editor@sikharchives.org
Guru Amardas Ji

ਗੁਰੂ ਅਮਰਦਾਸ ਜੀ- ਜੀਵਨ, ਬਾਣੀ ਅਤੇ ਵਿਚਾਰਧਾਰਾ

ਗੁਰੂ ਜੀ ਦਾ ਵਿਆਪਕ ਵਿਅਕਤਿੱਤਵ ਅਤਿ ਗੰਭੀਰ, ਦਾਰਸ਼ਨਿਕ ਹੋਣ ਦੇ ਨਾਲ-ਨਾਲ ਪਿਆਰ-ਭਿੰਨਾ, ਨਿਮਰ, ਮਿੱਠਾ ਤੇ ਦਾਨਾ ਸੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਗੁਰੂ ਅਮਰਦਾਸ ਜੀ ਬਾਰੇ, ਗੁਰੂ-ਘਰ ਦੇ ਰਾਗੀ ‘ਰਾਇ ਬਲਵੰਡਿ ਤਥਾ ਸਤੈ ਡੂਮਿ’ ਨੇ ‘ਪਰਬਤੁ ਮੇਰਾਣੁ’ ਆਖ ਕੇ ਉਨ੍ਹਾਂ ਦੀ ਮਹਾਨ ਸ਼ਖ਼ਸੀਅਤ ਵੱਲ ਸੰਕੇਤ ਕਰ ਦਿੱਤਾ ਹੈ, ਭਾਵ ਗੁਰੂ ਅਮਰਦਾਸ ਜੀ ਵਿਸ਼ੇ-ਵਿਕਾਰਾਂ ਤੇ ਸੰਸਾਰੀ ਮੋਹ-ਮਾਇਆ ਦੇ  ‘ਝਖੜਿ’ ਵਿਚ ਡੋਲਣ ਵਾਲੇ ਨਹੀਂ, ਉਹ ਮੇਰਾਣ ਪਰਬਤ ਵਾਂਗ ਅਡੋਲ ਹਨ।1

1. ਜੀਵਨ/ਸ਼ਖ਼ਸ਼ੀਅਤ/ਕਾਰਜ

1.1 ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਅਮਰਦਾਸ ਜੀ ਦਾ ਜ਼ਿਕਰ ਲੱਗਭਗ 26 ਵਾਰ ਵੱਖੋ-ਵੱਖ ਪ੍ਰਸੰਗਾਂ/ਅਰਥਾਂ ਤੇ ਵਿਆਕਰਣਿਕ (ਅਮਰਦਾਸ/ਸਿ/ਸੁ ਆਦਿ) ਰੂਪਾਂ ਵਿਚ ਹੋਇਆ ਹੈ। ਅਰਥ ਦੀ ਦ੍ਰਿਸ਼ਟੀ ਤੋਂ ਬਾਣੀ ਵਿਚ ਗੁਰੂ ਜੀ ਦਾ ਜ਼ਿਕਰ ਜ਼ਿਆਦਾਤਰ ‘ਗੁਰੂ ਸ਼ਖ਼ਸੀਅਤ’ ਅਤੇ ‘ਗੁਰੂ ਜੋਤਿ’ ਦੇ ਰੂਪ ਵਿਚ ਹੋਇਆ ਹੈ। ਲੱਗਭਗ 4 ਥਾਵਾਂ2 ਉੱਤੇ ਆਪ ਜੀ ਦੀ ਸ਼ਖ਼ਸੀਅਤ ਬਾਰੇ ਵਿਸ਼ੇਸ਼ ਜਾਣਕਾਰੀ ਮਿਲਦੀ ਹੈ ਅਤੇ ਇਸ ਤੋਂ ਇਲਾਵਾ ਇਤਿਹਾਸਕ ਸੰਕੇਤ ਵੀ ਮਿਲਦੇ ਹਨ।3

1.2 ਭਾਈ ਗੁਰਦਾਸ ਜੀ ਦੀ ਰਚਨਾ (ਵਾਰਾਂ) ਵਿੱਚੋਂ, ਜਿੱਥੇ ਗੁਰਬਾਣੀ ਵਾਂਗ ਗੁਰੂ ਸਾਹਿਬ ਦੀ ਉਚ-ਆਤਮਿਕ ਸ਼ਖ਼ਸੀਅਤ ਦੇ ਦਰਸ਼ਨ ਹੁੰਦੇ ਹਨ, ਉਥੇ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਗੁਰੂ ਜੀ ਦਾ ਗੋਇੰਦਵਾਲ ਵਸਾਉਣ, ਗੁਰਗੱਦੀ ਪ੍ਰਾਪਤੀ ਲਈ (ਗੁਰੂ ਅੰਗਦ ਸਾਹਿਬ ਦੇ ਪੁੱਤਰ) ਦਾਸੂ ਜੀ ਆਦਿ ਦੇ ਵਿਰੋਧ ਬਾਰੇ ਸੰਕੇਤ ਮਿਲਦੇ ਹਨ4 ਅਤੇ ਗੁਰੂ ਅਮਰਦਾਸ ਜੀ ਦੇ ਸਿੱਖਾਂ ਬਾਰੇ (ਨਾਵਾਂ/ਥਾਵਾਂ ਆਦਿ ਦਾ) ਵੀ ਪਤਾ ਲੱਗਦਾ ਹੈ।5

1.3 ਗੁਰੂ ਅਮਰਦਾਸ ਜੀ ਦੇ ਨਿਕਟ-ਤਤਕਾਲੀ ਜਾਂ 18ਵੀਂ-19ਵੀਂ ਸਦੀ ਦੇ ਸ੍ਰੋਤਾਂ (ਖ਼ਾਸ ਕਰ ਗੁਰਮੁਖੀ ਸ੍ਰੋਤਾਂ) ਵਿਚ ਗੁਰੂ ਸਾਹਿਬ ਦੇ ਜਨਮ, ਵੰਸ਼, ਜੋਤੀ-ਜੋਤਿ, ਕਾਰਜਾਂ ਆਦਿ ਬਾਬਤ ਥੋੜ੍ਹੀ-ਬਹੁਤੀ ਭਿੰਨ ਜਾਣਕਾਰੀ ਮਿਲਦੀ ਹੈ। ਇਸੇ ਤਰ੍ਹਾਂ ਆਧੁਨਿਕ ਵਿਦਵਾਨਾਂ ਵਿਚ ਵੀ ਰਾਇ ਦੀ ਭਿੰਨਤਾ ਹੈ। ਇਥੇ ਇਕੱਲੇ-ਇਕੱਲੇ ‘ਸ੍ਰੋਤ’ ਜਾਂ ‘ਰਾਇ ਭਿੰਨਤਾ’ ਨੂੰ ਵਿਚਾਰਨਾ ਤਾਂ ਸਾਡੀ ਸੀਮਾ (ਸੰਭਵ) ਨਹੀਂ, ਪਰੰਤੂ ਗੁਰਬਾਣੀ/ਭਾਈ ਗੁਰਦਾਸ/ਮੁੱਢਲੇ ਸ੍ਰੋਤਾਂ6/ਆਧੁਨਿਕ ਵਿਦਵਾਨਾਂ7 ਆਦਿ ਤੋਂ ਕੁੱਲ ਮਿਲਾ ਕੇ, ਗੁਰੂ ਸਾਹਿਬ ਦੀ ਸ਼ਖ਼ਸੀਅਤ ਜਾਂ ਜੀਵਨ-ਅਵਧੀ ਬਾਰੇ ਜੋ ਜਾਣਕਾਰੀ ਸਪੱਸ਼ਟ ਹੁੰਦੀ ਹੈ, ਉਸ ਨੂੰ (ਅਤਿ ਸੰਖੇਪ ਵਿਚ) ਇੰਞ ਦਰਸਾਇਆ ਜਾ ਸਕਦਾ ਹੈ:

ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ 9 ਜੇਠ, ਨਾਨਕਸ਼ਾਹੀ 11 (5 ਮਈ, 1479) ਨੂੰ, ਪਿੰਡ ਬਾਸਰਕੇ (ਤਹਿ ਅਤੇ ਜ਼ਿਲ੍ਹਾ ਅੰਮ੍ਰਿਤਸਰ) ਬਾਬਾ ਤੇਜਭਾਨ ਜੀ ਤੇ ਮਾਤਾ ਲਖੋ ਜੀ ਦੇ ਘਰ ਹੋਇਆ। 1502 ਈ. ਨੂੰ ਆਪ ਦਾ ਵਿਆਹ ਮਨਸਾ ਦੇਵੀ ਜੀ ਨਾਲ ਹੋਇਆ, ਜਿਨ੍ਹਾਂ ਦੇ ਉਦਰ ਤੋਂ ਦੋ ਬੇਟੀਆਂ ਬੀਬੀ ਦਾਨੀ ਜੀ (ਸੁਪਤਨੀ ਭਾਈ ਰਾਮਾ ਜੀ) ਤੇ ਬੀਬੀ ਭਾਨੀ ਜੀ (ਸੁਪਤਨੀ ਗੁਰੂ ਰਾਮਦਾਸ ਜੀ) ਅਤੇ ਦੋ ਪੁੱਤਰ ਬਾਬਾ ਮੋਹਰੀ ਜੀ ਤੇ ਬਾਬਾ ਮੋਹਨ ਜੀ ਪੈਦਾ ਹੋਏ।

ਸੁੱਚੇ ਇਖ਼ਲਾਕ, ਅਨਿੰਨ ਭਗਤੀ ਅਤੇ ਸੇਵਾ ਆਦਿ ਤੋਂ ਖੁਸ਼ ਹੋ ਕੇ ਜਦ 3 ਵੈਸਾਖ, ਨਾਨਕਸ਼ਾਹੀ 84 (1552 ਈ.) ਨੂੰ ਗੁਰੂ ਅੰਗਦ ਸਾਹਿਬ ਜੀ ਵੱਲੋਂ, ਆਪ ਜੀ ਨੂੰ ਗੁਰਿਆਈ ਦੀ ਮਹਾਨ ਜ਼ਿੰਮੇਵਾਰੀ/ਸੇਵਾ ਸੌਪੀ ਗਈ ਤਾਂ ਆਪ ਨੇ ਸਿੱਖ-ਲਹਿਰ ਦੇ ਵਿਕਾਸ ਲਈ ਅਨੇਕਾਂ ਜ਼ਿਕਰਯੋਗ ਕੰਮ ਕੀਤੇ, ਜਿਨ੍ਹਾਂ ਵਿਚ ਬਾਈ ਮੰਜੀਆਂ ਦੀ ਸਥਾਪਨਾ, ਬਉਲੀ (ਗੋਇੰਦਵਾਲ) ਸਾਹਿਬ ਦਾ ਨਿਰਮਾਣ, ਸਤੀ ਆਦਿਕ ਪ੍ਰਥਾ ਬੰਦ ਕਰਵਾਉਣਾ, ਸੰਗਤ, ਪੰਗਤ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਆਦਿ ਸ਼ਾਮਿਲ ਹਨ।

