ਇਨਸਾਨ ਦੇ ਆਪਣੇ ਕੀਤੇ ਕੰਮਾਂ ਅਤੇ ਆਪਣੇ ਆਲੇ-ਦੁਆਲੇ ਹੁੰਦੇ ਕੰਮਾਂ ਦੇ ਪ੍ਰਭਾਵ ਤੋਂ ਪੈਦਾ ਹੋਏ ਖਿਆਲ ਉਸ ਦੇ ਨਾਲ ਰਹਿੰਦੇ ਹਨ ਅਤੇ ਇਹ ਉਸ ਦੇ ਸੰਸਕਾਰ ਕਹਾਉਂਦੇ ਹਨ। ਖਿਆਲਾਂ ਅਤੇ ਵਿਚਾਰਾਂ ਨੂੰ ਸ਼ੁੱਧ ਕਰਕੇ ਉਤਮ ਸੰਸਕਾਰ ਗ੍ਰਹਿਣ ਕੀਤੇ ਜਾ ਸਕਦੇ ਹਨ। “ਉੱਤਮ ਸੰਸਕਾਰ ਉਹ ਹਨ ਜਿਨ੍ਹਾਂ ਕਰਕੇ ਕਰਤਾਰ ਦੀ ਰਚਨਾ ਦੇ ਵਿਰੁੱਧ ਕੁਝ ਨਾ ਕੀਤਾ ਜਾਵੇ ਅਰ ਜੋ ਧਾਰਮਿਕ ਚਿੰਨ੍ਹ ਧਾਰਨ ਕੀਤੇ ਜਾਣ ਉਹ ਸਰੀਰ ਤਥਾ ਦੇਸ਼ ਦੀ ਰਖਯਾ ਦਾ ਕਾਰਨ ਹੋਣ।” (ਮਹਾਨ ਕੋਸ਼) ਸੰਸਕਾਰਾਂ ਉੱਤੇ ਹੀ ਮਨੁੱਖੀ ਵਿਹਾਰ ਆਧਾਰਿਤ ਹੈ। ਮਨੁੱਖੀ ਵਿਹਾਰ ਨੂੰ ਆਦਰਸ਼ਾਂ ਅਨੁਸਾਰ ਨਿਯਮਤ ਕਰਨ ਨਾਲ ਪ੍ਰਕਿਰਤਕ ਮਨੁੱਖ ਇਕ ਸਮਾਜਿਕ ਮਨੁੱਖ ਬਣ ਸਕਦਾ ਹੈ ਅਤੇ ਪਸ਼ੂ ਬਿਰਤੀ ਦੂਰ ਹੁੰਦੀ ਹੈ। ਮਨੁੱਖੀ ਵਿਹਾਰ ਦੇ ਸਿੱਖੇ ਹੋਏ ਭਾਗ ਨੂੰ ਸੱਭਿਆਚਾਰ ਕਹਿੰਦੇ ਹਨ। ਹਰ ਸਮਾਜ ਦਾ ਸੱਭਿਆਚਾਰ ਵਿਲੱਖਣ ਹੈ। ਸਿੱਖੀ ਜੀਵਨ ਸੰਸਕਾਰ ਅਤੇ ਸਿੱਖ ਸੱਭਿਆਚਾਰ ਵੀ ਵਿਲੱਖਣ ਹੈ। ਇਹ ਸਿੱਖ ਸਮਾਜ ਨੂੰ ਦੂਜੇ ਸਮਾਜਾਂ ਨਾਲੋਂ ਨਿਖੇੜਦਾ ਹੈ ਅਤੇ ਇਸ ਦੀ ਪਹਿਚਾਣ ਦਾ ਹਿੱਸਾ ਹੈ।
ਸਿੱਖੀ ਜੀਵਨ ਸੰਸਕਾਰ ਉਹ ਵਿਚਾਰ, ਖਿਆਲ ਅਤੇ ਗੁਣ ਹਨ ਜੋ ਗੁਰਬਾਣੀ ਵਿਚ ਦਰਸਾਏ ਗਏ ਹਨ ਅਤੇ ਗੁਰੂ ਸਾਹਿਬਾਨ ਵੱਲੋਂ ਆਪਣੇ ਜੀਵਨ-ਕਾਲ ਵਿਚ ਅਮਲ ਵਿਚ ਲਿਆ ਕੇ ਸਾਡੇ ਲਈ ਪੂਰਨੇ ਪਾਏ ਗਏ ਹਨ। ਇਹ ਸੰਸਕਾਰ ਇਕ ਨਰੋਏ ਸਮਾਜ ਦੀ ਸਿਰਜਣਾ ਵਾਸਤੇ ਅਤਿ ਲੋੜੀਂਦੇ ਹਨ। ਹਰ ਸਿੱਖ ਨੂੰ ਇਹ ਸੰਸਕਾਰ ਧਾਰਨ ਕਰਨੇ ਚਾਹੀਦੇ ਹਨ ਤਾਂ ਹੀ ਉਹ ਸਿੱਖ ਕਹਾਉਣ ਦਾ ਹੱਕਦਾਰ ਬਣ ਸਕਦਾ ਹੈ।
ਮਿੱਠਾ ਬੋਲਣਾ, ਨਿੰਦਾ ਚੁਗ਼ਲੀ ਨਾ ਕਰਨਾ, ਪੰਜ ਵਿਕਾਰਾਂ ਦਾ ਤਿਆਗ, ਹਰ ਇਕ ਨਾਲ ਪ੍ਰੇਮ ਕਰਨਾ ਅਤੇ ਚੰਗੇ ਗੁਣ ਧਾਰਨ ਕਰਨਾ ਆਦਿ ਸੰਸਕਾਰ ਸਾਨੂੰ ਗੁਰਬਾਣੀ ਤੋਂ ਪ੍ਰਾਪਤ ਹੋਏ ਹਨ।
ਮਿੱਠਾ ਬੋਲਣਾ ਸਮਾਜਿਕ ਸੰਬੰਧਾਂ ਵਾਸਤੇ ਬਹੁਤ ਜ਼ਰੂਰੀ ਹੈ। ਪ੍ਰੇਮ ਭਾਵਨਾ ਤਾਂ ਹੀ ਪ੍ਰਫੁੱਲਤ ਹੋ ਸਕਦੀ ਹੈ ਜੇ ਮਿੱਠਾ ਬੋਲਿਆ ਜਾਵੇ। ਫਿੱਕਾ ਬੋਲ ਕੇ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ। ਫਿੱਕਾ ਬੋਲਣ ਨਾਲ ਨਫ਼ਰਤ ਹੀ ਨਫ਼ਰਤ ਪੈਦਾ ਹੁੰਦੀ ਹੈ ਜਿਸ ਨਾਲ ਮਾਨਸਿਕ ਅਵਸਥਾ ਵਿਚ ਗਿਰਾਵਟ ਆਉਂਦੀ ਹੈ। ਗੁਰਬਾਣੀ ਕਹਿ ਰਹੀ ਹੈ- ‘ਗੰਢੁ ਪਰੀਤੀ ਮਿਠੇ ਬੋਲ’ – ‘ਟੂਟਿ ਪਰੀਤਿ ਗਈ ਬੁਰ ਬੋਲਿ’ ‘ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ’ ਬੇਵਜ੍ਹਾ ਬਹਿਸਾਂ ਵਿਚ ਪੈਣ ਤੋਂ ਸਾਨੂੰ ਮਨਾਹੀ ਕੀਤੀ ਗਈ ਹੈ- ‘ਬਾਦੁ ਬਿਬਾਦੁ ਕਾਹੂ ਸਿਉ ਨ ਕੀਜੈ’ ਕਿਉਂਕਿ ‘ਕਲਹਿ ਬੁਰੀ ਸੰਸਾਰਿ ਵਾਦੇ ਖਪੀਐ’ ਨਿੰਦਾ ਚੁਗ਼ਲੀ ਕਰਨ ਵਾਲੇ ਮਨੁੱਖ ਨੂੰ ਮੂਰਖ ਅਤੇ ਮਨਮੁਖ ਦੀ ਸੰਗਿਆ ਦਿੱਤੀ ਗਈ ਹੈ-
‘ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ॥’ (ਪੰਨਾ 755)
