ਭਾਈ ਗੁਰਦਾਸ ਜੀ ਤੀਸਰੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ। ਭਾਈ ਕੇਸਰ ਸਿੰਘ (ਛਿੱਬਰ) ਅਨੁਸਾਰ ਉਹ ਸ੍ਰੀ ਗੁਰੂ ਅਮਰਦਾਸ ਜੀ ਦੇ ਭਰਾ ਭਾਈ ਈਸ਼ਰ ਦਾਸ ਦੇ ਪੁੱਤਰ ਸਨ। ਭਾਈ ਗੁਰਦਾਸ ਜੀ ਦਾ ਜਨਮ 1603 ਬਿਕ੍ਰਮੀ (ਈਸਵੀ ਸੰਨ 1546) ਵਿਚ ਗੋਇੰਦਵਾਲ ਸਾਹਿਬ ਵਿਚ ਹੋਇਆ, ਜੋ ਸ੍ਰੀ ਗੁਰੂ ਅਮਰਦਾਸ ਜੀ ਨੇ ਪਿੰਡ ਬਾਸਰਕੇ (ਜ਼ਿਲ੍ਹਾ ਸ੍ਰੀ ਅੰਮ੍ਰਿਤਸਰ) ਤੋਂ ਆ ਕੇ ਨਵਾਂ ਆਬਾਦ ਕੀਤਾ ਸੀ। ਭਾਈ ਗੁਰਦਾਸ ਜੀ 91 ਸਾਲ ਇਸ ਸੰਸਾਰ ’ਤੇ ਵਿਚਰੇ ਤੇ ਉਨ੍ਹਾਂ ਦਾ ਅਕਾਲ ਚਲਾਣਾ ਭਾਦਰੋਂ ਸੁਦੀ 8 ਸੰਮਤ 1694 ਬਿਕ੍ਰਮੀ (ਈਸਵੀ ਸੰਮਤ 1637) ਨੂੰ ਹੋਇਆ। ਇਸ ਤਰ੍ਹਾਂ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਛੇਵੇਂ ਗੁਰੂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਵਿਚ ਵਿਚਰੇ। ਉਨ੍ਹਾਂ ਨੇ ਸਿੱਖ ਧਰਮ ਦਾ ਵਿਕਾਸ ਹੁੰਦਾ ਵੀ ਵੇਖਿਆ ਤੇ ਉਸ ਵਿਚ ਆਪ ਨੇ ਵੀ ਚੌਖੀ ਭੂਮਿਕਾ ਨਿਭਾਈ।
ਭਾਈ ਗੁਰਦਾਸ ਜੀ ਨੇ 40 ਵਾਰਾਂ ਦੀ ਰਚਨਾ ਕੀਤੀ। ਉਨ੍ਹਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਲਿਖਾਰੀ ਦੇ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ-ਕਾਰਜ ਵਿਚ ਸਹਿਯੋਗ ਦਿੱਤਾ। ਉਨ੍ਹਾਂ ਦੀਆਂ ਵਾਰਾਂ ਜਿੱਥੇ ਪਹਿਲੇ ਛੇ ਗੁਰੂ ਸਾਹਿਬਾਨ ਦੇ ਜੀਵਨ ਝਲਕਾਰੇ ਪੇਸ਼ ਕਰਦੀਆਂ ਹਨ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਖ ਵਿਸ਼ਿਆਂ ਦੀ ਵਿਆਖਿਆ ਵੀ ਕਰਦੀਆਂ ਹਨ। ਜਿੱਥੇ ਉਨ੍ਹਾਂ ਦੀਆਂ ਵਾਰਾਂ ਵਿਚ ਸਮਾਜਿਕ ਜੀਵਨ ਦੇ ਲਿਸ਼ਕਾਰੇ ਵੀ ਹਨ, ਉੱਥੇ ਆਮ ਲੋਕਾਂ ਨੂੰ ਮਾਰਗ ਵੀ ਦਰਸਾਉਂਦੀਆਂ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਜਾਣਕਾਰੀ: ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਦਾ ਜੀਵਨ ਸੰਖੇਪ ਤੇ ਸੰਕੇਤ ਰੂਪ ਵਿਚ ਦਿੱਤਾ ਗਿਆ ਹੈ। ਗੁਰੂ ਸਾਹਿਬ ਦੇ ਜੀਵਨ ਵੇਰਵੇ 11ਵੀਂ ਵਾਰ ਵਿਚ ਮਿਲਦੇ ਹਨ।
ਪਹਿਲੀ ਵਾਰ ਦੀਆਂ ਪਹਿਲੀਆਂ 22 ਪਉੜੀਆਂ ਭਾਰਤ ਵਿਚਲੇ ਵੱਖ-ਵੱਖ ਧਰਮਾਂ ਵਿਚ ਆਏ ਨਿਘਾਰ ’ਤੇ ਟਿੱਪਣੀ ਮਾਤਰ ਹਨ। 23ਵੀਂ ਪਉੜੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੇ ਕਲਯੁੱਗ ਵਿਚ ਲੋਕਾਂ ਦੇ ਕਾਰਜ ਸੁਆਰਨ ਤੇ ਕਲਿਆਣ ਕਰਨ ਦਾ ਸੰਕੇਤ ਹੈ:
-ਸੁਣੀ ਪੁਕਾਰਿ ਦਾਤਾਰ ਪ੍ਰਭ ਗੁਰੁ ਨਾਨਕ ਜਗ ਮਾਹਿ ਪਠਾਇਆ।
ਚਰਨ ਧੋਇ ਰਹਰਾਸਿ ਕਰਿ ਚਰਣਾਮ੍ਰਿਤੁ ਸਿਖਾਂ ਪੀਲਾਇਆ।
ਪਾਰਬ੍ਰਹਮੁ ਪੂਰਨ ਬ੍ਰਹਮੁ ਕਲਿਜੁਗਿ ਅੰਦਰਿ ਇਕੁ ਦਿਖਾਇਆ।
ਚਾਰੇ ਪੈਰ ਧਰੱਮ ਦੇ ਚਾਰਿ ਵਰਨਿ ਇਕੁ ਵਰਨੁ ਕਰਾਇਆ।
ਰਾਣਾ ਰੰਕੁ ਬਰਾਬਰੀ ਪੈਰੀ ਪਾਵਣਾ ਜਗਿ ਵਰਤਾਇਆ।
ਉਲਟਾ ਖੇਲੁ ਪਿਰੰਮ ਦਾ ਪੈਰਾ ਉਪਰਿ ਸੀਸੁ ਨਿਵਾਇਆ।
ਕਲਿਜੁਗੁ ਬਾਬੇ ਤਾਰਿਆ ਸਤਿ ਨਾਮੁ ਪੜ੍ਹਿ ਮੰਤ੍ਰੁ ਸੁਣਾਇਆ।
ਕਲਿ ਤਾਰਣਿ ਗੁਰੁ ਨਾਨਕੁ ਆਇਆ (ਵਾਰ 1:23)
-ਪਹਿਲਾ ਬਾਬੇ ਪਾਯਾ ਬਖਸੁ ਦਰਿ ਪਿਛੋਦੇ ਫਿਰਿ ਘਾਲਿ ਕਮਾਈ।
ਰੇਤੁ ਅੱਕੁ ਆਹਾਰੁ ਕਹਿ ਰੋੜਾ ਕੀ ਗੁਰ ਕੀਅ ਵਿਛਾਈ।
ਭਾਰੀ ਕਰੀ ਤਪਸਿਆ ਵਡੇ ਭਾਗਿ ਹਰਿ ਸਿਉ ਬਣਿ ਆਈ।
ਬਾਬਾ ਪੈਧਾ ਸਚਿ ਖੰਡਿ ਨਉ ਨਿਧਿ ਨਾਮੁ ਗਰੀਬੀ ਪਾਈ।
ਬਾਬਾ ਦੇਖੈ ਧਿਆਨੁ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ।
ਬਾਝੁ ਗੁਰੂ ਗੁਬਾਰੁ ਹੈ, ਹੈ ਹੈ ਕਰਦੀ ਸੁਣੀ ਲੁਕਾਈ।
ਬਾਬਾ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।
ਚੜ੍ਹਿਆ ਸੋਧਣਿ ਧਰਤਿ ਲੁਕਾਈ (ਵਾਰ 1:24)
ੳਦੁਾਸੀਆਂ ਸਮਂ ਉਨ੍ਹਾਂ ਨੇ ਦੂਰ-ਦੂਰ ਜਾ ਕੇ ਧਾਰਮਿਕ ਵਿਹਾਰਾਂ ਦਾ ਨਿਰੀਖਣ ਕੀਤਾ:
-ਬਾਬਾ ਆਇਆ ਤੀਰਥੈ ਤੀਰਥਿ ਪੁਰਬਿ ਸਭੇ ਫਿਰਿ ਦੇਖੈ। (ਵਾਰ 1:25)
-ਡਿਠੇ ਹਿੰਦੂ ਤੁਰਕਿ ਸਭਿ ਪੀਰ ਪੈਕੰਬਰਿ ਕਉਮਿ ਕਤੇਲੇ।
ਅੰਧੀ ਅੰਧੇ ਖੂਹੇ ਠੇਲੇ॥ (ਵਾਰ 1:26)
ਭਾਈ ਗੁਰਦਾਸ ਜੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਨਾਲ ਜਗ ਅੰਦਰ ਕੂੜ ਦੀ ਧੁੰਦ ਮਿਟ ਗਈ ਤੇ ਜਗ ਵਿਚ ਸੱਚ ਦਾ ਚਾਨਣ ਹੋ ਗਿਆ। ਉਹ ਪਰਬਤਾਂ ’ਤੇ ਗਏ, ਸਿੱਧਾਂ ਨਾਲ ਪ੍ਰਸ਼ਨੋਤਰ ਕਰਦੇ ਰਹੇ। ਸਾਰੇ ਭਾਰਤ ਦੀ ਦੁਰਦਸ਼ਾ ਦੇਖੀ। ਪੂਰਬ, ਪੱਛਮ, ਉੱਤਰ, ਦੱਖਣ ਚਾਰੇ ਪਾਸੇ ਗਏ। ਫਿਰ ਗੁਰੂ ਜੀ ਮੱਕਾ ਮਦੀਨਾ ਤੇ ਬਗਦਾਦ ਤਕ ਗਏ। ਜੀਵਨ ਦੇ ਅੰਤਲੇ ਸਮੇਂ ਕਰਤਾਰਪੁਰ ਨਗਰ (ਰਾਵੀ ਤੋਂ ਪਾਰ ਹੁਣ ਪਾਕਿਸਤਾਨ) ਵਸਾਇਆ। ਕਰਤਾਰਪੁਰ ਵਿਚ ਰਹਿੰਦਿਆਂ ਭਾਈ ਲਹਿਣਾ ਜੀ ਦੀ ਚੋਣ ਆਪਣੇ ਉੱਤਰਾਧਿਕਾਰੀ ਵਜੋਂ ਕੀਤੀ। ਫਿਰ ਸ਼ਿਵਰਾਤਰੀ ਦੇ ਮੇਲੇ ’ਤੇ ਸਿੱਧਾਂ ਨਾਲ ਬਟਾਲੇ ਗੋਸਟਿ ਕੀਤੀ। ਸਿੱਧਾਂ ਨੂੰ ਸਤਿਨਾਮ ਦਾ ਉਪਦੇਸ਼ ਦਿੱਤਾ। ਫਿਰ ਅੰਤ ਸਮੇਂ ਭਾਈ ਲਹਿਣਾ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਰੂਪ ਵਿਚ ਉੱਤਰਾਧਿਕਾਰੀ ਥਾਪ ਦਿੱਤਾ। ਪਹਿਲੀ ਵਾਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਤੇ ਉਦਾਸੀਆਂ ਦਾ ਸੰਕੇਤ ਵੇਰਵਾ ਮਿਲਦਾ ਹੈ। ਇਹ ਮੂਲ ਸ੍ਰੋਤ ਵਜੋਂ ਮਹੱਤਵਪੂਰਨ ਹੈ:
-ਬਾਬੇ ਡਿੱਠੀ ਪਿਰਥਮੀ ਨਵੈ ਖੰਡਿ ਜਿਥੈ ਤਕਿ ਆਹੀ।
ਫਿਰਿ ਜਾਇ ਚੜਿਅ੍ਹਾ ਸਮੁਰੇ ਪਰਿ ਸਿਧਿ ਮਡੰਲੀ ਦਿਸ੍ਰਟੀ ਆਈ। (ਵਾਰ 1:28)
-ਰਾਜੇ ਪਾਪੁ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ।. . .