ਗੁਰੂ ਜੀ ਦਾ ਵਿਆਪਕ ਵਿਅਕਤਿੱਤਵ ਅਤਿ ਗੰਭੀਰ, ਦਾਰਸ਼ਨਿਕ ਹੋਣ ਦੇ ਨਾਲ-ਨਾਲ ਪਿਆਰ-ਭਿੰਨਾ, ਨਿਮਰ, ਮਿੱਠਾ ਤੇ ਦਾਨਾ ਸੀ।

2. ਬਾਣੀ

2.1 ਬਾਣੀ ਬਿਉਰਾ: ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ 18 ਰਾਗਾਂ (ਸਿਰੀ, ਮਾਝ, ਗਉੜੀ, ਆਸਾ, ਗੂਜਰੀ, ਬਿਹਾਗੜਾ, ਵਡਹੰਸੁ, ਸੋਰਠਿ, ਧਨਾਸਰੀ, ਸੂਹੀ, ਬਿਲਾਵਲੁ, ਰਾਮਕਲੀ, ਮਾਰੂ, ਭੈਰਉ, ਬਸੰਤੁ, ਸਾਰੰਗ, ਮਲਾਰ ਅਤੇ ਪ੍ਰਭਾਤੀ) ਵਿਚ ਅਤੇ ਕੁਝ ਰਾਗ-ਰਹਿਤ ਹੈ, ਜਿਹੜੀ ਕਿ ਪ੍ਰਮਾਣਿਕ ਰੂਪ ਵਿਚ ਸਾਡੇ ਪਾਸ ‘ਗੁਰੂ ਗ੍ਰੰਥ ਸਾਹਿਬ’ ਵਿਚ ਸੁਰੱਖਿਅਤ ਹੈ। ਆਪ ਜੀ ਦੀ ਬਾਣੀ ਦੇ ਬਿਉਰਿਆਂ ਵਿਚ ਵਿਦਵਾਨਾਂ ਨੇ ਭਿੰਨ-ਭਿੰਨ ਗਿਣਤੀ ਦਿੱਤੀ ਹੈ,8 ਜਿਸ ਦਾ ਕਾਰਨ ਵਿਦਵਾਨਾਂ ਦੁਆਰਾ ਰਚਨਾ-ਗਿਣਤੀ ਕਰਨ ਲਈ ਅਪਣਾਈਆਂ ਗਈਆਂ ਵੱਖ-ਵੱਖ ਵਿਧੀਆਂ ਹਨ। ਡਾ. ਰਤਨ ਸਿੰਘ ਜੱਗੀ ਦੁਆਰਾ ਅਪਣਾਈ ਗਈ ਵਿਧੀ (ਰਾਗ-ਕ੍ਰਮ) ਨਾਲ ਗੁਰੂ ਸਾਹਿਬ ਦੀ ਰਚਨਾ ਦਾ ਸਹੀ ਸਰਵੇਖਣ ਸਾਹਮਣੇ ਆਇਆ ਹੈ, ਫਲਸਰੂਪ ਡਾ. ਰਤਨ ਸਿੰਘ ਜੱਗੀ ਦੁਆਰਾ ਕੀਤੀ ਗਿਣਤੀ ਅਨੁਸਾਰ ਗੁਰੂ ਸਾਹਿਬ ਦੇ ਸ਼ਬਦ/ਸਲੋਕਾਂ ਦੀ ਕੁੱਲ ਗਿਣਤੀ 885 ਹੈ, ਜਿਨ੍ਹਾਂ ਵਿਚ 172 ਚਉਪਦੇ, 91 ਅਸ਼ਟਪਦੀਆਂ, 24 ਸੋਲਹੇ, 78 ਪਦੇ, 4 ਅਲਾਹਣੀਆਂ, 20 ਛੰਤ, 411 ਸਲੋਕ ਅਤੇ 85 ਪਉੜੀਆਂ ਹਨ। ਸੁਤੰਤਰ ਨਾਵਾਂ ਵਾਲੀਆਂ ਬਾਣੀਆਂ ਦੀ ਗਿਣਤੀ 8 ਹੈ, ਜਿਨ੍ਹਾਂ ਵਿਚ ਪਟੀ, ਵਾਰ ਗੂਜਰੀ, ਸੂਹੀ, ਰਾਮਕਲੀ, ਮਾਰੂ, ਅਲਾਹਣੀਆਂ, ਅਨੰਦੁ, ਸਤ ਵਾਰ (ਵਾਰ ਸਤ) ਆਦਿ ਸ਼ਾਮਲ ਹਨ।9

2.2 ਬਾਣੀ ਵਰਗੀਕਰਨ: ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਦਾ ਵਰਗੀਕਰਨ ਕਈ ਆਧਾਰਾਂ/ਵਿਧੀਆਂ ਦੁਆਰਾ ਕੀਤਾ ਜਾ ਸਕਦਾ ਹੈ, ਜਿਵੇਂ:

2.2.1  ਰਾਗਬਧ ਬਾਣੀ (ਅਠਾਰਾਂ ਰਾਗਾਂ ਵਿਚਲੀ) ਅਤੇ ਰਾਗ-ਰਹਿਤ ਬਾਣੀ (ਭਗਤ ਕਬੀਰ ਜੀ, ਬਾਬਾ ਫਰੀਦ ਜੀ ਦੇ ਸਲੋਕਾਂ ਵਿਚਲੀ ਜਾਂ ਸਲੋਕ ਵਾਰਾਂ ਤੇ ਵਧੀਕ ਵਾਲੀ)

2.2.2  ਲੰਮੇਰੀਆਂ ਬਾਣੀਆਂ (ਜਿਵੇਂ ਅਨੰਦੁ, ਪਟੀ ਜਾਂ ਚਾਰੇ ਵਾਰਾਂ), ਛੋਟੇ ਅਕਾਰ ਵਾਲੀਆਂ (ਜਿਵੇਂ ਅਲਾਹਣੀਆਂ, ਸਤ ਵਾਰ) ਅਤੇ ਫੁਟਕਲ (ਸ਼ਬਦ, ਸਲੋਕ, ਪਦੇ ਆਦਿ)

2.2.3  ਵਰਣਾਤਮਿਕ (ਜਿਵੇਂ ਪਟੀ), ਕਾਲਮਾਨ (ਜਿਵੇਂ ਸਤ ਵਾਰ) ਆਦਿ ਆਧਾਰਿਤ।

2.2.4 ਵਿਸ਼ੇ ਪੱਖ ਤੋਂ (ਜਿਵੇਂ ‘ਅਨੰਦੁ’, ਉੱਚ-ਆਤਮਿਕ ਅਵਸਥਾ ਵਾਲੀ ਹੈ ਜਦ ਕਿ ‘ਵਾਰ-ਕਾਵਿ’, ਸਮਾਜਿਕ-ਪ੍ਰਕ੍ਰਿਤੀ ਦੇ ਜ਼ਿਆਦਾ ਨੇੜੇ ਹੈ) ਦਾਰਸ਼ਨਿਕ, ਧਾਰਮਿਕ, ਸਮਾਜਿਕ ਆਦਿ।

3. ਵਿਚਾਰਧਾਰਾ

3.1 ਸਿਧਾਂਤਕ ਪੱਖ: ਸਮੁੱਚੀ ‘ਗੁਰਮਤਿ-ਧਾਰਾ’ ਦੀ ਪ੍ਰਕ੍ਰਿਤੀ ਕੀ ਹੈ?10 ਇਹ ਇਕ ਜਟਿਲ ਸਵਾਲ ਹੈ, ਕਿਉਂਕਿ ‘ਗੁਰਮਤਿ-ਧਾਰਾ’ (ਜਿਸ ਦਾ ਕੇਂਦਰ ਗੁਰਬਾਣੀ ਹੈ) ਨੇ ਕੇਵਲ ਅਧਿਆਤਮਕ ਪ੍ਰਸੰਗਾਂ ਦੀ ਗੱਲ ਹੀ ਨਹੀਂ ਕੀਤੀ, ਬਲਕਿ ਜੀਵਨ-ਪ੍ਰਕ੍ਰਿਤੀ ਦੇ ‘ਸਮੁੱਚ’ ਨੂੰ ਸ਼ਾਮਲ ਕੀਤਾ ਹੈ। ‘ਸਮੁੱਚ’ ਨੂੰ ਸਾਹਮਣੇ ਰੱਖ ਕੇ ਜੀਵਨ ਦੀਆਂ ਬੁਨਿਆਦੀ ਕੀਮਤਾਂ ਤੇ ਧਰਾਤਲਾਂ ਨੂੰ ਗੁਰਬਾਣੀ ਨੇ ‘ਨਾਮ’, ‘ਹੁਕਮ’ ਆਦਿ ਦੇ ਦ੍ਰਿਸ਼ਟੀਕੋਣ ਤੋਂ ਵਿਖਿਆਇਆ ਹੈ।

ਗੁਰਮਤਿ-ਧਾਰਾ ਦੀ ਇਸੇ (ਸਿਧਾਂਤਕ) ਲੜੀ ਵਿਚ ਹੀ ਗੁਰੂ ਅਮਰਦਾਸ ਜੀ ਨੇ ਵੀ ਉਨ੍ਹਾਂ ਬੁਨਿਆਦੀ ਮਸਲਿਆਂ ਨੂੰ ਛੋਹਿਆ ਹੈ, ਜਿਸ ਦੀ ਗੱਲ ਸਮੁੱਚੀ ਗੁਰਮਤਿ ਧਾਰਾ ਨੇ ਕੀਤੀ ਹੈ, ਇਹ ‘ਮਸਲਾ’ ਜਿੱਥੇ ਉਨ੍ਹਾਂ ਨੂੰ ਵਿਰਾਸਤ (ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਜੀ ਦੀ ਬਾਣੀ ਦੇ ਰੂਪ) ਵਿਚ ਮਿਲਦਾ ਹੈ, ਉਥੇ ਇਨ੍ਹਾਂ ਦਾ ਉਲੇਖ ਗੁਰੂ ਸਾਹਿਬ ਦੇ ਆਪਣੇ ਨਿਜਤਵ ਦੇ ਮੌਲਿਕ ਅਨੁਭਵ ’ਤੇ ਆਧਾਰਿਤ ਹੈ, ਕਿਸੇ ਹੋਰ ਪੂਰਵਰਤੀ ਪ੍ਰਣਾਲੀ ਜਾਂ ਚਿੰਤਨ ਦਾ ਅਨੁਕਰਣ ਜਾਂ ਰੂਪਾਂਤਰਣ ਨਹੀਂ।11 ਇਸ ਵਿਲੱਖਣ ਮੌਲਿਕ ਅਨੁਭਵ ਦਾ ਪ੍ਰਗਟਾਅ ਗੁਰੂ ਸਾਹਿਬ ਕਾਵਿ-ਮਾਧਿਅਮ ਰਾਹੀਂ ਸਮਕਾਲੀ ਜਾਂ ਰੂੜ੍ਹ ਹੋ ਚੁੱਕੀਆਂ ਧਾਰਾਵਾਂ ਦੇ ਮੁਹਾਵਰੇ ਰਾਹੀਂ ਕਰਦੇ ਹਨ, ਇਹ ਮੁਹਾਵਰਾ ਕੇਵਲ ਸਮਕਾਲੀ ਹੀ ਨਹੀਂ ਬਲਕਿ ਸਦੀਆਂ ਤੋਂ ‘ਲੋਕ-ਮਾਨਸ’ ਵਿਚ ਇਸ ਦੀ ਥਾਂ ਹੈ।

