editor@sikharchives.org

ਗਿਆਨੀ ਦਿੱਤ ਸਿੰਘ-ਇਕ ਸਮਰਪਿਤ ਸਿੱਖ ਪ੍ਰਚਾਰਕ

ਬਹੁਪੱਖੀ ਪ੍ਰਤਿਭਾ ਦੇ ਮਾਲਕ ਗਿਆਨੀ ਦਿੱਤ ਸਿੰਘ ਬੜੇ ਚੁੰਬਕੀ ਪ੍ਰਭਾਵ ਵਾਲੇ ਸਿੱਖ ਚਿੰਤਕ, ਵਕਤਾ, ਪ੍ਰਵਚਨਕਾਰ ਅਤੇ ਪ੍ਰਚਾਰਕ ਸਨ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਆਧੁਨਿਕ ਯੁੱਗ ਦੇ ਨਾਮਵਰ ਅਤੇ ਉੱਚ ਕੋਟੀ ਦੇ ਸਿੱਖ ਵਿਦਵਾਨਾਂ ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ, ਭਾਈ ਸਾਹਿਬ ਸ. ਕਪੂਰ ਸਿੰਘ ਦੇ ਨਾਲ ਗਿਆਨੀ ਦਿੱਤ ਸਿੰਘ ਜੀ ਦਾ ਨਾਂ ਵੀ ਵੱਡੇ ਸਤਿਕਾਰ ਨਾਲ ਲਿਆ ਜਾਂਦਾ ਹੈ। ਬਹੁਪੱਖੀ ਪ੍ਰਤਿਭਾ ਦੇ ਮਾਲਕ ਗਿਆਨੀ ਦਿੱਤ ਸਿੰਘ ਬੜੇ ਚੁੰਬਕੀ ਪ੍ਰਭਾਵ ਵਾਲੇ ਸਿੱਖ ਚਿੰਤਕ, ਵਕਤਾ, ਪ੍ਰਵਚਨਕਾਰ ਅਤੇ ਪ੍ਰਚਾਰਕ ਸਨ। ਉਨ੍ਹਾਂ ਦਾ ਨਿਆਰਾ ਦਰਸ਼ਨੀ ਸਿੱਖ ਵਿਅਕਤਿੱਤਵ ਦੇਖਣ ਅਤੇ ਸੁਣਨ ਵਾਲਿਆਂ ਨੂੰ ਥਾਂਏ ਕੀਲ ਲੈਣ ਦੀ ਸਮਰੱਥਾ ਰੱਖਦਾ ਸੀ।

ਗਿਆਨੀ ਦਿੱਤ ਸਿੰਘ ਜੀ ਦੀ ਅਜ਼ੀਮ ਸ਼ਖ਼ਸੀਅਤ ਦੀਆਂ ਅਨੇਕਾਂ ਪਰਤਾਂ ਸਨ। ਉਨ੍ਹਾਂ ਦੀ ਬਹੁਰੰਗੀ ਪ੍ਰਤਿਭਾ ਅਤੇ ਸਿੱਖੀ ਨੂੰ ਵੱਡੀ ਦੇਣ ਨੂੰ ਵੇਖਦਿਆਂ ਇਵੇਂ ਜਾਪਦਾ ਹੈ ਜਿਵੇਂ ਉਹ ਇਕ ਵਿਅਕਤੀ ਨਾ ਹੋ ਕੇ ਇਕ ਸੰਸਥਾ ਹੋਣ। ਜਿਥੇ ਉਹ ਸਿੰਘ ਸਭਾ ਲਹਿਰ ਦੇ ਰੂਪ ਵਿਚ ਚੱਲੀ ਸਿੱਖੀ ਦੀ ਪੁਨਰ-ਜਾਗ੍ਰਿਤੀ ਲਹਿਰ ਦੇ ਮੋਢੀਆਂ ਵਿੱਚੋਂ ਇਕ ਸਨ, ਉਥੇ ਉਹ ਆਪਣੇ ਸਮੇਂ ਦੇ ਪੰਜਾਬੀ ਦੇ ਬੜੇ ਉੱਤਮ ਅਧਿਆਪਕ ਵੀ ਸਨ। ਭਾਸ਼ਣ ਕਲਾ ਵਿਚ ਉਨ੍ਹਾਂ ਨੂੰ ਵਿਸ਼ੇਸ਼ ਮੁਹਾਰਤ ਹਾਸਲ ਸੀ। ਹਾਜ਼ਰ-ਜਵਾਬੀ ਅਤੇ ਵਾਦ-ਵਿਵਾਦ ਵਿਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ। ਸਿੱਖੀ ਸਿਧਾਂਤਾਂ ਦੇ ਨਿਰਭੈ ਅਤੇ ਸਪਸ਼ਟ ਵਿਆਖਿਆਕਾਰ ਹੋਣ ਦੇ ਨਾਲ-ਨਾਲ ਉਹ ਮਹਾਨ ਸਮਾਜ-ਸੁਧਾਰਕ ਵੀ ਸਨ।

