ਸੇਵਾ ਤੇ ਸਿਮਰਨ ਸਿੱਖ ਧਰਮ ਦੇ ਦੋ ਵੱਡੇ ਥੰਮ੍ਹ ਹਨ। ਭਾਵੇਂ ਆਮ ਕਰਕੇ ਅਸੀਂ ਸਾਧਾਰਨ ਦ੍ਰਿਸ਼ਟੀ ਨਾਲ ਇਸ ਨੂੰ ਸੀਮਤ ਕਰ ਕੇ ਨਿਰੋਲ ਹੱਥਾਂ ਨਾਲ ਕੀਤੇ ਕੰਮ ਨੂੰ ਹੀ ਸੇਵਾ ਗਿਣਦੇ ਹਾਂ, ਪਰੰਤੂ ਸਿੱਖ ਧਰਮ ਵਿਚ ਸੇਵਾ ਦਾ ਸੰਕਲਪ ਵਿਸ਼ਾਲ ਹੈ। ਗੁਰਮਤਿ ਅਨੁਸਾਰ ਅਸੀਂ ਸੇਵਾ ਨੂੰ ਗੁਰੂ, ਮਾਨਵ, ਧਰਮ ਅਤੇ ਸਮਾਜ ਆਦਿ ਵੱਖ- ਵੱਖ ਨੁਕਤਿਆਂ ਤੋਂ ਵੇਖ ਸਕਦੇ ਹਾਂ।
ਸੇਵਾ, ਮਹਾਨ ਕੋਸ਼ ਅਨੁਸਾਰ ‘ਸੇਵ’ ਧਾਤੂ ਤੋਂ ਬਣਿਆ ਹੈ ਜਿਸ ਦਾ ਅਰਥ ਹੈ, ਉਪਾਸ਼ਨਾ, ਉਪਕਾਰ, ਟਹਿਲ ਆਦਿ। ਗੁਰਬਾਣੀ ਵਿਚ ‘ਹਰਿ ਨਾਮ ਕੀ ਸੇਵਾ’, ‘ਭਗਵੰਤ ਕੀ ਟਹਿਲ’ ਆਦਿ ਤੁਕਾਂਸ਼ਾਂ ਤੋਂ ਸਪੱਸ਼ਟ ਹੈ ਕਿ ਸੇਵਾ ਇਕ ਪ੍ਰਕਾਰ ਦੀ ਅਧਿਆਤਮਕ ਸਾਧਨਾ ਹੈ। ਗੁਰਬਾਣੀ ਵਿਚ ਇਹ ਵੱਖ-ਵੱਖ ਸ਼ਬਦ ਜੋੜਾਂ ਜਿਵੇਂ- ਸੇਵਾ, ਸੇਵਿ, ਸੇਵਿਆ, ਸੇਵਿਐ, ਸੇਵਹਿ, ਸੇਵੇ, ਸੇਵੈ, ਆਦਿ ਦੇ ਰੂਪ ਵਿਚ ਆਇਆ ਹੈ।
ਸੇਵਾ ਦੇ ਸੰਕਲਪ ਨੂੰ ਦੋ ਪੱਖਾਂ ਤੋਂ ਵਿਚਾਰਿਆ ਜਾ ਸਕਦਾ ਹੈ:
- ਸਿਧਾਂਤਕ ਪੱਖ;
- ਵਿਵਹਾਰਕ ਪੱਖ।
ਸਿਧਾਂਤਕ ਪੱਖ ਵਿਚ, ਸੇਵਾ ਨੂੰ ਮੁਕਤੀ ਦੇ ਰਾਹ ਵਜੋਂ ਦੇਖਿਆ ਜਾ ਸਕਦਾ ਹੈ। ਵਿਵਹਾਰਕ ਪੱਖ ਵਿਚ, ਗੁਰੂ ਸਾਹਿਬਾਨ ਦੇ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਨੂੰ ਲਿਆ ਜਾ ਸਕਦਾ ਹੈ। ਸੋ ਗੁਰਮਤਿ ਨੇ ਸੇਵਾ ਦੇ ਸੰਕਲਪ ਰਾਹੀਂ ਸੰਸਾਰਕਤਾ ਅਤੇ ਧਾਰਮਿਕਤਾ ਦਾ ਸੰਜੋਗੀ ਮੇਲ ਪ੍ਰਸਤੁਤ ਕੀਤਾ ਹੈ। ਸੇਵਾ ਤਾਂ ਅੰਦਰ ਦੀ ਲਗਨ ਹੈ, ਇਸ ਵਾਸਤੇ ਬਾਣੀ ਦੇ ਲੜ ਲੱਗਣ ਦੀ ਲੋੜ ਹੈ, ਕਿਉਂਕਿ ਇਹੀ ਸੁਖ ਦਾ ਹੇਤੂ ਹੈ ਜੋ ਸੇਵਾ ਰੂਪ ਕਮਾਈ ਵਿੱਚੋਂ ਪ੍ਰਾਪਤ ਹੁੰਦਾ ਹੈ। ‘ਬਾਹ ਲੁਡਾਈਐ’ ਦਾ ਭੇਦ ਇਸ ਵਿਚ ਹੈ ਕਿ ‘ਵਿਚਿ ਦੁਨੀਆ ਸੇਵ ਕਮਾਈਐ’। ਇਹੀ ‘ਦਰਗਹ ਬੈਸਣੁ’ ਹੈ। ਸੇਵਾ ‘ਆਪਣੇ ਆਪ ਦਾ ਚੀਨਣ’ ਤੇ ਦੂਸਰੇ ਮਨੁੱਖ ਦੀ ਮਾਨਵਤਾ ਨੂੰ ਸਵੀਕਾਰ ਕਰਨਾ ਹੈ। ਸਿੱਖ ਵਾਸਤੇ ਵਿਧਾਨ ਹੈ ਕਿ ਜੇ ਉਸ ਨੇ ਸੱਚ ਲੱਭ ਲਿਆ ਹੈ ਤਾਂ ਉਹ ਦੂਸਰਿਆਂ ਵਾਸਤੇ ਆਪਣੇ ਆਪ ਨੂੰ ਸਮਰਪਿਤ ਕਰੇ। ਇਹੀ ਸੇਵਾ ਹੈ।
ਮਨੁੱਖ ਲਈ ਸੁਖ ਦੀ ਪ੍ਰਾਪਤੀ ਪ੍ਰਥਮ ਹੈ। ਜੋ ਸੁਖ ਦੇਣ ਵਿਚ ਹੈ, ਉਹ ਖੋਹਣ ਵਿਚ ਨਹੀਂ। ਇਸ ਨਾਲ ਹੀ ‘ਚਾਰਿ ਪਦਾਰਥ ਹਰਿ ਕੀ ਸੇਵਾ’ (ਧਰਮ, ਅਰਥ,ਕਾਮ ਤੇ ਮੋਖ) ਦੀ ਪ੍ਰਾਪਤੀ ਹੁੰਦੀ ਹੈ। ਨਾਲ ਹੀ ਬਾਣੀ ਦਾ ਆਦੇਸ਼ ਹੈ:
ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ॥ (ਪੰਨਾ 314)
ਆਪਣੀ ਮਤਿ ਤਿਆਗ ਕੇ ਗੁਰੂ ਦੀ ਮਤਿ ਪ੍ਰਾਪਤ ਹੁੰਦੀ ਹੈ। ਇਹੀ ‘ਗੁਰ ਕੀ ਸੇਵਾ ਸਬਦੁ ਵੀਚਾਰੁ’ ਹੈ। ਸੇਵਾ ਵਾਸਤੇ ‘ਸਬਰ’ ਤੇ ‘ਸੰਤੋਖ’ ਬਹੁਤ ਜ਼ਰੂਰੀ ਹੈ। ਮਨੁੱਖਤਾ ਤੋਂ ਉੱਪਰ ਉੱਠ ਕੇ ਕਰਮ ਕਰਨਾ ਹੀ ਸੇਵਾ ਹੈ। ਇਹੀ ਅਜਿਹਾ ਮਾਰਗ ਹੈ, ਜਿਸ ’ਤੇ ਤੁਰਦਿਆਂ ‘ਹਰਿ ਕਾ ਸੇਵਕੁ ਸੋ ਹਰਿ ਜੇਹਾ’ ਹੋ ਜਾਂਦਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦਿਨ-ਰਾਤ ‘ਨਾਮ’ ਦੇ ਸਿਮਰਨ ਵਿਚ ਰਹਿ ਕੇ ਸੰਤੋਖ ਕਰਮ ਨੂੰ ਹੀ ਸੱਚੀ, ਸੁੱਚੀ ਤੇ ਉੱਚੀ ਸੇਵਾ ਕਹਿੰਦੇ ਹਨ:
ਅਹਿਨਿਸਿ ਨਾਮਿ ਸੰਤੋਖੀਆ ਸੇਵਾ ਸਚੁ ਸਾਈ॥
ਤਾ ਕਉ ਬਿਘਨੁ ਨ ਲਾਗਈ ਚਾਲੈ ਹੁਕਮਿ ਰਜਾਈ॥ (ਪੰਨਾ 421)
