editor@sikharchives.org

ਗੁਰਦੁਆਰਾ ਗਿਆਨ ਗੋਦੜੀ, ਹਰਿਦੁਆਰ

‘ਗਿਆਨ ਗੋਦੜੀ’ ਨਾਮ ਦਾ ਇਤਿਹਾਸਕ ਗੁਰਦੁਆਰਾ ਗੰਗਾ ਕਿਨਾਰੇ ਹਰਿ ਕੀ ਪਉੜੀ ਦੇ ਪਾਸ ਹੁੰਦਾ ਸੀ ਜੋ 1979 ਈ. ਵਿਚ ਗੰਗਾ ਕਿਨਾਰੇ ਦੀ ਵਿਕਾਸ-ਸਕੀਮ ਅਧੀਨ ਢਾਹਿਆ ਜਾ ਚੁੱਕਾ ਹੈ ਅਤੇ ਇਸ ਇਤਿਹਾਸਕ ਅਸਥਾਨ ਨੂੰ ਦੁਬਾਰਾ ਬਣਾਏ ਜਾਣ ਲਈ ਸਿੱਖ ਉਸ ਸਮੇਂ ਤੋਂ ਅੱਜ ਤੀਕ ਚਿੱਠੀ-ਪੱਤਰ ਅਤੇ ਗੱਲਬਾਤ ਦੇ ਰੂਪ ਵਿਚ ਸੰਘਰਸ਼ ਕਰਦੇ ਆ ਰਹੇ ਹਨ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਸਮੇਂ ਕੁਰੂਕਸ਼ੇਤਰ ਤੋਂ ਅੱਗੇ ਪ੍ਰਸਿੱਧ ਇਤਿਹਾਸਕ ਸਥਾਨ ਹਰਿਦੁਆਰ ਗਏ। ਸੂਰਜ ਗ੍ਰਹਿਣ ਦੇ ਮੌਕੇ ਉਹ ਕੁਰੂਕਸ਼ੇਤਰ ਸਨ ਅਤੇ ਜਦ ਹਰਿਦੁਆਰ ਪੁੱਜੇ ਤਾਂ ਉਥੇ ਵਾਪਰੀ ਘਟਨਾ ਦਾ ਸੰਬੰਧ ਵਿਸਾਖੀ ਨਾਲ ਹੈ। ਵਿਸਾਖੀ ਵਾਲੇ ਦਿਨ ਪਾਂਡੇ ਅਤੇ ਉਸ ਸਮੇਂ ਦੇ ਰਾਜੇ ਆਪਣੇ ਪਿੱਤਰਾਂ ਨੂੰ ਤ੍ਰਿਪਤ ਕਰਨ ਲਈ ਪੂਰਬ ਦਿਸ਼ਾ ਵਿਚ ਸੂਰਜ ਵੱਲ ਪਾਣੀ ਝੱਟ ਰਹੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਗੰਗਾ ਵੱਲ ਉਸ ਅਸਥਾਨ ’ਪੁਰ ਪੁੱਜ ਗਏ ਅਤੇ ਆਪ ਜੀ ਨੇ ਉਨ੍ਹਾਂ ਲੋਕਾਂ ਵਾਂਗ ਹੀ ਗੰਗਾ ਵਿਚ ਖੜ੍ਹ ਕੇ ਉਨ੍ਹਾਂ ਤੋਂ ਉਲਟ ਦਿਸ਼ਾ ਪੱਛਮ ਵੱਲ ਪਾਣੀ ਝੱਟਣਾ ਸ਼ੁਰੂ ਕਰ ਦਿੱਤਾ। ਹੈਰਾਨ ਹੋਈ ਭੀੜ ਅਜਿਹਾ ਕੀਤੇ ਜਾਣ ਦਾ ਕਾਰਨ ਜਾਣਨ ਲਈ ਗੁਰੂ ਜੀ ਵੱਲ ਪਲਟ ਪਈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਂਡਿਆਂ ਪਾਸੋਂ ਉਨ੍ਹਾਂ ਦੇ ਪੂਰਬ ਦਿਸ਼ਾ ਵਿਚ ਸੂਰਜ ਵੱਲ ਪਾਣੀ ਝੱਟਣ ਦਾ ਮਤਲਬ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਪਿੱਤਰ-ਲੋਕ ਵਿਚ ਆਪਣੇ ਪਿੱਤਰਾਂ ਨੂੰ ਜਲ ਪਹੁੰਚਾਉਣ ਦੀ ਇਹ ਇਕ ਰਸਮ ਹੈ। ਇਸ ਉਪਰੰਤ ਗੁਰੂ ਜੀ ਨੇ ਪਾਂਡਿਆਂ ਅਤੇ ਹਾਜ਼ਰ ਲੋਕਾਂ ਨੂੰ ਸਮਝਾਇਆ ਕਿ ਪ੍ਰਾਣੀ ਜੋ ਸੰਸਾਰ ਵਿਚ ਜੀਵਨ ਸਮੇਂ ਕਰਮ ਕਰਦਾ ਹੈ, ਉਹ ਉਹੀ ਰਾਸ-ਪੂੰਜੀ ਕਰਮ-ਫਲ ਦੇ ਰੂਪ ਵਿਚ ਨਾਲ ਲਿਜਾਂਦਾ ਹੈ, ਪਿੱਛੋਂ ਉਸ ਨੂੰ ਕੁਝ ਵੀ ਨਹੀਂ ਭੇਜਿਆ ਜਾ ਸਕਦਾ। ਸੋ ਇਹ ਹੈ ਉਸ ਸਾਖੀ ਦਾ ਤੱਤਸਾਰ; ਜੋ ਗੁਰੂ ਨਾਨਕ ਦੇਵ ਜੀ ਦੀ ਹਰਿਦੁਆਰ ਫੇਰੀ ਦੌਰਾਨ ਵਾਪਰੀ ਗੰਗਾ ਕਿਨਾਰੇ ਹਰਿ ਕੀ ਪਉੜੀ ਸਥਾਨ ਨਾਲ ਸੰਬੰਧਿਤ ਹੈ। ਇਸ ਗਿਆਨ ਗੋਸ਼ਟ ਵਾਲੇ ਅਸਥਾਨ ਦਾ ਨਾਮ ‘ਗਿਆਨ ਗੋਦੜੀ’ ਦੇ ਨਾਮ ਨਾਲ ਪ੍ਰਸਿੱਧ ਹੈ।

ਗੁਰਦੁਆਰਾ ਗਿਆਨ ਗੋਦੜੀ, ਹਰਿਦੁਆਰ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹਰਿਦੁਆਰ ਫੇਰੀ ਨਾਲ ਸੰਬੰਧਿਤ ਦੋ ਅਸਥਾਨ ਹਨ-ਇਕ ਗੁਰੂ ਨਾਨਕ ਵਾੜਾ, ਜਿਸ ਥਾਂ ਗੁਰੂ ਜੀ ਨੇ ਹਰਿਦੁਆਰ ਪੁੱਜ ਕੇ ਠਹਿਰਾਉ ਕੀਤਾ ਅਤੇ ਦੂਸਰਾ ‘ਗਿਆਨ ਗੋਦੜੀ’ ਜਿਸ ਅਸਥਾਨ ’ਤੇ ਗੰਗਾ ਵਿਚ ਖੜ੍ਹ ਕੇ ਪਾਂਡਿਆਂ ਨੂੰ ਸੁਚੱਜੀ ਜੀਵਨ-ਜਾਚ ਅਪਣਾ ਕੇ ਆਪਣੇ ਜੀਵਨ ਸਮੇਂ ਹੀ ਚੰਗੇ ਕਰਮ ਕਰਨ ਦਾ ਉਪਦੇਸ਼ ਦਿੱਤਾ ਅਤੇ ਫੋਕਟ ਕਰਮ-ਕਾਂਡਾਂ ਵਿਚ ਅਜਾਈਂ ਸਮਾਂ ਗੁਆਉਣ ਤੋਂ ਪ੍ਰਹੇਜ਼ ਕਰਨ ਦੀ ਪ੍ਰੇਰਨਾ ਕੀਤੀ।