ਕਾਜੀ ਹੋਏ ਰਿਸਵਤੀ ਵਢੀ ਲੈ ਕੈ ਹਕੁ ਗਵਾਈ। . . .
ਵਰਤਿਆ ਪਾਪੁ ਸਭਸਿ ਜਗਿ ਮਾਂਹੀ॥ (ਵਾਰ 1:30)
ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੱਕਾ, ਮਦੀਨਾ, ਬਗਦਾਦ ਜਾਣ ਦਾ ਵਿਸਥਾਰ ਹੈ, ਜੋ ਪਉੜੀ 32 ਤੋਂ ਲੈ ਕੇ 36 ਤਕ ਮਿਲਦਾ ਹੈ:
ਬਾਬਾ ਫਿਰਿ ਮੱਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ।
ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸੱਲਾ ਧਾਰੀ। (ਵਾਰ 1:32)
ਗੁਰੂ ਜੀ ਦੇ ਪੈਰ ਕਾਬੇ ਵੱਲ ਵੇਖ ਕੇ ਜੀਵਣਿ ਮਜੌਰ ਨੇ ਕਿਹਾ, “ਤੁਸੀਂ ਖੁਦ੍ਹਾ ਦੇ ਘਰ ਵੱਲ ਕਿਉਂ ਪੈਰ ਪਸਾਰੇ ਹਨ?” ਗੁਰੂ ਜੀ ਨੇ ਕਿਹਾ, “ਤੁਸੀਂ ਪੈਰ ਉਧਰ ਕਰ ਦਿਓ ਜਿੱਧਰ ਖੁਦ੍ਹਾ ਦਾ ਵਾਸਾ ਨਹੀਂ।” ਉਸ ਨੇ ਗੁਰੂ ਜੀ ਦੇ ਪੈਰ ਫੜ ਕੇ ਦੂਜੇ ਪਾਸੇ ਕਰਨਾ ਚਾਹਿਆਂ ਤਾਂ ਮਜੌਰ ਨੂੰ ਹਰ ਪਾਸੇ ਖੁਦ੍ਹਾ ਹੀ ਦਿੱਸਿਆ। ਉਹ ਹੈਰਾਨ ਹੋ ਗਿਆ, ਕਿਉਂਕਿ ਖੁਦ੍ਹਾ ਦਾ ਕੋਈ ਇਕ ਥਾਂ ਨਹੀਂ, ਉਹ ਹਰ ਥਾਂ ਹਾਜ਼ਰ-ਨਾਜ਼ਰ ਹੈ, ਉਸ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ:
ਟੰਗੋ ਪਕੜਿ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ।
ਹੋਇ ਹੈਰਾਨੁ ਕਰੇਨਿ ਜੁਹਾਰੀ॥ (ਵਾਰ 1:32)
ਮੁੱਲਾਂ-ਕਾਜ਼ੀ ਇਕੱਠੇ ਹੋ ਕੇ ਗੁਰੂ ਜੀ ਨੂੰ ਪੁੱਛਣ ਲੱਗੇ ਕਿ ਹਿੰਦੂ-ਮੁਸਲਮਾਨ ਦੋਹਾਂ ’ਚੋਂ ਕੌਣ ਵੱਡਾ ਹੈ? ਗੁਰੂ ਜੀ ਨੇ ਫੁਰਮਾਇਆ:
ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ।
ਹਿੰਦੂ ਮੁਸਲਮਾਨ ਦੁਇ ਦਰਗਹ ਅੰਦਰਿ ਲਹਨਿ ਨ ਢੋਈ। (ਵਾਰ 1:33)
ਫਿਰ ਗੁਰੂ ਜੀ ਬਗਦਾਦ ਗਏ:
ਫਿਰ ਬਾਬਾ ਗਇਆ ਬਗਦਾਦਿ ਨੋ ਬਾਹਰਿ ਜਾਇ ਕੀਆ ਅਸਥਾਨਾ।
ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ।
ਤੀ ਬਾਂਗਿ ਨਿਵਾਜਿ ਕਰਿ ਸੁੰਨਿ ਸਮਾਨਿ ਹੋਆ ਜਹਾਨਾ।
ਸੁੰਨ ਮੁੰਨਿ ਨਗਰੀ ਭਈ ਦੇਖਿ ਪੀਰ ਭਇਆ ਹੈਰਾਨਾ। (ਵਾਰ 1:35)
ਪੀਰ ਗੁਰੂ ਜੀ ਨਾਲ ਵਾਦ-ਵਿਵਾਦ ਕਰਨ ਲੱਗਾ। ਗੁਰੂ ਜੀ ਨੇ ਪੀਰ ਦੇ ਸੱਤ ਆਕਾਸ਼ਾਂ ਤੇ ਸੱਤ ਪਾਤਾਲਾਂ ਦੇ ਟਾਕਰੇ ’ਤੇ ਕਹਿ ਦਿੱਤਾ ਕਿ ਪ੍ਰਭੂ ਦੀ ਸਿਰਜਣਾ ਦਾ ਕੋਈ ਅੰਤ ਨਹੀਂ, ਲੱਖਾਂ ਪਾਤਾਲ ਹਨ ਤੇ ਲੱਖਾਂ ਹੀ ਆਕਾਸ਼। ਪੀਰ ਪੁੱਛਦਾ ਹੈ:
ਪੁਛੇ ਪੀਰ ਤਕਰਾਰ ਕਰਿ ਏਹੁ ਫਕੀਰੁ ਵਡਾ ਅਤਾਈ।