ਸੇਵਾ ਨੂੰ ਸਮਝਣ ਲਈ ਗੁਰਬਾਣੀ ਦੇ ਦੋ ਲਫ਼ਜ਼ਾਂ ‘ਹਉਮੈ’ ਤੇ ‘ਹੁਕਮ’ ਦਾ ਆਸਰਾ ਲੈਣਾ ਪਵੇਗਾ। ਹਉਮੈ ਵਿਚ ਕੀਤਾ ਪਾਠ ਜਾਂ ਦਾਨ ਵੀ ਸੇਵਾ ਨਹੀਂ ਜਦੋਂ ਕਿ ਹੁਕਮ ਵਿਚ ਕੀਤਾ ਹੋਇਆ ਕਾਜ ਵੀ ਸੇਵਾ ਹੈ। ਸੇਵਾ ਹੁਕਮ ਵਿਚ ਜੀਵਿਆ ਜੀਵਨ ਜਾਂ ਹੁਕਮ ਵਿਚ ਘਾਲੀ ਘਾਲਣਾ ਹੈ।
ਸ੍ਰੀ ਗੁਰੂ ਅਮਰਦਾਸ ਜੀ ‘ਸਿਰੀ ਰਾਗ’ ਵਿਚ ਜਦ ਪ੍ਰਸ਼ਨ ਕਰਦੇ ਹਨ ਕਿ ਸਿਮਰਨ ਕਿਸ ਦਾ ਕੀਤਾ ਜਾਵੇ ਤਾਂ ਉਨ੍ਹਾਂ ਦੇ ਉੱਤਰ ਵਿਚ ਹੀ ਹੁਕਮ ਵਿਚ ਰਹਿਣਾ, ਹਉਮੈ ਦਾ ਤਿਆਗ ਕਰ ਕੇ ਨਾਮ ਨੂੰ ਮਨ ਵਿਚ ਵਸਾਉਣਾ ਹੀ ਸੇਵਾ ਹੈ:
ਕਿਸੁ ਹਉ ਸੇਵੀ ਕਿਆ ਜਪੁ ਕਰੀ ਸਤਗੁਰ ਪੂਛਉ ਜਾਇ॥
ਸਤਗੁਰ ਕਾ ਭਾਣਾ ਮੰਨਿ ਲਈ ਵਿਚਹੁ ਆਪੁ ਗਵਾਇ॥
ਏਹਾ ਸੇਵਾ ਚਾਕਰੀ ਨਾਮੁ ਵਸੈ ਮਨਿ ਆਇ॥ (ਪੰਨਾ 34)
ਸੇਵਾ ਤਾਂ ਹੈ ਹੀ ‘ਹੁਕਮ’ ਅਨੁਸਾਰ ਚੱਲਣ ਦਾ ਨਾਂ:
ਸਤਿਗੁਰ ਕੀ ਸੇਵਾ ਚਾਕਰੀ ਜੇ ਚਲਹਿ ਸਤਿਗੁਰ ਭਾਇ॥
ਨਿਮਰਤਾ-ਭਰਪੂਰ ਸੇਵਾ, ਭਗਤੀ ਦਾ ਦਰਜਾ ਪ੍ਰਾਪਤ ਕਰ ਲੈਂਦੀ ਹੈ:
ਭਾਈ ਰੇ ਦਾਸਨਿ ਦਾਸਾ ਹੋਇ॥
ਗੁਰ ਕੀ ਸੇਵਾ ਗੁਰ ਭਗਤਿ ਹੈ ਵਿਰਲਾ ਪਾਏ ਕੋਇ॥ (ਪੰਨਾ 66)
ਪਰਮਾਤਮਾ ਜਿਸ ’ਤੇ ਮਿਹਰ ਕਰਦਾ ਹੈ, ਉਸ ਨੂੰ ਸੇਵਾ ਦੀ ਪ੍ਰਾਪਤੀ ਹੁੰਦੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਅਨੁਸਾਰ ‘ਮੁਕਤਿ’, ‘ਭੁਗਤਿ’ ਤੇ ‘ਜੁਗਤਿ’ ਸੇਵਾ ਵਿਚ ਹੀ ਆ ਜਾਂਦੀ ਹੈ:
ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ॥
ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ॥ (ਪੰਨਾ 749)
ਗੁਰੂ ਸਾਹਿਬਾਨ ਦੀ ਸੇਵਾ ਸਿੱਖ ਧਰਮ ਦੇ ਆਰੰਭ ਤੋਂ ਹੀ ਪ੍ਰਤੱਖ ਹੈ। ਸ੍ਰੀ ਗੁਰੁ ਨਾਨਕ ਦੇਵ ਜੀ ਨੇ ਛੋਟੀ ਉਮਰ ਵਿਚ ਹੀ ਆਪਣਾ ਮਿਸ਼ਨ ਮਾਨੋ ਸੇਵਾ ਨਾਲ ਆਰੰਭ ਕੀਤਾ। ਪਿਤਾ ਜੀ ਦੁਆਰਾ ਵਪਾਰ ਲਈ ਦਿੱਤੇ ਵੀਹ ਰੁਪਇਆਂ ਨਾਲ ਸਾਧ-ਜਨਾਂ ਦੀ ਸੇਵਾ, ਜੋ ਸਿੱਖੀ ਦੀ ਆਧਾਰਸ਼ਿਲਾ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਸੇਵਾ ਦਾ ਕੇਂਦਰ ਬਣਾਇਆ ਅਤੇ ਲੰਗਰ ਸਥਾਪਿਤ ਕੀਤਾ। ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਾਂ ਨਗਰਾਂ ਦੀ ਸਥਾਪਨਾ ਕਰ ਕੇ ਸੇਵਾ ਦੇ ਮਹਾਨ ਕੇਂਦਰ ਸਥਾਪਿਤ ਕੀਤੇ। ਇਹ ਅਣਥੱਕ ਤੇ ਨਿਸ਼ਕਾਮ ਸੇਵਾ ਦਾ ਆਦਰਸ਼ ਸਿੱਖੀ ਦੀ ਵਿਸ਼ੇਸ਼ ਪਰੰਪਰਾ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ‘ਸਿਰੁ ਧਰਿ ਤਲੀ ਗਲੀ ਮੇਰੀ ਆਉ’ ਦੇ ਸਿਧਾਂਤ ’ਤੇ ਚੱਲਦਿਆਂ ਸ਼ਾਂਤਮਈ ਸ਼ਹਾਦਤਾਂ ਦੇ ਕੇ ‘ਸੇਵਾ’ ਦੇ ਸੰਕਲਪ ਨੂੰ ਹੋਰ ਵਿਸ਼ਾਲ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੇਵਾ ਦਾ ਆਦਰਸ਼ ਰਣ ਵਿਚ ਜੂਝ ਕੇ ਮਜ਼ਲੂਮਾਂ ਦੀ ਰੱਖਿਆ ਲਈ ਸ਼ਹੀਦੀ ਪ੍ਰਾਪਤ ਕਰਨ ਦਾ ਕਲਪਿਆ:
ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂ ਨ ਟਰੋਂ॥ (ਚੰਡੀ ਚਰਿਤ੍ਰ)
ਗੁਰੂ ਸਾਹਿਬਾਨ ਤੋਂ ਇਲਾਵਾ ਭਾਈ ਘਨੱਈਆ ਜੀ ਤੇ ਹੋਰ ਬੇਅੰਤ ਸਿੱਖਾਂ ਦੀਆਂ ਮਿਸਾਲਾਂ ਹਨ, ਜਿਨ੍ਹਾਂ ਨੇ ਆਪਣੇ ਆਪ ਨੂੰ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕੀਤਾ ਜਾਂ ਮਨੁੱਖਤਾ ਲਈ ਆਪਣਾ-ਆਪ ਕੁਰਬਾਨ ਕੀਤਾ। ਗੁਰੂ ਸਾਹਿਬਾਨ ਨੇ ਸੇਵਾ ਨੂੰ ਦੋ ਵਰਗਾਂ ਵਿਚ ਵੰਡਿਆ ਹੈ:
1. ਸਰੀਰਕ ਸੇਵਾ (ਤਨ ਦੀ ਸੇਵਾ);
2. ਸ੍ਵੈ-ਅਰਪਨ (ਸਿਮਰਨ ਜਾਂ ਮਨ ਦੀ ਸੇਵਾ)।
‘ਪਾਣੀ’, ‘ਪੱਖੇ’ ਦੀ ਸੇਵਾ ਸਰੀਰਕ ਸੇਵਾ ਹੈ। ਸਰੀਰਕ ਸੇਵਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਤੋਂ ਬਿਨਾਂ ਸਾਡੇ ਹੱਥ-ਪੈਰ ਧ੍ਰਿਗ ਹਨ।
ਭਾਈ ਗੁਰਦਾਸ ਜੀ ਲਿਖਦੇ ਹਨ:
ਵਿਣੁ ਸੇਵਾ ਧ੍ਰਿਗੁ ਹਥ ਪੈਰ ਹੋਰ ਨਿਹਫਲ ਕਰਣੀ। (ਵਾਰ 27:10)
ਸਿਮਰਨ, ਮਨ ਦੀ ਸੇਵਾ ਹੈ, ਜੋ ਉਸ ਦੀ ਰਜ਼ਾ ਵਿਚ ਰਹਿ ਕੇ ਨਿਮਖ-ਨਿਮਖ ਉਸੇ ਦਾ ਸਿਮਰਨ ਕਰ ਕੇ ਜੀਵਨ ਬਤੀਤ ਕਰਨ ਦੀ ਹੈ। ਤਨ ਦੀ ਸੇਵਾ ਦੇ ਨਾਲ ਨਾਲ ਸਿਮਰਨ ਵੀ ਜ਼ਰੂਰੀ ਹੈ:
ਅਨਿਕ ਭਾਂਤਿ ਕਰਿ ਸੇਵਾ ਕਰੀਐ॥
ਜੀਉ ਪ੍ਰਾਨ ਧਨੁ ਆਗੈ ਧਰੀਐ॥
ਪਾਨੀ ਪਖਾ ਕਰਉ ਤਜਿ ਅਭਿਮਾਨੁ॥
ਅਨਿਕ ਬਾਰ ਜਾਈਐ ਕੁਰਬਾਨੁ॥ (ਪੰਨਾ 391)
ਨਿਮਖ ਨਿਮਖ ਏਹੀ ਆਰਾਧਉ॥
ਦਿਨਸੁ ਰੈਣਿ ਏਹ ਸੇਵਾ ਸਾਧਉ॥ (ਪੰਨਾ 391)
ਗੁਰਬਾਣੀ ਵਿਚ ਸੇਵਕ ਲਈ ਜ਼ਰੂਰੀ ਸ਼ਰਤਾਂ
1. ਆਪਾ ਸਮਰਪਣ : ਸਚੇ ਸੇਵਕ ਦੀ ਪਰਿਭਾਸ਼ਾ
ਨਾਨਕ ਸੇਵਕੁ ਸੋਈ ਆਖੀਐ ਜੋ ਸਿਰੁ ਧਰੇ ਉਤਾਰਿ॥
ਸਤਿਗੁਰ ਕਾ ਭਾਣਾ ਮੰਨਿ ਲਏ ਸਬਦੁ ਰਖੈ ਉਰ ਧਾਰਿ॥ (ਪੰਨਾ 1247)
2. ਨਿਮਰਤਾ :
ਪਵਹੁ ਚਰਣਾ ਤਲਿ ਊਪਰਿ ਆਵਹੁ ਐਸੀ ਸੇਵ ਕਮਾਵਹੁ॥
ਆਪਸ ਤੇ ਊਪਰਿ ਸਭ ਜਾਣਹੁ ਤਉ ਦਰਗਹ ਸੁਖੁ ਪਾਵਹੁ॥ (ਪੰਨਾ 883)
ਮੁਰਦਾ ਹੋਇ ਮੁਰੀਦੁ ਨ ਗਲੀ ਹੋਵਣਾ। (ਵਾਰ 3:18)
3. ਨਿਸ਼ਕਾਮਤਾ :
ਸੇਵਾ ਕਰਤ ਹੋਇ ਨਿਹਕਾਮੀ॥