ਗੁਰੂ ਨਾਨਕ ਵਾੜਾ ਨਾਮ ਦੇ ਅਸਥਾਨ ’ਪੁਰ ਉਦਾਸੀ ਸੰਪਰਦਾ ਦਾ ਪ੍ਰਾਚੀਨ ਸਮੇਂ ਤੋਂ ਹੀ ਡੇਰਾ ਹੈ। ਡੇਰੇ ਦੇ ਆਸ-ਪਾਸ ਦੀਆਂ ਦੁਕਾਨਾਂ ਕਿਰਾਏਦਾਰਾਂ ਪਾਸ ਕਿਰਾਏ ’ਪੁਰ ਹਨ।

‘ਗਿਆਨ ਗੋਦੜੀ’ ਨਾਮ ਦਾ ਇਤਿਹਾਸਕ ਗੁਰਦੁਆਰਾ ਗੰਗਾ ਕਿਨਾਰੇ ਹਰਿ ਕੀ ਪਉੜੀ ਦੇ ਪਾਸ ਹੁੰਦਾ ਸੀ ਜੋ 1979 ਈ. ਵਿਚ ਗੰਗਾ ਕਿਨਾਰੇ ਦੀ ਵਿਕਾਸ-ਸਕੀਮ ਅਧੀਨ ਢਾਹਿਆ ਜਾ ਚੁੱਕਾ ਹੈ ਅਤੇ ਇਸ ਇਤਿਹਾਸਕ ਅਸਥਾਨ ਨੂੰ ਦੁਬਾਰਾ ਬਣਾਏ ਜਾਣ ਲਈ ਸਿੱਖ ਉਸ ਸਮੇਂ ਤੋਂ ਅੱਜ ਤੀਕ ਚਿੱਠੀ-ਪੱਤਰ ਅਤੇ ਗੱਲਬਾਤ ਦੇ ਰੂਪ ਵਿਚ ਸੰਘਰਸ਼ ਕਰਦੇ ਆ ਰਹੇ ਹਨ।

ਗੰਗਾ ਕਿਨਾਰੇ ਹਰਿ ਕੀ ਪਉੜੀ ਅਸਥਾਨ ਦੀ ਵਿਕਾਸ-ਸਕੀਮ ਬਣਾਉਣ ਦੀ ਜ਼ਰੂਰਤ ਕਿਉਂ ਪਈ? ਇਸ ਸੰਬੰਧੀ ਜਾਣਕਾਰੀ ਮਿਲਦੀ ਹੈ ਕਿ ਇਸ ਅਸਥਾਨ ’ਪੁਰ ਕੁੰਭ ਮੇਲੇ ਸਮੇਂ ਜ਼ਿਆਦਾ ਭੀੜ ਹੋ ਗਈ ਅਤੇ ਦੁਰਘਟਨਾ ਵਾਪਰਨ ਕਾਰਨ ਵੀਹ-ਇੱਕੀ ਯਾਤਰੂਆਂ ਦੀ ਮੌਤ ਹੋ ਗਈ। ਦੁਬਾਰਾ ਐਸੀ ਘਟਨਾ ਵਾਪਰਨੋਂ ਰੋਕਣ ਲਈ ‘ਵਿਕਾਸ-ਸਕੀਮ’ ਅਧੀਨ ਹਰਿ ਕੀ ਪਉੜੀ ਦੇ ਨਜ਼ਦੀਕ ਦੀ ਮਾਰਕੀਟ ਅਤੇ ਗੁਰਦੁਆਰਾ ਗਿਆਨ ਗੋਦੜੀ ਢਾਹ ਦਿੱਤੇ ਗਏ। ਕਿਸੇ ਦਾ ਵਿਕਾਸ-ਕਿਸੇ ਦਾ ਵਿਨਾਸ਼-ਕਉਣ ਜਾਣੇ ਪੀਰ ਪਰਾਈ? ਗਜ਼ਬ ਦੀ ਬਾਤ ਇਹ ਕਿ ਜਿਨ੍ਹਾਂ ਦੀਆਂ ਦੁਕਾਨਾਂ ਢਾਹੀਆਂ ਸਨ ਜਾਂ ਜੋ ਕਿਰਾਏਦਾਰ ਸਨ ਸਭ ਨੂੰ ਮੁਆਵਜ਼ੇ ਦੇ ਕੇ ਪਿੱਛੇ ਮਾਰਕੀਟ ਬਣਾ ਕੇ ਦੁਕਾਨਾਂ ਦੀ ਅਲਾਟਮੈਂਟ ਕਰ ਦਿੱਤੀ ਗਈ। ਪਰ ਗੁਰਦੁਆਰਾ ਗਿਆਨ ਗੋਦੜੀ ਲਈ ਪਿੱਛੇ ਹਟ ਕੇ ਵੀ ਕੋਈ ਅਲਾਟਮੈਂਟ ਨਾ ਹੋਈ। ਇਸ ਅਸਥਾਨ ਦੀ ਮਹੰਤ ਮਾਤਾ ਰਾਮ ਪਿਆਰੀ ਦਾ ਕਿਸੇ ਡੂੰਘੀ ਸਾਜ਼ਸ਼ ਤਹਿਤ ਕਤਲ ਕਰ ਦਿੱਤਾ ਗਿਆ ਦੱਸਿਆ ਜਾਂਦਾ ਹੈ। ਕਤਲ ਦਾ ਕੇਸ ਇਕ ਬਲਵੰਤ ਸਿੰਘ ਨਾਮੀ ਵਿਅਕਤੀ ’ਪੁਰ ਚੱਲਿਆ ਜੋ ਪਹਿਲਾਂ ਮਾਤਾ ਰਾਮ ਪਿਆਰੀ ਨਾਲ ਗੁਰਦੁਆਰਾ ਗਿਆਨ ਗੋਦੜੀ ਦੇ ਪ੍ਰਬੰਧ ਵਿਚ ਦਾਨ-ਦੱਛਣਾ ਇਕੱਠੀ ਕਰਨ ਵਿਚ ਸਹਾਇਤਾ ਕਰਿਆ ਕਰਦਾ ਸੀ ਪਰ ਬਾਅਦ ਵਿਚ ਇਸ ਅਸਥਾਨ ਤੋਂ ਵੱਖ ਹੋ ਕੇ ਗਊ-ਘਾਟ ਵਾਲੀ ਦਿਸ਼ਾ ਵੱਲ ‘ਗੁਰੂ ਨਾਨਕ ਲੰਗਰ’ ਦਾ ਬੋਰਡ ਲਗਾ ਕੇ ਅਤੇ ਗੁਰਦੁਆਰਾ ਗਿਆਨ ਗੋਦੜੀ ਦਾ ਭੁਲੇਖਾ ਪਾ ਕੇ ਕਥਿਤ ਤੌਰ ਤੇ ਲੋਕਾਂ ਨੂੰ ਗੁੰਮਰਾਹ ਕਰਨ ਲੱਗ ਪਿਆ।

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਨਾਲ ਸੰਬੰਧਿਤ ਹਰਿਦੁਆਰ ਵਾਲੀ ਸਾਖੀ ਦਾ ਸਿੱਖ-ਚੇਤਨਾ ਵਿਚ ਡੂੰਘਾ ਪ੍ਰਭਾਵ ਹੈ। ਇਹ ਸਾਖੀ ਪੰਜਾਬ ਦੇ ਸਕੂਲਾਂ ਵਿਚ ਪੜ੍ਹ ਰਹੇ ਬੱਚਿਆਂ ਦੀਆਂ ਪਾਠ-ਪੁਸਤਕਾਂ ਵਿਚ ਸ਼ਾਮਲ ਰਹੀ ਹੈ। ਦੇਸ਼-ਵਿਦੇਸ਼ ਦੇ ਕਿਸੇ ਵੀ ਕੋਨੇ ਤੋਂ ਅਤੇ ਵਿਸ਼ੇਸ਼ ਤੌਰ ’ਤੇ ਪੰਜਾਬ ਤੋਂ ਸਿੱਖ ਜਦ ਹਰਿਦੁਆਰ ਪੁੱਜਦੇ ਤਾਂ ਉਨ੍ਹਾਂ ਦੇ ਮਨਾਂ ਵਿਚ ਗੁਰਦੁਆਰਾ ਗਿਆਨ ਗੋਦੜੀ ਵਾਲੇ ਅਸਥਾਨ ਦੇ ਦਰਸ਼ਨ ਕਰਨ ਦੀ ਪ੍ਰਬਲ ਭਾਵਨਾ ਹੋਣ ਕਾਰਨ ਇਸ ਅਸਥਾਨ ਦੇ ਢਾਹੇ ਜਾਣ ਦੇ ਸਮੇਂ ਤੋਂ ਹੀ ਚਰਚਾ ਹੋਣੀ ਅਰੰਭ ਹੋ ਗਈ ਸੀ। ਪਰੰਤੂ 1984 ਦਾ ਘੱਲੂਘਾਰਾ ਵਾਪਰਨ ਕਾਰਨ ਕੁਝ ਸਮਾਂ ਇਸ ਕਾਰਜ ਵਿਚ ਢਲਿਆਈ ਆ ਗਈ। ਜਦ ਸਿੱਖ ਕੌਮ 1984 ਦੇ ਘੱਲੂਘਾਰੇ ਦੇ ਭਾਰੀ ਸਦਮੇ ਤੋਂ ਉਭਰੀ ਤਾਂ ਗੁਰਦੁਆਰਾ ਗਿਆਨ ਗੋਦੜੀ ਦੀ ਸਥਾਪਨਾ ਦੀ ਮੰਗ ਨੇ ਫਿਰ ਜ਼ੋਰ ਫੜਿਆ ਅਤੇ ਇਸ ਕਾਰਜ ਲਈ ਹਰਿਦੁਆਰ ਵਿਖੇ ਹੀ ਇਕ ਗੁਰਦੁਆਰਾ ਗਿਆਨ ਗੋਦੜੀ ਪ੍ਰਬੰਧਕ ਕਮੇਟੀ ਬਣੀ। ਇਸ ਕਮੇਟੀ ਨੇ ਬਾਕਾਇਦਾ ਸਰਕਾਰਾਂ, ਸੰਬੰਧਿਤ ਅਦਾਰਿਆਂ ਅਤੇ ਘੱਟ-ਗਿਣਤੀ ਕਮਿਸ਼ਨਾਂ ਨਾਲ ਲਿਖਾ-ਪੜ੍ਹੀ ਕੀਤੀ। ਲੰਬੀ ਜਦੋ-ਜਹਿਦ ਤੋਂ ਬਾਅਦ 2003 ਵਿਚ ਉਤਰਾਖੰਡ ਸਰਕਾਰ ਨੇ ਹਰਿ ਕੀ ਪਉੜੀ ਤੋਂ ਦੋ ਕਿਲੋਮੀਟਰ ਦੂਰ ਇਕ ਨਹਿਰ ਦੇ ਕੰਢੇ ਗੁਰਦੁਆਰਾ ਗਿਆਨ ਗੋਦੜੀ ਬਣਾਉਣ ਲਈ ਜਗ੍ਹਾ ਅਲਾਟ ਕਰ ਦਿੱਤੀ। ਨੋਟ ਕਰਨ ਵਾਲੀ ਇਹ ਗੱਲ ਹੈ ਕਿ ਇਹ ਜਗ੍ਹਾ ਪਹਿਲਾਂ ਦੀ ਤਰ੍ਹਾਂ ਹਰਿ ਕੀ ਪਉੜੀ ਦੇ ਪਾਸ ਨਹੀਂ ਸੀ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਂਡਿਆਂ ਨਾਲ ਗੋਸ਼ਟ ਹੋਈ ਸੀ। ਦੂਸਰਾ, ਇਹ ਅਲਾਟ ਹੋਈ ਜਗ੍ਹਾ ਨਹਿਰੀ ਵਿਭਾਗ ਦੀ ਸੀ ਜੋ ਕਿ ਉੱਤਰ ਪ੍ਰਦੇਸ਼ ਸਰਕਾਰ ਅਧੀਨ ਸੀ ਅਤੇ ਉਤਰਾਖੰਡ ਸਰਕਾਰ ਪਾਸ ਇਸ ਜ਼ਮੀਨ ਦੀ ਅਲਾਟਮੈਂਟ ਦਾ ਕੋਈ ਅਧਿਕਾਰ ਹੀ ਨਹੀਂ ਸੀ। ਸੋ ਇਸ ਤਰ੍ਹਾਂ ਗੁਰਦੁਆਰਾ ਗਿਆਨ ਗੋਦੜੀ ਕਮੇਟੀ ਦੇ ਨਾਮ ਅਲਾਟ ਹੋਈ ਇਸ ਜਗ੍ਹਾ ਦਾ ਕਬਜ਼ਾ ਅਨੇਕਾਂ ਜਤਨਾਂ ਦੇ ਬਾਵਜੂਦ ਵੀ ਅੱਜ ਤਕ ਨਹੀਂ ਮਿਲਿਆ ਅਤੇ ਇਹ ਅਤਿ ਮਹੱਤਵਪੂਰਨ ਮਸਲਾ ਬਹੁਤ ਹੀ ਸੰਵੇਦਨਸ਼ੀਲ ਬਣ ਚੁੱਕਾ ਹੈ। ਜ਼ਿੰਮੇਦਾਰ ਸੰਸਥਾਵਾਂ ਅਤੇ ਗੁਰਦੁਆਰਾ ਗਿਆਨ ਗੋਦੜੀ ਦੀ ਪ੍ਰਬੰਧਕ ਕਮੇਟੀ ਤੋਂ ਅੱਗੇ ਹੁਣ ਇਹ ਮਸਲਾ ਪੰਜਾਬ, ਦਿੱਲੀ ਅਤੇ ਜਿੱਥੇ- ਜਿੱਥੇ ਵੀ ਸਿੱਖ ਹਨ, ਉੱਥੇ-ਉੱਥੇ ਵਿਸ਼ੇਸ਼ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਧਰੇ ਇਸ ਮਸਲੇ ਦਾ ਮੁਕਾਬਲਾ ਅਯੁੱਧਿਆ ਮੰਦਰ-ਮਸਜਿਦ ਵਾਲੇ ਮਸਲੇ ਨਾਲ ਹੋਣ ਲੱਗਾ ਹੈ ਅਤੇ ਕਿਧਰੇ ਇਸ ਨੂੰ 1984 ਈ: ਦੇ ਘੱਲੂਘਾਰੇ ਦੌਰਾਨ ਵਾਪਰੀਆਂ ਦੁਖਦਾਈ ਘਟਨਾਵਾਂ ਨਾਲ ਜੋੜਿਆ ਜਾ ਰਿਹਾ ਹੈ। ਸੋ ਉਤਰਾਖੰਡ ਸਰਕਾਰ ਨੂੰ ਚਾਹੀਦਾ ਹੈ ਕਿ ਵੋਟਾਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਇਸ ਠੰਡੇ ਬਸਤੇ ਵਿਚ ਪਏ ਮਸਲੇ ਦਾ ਹੱਲ ਫੌਰੀ ਤੌਰ ’ਪੁਰ ਕਰੇ। ਹਰਿ ਕੀ ਪਉੜੀ ਦੇ ਪਾਸ ਪਹਿਲਾਂ ਦੀ ਤਰ੍ਹਾਂ ਓਨੇ ਕੁ ਅਸਥਾਨ ਵਿਚ ਗੁਰਦੁਆਰਾ ਬਣ ਸਕਦਾ ਹੈ-ਬੇਸ਼ੱਕ ਛੋਟਾ ਹੀ ਹੋਵੇ ਇਹ ਯਾਦਗਾਰ ਦੇ ਰੂਪ ਵਿਚ ਉੱਥੇ ਹੀ ਬਣਨਾ ਚਾਹੀਦਾ ਹੈ। ਪੁਰਾਤਨ ਇਤਿਹਾਸ ਦੀ ਕਦਰਦਾਨੀ, ਮਰਯਾਦਾ ਅਤੇ ਸਿੱਖੀ ਜਜ਼ਬਾਤ ਇਹੀ ਮੰਗ ਕਰਦੇ ਹਨ। ਇਸ ਤੋਂ ਇਲਾਵਾ ਜੋ ਜਗ੍ਹਾ ਅਲਾਟ ਕੀਤੀ ਗਈ ਹੈ; ਉਸ ਦਾ ਕਬਜ਼ਾ ਤੁਰੰਤ ਦੁਆਇਆ ਜਾਣਾ ਚਾਹੀਦਾ ਹੈ ਤਾਂ ਜੋ ਉਸ ਅਸਥਾਨ ’ਪੁਰ ਗੁਰਦੁਆਰਾ ਸਾਹਿਬ ਅਤੇ ਸ਼ਰਧਾਲੂਆਂ ਦੇ ਠਹਿਰਨ ਲਈ ਸਰਾਵਾਂ, ਲੰਗਰ ਅਸਥਾਨ ਆਦਿ ਬਣ ਸਕਣ। ਇਸ ਨਾਲ ਸਿੱਖ ਹਿਰਦੇ ਸ਼ਾਂਤ ਹੋਣਗੇ ਅਤੇ ਕੌਮਾਂ ਦਾ ਆਪਸੀ ਪਿਆਰ ਤੇ ਭਾਈਚਾਰਾ ਪ੍ਰਫੁਲਤ ਹੋਵੇਗਾ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Waryam Singh
ਸਕੱਤਰ, ਧਰਮ ਪ੍ਰਚਾਰ ਕਮੇਟੀ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)