editor@sikharchives.org

ਗੁਰੂ ਗ੍ਰੰਥ ਅਤੇ ਪੰਥ

ਧਰਤੀ ਅਤੇ ਮਨੁੱਖਤਾ ਦੀ ਇਸ ਸੱਦ ’ਤੇ ਸ੍ਰੀ ਗੁਰੂ ਨਾਨਕ ਸਾਹਿਬ ਰੱਬੀ ਰਹਿਮਤਾਂ ਦੀ ਦਾਤ ਝੋਲੀ ਪੁਆ ਕੇ ਤਪਦੀ ਧਰਾਂ ’ਤੇ ਨੂਰ ਵਾਂਙੂੰ ਪ੍ਰਗਟ ਹੋਏ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸੰਸਾਰ ਦੀ ਧਾਰਮਿਕ ਪਰੰਪਰਾ ਵਿਚ ਨਵੀਨ ਅਤੇ ਪੁਰਾਤਨ ਕਈ ਕ੍ਰਾਂਤੀਆਂ ਸ਼ਾਮਿਲ ਹਨ ਜਿਨ੍ਹਾਂ ਲੋਕਾਈ ਦੇ ਸਹੀ ਮਾਰਗ-ਦਰਸ਼ਨ ਲਈ ਕਈ ਨਵੀਆਂ ਪੈੜਾਂ ਪਾਈਆਂ। ਇਨ੍ਹਾਂ ਲਾ-ਮਿਸਾਲ ਧਾਰਮਿਕ ਕ੍ਰਾਂਤੀਆਂ ਰਾਹੀਂ ਨਵੀਆਂ ਮੰਜ਼ਲਾਂ ਤੈਅ ਵੀ ਕੀਤੀਆਂ ਗਈਆਂ। ਪਰ ਕੁਝ ਅਜਿਹਾ ਸੱਖਣਾਪਣ ਵੀ ਕਾਇਮ ਰਿਹਾ ਜਿਸ ਕਰਕੇ ਆਦਰਸ਼ ਸੰਸਾਰ ਦੀ ਸਥਾਪਨਾ ਅਧੂਰੀ ਰਹੀ। ਧਰਤੀ ਕਿਸੇ ਅਜਿਹੇ ਆਦਰਸ਼ਕ ਸਿਧਾਂਤ ਦੀ ਉਡੀਕ ਵਿਚ ਸੀ ਜਿਸ ਨਾਲ ਸਥਿਰਤਾ ਅਤੇ ਸ਼ਾਂਤੀ ਪੱਸਰ ਜਾਏ। ਲੋਕ ਉਸ ਬਾਦਸ਼ਾਹਤ ਦੀ ਸਰਪ੍ਰਸਤੀ ਲਈ ਤਰਲੋਮੱਛੀ ਹੋ ਰਹੇ ਸਨ ਜਿਸ ਨਾਲ ਸੁਖਦ ਜੀਵਨ-ਜੁਗਤੀ ਪ੍ਰਾਪਤ ਹੋਵੇ। ਸਰੀਰ ਅਤੇ ਰੂਹ ਦੋਵੇਂ ਆਪਣੇ-ਆਪਣੇ ਕਰਤੱਵਾਂ ਨੂੰ ਨਿਭਾ ਕੇ ਸਫਲ ਹੋਵਣ। ਧਰਤੀ ਅਤੇ ਮਨੁੱਖਤਾ ਦੀ ਇਸ ਸੱਦ ’ਤੇ ਸ੍ਰੀ ਗੁਰੂ ਨਾਨਕ ਸਾਹਿਬ ਰੱਬੀ ਰਹਿਮਤਾਂ ਦੀ ਦਾਤ ਝੋਲੀ ਪੁਆ ਕੇ ਤਪਦੀ ਧਰਾਂ ’ਤੇ ਨੂਰ ਵਾਂਙੂੰ ਪ੍ਰਗਟ ਹੋਏ।

ਇਸ ਰੱਬੀ ਜੋਤ ਨੇ ਦਸ ਚੋਲ਼ੇ ਬਦਲਣ ਤੋਂ ਬਾਅਦ ਸ਼ਬਦ-ਰੂਪ ਵਿਚ ਪ੍ਰਕਾਸ਼ਮਾਨ ਹੋ ਕੇ ਮਨੁੱਖਤਾ ਅਤੇ ਧਰਤੀ ਨੂੰ ਸਕੂਨ ਦੀ ਦਾਤ ਬਖਸ਼ੀ ਅਤੇ ਨਾਲ ਹੀ ਮਨੁੱਖਤਾ ਨੂੰ ਅਜਿਹੀ ਬਾਦਸ਼ਾਹਤ ਦੀ ਸਰਪ੍ਰਸਤੀ ਅਧੀਨ ਆਉਣ ਦਾ ਸੱਦਾ ਦਿੱਤਾ ਹੈ। ਇਸ ਸੱਦੇ ਦਾ ਮਤਲਬ ਅਸਲ ਵਿਚ ਸੱਚੇ ਪ੍ਰੇਮ ਦੀ ਸਥਾਪਤੀ ਹੈ ਜਿਸ ਦਾ ਜ਼ਿਕਰ ਗੁਰਬਾਣੀ ਵਿਚ ਇਸ ਰੂਪ ਵਿਚ ਹੈ:

ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)

ਪ੍ਰੇਮ ਦੀ ਇਸ ਡਗਰ ਦੇ ਪਾਂਧੀ ਬਣਨ ਲਈ ਜ਼ਰੂਰੀ ਹੈ ਕਿ ਪਹਿਲਾਂ ਇਸ ਸਿਧਾਂਤ ਦੀ ਪਿੱਠ-ਭੂਮੀ ਵੱਲ ਵੀ ਝਾਤੀ ਮਾਰ ਲਈ ਜਾਵੇ। ਇਹ ਪ੍ਰੇਮ ਦਾ ਸੰਸਾਰ ਜਿਨ੍ਹਾਂ ਥੰਮ੍ਹਾਂ ’ਤੇ ਆਧਾਰਤ ਹੈ ਉਸ ਦੀ ਅਧਾਰਸ਼ਿਲਾ ਗੁਰੂ ਗ੍ਰੰਥ ਤੇ ਗੁਰੂ ਪੰਥ ਹੈ। ਇਹ ਵੱਖਰੇ ਨਾਂ ਕਿਸੇ ਦੋਹਰੇ ਸਿਧਾਂਤਕ ਮੇਲ ਦੀ ਉਪਜ ਨਹੀਂ ਬਲਕਿ ਅਸਲ ਵਿਚ ਇਕ ਹੀ ਵਿਚਾਰਧਾਰਾ ਦੇ ਦੋ ਸਰੂਪ ਹਨ ਜਿਨ੍ਹਾਂ ਦਾ ਧੁਰਾ ਵੀ ਇਕ ਹੈ ਅਤੇ ਉਦੇਸ਼ ਵੀ ਇਕ ਹੈ। ਇਸ ਨੂੰ ਸਮਝਣ ਲਈ ਪਹਿਲਾਂ ਜ਼ਰੂਰੀ ਹੈ ਕਿ ਅਸੀਂ ਇਸ ਦੀ ਵੱਖਰੀ-ਵੱਖਰੀ ਪਹਿਚਾਣ ਕਰ ਲਈਏ। ਗੁਰੂ ਗ੍ਰੰਥ ਕੀ ਹੈ? ਗੁਰੂ ਪੰਥ ਕੀ ਹੈ? ਇਸ ਵਿਚ ਇਕਸਾਰਤਾ ਕਿਵੇਂ ਹੈ?

ਗੁਰੂ ਗ੍ਰੰਥ :

ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਧਰਮ ਦਾ ਉਹ ਪਵਿੱਤਰ ਗ੍ਰੰਥ ਹੈ ਜਿਸ ਵਿਚ ਪੰਜ-ਛੇ ਸੌ ਸਾਲਾਂ ਦੇ ਸਮੇਂ ਦੌਰਾਨ ਵਿਚਰੇ ਧਰਮ-ਸਾਧਕਾਂ ਦੇ ਅਨੁਭਵ, ਉਨ੍ਹਾਂ ਦੇ ਆਪਣੇ ਬੋਲਾਂ ਰਾਹੀਂ ਪ੍ਰਮਾਣਿਕ ਰੂਪ ਵਿਚ ਸੰਕਲਿਤ ਹਨ। ਇਸ ਤੋਂ ਇਲਾਵਾ ਭਾਰਤੀ ਸਭਿਆਚਾਰ, ਸਾਮੀ ਧਾਰਮਿਕ ਪ੍ਰੰਪਰਾਵਾਂ, ਸਾਂਝੀਵਾਲਤਾ, ਮਨੁੱਖੀ ਕਲਿਆਣ ਨਾਲ ਸੰਬੰਧਿਤ, ਗੰਭੀਰ ਅਤੇ ਸਵੈ-ਅਨੁਭਵੀ ਚਿੰਤਨ ਇਸ ਵਿਚਲੀ ਬਾਣੀ ਵਿਚ ਸਮੋਹਿਤ ਹੈ। ਸਾਹਿਤਕ ਸੰਦਰਭ ਵਿਚ ਇਹ ਇਕ ਵਿਲੱਖਣ ਸਾਹਿਤਕ ਖ਼ਜ਼ਾਨਾ ਹੈ, ਜਿਸ ਵਿਚ ਕਈ ਪਰੰਪਰਾਗਤ ਕਾਵਿ-ਰੂਪਾਂ, ਬਿੰਬਾਂ, ਪ੍ਰਤੀਕਾਂ, ਕਾਵਿ-ਸ਼ੈਲੀਆਂ ਰਾਹੀਂ ਕਾਵਿ ਦਾ ਵਿਕਾਸ-ਕ੍ਰਮ ਨਿਸ਼ਚਿਤ ਹੁੰਦਾ ਹੈ। ਭਾਸ਼ਕ ਵੰਨ-ਸੁਵੰਨਤਾ ਅਤੇ ਰਾਗਾਤਮਕ ਸ਼ਬਦ-ਸੰਜੋਗ ਕਰਕੇ ਇਹ ਆਪਣੇ ਆਪ ਵਿਚ ਵਿਲੱਖਣ ਗ੍ਰੰਥ ਸਾਬਤ ਹੁੰਦਾ ਹੈ।