ਏਥੇ ਵਿਚਿ ਬਗਦਾਦ ਦੇ ਵਡੀ ਕਰਾਮਾਤਿ ਦਿਖਲਾਈ।
ਪਾਤਾਲਾ ਆਕਾਸ ਲਖਿ ਓੜਕਿ ਭਾਲੀ ਖਬਰਿ ਸੁਣਾਈ।
ਫੇਰਿ ਦੁਰਾਇਨ ਦਸਤਗੀਰ ਅਸੀ ਭਿ ਵੇਖਾ ਜੋ ਤੁਹਿ ਪਾਈ।
ਨਾਲਿ ਲੀਤਾ ਬੇਟਾ ਪੀਰ ਦਾ ਅਖੀ ਮੀਟਿ ਗਇਆ ਹਵਾਈ।
ਲਖ ਆਕਾਸ ਪਤਾਲ ਲਖ ਅਖਿ ਫੁਰਕ ਵਿਚਿ ਸਭਿ ਦਿਖਲਾਈ।
ਭਰਿ ਕਚਕੌਲ ਪ੍ਰਸਾਦਿ ਦਾ ਧੁਰੋ ਪਤਾਲੋ ਲਈ ਕੜਾਹੀ।
ਜ਼ਾਹਰ ਕਲਾ ਨ ਛਪੈ ਛਪਾਈ॥ (ਵਾਰ 1:36)
ਦੇਸ਼-ਵਿਦੇਸ਼ ਘੁੰਮ-ਘੁੰਮਾ ਕੇ ਗੁਰੂ ਜੀ ਕਰਤਾਰਪੁਰ ਆ ਗਏ:
ਫਿਰਿ ਬਾਬਾ ਆਇਆ ਕਰਤਾਰਪੁਰਿ ਭੇਖੁ ਉਦਾਸੀ ਸਗਲ ਉਤਾਰਾ।
ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ।
ਉਲਟੀ ਗੰਗ ਵਹਾਈਓਨਿ ਗੁਰ ਅੰਗਦੁ ਸਿਰਿ ਉਪਰਿ ਧਾਰਾ। (ਵਾਰ 1:38)
ਫਿਰ ਸਤਿਗੁਰ ਸ੍ਰੀ ਗੁਰੂ ਨਾਨਕ ਦੇਵ ਜੀ ਪੰਜਾਬ ਵਿਚ ਹੀ ਵਿਚਰਦੇ ਰਹੇ। ਅੰਮ੍ਰਿਤ ਵੇਲੇ ‘ਜਪੁ’ ਤੇ ਰਾਤ ਸਮੇਂ ‘ਸੋਦਰੁ’ ਜਪਦੇ-ਜਪਾਉਂਦੇ ਰਹੇ।ਸਿੱਧਾਂ ਨਾਲ ਗੋਸਟਿ ਕੀਤੀ। ਬਟਾਲੇ ਸ਼ਿਵਰਾਤ੍ਰੀ ਦੇ ਮੇਲੇ ’ਤੇ ਗਏ ਤਾਂ ਸਾਰੀ ਸੰਗਤ ਇਨ੍ਹਾਂ ਵੱਲ ਆ ਗਈ। ਸਿੱਧ ਮੂੰਹ ਵੇਖਦੇ ਰਹੇ। ਸਿੱਧਾਂ ਨੇ ਬੜੀਆਂ ਕਰਾਮਾਤਾਂ ਵਿਖਾਈਆਂ, ਪਰ ਨਿਸਫਲ ਰਹੇ। ਪੁੱਛਣ ਲੱਗੇ– “ਤੁਸੀਂ ਕੀ ਕਰਾਮਾਤ ਕਰ ਦਿੱਤੀ ਹੈ?” ਤਾਂ ਗੁਰੂ ਜੀ ਨੇ ਕਿਹਾ:
ਬਾਬਾ ਬੋਲੇ, ‘ਨਾਥ ਜੀ! ਅਸਿ ਵੇਖਣਿ ਜੋਗੀ ਵਸਤੁ ਨ ਕਾਈ।
ਗੁਰੁ ਸੰਗਤਿ ਬਾਣੀ ਬਿਨਾ ਦੂਜੀ ਓਟ ਨਹੀ ਹੈ ਰਾਈ। (ਵਾਰ 1:42)
ਉਨ੍ਹਾਂ ਦੀ ਆਖਰੀ ਯਾਤਰਾ ਮੁਲਤਾਨ ਦੀ ਸੀ। ਮੁਲਤਾਨ ਦੇ ਪੀਰ ਨੇ ਗੁਰੂ ਜੀ ਦੀ ਪਰਖ ਕਰਨੀ ਚਾਹੀ। ਗੁਰੂ ਜੀ ਨੇ ਉਸ ਨੂੰ ਨਿਹਾਲ ਕਰ ਦਿੱਤਾ। ਪੀਰ ਨੇ ਦੁੱਧ ਦਾ ਨੱਕੋ ਨੱਕ ਪਿਆਲਾ ਪੇਸ਼ ਕੀਤਾ ਜੋ ਇਕ ਸੰਕੇਤ ਸੀ ਕਿ ਇੱਥੇ ਅੱਗੇ ਹੀ ਵਾਧੂ ‘ਪੀਰ-ਫਕੀਰ’ ਹਨ:
ਅਗੋਂ ਪੀਰ ਮੁਲਤਾਨ ਦੇ ਦੁਧਿ ਕਟੋਰਾ ਭਰਿ ਲੈ ਆਈ।
ਬਾਬੇ ਕਢਿ ਕਰਿ ਬਗਲ ਤੇ ਚੰਬੇਲੀ ਦੁਧਿ ਵਿਚਿ ਮਿਲਾਈ।
ਜਿਉ ਸਾਗਰਿ ਵਿਿਚ ਗੰਗ ਸਮਾਈ॥ (ਵਾਰ 1:44)
ਇਹ ਗੁਰੂ ਵੱਲੋਂ ਸੰਕੇਤ ਸੀ ਕਿ ਜਿਵੇਂ ਚੰਬੇਲੀ ਦਾ ਫੁੱਲ ਕਟੋਰੇ ਵਿਚ ਸਮਾਂ ਜਾਂਦਾ ਹੈ, ਅਸੀਂ ਵੀ ਇੱਥੇ ਇਸੇ ਤਰ੍ਹਾਂ ਹੀ ਰਚ ਜਾਵਾਂਗੇ। ਉਨ੍ਹਾਂ ਨੇ ਭਾਈ ਲਹਿਣਾ ਜੀ ਨੂੰ ਗੁਰੂ ਥਾਪ ਦਿੱਤਾ:
ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ।
ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰਿ ਛਤ੍ਰੁ ਫਿਰਾਇਆ। . . .