ਮਿੱਠਾ ਬੋਲਣ ਦੇ ਨਾਲ-ਨਾਲ ਇਹ ਵੀ ਜ਼ਰੂਰੀ ਹੈ ਕਿ ਸੱਚ ਬੋਲਿਆ ਜਾਵੇ ਅਤੇ ਝੂਠ ਦਾ ਸਹਾਰਾ ਨਾ ਲਿਆ ਜਾਵੇ- ‘ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥’ ਸਿਰਫ ਸੱਚ ਬੋਲਣ ਤਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ ਸਗੋਂ ਆਚਾਰ ਅਤੇ ਵਿਹਾਰ ਸੱਚਾ ਹੋਣਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ:
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ (ਪੰਨਾ 62)
ਕਿਸੇ ਨਾਲ ਧੋਖਾ ਨਹੀਂ ਕਰਨਾ ਅਤੇ ਕਿਸੇ ਦਾ ਪੈਸਾ ਨਹੀਂ ਰੱਖਣਾ:
ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ॥ (ਪੰਨਾ 1249)
ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਸਰੀਰ ਨੂੰ ਹਮੇਸ਼ਾਂ ਲੁੱਟ ਰਹੇ ਹਨ। ਇਨ੍ਹਾਂ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਸਾਡੇ ਅੰਦਰਲੇ ਅੰਮ੍ਰਿਤ ਦੇ ਸੋਮੇ ਨੂੰ ਹਮੇਸ਼ਾਂ ਘਾਤ ਲਗਾਉਣ ਲਈ ਤਿਆਰ ਰਹਿੰਦੇ ਹਨ। ਜੋ ਮਨੁੱਖ ਗੁਣਾਂ ਦਾ ਧਾਰਨੀ ਬਣਨ ਦੀ ਕੋਸ਼ਿਸ਼ ਨਹੀਂ ਕਰਦਾ ਪਰ ਹੰਕਾਰ ਨਾਲ ਆਫਰਿਆ ਫਿਰਦਾ ਹੈ, ਗੁਰਬਾਣੀ ਉਸ ਨੂੰ ਖਰ ਦੀ ਤੁਲਨਾ ਦਿੰਦੀ ਹੈ-
‘ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ॥’ (ਪੰਨਾ 1411)
ਅਜਿਹੇ ਮਨੁੱਖ ਨੂੰ ਗੁਰਬਾਣੀ ‘ਮਲੁ ਧਾਰੀ’ ਕਹਿ ਰਹੀ ਹੈ-
‘ਗੁਣ ਵਿਹੂਣ ਮਾਇਆ ਮਲੁ ਧਾਰੀ॥’ (ਪੰਨਾ 367)
ਚੰਗੇ ਗੁਣ ਧਾਰਨ ਕਰਕੇ ਸੰਸਾਰ ਦੀ ਭਲਾਈ ਵਾਸਤੇ ਕੁਝ ਨਾ ਕੁਝ ਜ਼ਰੂਰ ਕੀਤਾ ਜਾਵੇ ਤਾਂ ਕਿ ਦੇਸ਼ ਅਤੇ ਕੌਮ ਦਾ ਭਲਾ ਹੋ ਸਕੇ। ਅਜਿਹੇ ਉੱਤਮ ਸੰਸਕਾਰਾਂ ਨੂੰ ਧਾਰਨ ਕਰ ਕੇ ਹੀ ਇਕ ਚੰਗੇ ਸੱਭਿਆਚਾਰ ਦੀ ਨੀਂਹ ਰੱਖੀ ਜਾ ਸਕਦੀ ਹੈ। ਧਰਮ ਦੁਆਰਾ ਸਿਰਜੇ ਆਦਰਸ਼ ਸਦਾਚਾਰਕ ਕੀਮਤਾਂ ਬਰਕਰਾਰ ਰੱਖਣ ਲਈ ਜ਼ਰੂਰੀ ਹਨ। ਗੁਰਬਾਣੀ ਅਨੁਸਾਰ ਜੀਵਨ ਬਿਤਾਉਣ ਨਾਲ ਸਾਰੇ ਸਮਾਜ ਵਿਚ ਸੁਧਾਰ ਆਉਣਾ ਲਾਜ਼ਮੀ ਹੈ ਕਿਉਂਕਿ ਬਾਣੀ ਸਭ ਲਈ ਸਾਂਝੀ ਹੈ, ਕਿਸੇ ਇਕ ਦੀ ਮਲਕੀਅਤ ਨਹੀਂ ਅਤੇ ਸਰਬੱਤ ਦਾ ਭਲਾ ਮੰਗਣਾ ਇਸ ਦੇ ਮੁੱਢਲੇ ਨਿਯਮਾਂ ਵਿੱਚੋਂ ਇਕ ਹੈ। ਬਾਣੀ ਸੱਭਿਆਚਾਰਕ ਚੇਤਨਾ ਦਾ ਸ੍ਰੋਤ ਹੈ ਅਤੇ ਸੱਭਿਅਕ ਵਿਹਾਰ ਦੇ ਤੌਰ-ਤਰੀਕੇ ਸਿਖਾਉਂਦੀ ਹੈ।
ਉਪਜੀਵਕਾ ਦੇ ਸਾਧਨ, ਹਾਰ-ਸ਼ਿੰਗਾਰ, ਖਾਣਾ-ਪੀਣਾ, ਰਿਸ਼ਤੇ-ਨਾਤੇ, ਸਮਾਜਿਕ ਸੰਬੰਧ, ਘਰ-ਪਰਵਾਰ, ਵਹਿਮ-ਭਰਮ, ਕਰਮਕਾਂਡ, ਰਾਜ ਪ੍ਰਬੰਧ, ਨੈਤਿਕ ਕਦਰਾਂ-ਕੀਮਤਾਂ ਅਤੇ ਭਾਸ਼ਾ ਆਦਿ ਅਜਿਹੇ ਸੱਭਿਆਚਰਕ ਪੱਖ ਹਨ ਜਿਨ੍ਹਾਂ ਬਾਰੇ ਬਾਣੀ ਵਿਚ ਸਪੱਸ਼ਟ ਅਗਵਾਈ ਦਿੱਤੀ ਗਈ ਹੈ।
ਬਾਣੀ ਅਨੁਸਾਰ ਸਮੁੱਚੇ ਸਮਾਜ ਕਲਿਆਣ ਲਈ ਸਤਿਸੰਗਤ ਕਰਨੀ, ਨਾਮ ਜਪਣਾ, ਧਰਮ ਦੀ ਕਿਰਤ ਕਰਨੀ ਅਤੇ ਵੰਡ ਕੇ ਛਕਣਾ ਪ੍ਰਮੁੱਖ ਸਦਾਚਾਰਕ ਅੰਗ ਹਨ। ਨਾਮ, ਦਾਨ ਅਤੇ ਇਸ਼ਨਾਨ ਦਾ ਉਪਦੇਸ਼ ਵੀ ਦ੍ਰਿੜ੍ਹ ਕਰਵਾਇਆ ਗਿਆ ਹੈ। ਸੇਵਾ, ਸਮਾਜਿਕ ਬਰਾਬਰੀ, ਭਰਾਤਰੀ-ਭਾਵ, ਮਿਲਵਰਤਨ ਅਤੇ ਪਰਉਪਕਾਰ ਅਜਿਹੇ ਸਿਧਾਂਤ ਹਨ ਜਿਨ੍ਹਾਂ ਦੇ ਪ੍ਰਫੁੱਲਤ ਹੋਣ ਨਾਲ ਸਮਾਜ ਵਿੱਚੋਂ ਦੁਰਾਚਾਰ ਖ਼ਤਮ ਹੁੰਦਾ ਹੈ।
ਮੂਲਮੰਤਰ ਦਾ ਜਾਪ ਨਿਤਾ-ਪ੍ਰਤੀ ਕਰਨ ਨਾਲ ਸਾਨੂੰ ਸੋਝੀ ਆਉਂਦੀ ਹੈ ਕਿ ਪਰਮਾਤਮਾ ਇੱਕ ਹੈ, ਸਰਬ-ਵਿਆਪੀ ਹੈ, ਸਾਰੀ ਦੁਨੀਆਂ ਦਾ ਕਰਤਾ ਹੈ, ਭੈ ਰਹਿਤ ਹੈ, ਵੈਰ ਰਹਿਤ ਹੈ, ਜਨਮ-ਮਰਨ ਤੋਂ ਰਹਿਤ ਹੈ ਅਤੇ ਉਹ ਗੁਰੂ ਵਿਚ ਵਿਦਮਾਨ ਹੋ ਕੇ ਗੁਰੂ ਦੁਆਰਾ ਆਪਣੀ ਪਹਿਚਾਣ ਕਰਵਾਉਂਦਾ ਹੈ। ਅਕਾਲ ਪੁਰਖ ਨੂੰ ‘ਵਾਹਿਗੁਰੂ’ ਗੁਰਮੰਤਰ ਦੁਆਰਾ ਸਿਮਰਿਆ ਜਾਂਦਾ ਹੈ। ਇਹ ਇਕ ਮਨੋਵਿਗਿਆਨਕ ਸੱਚਾਈ ਹੈ ਕਿ ‘ਜੈਸਾ ਸੇਵੈ ਤੈਸੋ ਹੋਇ’। ਮੂਲਮੰਤਰ ਦੇ ਜਾਪ ਨਾਲ ਮਨੁੱਖ ਅਕਾਲ ਪੁਰਖ ਵਾਲੇ ਗੁਣਾਂ ਦਾ ਧਾਰਨੀ ਹੋ ਜਾਵੇਗਾ ਅਤੇ ਕਿਸੇ ਤੋਂ ਡਰੇਗਾ ਨਹੀਂ, ਕਿਸੇ ਨਾਲ ਵੈਰ ਨਹੀਂ ਕਰੇਗਾ ਅਤੇ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਸਮਝ ਕੇ ਕੋਈ ਗ਼ਲਤ ਕੰਮ ਨਹੀਂ ਕਰੇਗਾ। ਇਸ ਨਾਲ ਮਨੁੱਖ ਦੀ ਕੂੜ ਦੀ ਪਾਲ ਟੁੱਟ ਜਾਵੇਗੀ। ਉਹ ਝੂਠ ਦਾ ਸਹਾਰਾ ਕਦੇ ਨਹੀਂ ਲਵੇਗਾ ਅਤੇ ਸਚਿਆਰ ਬਣ ਜਾਵੇਗਾ।
ਸਚਿਆਰ ਮਨੁੱਖ ਹੀ ਸੱਚੀ-ਸੁੱਚੀ ਕਿਰਤ ਕਰ ਸਕਦਾ ਹੈ। ਗੁਰਬਾਣੀ ਵਿਚ ਸੱਚੀ-ਸੁੱਚੀ ਕਿਰਤ ਕਰਨੀ ਜ਼ਰੂਰੀ ਕਰਾਰ ਦਿੱਤੀ ਗਈ ਹੈ। ਛੁਟਕਾਰਾ ਸੱਚੀ ਕਮਾਈ ਨਾਲ ਹੀ ਸੰਭਵ ਹੈ। ਖੋਟੇ ਢੰਗ ਨਾਲ ਕਮਾਇਆ ਧਨ ਸਾਡੇ ਤਨ ਅਤੇ ਮਨ ਨੂੰ ਵੀ ਖੋਟਾ ਕਰ ਦਿੰਦਾ ਹੈ। ਉੱਦਮ ਨਾਲ ਕੀਤੀ ਕਮਾਈ ਹੀ ਸੁਖਦਾਈ ਹੋ ਸਕਦੀ ਹੈ। ਦਸਾਂ ਨਹੁੰਆਂ ਦੀ ਕਿਰਤ ਦਾ ਮਤਲਬ ਹੀ ਮਿਹਨਤ ਨਾਲ ਕਮਾਇਆ ਹੋਇਆ ਧਨ ਹੈ। ਅਨ-ਕਮਾਇਆ ਧਨ ਜਿਵੇਂ ਕਿ ਰਿਸ਼ਵਤ ਦਾ ਪੈਸਾ ਗੁਰੂ-ਘਰ ਵਿਚ ਪ੍ਰਵਾਨ ਨਹੀਂ:
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥ (ਪੰਨਾ 522)
ਕਿੱਤਾ ਕੋਈ ਵੀ ਅਪਣਾਇਆ ਜਾ ਸਕਦਾ ਹੈ ਪਰ ਕਿਰਤ ਸੱਚੀ ਸੁੱਚੀ ਹੋਵੇ। ਜੇ ਕਿੱਤਾ ਲਿਖਣ ਦਾ ਹੈ ਜਿਵੇਂ ਕਿ ਪੱਤਰਕਾਰੀ ਤਾਂ ਹੁਕਮ ਹੈ-
‘ਧਨੁ ਲੇਖਾਰੀ ਨਾਨਕਾ ਪਿਆਰੇ ਸਾਚੁ ਲਿਖੈ ਉਰਿ ਧਾਰਿ॥’ (ਪੰਨਾ 636)
ਨੌਕਰੀ ਕਰਨੀ ਹੋਵੇ ਤਾਂ ਦਿਲ ਲਗਾ ਕੇ ਕੰਮ ਕੀਤਾ ਜਾਵੇ, ਬੱਧਾ-ਚੱਟੀ ਨਹੀਂ ਕਰਨੀ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ-
‘ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ॥’ (ਪੰਨਾ 595)
ਅਧਿਆਪਕ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ
‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’
ਅਤੇ
‘ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ’ (ਪੰਨਾ 938)