ਇਸ ਦੀ ਸੰਪਾਦਨਾ ਦਾ ਆਪਣਾ ਇਤਿਹਾਸ ਹੈ। ਇਹ ਬਾਣੀ ਰੂਪ ਵਿਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਬੀੜ ਰੂਪ ਤਕ, ਇਕ ਸਿਲਸਿਲੇਵਾਰ ਪ੍ਰੋਸੈਸ ਵਿੱਚੋਂ ਨਿਕਲ ਕੇ ਸਥਾਪਿਤ ਕੀਤਾ ਗਿਆ ਗ੍ਰੰਥ ਗੁਰੂ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। “ਜਨਮਸਾਖੀ ਸਾਹਿਤ ਵਿਚ ਅਜਿਹੇ ਉਲੇਖ ਮਿਲਦੇ ਹਨ ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਗੁਰੂ ਜੀ ਦੀ ਬਾਣੀ ਸਿੱਖਾਂ ਦੁਆਰਾ ਨਾਲ-ਨਾਲ ਲਿਖੀ ਜਾਂਦੀ ਰਹੀ ਸੀ। ਭਾਈ ਗੁਰਦਾਸ ਜੀ ਦਾ ‘ਕਿਤਾਬ ਕਛ’ ਦਾ ਉਲੇਖ ਅਤੇ ‘ਪੁਰਾਤਨ ਜਨਮਸਾਖੀ’ ਦਾ ‘ਪੋਥੀ ਜੁਬਾਨਿ ਗੁਰੂ ਅੰਗਦ ਜੋਗ ਮਿਲੀ’ ਵਾਲਾ ਹਵਾਲਾ ਸਿੱਧ ਕਰਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਆਪਣੀ ਬਾਣੀ ਦਾ ਸੰਗ੍ਰਹਿ/ਸੰਕਲਪ ਮੌਜੂਦ ਸੀ ਜੋ ਉਨ੍ਹਾਂ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਤਕ ਪਹੁੰਚਿਆ।”1 ਇਸ ਤਰ੍ਹਾਂ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਤੇ ਫਿਰ ਸ੍ਰੀ ਗੁਰੂ ਰਾਮਦਾਸ ਜੀ ਅਤੇ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਤਕ ਇਹ ਬਾਣੀ ਪਹੁੰਚੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਚਾਰ ਸਿੱਖਾਂ (ਭਾਈ ਸੰਤ ਦਾਸ, ਹਰੀਆ, ਸੁਖਾ ਅਤੇ ਮਨਸਾ ਰਾਮ) ਤੋਂ ਬਾਣੀ ਨੂੰ ਨਕਲ ਕਰਵਾਇਆ ਅਤੇ ਇਸ ਦੀ ਸਹੀ ਤਰਤੀਬ ਅਤੇ ਸੁਧਾਈ ਕਰ ਕੇ ਇਸ ਨੂੰ ਭਾਈ ਗੁਰਦਾਸ ਜੀ ਪਾਸੋਂ ਕਲਮਬੱਧ ਕਰਵਾ ਕੇ 1604 ਈ. ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ਪ੍ਰਕਾਸ਼ਮਾਨ ਕੀਤਾ। ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਵਜੋਂ ਸਵੀਕਾਰ ਕੀਤੇ ਗਏ।