ਆਪ ਜੀ ਦਾ ਜਨਮ ਪਿੰਡ ਨੰਦਪੁਰ ਕਲੌੜ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਸੰਨ 1850 ਈ: ਵਿਚ ਹੋਇਆ। ਆਪ ਦੇ ਪਿਤਾ ਦਾ ਨਾਂ ਸ. ਦੀਵਾਨ ਸਿੰਘ ਅਤੇ ਮਾਤਾ ਦਾ ਨਾਂ ਮਾਤਾ ਰਾਮ ਕੌਰ ਸੀ। ਭਾਈ ਸਾਹਿਬ ਦਾ ਪਰਵਾਰਿਕ ਪਿਛੋਕੜ ਧਾਰਮਿਕ ਅਤੇ ਫਕੀਰਾਨਾ ਬਿਰਤੀ ਵਾਲਾ ਸੀ। ਸਾਧ ਬਿਰਤੀ ਅਤੇ ਸਿੱਖੀ ਦੀ ਦਾਤ ਆਪ ਨੂੰ ਵਿਰਸੇ ’ਚੋਂ ਪ੍ਰਾਪਤ ਹੋਈ। ਸਿੰਘ ਸਜਣ ਤੋਂ ਪਹਿਲਾਂ ਆਪ ਦਾ ਬਚਪਨ ਦਾ ਨਾਂ ਦਿੱਤ ਰਾਮ ਪ੍ਰਚਲਿਤ ਸੀ। ਪਿਤਾ ਸ. ਦੀਵਾਨ ਸਿੰਘ ਉੱਪਰ ਉਦਾਸੀ ਮਹਾਤਮਾ ਗੁਲਾਬ ਦਾਸ ਜੀ ਦਾ ਵੱਡਾ ਪ੍ਰਭਾਵ ਸੀ। ਸਿੱਟੇ ਵਜੋਂ ਜੀਵਨ ਦੇ ਮੁਢਲੇ ਦੌਰ ਵਿਚ ਸੁਭਾਵਕ ਹੀ ਆਪ ਨੂੰ ਅਨੇਕਾਂ ਉਦਾਸੀ ਸੰਤਾਂ ਦੀ ਸੰਗਤ ਦਾ ਮੌਕਾ ਪ੍ਰਾਪਤ ਹੋਇਆ।

ਗਿਆਨੀ ਜੀ ਦੇ ਵਿਅਕਤਿੱਤਵ ਅਤੇ ਜੀਵਨ-ਚਰਿੱਤਰ ਦੇ ਏਨੇ ਪੱਖ ਅਤੇ ਪਾਸਾਰ ਹਨ ਕਿ ਇਨ੍ਹਾਂ ਦਾ ਵਿਸਥਾਰ ਪੂਰਵਕ ਵਰਣਨ ਇਕ ਵੱਡ-ਆਕਾਰੀ ਕਿਤਾਬ ਵਿਚ ਹੀ ਸੰਭਵ ਹੈ। ਹੱਥਲੇ ਲੇਖ ਦੀ ਸੀਮਾ ਨੂੰ ਮੁੱਖ ਰੱਖਦਿਆਂ ਇਥੇ ਉਨ੍ਹਾਂ ਦੀ ਬਹੁਪੱਖੀ ਪ੍ਰਤਿਭਾ ਦਾ ਕੇਵਲ ਸੰਖੇਪ ਅਤੇ ਸੂਤਰਿਕ ਵਰਣਨ ਹੀ ਸੰਭਵ ਹੈ।