ਵੈਦ ਨੂੰ ਸਿਖਾਇਆ ਗਿਆ ਹੈ ਕਿ ਵੈਦਗੀ ਕਿਵੇਂ ਕਰਨੀ ਹੈ। ਰੋਗ ਦੀ ਪਹਿਚਾਣ ਕੀਤੇ ਬਿਨਾਂ ਅੰਦਾਜ਼ੇ ਨਾਲ ਕੀਤਾ ਇਲਾਜ ਸਿਆਣੇ ਵੈਦ ਦੀ ਨਿਸ਼ਾਨੀ ਨਹੀਂ
‘ਵੈਦਾ ਵੈਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ’ (ਪੰਨਾ 1279)
ਅਤੇ
‘ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ’ (ਪੰਨਾ 148)
ਸ਼ਫ਼ਾ ਪਰਮਾਤਮਾ ਦੀ ਦੇਣ ਹੈ ਜਦੋਂ ਚਾਹੇ ਵਾਪਸ ਲੈ ਸਕਦਾ ਹੈ। ਜ਼ਿੰਦਗੀ ਘਟਾਉਣੀ ਜਾਂ ਵਧਾਉਣੀ ਵੈਦ ਦੇ ਹੱਥ ਨਹੀਂ ਸਗੋਂ ਪਰਮਾਤਮਾ ਦੇ ਹੁਕਮ ਅਨੁਸਾਰ ਹੈ।
ਸੱਚੀ-ਸੁੱਚੀ ਕਿਰਤ ਕਰ ਕੇ ਕਮਾਈ ਵਿੱਚੋਂ ਲੋੜ ਮੁਤਾਬਿਕ ਵਰਤ ਕੇ ਬਾਕੀ ਦਾ ਲੋੜਵੰਦਾਂ ਵਿਚ ਵੰਡਿਆ ਜਾਵੇ ਕਿਉਂਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦਾ ਹੈ। ਦਸਵੰਧ ਦੀ ਪਿਰਤ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸੇ ਲਈ ਹੀ ਪਾਈ ਸੀ। ਪੁੰਨ-ਦਾਨ ਕੀਤਾ ਉਹੀ ਪ੍ਰਵਾਨ ਹੈ ਜੋ ਮਿਹਨਤ ਨਾਲ ਕੀਤੀ ਕਮਾਈ ਨਾਲ ਕੀਤਾ ਹੋਵੇ। ਬਾਣੀ ਸਿੱਖਿਆ ਦੇ ਰਹੀ ਹੈ-
‘ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥’ (ਪੰਨਾ 1245)
ਆਸਾ ਕੀ ਵਾਰ ਵਿਚ ਬਾਣੀ ਦੱਸ ਰਹੀ ਹੈ ਕਿ ਚੋਰੀ, ਡਾਕੇ ਨਾਲ ਪ੍ਰਾਪਤ ਕੀਤੇ ਧਨ ਵਿੱਚੋਂ ਪਿੱਤਰਾਂ ਪ੍ਰਤੀ ਕੀਤੇ ਦਾਨ-ਪੁੰਨ ਨਾਲ ਰੱਬ ਦੀ ਦਰਗਾਹ ਵਿਚ ਪਿੱਤਰਾਂ ਨੂੰ ਵੀ ਚੋਰ ਗਰਦਾਨਿਆ ਜਾਂਦਾ ਹੈ ਕਿਉਂਕਿ-
ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ॥ (ਪੰਨਾ 472)
ਵੰਡ ਕੇ ਛਕਣਾ ਸਿੱਖ ਸਮਾਜ ਦਾ ਸੁਨਹਿਰੀ ਅਸੂਲ ਸਮਾਜ ਭਲਾਈ ਲਈ ਅਤਿ ਜ਼ਰੂਰੀ ਹੈ। ਇਸ ਨੂੰ ਦ੍ਰਿੜ੍ਹ ਕਰਵਾਉਣ ਲਈ ਹਰ ਗੁਰਦੁਆਰਾ ਸਾਹਿਬ ਨਾਲ ਲੰਗਰ ਦੀ ਪ੍ਰਥਾ ਚਲਾਈ ਗਈ ਹੈ।
ਲੰਗਰ, ਪੰਗਤ ਵਿਚ ਬੈਠ ਕੇ ਛਕਿਆ ਜਾਂਦਾ ਹੈ। ਪੰਗਤ ਸਭ ਲਈ ਸਾਂਝੀ ਹੈ ਭਾਵੇਂ ਵਿਅਕਤੀ ਕਿਸੇ ਵੀ ਜਾਤ ਦਾ ਹੋਵੇ, ਅਮੀਰ ਜਾਂ ਗਰੀਬ ਹੋਵੇ। ਸਮਾਜਿਕ ਬਰਾਬਰੀ, ਭਰਾਤਰੀ-ਭਾਵ ਅਤੇ ਮਿਲਵਰਤਣ ਦੀ ਭਾਵਨਾ ਇੱਕੋ ਪੰਗਤ ਵਿਚ ਬੈਠਣ ਨਾਲ ਪ੍ਰਫੁੱਲਤ ਹੁੰਦੀ ਹੈ। ਸਿੱਖ ਸੱਭਿਆਚਾਰ ਵਿਚ ਸਭ ਬਰਾਬਰ ਹਨ, ਇੱਕੋ ਪਿਤਾ ਪਰਮਾਤਮਾ ਦੇ ਬੱਚੇ ਹਨ ਅਤੇ ਕੋਈ ਉੱਚਾ-ਨੀਵਾਂ ਨਹੀਂ-
‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ’ (ਪੰਨਾ 1349-50)
ਅਤੇ
‘ਸਭ ਮਹਿ ਜੋਤਿ ਜੋਤਿ ਹੈ ਸੋਇ’ (ਪੰਨਾ 663)
ਗੁਰਬਾਣੀ ਅਨੁਸਾਰ ਮਨੁੱਖ ਜਿਹੋ-ਜਿਹੇ ਕੰਮ ਕਰਦਾ ਹੈ, ਉਹ ਹੀ ਉਸ ਦੀ ਜਾਤ ਜਾਂ ਪਤਿ ਹੈ। ਮਾੜੇ ਕੰਮ ਕਰਨ ਵਾਲਾ ਮਾੜਾ ਹੈ ਅਤੇ ਚੰਗਾ ਕੰਮ ਕਰਨ ਵਾਲਾ ਚੰਗਾ ਹੈ। ਜਨਮ ਕਰਕੇ ਕੋਈ ਮਨੁੱਖ ਉੱਤਮ ਜਾਂ ਨੀਚ ਨਹੀਂ।
ਸਾਰੀ ਖ਼ਲਕਤ ਰੱਬ ਦਾ ਰੂਪ ਹੈ। ਪਰਮਾਤਮਾ ਖਲਕਤ ਵਿਚ ਵੱਸਦਾ ਹੈ ਖਲਕਤ ਦਾ ਪਰਮਾਤਮਾ ਵਿਚ ਵਾਸਾ ਹੈ।
‘ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ’ (ਪੰਨਾ 1381)
ਖਲਕਤ ਦੀ ਸੇਵਾ ਹੀ ਖਾਲਕ ਦੀ ਸੇਵਾ ਹੈ। ਸਿੱਖ ਸੱਭਿਆਚਾਰ ਵਿਚ ਸੇਵਾ ਦਾ ਬਹੁਤ ਮਹੱਤਵ ਹੈ-
‘ਵਿਚਿ ਦੁਨੀਆ ਸੇਵ ਕਮਾਈਐ॥
ਤਾ ਦਰਗਹ ਬੈਸਣੁ ਪਾਈਐ॥’ (ਪੰਨਾ 26)
ਸਿੱਖ ਸੱਭਿਆਚਾਰ ਵਿਚ ਸੇਵਾ ਨੂੰ ਸਭ ਤੋਂ ਉੱਤਮ ਕਰਣੀ ਹੈ। ਇੱਥੇ ਤਾਂ ਗੁਰਗੱਦੀ ਦੇ ਅਧਿਕਾਰੀਆਂ ਦੀ ਚੋਣ ਵਾਸਤੇ ਪਰਖ ਵੀ ਸੇਵਾ ਰਾਹੀਂ ਹੀ ਕੀਤੀ ਗਈ ਸੀ।
ਸੇਵਕ ਨੂੰ ਸੇਵਾ ਕਰਨ ਲੱਗਿਆਂ ਕਿਸੇ ਪ੍ਰਕਾਰ ਦਾ ਵਿਤਕਰਾ ਨਹੀਂ ਕਰਨਾ ਚਾਹੀਦਾ। ਅਜਿਹਾ ਤਾਂ ਹੀ ਹੋ ਸਕਦਾ ਹੈ ਜੇ ਸੇਵਕ ਨੂੰ ਖਲਕਤ ਵਿੱਚੋਂ ਖਾਲਕ ਦੇ ਦਰਸ਼ਨ ਹੋਣ। ਭਾਈ ਘਨੱਈਆ ਜੀ ਦੀ ਉਦਾਹਰਣ ਸਾਡੇ ਸਾਹਮਣੇ ਹੈ। ਉਨ੍ਹਾਂ ਨੂੰ ਜੰਗ-ਏ-ਮੈਦਾਨ ਵਿਚ ਦੁਸ਼ਮਣ ਵਿੱਚੋਂ ਵੀ ਪਰਮਾਤਮਾ ਦੇ ਦਰਸ਼ਨ ਹੋ ਰਹੇ ਸਨ ਤਾਂ ਹੀ ਉਹ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਹੇ ਸਨ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਸ਼ਾਬਾਸ਼ ਅਤੇ ਅਸੀਸ ਦਿੱਤੀ। ਸੇਵਾ ਕਰਨ ਨਾਲ ਸੁਭਾਅ ਸੰਤੋਖੀ ਹੋ ਜਾਂਦਾ ਹੈ। ਦੁੱਖ-ਸੁਖ ਇਕ ਕਰਕੇ ਜਾਣਨਾ, ਸਬਰ ਰੱਖਣਾ, ਲਾਲਚ ਨਾ ਕਰਨਾ ਅਤੇ ਤ੍ਰਿਸ਼ਨਾ ਦਾ ਤਿਆਗ ਸੰਤੋਖੀ ਹੋਣ ਦੀਆਂ ਨਿਸ਼ਾਨੀਆਂ ਹਨ। ਸੰਤੋਖੀ ਬਿਰਤੀ ਨਾਲ ਹੀ ਸਮਾਜਿਕ ਬੁਰਾਈਆਂ ਦੂਰ ਹੋ ਸਕਦੀਆਂ ਹਨ:
ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ॥
ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ॥ (ਪੰਨਾ 1379)
ਬਾਣੀ ਦੇ ਅਸੂਲਾਂ ਉੱਤੇ ਉਸਾਰੇ ਸਿੱਖ ਸੱਭਿਆਚਾਰ ਵਿਚ ਖਾਣ-ਪੀਣ ਦੇ ਸਬੰਧ ਵਿਚ ਹਦਾਇਤਾਂ ਦਿੱਤੀਆਂ ਗਈਆਂ ਹਨ-
‘ਬਾਬਾ ਹੋਰੁ ਖਾਣਾ ਖੁਸੀ ਖੁਆਰੁ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥’ (ਪੰਨਾ 16)
ਭਾਵ ਅਜਿਹੀਆਂ ਚੀਜ਼ਾਂ ਦਾ ਸੇਵਨ ਕੀਤਾ ਜਾਵੇ, ਜਿਨ੍ਹਾਂ ਦੇ ਸੇਵਨ ਨਾਲ ਸਰੀਰ ਵਿਚ ਕੋਈ ਰੋਗ ਪੈਦਾ ਨਾ ਹੋਵੇ ਅਤੇ ਮਨ ਵਿਚ ਕੋਈ ਵਿਕਾਰ ਨਾ ਉਪਜੇ। ਇਹ ਭੁੱਲਣਾ ਨਹੀਂ ਚਾਹੀਦਾ ਕਿ ਨਸ਼ਿਆਂ ਦਾ ਸੇਵਨ ਸਰੀਰ ਅਤੇ ਮਨ ਦੋਹਾਂ ਨੂੰ ਰੋਗੀ ਕਰਦਾ ਹੈ। ਸਿੱਖ ਸੱਭਿਆਚਾਰ ਵਿਚ ਹਰ ਤਰ੍ਹਾਂ ਦੇ ਨਸ਼ਿਆਂ ਦੇ ਸੇਵਨ ਦੀ ਮਨਾਹੀ ਹੈ। ਬਾਣੀ ਵਿਚ ਸ੍ਰੀ ਗੁਰੂ ਅਮਰਦਾਸ ਜੀ ਨੇ ਸਪੱਸ਼ਟ ਲਫਜ਼ਾਂ ਵਿਚ ਸ਼ਰਾਬ ਪੀਣ ਤੋਂ ਵਰਜਦਿਆਂ ਇਸ ਤਰ੍ਹਾਂ ਸਿੱਖਿਆ ਦਿੱਤੀ ਹੈ-
‘ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥’ (ਪੰਨਾ 554)
ਅੰਨ ਦਾ ਤਿਆਗ ਕਰਨ ਦੀ ਬਾਣੀ ਵਿਚ ਪ੍ਰਵਾਨਗੀ ਨਹੀਂ। ਕਿਸੇ ਵੀ ਤਰ੍ਹਾਂ ਦੇ ਵਰਤ ਰੱਖਣ ਨੂੰ ਪਾਖੰਡ ਦੱਸਿਆ ਗਿਆ ਹੈ-
‘ਛੋਡਹਿ ਅੰਨੁ ਕਰਹਿ ਪਾਖੰਡ॥