ਛੇਵੀਂ, ਸਤਵੀਂ ਅਤੇ ਅੱਠਵੀਂ ਪਾਤਸ਼ਾਹੀ ਨੇ ਬਾਣੀ ਰਚਨਾ ਨਹੀਂ ਕੀਤੀ। ਨੌਵੇਂ ਪਾਤਸ਼ਾਹ ਜੀ ਨੇ ਜੋ ਬਾਣੀ (57 ਸਲੋਕ, 59 ਸ਼ਬਦ) ਰਚੀ, ਦਸਵੇਂ ਪਾਤਸ਼ਾਹ ਨੇ ਉਸ ਬਾਣੀ ਨੂੰ 1706 ਈ. ਨੂੰ ਦਮਦਮਾ ਸਾਹਿਬ ਦੀ ਪਾਵਨ ਧਰਤੀ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕਰ ਕੇ 07 ਅਕਤੂਬਰ, 1708 ਈ. ਨੂੰ ਆਪਣੇ ਸੰਸਾਰਕ ਗਮਨ ਤੋਂ ਪਹਿਲਾਂ, ਸ੍ਰੀ ਅਬਿਚਲ ਨਗਰ ਹਜ਼ੂਰ ਸਾਹਿਬ ਵਿਖੇ, ਗੁਰਤਾਗੱਦੀ ਬਖ਼ਸ਼ਿਸ਼ ਕੀਤੀ। ਉਸ ਸਮੇਂ ਤੋਂ ਇਹ ਗ੍ਰੰਥ ਸਿੱਖ ਧਰਮ ਦੇ ਪਵਿੱਤਰ ਅਤੇ ਸਤਿਕਾਰਤ ‘ਗੁਰੂ’ ਰੂਪ ਹਨ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਦਾ ਉਹ ਅਦੁੱਤੀ ਭੰਡਾਰ ਸਥਾਪਿਤ ਕੀਤੇ ਗਏ ਜਿਸ ਦੇ ਮੁਕਾਬਲੇ ਵਿਚ ਸ਼ਖ਼ਸੀ ਹੈਸੀਅਤ ਖੜੋ ਨਹੀਂ ਸਕਦੀ। ਇਸ ਦਾ ਇਲਾਹੀ ਫ਼ਰਮਾਨ ਸ਼ਬਦ ਦੀ ਵਿਸਮਾਦੀ ਸਰਪ੍ਰਸਤੀ ਦਾ ਨਗਾਰਾ ਬੁਲੰਦ ਕਰਦਾ ਮਨੁੱਖਤਾ ਨੂੰ ਦ੍ਰਿੜ੍ਹ ਨਿਸਚਾ ਕਰਵਾਉਂਦਾ ਹੈ:

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ (ਪੰਨਾ 982)

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸ਼ਬਦ ਨੂੰ ਸਿੱਖ ਧਰਮ, ਸਿੱਖ ਚਿੰਤਨ, ਸਿੱਖ ਸਭਿਆਚਾਰ ਅਤੇ ਸਿੱਖ ਮਰਯਾਦਾ ਦਾ ਬੁਨਿਆਦੀ ਅਤੇ ਕੇਂਦਰੀ ਬਿੰਦੂ ਸਵੀਕਾਰ ਕੀਤਾ ਗਿਆ ਹੈ। ਸ਼ਬਦ-ਗੁਰੂ ਦਾ ਸਿਧਾਂਤ ਸਿੱਖ ਧਰਮ ਦੀ ਵਿਲੱਖਣਤਾ ਦਾ ਲਖਾਇਕ ਹੈ। ਸੰਸਾਰ ਦੇ ਕੁਝ ਧਰਮਾਂ ਨੇ ਸ਼ਬਦ ਨੂੰ ਮਹਾਨਤਾ ਤਾਂ ਦਿੱਤੀ ਹੈ ਪਰੰਤੂ ‘ਗੁਰੂ’ ਕਿਸੇ ਨਹੀਂ ਮੰਨਿਆ। ਗੁਰੂ ਸਾਹਿਬਾਨ ਨੇ ਸ਼ਬਦ ਨੂੰ ਸ਼੍ਰੋਮਣੀ ਇਸ ਕਰਕੇ ਹੀ ਸਥਾਪਿਤ ਕੀਤਾ ਕਿਉਂਕਿ ਇਹ ਕਿਸੇ ਮਨੁੱਖੀ ਮਨ ਦੀ ਕਲਪਨਾ ਦੀ ਉਪਜ ਨਹੀਂ ਬਲਕਿ ਧੁਰ ਦਰਗਾਹੀ ਆਵਾਜ਼ ਦਾ ਸ਼ਬਦੀ ਆਗਾਜ਼ ਹੈ:

ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥ (ਪੰਨਾ 763)

ਗੁਰੂ ਦਾ ਸ਼ਬਦ ਅਵਿਨਾਸ਼ੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਨੂੰ ‘ਆਦਿ ਸਬਦ, ਪੁਰਖੋਤਮ, ਬ੍ਰਹਮ, ਬਾਣੀ ਨਿਰੰਕਾਰ’ ਕਿਹਾ ਗਿਆ ਹੈ। ਸੰਸਾਰ ਰਚਨਾ ਤੋਂ ਪਹਿਲਾਂ ਸ਼ਬਦ ਗੁਪਤ ਰੂਪ ਵਿਚ ਸੀ। ਇਹੀ ਸ਼ਬਦ ਲੋਕ ਤੇ ਪਰਲੋਕ, ਚਾਰੇ ਕੂੰਟਾਂ, ਚੌਦਾਂ ਭਵਨਾਂ, ਖੰਡਾਂ, ਬ੍ਰਹਿਮੰਡਾਂ, ਪੁਰੀਆਂ, ਅਕਾਸ਼ਾਂ ਵਿਚ ਪ੍ਰਗਟ ਹੁੰਦਾ ਹੈ। ਸ਼ਬਦ ਨਿਰੰਕਾਰ ਰੂਪ ਵਿਚ ਬ੍ਰਹਮ ਹੈ। ਸ਼ਬਦ ਸਤਿ ਸਰੂਪ ਹੈ। ਸ਼ਬਦ ਪ੍ਰਕਾਸ਼ ਹੈ ਅਤੇ ਪ੍ਰਕਾਸ਼ ਵਿਚ ਹੋਰ ਕੋਈ ਵਸਤ ਨਹੀਂ ਸਮਾ ਸਕਦੀ। ਸ਼ਬਦ ਇਕ ਪਾਸੇ ਅਗਿਆਨਤਾ ਤੇ ਭਰਮ ਦਾ ਨਾਸ਼ ਕਰਦਾ ਹੈ ਦੂਸਰੇ ਪਾਸੇ ਅੰਤਰ-ਆਤਮੇ ਗਿਆਨ ਦਾ ਪ੍ਰਕਾਸ਼ ਕਰਦਾ ਹੈ। ਸ਼ਬਦ ਗੁਰੂ ਹੈ। ਗੁਰੂ ਅਕਾਲ ਪੁਰਖ ਦੀ ਉਹ ਸ਼ਕਤੀ ਹੈ ਜੋ ਸੰਸਾਰ ਵਿਚ ਅਧਰਮ ਦਾ ਨਾਸ਼ ਅਤੇ ਧਰਮ-ਸਥਾਪਨਾ ਹਿੱਤ ਲੋਕਾਂ ਦੇ ਕਲਿਆਣ ਲਈ ਸਮੇਂ-ਸਮੇਂ ਪ੍ਰਕਾਸ਼ਮਾਨ ਹੁੰਦੀ ਹੈ। ਗੁਰੂ ਜੋਤ ਸਰੂਪ ਹੈ ਅਤੇ ਇਹ ਜੋਤ ਸਦੀਵ ਇਕ-ਰਸ ਵਿਆਪਕ ਰਹਿੰਦੀ ਹੈ। ਸ਼ਬਦ ਸਦੈਵ ਕਾਇਮ ਰਹਿਣ ਦੀ ਸਮਰੱਥਾ ਦਾ ਧਾਰਨੀ ਹੋਣ ਕਰਕੇ ਜੁੱਗੋ-ਜੁੱਗ ਅਟੱਲ ਰਹਿੰਦਾ ਹੈ:

ਸਬਦਿ ਸੂਰ ਜੁਗ ਚਾਰੇ ਅਉਧੂ ਬਾਣੀ ਭਗਤਿ ਵੀਚਾਰੀ॥ (ਪੰਨਾ 908)

