2

ਭਾਈ ਵੀਰ ਸਿੰਘ : ਗਾਥਾ : ਜੋ ਗਾਵਿਆ ਜਾਵੇ; ਛੰਦ; ਗੀਤ; ਕਥਾ; ਪ੍ਰਾਕ੍ਰਿਤ ਜਾਂ ਹੋਰ ਭਾਸ਼ਾ, ਜੋ ਸੰਸਕ੍ਰਿਤ ਤੋਂ ਭਿੰਨ ਹੋਵੇ। ਇਕ ਪੁਰਾਤਨ ਭਾਸ਼ਾ ਜਿਸ ਵਿਚ ਸੰਸਕ੍ਰਿਤ ਦੇ ਨਾਲ ਪਾਲੀ ਬੋਲੀ ਦੇ ਪਦ ਮਿਲ ਕੇ ਵਰਤੇ ਜਾਂਦੇ ਸਨ, ਇਸ ਵਿਚ ਲੋਕਾਂ ਦੇ ਯੋਗਦਾਨ ਆਦਿਕਾਂ ਦੇ ਹਾਲ ਮਿਲਦੇ ਹਨ। ਉਹ ਭਾਸ਼ਾ ਜਿਸ ਵਿਚ ਸੰਸਕ੍ਰਿਤ ਤੋਂ ਭਿੰਨ ਦੇਸੀ ਭਾਸ਼ਾ ਦੇ ਪਦ ਸੰਸਕ੍ਰਿਤ ਨਾਲ ਮਿਲਵੇਂ ਵਰਤੇ ਜਾਣ।3

ਉਪਰੋਕਤ ਅਰਥਾਂ ਤੋਂ ਸਪੱਸ਼ਟ ਹੈ ਕਿ ਗਾਥਾ ਇਕ ਲੌਕਿਕ ਛੰਦ ਹੈ, ਕਾਵਿ- ਰੂਪ ਹੈ, ਭਾਰਤ ਵਿਚ ਪ੍ਰਚਲਿਤ ਪ੍ਰਾਕ੍ਰਿਤ ਭਾਸ਼ਾ ਦਾ ਇਕ ਰੂਪ ਹੈ ਜਿਸ ਵਿਚ ਜੈਨੀ ਕਵੀਆਂ ਨੇ ਕਾਵਿ-ਰਚਨਾ ਕਰ ਕੇ ਆਪਣੇ ਵਿਚਾਰਾਂ ਨੂੰ ਜਨਤਾ ਤਕ ਪਹੁੰਚਾਉਣ ਦਾ ਯਤਨ ਕੀਤਾ।

ਸੰਪ੍ਰਦਾਈ ਵਿਦਵਾਨ ਬਾਣੀ ਕਿਸੇ ਪ੍ਰਥਾਇ ਉਚਾਰਨ ਕੀਤੀ ਮੰਨਦੇ ਹਨ ਜਿਸ ਕਾਰਨ ਉਹ ਉਥਾਨਕਾ ਦੇਣੀ ਲਾਜ਼ਮੀ ਸਮਝਦੇ ਹਨ ਤਾਂ ਕਿ ਸ਼ਰਧਾਲੂ ਸਿੱਖ ਨੂੰ ਬਾਣੀ ਦੇ ਕੇਂਦਰੀ-ਭਾਵ ਦੀ ਸੋਝੀ ਹੋ ਜਾਵੇ। ਇਸ ‘ਗਾਥਾ’ ਬਾਣੀ ਬਾਰੇ ਵੀ ਵਿਦਵਾਨਾਂ ਨੇ ਉਥਾਨਕਾਵਾਂ ਦਿੱਤੀਆਂ ਹਨ ਜਿਨ੍ਹਾਂ ਬਾਰੇ ਵਿਚਾਰ ਕੀਤੀ ਜਾਣੀ ਯੋਗ ਹੈ।

ਸੰਤ ਕਿਰਪਾਲ ਸਿੰਘ ਸੰਪ੍ਰਦਾਇ ਗਿਆਨੀ ਸਨ ਜਿਨ੍ਹਾਂ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਟੀਕਾ ਕੀਤਾ ਹੈ ਜੋ ਆਪਣੀ ਕਿਸਮ ਦਾ ਵਿਲੱਖਣ ਯਤਨ ਹੈ। ਉਨ੍ਹਾਂ ਨੇ ਦੋ ਉਥਾਨਕਾਵਾਂ ਦਿੱਤੀਆਂ ਹਨ:

1. ਪਹਿਲੀ ਉਥਾਨਕਾ : ਇਕ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਦੀਵਾਨ ਵਿਚ ਆ ਕੇ ਬੈਠੇ, ਉਸ ਵੇਲੇ ਸਾਰੀ ਸੰਗਤ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਪਰਉਪਕਾਰੀ, ਦੀਨ ਦਿਆਲ, ਸਰਬ-ਸ਼ਕਤੀਮਾਨ ਘਟ ਘਟ ਦੀ ਜਾਨਣਹਾਰ ਗਰੀਬ-ਨਿਵਾਜ ਜੀਓ! ਕਿਰਪਾ ਕਰਕੇ ਕੋਈ ਐਸੀ ਕਥਾ ਸੁਣਾਓ ਜਿਸ ਕਥਾ ਦੇ ਸੁਣਨ ਕਰਕੇ ਸਾਡਾ ਮਨ ਸੰਸਾਰਕ ਜੰਜਾਲਾਂ ਵੱਲੋਂ ਅਤੇ ਦੇਹ ਅਧਿਆਸ ਵੱਲੋਂ ਹਟ ਜਾਵੇ।

2. ਦੂਜੀ ਉਥਾਨਕਾ : ਸਹਸਕ੍ਰਿਤੀ ਸਲੋਕਾਂ ਨੂੰ ਸੁਣ ਕੇ ਹਰੀ ਲਾਲ ਕ੍ਰਿਸ਼ਨ ਲਾਲ ਨੂੰ ਬੜੀ ਸ਼ਾਂਤੀ ਪ੍ਰਾਪਤ ਹੋਈ ਪਰ ਗੁਰੂ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਮਨੋਹਰ ਬਚਨਾਂ ਨੂੰ ਸੁਣਨ ਦੀ ਤੀਬਰ ਇੱਛਾ ਹੋਣ ਕਰਕੇ ਫਿਰ ਉਨ੍ਹਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੁਆਮੀ ਜੀ! ਹੁਣ ਕਥਾ ਸੁਣਾਓ ਤਾਂ ਸਤਿਗੁਰੂ ਜੀ ਨੇ ਉਨ੍ਹਾਂ ਨੂੰ ਇਹ ਕਥਾ ਸੁਣਾਈ। ‘ਗਾਥਾ’ ਨਾਮ ਕਥਾ ਦਾ ਹੈ, ਇਸ ਵਾਸਤੇ ਇਕ ਬਾਣੀ ਦਾ ਨਾਮ ‘ਗਾਥਾ’ ਰੱਖਿਆ ਗਿਆ ਹੈ।4

ਇਕ ਹੋਰ ਉਥਾਨਕਾ ਉਪਲਬਧ ਹੈ ਜੋ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਦਿੱਤੀ ਹੈ। ਉਹ ਇਸ ਪ੍ਰਕਾਰ ਹੈ:

“ਇਹ ਸਲੋਕ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਚਾਰੇ ਹਨ। ਇਕ ਸਮੇਂ ਮੱਧ ਦੇਸ ਵੱਲੋਂ ਪੰਡਤ ਆਏ, ਜੋ ਪੰਜਾਬੀ ਭਾਸ਼ਾ ਨਹੀਂ ਸੀ ਜਾਣਦੇ, ਉਨ੍ਹਾਂ ਪ੍ਰਤੀ ਉਪਦੇਸ਼ ਗਾਥਾ ਬੋਲੀ ਵਿਚ ਹੋਇਆ। ਗਾਥਾ ਨਾਮ ਪ੍ਰਾਕ੍ਰਿਤ ਭਾਸ਼ਾ ਦਾ ਹੈ।”5

