‘ਵਾਰ’ ਪੰਜਾਬੀ ਦਾ ਇਕ ਲੋਕਪ੍ਰਿਅ ਕਾਵਿ-ਰੂਪ ਹੈ ਜੋ ਬੀਰ ਰਸ ਉਤਪੰਨ ਕਰਨ ਲਈ ਅਤਿਅੰਤ ਢੁਕਵਾਂ ਤੇ ਅਨੁਕੂਲ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਾਲ ਤਕ ਅਜਿਹੀਆਂ ਕਈ ਬੀਰ ਰਸੀ ਵਾਰਾਂ ਜਨ-ਸਾਧਾਰਨ ਵਿਚ ਪ੍ਰਚਲਿਤ ਸਨ, ਜਿਨ੍ਹਾਂ ਵਿਚ ਤਤਕਾਲੀਨ ਪੰਜਾਬੀ ਜੋਧਿਆਂ, ਸੂਰਬੀਰਾਂ, ਰਾਜਿਆਂ ਅਤੇ ਲੋਕ-ਨਾਇਕਾਂ ਦੀ ਉਸਤਤ ਕੀਤੀ ਗਈ ਸੀ ਤੇ ਜਿਨ੍ਹਾਂ ਨੂੰ ਢਾਡੀ ਲੋਕ ਗਾ ਕੇ ਲੋਕਾਂ ਵਿਚ ਸੁਣਾਇਆ ਕਰਦੇ ਸਨ। ਇਹ ਵਾਰਾਂ ਜਨਤਾ ਵਿਚ ਇਤਨੀਆਂ ਹਰਮਨ ਪਿਆਰੀਆਂ ਸਨ ਕਿ ਗੁਰੂ ਸਾਹਿਬਾਨ ਨੇ ਇਸ ਕਾਵਿ-ਰੂਪ ਨੂੰ ਅਧਿਆਤਮਿਕ ਵਿਸ਼ਿਆਂ ਲਈ ਵਰਤਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁਲ 22 ਵਾਰਾਂ ਹਨ- ਤਿੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ, ਚਾਰ ਸ੍ਰੀ ਗੁਰੂ ਅਮਰਦਾਸ ਜੀ ਦੀਆਂ, ਅੱਠ ਸ੍ਰੀ ਗੁਰੂ ਰਾਮਦਾਸ ਜੀ ਦੀਆਂ, ਛੇ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਅਤੇ ਇਕ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਦੀ।
ਇਨ੍ਹਾਂ ਵਿੱਚੋਂ 9 ਵਾਰਾਂ ਨੂੰ ਲੋਕ ਪ੍ਰਸਿੱਧ ਬੀਰ ਰਸੀ ਵਾਰਾਂ ਦੀਆਂ ਧੁਨੀਆਂ ਉੱਤੇ ਗਾਉਣ ਦਾ ਉਪਦੇਸ਼ ਹੈ। ‘ਗਉੜੀ ਕੀ ਵਾਰ ਮਹਲਾ 4’ ਨੂੰ ਰਾਇ ਕਮਾਲ ਦੀ ਮੌਜ ਦੀ ਵਾਰ ਦੀ ਧੁਨੀ ਉੱਪਰ ਗਾਉਣ ਦਾ ਆਦੇਸ਼ ਹੈ।
‘ਗਉੜੀ ਦੀ ਵਾਰ’ ਸ੍ਰੀ ਗੁਰੂ ਰਾਮਦਾਸ ਜੀ ਦੀ ਇਕ ਸ੍ਰੇਸ਼ਟ ਅਤੇ ਪ੍ਰੋੜ੍ਹ ਰਚਨਾ ਹੈ ਜਿਸ ਦੀਆਂ 33 ਪਉੜੀਆਂ ਹਨ। 27 ਤੋਂ 31 ਤਕ ਦੀਆਂ ਪਉੜੀਆਂ ਸ੍ਰੀ ਗੁਰੂ ਅਰਜਨ ਸਾਹਿਬ ਨੇ ਆਪਣੇ ਵੱਲੋਂ ਜੋੜ ਦਿੱਤੀਆਂ ਹਨ।