ਗੁਰੂ ਨਾਨਕ ਸਾਹਿਬ ਨੇ ਕਰਤਾਰ ਤੋਂ ਪ੍ਰਾਪਤ ਇਸ ਸ਼ਬਦ ਨਾਲ ਨੌਂ ਖੰਡ ਪ੍ਰਿਥਵੀ ਨੂੰ ਸੱਚ ਦਾ ਸੁਨੇਹਾ ਦਿੱਤਾ। ਸਿੱਧ ਮੰਡਲੀ ਨਾਲ ਗੋਸ਼ਟਿ ਕਰ ਕੇ ਆਪਣਾ ‘ਨਿਰਮਲ ਪੰਥ’ ਸਥਾਪਿਤ ਕੀਤਾ। ਇਸੇ ਸ਼ਬਦ ਨੇ ਸੱਜਣ ਠੱਗ ਦੀ ਬਿਰਤੀ ਨਿਰਮਲ ਬਣਾਈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤਿ ਨੇ ਹੀ ਨੌਂ ਹੋਰ ਸਰੀਰਿਕ ਜਾਮਿਆਂ ਰਾਹੀਂ ਇਸ ਸ਼ਬਦ ਨੂੰ ਪ੍ਰਚਾਰਿਆ ਅਤੇ ਪ੍ਰਸਾਰਿਆ। ਸ਼ਬਦ ਜਦੋਂ ਪੋਥੀ ਰੂਪ ਧਾਰਨ ਕਰ ਗਿਆ ਤਾਂ ਗੁਰੂ ਸਰੀਰ ਭੋਇੰ ਆਸਨ ਕਰਨ ਲੱਗਾ। ਸ਼ਬਦ ਸਿੰਘਾਸਨ ’ਤੇ ਬਿਰਾਜਮਾਨ ਹੋਇਆ। ਸ਼ਬਦ-ਗੁਰੂ ਨੂੰ ਗੁਰੂ ਗ੍ਰੰਥ ਰੂਪ ਵਿਚ ਸਥਾਪਤ ਕਰਨ ਦੇ ਉਚਿਤ ਸਮੇਂ, ਗੁਰੂ ਸਰੀਰ, ਪੰਜ ਤੱਤਾਂ ਵਿਚ ਅਭੇਦ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਦੀਵੀ ਸਥਾਪਤੀ ਦਾ ਆਵਾਜਾ ਬੁਲੰਦ ਕਰ ਗਿਆ। ਚੋਲ਼ਾ ਛੱਡਣ ਤੋਂ ਪਹਿਲਾਂ ਸਾਹਿਬ ਨੇ ਹੁਕਮ ਕੀਤਾ:

“ਤੁਸੀਂ ਸ਼ਬਦ ਤੇ ਗੁਰੂ ਨੂੰ ਇਕੋ ਰੂਪ ਜਾਣਨਾ… ਸਤਿਗੁਰ ਤੇ ਪਰਮੇਸ਼ਰ ਵਿਚ ਭੇਦ ਨਹੀਂ ਜਾਣਨਾ, ਸਰੀਰ ਮੇਰਾ ਸਰਗੁਣ ਹੈ ਤੇ ਸ਼ਬਦ ਮੇਰਾ ਨਿਰਗੁਣ ਰੂਪ ਹੈ, ਜੇ ਸਰੀਰ ਨਾਲ ਮਿਲੋਗੇ ਤਾਂ ਫਿਰ ਵੀ ਵਿਛੜੋਗੇ। ਜੇ ਸ਼ਬਦ ਨਾਲ ਮਿਲੋਗੇ ਤਾਂ ਵਿਛੜੋਗੇ ਨਹੀਂ।”2 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਦੀਵੀ ਰਹਿਨੁਮਾਈ ਹੇਠ ਵਿਚਰਨ ਦੀ ਗੱਲ ਆਪ ਦਸਮ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਕਹੀ : “ਅਸੀਂ ਤੁਹਾਨੂੰ ਐਸੇ ਗੁਰੂ ਦੇ ਲੜ ਲਾਉਂਦੇ ਹਾਂ ਜੋ ਕਦੀ ਕਾਇਆ ਨਾ ਬਦਲੇ, ਸਦਾ ਇਕ ਰਸ ਅਮਰ…ਪੱਖਪਾਤ ਤੋਂ ਬਿਨਾਂ ਉਪਦੇਸ਼ ਕਰਦਾ ਰਹੇ। ਐਸਾ ਸਮਦਰਸੀ, ਨਿਰਵਿਕਾਰ, ਅਥਾਹ ਸਤਿਗੁਰੂ ਥਾਪਾਂਗੇ ਜੋ ਤੁਹਾਡੀਆਂ ‘ਸਰਬ ਕਾਮਨਾਵਾਂ’ ਪੂਰੀਆਂ ਕਰਦਾ ਰਹੇ।”3

ਗੁਰੂ ਪੰਥ:

ਪੰਥ ਸ਼ਬਦ ਸੰਸਕ੍ਰਿਤ ਦੇ ‘ਪਥ’ ਸ਼ਬਦ ਤੋਂ ਬਣਿਆ ਹੈ ਜਿਸ ਦਾ ਅਰਥ ‘ਰਸਤਾ’ ਕੀਤਾ ਗਿਆ ਹੈ। ਇਸ ਸ਼ਬਦ ਦੀ ਵਰਤੋਂ ਪੰਜਾਬੀ ਅਤੇ ਸਿੱਖ ਸਾਹਿਤ ਵਿਚ ਦੋ ਅਰਥਾਂ ਵਿਚ ਹੋਈ ਹੈ। ਇਕ, ਮਾਰਗ ਜਾਂ ਰਸਤੇ ਲਈ ਦੂਸਰਾ, ਵਿਸ਼ੇਸ਼ ਧਾਰਮਿਕ ਸਮਾਜ ਲਈ। ਮੌਜੂਦਾ ਪ੍ਰਸੰਗ ਵਿਚ ਇਸ ਸ਼ਬਦ ਦਾ ਸੰਬੰਧ ਦੂਜੇ ਅਰਥ ਨਾਲ ਹੈ। ਇਸ ਸ਼ਬਦ ਦਾ ਪ੍ਰਯੋਗ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਅਤੇ ਬਾਅਦ ਵਿਚ ਹੁੰਦਾ ਰਿਹਾ ਹੈ। ਗੋਰਖ ਪੰਥ ਅਤੇ ਕਬੀਰ ਪੰਥ ਇਸੇ ਅਰਥ ਦੇ ਸੂਚਕ ਹਨ। ਗੁਰੂ ਨਾਨਕ ਸਾਹਿਬ ਦੇ ਅਨੁਯਾਈਆਂ ਲਈ ਖਾਲਸੇ ਦੀ ਸਿਰਜਣਾ ਤੋਂ ਪਹਿਲਾਂ ‘ਨਾਨਕ ਪੰਥੀ’ ਸ਼ਬਦ ਵਰਤਿਆ ਜਾਂਦਾ ਰਿਹਾ ਹੈ। ਇਸ ਨੂੰ ਸਮੇਂ-ਸਮੇਂ ਕਈ ਨਾਵਾਂ ਨਾਲ ਸੰਬੋਧਿਤ ਕੀਤਾ ਜਾਂਦਾ ਰਿਹਾ ਹੈ। ਜਿਵੇਂ ਭਾਈ ਗੁਰਦਾਸ ਜੀ ਨੇ ਇਸ ਨੂੰ ‘ਨਿਰਮਲ ਪੰਥ’ ਆਖਿਆ ਹੈ:

ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ। (ਵਾਰ 1:45)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਨਾਤਨੀ ਮਤ ਅਤੇ ਇਸਲਾਮੀ ਮਤ ਤੋਂ ਬਿਲਕੁਲ ਵੱਖਰਾ ਕਰ ਕੇ, ਸੁਤੰਤਰ ਤੀਸਰਾ ਪੰਥ ਸਥਾਪਿਤ ਕੀਤਾ ਅਤੇ ਨਾਮ ਦਿੱਤਾ ‘ਖਾਲਸਾ’, ਜਿਸ ਨੂੰ ਖਾਲਸਾ ਪੰਥ ਵੀ ਕਿਹਾ ਜਾਂਦਾ ਹੈ। ਮਿਸਲਾਂ ਦੇ ਯੁਗ ਵਿਚ ਸਿੱਖ ਪੰਥ ਨੂੰ ‘ਸਰਬੱਤ ਖਾਲਸਾ’ ਨਾਮ ਦਿੱਤਾ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਵਿਚ ਪੰਥ ਦੇ ਸਰੋਕਾਰਾਂ ਅਤੇ ਹਿਤਾਂ ਦੀ ਜ਼ਿੰਮੇਵਾਰੀ ਮਹਾਰਾਜੇ ਨੇ ਖ਼ੁਦ ਸੰਭਾਲ ਲਈ। ਮਹਾਰਾਜੇ ਦੇ ਚਲਾਣੇ ਤੋਂ ਬਾਅਦ ‘ਲਾਹੌਰ ਦਰਬਾਰ’ ਵਿਚ ਖਾਨਾਜੰਗੀ ਛਿੜ ਗਈ ਅਤੇ ਸ਼ਕਤੀ ਫੌਜ ਦੇ ਹੱਥ ਆ ਗਈ। ਉਦੋਂ ਲਾਹੌਰ ਦਰਬਾਰ ਲਈ ਫੌਜੀ ਪੰਚਾਇਤਾਂ ਵੱਲੋਂ ਖਾਲਸਾ ਪੰਥ ਸ਼ਬਦ-ਜੋੜ ਵਰਤਿਆ ਜਾਣ ਲੱਗਿਆ। ਪੰਜਾਬ ’ਤੇ ਅੰਗਰੇਜ਼ਾਂ ਦੇ ਕਬਜ਼ੇ ਨਾਲ ਸਿੱਖ ਜਥੇਬੰਦੀ ਅਤੇ ਸਮਾਜਕ ਢਾਂਚਾ ਖੇਰੂੰ-ਖੇਰੂੰ ਹੋ ਗਿਆ। ਇਸ ਖਿੱਲਰੀ ਹੋਈ ਸਮਾਜਿਕ ਅਤੇ ਜਥੇਬੰਦਕ ਹਾਲਤ ਨੂੰ ਸਥਾਪਿਤ ਕਰਨ ਲਈ ਕਈ ਲਹਿਰਾਂ ਚੱਲੀਆਂ। ਸਿੱਟੇ ਵਜੋਂ 1902 ਈ. ਵਿਚ ਚੀਫ਼ ਖਾਲਸਾ ਦੀਵਾਨ ਦੀ ਸਥਾਪਨਾ ਹੋਈ। 1920 ਈ. ਵਿਚ ਕਾਇਮ ਹੋਏ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖੀ-ਜਗਤ ਅੰਦਰ ਨਵੀਂ ਚੇਤਨਾ ਪੈਦਾ ਕੀਤੀ। ਇਸ ਦੌਰਾਨ ‘ਖਾਲਸਾ ਪੰਥ’ ਸ਼ਬਦ-ਜੁਟ ਦੀ ਥਾਂ ਕੇਵਲ ‘ਪੰਥ’ ਸ਼ਬਦ ਵਰਤਿਆ ਜਾਣ ਲੱਗਾ ਅਤੇ ਇਹੀ ਬਿਰਤੀ ਚਲੀ ਆ ਰਹੀ ਹੈ। ਇਸ ਤਰ੍ਹਾਂ ਹੁਣ ‘ਪੰਥ’ ਸ਼ਬਦ ਸਾਰੇ ਸਿੱਖ ਸਮਾਜ ਦਾ ਵਾਚਕ ਬਣ ਗਿਆ ਹੈ।