ਇਨ੍ਹਾਂ ਉਥਾਨਕਾਵਾਂ ਵਿੱਚੋਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਇਸ ਬਾਣੀ ਦਾ ਕੇਂਦਰੀ-ਭਾਵ ਇਹ ਹੈ ਕਿ ਸਰੀਰ ਜਾਂ ਦੁਨਿਆਵੀ ਸੁਖ-ਸੁਵਿਧਾਵਾਂ ਦਾ ਮਾਣ ਤਿਆਗ ਕੇ ਪ੍ਰਭੂ-ਚਰਨਾਂ ਨਾਲ ਜੁੜਨ ਨਾਲ ਹੀ ਮੁਕਤੀ ਮਿਲਦੀ ਹੈ ਤਾਂ ਦੂਜਾ ਇਸ ਬਾਣੀ ਦੀ ਰਚਨਾ ਨਾਲ ਪੰਜਾਬੀ ਨਾ ਜਾਣਨ ਵਾਲੇ ਪੂਰਬੀ ਭਾਰਤ ਦੇ ਲੋਕਾਂ ਨੂੰ ਅਜਿਹੀ ਭਾਸ਼ਾ ਵਿਚ ਗੁਰਮਤਿ ਗਿਆਨ ਪ੍ਰਦਾਨ ਕੀਤਾ ਹੈ ਜਿਸ ਤੋਂ ਉਹ ਪਰਿਚਿਤ ਸਨ ਤੇ ਗੁਰੂ-ਆਸ਼ੇ ਨੂੰ ਸਮਝ ਕੇ ਗੁਰੂ-ਘਰ ਨਾਲ ਜੁੜਨ ਦੇ ਚਾਹਵਾਨ ਸਨ।

ਇਸ ਛੋਟੀ ਬਾਣੀ ਬਾਰੇ ਵਿਦਵਾਨਾਂ ਨੇ ਘੱਟ ਹੀ ਵਿਚਾਰ ਕੀਤਾ ਹੈ ਪਰ ਦੋ ਵਿਦਵਾਨਾਂ ਨੇ ਬਾਣੀ ਦੀ ਤਹਿ ਵਿਚ ਲੁਕੇ ਵਿਚਾਰਾਂ ਨੂੰ ਉਜਾਗਰ ਕਰਨ ਲਈ ਗੰਭੀਰ ਯਤਨ ਕੀਤਾ ਹੈ। ਇਸ ਬਾਣੀ ਦੇ ਮੂਲ ਭਾਵਾਂ ਬਾਰੇ ਡਾ. ਰਤਨ ਸਿੰਘ ਲਿਖਦੇ ਹਨ:

“ਇਸ ਰਚਨਾ ਵਿਚ ਗੁਰੂ ਅਰਜਨ ਦੇਵ ਜੀ ਦੇ 24 ਪਦੇ ਹਨ ਜਿਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਮਨੁੱਖਾ-ਸਰੀਰ ਦੀ ਸਫ਼ਲਤਾ ਸਾਧ-ਸੰਗਤਿ ਵਿਚ ਜਾ ਕੇ ਹਰਿ ਨਾਮ ਦੇ ਸਿਮਰਨ ਵਿਚ ਹੈ। ਨਾਮ-ਸਿਮਰਨ ਨਾਲ ਵਿਕਾਰਾਂ ਤੋਂ ਬਿਰਤੀ ਹਟਦੀ ਹੈ ਅਤੇ ਜੀਵਨ ਸੁਖੀ ਬਣਦਾ ਹੈ। ਪਰਮਾਤਮਾ ਪ੍ਰਤਿ ਸ਼ਰਧਾ ਦੀ ਭਾਵਨਾ ਦਾ ਵਿਕਾਸ ਸਾਧ-ਸੰਗਤਿ ਦੀ ਸਭ ਤੋਂ ਵੱਡੀ ਦੇਣ ਹੈ। ਸਾਧ-ਸੰਗਤਿ ਦੁਆਰਾ ਸੁਧਰੇ ਹੋਏ ਸਾਧਨ ਕੇਵਲ ਆਪਣਾ ਅਧਿਆਤਮਕ ਭਵਿੱਖ ਹੀ ਉਜਲਾ ਨਹੀਂ ਕਰਦੇ ਸਗੋਂ ਆਪਣੇ ਸੰਪਰਕ ਵਿਚ ਆਉਣ ਵਾਲੇ ਹੋਰ ਅਨੇਕਾਂ ਦਾ ਬੇੜਾ ਵੀ ਪਾਰ ਕਰਦੇ ਹਨ। ਗੁਰੂ ਜੀ ਅਨੁਸਾਰ ਅਜਿਹੇ ਸਾਧਕ ਫਿਰ ਆਵਾਗਵਣ ਦੇ ਚੱਕਰ ਵਿਚ ਨਹੀਂ ਪੈਂਦੇ6