‘ਗਉੜੀ ਦੀ ਵਾਰ’ ਨੂੰ ਸਾਹਿਤਕ, ਸਿਧਾਂਤਿਕ ਅਤੇ ਸਮਾਜਿਕ ਪੱਖ ਤੋਂ ਵਿਚਾਰਿਆ ਜਾ ਸਕਦਾ ਹੈ।
‘ਗਉੜੀ ਦੀ ਵਾਰ’ ਵਿਚ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਸਮੇਂ ਦੇ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਜੀਵਨ ਨੂੰ ਬੜੀ ਬਰੀਕੀ ਨਾਲ ਚਿਤਰਿਆ ਹੈ। ਇਹ ਵਾਰ ਗੁਰੂ ਸਾਹਿਬ ਦੇ ਸਮੇਂ ਦੇ ਸਮਾਜ ਦਾ ਵਾਸਤਵਿਕ ਦਰਪਣ ਹੈ। ਗੁਰੂ ਸਾਹਿਬ ਨੇ ਆਪਣੇ ਸਮੇਂ ਦੇ ਸਮਾਜ ਦੀਆਂ ਊਣਤਾਈਆਂ ਦਾ ਚਿਤਰਨ ਕੀਤਾ ਹੈ। ਇਸ ਵਾਰ ਦੀ ਗਿਆਰ੍ਹਵੀਂ ਪਉੜੀ ਵਿਚ ਗੁਰੂ ਸਾਹਿਬ ਨੇ ਸਮਾਜਿਕ ਜੀਵਨ ਦੀ ਮਹੱਤਤਾ ਅਤੇ ਗੁਰਸਿੱਖ ਦੀ ਰਹਿਣੀ ਬਹਿਣੀ ਦੀ ਵੀ ਚਰਚਾ ਕੀਤੀ ਹੈ। ਉਨ੍ਹਾਂ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਨਿਰਾ ਖਾਣ-ਪੀਣ, ਪਹਿਨਣ ਦਾ ਚਸਕਾ ਹੈ, ਉਹ ਕੋਹੜ ਦੇ ਮਾਰੇ ਹੋਏ ਸਾਹਮਣੇ ਤਾਂ ਮਿੱਠੀਆਂ ਗੱਲਾਂ ਕਰਦੇ ਹਨ ਪਰ ਪਿੱਛੋਂ ਰੱਜ ਕੇ ਨਿੰਦਾ ਕਰਦੇ ਹਨ, ਅਜਿਹੇ ਬੰਦੇ ਰੱਬ ਤੋਂ ਦੂਰ ਵਿਛੜੇ ਪਏ ਹਨ।
ਪ੍ਰਭੂ ਦੀ ਬੰਦਗੀ ਕਰਨ ਵਾਲੇ ਗੁਰਮੁਖ ਜਨ ਤਾਂ ਸਾਰੇ ਜਗਤ ਵਿਚ ਸੋਭਾ ਪਾਉਂਦੇ ਹਨ ਪਰ ਜੋ ਮੂਰਖ ਉਨ੍ਹਾਂ ਨਾਲ ਵੈਰ ਬਣਾ ਲੈਂਦੇ ਹਨ, ਉਹ ਕਦੇ ਸੁਖੀ ਨਹੀਂ ਹੁੰਦੇ; ਅਜਿਹੇ ਬੰਦੇ ਮੁੱਢੋਂ ਵੱਢੇ ਹੋਏ ਰੁੱਖ ਸਮਾਨ ਹਨ, ਜਿਨ੍ਹਾਂ ਦੇ ਟਾਹਣ ਆਪੇ ਸੁੱਕ ਜਾਂਦੇ ਹਨ। ਇਨ੍ਹਾਂ ਗੁਰ-ਨਿੰਦਕਾਂ ਦੇ ਅੰਦਰ ਭੀ ਕੋਈ ਗੁਣ ਮੌਲ ਨਹੀਂ ਸਕਦਾ।