ਕਾਇਆ ਪਲਟ ਸਰੂਪੁ ਬਣਾਇਆ॥ (ਵਾਰ 1:45)
ਇਹ ਸੰਕੇਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜਾਣਨ ਵਿਚ ਬਹੁਤ ਸਹਾਈ ਹੁੰਦੇ ਹਨ।
ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜੀਵਨ ਵੇਰਵਾ: ਸ੍ਰੀ ਗੁਰੂ ਨਾਨਕ ਜੀ ਨੇ ਆਪਣੇ ਹੱਥੀਂ ਆਪਣੇ ਪ੍ਰਮੁੱਖ ਸਿੱਖ ਨੂੰ ਗੁਰਗੱਦੀ ਬਖਸ਼ੀ। ਭਾਈ ਗੁਰਦਾਸ ਜੀ ਲਿਖਦੇ ਹਨ:
ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰਿ ਛਤ੍ਰੁ ਫਿਰਾਇਆ।
ਜੋਤੀ ਜੋਤਿ ਮਿਲਾਇ ਕੈ ਸਤਿਗੁਰ ਨਾਨਕਿ ਰੂਪੁ ਵਟਾਇਆ। (ਵਾਰ 1:45)
ਫਿਰ ਸ੍ਰੀ ਗੁਰੂ ਅੰਗਦ ਦੇਵ ਜੀ ਕਰਤਾਪੁਰ ਛੱਡ ਕੇ ਖਡੂਰ ਸਾਹਿਬ ਆ ਗਏ: ਗੁਰ ਨਾਨਕ ਹੰਦੀ ਮੁਹਰਿ ਹਥਿ ਗੁਰ ਅੰਗਦ ਦੀ ਦੋਹੀ ਫਿਰਾਈ।
ਦਿਤਾ ਛੋੜਿ ਕਰਤਾਰਪੁਰੁ ਬੈਠਿ ਖਡੂਰੇ ਜੋਤਿ ਜਗਾਈ। (ਵਾਰ 1:46)
24ਵੀਂ ਵਾਰ ਵਿਚ ਭਾਈ ਗੁਰਦਾਸ ਜੀ ਲਿਖਦੇ ਹਨ:
-ਅੰਗਹੁ ਅੰਗੁ ਓਪਾਇਓਨੁ ਗੰਗਹੁ ਜਾਣੁ ਤਰੰਗੁ ਉਠਾਇਆ।
ਗਹਿਰ ਗੰਭੀਰੁ ਗਹੀਰੁ ਗੁਣੁ ਗੁਰਮੁਖਿ ਗੁਰੁ ਗੋਬਿੰਦੁ ਸਦਾਇਆ। (ਵਾਰ 24:5)
-ਪਾਰਸੁ ਹੋਆ ਪਾਰਸਹੁ ਸਤਿਗੁਰ ਪਰਚੇ ਸਤਿਗੁਰੁ ਕਹਣਾ।
ਚੰਦਨੁ ਹੋਇਆ ਚੰਦਨਹੁ ਗੁਰ ਉਪਦੇਸ ਰਹਤ ਵਿਚਿ ਰਹਣਾ। . . .
ਬਾਬਾਣੈ ਘਰਿ ਚਾਨਣੁ ਲਹਣਾ॥ (ਵਾਰ 24:6)
ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਦੇ ਉੱਘੇ ਸਿੱਖ ਸੇਵਕਾਂ ਦਾ ਵੇਰਵਾ 11ਵੀਂ ਵਾਰ ਵਿਚ ਮਿਲਦਾ ਹੈ। ਜਿਨ੍ਹਾਂ ਵਿਚ ਭਾਈ ਪਾਰੋ ਜੁਲਕਾ, ਭਾਈ ਮਲੂਸਾਰੀ ਸੂਰਮਾ, ਭਾਈ ਦੀਪਾ, ਭਾਈ ਦੇਊ ਨਰਾਇਣਦਾਸ ਬੂਲਾ, ਭਾਈ ਲਾਲੂ, ਭਾਈ ਜਗਾ ਧਰਣੀ, ਭਾਈ ਖਾਨੂ ਮਾਈਆ, ਭਾਈ ਗੋਵਿੰਦ ਭੰਡਾਰੀ, ਭਾਈ ਜੋਧ ਰਸੋਈਆ ਆਦਿ ਪ੍ਰਮੁੱਖ ਸਨ। ਸਭ ਤੋਂ ਸੇ੍ਰਸ਼ਟ ਬਾਬਾ ਅਮਰਦਾਸ ਜੀ ਸਨ, ਜੋ ਰਿਸ਼ਤੇ ਵਿਚ ਗੁਰੂ ਜੀ ਦੇ ਕੁੜਮ ਵੀ ਲੱਗਦੇ ਸਨ ਤੇ ਮਗਰੋਂ ਗੁਰਗੱਦੀ ’ਤੇ ਬਿਰਾਜਮਾਨ ਕੀਤੇ ਗਏ।
ਸ੍ਰੀ ਗੁਰੂ ਅਮਰਦਾਸ ਜੀ: ਗੁਰਗੱਦੀ ਸੇਵਾ ਦਾ ਮੇਵਾ ਹੈ, ਪਿਤਾ-ਪੁਰਖੀ ਜਾਇਦਾਦ ਨਹੀਂ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਬਾਬਾ ਅਮਰਦਾਸ ਜੀ ਨੂੰ ਤੀਸਰੇ ਗੁਰੂ ਦੇ ਰੂਪ ਵਿਚ ਥਾਪ ਕੇ ਵਧੀਆ ਪਿਰਤ ਨੂੰ ਅੱਗੇ ਤੋਰਿਆ:
ਲਹਣੇ ਪਾਈ ਨਾਨਕੋ ਦੇਣੀ ਅਮਰਦਾਸਿ ਘਰਿ ਆਈ।
ਗੁਰੁ ਬੈਠਾ ਅਮਰੁ ਸਰੂਪ ਹੋਇ ਗੁਰਮੁਖਿ ਪਾਈ ਦਾਦਿ ਇਲਾਹੀ।
ਫੇਰਿ ਵਸਾਇਆ ਗੋਇੰਦਵਾਲੁ ਅਚਰਜੁ ਖੇਲੁ ਨ ਲਖਿਆ ਜਾਈ। (ਵਾਰ 1:46)
ਫਿਰ ਅੱਗੇ ਲਿਖਦੇ ਹਨ:
ਸਤਿਗੁਰ ਹੋਆ ਸਤਿਗੁਰਹੁ ਅਚਰਜੁ ਅਮਰ ਅਮਰਿ ਵਰਤਾਇਆ।
ਸੋ ਟਿਕਾ ਸੋ ਬੈਹਣਾ ਸੋਈ ਸਚਾ ਹੁਕਮੁ ਚਲਾਇਆ। (ਵਾਰ 24:12)
ਭਾਈ ਗਰੁ ਦਾਸ ਜੀ ਲਿਖਦੇ ਹਨ ਕਿ ਸੀ੍ਰ ਗੁਰੂ ਅਮਰਦਾਸ ਜੀ ਨੇ ਪਿਉ ਦਾਦੇ ਭਾਵ ਸ਼੍ਰੀ ਗੁਰੂ ਅੰਗਦ ਦੇਵ ਜੀ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਾਰਗ ’ਤੇ ਚੰਗੀ ਤਰਾਂ ਪਹਿਰਾ ਦਿੱਤਾ;
ਨਾਮੁ ਦਾਨੁ ਇਸਨਾਨੁ ਦਿੜੁ ਗੁਰੁ ਸਿਖ ਦੇ ਸੈਂਸਾਰੁ ਤਰਾਇਆ। . . .
ਭਲਾ ਭਲਾ ਭਲਿਆਈਅਹੁ ਪਿਉ ਦਾਦੇ ਦਾ ਰਾਹੁ ਚਲਾਇਆ। (ਵਾਰ 24:13)
ਸ਼ਾਇਦ ਉਨ੍ਹਾਂ ਵੱਲੋਂ ਚਲਾਏ ਕਾਰਜਾਂ ਕਾਰਨ ਹੀ ਗੋਇੰਦਵਾਲ ਸਾਹਿਬ ਨੂੰ ‘ਸਿੱਖੀ ਦਾ ਧੁਰਾ’ ਕਿਹਾ ਜਾਂਦਾ ਹੈ। ਕਿਉਂਕਿ ਗੁਰੂ ਜੀ ਸਿੱਖ-ਸੰਗਤ ਦੀ ਅਗਵਾਈ ਉੱਥੇ ਰਹਿ ਕੇ ਹੀ ਕਰਦੇ ਰਹੇ।
ਸ੍ਰੀ ਗੁਰੂ ਰਾਮਦਾਸ ਜੀ ਬਾਰੇ: ਭਾਈ ਗੁਰਦਾਸ ਜੀ ਦੱਸਦੇ ਹਨ ਕਿ ਜਿਵੇਂ ਪਹਿਲੇ ਗੁਰੂ ਸਾਹਿਬਾਨ ਨੇ ਗੁਰਗੱਦੀ ਦੀ ਬਖ਼ਸ਼ਿਸ਼ ਆਪਣੇ ਉੱਤਰਾਧਿਕਾਰੀ ਨੂੰ ਕੀਤੀ ਇਸੇ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਜੀ ਵੀ ਗੁਰਗੱਦੀ ’ਤੇ ਬਿਰਾਜਮਾਨ ਹੋ ਕੇ ਚੌਥੇ ਸਤਿਗੁਰੂ ਬਣੇ:
ਦਿਚੈ ਪੂਰਬਿ ਦੇਵਣਾ ਜਿਸ ਦੀ ਵਸਤੁ ਤਿਸੈ ਘਰਿ ਆਵੈ।
ਬੈਠਾ ਸੋਢੀ ਪਾਤਿਸਾਹੁ ਰਾਮਦਾਸ ਸਤਿਗੁਰੂ ਕਹਾਵੈ। (ਵਾਰ 1:47)
ਭਾਈ ਗੁਰਦਾਸ ਜੀ ਅਨੁਸਾਰ ਗੁਰੂ ਜੀ ਵੱਲੋਂ (ਸ੍ਰੀ ਅੰਮ੍ਰਿਤਸਰ) ਸਰੋਵਰ ਦੀ ਸੰਪੂਰਨਤਾ ਬਹੁਤ ਵੱਡਾ ਕਾਰਜ ਸੀ:
ਪੂਰਨੁ ਤਾਲੁ ਖਟਾਇਆ ਅੰਮ੍ਰਿਤਸਰਿ ਵਿਚਿ ਜੋਤਿ ਜਗਾਵੈ।
ਉਲਟਾ ਖੇਲੁ ਖਸੰਮ ਦਾ ਉਲਟੀ ਗੰਗ ਸਮੁੰਦ੍ਰਿ ਸਮਾਵੈ। (ਵਾਰ 1:47)
ਅੱਗੇ ਭਾਈ ਗੁਰਦਾਸ ਜੀ ਲਿਖਦੇ ਹਨ:
ਪੀਊ ਦਾਦੇ ਜੇਵੇਹਾ ਪੜਦਾਦੇ ਪਰਵਾਣੁ ਪੜੋਤਾ। . . .
