editor@sikharchives.org
Guru Harkrishan Sahib

ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜੀਵਨ ਤੇ ਉਪਦੇਸ਼

ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਜੀਵਨ ਦੀ ਇਕ ਵਚਿੱਤਰਤਾ ਇਹ ਵੀ ਹੈ ਕਿ ਉਨ੍ਹਾਂ ਨੇ ਪੰਜ ਸਾਲ ਦੀ ਉਮਰ ਵਿਚ ਗੁਰੂ-ਜੋਤਿ ਦੀ ਦਾਤਿ-ਵਡਿਆਈ ਪ੍ਰਾਪਤ ਕਰ ਕੇ, ਗੁਰੂ-ਸਿੰਘਾਸਣ ਉੱਤੇ ਬੈਠ ਕੇ, ਸਿੱਖ ਧਰਮ, ਸਿੱਖ ਸੰਗਤ, ਸਿੱਖ-ਸੰਸਥਾਵਾਂ ਤੇ ਸਿੱਖ-ਲਹਿਰ ਨੂੰ ਸਮਰੱਥ ਗੁਰੂ ਵਜੋਂ ਅਗਵਾਈ ਪ੍ਰਦਾਨ ਕੀਤੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ‘ਜੀਵਨ’ ਬੜਾ ਵਚਿੱਤਰ, ਵਿਸ਼ੇਸ਼ਤਾ ਵਾਲਾ ਤੇ ਪ੍ਰਭਾਵਸ਼ਾਲੀ ਜੀਵਨ ਹੈ। ਜੇਕਰ ਗੁਰੂ ਗੋਬਿੰਦ ਸਿੰਘ ਜੀ ਦੇ ਅਨੁਭਵ ਤੇ ਬਾਣੀ ਵਿਚ ਗੁਰੂ ਹਰਿਕ੍ਰਿਸ਼ਨ ਸਾਹਿਬ ਬੜੇ ਸਮਰੱਥ, ਉੱਜਲ-ਦੀਦਾਰ ਤੇ ਸਭ ਦੁੱਖਾਂ
ਦੀ ਨਵਿਰਤੀ ਕਰਨ ਵਾਲੇ ਹਨ ਤਾਂ ਸਮਕਾਲੀ ਭਾਈ ਗੁਰਦਾਸ ਜੀ ਦੀ ਦ੍ਰਿਸ਼ਟੀ ਵਿਚ ਗੁਰੂ ਹਰਿਕ੍ਰਿਸ਼ਨ ਸਾਹਿਬ ਭਰਮ ਅਤੇ ਭੈ ਤੋਂ ਮੁਕਤ ਵੀ ਹਨ। ਬਲਬੀਰ ਇੰਨੇ ਹਨ ਕਿ ਜੇ ਸਮਕਾਲੀ ਬਾਦਸ਼ਾਹ ਔਰੰਗਜ਼ੇਬ ਨਾਲ ਵਾਦ ਰਚਾਉਣ ਦਾ ਸਮਾਂ ਬਣਿਆ ਹੈ ਤਾਂ ਪੂਰੇ ਸੂਰਮਿਆਂ ਤੇ ਬਹਾਦਰਾਂ ਵਾਂਗ ਨਾ ਜ਼ਾਲਮ ਔਰੰਗਜ਼ੇਬ ਨੂੰ ਦਰਸ਼ਨ ਦਿੱਤੇ ਹਨ ਤੇ ਨਾ ਹੀ ਉਸ ਦੀ ਹਕੂਮਤ ਦਾ ਕੋਈ ਡਰ ਸਵੀਕਾਰ ਕੀਤਾ ਹੈ। ਸਹੀ ਅਰਥਾਂ ਵਿਚ ਇਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਜੀਵਨ-ਵਚਿੱਤਰਤਾ ਹੈ ਕਿ ਬਾਲ ਉਮਰ ਵਿਚ ਦੁਖੀ ਤੇ ਰੋਗੀ ਮਨੁੱਖ ਦਾ ਭਰਪੂਰ ਹਮਦਰਦ ਹੋਣਾ ਅਤੇ ਸਮਕਾਲੀ ਤੇ ਜ਼ਾਲਮ ਹਕੂਮਤ ਦੇ ਭੈ ਤੋਂ ਆਜ਼ਾਦ ਹੋ ਕੇ ਗੁਰੂ-ਪਰੰਪਰਾ ਵਾਂਗ ਬਲਬੀਰ ਹੋ ਕੇ ਆਪਣੀ ਜੀਵਨ-ਕ੍ਰਿਆ ਨੂੰ ਉਜਾਗਰ ਕਰਨਾ ਹੀ ਨਹੀਂ, ਸਗੋਂ ਆਪਣੇ ਚਿੰਤਨ ਤੇ ਉਪਦੇਸ਼ਾਂ ਦਾ ਇਕ ਸਫ਼ਲ ਆਗੂ ਵਾਂਗ ਖੁੱਲ੍ਹ ਕੇ ਪ੍ਰਚਾਰ ਕਰਨਾ ਵੀ ਸੀ। ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਜੀਵਨ ਦੀ ਇਕ ਵਚਿੱਤਰਤਾ ਇਹ ਵੀ ਹੈ ਕਿ ਉਨ੍ਹਾਂ ਨੇ ਪੰਜ ਸਾਲ ਦੀ ਉਮਰ ਵਿਚ ਗੁਰੂ-ਜੋਤਿ ਦੀ ਦਾਤਿ-ਵਡਿਆਈ ਪ੍ਰਾਪਤ ਕਰ ਕੇ, ਗੁਰੂ-ਸਿੰਘਾਸਣ ਉੱਤੇ ਬੈਠ ਕੇ, ਸਿੱਖ ਧਰਮ, ਸਿੱਖ ਸੰਗਤ, ਸਿੱਖ-ਸੰਸਥਾਵਾਂ ਤੇ ਸਿੱਖ-ਲਹਿਰ ਨੂੰ ਸਮਰੱਥ ਗੁਰੂ ਵਜੋਂ ਅਗਵਾਈ ਪ੍ਰਦਾਨ ਕੀਤੀ।

ਮੁਗ਼ਲ ਤੇ ਭਾਰਤੀ ਇਤਿਹਾਸ ਵਿਚ ਇਹ ਵਚਿੱਤਰਤਾ ਤਾਂ ਪ੍ਰਗਟਾਈ ਗਈ ਹੈ ਕਿ ਨਾਨਕ ਨਾਮ ਦਾ ਅਧਿਕਾਰੀ, ਸਦਾ ਚੜ੍ਹਦੀ ਕਲਾ ਵਿਚ ਜਿਊਣ ਵਾਲਾ ਤੇ ਸਰਬੱਤ ਦੇ ਭਲੇ ਦਾ ਇੱਛਕ ਇਹ ਬਾਲ ਗੁਰੂ, ਹਰਿਕ੍ਰਿਸ਼ਨ ਸਾਹਿਬ ਗੁਰੂ ਕਿਵੇਂ ਹੋ ਸਕਦਾ ਹੈ? ਪੰਜ ਸਾਲ ਦੇ ਬਾਲ ਦਾ ਤਾਂ ਨਾ ਅਨੁਭਵ-ਪ੍ਰਕਾਸ਼ ਜਾਗਦਾ ਹੈ, ਨਾ ਸੁਰਤਿ, ਮਤਿ, ਮਨਿ ਬੁਧਿ ਤੇ ਸੁਧਿ ਘੜੀ ਜਾ ਸਕਦੀ ਹੈ, ਨਾ ਸਮਕਾਲੀ ਸਥਿਤੀ ਦੀ ਸਮਾਜਕ ਤੇ ਰਾਜਨੀਤਕ ਨੁਹਾਰ ਦੀ ਠੀਕ ਪਹਿਚਾਣ ਹੋ ਸਕਦੀ ਹੈ ਅਤੇ ਨਾ ਹੀ ਮਾਨਵਤਾ ਪ੍ਰਤੀ ਬਿਬੇਕਸ਼ੀਲ ਪਹੁੰਚ ਅਪਣਾਈ ਜਾ ਸਕਦੀ ਹੈ। ਪਰੰਤੂ ਗੁਰ- ਇਤਿਹਾਸ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਤਿੰਨ ਸਾਲ ਦਾ ਗੁਰੂ-ਗੱਦੀ ਕਾਲ ਸਾਖੀ ਹੈ ਕਿ ਪੰਜ ਅਤੇ ਅੱਠ ਸਾਲ ਦੀ ਉਮਰ ਵਿਚ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸਮਰੱਥ
ਤੇ ਬਲਬੀਰ-ਗੁਰੂ ਪਰੰਪਰਾ ਅਨੁਸਾਰ ਗੁਰੂ-ਦਰ-ਘਰ ਦੀ ਸੇਵਾ-ਸੰਭਾਲ ਵੀ ਕੀਤੀ, ਸਿੱਖ-ਸੰਗਤ ਨੂੰ ਨਾਨਕ-ਨਾਮ ਤੇ ਧਰਮ-ਆਦਰਸ਼ਾਂ ਨਾਲ ਪੂਰੀ ਤਰ੍ਹਾਂ ਜੋੜੀ ਵੀ ਰੱਖਿਆ, ਸਮਾਜਕ ਤੇ ਰਾਜਨੀਤਕ ਜਾਗ੍ਰਿਤੀ ਲਈ ਸਰੀਰਕ ਬੰਧਨਾਂ ਤੋਂ ਆਜ਼ਾਦ ਹੋ ਕੇ, ਪੜਦਾਦਾ ਗੁਰੂ ਹਰਿਗੋਬਿੰਦ ਸਾਹਿਬ ਜੀ ਵਾਂਗ ਭੈ-ਮੁਕਤ ਵਾਤਾਵਰਨ ਵੀ ਸਿਰਜਦੇ ਰਹੇ ਤੇ ਜੇ ਸਮਕਾਲੀ ਬਾਦਸ਼ਾਹ ਔਰੰਗਜ਼ੇਬ ਨੇ ਆਤਮਕ-ਗਤੀ ਜਾਂ ਰਾਜਨੀਤਕ-ਸਾਂਝ ਲਈ ਦਰਸ਼ਨ-ਦੀਦਾਰ ਦੀ ਇੱਛਾ ਵੀ ਪ੍ਰਗਟਾਈ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਅਤਿਆਚਾਰੀ ਤੇ ਜ਼ਾਲਮ ਕਹਿ ਕੇ, ਔਰੰਗਜ਼ੇਬ ਨੂੰ ਦਰਸ਼ਨ ਦੇਣ ਜਾਂ ਮਿਲਣ ਤੋਂ ਵੀ ਇਨਕਾਰ ਕਰ ਦਿੱਤਾ। ਨਿਸਚੇ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜੀਵਨ ਬੜਾ ਵਚਿੱਤਰ ਤੇ ਗੁਰੂ-ਪਰੰਪਰਾ ਵਿਚ ਵਿਲੱਖਣ ਵਿਸ਼ੇਸ਼ਤਾ ਰੱਖਣ ਵਾਲਾ ਹੈ।

ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਵਿਲੱਖਣ ਵਿਸ਼ੇਸ਼ਤਾ ਦਾ ਇਕ ਆਧਾਰ ਇਹ ਵੀ ਹੈ ਕਿ ਗੁਰੂ-ਜੀਵਨ ਤੇ ਗੁਰੂ-ਗੱਦੀ ਕਾਲ ਵਿਚ ਗੁਰੂ ਹਰਿਕ੍ਰਿਸ਼ਨ ਸਾਹਿਬ ਸਭ ਤੋਂ ਘੱਟ ਉਮਰ ਦੇ ਹਨ। ਉਮਰ ਹੀ ਘੱਟ ਨਹੀਂ, ਗੁਰੂ-ਸਿੰਘਾਸਣ ਉੱਤੇ ਬੈਠ ਕੇ ਸਿੱਖ ਸੰਗਤਾਂ ਨੂੰ ਆਤਮਕ, ਸਮਾਜਕ ਅਤੇ ਰਾਜਨੀਤਕ ਅਗਵਾਈ ਪ੍ਰਦਾਨ ਕਰਨ ਦਾ ਸਮਾਂ ਵੀ ਸਭ ਗੁਰੂ-ਪ੍ਰਤਿਭਾਵਾਂ ਨਾਲੋਂ ਘੱਟ ਹੈ। ਬਾਲ-ਉਮਰ ਤੇ ਤਿੰਨ ਸਾਲ ਦੇ ਸਿੰਘਾਸਣ-ਕਾਲ ਵਿਚ ਜਿਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਅਧਿਆਤਮਿਕ ਦ੍ਰਿਸ਼ਟੀ ਤੋਂ ਆਪਣੇ ਆਪ ਨੂੰ ਸਮਰੱਥ ਤੇ ਗੁਰਗੱਦੀ ਦੇ ਯੋਗ ਸਾਬਤ ਕੀਤਾ, ਸਮਾਜਕ ਦ੍ਰਿਸ਼ਟੀ ਤੋਂ ਚੇਤੰਨ, ਸੁਧਾਰਕ ਤੇ ਸਿਰਜਨਾਤਮਿਕ ਸਾਬਤ ਕੀਤਾ ਤੇ ਰਾਜਨੀਤਕ ਦ੍ਰਿਸ਼ਟੀ ਤੋਂ ਲੋਭ-ਲਾਲਚ, ਖੁਸ਼ਾਮਦੀ-ਪ੍ਰਸ਼ੰਸਾ ਤੇ ਸ਼ਾਹੀ ਡਰ ਤੋਂ ਬੇਪਰਵਾਹ ਸਾਬਤ ਕੀਤਾ, ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਇਹ ਸਾਰੀ ਜੀਵਨ-ਕ੍ਰਿਆ ਸ਼ੁੱਧ ਰੂਪ ਵਿਚ ਗੁਰੂ ਨਾਨਕ ਦੇਵ ਜੀ ਤੇ ਗੁਰੂ ਹਰਿਗੋਬਿੰਦ ਸਾਹਿਬ ਦੀ ਪਰੰਪਰਾ ਵਾਲੀ ਹੀ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜੀਵਨ ਤੇ ਗੁਰੂ-ਕਾਲ ਸਿੱਖ ਧਰਮ ਤੇ ਸਿੱਖ ਲਹਿਰ ਵਿਚ ਵੱਖਰਾ-ਵੱਖਰਾ ਬਿਲਕੁਲ ਨਹੀਂ ਜਾਪਦਾ। ਜਿਹੜੀ ਜੀਵਨ-ਜੋਤਿ, ਜੁਗਤਿ ਤੇ ਰਾਸਿ ਪੂਰਬਲੇ ਗੁਰੂ ਸਾਹਿਬਾਨ ਦੀ ਸੀ, ਉਹੀ ਜੀਵਨ-ਜੋਤਿ, ਜੁਗਤਿ ਤੇ ਰਾਸਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸੀ। ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਵਿਲੱਖਣ ਵਿਸ਼ੇਸ਼ਤਾ ਇਹ ਹੈ ਕਿ ਉਨ੍ਹਾਂ ਨੇ ਬਾਲ-ਉਮਰ ਤੋਂ ਘੱਟ ਗੁਰੂ-ਕਾਲ ਵਿਚ ਵੀ ਗੁਰੂ-ਸਮਰੱਥਾ, ਗੁਰੂ-ਦ੍ਰਿਸ਼ਟੀ, ਗੁਰੂ-ਮਾਣ ਤੇ ਗੁਰੂ-ਪ੍ਰਭਾਵ ਨੂੰ ਵੀ ਸਥਾਪਤ ਰੱਖਿਆ ਤੇ ਸਮਕਾਲੀ ਵਿਰੋਧਤਾ ਨਾਲ ਭਰੇ ਅਤੇ ਵਿਰੋਧੀ ਹਾਲਾਤ ਤੋਂ ਸਿੱਖ ਧਰਮ ਤੇ ਸਿੱਖ ਲਹਿਰ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਵੀ ਰੱਖਿਆ। ਜੋਤੀ-ਜੋਤਿ ਸਮਾਉਣ ਵੇਲੇ ‘ਬਾਬਾ ਬਕਾਲੇ’ ਦਾ ਸੰਕੇਤ ਕਰ ਕੇ ਜਿਸ ਯੋਗਤਾ, ਸਿਆਣਪ ਤੇ ਦੂਰ-ਦ੍ਰਿਸ਼ਟੀ ਨਾਲ ਗੁਰੂ-ਜੋਤਿ ਦਾ ਅਧਿਕਾਰੀ ਤੇ ਗੁਰੂ- ਸੰਸਥਾ ਦੇ ਨੌਵੇਂ ਵਾਰਸ ਗੁਰੂ ਤੇਗ ਬਹਾਦਰ ਜੀ ਨੂੰ ਬਣਾਇਆ, ਇਹ ਰਹੱਸ ਵੀ ਸਪੱਸ਼ਟ ਕਰਦਾ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਬਿਬੇਕ ਬੁੱਧ ਵਾਲੇ ਤੇ ਜਾਗਦੇ ਯੋਧੇ ਸਨ। ਉਹ ਧੀਰਮੱਲੀਆਂ, ਰਾਮਰਾਈਆਂ, ਸੋਢੀਆਂ ਤੇ ਸ਼ਾਹੀ ਏਜੰਟਾਂ ਦੀ ਵਿਰੋਧਤਾ ਤੇ ਵੰਗਾਰਾਂ ਤੋਂ ਸਦਾ ਬੇਮੁਹਤਾਜ ਰਹੇ। ਸਹੀ ਅਰਥਾਂ ਵਿਚ ਇਹ ਸਾਰੀ ਗੁਰੂ-ਕ੍ਰਿਆ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਵਿਲੱਖਣ ਵਿਸ਼ੇਸ਼ਤਾ ਵਾਲੀ ਸਥਾਪਿਤ ਕਰਦੀ ਹੈ।

ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ 8 ਸਾਵਣ ਨਾਨਕਸ਼ਾਹੀ 188 (7 ਜੁਲਾਈ 1656 ਈਸਵੀ) ਨੂੰ ਪਿਤਾ ਗੁਰੂ ਹਰਿਰਾਇ ਸਾਹਿਬ ਦੇ ਗ੍ਰਹਿ, ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ, ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਹੋਇਆ ਸੀ। ਗੁਰੂ ਹਰਿਰਾਇ ਸਾਹਿਬ ਦੇ ਪਿਤਾ ਬਾਬਾ ਗੁਰਦਿੱਤਾ ਜੀ ਸਨ ਤੇ ਦਾਦਾ ਗੁਰੂ ਹਰਿਗੋਬਿੰਦ ਸਾਹਿਬ ਜੀ। ਬਾਬਾ ਗੁਰਦਿੱਤਾ ਜੀ ਚੂੰਕਿ ਉਦਾਸੀ ਪਰੰਪਰਾ ਨਾਲ ਜੁੜੇ ਹੋਏ ਸਨ, ਇਸ ਲਈ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਸਪੁੱਤਰ ਬਾਬਾ ਗੁਰਦਿੱਤਾ ਜੀ ਤੇ ਵੱਡੇ ਪੋਤਰੇ ਧੀਰ ਮੱਲ ਨੂੰ ਛੱਡ ਕੇ, ਛੋਟੇ ਪੋਤਰੇ ‘ਹਰਿਰਾਇ’ ਜੀ ਨੂੰ ਗੁਰੂ- ਸਿੰਘਾਸਣ ਯੋਗ ਮੰਨ ਕੇ ਆਪਣੀ ਜੋਤਿ, ਜੁਗਤਿ ਤੇ ਰਾਸਿ ਦਾ ਅਧਿਕਾਰੀ ਮੰਨ ਕੇ, ਗੁਰੂ-ਸਿੰਘਾਸਣ ਉੱਤੇ ਬਿਠਾ ਦਿੱਤਾ। ਜਿਸ ਵੇਲੇ ਗੁਰੂ ਹਰਿਰਾਇ ਸਾਹਿਬ ਗੁਰੂ- ਸਿੰਘਾਸਣ ਉੱਤੇ ਬਿਰਾਜਮਾਨ ਹੋਏ ਉਸ ਵੇਲੇ ਉਨ੍ਹਾਂ ਦੀ ਉਮਰ ਕੇਵਲ 14 ਸਾਲ ਦੀ ਸੀ। ਗੁਰੂ ਹਰਿਰਾਇ ਸਾਹਿਬ ਬੜੇ ਕੋਮਲਦਿਲ ਤੇ ਪਰਉਪਕਾਰੀ ਬਿਰਤੀ ਵਾਲੇ ਸਨ। ਚੂੰਕਿ ਵਾਤਾਵਰਨ ਉਨ੍ਹਾਂ ਨੂੰ ਸੰਘਰਸ਼ੀ ਤੇ ਵੰਗਾਰਾਂ ਵਾਲਾ ਪ੍ਰਾਪਤ ਹੋਇਆ ਸੀ, ਇਸ ਲਈ ਉਨ੍ਹਾਂ ਨੇ ਆਪਣੇ ਦਰਬਾਰ ਵਿਚ 2200 ਘੋੜ ਸਵਾਰ ਤੇ ਸ਼ਸਤਰ-ਅਸਤਰ ਬਰਾਬਰ ਬਣਾਈ ਰੱਖੇ।