ਡਾ. ਮਹਿੰਦਰ ਕੌਰ ਨੇ ਗਾਥਾ ਦੇ ਕੇਂਦਰੀ ਵਿਸ਼ੇ ਬਾਰੇ ਆਪਣੇ ਵਿਚਾਰ ਇਸ ਪ੍ਰਕਾਰ ਪ੍ਰਗਟ ਕੀਤੇ ਹਨ:

“ਸਰੀਰ ਦੇ ਅਹੰਕਾਰ ਨੂੰ ਨਿਰਮੂਲ ਦੱਸਦਿਆਂ ਹੋਇਆਂ ਸਪੱਸ਼ਟ ਕੀਤਾ ਹੈ ਕਿ ਮਨੁੱਖਾ-ਸਰੀਰ ਤਾਂ ਹੀ ਸਫਲ ਹੈ ਜੇ ਨਾਮ ਜਪਦਾ ਹੈ। ਇਸ ਨਾਮ ਰੂਪ ਜਗਤ ਵਿਚ ਜੀਵ ਦਾ ਸਹਾਇਕ ਨਾਮ ਹੀ ਹੈ। ਆਤਮਕ ਸੁਖ ਗੁਰੂ ਦੀ ਸੰਗਤ ਦੁਆਰਾ ਪ੍ਰਾਪਤ ਹੁੰਦਾ ਹੈ। ਪ੍ਰਭੂ ਉਸਤਤਿ ਕਰਨ ਨਾਲ ਕਾਮਾਦਿਕ ਵਿਸ਼ਿਆਂ ਦਾ ਨਾਸ ਹੁੰਦਾ ਹੈ। ਨਾਮ-ਵਿਹੂਣਾ ਜੀਵ ਕਈ ਪ੍ਰਕਾਰ ਦੇ ਦੁੱਖ ਸਹਾਰਦਾ ਹੈ। ਗੁਰੂ-ਸੰਗਤਿ ਕਰਨ ਨਾਲ ਪ੍ਰਭੂ ਲਈ ਪਿਆਰ ਜਾਗਦਾ ਹੈ ਤੇ ਸ਼ਰਧਾ ਬਣਦੀ ਹੈ, ਜਿਸ ਨਾਲ ਜੀਵ ਅਨੇਕ ਪ੍ਰਕਾਰ ਦੇ ਵਿਕਾਰਾਂ ਤੋਂ ਬਚ ਜਾਂਦਾ ਹੈ।”

‘ਗਾਥਾ’ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਨਵ-ਜਾਤੀ ਨੂੰ ਜੋ ਉਪਦੇਸ਼ ਦਿੱਤਾ ਹੈ ਉਹ ਕਲਿਆਣਕਾਰੀ ਹੈ। ਸਰੀਰ ਆਦਿ ’ਤੇ ਮਾਣ ਨਹੀਂ ਕਰਨਾ ਚਾਹੀਦਾ ਅਤੇ ਆਪਣਾ ਮਨ ਸਤਿਗੁਰੂ/ਪਰਮਾਤਮਾ ਦੇ ਚਰਨਾਂ ਨਾਲ ਜੋੜ ਕੇ ਸਦਾਚਾਰੀ ਜੀਵਨ ਬਤੀਤ ਕਰਨਾ ਚਾਹੀਦਾ ਹੈ। ਅਜਿਹਾ ਕਰਨ ਵਾਲੇ ਸਾਧਕ ਪਰਮਸੁਖ ਰੂਪ ਪਰਮਾਤਮਾ ਵਿਚ ਸਮਾ ਕੇ ਸਦੀਵੀ ਸੁਖ ਨੂੰ ਪ੍ਰਾਪਤ ਕਰ ਲੈਂਦੇ ਹਨ।

ਸਲੋਕ ਵਾਰ ਭਾਵ ਇਸ ਪ੍ਰਕਾਰ ਹੈ:

1. ਸਰੀਰ ’ਤੇ ਮਾਣ ਕਰਨਾ ਕਮ-ਅਕਲੀ ਹੈ ਕਿਉਂਕਿ ਇਹ ਸਰੀਰ ਅੰਦਰੋਂ ਮੈਲ ਨਾਲ ਭਰਿਆ ਹੋਇਆ ਹੈ। ਇਸ ਸਰੀਰ ਦੀ ਪ੍ਰਕਿਰਤੀ ਅਜਿਹੀ ਹੈ ਕਿ ਜੋ ਸੁਗੰਧਿਤ ਵਸਤੂ ਇਸ ਦਾ ਸਪਰਸ਼ ਕਰਦੀ ਹੈ, ਦੁਰਗੰਧ ਵਿਚ ਬਦਲ ਜਾਂਦੀ ਹੈ।