ਦੀਨ ਦੁਨੀ ਦਾ ਥੰਮੁ ਹੁਇ ਭਾਰੁ ਅਥਰਬਣ ਥੰਮ੍ਹਿ ਖਲੋਤਾ।
ਭਉਜਲੁ ਭਉ ਨ ਵਿਆਪਈ ਗੁਰ ਬੋਹਿਥ ਚੜਿ ਖਾਇ ਨ ਗੋਤਾ। (ਵਾਰ 24:15)
ਸ੍ਰੀ ਗੁਰੂ ਅਰਜਨ ਦੇਵ ਜੀ: ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰਗੱਦੀ ਆਪਣੇ ਸਪੁੱਤਰ ਨੂੰ ਦਿੱਤੀ। ਇਸ ਬਾਰੇ ਭਾਈ ਸਾਹਿਬ ਲਿਖਦੇ ਹਨ:
ਫਿਰਿ ਆਈ ਘਰਿ ਅਰਜਣੇ ਪੁਤੁ ਸੰਸਾਰੀ ਗੁਰੂ ਕਹਾਵੈ।
ਜਾਣਿ ਨ ਦੇਸਾਂ ਸੋਢੀਓਂ ਹੋਰਸਿ ਅਜਰੁ ਨ ਜਰਿਆ ਜਾਵੈ।
ਘਰ ਹੀ ਕੀ ਵਥੁ ਘਰੇ ਰਹਾਵੈ॥ (ਵਾਰ 1:47)
ਭਾਈ ਸਾਹਿਬ ਲਿਖਦੇ ਹਨ ਕਿ ਉਹ ਪਰਮੇਸ਼ਰ ਦੀ ਪਰਮ ਜੋਤਿ ਨੂੰ ਪਿਆਰ ਕਰਦੇ ਹਨ ਤੇ ਜਗਤ ਉਨ੍ਹਾਂ ਦੀ ਜੈ-ਜੈਕਾਰ ਕਰ ਰਿਹਾ ਹੈ:
ਅਲਖ ਨਿਰੰਜਨੁ ਆਖੀਐ ਅਕਲ ਅਜੋਨਿ ਅਕਾਲ ਅਪਾਰਾ।
ਰਵਿ ਸਸਿ ਜੋਤਿ ਉਦੋਤ ਲੰਘਿ ਪਰਮ ਜੋਤਿ ਪਰਮੇਸਰੁ ਪਿਆਰਾ।
ਜਗਮਗ ਜੋਤਿ ਨਿਰੰਤਰੀ ਜਗਜੀਵਨ ਜਗ ਜੈ ਜੈਕਾਰਾ। (ਵਾਰ 24:18)
ਇੱਥੇ ਭਾਈ ਸਾਹਿਬ ਗੁਰੂ ਸਾਹਿਬ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਦਾ ਸੰਕੇਤ ਵੀ ਕਰਦੇ ਹਨ:
ਤਖਤੁ ਬਖਤੁ ਲੈ ਮਲਿਆ ਸਬਦ ਸੁਰਤਿ ਵਾਪਾਰਿ ਸਪਤਾ।
ਗੁਰਬਾਣੀ ਭੰਡਾਰੁ ਭਰਿ ਕੀਰਤਨੁ ਕਥਾ ਰਹੈ ਰੰਗ ਰਤਾ।. . .
ਸਚੁ ਨੀਸਾਣੁ ਦੀਬਾਣੁ ਸਚੁ ਸਚੁ ਤਾਣੁ ਸਚੁ ਮਾਣੁ ਮਹਤਾ।
ਅਬਚਲੁ ਰਾਜੁ ਹੋਆ ਸਣਖਤਾ॥ (ਵਾਰ 24:19)
ਸ਼੍ਰੀ ਗੁਰੂ ਅਰਜਨ ਦਵੇ ਜੀ ਦੇ ਸਮੇਂ ਸਿਖੱ ਧਰਮ ਦਾ ਬਹਤੁ ਵਿਕਾਸ ਹੋਇਆ ਅਤੇ ਸ਼ਰਧਾਲੂ ਸਗੰ ਤ ਵਿਚ ਬਹਤੁ ਵਾਧਾ ਹੋਇਆ। ਹਰ ਸਮੇਂ ਲੰਗਰ ਚਲਦਾ ਰਹਿੰਦਾ ਸੀ:
ਚਾਰੇ ਚਕ ਨਿਵਾਇਓਨੁ ਸਿਖ ਸੰਗਤਿ ਆਵੈ ਅਗਣਤਾ।
ਲੰਗਰੁ ਚਲੈ ਗੁਰ ਸਬਦਿ ਪੂਰੇ ਪੂਰੀ ਬਣੀ ਬਣਤਾ। (ਵਾਰ 24:20)
ਗੁਰੂ ਜੀ ਦੀ ਸ਼ਹਾਦਤ ਪਤ੍ਰੀ ਸੰਕੇਤੇ ਵੀ ਭਾਈ ਸਾਹਿਬ ਦੀਆਂ ਵਾਰਾਂ ਵਿਚ ਮਿਲਦੇਹਨ:
ਰਹਿਦੇ ਗੁਰੁ ਦਰੀਆਉ ਵਿਚਿ ਮੀਨ ਕੁਲੀਨ ਹੇਤੁ ਨਿਰਬਾਣੀ।. . .
ਸਬਦੁ ਸੁਰਤਿ ਲਿਵ ਮਿਰਗ ਜਿਉ ਭੀੜ ਪਈ ਚਿਤਿ ਅਵਰੁ ਨ ਆਣੀ। (ਵਾਰ 24:23)
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ: ਪਹਿਲੀ ਵਾਰ ਵਿਚ ਲਿਖਿਆ ਹੈ:
ਪੰਜਿ ਪਿਆਲੇ ਪੰਜਿ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ।. . .