ਜੇ ਔਰੰਗਜ਼ੇਬ ਬਾਦਸ਼ਾਹ ਨੇ ਗੁਰੂ-ਦਰਬਾਰ ਵੱਲ ਹੱਥ ਵਧਾਉਣ ਦਾ ਯਤਨ ਕੀਤਾ ਤਾਂ ਗੁਰੂ-ਪਿਤਾ ਨੇ ਆਪਣੇ ਵੱਡੇ ਸਪੁੱਤਰ ਰਾਮ ਰਾਇ ਨੂੰ ਦਿੱਲੀ ਭੇਜ ਕੇ ਔਰੰਗਜ਼ੇਬ ਨਾਲ ਮੁਲਾਕਾਤ ਕਰਨ ਦਾ ਆਦੇਸ਼ ਦੇ ਦਿੱਤਾ। ਰਾਮ ਰਾਇ ਸਿਆਣਾ, ਚਤੁਰ ਤੇ ਕਰਾਮਾਤਾਂ ਵਿਚ ਵਿਸ਼ਵਾਸ ਰੱਖਣ ਦਾ ਆਦੀ ਸੀ। ਜਦੋਂ ਔਰੰਗਜ਼ੇਬ ਨਾਲ ਪਹਿਲੀ ਮੁਲਾਕਾਤ ਹੋਈ ਤਾਂ ਰਾਮ ਰਾਇ ਨੇ ਆਪਣਾ ਪ੍ਰਭਾਵ ਪਾਉਣ ਲਈ ਕਰਾਮਾਤੀ ਚਮਤਕਾਰ ਵੀ ਔਰੰਗਜ਼ੇਬ ਤੇ ਉਸ ਦੇ ਦਰਬਾਰੀਆਂ ਨੂੰ ਵਿਖਾਏ। ਜਦੋਂ ਔਰੰਗਜ਼ੇਬ ਨੇ ਗੁਰੂ ਨਾਨਕ ਬਾਣੀ ਦੇ ਵਾਕ “ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍‍ਆਿਰ” ਪ੍ਰਤੀ ਸ਼ੰਕਾ ਨਵਿਰਤ ਕਰਨ ਲਈ ਰਾਮਰਾਇ ਨੂੰ ਪੁੱਛਿਆ ਕਿ ਇਹ ‘ਮਿਟੀ ਮੁਸਲਮਾਨ ਕੀ’ ਤੁਸੀਂ ਰੋਜ਼ ਹੀ ਪੜ੍ਹਦੇ ਹੋ, ਇਸ ਦੇ ਅਰਥ ਕੀ ਹਨ? ਤਾਂ ਸਹਿਜੇ ਹੀ ਰਾਮ ਰਾਇ ਨੇ ਬਾਣੀ ਦੀ ਤੁਕ ਨੂੰ ਬਦਲ ਦਿੱਤਾ, ਜਿਸ ਨਾਲ ਔਰੰਗਜ਼ੇਬ ਤੇ ਉਸ ਦਾ ਦਰਬਾਰ ਤਾਂ ਖੁਸ਼ ਹੋ ਗਿਆ, ਪਰ ਜਦੋਂ ਗੁਰੂ ਹਰਿਰਾਇ ਸਾਹਿਬ ਨੇ ਇਹ ਸਾਰੀ ਵਾਰਤਾ ਸੁਣੀ ਕਿ ਰਾਮ ਰਾਇ ਨੇ ਲੋਭ-ਲਾਲਚ, ਘਬਰਾਹਟ ਤੇ ਖੁਸ਼ਾਮਦ ਹਿਤ ਬਾਣੀ ਦੀ ਤੁਕ ਬਦਲ ਦਿੱਤੀ ਹੈ ਤਾਂ ਗੁਰੂ ਹਰਿਰਾਇ ਸਾਹਿਬ ਨੇ ਸਾਰੀ ਸੰਗਤ ਬੁਲਾ ਲਈ, ਪਹਿਲਾਂ ਪੰਜਾਬ-ਵਾਸੀਆਂ ਨੂੰ ਆਖਿਆ, ਫਿਰ ਸਾਰੇ ਹਿੰਦੁਸਤਾਨ ਵਿਚ ਵੱਸਦੇ ਸਿੱਖਾਂ ਨੂੰ ਹੁਕਮ ਭੇਜੇ ਕਿ ਕੋਈ ਸਿੱਖ ਰਾਮ ਰਾਇ ਨੂੰ ਨਾ ਮਿਲੇ। ਨਾ ਗੁਰੂ-ਦਰਬਾਰ ਦੀ ਸੇਵਾ-ਸੰਭਾਲ ਲਈ ਸੰਬੰਧ ਬਣਾਏ ਅਤੇ ਨਾ ਹੀ ਕੋਈ ਰੋਟੀ-ਬੇਟੀ ਦੀ ਸਾਂਝ ਉਸ ਨਾਲ ਰੱਖੇ। ਗੁਰੂ-ਪਿਤਾ ਨੇ ਰਾਮਰਾਇ ਨੂੰ ਵੀ ਸਪੱਸ਼ਟ ਸੰਦੇਸ਼ ਭੇਜ ਦਿੱਤਾ ਕਿ ਕੀਰਤਪੁਰ ਸਾਹਿਬ ਗੁਰੂ-ਦਰਬਾਰ ਵੱਲ ਮੂੰਹ ਕਰਨ ਦੀ ਲੋੜ ਨਹੀਂ। ਇਹੀ ਕਾਰਨ ਹੈ ਕਿ ਗੁਰੂ-ਪਿਤਾ ਤੋਂ ਡਰਦਾ ਰਾਮ ਰਾਇ ਦੇਹਰਾਦੂਨ ਚਲਾ ਗਿਆ ਤੇ ਉਥੇ ਹੀ ਰਹਿ ਕੇ ਗੁਰੂ-ਦਰਬਾਰ ਉੱਤੇ ਕਬਜ਼ਾ ਕਰਨ ਦੀਆਂ ਸੋਚਾਂ ਤੇ ਗੋਂਦਾਂ ਬਣਾਉਂਦਾ ਰਿਹਾ। ਇਤਿਹਾਸ ਸਾਖੀ ਹੈ ਕਿ ਗੁਰੂ ਹਰਿਰਾਇ ਸਾਹਿਬ ਜੀ ਨੇ ਬਾਣੀ-ਸਤਿਕਾਰ ਨਮਿਤ ਪੁੱਤਰ-ਮੋਹ ਨੂੰ ਤਿਲਾਂਜਲੀ ਦੇ ਦਿੱਤੀ ਅਤੇ ਰਾਮਰਾਈਆਂ ਨੂੰ ਗੁਰੂ-ਪਿਆਰ ਤੇ ਗੁਰੂ-ਦਰਬਾਰ ਵਿੱਚੋਂ ਸਦਾ ਲਈ ਤ੍ਰਿਸਕਾਰ ਦਿੱਤਾ। ਅੱਜ ਵੀ ਜੇ ਕੋਈ ਸਿੱਖ ਧੀਰਮੱਲੀਆਂ ਜਾਂ ਰਾਮਰਾਈਆਂ ਵਰਗੀ ਮਤਿ-ਹੀਣ ਕਰਤੂਤ ਕਰੇ, ਸਾਰਾ ਪੰਥ ਸਹਿਜੇ ਹੀ ਉਸ ਨੂੰ ਸਿੱਖੀ ਵਿੱਚੋਂ ਤ੍ਰਿਸਕਾਰ ਤੇ ਫਿਟਕਾਰ ਦਿੰਦਾ ਹੈ। ਸਿੱਖ ਸੰਗਤ ਨੂੰ ਸ਼ੁੱਧ ਆਤਮਕ, ਬਾਣੀ-ਅਭਿਆਸ ਤੇ ਜੁਰਅਤਿ-ਜਮਾਲ ਵਾਲੀ ਸਿਰਜਨਾ ਇਹ ਗੁਰੂ-ਪਰੰਪਰਾ ਦਾ ਮੁੱਖ ਉਦੇਸ਼ ਸੀ। ਗੁਰੂ ਹਰਿਰਾਇ ਸਾਹਿਬ ਨੇ ਰਾਮਰਾਇ ਨੂੰ ਤ੍ਰਿਸਕਾਰ ਕੇ ਗੁਰੂ-ਪਰੰਪਰਾ ਦੇ ਉਦੇਸ਼ ਦੀ ਪਾਲਣਾ ਤੇ ਪ੍ਰਤੀਨਿਧਤਾ ਹੀ ਕੀਤੀ ਸੀ।

ਗੁਰੂ ਹਰਿਰਾਇ ਸਾਹਿਬ ਨੇ ਜੋ ਆਪਣੇ ਵੱਡੇ ਸਪੁੱਤਰ ਬਾਰੇ ਸਿੱਖ-ਜਗਤ ਨੂੰ ‘ਨਹਿ ਦਰਸਹਿ’ ਦਾ ਆਦੇਸ਼ ਦਿੱਤਾ ਤਾਂ ਛੋਟੇ ਸਪੁੱਤਰ ਹਰਿਕ੍ਰਿਸ਼ਨ ਜੀ ਦੇ ਗੁਰੂ-ਪਰੰਪਰਾ-ਪਿਆਰ, ਬਾਣੀ-ਅਭਿਆਸ, ਸ਼ਰਧਾ-ਸਤਿਕਾਰ, ਸੰਗਤੀ-ਸਾਂਝ ਤੇ ਸੱਚ-ਰੰਗ ਨੂੰ ਵੇਖ ਕੇ ਇਹ ਐਲਾਨ ਵੀ ਕੀਤਾ ਤੇ ਵਰਦਾਨ ਵੀ ਦਿੱਤਾ ਕਿ ਜਿਹੜਾ ਗੁਰੂ ਹਰਿਕ੍ਰਿਸ਼ਨ ਜੀ ਦੇ ਦਰਸ਼ਨ ਕਰੇਗਾ ਜਾਂ ਆਪਣੇ ਧਿਆਨ ਦਾ ਕੇਂਦਰ ਬਣਾਵੇਗਾ, ਉਸ ਦੇ ਸਭ ਦੁੱਖ ਤਾਂ ਜਾਣਗੇ ਹੀ, ਪਰ ਉਸ ਉੱਤੇ ਗੁਰੂ-ਖੁਸ਼ੀ ਵੀ ਹੋਵੇਗੀ। ਗੁਰੂ ਹਰਿਰਾਇ ਸਾਹਿਬ ਦੇ ਐਲਾਨ ਦਾ ਏਨਾ ਅਸਰ ਪਿਆ ਕਿ ਰਾਮ ਰਾਇ ਨੂੰ ਮਿਲਣਾ ਜਾਂ ਸਾਂਝ ਦਾ ਪ੍ਰਗਟਾਵਾ ਕਰਨਾ ਇੰਞ ਸਮਝਿਆ ਜਾਣ ਲੱਗਾ ਜਿਵੇਂ ਕਿ ‘ਸਿੱਖ’ ਆਤਮਕ ਤੌਰ ‘ਤੇ ਇਕ ਬਹੁਤ ਵੱਡਾ ਪਾਪ ਜਾਂ ਅਪਰਾਧ ਕਰ ਰਿਹਾ ਹੈ। ਇਹੀ ਕਾਰਨ ਹੈ ਕਿ 1661 ਈ. ਨੂੰ ਜਦੋਂ ਗੁਰੂ ਹਰਿਰਾਇ ਸਾਹਿਬ ਜੋਤੀ-ਜੋਤਿ ਸਮਾਉਣ ਲੱਗੇ ਤਾਂ ਸਾਰੀ ਸੰਗਤ ਦੇ ਸਨਮੁਖ ਉਨ੍ਹਾਂ ਨੇ ਬਾਲ ਰੂਪ (ਗੁਰੂ) ਹਰਿਕ੍ਰਿਸ਼ਨ ਜੀ ਨੂੰ ਆਪਣੀ ਜੋਤਿ, ਜੁਗਤਿ ਤੇ ਸਾਰੀ ਰਾਸਿ ਦਾ ਗੁਰੂ-ਵਾਰਿਸ ਸਥਾਪਤ ਕਰਦਿਆਂ ਪਹਿਲਾਂ ਆਪ ਗੁਰੂ-ਸਿੰਘਾਸਣ ਉੱਤੇ ਬਿਠਾਇਆ, ਫਿਰ ਮੱਥਾ ਟੇਕ ਕੇ ਸਦਾ ਸਲਾਮਤ ਰਹਿਣ ਦਾ ਬੋਲ ਵੀ ਪ੍ਰਗਟਾਇਆ। ਇਸ ਤਰ੍ਹਾਂ ਪੰਜ ਸਾਲ ਦੀ ਉਮਰ ਵਿਚ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਸਮਰੱਥ ਤੇ ਯੋਗ ‘ਗੁਰੂ’ ਦੇ ਰੂਪ ਵਿਚ ਪ੍ਰਗਟ ਹੋਏ।

ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ‘ਜੀਵਨ’ ਜਿੱਥੇ ਬੜਾ ਵਚਿੱਤਰ ਤੇ ਵਿਸ਼ੇਸ਼ਤਾ ਵਾਲਾ ਸਾਬਤ ਹੋਇਆ, ਉਥੇ ਉਨ੍ਹਾਂ ਦਾ ਜੀਵਨ ਧਾਰਮਿਕ, ਸਮਾਜਕ ਤੇ ਰਾਜਨੀਤਕ ਖੇਤਰਾਂ ਵਿਚ ਬੜਾ ਸਾਰਥਕ ਤੇ ਪ੍ਰਭਾਵਸ਼ਾਲੀ ਵੀ ਸਿੱਧ ਹੋਇਆ। ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਜਨਮ ਤੋਂ ਹੀ ਗੁਰੂ-ਮਤਿ ਦੀ ਸਿਖਿਆ-ਦੀਖਿਆ ਮਿਲਣ ਲੱਗ ਪਈ ਸੀ। ਰਾਮ ਰਾਇ ਦੇ ਦੁਰਕਾਰੇ, ਫਿਟਕਾਰੇ ਤੇ ਤ੍ਰਿਸਕਾਰੇ ਜਾਣ ਨਾਲ ਗੁਰੂ ਹਰਿਕ੍ਰਿਸ਼ਨ ਜੀ ਨਾਲ ਸੰਗਤਾਂ ਦਾ ਨਿੱਘਾ ਪਿਆਰ ਪੈ ਗਿਆ। ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਸਿੱਖ ਸੰਗਤਾਂ ਨਾਲ ਬੜਾ ਪਿਆਰ ਕਰਦੇ ਸਨ। ਗੁਰੂ-ਦਰਬਾਰ ਦੀ ਮਰਯਾਦਾ ਦੀ ਸਾਰੀ ਸੇਵਾ-ਸੰਭਾਲ ਭਾਵੇਂ ਸਿੱਖ-ਸੰਗਤਾਂ ਹੀ ਕਰਦੀਆਂ ਸਨ, ਪਰ ਸਿੱਖ-ਸੰਗਤਾਂ ਦੀ ਅਗਵਾਈ ਲਈ ਗੁਰੂ ਹਰਿਕ੍ਰਿਸ਼ਨ ਸਾਹਿਬ ਆਪ ਨਿਰੰਤਰ ਗੁਰੂ-ਦਰਬਾਰ ਵਿਚ ਹਾਜ਼ਰ ਰਹਿੰਦੇ ਸਨ। ਇਤਿਹਾਸਕ ਸੰਕੇਤ ਮਿਲਦੇ ਹਨ ਕਿ ਕੀਰਤਪੁਰ ਸਾਹਿਬ ਵਿਚ ਗੁਰੂ-ਪਿਤਾ ਨੇ ਜਿਹੜਾ ਧਰਮਸਾਲ ਦੇ ਰੂਪ ਵਿਚ ਗੁਰੂ-ਦਰਬਾਰ ਸਥਾਪਤ ਕੀਤਾ ਸੀ, ਉਸ ਵਿਚ ਅੰਮ੍ਰਿਤ ਵੇਲੇ ਦਾ ਜਾਪ-ਜੱਸ ਅਤੇ ਸ਼ਾਮਾਂ ਵੇਲੇ ਆਰਤੀ-ਸੋਹਿਲਾ ਦਾ ਗਾਇਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੰਗਤੀ ਵਾਤਾਵਰਨ ਵਿਚ ਆਪ ਵੀ ਕਰਦੇ ਸਨ। ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਵਿਸ਼ੇਸ਼ਤਾ ਇਹ ਸੀ ਕਿ ਦਾਤਿ-ਜੋਤਿ ਦੀ ਵਡਿਆਈ ਪ੍ਰਾਪਤ ਕਰਨ ਪਿੱਛੋਂ ਉਨ੍ਹਾਂ ਦਾ ‘ਅਨੁਭਵ’ ਸੰਪੂਰਨ ਰੂਪ ਵਿਚ ਜਾਗਰੂਕ ਸੀ, ਉਨ੍ਹਾਂ ਦਾ ‘ਹਿਰਦਾ’ ਬੜਾ ਕੋਮਲ, ਉਪਕਾਰੀ ਤੇ ਗਿਆਨ ਨਾਲ ਸ਼ਿੰਗਾਰਿਆ ਗਿਆ ਸੀ, ‘ਵਿਹਾਰ’ ਵਿਚ ਇੰਨੀ ਨਿਮਰਤਾ, ਮਿੱਠਤ ਤੇ ਨਿਆਂਸ਼ੀਲਤਾ ਸੀ ਕਿ ਹੰਕਾਰ, ਦੁਬਿਧਾ, ਲਾਲਚ, ਕਪਟ ਤੇ ਕ੍ਰੋਧ ਵਰਗੀਆਂ ਬਿਰਤੀਆਂ ਨੂੰ ਉਨ੍ਹਾਂ ਕਦੀ ਨੇੜੇ ਨਾ ਲੱਗਣ ਦਿੱਤਾ। ਗੁਰੂ ਹਰਿਕ੍ਰਿਸ਼ਨ ਸਾਹਿਬ ਅੰਤਰ-ਬੋਧ ਦੇ ਧਾਰਨੀ ਅਤੇ ਬ੍ਰਹਮ ਗਿਆਨ ਨਾਲ ਓਤ-ਪੋਤ ਸਨ।