ਮਨੁੱਖੀ ਚਿੰਤਨ ਦੇ ਸਾਹਮਣੇ ਬੇਅੰਤ ‘ਮਸਲਿਆਂ’ ਵਿੱਚੋਂ ਤਿੰਨ ਬੁਨਿਆਦੀ ਮਸਲੇ (ਜਾਂ ਸੌਖੇ ਰੂਪ ਵਿਚ ਕਹੋ ਸਵਾਲ) ਹਨ, ਜਿਨ੍ਹਾਂ ਨੂੰ ਦਰਸ਼ਨ (ਪਹਲਿੋਸੋਪਹੇ) ਪ੍ਰਾਭੌਤਿਕ (ੰੲਟੳਪਹੇਸਚਿਸ) ਸਿਰਲੇਖ ਹੇਠ ਵਿਚਾਰਦਾ ਹੈ:

3.1.1  ਪਰਮਸਤਿ (ultimate reality)
3.1.2  ਸ੍ਰਿਸ਼ਟੀ (Creation)
3.1.3  ਜੀਵਨ (life)

ਇਨ੍ਹਾਂ ਬੁਨਿਆਦੀ ਮਸਲਿਆਂ ਨੂੰ ਗੁਰੂ ਸਾਹਿਬ ਨੇ ਆਪਣੇ ਮੌਲਿਕ ਅਨੁਭਵ ਦੁਆਰਾ ਗੁਰਬਾਣੀ ਰਾਹੀਂ ਪ੍ਰਗਟ ਕੀਤਾ ਹੈ, ਪਰ ਇਹ ਪ੍ਰਸੰਗ ਬਾਣੀ ਵਿਚ ਕਿਸੇ ਤਾਰਕਿਕ ਤਰਤੀਬ ਵਿਚ ਨਹੀਂ ਆਏ, ਸਗੋਂ ਇਹ ਸਹਿਜ ਸੁਭਾ ਹੀ ਵੱਖੋ-ਵੱਖ ਪ੍ਰਸੰਗਾਂ ਵਿਚ ਉਪਲਬਧ ਹੁੰਦੇ ਹਨ। ਇਥੇ ਇਨ੍ਹਾਂ ਪ੍ਰਸੰਗਾਂ ਨੂੰ ਇਕ ਤਾਰਕਿਕ ਤਰਤੀਬ ਵਿਚ ਵਿਉਂਤ ਕੇ ਸੰਖੇਪ ਵਿਸ਼ਲੇਸ਼ਣ ਕੀਤਾ ਜਾਂਦਾ ਹੈ:

3.1.1 ਪਰਮ ਸਤਿ

ਅੰਤਿਮ ਸਤਿ ਕੀ ਹੈ? ਜਾਂ ਕੋਈ ਹੈ ਵੀ? ਮਨੁੱਖੀ ਚਿੰਤਨ ਦਾ ਸਭ ਤੋਂ ਮੁਢਲਾ ਸਵਾਲ ਹੈ। ਦੁਨੀਆਂ ਦੀਆਂ ਧਾਰਮਿਕ ਪਰੰਪਰਾਵਾਂ ਆਪੋ-ਆਪਣੇ ਸਮਾਜਿਕ- ਭੂਗੋਲਿਕ, ਲੋਕ-ਯਾਨਿਕ ਆਧਾਰਾਂ ਉੱਪਰ ਅੰਤਿਮ ਸਤਿ ਲਈ ਰੱਬ, ਯਾਹੋਵਾ, ਰਾਮ, ਵਾਹਿਗੁਰੂ ਆਦਿ ਨਾਂ ਦਿੰਦੀਆਂ ਹਨ। ਕਈ ਦਾਰਸ਼ਨਿਕ, ਧਾਰਮਿਕ- ਪ੍ਰਣਾਲੀਆਂ (ਬੁੱਧ, ਜੈਨ ਆਦਿ) ਨੇ ਅਜਿਹੀ ਹੋਂਦ ਤੋਂ ਸਪੱਸ਼ਟ ਇਨਕਾਰ ਵੀ ਕੀਤਾ ਹੈ। ਗੁਰਮਤਿ ਦਰਸ਼ਨ ਦੀ ਸਮੁੱਚੀ ਉਸਾਰੀ, ਪਰਮ ਸਤਾ ਦੀ ਹੋਂਦ ਪ੍ਰਤੀ ਅਤਿ ਦਰਜੇ ਦੀ ਨਿਸ਼ਠਾ ਤੋਂ ਸਥਾਪਿਤ ਹੋਏ ਭਾਵਾਤਮਕ ‘ਸੰਬੰਧਾਂ’ ਅਤੇ ਚਿੰਤਨ ਦੇ ਗਹਿਰ-ਗੰਭੀਰ ‘ਪ੍ਰਬੰਧਾਂ’ ਵਿੱਚੋਂ ਸਥਾਪਿਤ ਹੋਈ ਹੈ। ਦੂਜੇ ਸ਼ਬਦਾਂ ਵਿਚ ਗੁਰਮਤਿ ਦਾ ਪਰਮ ਸਤਿ ਜਿੱਥੇ ਭਾਵਾਤਮਕ ਸੰਬੰਧਾਂ ਵਿਚ ਦਿਆਲੂ, ਮਿਹਰਵਾਨ, ਮਾਤਾ-ਪਿਤਾ ਆਦਿ ਹੈ, ਉਥੇ ਪ੍ਰਾਭੌਤਿਕ ਪੱਖ ਤੋਂ ਅਗਮ-ਅਗੋਚਰ, ਅਟੱਲ, ਡੂੰਘਾ ਤੇ ਹਰ ਪੱਖੋਂ ਬੇਅੰਤ ਹੈ। ਸਮੁੱਚਾ ਵਿਸਤਾਰ ਉਸ ‘ਇਕ’ ਦਾ ਹੀ ਪ੍ਰਗਟਾਵਾ ਹੈ ਅਤੇ ‘ਸਦੀਵਤਾ’ ਦਾ ਗੁਣ ਕੇਵਲ ਉਸੇ ਦਾ ਹੈ। ਭਾਵਾਤਮਕ ਸੰਬੰਧਾਂ ਵਿਚਲਾ ਪਰਮ ਸਤਿ, ਜਦ ਲੋਕਾਈ ਦੇ ਅੰਗ-ਸੰਗ ਅਤੇ ਪ੍ਰਗਟਾਵੇ ਰੂਪ ਵਿਚ ਪ੍ਰਤੱਖ ਹੈ ਤਾਂ ਧਰਮ ਦੀ ਤਕਨੀਕੀ ਬੋਲੀ ਵਿਚ ਉਹ ‘ਸਰਗੁਣ’ ਹੈ, ਇਸ ਤੋਂ ਉਲਟ, ਜਦ ਅਗਮ-ਅਗੋਚਰ ‘ਸਦੀਵਤਾ’ ਬੇਅੰਤ-ਬੇਅੰਤ ‘ਸਮੇਂ’ ਤੋਂ ਪਰ੍ਹੇ ਤੋਂ ਪਰ੍ਹੇ, ਮਨੁੱਖੀ ਸੋਚ ਤੋਂ ਲਾਂਭੇ ਹੈ ਤਾਂ ‘ਨਿਰਗੁਣ’ ਹੈ। ਇਸ ਤਰ੍ਹਾਂ ਗੁਰੂ ਅਮਰਦਾਸ ਜੀ ਦੀ ਬਾਣੀ ਵਿਚ ‘ਪਰਮ ਸਤਿ’ ਦਾ ਚਾਰ-ਪ੍ਰਕਾਰੀ ਸਰੂਪ ਨਿਸ਼ਚਿਤ ਹੁੰਦਾ ਹੈ।

(ੳ) ਨਿਰਗੁਣ
(ਅ) ਸਰਗੁਣ
(ੲ) ਇਕ (Oneness, The One)
(ਸ) ਸਦੀਵੀ

ਭਾਵੇਂ ‘ਇਕ’ ਅਤੇ ‘ਸਦੀਵੀ’ ਉਸ ਦੀ ਹੋਂਦ ਦੇ ‘ਲੱਛਣ’ ਹੈ, ਪਰ ਵਿਆਪਕ ਅਰਥਾਂ ਵਿਚ ਇਹ ‘ਸਰੂਪ’ (Nature) ਵਜੋਂ ਹੀ ਸਾਹਮਣੇ ਆਉਂਦੇ ਹਨ। ਗੁਰੂ ਸਾਹਿਬ ਦੀ ਬਾਣੀ ਵਿਚ ਇਸ ਗੱਲ ਦਾ ਵਾਰ-ਵਾਰ ਉਲੇਖ ਮਿਲਦਾ ਹੈ।

(ੳ) ਨਿਰਗੁਣ ਦਾ ਸ਼ਾਬਦਿਕ ਅਰਥ ਹੈ, ‘ਗੁਣ-ਰਹਿਤ’ ਜਾਂ ‘ਬਿਨਾਂ ਗੁਣਾਂ ਦੇ’, ਪਰ ਤਕਨੀਕੀ ਭਾਵ ਵਿਚ ਇਸ ਦਾ ਅਰਥ ਹੈ ‘ਗੁਣ-ਅਤੀਤ’ ਜਾਂ ‘ਗੁਣਾਂ ਤੋਂ ਬਾਹਰਾ’। ਰਚਨਾ ਕਰਨ ਤੋਂ ਪਹਿਲਾਂ ਅਕਾਰ-ਰਹਿਤ, ‘ਨਿਰੰਕਾਰ’ ਜਦੋਂ ਇਕੱਲਾ ‘ਇਕ’ ਸੀ ਤਾਂ ਨਿਰਗੁਣ ਵੀ ਸੀ:

ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ॥
ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ॥
ਤਦਹੁ ਆਕਾਸੁ ਨ ਪਾਤਾਲੁ ਹੈ ਨਾ ਤ੍ਰੈ ਲੋਈ॥
ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ॥ (ਪੰਨਾ 509)

‘ਗੁਪਤੁ’ ਤੋਂ ‘ਪਰਗਟੁ’ ਜਾਂ ਜਦੋਂ ਉਹ ‘ਨਿਰਗੁਣ’ ਤੋਂ ‘ਸਰਗੁਣ’ ਹੋਇਆ ਤਾਂ ਉਸ ਦਾ ਵਾਸਤਵਿਕ ਸਰੂਪ (ਨਿਰਗੁਣ) ਪਰਿਵਰਤਿਤ ਨਹੀਂ ਹੁੰਦਾ, ਬਲਕਿ ‘ਜੋਤਿ’ ਰੂਪ ਹੋ ਕੇ ਉਹ ਹਰ ਥਾਂ ਵੱਸਣ ਲੱਗ ਜਾਂਦਾ ਹੈ:

ਗੁਪਤੁ ਪਰਗਟੁ ਵਰਤੈ ਸਭ ਥਾਈ ਜੋਤੀ ਜੋਤਿ ਮਿਲਾਵਣਿਆ॥ (ਪੰਨਾ 120)

ਸਬਦੁ ਦੀਪਕੁ ਵਰਤੈ ਤਿਹੁ ਲੋਇ॥ (ਪੰਨਾ 664)

(ਅ) ਸਰਗੁਣ ਦਾ ਭਾਵ ਹੈ, ‘ਸਭ ਗੁਣ ਸੰਪੰਨ’। ‘ਨਿਰਗੁਣ’ ਜਦੋਂ ‘ਸਰਗੁਣ’ ਸਰੂਪ ਵਿਚ ਦ੍ਰਿਸ਼ਟਮਾਨ ਹੁੰਦਾ ਹੈ ਤਾਂ ਇਸ ਵਰਤਾਰੇ ਦੀ ਵਿਧੀ ‘ਹੁਕਮ’ ਹੈ, ਜਾਂ ਦੂਜੇ ਸ਼ਬਦਾਂ ਵਿਚ ਨਿਰਗੁਣ ਆਪਣੇ ਕਿਸੇ ਅਗੰਮੀ ‘ਹੁਕਮ’ ਕਰਕੇ ਬੇਅੰਤ ਪਸਾਰਿਆਂ ਵਿਚ ਆ ‘ਪਰਗਟ’ ਹੁੰਦਾ ਹੈ:

ਹੁਕਮੇ ਹੀ ਸਭ ਸਾਜੀਅਨੁ ਰਵਿਆ ਸਭ ਵਣਿ ਤ੍ਰਿਣਿ॥ (ਪੰਨਾ 949)

ਘਟਿ ਘਟਿ ਆਪੇ ਹੁਕਮਿ ਵਸੈ ਹੁਕਮੇ ਕਰੇ ਬੀਚਾਰੁ॥ (ਪੰਨਾ 37)

ਜਦੋਂ ਸਰਗੁਣ ਸਰੂਪ ਵਿਚ ‘ਪਰਮਸਤਿ’ ਜੀਵਾਂ ਦੀਆਂ ਭਾਵਨਾਵਾਂ ਵਿਚ ਨਿਰੂਪਤ ਹੁੰਦਾ ਹੈ ਤਾਂ ਇਥੇ ਉਹ ਬਖਸ਼ਿਸ਼ਾਂ ਕਰਨ ਵਾਲਾ ਰਹੀਮ, ਮਿਹਰਵਾਨ ਆਦਿ ‘ਸਰੂਪ’ ਵਜੋਂ ਸਾਹਮਣੇ ਆਉਂਦਾ ਹੈ:

ਸਭ ਨਦਰੀ ਅੰਦਰਿ ਰਖਦਾ ਜੇਤੀ ਸਿਸਟਿ ਸਭ ਕੀਤੀ॥ (ਪੰਨਾ 951)

(ੲ) ਜਦੋਂ ਪਰਮਸੱਤਾ ਨੂੰ ‘ਇਕ’ ਕਿਹਾ ਜਾਂਦਾ ਹੈ ਤਾਂ ਇਸ ਦਾ ਭਾਵ ਹੈ ਕਿ ਜੋ ਕੁਝ ਵੀ ਦਿੱਸਦਾ/ਅਣਦਿੱਸਦਾ ਹੈ, ਇਹ ਸਭ ਇਕ ਦਾ ਹੀ ਪ੍ਰਗਟ ਰੂਪ ਹੈ। ਸ੍ਰੀ ਗੁਰੂ ਅਮਰਦਾਸ ਜੀ ਅਨੁਸਾਰ ‘ਨਿਰਗੁਣ’ ਤੇ ‘ਸਰਗੁਣ’ ਦੀ ਦ੍ਵੈਤ ਨਹੀਂ ਹੈ, ਰਚਨਾ ਦੀ ਹੋਂਦ ਤੋਂ ਪਹਿਲਾਂ ਵਾਲਾ ‘ਨਿਰਗੁਣ’ ਹੀ ਆਪਣਾ ‘ਵੇਸ’ ਬਦਲ ਕੇ ‘ਸਰਗੁਣ’ ਹੋਇਆ ਹੈ। ਇਥੇ ‘ਦੂਜੇ ਭਾਵ’ ਜਾਂ ‘ਦੁਯੀ’ ਦੀ ਹੋਂਦ ਨਹੀਂ। ਗੁਰੂ ਅਮਰਦਾਸ ਜੀ ਨੇ ਸਮਾਜ ਅਤੇ ਪ੍ਰਕ੍ਰਿਤੀ ਲੈ ਕੇ ‘ਪਰਮਸਤਿ’ ਦੇ ‘ਇਕਤਵੀ’ ਸਰੂਪ ਨੂੰ ਇਸ ਤਰ੍ਹਾਂ ਦਰਸਾਇਆ ਹੈ:

ਆਪੇ ਸਾਹੁ ਆਪੇ ਵਣਜਾਰਾ ਆਪੇ ਹੀ ਹਰਿ ਹਾਟੁ॥
ਆਪੇ ਸਾਗਰੁ ਆਪੇ ਬੋਹਿਥਾ ਆਪੇ ਹੀ ਖੇਵਾਟੁ॥ (ਪੰਨਾ 276)

(ਸ) ਜੋ ਪੈਦਾ ਹੋਇਆ ਹੈ ਇਸ ਨੇ ਬਿਨਸ ਜਾਣਾ ਹੈ, ਪਰ ‘ਸਦੀਵਤਾ’ ਉਸ ਇਕ ਦੀ ਹੀ ਬਣੀ ਰਹਿਣੀ ਹੈ, ਦੂਜੇ ਸ਼ਬਦਾਂ ਵਿਚ ‘ਨਿਰਗੁਣ’ ਨੇ ਜੋ ‘ਸਰਗੁਣ’ ਪਸਾਰਾ ਕੀਤਾ ਹੈ, ਇਹ ‘ਥੋੜ੍ਹ-ਚਿਰਾ’ ਹੈ, ਸਦੀਵੀ ਰੂਪ ਵਿਚ ਉਸ ਦੀ ਹਸਤੀ ਕਾਇਮ ਰਹਿਣੀ ਹੈ। ਗੁਰੂ ਜੀ ਨੇ ਬਾਣੀ ਵਿਚ ‘ਪਰਮਸੱਤਾ’ ਦੀ ਸਦੀਵਤਾ ਨੂੰ ਸੰਕੇਤ ਕਰਦੇ ਕਈ ਸ਼ਬਦ ‘ਸਦਾ’, ‘ਸਚੁ’, ‘ਅਮਰ’, ‘ਜੁਗ ਜੁਗ’, ‘ਅਕਾਲ’, ‘ਅਚੁਤ’ ਆਦਿ ਵਰਤੇ ਹਨ:

ਸੋ ਪਿਰੁ ਸਾਚਾ ਸਦ ਹੀ ਸਾਚਾ ਨਾ ਓਹੁ ਮਰੈ ਨ ਜਾਏ॥ (ਪੰਨਾ 583)

3.1.2  ਸ੍ਰਿਸ਼ਟੀ: ਜੋ ਪੈਦਾ ਕੀਤੀ ਗਈ ਹੈ, ਸਿਰਜੀ ਗਈ ਹੈ, ਉਹ ਸ੍ਰਿਸ਼ਟੀ ਹੈ। ਗੁਰਮਤਿ ਅਨੁਸਾਰ ‘ਅਕਾਲ’ ਦੀ ‘ਕਾਲਗਤ’ ਸਥਿਤੀ ‘ਨਿਰਗੁਣ’ ਦਾ ‘ਸਰਗੁਣ’ ਸਰੂਪ, ‘ਗੁਪਤ’ ਦਾ ‘ਪ੍ਰਗਟ’ ਹੋਣਾ, ਇਹ ਸ੍ਰਿਸ਼ਟੀ ਹੈ। ਰਚਨਾ ਬਾਰੇ ਦਾਰਸ਼ਨਿਕ ਪੱਧਰ ’ਤੇ ਉਠਾਏ ਜਾਂਦੇ ਲੱਗਭਗ ਹਰੇਕ ਮੁੱਢਲੇ ਸਵਾਲ ਦਾ ਜਵਾਬ, ਆਪਣੀ ਤਰ੍ਹਾਂ ਨਾਲ ਗੁਰੂ ਅਮਰਦਾਸ ਜੀ ਦੀ ਬਾਣੀ ਵਿੱਚੋਂ ਮਿਲ ਜਾਂਦਾ ਹੈ। ਰਚਨਾ ਬਾਬਤ ਆਮ ਸਵਾਲ ਇਸ ਦੇ ਰਚਨ ਸਮੇਂ, ਕ੍ਰਿਆਵਾਂ, ਇਸ ਦੇ ਸਰੂਪ, ਵਿਧੀ (ਰਚਨਾ ਪ੍ਰਕ੍ਰਿਆ), ਸੀਮਾ ਆਦਿ ਹਨ। ਭਾਰਤੀ ਪਰੰਪਰਾ ਵਿਚ ਰਚਨਾ ਦੇ ਉਲੇਖ ਨਾਲ ‘ਮਾਇਆ’, ‘ਯੁਗ’ ਆਦਿ ਸੰਕਲਪਾਂ ਦੀ ਚਰਚਾ ਵੀ ਕੀਤੀ ਜਾਂਦੀ ਹੈ। ਗੁਰੂ ਅਮਰਦਾਸ ਜੀ ਨੇ ਇਨ੍ਹਾਂ ਸੰਕਲਪਾਂ (ਖ਼ਾਸ ਕਰ ‘ਮਾਇਆ’) ਨੂੰ ਵੀ ਪੁਰਾਤਨ ਮੁਹਾਵਰੇ ਤੇ ਸ਼ਬਦਾਵਲੀ ਰਾਹੀਂ ਨਵੇਂ (ਗੁਰਮਤਿ) ਦ੍ਰਿਸ਼ਟੀਕੋਣ ਤੋਂ ਵਿਆਖਿਆਇਆ ਹੈ।

ਗੁਰੂ ਸਾਹਿਬ ਅਨੁਸਾਰ ਇਹ ਰਚਨਾ ਅਨਾਦੀ ਨਹੀਂ, ਨਾਦੀ ਹੈ, ਭਾਵ ਰਚੀ ਗਈ ਹੈ ਅਤੇ ਇਸ ਦੀ ਰਚਨਾ ਪ੍ਰਕ੍ਰਿਆ (ਵਿਧੀ) ਅਗੰਮੀ ‘ਹੁਕਮ’ ਦੀ ਖੇਡ ਹੈ:

ਨਿਰੰਕਾਰਿ ਆਕਾਰੁ ਉਪਾਇਆ॥ (ਪੰਨਾ 1066)

ਹੁਕਮੇ ਹੀ ਸਭੁ ਜਗਤੁ ਉਪਾਇਆ॥ (ਪੰਨਾ 1055)

‘ਰਚਨਾ’ ਰਚਣ ਤੋਂ ਆਦਿ ‘ਸਮਾਂ’ ਨਿਰੋਲ ‘ਸੁੰਨ’ ਜਾਂ ‘ਚੁੱਪ’ ਦਾ ‘ਸਮਾਂ’ ਹੈ। ਇਸ ਧੁੰਧੂਕਾਰੇ ਦੇ ‘ਸਮੇਂ’ (ਜਦੋਂ ਸਮਾਂ ਨਹੀਂ ਸੀ), ਉਹ ਕੇਵਲ ਆਪ ਹੀ ਆਪ ਸੀ, ਉਸ ‘ਸਮੇਂ’ ਦਾ ਬਿਆਨ ਕਰ ਸਕਣਾ ਮਨੁੱਖੀ-ਚੇਤਨਾ ਦੇ ਵੱਸ ਨਹੀਂ। ਇਸ ‘ਵਕਤ’, ਜੋ ਉਸ ਨੂੰ ‘ਭਾਅ’ ਰਿਹਾ ਸੀ, ਬਸ ਉਹੀ ਸੀ:

ਜਿਉ ਤਿਸੁ ਭਾਵੈ ਤਿਵੈ ਕਰੇ ਤਿਸੁ ਬਿਨੁ ਅਵਰੁ ਨ ਕੋਈ॥ (ਪੰਨਾ 509)

‘ਸੁੰਨ-ਸਰੂਪ’ ਵਿਚ ਜਦੋਂ ‘ਹੁਕਮ’ ਦੀ ਖੇਡ ਵਾਪਰਦੀ ਹੈ ਤਾਂ ਉਹ ਜੀਵਨ/ ਅਕਾਰਾਂ ਦੇ ਲੱਖਾਂ ਦਰਿਆ ਹੋ ਕੇ ‘ਵਗ’ ਪੈਂਦਾ ਹੈ, ਇਸ ਅਸਗਾਹ ਪ੍ਰਵਾਹ ਦੀ ‘ਗਣਤ’ ਗਿਣਨ ਵਿਚ ਨਹੀਂ ਆਉਂਦੀ:

ਹੁਕਮੀ ਸ੍ਰਿਸਟਿ ਸਾਜੀਅਨੁ ਬਹੁ ਭਿਤਿ ਸੰਸਾਰਾ॥
ਤੇਰਾ ਹੁਕਮੁ ਨ ਜਾਪੀ ਕੇਤੜਾ ਸਚੇ ਅਲਖ ਅਪਾਰਾ॥ (ਪੰਨਾ 786)

ਰਚਨਾ ਵਿਚ ਆ ਕੇ (ਜਾਂ ਰਚਨਾ-ਰੂਪ ਹੋ ਕੇ) ਉਸ ਦੇ ਵਾਸਤਵਿਕ ਸਰੂਪ ਵਿਚ ਅੰਤਰ ਨਹੀਂ ਆਇਆ:

ਆਪੇ ਸ੍ਰਿਸਟਿ ਸਾਜੀਅਨੁ ਆਪਿ ਗੁਪਤੁ ਰਖੇਸਾ॥ (ਪੰਨਾ 955)

ਜਗਤ-ਪ੍ਰਪੰਚ ਦੀ ਪ੍ਰਕ੍ਰਿਤੀ ਨਾਲ ਜੁੜਿਆ ਅਹਿਮ ਸਵਾਲ ਇਸ ਪਸਾਰੇ ਦੇ ਸਰੂਪ (Nature) ਬਾਰੇ ਹੈ। ਕੀ ਇਹ ਰਚਨਾ, ਝੂਠ, ਧੋਖਾ ਜਾਂ ਮਾਇਆ ਹੈ? ਜਾਂ ਇਸ ਦੀ ਕੋਈ ਵਾਸਤਵਿਕ ਹੋਂਦ ਹੈ? ਭਾਰਤੀ-ਪਰੰਪਰਾ (ਸ਼ੰਕਰ ਦੇ ਅਦ੍ਵੈਤਵਾਦ) ਨੇ ਇਸ ਪਸਾਰੇ ਨੂੰ ‘ਮਾਇਆ’ ਕਿਹਾ ਹੈ, ਜਿਸ ਦਾ ਭਾਵ ਕਿ ਇਸ ਸ੍ਰਿਸ਼ਟੀ ਦੀ ਅਸਲ ਵਿਚ ਕੋਈ ‘ਹੋਂਦ’ ਨਹੀਂ, ਇਹ ‘ਧੋਖਾ’ ਜਾਂ ‘ਭਰਮ’ ਹੈ, ਪਰੰਤੂ ਗੁਰੂ ਅਮਰਦਾਸ ਜੀ ਨੇ ‘ਮਾਇਆ’ ਜਗਤ-ਪ੍ਰਪੰਚ ਦੇ ਸੰਦਰਭ ਵਿਚ ਨਹੀਂ ਲਈ। ਗੁਰੂ ਜੀ ਅਨੁਸਾਰ ਜਗਤ ਮਾਇਆ ਨਹੀਂ, ਸਗੋਂ ਇਸ ਜਗਤ-ਪ੍ਰਪੰਚ ਦਾ ਉਹ ‘ਮੋਹ’ ਹੈ, ਜਿਹੜਾ ‘ਜੀਵ’ ਨੂੰ ਆਪਣੇ ‘ਅਸਲੇ’ ਤੋਂ ਵਿਛੋੜ ਦਿੰਦਾ ਹੈ, ਇਸ ਤਰ੍ਹਾਂ ਮਾਇਆ, ‘ਜੀਵ’ ਅਤੇ ‘ਅਸਲੇ’ ਦੇ ਵਿਛੋੜੇ ਦਾ ਇਕ ‘ਕਾਰਨ’ ਹੈ:

ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ॥ (ਪੰਨਾ 921)

ਇਸੇ ਤਰ੍ਹਾਂ ਜਗਤ-ਪਸਾਰਾ ਮਾਇਆ ਨਹੀਂ, ਬਲਕਿ ਤਿੰਨ-ਗੁਣਾਂ ਵਿਚ ਵਿਚਰਨ ਵਾਲੇ ਜੀਵ ਦੀ ‘ਬਿਰਤੀ’ (ਦ੍ਰਿਸ਼ਟੀਕੋਣ) ਮਾਇਆ ਹੈ।12 ਜਗਤ ਪਸਾਰੇ ਦੀ ਤਾਂ ਵਾਸਤਵਿਕ ‘ਹੋਂਦ’ ਹੈ:

ਸੋ ਪ੍ਰਭੁ ਸਾਚਾ ਸਦ ਹੀ ਸਾਚਾ ਸਾਚਾ ਸਭੁ ਆਕਾਰਾ॥  (ਪੰਨਾ 1131)

ਪਰੰਤੂ ਜਗਤ ਵਿਵਹਾਰਿਕ ਅਰਥਾਂ ਵਿਚ ਹੀ ‘ਸਾਚਾ’ ਹੈ। ‘ਮਾਲੀ’ ਅਕਾਲ ਪੁਰਖ ਦੀ ਇਹ ਭਾਂਤ-ਸੁਭਾਂਤੀ ਵਾੜੀ13 ਸਦੀਵੀ ਨਹੀਂ, ਇਕ-ਨਾ-ਇਕ ਦਿਨ ਇਹ ਜਗਤ-ਰੂਪ ‘ਵਾੜੀ’ ‘ਉਜੜ’ ਜਾਣੀ ਹੈ।

ਅਸਲ ਵਿਚ ਇਸ ਬੇਅੰਤ ਕੌਤਕਾਂ ਵਾਲੇ ਅਸਗਾਹ ਪਸਾਰੇ ਦੀ (ਹਰੇਕ ਪੱਖ ਤੋਂ) ਕੀਮਤ, ਮਨੁੱਖ, ਸੀਮਤ ਸੋਝੀ ਹੋਣ ਕਰਕੇ, ਜਾਣ/ਪਾ ਨਹੀਂ ਸਕਦਾ। ਇਸ ਦੀ ਅਸਲ ‘ਹਕੀਕਤ’ ਤਾਂ ਉਹੀ ਜਾਣਦਾ ਹੈ, ਜੋ ਇਸ ‘ਕਿਰਤ’ ਦਾ ਕਾਰਨ ਹੈ:

ਕਰਤੈ ਕਾਰਣੁ ਜਿਨਿ ਕੀਆ ਸੋ ਜਾਣੈ ਸੋਈ॥ (ਪੰਨਾ 787)

3.1.3  ਜੀਵਨ (Life): ਬ੍ਰਹਿਮੰਡ ਵਿਚ ਨਿੱਕੀ ਜਿਹੀ ਥਾਂ ਇਸ ਧਰਤੀ ਉੱਪਰ ‘ਜੀਵਨ’ ਦਾ ਆਗਮਨ ਇਕ ਬੜਾ ਅਚੰਭੇ ਭਰਿਆ ‘ਕ੍ਰਿਸ਼ਮਾ’ ਹੈ। ਪਰਮਸੱਤਾ ਤੇ ਬੇਅੰਤ ਭੌਤਿਕ ਪਸਾਰੇ ਤੋਂ ਬਾਅਦ ਮਨੁੱਖੀ ਚੇਤਨਾ ਤੇ ਚਿੰਤਨ ਸਾਹਮਣੇ ‘ਜੀਵਨ’ ਹੀ ਇਕ ਰਹੱਸਮਈ ਬੁਝਾਰਤ ਹੈ। ਜਗਤ ਦੇ ਪਸਾਰੇ ਨੂੰ ਸਮਝਣ ਹਿਤ ਮਨੁੱਖ ਨੇ ਇਸ ਨੂੰ ਟੁਕੜਿਆਂ ਵਿਚ ਵੰਡਿਆ ਹੈ। ਇਸੇ ਤਰ੍ਹਾਂ ‘ਜੀਵਨ’ ਦੀ ਬੁਝਾਰਤ ‘ਬੁੱਝਣ’ ਲਈ ਮਨੁੱਖ ਨੇ ਇਸ ਦੇ ਦੋ ਰੂਪ ਮੁੱਖ ਤੌਰ ’ਤੇ ਕੀਤੇ ਹਨ:

(ੳ)  ਜੜ੍ਹ-ਸੰਸਾਰ (inanimate world)
(ਅ)  ਜੀਵੰਤ-ਸੰਸਾਰ (animate world) 

ਜੀਵੰਤ ਜਾਂ ਚੇਤਨ ਸੰਸਾਰ ਦੇ ਵੀ ਦੋ ਹਿੱਸੇ ਪ੍ਰਮੁੱਖ ਹਨ:

(ਅ-1) ਬਨਸਪਤੀ ਜਗਤ (botanical world) 
(ਅ-2) ਜੀਵ ਜਗਤ (biological world)

ਜੀਵੰਤ-ਸੰਸਾਰ ਦੇ ਜੀਵ-ਜਗਤ ਵਿੱਚੋਂ ‘ਮਨੁੱਖ’ ਸਭ ਤੋਂ ਵਿਕਸਿਤ ਜੀਵ ਹੈ। ਮਨੁੱਖੀ-ਚਿੰਤਨ ਸਾਹਮਣੇ ‘ਜੀਵਨ’ ਦੀ ਇਸ ਵਿਕਸਿਤ ਇਕਾਈ ਬਾਰੇ ਤਿੰਨ ਬੁਨਿਆਦੀ ਸਵਾਲ ਹਨ:

(ੳ) ਜੀਵਨ ਕੀ ਹੈ? (Nature of Life)
(ਅ) ਜੀਵਨ ਦਾ ਉਦੇਸ਼?
(ੲ) ਉਦੇਸ਼-ਪ੍ਰਾਪਤੀ ਦੇ ਸਾਧਨ? (ਸਾਧਨ-ਮਾਰਗ)