ਤਿਸ ਕਉ ਹੋਤ ਪਰਾਪਤਿ ਸੁਆਮੀ॥ (ਪੰਨਾ 286)
4. ਸੁਹਿਰਦਤਾ :
ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ॥
ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ॥ (ਪੰਨਾ 28)
5. ਵਿਸ਼ੇ-ਵਿਕਾਰਾਂ ਤੋਂ ਮੁਕਤੀ:
ਕਾਮੁ ਕ੍ਰੋਧੁ ਲੋਭੁ ਮੋਹੁ ਮਿਟਾਵੈ ਛੁਟਕੈ ਦੁਰਮਤਿ ਅਪੁਨੀ ਧਾਰੀ॥
ਹੋਇ ਨਿਮਾਣੀ ਸੇਵ ਕਮਾਵਹਿ ਤਾ ਪ੍ਰੀਤਮ ਹੋਵਹਿ ਮਨਿ ਪਿਆਰੀ॥ (ਪੰਨਾ 377)
ਗੁਰਬਾਣੀ ‘ਆਪਿ ਜਪੈ ਅਵਰਹ ਨਾਮੁ ਜਪਾਵੈ’ ਦਾ ਉਪਦੇਸ਼ ਦਿੰਦੀ ਹੈ ਅਤੇ ਸੇਵਾ ਦੇ ਯੋਗ ਵੀ ਉਹੀ ਹੁੰਦਾ ਹੈ ਜੋ ‘ਹਰਿ ਪ੍ਰਭਿ ਕਾ ਸੁਨੇਹਾ’ ਅਰਥਾਤ ਕੀਰਤੀ, ਜਸ ਸੁਣਾਉਂਦਾ ਹੈ। ਗੁਰਬਾਣੀ ਦਾ ਫ਼ੁਰਮਾਨ ਹੈ:
ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ॥
ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ॥
ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਡਾਣਾ॥ (ਪੰਨਾ 558)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਵਾਰਾਂ ਭਾਈ ਗੁਰਦਾਸ ਜੀ, ਹੁਕਮਨਾਮਿਆਂ, ਰਹਿਤਨਾਮਿਆਂ ਵਿਚ ਵੀ ਸੇਵਾ ਦਾ ਭਰਪੂਰ ਵਰਣਨ ਹੈ। ਸੇਵਾ ਸਾਧਨ ਵੀ ਹੈ, ਆਦਰਸ਼ ਵੀ ਹੈ ਅਤੇ ਭਗਤੀ ਵੀ ਹੈ।
ਸੇਵਾ ਦਾ ਸੰਕਲਪ, ‘ਹਮ ਸਭਨਾ ਕੇ ਸਾਜਨ’, ‘ਕੋਇ ਨ ਦਿਸੈ ਬਾਹਰਾ ਜੀਉ’, ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ’ ਅਤੇ ‘ਸਰਬੱਤ ਦੇ ਭਲੇ’ ਦਾ ਲਖਾਇਕ ਹੈ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