ਦਲਿ ਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ। (ਵਾਰ 1:48)
ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਸਮੇਂ ਸਿੱਖੀ ਦਾ ਪਾਸਾਰ ਦਰੂ -ਦਰੂ ਤਕ ਹੋ ਗਿਆ ਸੀ। 11ਵੀਂ ਵਾਰ ਵਿਚ ਉਨ੍ਹਾਂ ਦੇ ਸਿੱਖਾ ਦੇ ਵਰਵੇ ਤੋਂ ਪਤਾ ਲਗੱ ਦਾ ਹੈ। ਕਿ ੳਹੁ ਸਾਰੇ ਪਾਸੇ ਪੈਲੇ ਹੋਏ ਸਨ। ੳਜੁ ਨੈ ਤੋਨ ਭਾਵਾ ਧੀਰ, ਹਰਿਦਾਸ ਤੇ ਤੀਰਥਾ ਗਵਾਲੀਅਰ ਤੋਂ ਗੁਜਰਾਤ ਵਿਚ ਭੇਖਾਰੀ ਭਾਬੜਾ, ਬਰਹਾਨਪਰੁ ਤੋਂ ਭਗਤ ਭਈਆ, ਭਗਵਾਨ ਦਾਸ ਤੇ ਬਦੋ ਲਾ ਸਨ। ਜਟੂ ਤਪਾ ਜਨੌ ਪੁਰਿ ਤੋਂ ਪਟਣੈ ਤੋਂ ਸਭਰਵਾਲ ਨਿਹਾਲਾ, ਰਾਜ ਮਹਿਲ ਤੋਂ ਭਾਨੂ ਬਹਿਲ, ਆਗਰੇ ਤੋਂ ਸੁੰਦਰ ਚਢਾ, ਢਾਕੇ ਤੋਂ ਮਹੋ ਣ ਗੁਰੂ ਜੀ ਦੇ ਸ਼ਰਧਾਲੂ ਸਿਖੱ ਸਨ।
ਵਾਰ 26 ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਬਾਰੇ ਕਾਫੀ ਭਰਪੂਰ ਜਾਣਕਾਰੀ ਮਿਲਦੀ ਹੈ। ਗੁਰੂ ਸਾਹਿਬ ਜੀ ਦੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਪਿਛੋਂ ਜੋ ਜੀਵਨ ਸ਼ੈਲੀ ਵਿਚ ਤਬਦੀਲੀ ਆਈ ਉਸਦਾ ਪ੍ਰਮਾਣੀਕ ਇਤਿਹਾਸਿਕ ਵੇਰਵਾ ਇਸ ਵਾਰ ਤੋਂ ਹੀ ਮਿਲਦਾ ਹੈ:
ਧਰਮਸਾਲ ਕਰਿ ਬਹੀਦਾ ਇਕਤ ਥਾਉਂ ਨ ਟਿਕੈ ਟਿਕਾਇਆ।
ਪਾਤਿਸਾਹ ਘਰਿ ਆਵਦੇ ਗੜਿ ਚੜਿਆ ਪਾਤਿਸਾਹ ਚੜਾਇਆ।
ਉਮਤਿ ਮਹਲੁ ਨ ਪਾਵਦੀ ਨਠਾ ਫਿਰੈ ਨ ਡਰੈ ਡਰਾਇਆ।
ਮੰਜੀ ਬਹਿ ਸੰਤੋਖਦਾ ਕੁਤੇ ਰਖਿ ਸਿਕਾਰੁ ਖਿਲਾਇਆ।
ਬਾਣੀ ਕਰਿ ਸੁਣਿ ਗਾਂਵਦਾ ਕਥੈ ਨ ਸੁਣੈ ਨ ਗਾਵਿ ਸੁਣਾਇਆ।
ਸੇਵਕ ਪਾਸ ਨ ਰਖੀਅਨਿ ਦੋਖੀ ਦੁਸਟ ਆਗੂ ਮੁਹਿ ਲਾਇਆ। (ਵਾਰ 26:24)
ਗੁਰੂ ਜੀ ਸਮੇਂ ਦੀ ਲੋੜ ਅਨੁਸਾਰ ਨਿਰਮਲ ਪੰਥ ਵਿਚ ਜੁਝਾਰੂ-ਪੁਣਾ ਭਰ ਰਹੇ ਸਨ, ਜਿਸ ਨੂੰ ਅੱਗੇ ਜਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਘਾਲਣਾਵਾਂ ਕਾਰਨ ਖਾਲਸਾ ਪੰਥ ਹੋਂਦ ਵਿਚ ਆਇਆ।
ਨਿਰਸੰਦੇਹ ਭਾਈ ਗੁਰਦਾਸ ਜੀ ਦੀਆਂ ਵਾਰਾਂ ਪਹਿਲੇ ਛੇ ਗੁਰੂ ਸਾਹਿਬਾਨ ਸਿੱਖ ਧਰਮ ਤੇ ਸਮਾਜ ਦੇ ਵਿਕਾਸ ਦਾ ਪ੍ਰਮਾਣਿਕ ਪ੍ਰਮਾਣ ਤੇ ਇਤਿਹਾਸਿਕ ਸੱਚਾਈ ਨੂੰ ਸਾਹਮਣੇ ਲਿਆਉਣ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਦੂਸਰਾ ਵੱਡਾ ਸੋਮਾ ਹੈ।
ਲੇਖਕ ਬਾਰੇ
# 66, ਚੰਦਰ ਨਗਰ, ਜਨਕਪੁਰੀ, ਨਵੀਂ ਦਿੱਲੀ-110058
- ਡਾ. ਗੁਰਚਰਨ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%9a%e0%a8%b0%e0%a8%a8-%e0%a8%b8%e0%a8%bf%e0%a9%b0%e0%a8%98/July 1, 2007
- ਡਾ. ਗੁਰਚਰਨ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%9a%e0%a8%b0%e0%a8%a8-%e0%a8%b8%e0%a8%bf%e0%a9%b0%e0%a8%98/February 1, 2008
- ਡਾ. ਗੁਰਚਰਨ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%9a%e0%a8%b0%e0%a8%a8-%e0%a8%b8%e0%a8%bf%e0%a9%b0%e0%a8%98/October 1, 2008
- ਡਾ. ਗੁਰਚਰਨ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%9a%e0%a8%b0%e0%a8%a8-%e0%a8%b8%e0%a8%bf%e0%a9%b0%e0%a8%98/April 1, 2010
- ਡਾ. ਗੁਰਚਰਨ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%9a%e0%a8%b0%e0%a8%a8-%e0%a8%b8%e0%a8%bf%e0%a9%b0%e0%a8%98/January 1, 2016