ਇਕ ਮਿਸ਼ਨਰੀ ਸਿੱਖ ਪ੍ਰਚਾਰਕ ਅਤੇ ਸਮਾਜ ਸੁਧਾਰਕ ਦੇ ਰੂਪ ਵਿਚ:

ਗਿਆਨੀ ਦਿੱਤ ਸਿੰਘ ਜੀ ਦੀ ਸ਼ਖ਼ਸੀਅਤ ਦਾ ਮੂਲ ਪਾਸਾਰ ਅਤੇ ਪ੍ਰਭਾਵ ਇਕ ਸਮਰਪਿਤ ਸਿੱਖ ਪ੍ਰਚਾਰਕ, ਪ੍ਰਵਚਨਕਾਰ ਅਤੇ ਸਮਾਜ ਸੁਧਾਰਕ ਦਾ ਹੈ। ਪੰਜਾਬ ਅੰਦਰ ਅੰਗਰੇਜ਼ਾਂ ਦੀ ਆਮਦ ਉਪਰੰਤ ਜਦੋਂ ਈਸਾਈ ਮਿਸ਼ਨਰੀਆਂ ਨੇ ਈਸਾਈ ਮੱਤ ਦੇ ਪ੍ਰਸਾਰ ਦੇ ਖੇਤਰ ਵਿਚ ਹਨ੍ਹੇਰੀ ਲਿਆਂਦੀ ਹੋਈ ਸੀ ਤਾਂ ਉਸ ਸਮੇਂ ਈਸਾਈਅਤ ਦੇ ਵਧਦੇ ਪ੍ਰਭਾਵ ਅਧੀਨ ਸਿੱਖਾਂ ਅੰਦਰ ਵਧ ਰਹੇ ਪਤਿਤਪੁਣੇ ਨੂੰ ਠੱਲ ਪਾਉਣ ਲਈ ਗਿਆਨੀ ਜੀ ਨੇ ਸਿੰਘ ਸਭਾ ਲਹਿਰ ਅਤੇ ‘ਖਾਲਸਾ ਅਖਬਾਰ’ ਰਾਹੀਂ ਜੋ ਹੰਭਲੇ ਮਾਰੇ ਉਹ ਉਲੇਖ ਯੋਗ ਹਨ। ਉਨ੍ਹਾਂ ਦੁਆਰਾ ਬੜੇ ਹੀ ਪ੍ਰਭਾਵਸ਼ਾਲੀ ਅਤੇ ਦਲੀਲਯੁਕਤ ਢੰਗ ਨਾਲ ਕੀਤੇ ਸਿੱਖੀ ਦੇ ਪ੍ਰਚਾਰ ਸਦਕਾ ਹੀ ਸਿੱਖਾਂ ਅੰਦਰ ਈਸਾਈ ਮੱਤ ਪ੍ਰਤੀ ਵਧ ਰਹੇ ਲਗਾਓ ਨੂੰ ਰੋਕਿਆ ਜਾਣਾ ਸੰਭਵ ਹੋ ਸਕਿਆ ਸੀ।

ਗਿਆਨੀ ਜੀ ਵਿੱਦਿਆ ਦਾ ਭੰਡਾਰ ਸਨ। ਸਮੁੱਚਾ ਭਾਰਤੀ ਦਰਸ਼ਨ ਉਨ੍ਹਾਂ ਨੇ ਪੜ੍ਹਿਆ-ਗੁੜ੍ਹਿਆ ਹੋਇਆ ਸੀ। ਉਨ੍ਹਾਂ ਦੀ ਆਪਣੇ ਵਿਸ਼ੇ ਵਸਤੂ ਉੱਪਰ ਪਕੜ ਕਿੰਨੀ ਮਜ਼ਬੂਤ ਸੀ ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਉਸ ਸਮੇਂ ਦੇ ਮੰਨੇ-ਪ੍ਰਮੰਨੇ ਵਿਦਵਾਨ ਅਤੇ ਆਰੀਆ ਸਮਾਜ ਦੇ ਸੰਸਥਾਪਕ ਸਾਧੂ ਦਯਾਨੰਦ ਸਰਸਵਤੀ ਨੂੰ ਸ਼ਾਸਤ੍ਰਾਰਥ ਵਿਚ ਇਕ ਵਾਰ ਨਹੀਂ ਸਗੋਂ ਤਿੰਨ ਵਾਰ ਆਪਣੀ ਵਿਦਵਤਾ ਦਾ ਲੋਹਾ ਮੰਨਵਾਇਆ। ਇਸ ਪ੍ਰਸੰਗ ਵਿਚ ਉਨ੍ਹਾਂ ਦੀ ਕਿਤਾਬ ‘ਸਾਧੂ ਦਯਾਨੰਦ ਨਾਲ ਮੇਰਾ ਸੰਵਾਦ’ ਵਿਚਾਰਯੋਗ ਹੈ।