ਨਾ ਸੋਹਾਗਨਿ ਨਾ ਓਹਿ ਰੰਡ॥’ (ਪੰਨਾ 873)
ਸਿੱਖ ਸੱਭਿਆਚਾਰ ਵਿਚ ਕਰਵਾ ਚੌਥ ਅਤੇ ਹੋਰ ਕਿਸੇ ਕਿਸਮ ਦੇ ਵਰਤ ਦੀ ਕੋਈ ਮਹਾਨਤਾ ਨਹੀਂ। ਖਾਣਾ-ਪੀਣਾ ਸੰਜਮ ਵਿਚ ਹੋਣਾ ਚਾਹੀਦਾ ਹੈ। ਮੋਟਾਪੇ ਤੋਂ ਬਚਣ ਦੀ ਪ੍ਰੇਰਨਾ ਦਿੱਤੀ ਗਈ ਹੈ-
‘ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ॥’ (ਪੰਨਾ 790)
ਹਰ ਰੋਜ਼ ਹੀ ਥੋੜ੍ਹਾ ਸੌਣਾ ਅਤੇ ਥੋੜ੍ਹਾ ਹੀ ਖਾਣਾ ਚਾਹੀਦਾ ਹੈ। ਕੋਈ ਦਿਨ ਚੰਗਾ ਮਾੜਾ ਨਹੀਂ। ਦਿਨਾਂ ਦਾ ਕੋਈ ਮਹੱਤਵ ਨਹੀਂ। ਸਿੱਖ ਸੱਭਿਆਚਾਰ ਵਿਚ ਦਿਨ ਉਹੀ ਚੰਗਾ ਹੈ ਜਿਸ ਦਿਨ ਕੰਮ ਚੰਗੇ ਕੀਤੇ ਜਾਣ। ਥਿਤੁ ਵਾਰ ਮਹੂਰਤ ਆਦਿ ਦਾ ਵਿਚਾਰ ਕਰਨਾ ਸਿੱਖ ਸੱਭਿਆਚਾਰ ਵਿਚ ਪ੍ਰਵਾਨ ਨਹੀਂ। ਅਜਿਹਾ ਕਰਨ ਵਾਲੇ ਨੂੰ ਬਾਣੀ ਮੂਰਖ ਦੱਸਦੀ ਹੈ-
‘ਥਿਤੀ ਵਾਰ ਸੇਵਹਿ ਮੁਗਧ ਗਵਾਰ॥’ (ਪੰਨਾ 843)
ਸਿੱਖ ਸੱਭਿਆਚਾਰ ਵਿਚ ਪਹਿਰਾਵੇ ਸਬੰਧੀ ਗੁਰਬਾਣੀ ਨੇ ਕਿਸੇ ਵੀ ਤਰ੍ਹਾਂ ਦੀ ਪੁਸ਼ਾਕ ਦੀ ਮਨਾਹੀ ਨਹੀਂ ਕੀਤੀ ਗਈ ਪਰ ਸ਼ਰਤ ਹੈ-
‘ਬਾਬਾ ਹੋਰੁ ਖਾਣਾ ਖੁਸੀ ਖੁਆਰੁ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥’ (ਪੰਨਾ 16)
ਪੌਸ਼ਾਕ ਸਰੀਰ ਲਈ ਸੁਖਦਾਈ ਹੋਵੇ ਅਤੇ ਮਨ ਨੂੰ ਵਿਕਾਰੀ ਨਾ ਬਣਾਵੇ। ਕਾਮ ਭੜਕਾਊ ਲਿਬਾਸ ਪਹਿਨਣਾ ਮਨ੍ਹਾ ਹੈ। ਪਹਿਰਾਵਾ ਚੁਸਤ ਹੋਵੇ ਪਰ ਦੇਖਣ ਵਾਲੇ ਨੂੰ ਬੁਰਾ ਨਾ ਲੱਗੇ। ਬਾਣੀ ਅਨੁਸਾਰ ਮਨੁੱਖ ਨੂੰ ਕੱਪੜਾ ਸਿਫਤ ਅਤੇ ਸ਼ਰਮ ਦਾ ਪਹਿਨਣਾ ਚਾਹੀਦਾ ਹੈ।
ਸਿੱਖ ਸੱਭਿਆਚਾਰ ਦਾ ਸ਼ਿੰਗਾਰ ਵੀ ਵਿਲੱਖਣ ਹੈ। ਇਥੇ ਸਤਿ, ਸੰਤੋਖ, ਦਇਆ ਅਤੇ ਧਰਮ ਦਾ ਸ਼ਿੰਗਾਰ ਪ੍ਰਵਾਨ ਹੈ। ਗਲੇ ਵਿਚ ਹਾਰ ਗੁਣਾਂ ਦਾ ਪਾਇਆ ਜਾਵੇ, ਸਭ ਲਈ ਪ੍ਰੇਮ ਭਾਵਨਾ ਰੱਖਣ ਨਾਲ ਮੂੰਹ ਉੱਤੇ ਜੋ ਰੰਗ ਚੜ੍ਹਦਾ ਹੈ, ਉਹ ਹੀ ਅਸਲੀ ਲਾਲੀ ਹੈ ਅਤੇ ਸੁੰਦਰਤਾ ਨੂੰ ਚਾਰ ਚੰਦ ਲਗਾਉਂਦੀ ਹੈ। ਹਰੀ ਦੇ ਨਾਮ ਦਾ ਕੰਗਣ, ਮਧਸੂਦਨ ਦੇ ਪ੍ਰੇਮ ਦੀ ਮੁੰਦਰੀ, ਪ੍ਰਮੇਸ਼ਵਰ ਭਗਤੀ ਦਾ ਰੇਸ਼ਮ ਅਤੇ ਅੱਖਾਂ ਨੂੰ ਸ਼ਿੰਗਾਰਨ ਲਈ ਉਸ ਦੇ ਨਾਮ ਦਾ ਸੁਰਮਾ ਪਾਇਆ ਜਾਵੇ। ਇਹ ਸ਼ਿੰਗਾਰ ਹੀ ਸਿੱਖ ਸੱਭਿਆਚਾਰ ਦਾ ਸ਼ਿੰਗਾਰ ਹੈ।
ਸਿੱਖ ਸੱਭਿਆਚਾਰ ਦੀ ਪਰਿਵਾਰਕ ਜ਼ਿੰਦਗੀ ਵਿਚ ਪੁੱਤਰ ਅਤੇ ਧੀ ਦਾ ਫ਼ਰਕ ਨਹੀਂ, ਨੂੰਹ-ਧੀ ਦਾ ਵਿਤਕਰਾ ਨਹੀਂ ਅਤੇ ਮਰਦ-ਇਸਤਰੀ ਵੀ ਬਰਾਬਰੀ ਦਾ ਦਰਜਾ ਰੱਖਦੇ ਹਨ। ਇਥੇ ਬਾਬਲ ਦੇ ਘਰ ਬੇਟੜੀ ਨੂੰ ਲਾਡ ਲਡਾਏ ਜਾਂਦੇ ਹਨ, ਨੂੰਹ ਇਕ ਸੁਚੱਜੀ ਨੂੰਹ ਹੈ ਜੋ ਦੇਵਰ ਤਾਂ ਕੀ ਜੇਠ ਨੂੰ ਵੀ ਮੱਤ ਦੇਣ ਦੀ ਹੱਕਦਾਰ ਹੈ ਅਤੇ ਮਾਤਾ ਧਰਤ ਮਹਤੁ ਹੈ। ਅਸੀਸ ਦੇਣ ਦਾ ਅਧਿਕਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਤਾ ਨੂੰ ਦਿੱਤਾ ਹੈ। ਇਸਤਰੀ ਨੂੰ ਨਿੰਦਣਾ ਜਾਂ ਦੁਰਕਾਰਨਾ ਇੱਥੇ ਪ੍ਰਵਾਨ ਨਹੀਂ। ਕੁੜੀਮਾਰ ਨਾਲ ਵਰਤਣਾ ਸਿੱਖ ਸੱਭਿਆਚਾਰ ਵਿਚ ਮਨ੍ਹਾ ਹੈ। ਪਤੀ-ਪਤਨੀ ਦੋ ਮੂਰਤੀਆਂ ਹੁੰਦੀਆਂ ਹੋਈਆਂ ਇੱਕ ਜੋਤ ਹਨ, ਨਰੜੇ ਹੋਏ ਵਿਅਕਤੀ ਨਹੀਂ। ਪੁੱਤਰ ਨੂੰ ਪਿਤਾ ਨਾਲ ਝਗੜਾ ਕਰਨ ਤੋਂ ਵੀ ਮਨ੍ਹਾ ਕੀਤਾ ਗਿਆ ਹੈ। ਇਨ੍ਹਾਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਨਾਲ ਪਰਵਾਰ ਸੁਖੀ ਵੱਸ ਸਕਦਾ ਹੈ। ਸੁਖੀ ਪਰਵਾਰ ਹੀ ਸਿਹਤਮੰਦ ਸਮਾਜ ਦੀ ਨੀਂਹ ਹੈ। ਵਿਆਹ ਨੂੰ ਇੱਥੇ ਅਨੰਦ ਕਾਰਜ ਕਿਹਾ ਗਿਆ ਹੈ ਕਿਉਂਕਿ ਪਰਵਾਰਿਕ ਜੀਵਨ ਨੂੰ ਅਨੰਦਮਈ ਬਣਾਉਣਾ ਹੈ। ਸਾਰੇ ਗੁਰੂ ਸਾਹਿਬਾਨ ਗ੍ਰਿਹਸਤੀ ਸਨ। ਤਿਆਗੀ ਬਣ ਕੇ ਮਨੁੱਖਤਾ ਦਾ ਕਲਿਆਣ ਨਹੀਂ ਹੋ ਸਕਦਾ।
ਸਿੱਖ ਸੱਭਿਆਚਾਰ ਵਿਚ ਰਾਜ-ਪ੍ਰਬੰਧ ਦੇ ਅਸੂਲਾਂ ਅਨੁਸਾਰ ਤਖ਼ਤ ਉੱਤੇ ਉਹ ਹੀ ਬੈਠਣ ਦਾ ਹੱਕਦਾਰ ਹੈ ਜੋ ਇਸ ਦੇ ਯੋਗ ਹੋਵੇ। ਗੁਣਾਂ ਦੇ ਆਧਾਰ ’ਤੇ ਹੀ ਮੌਕਾ ਮਿਲਣਾ ਚਾਹੀਦਾ ਹੈ। ਗੁਣਾਂ ਉੱਤੇ ਅਧਾਰਤ ਰਾਜ-ਪ੍ਰਬੰਧ ਵਿਚ ਹੀ ਸਾਰੇ ਸ਼ਹਿਰ ਅਤੇ ਪਿੰਡ ‘ਬੇਗਮ ਪੁਰਾ’ ਬਣ ਸਕਦੇ ਹਨ ਜਿੱਥੇ ਖੁਸ਼ੀਆਂ ਹੀ ਖੁਸ਼ੀਆਂ ਹੋਣ ਤੇ ਦੁੱਖ ਦਾ ਨਾਮ-ਨਿਸ਼ਾਨ ਨਾ ਹੋਵੇ। ਬਾਣੀ ਨੇ ਇਹ ਹੀ ਕਲਪਨਾ ਇਕ ਸੁਚੱਜੇ ਰਾਜ-ਪ੍ਰਬੰਧ ਦੀ ਕੀਤੀ ਹੈ।
ਸਿੱਖ ਸੱਭਿਆਚਾਰ ਵਿਚ ਨੈਤਿਕ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣਾ ਜ਼ਰੂਰੀ ਹੈ। ‘ਏਕਾ ਨਾਰੀ ਜਤੀ ਹੋਇ’ ਦਾ ਉਪਦੇਸ਼ ਦਿੱਤਾ ਗਿਆ ਹੈ। ਕਾਮ ਅਤੇ ਕ੍ਰੋਧ ਤੋਂ ਸੁਚੇਤ ਕੀਤਾ ਗਿਆ ਹੈ। ਇਨ੍ਹਾਂ ਆਦਰਸ਼ਾਂ ਉੱਤੇ ਅਮਲ ਕੀਤਾ ਜਾਵੇ ਤਾਂ ਸਮੁੱਚੇ ਸਮਾਜ ਵਿੱਚੋਂ ਏਡਜ਼ ਵਰਗੀਆਂ ਭਿਆਨਕ ਬੀਮਾਰੀਆਂ ਦਾ ਖ਼ਾਤਮਾ ਸਹਿਜੇ ਹੀ ਹੋ ਸਕਦਾ ਹੈ।
ਸਿੱਖ ਸੱਭਿਆਚਾਰ ਵਿਚ ਭਾਸ਼ਾ ਸਬੰਧੀ ਨਸੀਹਤ ਦਿੰਦਿਆਂ ਆਪਣੀ ਮਾਤ-ਭਾਸ਼ਾ ਨੂੰ ਸਿੱਖਣ ਉੱਤੇ ਜ਼ੋਰ ਦਿੱਤਾ ਗਿਆ ਹੈ। ਆਪਣੀ ਭਾਸ਼ਾ ਨੂੰ ਤਿਆਗ ਕੇ ਮਨੁੱਖ ਆਪਣੇ ਅਸਲੇ ਤੋਂ ਦੂਰ ਹੋ ਜਾਂਦਾ ਹੈ। ਹੌਲੀ-ਹੌਲੀ ਅਗਿਆਨਤਾ ਉਸ ਦੇ ਪੱਲੇ ਪੈ ਜਾਂਦੀ ਹੈ। ਇਸੇ ਕਰਕੇ ਗੁਰਬਾਣੀ ‘ਗੁਰਮੁਖੀ’ ਵਿਚ ਲਿਖੀ ਗਈ ਹੈ। ਭਾਸ਼ਾਵਾਂ ਸਾਰੀਆਂ ਸਿੱਖਣੀਆਂ ਚਾਹੀਦੀਆਂ ਹਨ ਪਰ ਮਾਤ-ਭਾਸ਼ਾ ਵਿਚ ਮੁਹਾਰਤ ਅਤੇ ਇਸ ਦੀ ਅਮਲੀ ਤੌਰ ’ਤੇ ਵਰਤੋਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ।
ਜ਼ਿੰਦਗੀ ਦੇ ਅੰਦਰਲੇ ਅਤੇ ਬਾਹਰਲੇ ਦੋਵੇਂ ਤਰ੍ਹਾਂ ਦੇ ਪੱਖਾਂ ਨੂੰ ਆਦਰਸ਼ਾਂ ਉੱਤੇ ਨਿਰਧਾਰਤ ਕਰ ਕੇ ਜੀਵਨ-ਜੁਗਤੀ ਨੂੰ ਸਿੱਖ ਸੱਭਿਆਚਾਰ ਵਿਚ ਨਿਯਮਬੱਧ ਕੀਤਾ ਗਿਆ ਹੈ। ਇਹ ਜੀਵਨ-ਜੁਗਤੀ ਇਸ ਸੱਭਿਆਚਾਰ ਨੂੰ ਦੂਜੇ ਸੱਭਿਆਚਾਰਾਂ ਨਾਲੋਂ ਨਿਖੇੜਦੀ ਹੈ। ਜੀਵਨ ਦੇ ਹਰ ਖੇਤਰ ਵਿਚ ਜਨਮ ਤੋਂ ਮੌਤ ਤਕ ਦੇ ਕੰਮਾਂ ਨੂੰ ਗੁਰਬਾਣੀ ਦੇ ਆਸ਼ੇ ਅਨੁਸਾਰ ਨਿਯਮਬੱਧ ਕਰ ਕੇ ਇਕ ਸਰਬੋਤਮ ਸਭਿਅਕ ਮਨੁੱਖ ਦੀ ਸਿਰਜਣਾ ਕੀਤੀ ਗਈ ਹੈ। ਮੂਲ ਰੂਪ ਵਿਚ ਅਸਭਿਅਕ ਮਨੁੱਖੀ ਵਿਹਾਰ ਨੂੰ ਅਨੁਸ਼ਾਸਨਬੱਧ ਕਰ ਕੇ ਸਮੁੱਚੇ ਸਮਾਜ ਦੇ ਕਲਿਆਣ ਵਾਸਤੇ ਨਿਰਧਾਰਤ ਕੀਤੀ ਗਈ ਜੀਵਨ-ਜਾਚ ਨੂੰ ‘ਸਿੱਖ ਰਹਿਤ ਮਰਯਾਦਾ’ ਨਾਮਕ ਕਿਤਾਬ ਵਿਚ ਅਗਵਾਈ ਕੀਤੀ ਗਈ ਹੈ। ਇਹ ਮਰਯਾਦਾ ਸਿੱਖਾਂ ਦੇ ਸ਼ਖ਼ਸੀ ਅਤੇ ਪੰਥਕ ਜਾਂ ਸਮਾਜਿਕ ਰਹਿਣੀ-ਬਹਿਣੀ ਦੀ ਰਹਿਨੁਮਾਈ ਕਰਦੀ ਹੈ। ਸਿਮਰਨ, ਕੀਰਤਨ, ਸਤਿਸੰਗਤ ਨੂੰ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਇਆ ਗਿਆ ਹੈ। ਜਨਮ ਸਮੇਂ, ਬੱਚੇ ਦਾ ਨਾਮ ਰੱਖਣ ਸਮੇਂ, ਅਨੰਦ ਕਾਰਜ ਸਮੇਂ ਅਤੇ ਮੌਤ ਦੇ ਮੌਕੇ ਸਿੱਖ ਨੇ ਕੀ ਕਰਨਾ ਹੈ ਇਸ ਬਾਰੇ ਵੀ ਗੁਰਬਾਣੀ ਅਨੁਸਾਰ ਆਦਰਸ਼ ਅਗਵਾਈ ਦਿੱਤੀ ਗਈ ਹੈ। ਇਹ ਕਾਰਜ ਸਾਡੇ ਸੰਸਕਾਰਾਂ ਦੀ ਦੇਣ ਹਨ। ਇਨ੍ਹਾਂ ਦਾ ਅਸਰ ਸਾਡੇ ਚਿਤ ਉੱਤੇ ਪੱਕੇ ਤੌਰ ’ਤੇ ਬਣ ਜਾਂਦਾ ਹੈ। ਅੰਮ੍ਰਿਤ ਛਕਣ ਸਮੇਂ ਪਹਿਨੇ ਧਾਰਮਿਕ ਚਿੰਨ੍ਹ ਵੀ ਸਾਡੇ ਸੰਸਕਾਰਾਂ ਦਾ ਵਧੀਆ ਨਮੂਨਾ ਹਨ। ਇਨ੍ਹਾਂ ਚਿੰਨ੍ਹਾਂ ਨਾਲ ਸਾਡੇ ਚਿਤ ਉੱਤੇ ਦੇਸ਼ ਅਤੇ ਕੌਮ ਦੀ ਰੱਖਿਆ ਦੇ ਪਵਿੱਤਰ ਵਿਚਾਰ ਉੱਕਰੇ ਜਾਂਦੇ ਹਨ। ਪੰਥਕ ਜਾਂ ਸਮਾਜਿਕ ਰਹਿਣੀ-ਬਹਿਣੀ ਵਿਚ ਫੈਸਲੇ ਸਮੂਹਿਕ ਤੌਰ ’ਤੇ ਲਏ ਜਾਂਦੇ ਹਨ ਅਤੇ ਸਾਨੂੰ ਸੱਭਿਅਕ ਬਣਾ ਕੇ ਸਾਡੀ ਸੰਸਕ੍ਰਿਤੀ ਨੂੰ ਕਾਇਮ ਰੱਖਣ ਵਿਚ ਬਹੁਤ ਸਹਾਇਕ ਹਨ। ਸਿੱਖ ਸੱਭਿਆਚਾਰ ਨੇ ਪੰਜਾਬੀਅਤ ਦੇ ਸੱਭਿਆਚਾਰ ਨੂੰ ਸੱਭਿਅਤਾ ਦੇ ਸਿਖਰ ਉੱਤੇ ਪਹੁੰਚਾਇਆ ਹੈ। ਇਹ ਸਿਰਫ਼ ਰੂਹਾਨੀ ਤ੍ਰਿਪਤੀ ਦਾ ਸੋਮਾ ਹੀ ਨਹੀਂ ਬਲਕਿ ਸਾਰੇ ਜਨ-ਸਮੂਹ ਦੀ ਆਮ ਜ਼ਿੰਦਗੀ ਲਈ ਵੀ ਬਹੁਤ ਸੁਖਦਾਈ ਹੈ।
ਲੇਖਕ ਬਾਰੇ
ਡਾ ਦਰਸ਼ਨਜੋਤ ਕੌਰ, ਦਰਸ਼ਨਜੋਤ ਮੈਡੀਕਲ ਐਂਡ ਹੈਲਥ ਸੈਂਟਰ, ਸੈਕਟਰ 64, ਮੁਹਾਲੀ ਵਿੱਚ ਗਾਇਨੋਕੋਲੋਜਿਸਟ ਹਨ ਅਤੇ ਇਸ ਖੇਤਰ ਵਿੱਚ 43 ਸਾਲ ਦਾ ਤਜਰਬਾ ਹੈ। ਉਨ੍ਹਾਂ ਨੇ 1983 ਵਿੱਚ ਸਰਕਾਰੀ ਮੈਡੀਕਲ ਕਾਲਜ ਅਤੇ ਰਜਿੰਦਰਾ ਹਸਪਤਾਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐਮਡੀ - ਪ੍ਰਸੂਤੀ ਅਤੇ ਗਾਇਨੀਕੋਲੋਜੀ ਅਤੇ 1976 ਵਿੱਚ ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐਮਬੀਬੀਐਸ ਪੂਰਾ ਕੀਤਾ। ਉਹ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਅਤੇ ਮੈਡੀਕਲ ਕੌਂਸਲ ਆਫ ਇੰਡੀਆ (ਐਮਸੀਆਈ) ਦੀ ਮੈਂਬਰ ਹਨ। ਡਾਕਟਰ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਕੁਝ ਸੇਵਾਵਾਂ ਬਾਂਝਪਣ ਮੁਲਾਂਕਣ/ਇਲਾਜ, ਡਿਸਮੇਨੋਰੀਆ ਇਲਾਜ, ਸਰਵਾਈਕਲ ਸਰਕਲੇਵ, ਗਰਭਅਵਸਥਾ ਵਿੱਚ ਬਿਮਾਰੀਆਂ ਅਤੇ ਵੈੱਲ ਵੂਮੈਨ ਹੈਲਥਚੈੱਕ ਆਦਿ ਹਨ।
- ਡਾ. ਦਰਸ਼ਨਜੋਤ ਕੌਰhttps://sikharchives.org/kosh/author/%e0%a8%a1%e0%a8%be-%e0%a8%a6%e0%a8%b0%e0%a8%b6%e0%a8%a8%e0%a8%9c%e0%a9%8b%e0%a8%a4-%e0%a8%95%e0%a9%8c%e0%a8%b0/May 1, 2010