2. ਸਰੀਰ ਦੀ ਸਫ਼ਲਤਾ ਨਾਮ-ਸਿਮਰਨ ਵਿਚ ਹੈ।

3. ਸੰਸਾਰ ਨਾਸਵੰਤ ਹੈ, ਪਰਲੋਕ ਵਿਚ ਮਨੁੱਖ ਨਾਲ ਦੁਨੀਆਂ ਦੀ ਕੋਈ ਵਸਤੂ ਨਹੀਂ ਜਾਂਦੀ। ਉੱਥੇ ਤਾਂ ਕੇਵਲ ਪ੍ਰਭੂ-ਨਾਮ-ਸਿਮਰਨ ਹੀ ਸਹਾਈ ਹੁੰਦਾ ਹੈ।

4. ਗੁਰੂ ਜੀ ਦੀ ਸੰਗਤ ਵਿੱਚੋਂ ਸਿਫ਼ਤ-ਸਲਾਹ ਦੀ ਦਾਤ ਮਿਲਦੀ ਹੈ ਜੋ ਸੁਖਦਾਈ ਹੈ।

5. ਅਹੰਕਾਰੀ ਬਣ ਕੇ ਸਾਧ-ਸੰਗਤਿ ਵਿਚ ਜਾਣ ਵਾਲਾ ਖ਼ਾਲੀ ਹੀ ਰਹਿੰਦਾ ਹੈ। ਉਸ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ।

6. ਪ੍ਰਭੂ ਦੀ ਸਿਫ਼ਤ-ਸਲਾਹ ਕਰਨ ਵਾਲੇ ਦੇ ਵਿਕਾਰਾਂ ਦਾ ਨਾਸ਼ ਹੋ ਜਾਂਦਾ ਹੈ।

7. ਪ੍ਰਭੂ ਦੀ ਸਿਫ਼ਤ-ਸਲਾਹ ਕਰਨ ਵਾਲਾ ਸੁਖੀ ਜੀਵਨ ਬਸਰ ਕਰਦਿਆਂ ਆਖ਼ਰ ਮੁਕਤ ਹੋ ਕੇ ਸੱਚਖੰਡ ਦਾ ਵਾਸੀ ਬਣ ਜਾਂਦਾ ਹੈ।

8. ਨਾਮ-ਵਿਹੂਣਾ ਮਨੁੱਖ ਅਨਮੋਲ ਜੀਵਨ ਨੂੰ ਅਜਾਈਂ ਗੁਆ ਕੇ ਦੁੱਖ ਪਾਉਂਦਾ ਫਿਰ ਆਵਾਗਵਨ ਦੇ ਚੱਕਰ ਵਿਚ ਪੈ ਜਾਂਦਾ ਹੈ।

9. ਸਾਧ-ਸੰਗਤਿ ਕਰਨ ਵਾਲਾ ਪ੍ਰਭੂ ਦਾ ਸ਼ਰਧਾਲੂ ਬਣ ਜਾਂਦਾ ਹੈ ਤੇ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ।

10. ਸਾਧ-ਸੰਗਤਿ ਵਿਚ ਨਾਮ-ਸਿਮਰਨ ਕਰਨ ਨਾਲ ਵਿਕਾਰ ਨਿਰਬਲ ਹੋ ਜਾਂਦੇ ਹਨ। ਇਹ ਗਿਆਨ ਕਿਸੇ ਵਿਰਲੇ ਨੂੰ ਹੀ ਗੁਰੂ-ਕਿਰਪਾ ਨਾਲ ਹੁੰਦਾ ਹੈ।

11. ਗੁਰ-ਬਚਨ ਕਰੋੜਾਂ ਪਾਪਾਂ ਨੂੰ ਭਸਮ ਕਰ ਦਿੰਦੇ ਹਨ। ਗੁਰ-ਬਚਨਾਂ ਨੂੰ ਕਮਾਉਣ ਵਾਲਾ ਆਪ ਤਾਂ ਤਰਦਾ ਹੀ ਹੈ ਨਾਲ-ਨਾਲ ਅਨੇਕਾਂ ਸਾਥੀਆਂ ਦਾ ਪਾਰ ਉਤਾਰਾ ਵੀ ਕਰ ਦਿੰਦਾ ਹੈ।