ਗੁਰੂ ਗ੍ਰੰਥ ਅਤੇ ਗੁਰੂ ਪੰਥ ਵੇਖਣ ਵਿਚ ਭਾਵੇਂ ਦੋ ਵੱਖਰੀਆਂ-ਵੱਖਰੀਆਂ ਧਾਰਨਾਵਾਂ ਪ੍ਰਤੀਤ ਹੁੰਦੀਆਂ ਹਨ ਪਰ ਅਸਲ ਵਿਚ ਇਹ ਅੰਤਰ-ਸੰਬੰਧਿਤ ਹਨ, ਭਾਵ ਇਨ੍ਹਾਂ ਦਾ ਆਪਸ ਵਿਚ ਗੂੜ੍ਹਾ ਸੰਬੰਧ ਹੈ। ਸ਼ਬਦ-ਰੂਪ ਵਿਚ ਗੁਰੂ ‘ਗੁਰੂ ਗ੍ਰੰਥ’ ਸਾਹਿਬ ਹਨ। ਇਹ ਅਟੱਲ ਸਤਿ ਸਦਾ ਸਥਾਪਿਤ ਉਹ ਮਾਰਗ-ਦਰਸ਼ਕ ਹਨ ਜਿਨ੍ਹਾਂ ਦੀ ਅਗਵਾਈ ਨਾਲ ਲੋਕ-ਰਾਜ ਅਤੇ ਪਰਲੋਕ ਰਾਜ ਦੀ ਸਥਾਪਤੀ ਸੰਭਵ ਹੋਣੀ ਹੈ। ਇਸ ਅਟੱਲ ਸਿਧਾਂਤ ਨੂੰ ਕਿਰਿਆਤਮਕ ਰੂਪ ਵਿਚ ਸਥਾਪਤ ਕਰਨਾ ਗੁਰੂ ਪੰਥ ਦਾ ਕਾਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸ ਕਿਸਮ ਦੇ ਸਮਾਜ ਦੀ ਸਿਰਜਣਾ ਦਾ ਨਕਸ਼ਾ ਪੇਸ਼ ਕਰਦੇ ਹਨ, ਉਸ ਦੇ ਸਥੂਲ ਢਾਂਚੇ ਦੀ ਉਸਾਰੀ ਗੁਰੂ ਪੰਥ ਰਾਹੀਂ ਸੰਭਵ ਹੋਣੀ ਹੈ।4

ਹਵਾਲੇ ਤੇ ਟਿੱਪਣੀਆਂ :

1. ਸ. ਰਤਨ ਸਿੰਘ (ਜੱਗੀ), ਸਿੱਖ ਪੰਥ ਵਿਸ਼ਵਕੋਸ਼, ਭਾਗ ਪਹਿਲਾ, ਪੰਨਾ 559-60.
2. ਭਾਈ ਮਨੀ ਸਿੰਘ, ਸਿੱਖਾਂ ਦੀ ਭਗਤ ਮਾਲਾ, ਪੰਨਾ 31-32.
3. ਗਿਆਨੀ ਗਿਆਨ ਸਿੰਘ, ਪੰਥ ਪ੍ਰਕਾਸ਼।
4. ਸ. ਰਤਨ ਸਿੰਘ (ਜੱਗੀ), ਸਿੱਖ ਪੰਥ ਵਿਸ਼ਵਕੋਸ਼, ਭਾਗ ਦੂਜਾ, ਪੰਨਾ 1175.

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Suba Singh
ਪ੍ਰਿੰਸੀਪਲ -ਵਿਖੇ: ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)