12ਵੀਂ ਪਉੜੀ ਦੇ ਪਹਿਲੇ ਸਲੋਕ ਦੇ ਅੰਤ ਵਿਚ ਬਿਆਨ ਹੈ- ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸਾਚੈ ਮਾਰਿ ਪਚਾਇਆ॥ ਇਹ ਪੰਕਤੀ ਉਸ ਵਕਤ ਦੇ ਗੁਰਗੱਦੀ ਦੇ ਵਿਰੋਧੀਆਂ ਵੱਲ ਸੰਕੇਤ ਕਰਦੀ ਹੈ। ਜ਼ਰਾ ਧਿਆਨ ਨਾਲ ਦੇਖੀਏ ਤਾਂ ਇਹ ਗੱਲਾਂ ਬੜੀਆਂ ਕਰੜੀਆਂ ਹੋਣ ਕਰਕੇ ਬੜੀ ਸੰਜੀਦਗੀ ਨਾਲ ਕਹੀਆਂ ਗਈਆਂ ਹਨ।
ਇਸ ਬਾਣੀ ਵਿਚ ਸ੍ਰੀ ਗੁਰੂ ਅਮਰਦਾਸ ਜੀ ਦੇ ਵਿਰੁੱਧ ਜੋ ਪਾਰਟੀ ਖੜ੍ਹੀ ਹੋਣ ਦਾ ਯਤਨ ਕਰ ਰਹੀ ਸੀ ਉਸ ਨੂੰ ਸਮਝਾ ਰਹੇ ਹਨ ਕਿ ਸਤਿਗੁਰ ਕੇਵਲ ਇਕ ਹੈ, ਉਸ ਨੂੰ ਪ੍ਰਤੱਖ ਗੁਰੂ ਮੰਨੋ, ਉਸ ਦੀ ਬਾਣੀ ਨੂੰ ਪ੍ਰਮਾਣਿਕ ਕਰਕੇ ਪੜ੍ਹੋ ਤੇ ਕਿਸੇ ਨਵੀਂ ਗੱਦੀ ਲਾਉਣ ਵਾਲੇ ਦੇ ਦੁਆਲੇ ਇਕੱਠੇ ਨਾ ਹੋਵੋ।
ਜੇ ਅਸੀਂ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਪ੍ਰਾਪਤੀਆਂ ’ਤੇ ਝਾਤੀ ਮਾਰਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਸਾਹਿਬ ਦੇ ਚਲਾਏ ਕਾਰਜ ਨੂੰ ਬਹੁਤ ਲਗਨ ਨਾਲ ਅੱਗੇ ਵਧਾਇਆ। ਉਨ੍ਹਾਂ ਨੇ ਲੰਗਰ ਦੀ ਪ੍ਰਥਾ ਚਲਾਈ। ਗੁਰੂ ਸਾਹਿਬ ਦੇ ਬਹੁਤ ਸ਼ਰਧਾਲੂ ਬਣ ਗਏ ਅਤੇ ਆਪ ਉਨ੍ਹਾਂ ਸਾਰਿਆਂ ਨਾਲ ਸੰਪਰਕ ਰੱਖਣਾ ਉਨ੍ਹਾਂ ਲਈ ਬਹੁਤ ਔਖਾ ਹੋ ਗਿਆ, ਇਸ ਲਈ ਉਨ੍ਹਾਂ 22 ਮੰਜੀਆਂ ਦੀ ਸਥਾਪਨਾ ਕੀਤੀ ਅਤੇ ਉਨ੍ਹਾਂ ਲਈ ਮਸੰਦ ਨਿਯੁਕਤ ਕੀਤੇ ਜੋ ਸਿੱਖ ਸਿਧਾਂਤਾਂ, ਵਿਸ਼ਵਾਸਾਂ ਨਾਲ ਪੂਰੀ ਤਰ੍ਹਾਂ ਜਾਣੂੰ ਸਨ ਅਤੇ ਗੁਰੂ-ਘਰ ਲਈ ਪ੍ਰਾਪਤ ਮਾਇਆ ਇਕੱਤਰ ਕਰਦੇ ਸਨ। ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ, ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਭਗਤਾਂ ਦੀ ਬਾਣੀ ਇਕੱਤਰ ਕਰਕੇ ਲੋਕਾਂ ਸਾਹਮਣੇ ਲਿਆਂਦੀ ਜੋ ਬਹੁਤ ਲੋਕਪ੍ਰਿਅ ਹੋਈ। ਗੋਇੰਦਵਾਲ ਸਾਹਿਬ ਸਿੱਖਾਂ ਦਾ ਤੀਰਥ ਬਣ ਗਿਆ। ਇਨ੍ਹਾਂ ਯੋਗਦਾਨਾਂ ਨੇ ਬ੍ਰਾਹਮਣ, ਪਰੋਹਿਤਾਂ ਅਤੇ ਮੁਲਾਣਿਆਂ ਦੀ ਮਹੱਤਤਾ ਨੂੰ ਘਟਾ ਦਿੱਤਾ। ਬ੍ਰਾਹਮਣਾਂ ਨੂੰ ਆਪਣੀ ਮਾਇਆ ਖੁੱਸਦੀ ਨਜ਼ਰ ਆਉਣ ਲੱਗੀ। ਉਨ੍ਹਾਂ ਪਹਿਲਾਂ ਆਪ ਅਤੇ ਫਿਰ ਬਾਦਸ਼ਾਹ ਰਾਹੀਂ ਗੁਰੂ ਜੀ ਨੂੰ ਸਬਕ ਸਿਖਾਉਣ ਦਾ ਯਤਨ ਕੀਤਾ।
ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸ ਨੋ ਫਿਟੁ ਫਿਟੁ ਕਹੈ ਸਭੁ ਸੰਸਾਰੁ॥ (ਪੰਨਾ 302)
ਧੁਰਿ ਮਾਰੇ ਪੂਰੈ ਸਤਿਗੁਰੂ ਸੇਈ ਹੁਣਿ ਸਤਿਗੁਰਿ ਮਾਰੇ॥ (ਪੰਨਾ 307)
ਜੋ ਮੁੱਢ ਤੋਂ ਪੂਰੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਿਟਕਾਰੇ ਹੋਏ ਹਨ ਉਨ੍ਹਾਂ ਨੂੰ ਹੀ ਹੁਣ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਫਿਟਕਾਰਿਆ ਹੈ। ਉਨ੍ਹਾਂ ਨੂੰ ਗੁਰੂ-ਘਰ ਨਾਲ ਮਿਲਾਉਣ ਲਈ ਕਿਤਨਾ ਹੀ ਪਏ ਚਾਹੀਏ, ਵਾਹਿਗੁਰੂ ਉਨ੍ਹਾਂ ਨੂੰ ਮਿਲਣ ਨਹੀਂ ਦਿੰਦਾ। ਸੰਗਤ ਵਿਚ ਵੀ ਉਨ੍ਹਾਂ ਨੂੰ ਪਨਾਹ ਨਹੀਂ ਮਿਲਦੀ ਕਿਉਂਕਿ ਸੰਗਤ ਵਿਚ ਗੁਰੂ ਜੀ ਨੇ ਆਪਣੇ ਵਿਚਾਰ ਪ੍ਰਗਟ ਕਰ ਦਿੱਤੇ ਹਨ ਕਿ ਜੋ ਕੋਈ ਸਿੱਖ ਹੁਣ ਉਨ੍ਹਾਂ ਨੂੰ ਜਾ ਕੇ ਮਿਲੇਗਾ ਤਾਂ ਉਸ ਨੂੰ ਜ਼ਾਲਮ ਜਮ ਮਾਰੇਗਾ। ਸੋ ਜਿਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੇਮੁਖ ਕਰਾਰ ਦਿੱਤਾ, ਉਹ ਬੇਮੁਖ ਹੀ ਰਹੇ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਉਨ੍ਹਾਂ ਨੂੰ ਬੁਰਾ ਕਰਾਰ ਦਿੱਤਾ। ਪਰ ਤੀਜੀ ਪਾਤਸ਼ਾਹੀ ਨੂੰ ਉਨ੍ਹਾਂ ’ਤੇ ਤਰਸ ਆ ਗਿਆ ਅਤੇ ਉਨ੍ਹਾਂ ਨੇ ਸਾਰੇ ਨਿੰਦਕ ਮਾੜੇ ਆਦਮੀ ਤਾਰ ਦਿੱਤੇ।