12. ਜਿੱਥੇ ਪ੍ਰਭੂ ਦੀ ਸਿਫ਼ਤ-ਸਲਾਹ ਹੁੰਦੀ ਹੈ, ਉਹ ਸਥਾਨ ਸੁਹਾਣਾ ਬਣ ਜਾਂਦਾ ਹੈ ਅਤੇ ਸਿਫ਼ਤ-ਸਲਾਹ ਵਿਚ ਲੀਨ ਹੋ ਕੇ ਸਾਧਕ-ਸਿੱਖ ਮੁਕਤ ਹੋ ਜਾਂਦੇ ਹਨ।

13. ਜੀਵ ਦਾ ਕੇਵਲ ਪ੍ਰਭੂ ਹੀ ਅਸਲੀ ਸੱਚਾ ਮਿੱਤਰ ਹੈ।

14. ਨਾਮ-ਸਿਮਰਨ ਸਾਧਕ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ ਤੇ ਇਹ ਸਿਮਰਨ ਦੀ ਦਾਤ ਗੁਰੂ ਜੀ ਦੀ ਬਾਣੀ ਤੋਂ ਪ੍ਰਾਪਤ ਹੁੰਦੀ ਹੈ।

15. ਪ੍ਰਭੂ ਨੂੰ ਭੁੱਲ ਜਾਣਾ ਮੌਤ ਹੈ। ਜੀਵਨ ਹੈ ਉਸ ਪ੍ਰਭੂ ਦਾ ਸਿਮਰਨ। ਇਹ ਗਿਆਨ ਸਾਧ-ਸੰਗਤਿ ਵਿੱਚੋਂ ਤਾਂ ਪ੍ਰਾਪਤ ਹੁੰਦਾ ਹੈ ਜੇਕਰ ਪੂਰਬਲੇ ਜਨਮਾਂ ਵਿਚ ਕਮਾਈ ਕੀਤੀ ਹੋਵੇ।

16. ਸਾਧ-ਸੰਗਤਿ ਕਰਨ ਵਾਲੇ ਦੇ ਸਾਰੇ ਅੰਦਰਲੇ ਰੋਗਾਂ/ਵਿਕਾਰਾਂ ਦਾ ਨਾਸ ਹੋ ਜਾਂਦਾ ਹੈ।

17. ਗੁਰੂ-ਸੰਗਤਿ ਕਰਨ ਨਾਲ ਪ੍ਰਭੂ-ਪ੍ਰੇਮ ਉਤਪੰਨ ਹੁੰਦਾ ਹੈ।

18. ਪ੍ਰਭੂ ਦੇ ਚਰਨ-ਕੰਵਲਾਂ ਨਾਲ ਜੁੜਨ ਵਾਲੇ ਨੂੰ ਸਭ ਸੁਖ ਪ੍ਰਾਪਤ ਹੋ ਜਾਂਦੇ ਹਨ। ਪਰ ਪੂਰਬਲੇ ਸ਼ੁਭ ਭਾਗਾਂ ਕਰਕੇ ਹੀ ਪ੍ਰਭੂ ਦੀ ਸਿਫ਼ਤ-ਸਲਾਹ ਕਰਨ ਦੀ ਦਾਤ ਮਿਲਦੀ ਹੈ।

19. ਸਾਧ-ਸੰਗਤਿ ਵਿਚ ਪ੍ਰਭੂ-ਉਸਤਤਿ ਕਰਨ ਨਾਲ ਵਿਕਾਰਾਂ ਤੋਂ ਬਚਿਆ ਜਾ ਸਕਦਾ ਹੈ।

20. ਪਾਠ ਕਰਨ ਦਾ ਮੰਤਵ ਇਹ ਗਿਆਨ ਪ੍ਰਾਪਤ ਕਰਨਾ ਹੈ ਕਿ ਪ੍ਰਭੂ-ਸਿਮਰਨ ਕਰਨਾ ਹੈ।

21. ਸਾਧ-ਸੰਗਤਿ ਵਿਚ ਪ੍ਰਭੂ-ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ।

22. ਸਾਧ-ਸੰਗਤਿ ਵਿਚ ਜਾਣ ਵਾਲੇ ਦੇ ਭਾਗ ਜਾਗੇ ਮੰਨੇ ਜਾਣੇ ਚਾਹੀਦੇ ਹਨ ਕਿਉਂਕਿ ਇੱਥੇ ਨਾਮ-ਸਿਮਰਨ ਨਾਲ ਹਰ ਪ੍ਰਕਾਰ ਦੇ ਵਿਸ਼ੇ-ਵਿਕਾਰਾਂ ਦਾ ਨਾਸ ਹੋ ਜਾਂਦਾ ਹੈ।

23. ਸਦਾ ਥਿਰ ਰਹਿਣ ਵਾਲੇ ਸਰਬ-ਵਿਆਪਕ ਪ੍ਰਭੂ ਨਾਲ ਪਿਆਰ ਸਾਧ- ਸੰਗਤ ਰਾਹੀਂ ਹੀ ਦ੍ਰਿੜ੍ਹ ਹੁੰਦਾ ਹੈ।

24. ਮਾਇਆ ਦੇ ਰਾਗ-ਰੰਗ-ਤਮਾਸ਼ੇ ਕਸੁੰਭੇ ਦੇ ਫੁੱਲ ਵਰਗੇ ਹੁੰਦੇ ਹਨ ਜਿਨ੍ਹਾਂ ਵਿਚ ਫਸਣ ਵਾਲੇ ਨੂੰ ਰੋਗ-ਸੋਗ, ਦੁੱਖ ਹੀ ਪ੍ਰਾਪਤ ਹੁੰਦੇ ਹਨ। ਸੁਖ ਤਾਂ ਸੁਪਨੇ ਵਿਚ ਵੀ ਪ੍ਰਾਪਤ ਨਹੀਂ ਹੁੰਦਾ। ਉਪਰੋਕਤ ਵਿਚਾਰ ਤੋਂ ਸਪੱਸ਼ਟ ਹੈ:


(ੳ)  ਸਰੀਰ ਦਾ ਮਾਣ ਕੂੜਾ ਹੈ। ਇਹ ਗੰਦਗੀ ਦੀ ਢੇਰੀ ਤੋਂ ਵੱਧ ਕੁਝ ਵੀ ਨਹੀਂ।

(ਅ) ਦੁਨਿਆਵੀ ਸੁਖ ਅਲਪ-ਕਾਲੀ ਹਨ ਤੇ ਮਗਰੋਂ ਦੁੱਖ ਦਾ ਕਾਰਨ ਬਣਦੇ ਹਨ। ਇੰਦਰਿਆਵੀ ਸੁਖ ਰੋਗਾਂ ਵਿਚ ਬਦਲ ਜਾਂਦੇ ਹਨ।

(ੲ) ਪਰਮਾਤਮਾ ਸਰਬ-ਸ਼ਕਤੀਮਾਨ, ਸੁਖਦਾਤਾ, ਸਰਬ-ਵਿਆਪਕ ਹੈ ਜਿਸ ਨਾਲ ਪ੍ਰੇਮ-ਪਿਆਰ ਕਰਨ ਵਾਲਾ ਸੁਖੀ ਹੋ ਸਕਦਾ ਹੈ।

(ਸ) ਸਾਧ-ਸੰਗਤਿ ਵਿਚ ਜਾਣ ਨਾਲ ਹੀ ਉਸ ਪ੍ਰਭੂ ਨਾਲ ਪਿਆਰ ਪੈਂਦਾ ਹੈ ਤੇ ਇਹ ਪਿਆਰ ਹੀ ਸਾਧਕ ਸਿੱਖ ਨੂੰ ਮੁਕਤੀ ਦਿਵਾਉਂਦਾ ਹੈ।

(ਹ) ਪ੍ਰਭੂ ਦਾ ਮਿਲਾਪ ਗੁਰੂ ਦੀ ਕਿਰਪਾ ਨਾਲ ਹੁੰਦਾ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਖੋਜ ਅਫ਼ਸਰ, ਭਾਸ਼ਾ ਵਿਭਾਗ -ਵਿਖੇ: ਭਾਸ਼ਾ ਭਵਨ, ਸ਼ੇਰਾਂ ਵਾਲਾ ਗੇਟ, ਪਟਿਆਲਾ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)