(ੳ) ਸ੍ਰੀ ਗੁਰੂ ਅਮਰਦਾਸ ਜੀ ਨੇ (ਮਨੁੱਖੀ) ਜੀਵਨ ਦੀ ਵਿਆਖਿਆ ਇਸ ਦੇ ਭੌਤਿਕ ਤੇ ਪਰਾਭੌਤਿਕ ਪੱਖਾਂ ਨੂੰ ਲੈ ਕੇ ਕੀਤੀ ਹੈ। ਗੁਰੂ ਸਾਹਿਬ ਅਨੁਸਾਰ ਮਨੁੱਖਾ ਸਰੀਰ ‘ਪੰਚ ਤੱਤਾਂ’ ਦੇ ਸੁਮੇਲ ਤੋਂ ਬਣਿਆ ਹੈ, ਪਰ ‘ਮਨੁੱਖ’ ਕੇਵਲ ਸਰੀਰ ਨਹੀਂ, ਇਸ ਸਰੀਰ ਵਿਚ ‘ਹਰਿ’ (ਜੋਤਿ ਰੂਪ, ਆਤਮਾ ਰੂਪ) ਵੱਸਦਾ ਹੈ। ਦੂਜੇ ਸ਼ਬਦਾਂ ਵਿਚ ਪੰਜ ਤੱਤਾਂ ਦਾ ਪੁਤਲਾ ‘ਸਰੀਰ’, ਹਰਿ ਦੇ ਆਤਮਾ ਰੂਪ ਵਿਚ ਵੱਸਣ ਲਈ ‘ਮੰਦਰ’ ਹੈ:

ਪੰਚ ਤਤੁ ਮਿਲਿ ਦੇਹੀ ਕਾ ਆਕਾਰਾ॥ (ਪੰਨਾ 1128)

ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥ (ਪੰਨਾ 1346)

ਇਸ ਤਰ੍ਹਾਂ ਮਨੁੱਖ, ਸਰੀਰ ਤੇ ਜੋਤਿ ਦਾ ਸੁਮੇਲ ਹੈ।

(ਅ) ਸ੍ਰੀ ਗੁਰੂ ਅਮਰਦਾਸ ਜੀ ਅਨੁਸਾਰ ਮਨੁੱਖੀ ਜੀਵਨ ਦਾ ਉਦੇਸ਼ ਜਾਂ ਮਨੋਰਥ, ਇਸ ਦਾ ਆਪਣੇ ‘ਮੂਲੁ’ ਨੂੰ ਜਾਣਨਾ ਹੈ। ਇਹ ‘ਮੂਲੁ’ ਦਾ ਸਰੂਪ ‘ਜੋਤਿ’ ਹੈ, ਇਸ ਤਰ੍ਹਾਂ ‘ਜੋਤਿ’ ਪਛਾਣਨਾ ਹੀ ਇਸ ਜੀਵਨ ਦਾ ਅਸਲੀ ਮਨੋਰਥ ਹੈ:

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ (ਪੰਨਾ 441)

(ੲ) ਜੀਵਨ ਦੇ ਅਸਲ ਮਨੋਰਥ ਨੂੰ ਪ੍ਰਾਪਤ ਕਰਨ ਲਈ, ਗੁਰੂ ਅਮਰਦਾਸ ਜੀ ਅਨੁਸਾਰ ਮਨੁੱਖ ਨੂੰ ‘ਬਾਹਰ’ ਜਾਣ ਦੀ ਲੋੜ ਨਹੀਂ। ਹਰ ਕਿਸਮ ਦੀਆਂ ‘ਸੰਭਾਵਨਾਵਾਂ’ (ਜਿਨ੍ਹਾਂ ਵਿੱਚੋਂ ‘ਮੂਲ’ ਜਾਣਨ ਦੀ ਸੰਭਾਵਨਾ ਮੁੱਖ ਹੈ) ਇਸ ਦੀ ਦੇਹੀ ਵਿਚ ਹੀ ਹਨ:

ਮੇਰੈ ਕਰਤੈ ਇਕ ਬਣਤ ਬਣਾਈ॥
ਇਸੁ ਦੇਹੀ ਵਿਚਿ ਸਭ ਵਥੁ ਪਾਈ॥ (ਪੰਨਾ 1064)

ਇਸ ‘ਕਾਇਆ’ ਅੰਦਰ ਪਈਆਂ ਅਸੰਖ ਵਸਤਾਂ14 ‘ਨਉ ਖੰਡ ਪ੍ਰਿਥਮੀ…’ ਵਿੱਚੋਂ ਅਸਲ ਵਸਤ ਲੱਭਣ ਦੀ ਲੋੜ ਹੈ ਅਤੇ ਭਾਵੇਂ ਇਹ ਕਾਇਆ ਵਿਚ ਹੀ ਪਈ ਹੈ, ਪਰ ਇਸ ਗੱਲ ਦੀ ਸਮਝ ਗੁਰ-ਗਿਆਨ ਜਾਂ ਗੁਰ-ਸ਼ਬਦ ਨਾਲ ਆਉਂਦੀ ਹੈ:

ਘਰ ਹੀ ਵਿਚਿ ਮਹਲੁ ਪਾਇਆ ਗੁਰ ਸਬਦੀ ਵੀਚਾਰਿ॥ (ਪੰਨਾ 30)

ਉਪਰੋਕਤ ਸੰਖੇਪ ਵਿਚਾਰ ਦਾ ਸਾਰ ਇਹ ਹੈ ਕਿ ਗੁਰੂ ਅਮਰਦਾਸ ਜੀ ਨੇ ਜਿਥੇ ਮਨੁੱਖੀ ਚਿੰਤਨ ਦੇ ਬੁਨਿਆਦੀ ‘ਮਸਲੇ’ ਲਏ ਹਨ, ਉਥੇ ਆਪਣੇ ਢੰਗ ਨਾਲ ਇਨ੍ਹਾਂ ਦਾ ਸਮਾਧਾਨ ਵੀ ਕੀਤਾ ਹੈ। ਇਨ੍ਹਾਂ ਦੇ ਅੰਤਰਗਤ ਆਉਂਦੇ ਹੋਰ ਅਨੇਕਾਂ ਸੰਕਲਪਾਂ (ਗੁਰੂ, ਮੁਕਤੀ, ਸੰਗਤ, ਹੁੳਮੈ…ਆਦਿ) ਬਾਰੇ ਵੀ ਭਰਵੀਂ ਵਿਚਾਰ ਮਿਲਦੀ ਹੈ। ਪਰੰਪਰਾ ਵਿਚ ਪ੍ਰਾਪਤ ਹਰ ‘ਸੱਚ’ ਨੂੰ ਜਿੱਥੇ ਖੁੱਲ੍ਹੇ ਰੂਪ ਵਿਚ ਅਪਣਾਇਆ ਹੈ, ਉਥੇ ਵਹਿਮ-ਪ੍ਰਸਤੀ ਦੇ ਹਰ ‘ਤੱਥ’ ਨੂੰ ਨਿਰਭਉ ਹੋ ਕੇ ਰੱਦਿਆ ਵੀ ਹੈ। ਸਮਾਜਿਕ/ ਆਰਥਿਕ ਦੁਸ਼ਵਾਰੀਆਂ ਖ਼ਿਲਾਫ ਗੁਰੂ ਜੀ ਦੀ ਬਾਣੀ ਵਿਚ ਇਕ ‘ਜੰਗ’ ਮੱਚ ਰਹੀ ਹੈ। ਸੋ ਇਸ ਵਿਸ਼ਾਲ ਅਨੁਭਵ/ਚਿੰਤਨ ਪਿੱਛੇ ਗੁਰੂ ਜੀ ਦੀ ਬਜ਼ੁਰਗੀ ਦੀ ਛਾਪ ਸਾਫ਼ ਨਜ਼ਰ ਆਉਂਦੀ ਹੈ।

3.2 ਕਲਾ-ਪੱਖ: ਬਾਣੀ ਦਾ ਵਿਸ਼ਾ ਅਨੁਭਵ-ਅਤੀਤ ਤੇ ਪ੍ਰਕ੍ਰਿਤੀ ਪੱਖੋਂ ਰਹੱਸਵਾਦੀ ਹੋਣ ਕਰਕੇ ਇਸ ਦਾ ਨਿਰੋਲ ਸਾਹਿਤਕ/ਕਾਵਿ-ਵਿਧੀਆਂ ਦੀ ਦ੍ਰਿਸ਼ਟੀ ਤੋਂ ਅਧਿਐਨ ਕਰਨਾ ਬਹੁਤ ਤਰਕ-ਸੰਗਤ ਨਹੀਂ। ਅਸਲ ਵਿਚ ਸਾਡੇ ਵਿਦਵਾਨ ਹਾਲੇ ਇਸ ਵਿਸ਼ੇ ਦੇ ਰੂ-ਬ-ਰੂ ਹਨ ਕਿ ਕੀ ਬਾਣੀ ਨੂੰ ਕਾਵਿ ਦੇ ਖੇਤਰ ਵਿਚ ਰੱਖਿਆ ਜਾਵੇ ਜਾਂ ਧਰਮ/ਦਰਸ਼ਨ ਦੇ? ਭਾਵੇਂ ਕੋਈ ਵਿਚਾਰ ਹਾਲੇ ਨਿੱਖਰ ਕੇ ਸਾਹਮਣੇ ਤਾਂ ਨਹੀਂ ਆਇਆ, ਪਰ ਇਹ ਗੱਲ ਯਕੀਨੀ ਹੈ ਕਿ ਪੱਛਮੀ (ਹਡਸਨ ਆਦਿ) ਧਾਰਾ ਦੀ ਸ਼ੈਲੀ, ਕਲਪਨਾ, ਬੁੱਧੀ ਆਦਿ ਜਾਂ ਭਾਰਤੀ ਕਾਵਿ-ਧਾਰਾ ਦੀ ਰੀਤਿ, ਵਕ੍ਰੋਕਤੀ, ਧ੍ਵਨੀ, ਰਸ ਆਦਿ ਧਾਰਾਵਾਂ ਨਾਲ ਜੋੜ ਕੇ ਬਾਣੀ ਦਾ ਅਧਿਐਨ ਕਰਨਾ ਬਹੁਤਾ ਠੀਕ ਸਿੱਟਾ ਨਹੀਂ ਕੱਢ ਸਕੇਗਾ। ਬਾਣੀ ਵਿਚ ਧਰਮ/ਦਰਸ਼ਨ/ਕਾਵਿ ਦਾ ਸੁਮੇਲ ਪ੍ਰਾਪਤ ਹੈ। ਵਿਸ਼ੇ ਪੱਖੋਂ ਜਿੱਥੇ ਇਹ ਧਰਮ/ਦਰਸ਼ਨ ਦੀ ਵਸਤੂ ਹੋ ਨਿੱਬੜਦੀ ਹੈ, ਉਥੇ ਪ੍ਰਗਟਾ ਪੱਖੋਂ ਇਹ ਕਾਵਿ/ਸਾਹਿਤ ਦੇ ਘੇਰੇ ਵਿਚ ਹੈ। ਇਸ ਵਿਚ ਕਈ ਸਾਹਿਤਕ-ਕਾਵਿ (ਬਾਰਹਮਾਹ, ਥਿਤੀ, ਦਿਨ ਰੈਣਿ, ਬਿਰਹੜੇ, ਬਾਵਨ ਅਖਰੀ, ਰੁਤੀ, ਵਣਜਾਰਾ ਆਦਿ) ਤੇ ਲੋਕ-ਕਾਵਿ (ਅੰਜੁਲੀ, ਅਲਾਹਣੀਆਂ, ਸਦੁ, ਕਰਹਲਾ ਆਦਿ) ਰੂਪਾਂ ਦੀ ਵਰਤੋਂ ਕੀਤੀ ਹੈ, ਲੋਕ-ਮੁਹਾਵਰੇ ਨੂੰ ਅਪਣਾਇਆ ਹੈ, ਸੋ ਇਸ ਨੂੰ ਇੱਥੋਂ ਪਰ੍ਹੇ ਕਰ ਕੇ ਨਿਰੋਲ ਧਰਮ-ਸਿਧਾਂਤੀ (theological) ਜਾਂ ਦਾਰਸ਼ਨਿਕ (philosophical) ਵਿਧੀਆਂ ਦੁਆਰਾ ਵੀ ਅਧਿਐਨ ਨਹੀਂ ਕੀਤਾ ਜਾ ਸਕਦਾ। ਖ਼ੈਰ, ਵਿਦਵਾਨ ਕਿਸੇ ‘ਧਰਮ ਸਿਧਾਂਤੀ ਕਾਵਿ-ਸ਼ਾਸਤਰ’ (Theological poetics) ਦੀ ਤਲਾਸ਼ ਵਿਚ ਹਨ। ਇਹੋ ਗੱਲ ਗੁਰੂ ਅਮਰਦਾਸ ਜੀ ਦੀ ਬਾਣੀ ਬਾਰੇ ਵੀ ਇੰਨ-ਬਿੰਨ ਢੁੱਕਦੀ ਹੈ।