ਵਿਣੁ ਸਤਿਗੁਰ ਕੇ ਹੁਕਮੈ ਜਿ ਗੁਰਸਿਖਾਂ ਪਾਸਹੁ ਕੰਮੁ ਕਰਾਇਆ
ਲੋੜੇ ਤਿਸੁ ਗੁਰਸਿਖੁ ਫਿਰਿ ਨੇੜਿ ਨ ਆਵੈ॥ (ਪੰਨਾ 317)
ਇਥੇ ਗੁਰੂ ਜੀ ਅੱਡ-ਅੱਡ ਗੱਦੀਆਂ ਲਾ ਕੇ ਸਿੱਖੀ ਸੇਵਕੀ ਬਣਾਉਣ ਵਾਲਿਆਂ ਕੋਲੋਂ ਆਪਣੇ ਸਿੱਖਾਂ ਨੂੰ ਬਚਾਉਣਾ ਚਾਹੁੰਦੇ ਹਨ। ਗੁਰੂ ਜੀ ਫ਼ੁਰਮਾਉਂਦੇ ਹਨ ਕਿ ਸਤਿਗੁਰੂ ਦੀ ਆਗਿਆ ਤੋਂ ਬਿਨਾਂ ਜੇ ਕੋਈ ਸਿੱਖਾਂ ਪਾਸੋਂ ਆਪਣਾ ਹੁਕਮ ਮਨਾਉਣਾ ਚਾਹੇ ਤਾਂ ਕੋਈ ਗੁਰੂ ਦਾ ਸਿੱਖ ਉਸ ਦੇ ਨੇੜੇ ਨਹੀਂ ਆਵੇਗਾ, ਹਾਂ ਜਿਹੜਾ ਆਗਿਆਕਾਰੀ ਹੋ ਕੇ ਵੱਡੇ ਸਤਿਗੁਰੂ ਦੀ ਮਨ ਲਾ ਕੇ ਸੇਵਾ ਕਰੇਗਾ, ਉਸ ਦੇ ਅੱਗੇ ਸਿੱਖ ਸਿਰ ਸੁੱਟ ਕੇ ਕੰਮ ਕਰੀ ਜਾਣਗੇ ਕਿਉਂਕਿ ਉਸ ਤੋਂ ਵੱਖਰਾ ਕੇਂਦਰ ਬਣਨ ਦਾ ਖ਼ਤਰਾ ਨਹੀਂ। ਗੁਰਸਿੱਖ ਦੀ ਰਹਿਣੀ ਬਾਰੇ ਵੀ ਇਸ ਵਾਰ ਵਿਚ ਵਿਸਤ੍ਰਿਤ ਚਰਚਾ ਹੈ:
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥ (ਪੰਨਾ 305)
ਆਪਿ ਜਪੈ ਅਵਰਹ ਨਾਮੁ ਜਪਾਵੈ…॥ (ਪੰਨਾ 1206)
ਤਪਾ ਨ ਹੋਵੈ ਅੰਦ੍ਰਹੁ ਲੋਭੀ ਨਿਤ ਮਾਇਆ ਨੋ ਫਿਰੈ ਜਜਮਾਲਿਆ॥ (ਪੰਨਾ 315)
ਸ੍ਰੀ ਗੁਰੂ ਅਮਰਦਾਸ ਜੀ ਨੇ ਬਾਉਲੀ ਸਾਹਿਬ ਦੇ ਸੰਪੂਰਨ ਹੋਣ ’ਤੇ ਭਾਰੀ ਸਮਾਗਮ ਕੀਤਾ, ਜਿਸ ਵਿਚ ਤਪੇ ਨੂੰ ਸੱਦਿਆ। ਉਸ ਨੇ ਨਾਂਹ ਕਰ ਦਿੱਤੀ। ਪਿੱਛੋਂ ਜਦ ਉਸ ਨੂੰ ਪਤਾ ਲੱਗਾ ਕਿ ਮਾਇਆ ਦੇ ਗੱਫੇ ਵੀ ਮਿਲਦੇ ਹਨ ਤਾਂ ਝਟ ਪੁੱਤਰ ਨੂੰ ਭੇਜ ਦਿੱਤਾ।
‘ਗਉੜੀ ਦੀ ਵਾਰ’ ਵਿਚ ਪਉੜੀ 1 ਤੋਂ ਪਉੜੀ 7 ਵਿਚ ਗੁਰੂ ਜੀ ਨੇ ਫ਼ੁਰਮਾਇਆ ਇਨਸਾਨ ਨੂੰ ਜੀਵਨ ਵਿਚ ਕਈ ਦੁੱਖ-ਕਲੇਸ਼ਾਂ ਨਾਲ ਵਾਹ ਪੈਂਦਾ ਹੈ, ਕਈ ਚਿੰਤਾ ਝੋਰੇ ਵਾਪਰਦੇ ਹਨ, ਮੌਤ ਆਦਿ ਦਾ ਸਹਿਮ ਪਿਆ ਰਹਿੰਦਾ ਹੈ ਪਰ ਜੋ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਸਿਫ਼ਤਿ ਸਲਾਹ ਦੀ ਸੋਹਣੀ ਕਾਰ ਕਰਨ ਲੱਗ ਪੈਂਦਾ ਹੈ, ਉਸ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ ਪ੍ਰਭੂ ਸਿਰ ’ਤੇ ਰਾਖਾ ਹੈ ਤੇ ਸਭ ਕੁਝ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ, ਦੂਜੇ ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਜਗਤ ਦਾ ਪ੍ਰਬੰਧ ਚਲਾਉਣ ਵਿਚ ਪਰਮਾਤਮਾ ਕੋਈ ਉਕਾਈ ਨਹੀਂ ਖਾ ਰਿਹਾ। ਜੀਵਾਂ ਦੇ ਭਲੇ ਲਈ ਕਰਦਾ ਹੈ ਤੇ ਤੀਜੇ ਯਾਦ ਦੀ ਬਰਕਤ ਨਾਲ ਪ੍ਰਭੂ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ, ਸਿੱਟਾ ਇਹ ਨਿਕਲਦਾ ਹੈ ਕਿ ਕੋਈ ਦੁੱਖ ਕੋਈ ਚਿੰਤਾ ਕੋਈ ਸਹਿਮ ਪੋਹ ਨਹੀਂ ਸਕਦਾ। ਸਾਰੇ ਔਗੁਣ ਭੀ ਸੁਤੇ ਹੀ ਨਾਸ ਹੋ ਜਾਂਦੇ ਹਨ।
ਪਉੜੀ 8 ਤੋਂ 12 ਵਿਚ ਗੁਰੂ ਜੀ ਫ਼ੁਰਮਾਨ ਕਰਦੇ ਹਨ ਕਿ ਜੋ ਮਨੁੱਖ ਗੁਰੂ ਦੀ ਸ਼ਰਨ ਪੈਣ ਦੀ ਥਾਂ ਆਪਣੇ ਆਪ ਨੂੰ ਵੱਡਾ ਅਖਵਾਉਂਦੇ ਹਨ, ਗੁਰੂ ਦੀ ਰੀਸ ਕਰਦੇ ਹਨ, ਮੂੰਹ ਦੇ ਮਿੱਠੇ ਤੇ ਮਨ ਦੇ ਖੋਟੇ ਗੁਰ ਨਿੰਦਕ ਭੀ ਹਨ, ਉਨ੍ਹਾਂ ਦਾ ਪਾਜ ਖੁਲ੍ਹ ਜਾਂਦਾ ਹੈ ਤੇ ਉਨ੍ਹਾਂ ਨੂੰ ਫਿਟਕਾਰਾਂ ਹੀ ਪੈਂਦੀਆਂ ਹਨ, ਉਹ ਗਰਜ਼ਮੰਦ ਕੋਹੜੀ ਅਹੰਕਾਰ ਅਤੇ ਈਰਖਾ ਅੱਗ ਵਿਚ ਜਲਦੇ ਹਨ। ਕੋਈ ਗੁਣ ਉਨ੍ਹਾਂ ਦੇ ਅੰਦਰ ਮੌਲ ਨਹੀਂ ਸਕਦਾ। ਸ੍ਰੀ ਗੁਰੂ ਰਾਮਦਾਸ ਜੀ ਪਉੜੀ 13 ਤੋਂ 17 ਵਿਚ ਫ਼ੁਰਮਾਉਂਦੇ ਹਨ ਕਿ ਪਰਾਏ ਦੇਸ ਵਿਚ ਸਫ਼ਰ ’ਤੇ ਜਾਣ ਲੱਗਿਆਂ ਮਨੁੱਖ ਦੇ ਪਾਸ ਰਾਹਦਾਰੀ ਦਾ ਹੋਣਾ ਜ਼ਰੂਰੀ ਹੈ। ਨਹੀਂ ਤਾਂ ਕਦਮ-ਕਦਮ ’ਤੇ ਰੋਕ ਪਵੇਗੀ। ਜ਼ਿੰਦਗੀ ਦੇ ਸਫ਼ਰ ਵਿਚ ਵੀ ਜਿਸ ਮਨੁੱਖ ਵਪਾਰੀ ਦੇ ਪਾਸ ਗੁਰ-ਸ਼ਬਦ ਦੀ ਰਾਹਦਾਰੀ ਹੈ, ਕਾਮਾਦਿਕ ਉਸ ਦੇ ਰਾਹ ਵਿਚ ਕੋਈ ਰੋਕ ਨਹੀਂ ਪਾ ਸਕਦੇ ਪਰ ਇਹ ਨਾਮ ਵਪਾਰ ਸਰੀਰ ਕਿਲ੍ਹੇ ਦੇ ਅੰਦਰ ਹੀ ਕਰਨਾ ਹੈ, ਜੰਗਲਾਂ ਵਿਚ ਭਟਕਣ ਦੀ ਲੋੜ ਨਹੀਂ, ਸਰੀਰ ਹੀ ਧਰਮ ਕਮਾਉਣ ਦੀ ਥਾਂ ਹੈ। ਇਸ ਵਿਚ ਗੁੱਝੇ ਲਾਲ ਲੁਕੇ ਪਏ ਹਨ। ਗੁਰੂ ਦੀ ਸ਼ਰਨ ਪਿਆਂ ਇਕ ਤਾਂ ਇਹ ਲਾਲ ਵਿਹਾਝਣ ਦੀ ਜਾਚ ਆ ਜਾਂਦੀ ਹੈ, ਦੂਜੇ ਇਨ੍ਹਾਂ ਲੁੱਟਣ ਵਾਲੇ ਕਾਮਾਦਿਕ ਡਾਕੂਆਂ ਦਾ ਮੁਕਾਬਲਾ ਕਰਨ ਲਈ ਹੌਸਲਾ ਬਣ ਆਉਂਦਾ ਹੈ।
ਗੁਰੂ ਜੀ ਪਉੜੀ 18-25 ਵਿਚ ਫ਼ੁਰਮਾਉਂਦੇ ਹਨ ਕਿ ਜਿਉਂ-ਜਿਉਂ ਸਿਮਰਨ ਦੇ ਆਨੰਦ ਦਾ ਮਨ ’ਤੇ ਡੂੰਘਾ ਅਸਰ ਪੈਂਦਾ ਹੈ, ਤੂੰ ਤੂੰ ਕਰਦਿਆਂ ਮਨੁੱਖ ਦੀ ਮੈਂ ਮੈਂ ਤੂੰ ਵਿਚ ਮੁੱਕ ਜਾਂਦੀ ਹੈ। ਸਿਮਰਨ ਵੱਲ ਇਤਨੀ ਵਧੀਕ ਖਿੱਚ ਬਣ ਜਾਂਦੀ ਹੈ ਕਿ ਦੁਨਿਆਵੀ ਰਸ ਇੰਦਰੀਆਂ ਨੂੰ ਖਿੱਚ ਹੀ ਨਹੀਂ ਪਾ ਸਕਦੇ, ਪਰਮਾਤਮਾ ਨਾਲ ਕੁਝ ਅਜਿਹਾ ਪਿਆਰ ਪੈਂਦਾ ਜਾਂਦਾ ਹੈ ਕਿ ਸੁੱਤਿਆਂ ਜਾਗਦਿਆਂ ਉਸੇ ਦੀ ਯਾਦ ਪਿਆਰੀ ਲੱਗਦੀ ਹੈ। ਫਿਰ ਤਾਂ ਅੰਦਰ ਵੱਸਦਾ ਵੀ ਉਹੀ ਦਿੱਸਦਾ ਹੈ ਤੇ ਬਾਹਰ ਕੁਦਰਤ ਵਿਚ ਵੀ ਉਸੇ ਦਾ ਜਲਵਾ ਨਜ਼ਰ ਆਉਂਦਾ ਹੈ। ਤਦੋਂ ਜਿਵੇਂ ਚਿੱਤਰਕਾਰ ਨੂੰ ਉਸ ਦੀ ਆਪਣੀ ਬਣਾਈ ਤਸਵੀਰ ਮੋਹ ਨਹੀਂ ਸਕਦੀ ਜਿਵੇਂ ਪ੍ਰਭੂ ਨਾਲ ਇਕਮਿਕ ਹੋਏ ਬੰਦੇ ਨੂੰ ਮਾਇਆ ਦੇ ਸੋਹਣੇ ਚੋਜ ਮੋਹ ਨਹੀਂ ਸਕਦੇ ਪਰ ਇਹ ਸਾਰੀ ਬਰਕਤਿ ਗੁਰੂ ਦੀ ਸ਼ਰਨ ਪਿਆਂ ਹੀ ਮਿਲਦੀ ਹੈ।
ਪਉੜੀ 26-33 ਵਿਚ ਗੁਰੂ ਜੀ ਫ਼ੁਰਮਾਨ ਕਰਦੇ ਹਨ ਕਿ ਜਿਸ ਮੰਦਭਾਗੀ ਨੂੰ ਮਾਇਆ ਦਾ ਚਸਕਾ ਪੈ ਜਾਏ, ਉਹ ਗੁਰੂ ਦੀ ਸ਼ਰਨ ਵਿਚ ਆਉਣ ਦੀ ਥਾਂ ਪਰ ਧਨ, ਪਰ-ਤਨ ਤੇ ਪਰਾਈ ਨਿੰਦਾ ਆਦਿਕ ਪਾਪਾਂ ਵਿਚ ਪੈ ਕੇ ਮਾਨੋ ਦੋਜ਼ਕ ਦੀ ਅੱਗ ਵਿਚ ਸੜਦਾ ਹੈ, ਇਥੋਂ ਤਕ ਕੁਰਾਹੇ ਪੈ ਜਾਂਦਾ ਹੈ ਕਿ ਭਲਿਆਂ ਤੇ ਨਿਰਵੈਰ ਪੁਰਖਾਂ ਨਾਲ ਭੀ ਈਰਖਾ ਕਰਦਾ ਹੈ, ਮੁੱਢੋਂ ਕੱਟੇ ਹੋਏ ਰੁੱਖ ਵਾਂਗ ਉਸ ਦੇ ਅੰਦਰ ਕੋਈ ਗੁਣ ਮੌਲ ਨਹੀਂ ਸਕਦਾ।
ਪਰ ਜੀਵ ਦੀ ਕੋਈ ਆਪਣੀ ਸਿਆਣਪ ਚਤੁਰਾਈ ਕੰਮ ਨਹੀਂ ਦਿੰਦੀ। ਪ੍ਰਭੂ ਜਿਸ ਉੱਤੇ ਮਿਹਰ ਕਰਦਾ ਹੈ, ਉਸ ਨੂੰ ਸਤਿਗੁਰੂ ਦੀ ਚਰਨੀਂ ਪਾ ਕੇ ਵਿਕਾਰਾਂ ਤੋਂ ਬਚਾ ਲੈਂਦਾ ਹੈ।
ਮੁੱਖ ਭਾਵ
ਸੰਸਾਰ ਸਮੁੰਦਰ ਵਿਚ ਅਨੇਕਾਂ ਦੁੱਖ ਤੇ ਵਿਕਾਰ ਹਨ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਦਾ ਹੈ ਉਹ ਇਨ੍ਹਾਂ ਵਿੱਚੋਂ ਸਹੀ ਸਲਾਮਤ ਪਾਰ ਲੰਘ ਜਾਂਦਾ ਹੈ। ਪਰ ਜੋ ਮਨੁੱਖ ਆਪਣੇ ਵਡੱਪਣ ਵਿਚ ਰਹਿੰਦਾ ਹੈ ਉਹ ਸਤਿਸੰਗ ਵਿਚ ਆਉਣ ਦੀ ਥਾਂ ਗੁਰਮੁਖਾਂ ਦੀ ਨਿੰਦਾ ਕਰਦਾ ਹੈ ਅਤੇ ਉਸ ਅੰਦਰ ਭਲੇ ਗੁਣ ਮੌਲ ਹੀ ਨਹੀਂ ਸਕਦੇ।
ਲੇਖਕ ਬਾਰੇ
ਪਿੰਡ ਭਟੇੜੀ ਕਲਾਂ, ਡਾਕ: ਦੌਣ ਕਲਾਂ (ਪਟਿਆਲਾ)-147021
- ਡਾ. ਜਸਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/April 1, 2008
- ਡਾ. ਜਸਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/June 1, 2008
- ਡਾ. ਜਸਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/
- ਡਾ. ਜਸਵਿੰਦਰ ਕੌਰhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%b5%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/October 1, 2010