ਆਪ ਜੀ ਮਹਾਨ ਸਮਾਜ ਸੁਧਾਰਕ ਸਨ। ਸਿੱਖ ਸਮਾਜ ਅੰਦਰ ਪਨਪ ਰਹੀਆਂ ਕੁਰੀਤੀਆਂ ਅਤੇ ਆਡੰਬਰੀ ਪ੍ਰਵਿਰਤੀਆਂ ਪ੍ਰਤੀ ਉਹ ਬਹੁਤ ਫਿਕਰਮੰਦ ਸਨ। ਆਪਣੀਆਂ ਰਚਨਾਵਾਂ ਰਾਹੀਂ ਉਹ ਸਿੱਖ ਸਮਾਜ ਨੂੰ ਇਸ ਪ੍ਰਤੀ ਸੁਚੇਤ ਕਰਦੇ ਰਹਿੰਦੇ ਸਨ। ਇਸ ਪ੍ਰਸੰਗ ਵਿਚ ਜਾਤ-ਪਾਤ ਦੇ ਆਧਾਰ ’ਤੇ ਵੰਡੇ ਅਤੇ ਗੁਰਮਤਿ ਦਾ ਅਸਲ ਰਾਹ ਤਿਆਗ ਕੇ ਕੁਰਾਹੇ ਪਏ ਲੋਕਾਂ ਨੂੰ ਵਿਅੰਗਮਈ ਰਚਨਾਵਾਂ ਨਾਲ ਪ੍ਰੇਰ ਕੇ ਗੁਰਮਤਿ ਦਾ ਗਿਆਨ ਦਿੰਦੇ ਰਹੇ ਹਨ।

ਇਕ ਨਿਪੁੰਨ ਪੱਤਰਕਾਰ, ਅਧਿਆਪਕ ਅਤੇ ਸਿੱਖਿਆ ਸ਼ਾਸਤਰੀ ਦੇ ਰੂਪ ਵਿਚ:

ਗਿਆਨੀ ਦਿੱਤ ਸਿੰਘ ਜੀ ਸਿੰਘ ਸਭਾ ਲਹਿਰ ਦੇ ਮੋਢੀਆਂ ਵਿੱਚੋਂ ਇਕ ਸਨ। ਸਿੱਖੀ ਦੇ ਪ੍ਰਚਾਰ ਨੂੰ ਵਧਾਉਣ ਹਿਤ ਸੰਨ 1886 ਈ: ਵਿਚ ਸਿੰਘ ਸਭਾ ਲਹਿਰ ਵੱਲੋਂ ‘ਖਾਲਸਾ ਅਖ਼ਬਾਰ’ ਸ਼ੁਰੂ ਕੀਤਾ ਗਿਆ। ਗਿਆਨੀ ਜੀ ਲੰਬਾ ਅਰਸਾ ਬੜੀ ਸਰਗਰਮੀ ਨਾਲ ਇਸ ਦੇ ਸੰਪਾਦਕ ਦੇ ਤੌਰ ’ਤੇ ਕਾਰਜ ਕਰਦੇ ਰਹੇ। ਜਿਉਂ ਹੀ ਉਹ ਇਸ ਅਖਬਾਰ ਦੇ ਸੰਪਾਦਕ ਬਣੇ ਉਨ੍ਹਾਂ ਨੇ ਆਪਣੀ ਕਲਮ ਦੇ ਜ਼ੋਰ ਨਾਲ ਇਸ ਵਿਚ ਨਵੀਂ ਰੂਹ ਫੂਕ ਦਿੱਤੀ ਅਤੇ ਸਿੱਖੀ ਦੇ ਪ੍ਰਚਾਰ ਦੀ ਭਰਪੂਰ ਛਹਿਬਰ ਲਾਈ। ਇਕ ਸਫਲ ਪੱਤਰਕਾਰ ਹੋਣ ਦੇ ਨਾਲ-ਨਾਲ ਆਪ ਨੂੰ ਓਰੀਐਂਟਲ ਕਾਲਜ ਲਾਹੌਰ ਦੇ ਪੰਜਾਬੀ ਦੇ ਬਹੁਤ ਹੀ ਕਾਬਲ ਪ੍ਰਾਅਧਿਆਪਕ ਜਾਂ ਪ੍ਰੋਫੈਸਰ ਹੋਣ ਦਾ ਮਾਣ ਹਾਸਲ ਹੈ। ਆਪ ਕੋਲ ਇਕੱਠਾਂ ਨੂੰ ਘੰਟਿਆਂ ਬੱਧੀ ਨਿਰੰਤਰ ਸੰਬੋਧਨ ਕਰਨ ਅਤੇ ਕੀਲ ਲੈਣ ਦੀ ਬਲਕਾਰੀ ਸਮਰੱਥਾ ਸੀ।

ਗਿਆਨੀ ਜੀ ਇਕ ਮਿਸ਼ਨਰੀ ਸਿੱਖਿਆ ਸ਼ਾਸਤਰੀ ਵੀ ਸਨ। ਅੰਮ੍ਰਿਤਸਰ ਵਿਖੇ ਖਾਲਸਾ ਕਾਲਜ ਖੋਲ੍ਹਣ ਲਈ ਆਪ ਨੇ ਅਨੇਕਾਂ ਉਪਰਾਲੇ ਕੀਤੇ। ਸੰਨ 1892 ਈ: ਵਿਚ ਜਦੋਂ ਅੰਮ੍ਰਿਤਸਰ ਖਾਲਸਾ ਕਾਲਜ ਖੁੱਲ੍ਹਿਆ ਤਾਂ ਕਾਲਜ ਦੀ ਸਥਾਪਨਾ ਵਿਚ ਆਪਦੀ ਵਡਮੁੱਲੀ ਭੂਮਿਕਾ ਅਤੇ ਉੱਚ ਧਾਰਮਿਕ ਬਿਰਤੀ ਨੂੰ ਮੁੱਖ ਰੱਖਦਿਆਂ ਮੋਹਰੀ ਸੱਜਣਾਂ ਨੇ ਆਪ ਨੂੰ ਕਾਲਜ ਪ੍ਰਬੰਧਕ ਕਮੇਟੀ ਵਿਚ ਇਕ ਧਾਰਮਿਕ ਮੈਂਬਰ ਵਜੋਂ ਨਿਯੁਕਤ ਕਰ ਦਿੱਤਾ। ਜੀਵਨ ਭਰ ਆਪ ਜੀ ਇਸ ਅਹੁਦੇ ਤੇ ਕਾਇਮ ਰਹੇ। ਇਹ ਵੀ ਉਲੇਖਯੋਗ ਹੈ ਕਿ ਗਿਆਨੀ ਜੀ ਦੇ ਅਕਾਲ ਚਲਾਣੇ ਪਿੱਛੋਂ ਇਸ ਅਤਿ ਸਤਿਕਾਰਯੋਗ ਅਹੁਦੇ ਦੀ ਜ਼ਿੰਮੇਵਾਰੀ ਭਾਈ ਕਾਹਨ ਸਿੰਘ ਨਾਭਾ ਨੂੰ ਸੌਂਪੀ ਗਈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਐਸੋਸੀਏਟ ਪ੍ਰੋਫ਼ੈਸਰ, -ਵਿਖੇ: ਮਾਤਾ ਗੁਜਰੀ ਕਾਲਜ, ਫ਼ਤਿਹਗੜ੍ਹ ਸਾਹਿਬ

570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)