ਇਥੇ ਕਾਵਿ-ਪੱਖ ਦੇ ਜਿਹੜੇ ਵਰਣਨਯੋਗ ਤੱਥ ਹਨ, ਉਨ੍ਹਾਂ ਦਾ ਵੰਨਗੀ-ਮਾਤਰ ਉਲੇਖ ਕੀਤਾ ਜਾਂਦਾ ਹੈ। ਗੁਰੂ ਅਮਰਦਾਸ ਜੀ ਦੀ ਬਾਣੀ ਇਨ੍ਹਾਂ ਨੂੰ ਉਜਾਗਰ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ।

3.2.1 ਕਾਵਿ ਦਾ ਜ਼ਰੂਰੀ ਤੱਥ/ਤੱਤ ਉਸ ਦਾ ਉਹ ਅਨੁਭਵ ਹੁੰਦਾ ਹੈ, ਜਿਸ ਨੇ ਉਸ ਨੂੰ ਆਧਾਰ ਪ੍ਰਦਾਨ ਕੀਤਾ ਹੋਵੇ। ਗੁਰੂ ਸਾਹਿਬ ਦਾ ਕਾਵਿ-ਅਨੁਭਵ ‘ਅਧਿਆਤਮਿਕਤਾ’ ਦੇ ਖੇਤਰ ਦਾ ਹੈ। ਇਹ ਖੇਤਰ ਜਿੰਨਾ ਡੂੰਘਾ, ਵਿਸ਼ਾਲ ਤੇ ਰਸਦਾਇਕ ਹੈ, ਓਨੀ ਹੀ ਗੰਭੀਰਤਾ ਤੇ ਰਸ ਇਨ੍ਹਾਂ ਦੀ ਬਾਣੀ ਵਿਚ ਹੈ:

ਗੁਰ ਕੈ ਸਬਦਿ ਅੰਤਰਿ ਬ੍ਰਹਮੁ ਪਛਾਣੁ॥ (ਪੰਨਾ 364)

ਕਾਇਆ ਅੰਦਰਿ ਬ੍ਰਹਮਾ ਬਿਸਨੁ ਮਹੇਸਾ ਸਭ ਓਪਤਿ ਜਿਤੁ ਸੰਸਾਰਾ॥ (ਪੰਨਾ 754)

3.2.2  ਗੁਰਬਾਣੀ ਨੇ ਭਾਵਾਂ ਦੇ ਸੰਚਾਰ ਲਈ ਆਮ ਤੌਰ ’ਤੇ ਸਮਾਜ ਅਤੇ ਪ੍ਰਕ੍ਰਿਤੀ ਵਿੱਚੋਂ ਪ੍ਰਤੀਕ ਲਏ ਹਨ। ਗੁਰੂ ਅਮਰਦਾਸ ਜੀ ਵੀ ਆਪਣੇ ਵਿਚਾਰਾਂ ਦਾ ਆਮ ਲੋਕਾਈ ਤਕ ਸੰਚਾਰ ਕਰਨ ਲਈ ਸਮਾਜ ਅਤੇ ਪ੍ਰਕ੍ਰਿਤੀ ਵਿੱਚੋਂ ਹੀ ਪ੍ਰਤੀਕ ਲੈਂਦੇ ਹਨ, ਇਨ੍ਹਾਂ ਵਿਚ ਹੰਸ, ਬਬੀਹਾ, ਕੂੰਜ, ਸੱਪ, ਵਰਮੀ, ਹਟ, ਵਣਜ, ਵਾਪਾਰ ਆਦਿ ਅਨੇਕਾਂ ਸ਼ਾਮਲ ਕੀਤੇ ਜਾ ਸਕਦੇ ਹਨ। ਮਿਸਾਲ ਵਜੋਂ ਮਨੂਰ, ਮਾਰੂ ਆਦਿ ਪ੍ਰਤੀਕ ਮਨੁੱਖੀ ਅਧੋਗਤੀ ਦਾ ਪ੍ਰਤੀਕ ਹਨ ਤੇ ਕੰਚਨ, ਸੀਤਲ ਆਦਿ ਆਤਮਿਕ ਵਿਕਾਸ ਦੀਆਂ ਨਿਸ਼ਾਨੀਆਂ15 :

ਮਨੂਰੈ ਤੇ ਕੰਚਨ ਭਏ ਭਾਈ ਗੁਰੁ ਪਾਰਸੁ ਮੇਲਿ ਮਿਲਾਇ॥ (ਪੰਨਾ 638)

ਮਾਰੂ ਤੇ ਸੀਤਲੁ ਕਰੇ ਮਨੂਰਹੁ ਕੰਚਨੁ ਹੋਇ॥ (ਪੰਨਾ 994)

3.2.3 ਗੁਰੂ ਜੀ ਨੇ ਅੰਦਰਲੀ ਆਤਮਿਕ ਅਵਸਥਾ ਤੇ ਅਧਿਆਤਮਕ ਪ੍ਰਾਪਤੀ ਦੇ ਚਾਅ ਨੂੰ ਪ੍ਰਗਟਾਉਣ ਲਈ ਭਾਂਤ-ਸੁਭਾਂਤੇ ਬਿੰਬ ਵਰਤੇ ਹਨ:

ਊਂਨਵਿ ਊਂਨਵਿ ਆਇਆ ਅਵਰਿ ਕਰੇਂਦਾ ਵੰਨ॥ (ਪੰਨਾ 1290)

3.2.4 ਅਲੰਕਾਰਾਂ ਪੱਖੋਂ ਗੁਰੂ ਜੀ ਦੀ ਬਾਣੀ ਵਿਚ ਰੂਪਕ, ਉਪਮਾ, ਦ੍ਰਿਸ਼ਟਾਂਤ, ਉਲਾਸ, ਪ੍ਰਮਾਣ ਆਦਿ ਦੇ ਅਨੇਕਾਂ ਨਮੂਨੇ ਮਿਲ ਜਾਂਦੇ ਹਨ। ਇਹ ਅਲੰਕਾਰ ਸਹਿਜ-ਸੁਭਾ ਹੀ ਬਾਣੀ ਦਾ ‘ਸ਼ਿੰਗਾਰ’ ਬਣੇ ਹਨ, ਕੋਈ ਨਾਪ-ਤੋਲ ਕੇ ਨਹੀਂ। ਮਿਸਾਲ ਲਈ ਰੂਪਕ:

ਮਨੁ ਕੁੰਚਰੁ ਪੀਲਕੁ ਗੁਰੂ ਗਿਆਨੁ ਕੁੰਡਾ ਜਹ ਖਿੰਚੇ ਤਹ ਜਾਇ॥ (ਪੰਨਾ 516)

3.2.5 ਭਾਸ਼ਾਈ ਪੱਖੋਂ ਜਿੱਥੇ ਗੁਰੂ ਜੀ ਦਾ ਸ਼ਬਦ-ਕੋਸ਼ ਬੜਾ ਵਿਸ਼ਾਲ ਹੈ, ਉਥੇ ਆਪ ਨੇ ਅਰਬੀ-ਫ਼ਾਰਸੀ ਦੇ ਸ਼ਬਦ ਘੱਟ ਹੀ ਵਰਤੇ ਹਨ। ਆਪ ਜੀ ਦੀ ਭਾਸ਼ਾ ਵਰਤਮਾਨ ਪੰਜਾਬੀ ਨਾਲੋਂ ਕਾਫ਼ੀ ਸੰਜੋਗਾਤਮਿਕ ਹੈ। ਸਮਕਾਲੀਨ ਸਮੇਂ ਦੀ ਇਹ ਨਿਰੀ ਬੋਲ-ਚਾਲ ਦੀ ‘ਬੋਲੀ’ ਹੀ ਨਹੀਂ, ਬਲਕਿ ਸਾਹਿਤਕ ਭਾਸ਼ਾ ਹੈ। ਸੰਸਕ੍ਰਿਤ, ਅਪਭ੍ਰੰਸ਼ ਦੀਆਂ ਵੰਨਗੀਆਂ ਵੀ ਮਿਲ ਜਾਂਦੀਆਂ ਹਨ।

3.2.6 ਆਪ ਜੀ ਦੀ ਸਾਰੀ ਬਾਣੀ (ਲੱਗਭਗ) ਸੰਗੀਤਬੱਧ/ਰਾਗਬੱਧ ਹੋਣ ਕਾਰਨ ਇਕ ਵਿਸ਼ੇਸ਼ ਪ੍ਰਕਾਰ ਦੀ ਲੈਅ, ਰਾਗ ਤੇ ਸੁਗਮਤਾ ਵਿਚ ਬੰਨ੍ਹੀ ਹੋਈ ਹੈ ਪਰੰਤੂ ਗੁਰੂ ਜੀ ਰਾਗ/ਸੰਗੀਤ ਦਾ ਸਬੰਧ ਗਾਉਣ/ਸੁਣਨ/ਮਾਣਨ ਵਾਲੇ ਦੇ ਇਖ਼ਲਾਕ ਨਾਲ ਜੋੜਦੇ ਹਨ, ਭਾਵ ਰਾਗ/ਸੰਗੀਤ ਦੀ ਵੀ ਤਾਂ ਹੀ ਮਹਾਨਤਾ ਹੈ ਜੇ ਮਨੁੱਖ ਉਚ- ਇਖ਼ਲਾਕੀ ਗੁਣਾਂ ਦਾ ਧਾਰਨੀ ਹੋਵੇ:

ਗੁਰਮੁਖਿ ਮਲਾਰ ਰਾਗੁ ਜੋ ਕਰਹਿ ਤਿਨ ਮਨੁ ਤਨੁ ਸੀਤਲੁ ਹੋਇ॥ (ਪੰਨਾ 1285)

ਧਨਾਸਰੀ ਧਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਇ॥ (ਪੰਨਾ 1419)

4. ਸਾਰ: ਉਪਰੋਕਤ ਦੇ ਸਾਰ ਵਜੋਂ ਇਥੇ ਇੰਨਾ ਕਹਿਣਾ ਹੀ ਵਾਜਬ ਹੈ ਕਿ ਗੁਰੂ ਨਾਨਕ ਜੋਤਿ ਦੀ ਨਿਰੰਤਰਤਾ ਦੀ ਮਹਾਨ ਤੀਜੀ ਸ਼ਖ਼ਸੀਅਤ ਨੇ ‘ਗੁਰਮਤਿ ਪੰਥ’ ਨੂੰ ਆਪਣੇ ਅਮਲੀ ਕਾਰਜਾਂ ਵਿੱਚੋਂ ਅਨੇਕਾਂ ਸੰਸਥਾਵਾਂ (ਲੰਗਰ, ਮੰਜੀ, ਪੰਗਤ ਆਦਿ) ਅਤੇ ਡੂੰਘੇ ਅਨੁਭਵ/ਚਿੰਤਨ ਵਿੱਚੋਂ ਸਦੀਵੀ ਅਮਰਤਾ ਦੀ ਬਹੁਗੁਣੀ ਵਿਚਾਰਧਾਰਾ (ਬਾਣੀ) ਬਖ਼ਸ਼ ਕੇ ਮਨੁੱਖਤਾ ਦੇ ਪਰਉਪਕਾਰ ਲਈ ਵੱਡਾ ਹੰਭਲਾ ਮਾਰਿਆ ਹੈ।

ਹਵਾਲੇ ਅਤੇ ਪਦ-ਟਿਪਣੀਆਂ :

1. ਝਖੜਿ ਵਾਉ ਨ ਡੋਲਈ ਪਰਬਤੁ ਮੇਰਾਣੁ॥ (ਪੰਨਾ 968)
2.  ਰਾਮਕਲੀ ‘ਸਦੁ’ (ਪੰਨਾ 923), ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ (ਪੰਨਾ 966), ਤੁਖਾਰੀ ਮਹਲਾ 4 (ਪੰਨਾ 1116) ਅਤੇ ਸਵਈਏ ਮਹਲੇ ਤੀਜੇ ਕੇ 3 (ਪੰਨਾ 1392)
3.  ‘ਸਦੁ’ ਵਿਚ ਗੁਰੂ ਜੀ ਦਾ ਜੋਤੀ ਜੋਤਿ ਸਮਾਉਣ ਅਤੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦੇਣ ਦਾ ਹਵਾਲਾ ਹੈ। ‘ਰਾਮਕਲੀ ਕੀ ਵਾਰ’ ਵਿਚ ਵੀ ਗੁਰਗੱਦੀ ਪ੍ਰਾਪਤੀ ਤੇ ਇਸ ਦੀ ਜ਼ਿੰਮੇਵਾਰੀ ਦਾ ਸੰਕੇਤ ਹੈ। ‘ਤੁਖਾਰੀ ਮਹਲਾ 4’ ਵਿਚ ‘ਕੁਰਖੇਤਰ’ ਆਦਿ ਤੀਰਥਾਂ ’ਤੇ ਜਾਣ ਅਤੇ ਭੁੱਲੀ ਲੋਕਾਈ ਨੂੰ ਤਾਰਨ ਦੀ ਗਵਾਹੀ ਹੈ।
4.ਵੇਖੋ : ਵਾਰ 1, ਪਉੜੀ 46; ਵਾਰ 33, ਪਉੜੀ 26.
5. ਵੇਖੋ : ਵਾਰ 16, ਪਉੜੀ 11.
6. ਮੁਢਲੇ ਸ੍ਰੋਤਾਂ ਲਈ ਵੇਖੋ : ਡਾ. ਰਾਏ ਜਸਬੀਰ ਸਿੰਘ (ਸੰਪਾ.), ਗੁਰੂ ਅਮਰਦਾਸ : ਸ੍ਰੋਤ- ਪੁਸਤਕ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ-1986.
7. ਆਧੁਨਿਕ ਵਿਦਵਾਨਾਂ ਵਿੱਚੋਂ ਗੁਰੂ ਅਮਰਦਾਸ ਜੀ ਬਾਰੇ ਮਿਹਨਤ ਭਰਿਆ ਕਾਰਜ ਡਾ. ਬਲਬੀਰ ਸਿੰਘ ਦਿਲ ਨੇ ਕੀਤਾ ਹੈ; ਵੇਖੋ: ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਅਮਰਦਾਸ ਫਾਊਂਡੇਸ਼ਨ, ਫਿਰੋਜ਼ਪੁਰ-1987.
8. ਜਿਵੇਂ ਪ੍ਰੋ. ਸਾਹਿਬ ਸਿੰਘ ਨੇ (ਜੀਵਨ ਬ੍ਰਿਤਾਂਤ ਸ੍ਰੀ ਗੁਰੂ ਅਮਰਦਾਸ, ਸਿੰਘ ਬ੍ਰਦਰਜ਼, ਅੰਮ੍ਰਿਤਸਰ- 1967, ਪੰਨਾ 51 ਉੱਤੇ) ਸ਼ਬਦ, ਅਸ਼ਟਪਦੀਆਂ, ਛੰਤ ਆਦਿ ਦੀ ਕੁੱਲ ਗਿਣਤੀ ਕ੍ਰਮਵਾਰ 172, 91, 20 ਦਿੱਤੀ ਹੈ, ਇਨ੍ਹਾਂ ਨੇ ਰਾਗ ਵੀ 17 ਗਿਣੇ ਹਨ (ਬਿਹਾਗੜਾ ਛੱਡ ਦਿੱਤਾ ਹੈ, ਇਸ ਵਿਚ ‘ਵਾਰ ਮ: 4’ ਵਿਚ ਮ: 3 ਦੇ 33 ਸਲੋਕ ਹਨ)। ਇਨ੍ਹਾਂ ਤੋਂ ਬਿਨਾਂ ਡਾ. ਤਾਰਨ ਸਿੰਘ, ਡਾ. ਸੁਰਿੰਦਰ ਸਿੰਘ ਕੋਹਲੀ, ਡਾ. ਬਲਬੀਰ ਸਿੰਘ ਦਿਲ ਆਦਿ ਨੇ ਵੀ ਭਿੰਨਤਾ ਸਹਿਤ ਬਿਉਰੇ ਦਿੱਤੇ ਹਨ।
9.ਵਿਸਤਾਰ ਲਈ ਵੇਖੋ: ਪੰਜਾਬੀ ਸਾਹਿਤ ਦਾ ਸਰੋਤ-ਮੂਲਕ ਇਤਿਹਾਸ, ਭਾਗ-ੀ (ਪੂਰਵ ਮੱਧਕਾਲ-ੀ), ਪੰਜਾਬੀ ਯੂਨੀਵਰਸਿਟੀ, ਪਟਿਆਲਾ-1998, ਪੰਨਾ 65.
10. ਦਾਰਸ਼ਨਿਕ ਦ੍ਰਿਸ਼ਟੀਕੋਣ ਤੋਂ ‘ਗੁਰਮਤਿ-ਧਾਰਾ’ ਦੀ ਪ੍ਰਕ੍ਰਿਤੀ ਨੂੰ ਵਿਦਵਾਨਾਂ ਨੇ ‘ਅਕਾਲਵਾਦ’, ‘ਹੁਕਮਵਾਦ’, ‘ਏਕਓਅੰਕਾਰਵਾਦ’ ਆਦਿ ਦੇ ਨਾਂ ਦੇਣ ਦੀ ਕੋਸ਼ਿਸ਼ ਕੀਤੀ ਹੈ, ਪਰ ਗੁਰਬਾਣੀ ‘ਸ਼ੁੱਧ’, ਦਾਰਸ਼ਨਿਕ-ਪ੍ਰਕ੍ਰਿਤੀ ਵਾਲੀ ਨਹੀਂ, ਇਸ ਵਿਚ ਸਮਾਜ, ਧਰਮ, ਦਰਸ਼ਨ ਆਦਿ ਕਈ ਤੱਤਾਂ ਦੇ ਨਾਲ ‘ਕਾਵਿ’ ਵੀ ਸ਼ਾਮਲ ਹੈ।
11.ਕਾਇਆ ਸਰੀਰੈ ਵਿਚਿ ਸਭੁ ਕਿਛੁ ਪਾਇਆ॥ (ਪੰਨਾ 117) ਗੁਰੂ ਨਾਨਕ ਸਾਹਿਬ ਦੇ ਪ੍ਰਸੰਗ ਵਿਚ ਇਸ ਗੱਲ ਦੀ ਪੁਸ਼ਟੀ ਗੁਰਬਾਣੀ {(ਮਾਝ 1, ਵਾਰ 23:1-3  (148);  27:1-8  (150)},  ਭਾਈ ਗੁਰਦਾਸ (ਵਾਰ 1,  ਪਉੜੀ 24) ਆਦਿ ਤੋਂ ਬਿਨਾਂ ਪੁਰਾਤਨ ਜਨਮਸਾਖੀ (ਸੰਪਾ. ਭਾਈ ਵੀਰ ਸਿੰਘ, ਮੈਨੇਜਰ ਖ਼ਾਲਸਾ ਸਮਾਚਾਰ, ਅੰਮ੍ਰਿਤਸਰ-1948, ਪੰਨੇ 16-7) ਨੇ ਬੜੇ ਖ਼ੂਬਸੂਰਤ ਤਰੀਕੇ ਨਾਲ ਕੀਤੀ ਹੈ।
12. ਤ੍ਰੈ ਗੁਣ ਬਿਖਿਆ ਅੰਧੁ ਹੈ ਮਾਇਆ ਮੋਹ ਗੁਬਾਰ॥ (ਪੰਨਾ 30)
13. ਇਹੁ ਜਗੁ ਵਾੜੀ ਮੇਰਾ ਪ੍ਰਭੁ ਮਾਲੀ॥  (ਪੰਨਾ 118)
14. ਇਸੁ ਕਾਇਆ ਅੰਦਰਿ ਵਸਤੁ ਅਸੰਖਾ॥  (ਪੰਨਾ 110)
15 ਵਿਸਤਾਰ ਲਈ ਵੇਖੋ : ਡਾ. ਬਲਬੀਰ ਸਿੰਘ ਦਿਲ, ਅਮਰ ਕਵੀ ਗੁਰੂ ਅਮਰਦਾਸ, ਭਾਸ਼ਾ ਵਿਭਾਗ, ਪਟਿਆਲਾ-1975, ਪੰਨਾ 251.

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Gurmail Singh
ਅਸਿਸਟੈਂਟ ਪ੍ਰਫ਼ੈਸਰ, ਧਰਮ ਅਧਿਐਨ ਵਿਭਾਗ -ਵਿਖੇ: ਪੰਜਾਬੀ ਯੂਨੀਵਰਸਿਟੀ, ਪਟਿਆਲਾ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)