ਬ੍ਰਹਮ ਗਿਆਨ ਵਾਲਾ ਭਾਵੇਂ ਵੱਡੀ ਉਮਰ ਵਿਚ ਹੋਵੇ ਜਾਂ ਬਾਲ ਉਮਰ ਵਿਚ ਹੋਵੇ, ਡਰ ਜਾਂ ਡਰ ਦਾ ਸ਼ੋਰ ਉਸ ਕੋਲ ਬਿਲਕੁਲ ਨਹੀਂ ਹੁੰਦਾ। ਨਾ ਉਹ ਡਰਦਾ ਹੈ ਤੇ ਨਾ ਹੀ ਜ਼ਾਲਮਾਂ ਵਾਂਗ ਉਹ ਕਿਸੇ ਨੂੰ ਡਰਾਉਂਦਾ ਹੈ। ਜਦੋਂ ਸੰਸਾਰ ਦੇ ਸਮਾਜਕ ਤੇ ਰਾਜਨੀਤਕ ਬੰਧਨ ਹੀ ਟੁੱਟ ਗਏ ਹਨ- ਆਤਮਕ ਬਲ ਤਾਂ ਸਹਿਜੇ ਹੀ ਆ ਜਾਂਦਾ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਕੋਲ ਬ੍ਰਹਮ ਗਿਆਨ ਵੀ ਸੀ ਤੇ ਆਤਮਕ ਬਲ ਵੀ ਸੀ। ਇਹੀ ਕਾਰਨ ਹੈ ਕਿ ਰਾਜਾ ਜੈ ਸਿੰਘ ਤੇ ਦਿੱਲੀ ਦੀ ਸੰਗਤ ਦੀ ਬੇਨਤੀ ਪ੍ਰਵਾਨ ਕਰਦਿਆਂ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਵੱਲ ਆ ਰਹੇ ਸਨ ਤਾਂ ਵਿੱਦਿਆ- ਹੰਕਾਰੀ ਲਾਲ ਚੰਦ ਨੇ ਪੰਜੋਖਰੇ ਦੇ ਸਥਾਨ ਉੱਤੇ ਜਿਹੜਾ ਪ੍ਰਸ਼ਨ ਗੁਰੂ-ਪਾਤਸ਼ਾਹ ਨੂੰ ਕੀਤਾ ਸੀ ਕਿ “ਨਾਮ ਤਾਂ ਹਰਿਕ੍ਰਿਸ਼ਨ ਰੱਖ ਲਿਆ ਹੈ, ‘ਗੀਤਾ-ਗਿਆਨ’ ਦਾ ਤਾਂ ਤੁਹਾਨੂੰ ਕੋਈ ਅਨੁਭਵ ਨਹੀਂ।” ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਸਮਝ ਸੀ ਕਿ ਪੰਡਿਤ ਲਾਲ ਚੰਦ ਹੰਕਾਰ ਵਿਚ ਹੈ। ਹੰਕਾਰੀ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਗੁੱਸੇ ਵਿਚ ਜਵਾਬ ਨਹੀਂ ਦਿੱਤਾ। ਗੁਰੂ-ਪਰੰਪਰਾ ਦਾ ਸੁਭਾਅ ਹੈ ਕਿ ਗਿਆਨ ਦੇ ਆਦਾਨ-ਪ੍ਰਦਾਨ ਵੇਲੇ ਕਿੰਤੂ ਜਾਂ ਪ੍ਰਸ਼ਨ ਦਾ ਜਵਾਬ ਗੁੱਸੇ ਨਾਲ ਨਹੀਂ, ਕੇਵਲ ਤਰਕ ਤੇ ਪਿਆਰ ਨਾਲ ਹੀ ਦੇਣਾ ਚਾਹੀਦਾ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਪਿਆਰ ਤੇ ਤਰਕ ਨਾਲ ਪੰਡਿਤ ਲਾਲ ਚੰਦ ਨੂੰ ਆਖਿਆ ਕਿ ਮੇਰਾ ਨਾਮ ਤਾਂ ‘ਹਰਿਕ੍ਰਿਸ਼ਨ’ ਹੀ ਹੈ, ਜੇ ਤੂੰ ਗੀਤਾ ਦਾ ਅਰਥ-ਗਿਆਨ ਜਾਣਨਾ ਚਾਹੁੰਦਾ ਹੈਂ ਤਾਂ ਕਿਸੇ ਨਿਰਅੱਖਰ ਵਿਅਕਤੀ ਨੂੰ ਲੈ ਆ।  ਇਤਿਹਾਸ  ਸਾਖੀ  ਹੈ- ਨਿਰਅੱਖਰ ਛੱਜੂ ਦੇ ਸਿਰ ਉੱਤੇ ਸਮਰੱਥ ਗੁਰੂ ਨੇ ਅਜਿਹਾ ਹੱਥ ਰੱਖਿਆ ਕਿ ਉਹ ਸਹਿਜੇ ਹੀ ਗੀਤਾ ਦਾ ਅਰਥ-ਗਿਆਨ ਮੂਰਤੀਮਾਨ ਕਰਨ ਲੱਗ ਪਿਆ। ਗੀਤਾ ਦੇ ਅਰਥ-ਗਿਆਨ ਨੂੰ ਪ੍ਰਗਟਾਉਣ ਵਾਲਾ ਸਾਖੀ ਰੂਪ ਸੱਚ ਜਾਂ ਤੱਥ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸਾਰਥਕਤਾ ਦਾ ਅਦੁੱਤੀ ਸੰਕੇਤ ਹੈ। ਇਸੇ ਤਰ੍ਹਾਂ ਰਾਜਾ ਜੈ ਸਿੰਘ ਦੇ ਬੰਗਲੇ ਵਿਚ ਰਚੇ ਰਾਣੀਆਂ ਦੇ ਸਵਾਂਗ ਵਿੱਚੋਂ ‘ਪਟਰਾਣੀ- ਪਛਾਣ’ ਦਾ ਸੱਚ ਜਾਂ ਤੱਥ ਵੀ ਸਪੱਸ਼ਟ ਕਰਦਾ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਵੱਡੇ ਵਿਵੇਕਸ਼ੀਲ, ਸਾਰਥਿਕ ਤੇ ਸਮਰੱਥ ਗੁਰੂ ਸਨ। ਇਤਿਹਾਸ ਸਾਖੀ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸਮਰੱਥਾ, ਸਾਰਥਕਤਾ ਤੇ ਪ੍ਰਭਾਵ ਸਾਰੇ ਪਾਸੇ ਉਜਾਗਰ ਹੋਣ ਲੱਗ ਪਿਆ ਸੀ।

ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਆਪਣੇ ਜੀਵਨ ਦਾ ਬਹੁਤਾ ਸਮਾਂ ਕੀਰਤਪੁਰ ਸਾਹਿਬ ਅਤੇ ਦਿੱਲੀ ਵਿਚ ਬਿਤਾਇਆ। ਪੰਜੋਖਰਾ ਤੇ ਅੰਬਾਲਾ ਵਿਚ ਤਾਂ ਕੇਵਲ ਸੰਗਤਾਂ ਨੂੰ ਦਰਸ਼ਨ ਦੇਣ ਹਿਤ ਹੀ ਕੁਝ ਦਿਨ ਠਹਿਰੇ ਸਨ। ਦਿੱਲੀ ਵੀ ਗੁਰੂ-ਜੋਤਿ ਦੇ ਅਧਿਕਾਰੀ ਤੇ ਉਤਰਾਧਿਕਾਰੀ ਬਣਨ ਪਿੱਛੋਂ ਹੀ ਆਏ ਸਨ। ‘ਗੁਰੂ’ ਗੁਰੂ ਨਾਨਕ ਦੇਵ ਜੀ ਸਨ, ਜਾਂ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਜਾਂ ਗੁਰੂ ਅਰਜਨ ਦੇਵ ਜੀ ਸਨ, ਜਾਂ ਗੁਰੂ ਹਰਿਗੋਬਿੰਦ ਸਾਹਿਬ ਜੀ, ਗੁਰੂ ਹਰਿਰਾਇ ਸਾਹਿਬ, ਗੁਰੂ ਹਰਿਕ੍ਰਿਸ਼ਨ ਸਾਹਿਬ ਜਾਂ ਗੁਰੂ ਤੇਗ ਬਹਾਦਰ ਜੀ ਸਨ, ਗੁਰੂ-ਪਾਤਸ਼ਾਹ ਜਿਸ ਸਥਾਨ ਉੱਤੇ ਵੀ ਬੈਠਦੇ ਸਨ, ਉਹ ਸਥਾਨ ਭਾਵੇਂ ਗੁਰੂ-ਛੋਹ ਪ੍ਰਾਪਤ ਕਰ ਕੇ ਸਹਿਜੇ ਹੀ ਪਵਿੱਤਰ, ਸੁਹਾਵਾ ਤੇ ਹਰਿਆਵਲਾ ਹੋ ਜਾਂਦਾ ਸੀ, ਪਰ ਗੁਰੂ-ਪਾਤਸ਼ਾਹ ਜਿੱਥੇ ਵੀ ਬੈਠਦੇ ਸਨ ਜਾਂ ਸੰਗਤਾਂ ਨਾਲ ਮੇਲ-ਮਿਲਾਪ ਕਰਦੇ ਸਨ, ‘ਉਪਦੇਸ਼’ ਦੇਣਾ ਉਹ ਆਪਣਾ ਹੱਕ- ਅਧਿਕਾਰ ਕੀ, ਪਹਿਲਾ ਫਰਜ਼ ਵੀ ਸਮਝਦੇ ਸਨ। ਉਪਦੇਸ਼ ਦੇ ਕੇ ਧਰਤ-ਲੋਕਾਈ ਨੂੰ ਸੋਧਣ ਵਾਸਤੇ ਜਾਂ ਧਰਮ ਦੀ ਸੱਚ-ਕ੍ਰਿਆ ਨੂੰ ਸਥਾਪਤ ਕਰਨ ਵਾਸਤੇ ਹੀ ਦਸ-ਗੁਰੂ ਸਾਹਿਬਾਨ ਦੇ ਰੂਪ ਵਿਚ ਪਠਾਏ ਸਨ। ਉਪਦੇਸ਼ ਦੀ ਵਿਧੀ ਹੀ ਗੁਰੂ ਸਾਹਿਬਾਨ ਕੋਲ ਲੋਕਾਂ ਨਾਲ ਮਿਲ-ਬੈਠ ਕੇ ਸਮਝਾਉਣ ਜਾਂ ਸੁਧਾਰ ਕਰਨ ਦਾ ਸਭ ਤੋਂ ਵੱਡਾ ਹਥਿਆਰ ਸੀ। ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਉਮਰ ਭਾਵੇਂ ਛੋਟੀ ਸੀ ਪਰ ਸਿੱਖੀ-ਪ੍ਰਚਾਰ, ਧਰਮ-ਪਾਸਾਰ ਤੇ ਲੋਕ-ਆਚਾਰ-ਵਿਹਾਰ ਨੂੰ ਸੋਧਣ ਵਾਸਤੇ ਆਪ ਜੀ ਨੇ ਇਤਿਹਾਸਕ ਰੋਲ ਅਦਾ ਕੀਤਾ। ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਮਾਨਤਾ ਤੇ ਪ੍ਰਭਾਵ ਇਸ ਕਰਕੇ ਵੀ ਵਧ ਰਿਹਾ ਸੀ ਕਿ ਗੁਰੂ-ਦਰਬਾਰ ਵਿਚ ਬੈਠ ਕੇ ਜਿਹੜੇ ਉਪਦੇਸ਼ ਉਹ ਨਿਰੰਤਰ ਸੰਗਤਾਂ ਨਾਲ ਸਾਂਝੇ ਕਰਦੇ ਸਨ ਜਾਂ ਸੰਗਤਾਂ ਪ੍ਰਤੀ ਆਦੇਸ਼ ਰੂਪ ਵਿਚ ਮੂਰਤੀਮਾਨ ਕਰਦੇ ਸਨ, ਗੁਰੂ ਹਰਿਕ੍ਰਿਸ਼ਨ ਸਾਹਿਬ ਪਹਿਲਾਂ ਆਪ ਆਪਣੇ ਜੀਵਨ ਵਿਚ ਮਨ, ਬਚਨ ਤੇ ਕਰਮ ਕਰਕੇ ਕਮਾਉਂਦੇ ਸਨ। ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਖ਼ੂਬਸੂਰਤੀ ਤੇ ਵਿਸ਼ੇਸ਼ਤਾ ਇਹ ਸੀ ਕਿ ਬਾਲ-ਉਮਰ ਵਿਚ ਹੁੰਦਿਆਂ ਵੀ ਉਨ੍ਹਾਂ ਨੇ ਧਰਮ ਦੀ ਇਕਸੁਰਤਾ, ਸਮਾਜਕ ਬਰਾਬਰਤਾ ਤੇ ਰਾਜਸੀ ਨਿਡਰਤਾ ਨੂੰ ਇੰਨਾ ਕਮਾ-ਘਾਲਿ ਲਿਆ ਸੀ ਕਿ ਉਨ੍ਹਾਂ ਦੀ ਸੰਗਤ ਵਿਚ ਬੈਠਣ ਵਾਲਾ ਜਾਂ ਉਨ੍ਹਾਂ ਦੇ ਉਪਦੇਸ਼ ਸੁਣਨ ਵਾਲਾ ਇਸ ਅੰਤਰਭੇਦ ਨੂੰ ਬਿਲਕੁਲ ਨਹੀਂ ਸੀ ਲੱਭ ਸਕਦਾ ਕਿ 96 ਸਾਲ ਦੇ ਗੁਰੂ ਅਮਰਦਾਸ ਜੀ ਉਪਦੇਸ਼ ਕਰ ਰਹੇ ਹਨ ਜਾਂ ਪੰਜ-ਅੱਠ ਸਾਲ ਦੇ ਗੁਰੂ ਹਰਿਕ੍ਰਿਸ਼ਨ ਸਾਹਿਬ। ਚੂੰਕਿ ਜੋਤਿ ਤੇ ਜੁਗਤਿ ਇੱਕੋ ਸੀ, ਬਾਣੀ ਤੇ ਬੋਲ ਇੱਕੋ ਸੀ, ਦ੍ਰਿਸ਼ਟ ਤੇ ਚਿੰਤਨ ਇੱਕੋ ਸੀ, ਆਦੇਸ਼ ਤੇ ਉਪਦੇਸ਼ ਇੱਕੋ ਜਿਹਾ ਸੀ, ਇਸ ਲਈ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸਮਕਾਲੀ ਸਮਾਜਕ ਸਥਿਤੀ ਨੂੰ ਸੋਧਣ ਵਾਸਤੇ ਜਿਹੜੇ ਉਪਦੇਸ਼ ਦਿੱਤੇ, ਉਹ ਇੰਨੇ ਸੁਧਾਰ ਵਾਲੇ, ਸਾਰਥਕ ਤੇ ਸਿਰਜਨਾਤਮਕ ਸਨ ਕਿ ਸਮਕਾਲੀ ਸਮਾਜ ਨੂੰ ਪਵਿੱਤਰ ਤੇ ਆਦਰਸ਼ਕ ਸਿਰਜਣ ਵਿਚ ਵੀ ਉਹ ਬੜੇ ਸਹਾਇਕ ਹੋਏ।

ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜੀਵਨ-ਚਿੰਤਨ, ਉਪਦੇਸ਼ ਤੇ ਸੰਦੇਸ਼ ਸ਼ੁੱਧ ਰੂਪ ਵਿਚ ਗੁਰਬਾਣੀ ਸੱਚ ਤੇ ਗੁਰਮਤਿ-ਰੰਗ ਵਾਲਾ ਹੀ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਉਪਦੇਸ਼ਾਂ ਦੀ ਰੂਪ-ਰੇਖਾ ਕੁਝ ਇਸ ਤਰ੍ਹਾਂ ਉਲੀਕੀ ਜਾ ਸਕਦੀ ਹੈ:-

ਵਰਣ-ਵੰਡ

ਗੁਰੂ-ਪਰੰਪਰਾ ਮਨੂੰ ਦੀ ਮੂਰਤੀਮਾਨ ਕੀਤੀ ਵਰਨ-ਵੰਡ ਨੂੰ ਨਾ ਤਾਂ ਅਧਿਆਤਮਿਕ ਰੂਪ ਵਿਚ ਸਵੀਕਾਰ ਕਰਦੀ ਹੈ ਅਤੇ ਨਾ ਹੀ ਸਮਾਜਕ ਤੇ ਸਿਧਾਂਤਕ ਪੱਧਰ ਉੱਤੇ ਇਸ ਵਰਨ-ਵੰਡ ਨੂੰ ਸਵੀਕ੍ਰਿਤੀ ਦਿੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸਾਰੀ ਗੁਰੂ-ਪਰੰਪਰਾ ਦਾ ਸਪੱਸ਼ਟ ਅਨੁਭਵ ਤੇ ਸਿਧਾਂਤ ਸੀ ਕਿ ‘ਮਾਨਸ ਕੀ ਜਾਤਿ’ ਇਕ ਹੈ, ਰੰਗ, ਰੂਪ, ਜਾਤਿ, ਕੁਲ, ਸੱਭਿਅਤਾ, ਬੋਲੀ ਤੇ ਪ੍ਰਾਂਤ ਕਰਕੇ ਕਿਸੇ ਨੂੰ ਇਕ ਦੂਜੇ ਤੋਂ ਵੱਖਰਾ ਨਹੀਂ ਪਹਿਚਾਣਿਆ ਜਾ ਸਕਦਾ। ਨਾਲੇ ਨੂਰ ਇਕ ਹੈ, ਮਾਤਾ-ਪਿਤਾ ਵੀ ਇਕ ਹੈ, ਇੱਕ ਪਰਮਾਤਮਾ ਹੀ ਸਭ ਦਾ ਸਿਰਜਨਹਾਰ ਹੈ, ਨਾਲੇ ਹਰ ਮਾਨਸ ਅੰਦਰ ਪਰਮਾਤਮਾ ਦੀ ਜੋਤਿ ਦਾ ਪ੍ਰਕਾਸ਼ ਹੈ। ਜੇ ਪਰਮਾਤਮਾ-ਪਿਤਾ-ਮਾਤਾ ਇੱਕ ਹੈ, ਸਿਰਜਨਹਾਰ ਇੱਕ ਹੈ, ਜੋਤਿ ਇੱਕ ਹੈ, ਫਿਰ ‘ਮਾਨਸ ਕੀ ਜਾਤਿ’ ਵਰਨ-ਆਧਾਰਤ ਕਿਵੇਂ ਵੰਡੀ ਜਾ ਸਕਦੀ ਹੈ? ਗੁਰੂ-ਪਰੰਪਰਾ ਨੇ ਵਰਨ-ਵੰਡ ਦੇ ਵਿਧਾਨ ਤੇ ਵਿਧੀ ਨੂੰ ਕੇਵਲ ਤ੍ਰਿਸਕਾਰਿਆ ਤੇ ਅਸਵੀਕਾਰ ਹੀ ਨਹੀਂ ਸੀ ਕੀਤਾ, ਸਗੋਂ ਧਰਮ, ਮਾਨਸ ਤੇ ਸੰਗਠਨ-ਦੋਖੀ ਮੰਨ ਕੇ, ਲਗਾਤਾਰ ਇਸ ਸਿਧਾਂਤ ਤੇ ਵਿਧਾਨ ਪ੍ਰਤੀ ਵਿਰੋਧ ਵੀ ਪ੍ਰਗਟਾਇਆ। ਦਾਤਿ-ਜੋਤਿ ਤੇ ਖਸਮ-ਵਡਿਆਈ ਦੇਣ ਵੇਲੇ ਕਿਸੇ ਵੀ ਗੁਰੂ-ਪਾਤਸ਼ਾਹ ਨੇ ਵਰਨ-ਵੰਡ ਨੂੰ ਦ੍ਰਿਸ਼ਟੀਗੋਚਰ ਨਹੀਂ ਰੱਖਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਵੀ, ਖਾਸ ਕਰਕੇ ਭਗਤ-ਬਾਣੀ ਦੀ ਚੋਣ ਵੇਲੇ ਵੀ ਗੁਰੂ-ਅਰਜਨ ਦੇਵ ਜੀ ਨੇ ਵਰਨ-ਵੰਡ ਨੂੰ ਰੱਦ ਕਰ ਕੇ, ਧਰਮ-ਅਨੁਭਵ, ਗੁਣ-ਚਰਿੱਤਰ ਤੇ ਪ੍ਰਭੂ-ਭਗਤੀ ਦੇ ਬੋਲਾਂ ਨੂੰ ਹੀ ਪ੍ਰਥਮਤਾ ਦਿੱਤੀ। ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਵਰਨ-ਵੰਡ ਦੇ ਵਿਧਾਨ ਤੇ ਸਿਧਾਂਤ ਤੋਂ ਆਜ਼ਾਦ ਹੀ ਨਹੀਂ ਸਨ, ਸਗੋਂ ਪੂਰਨ ਰੂਪ ਵਿਚ ਆਕੀ ਵੀ ਸਨ। ਉਹ ਵਰਨ-ਵੰਡ ਦਾ ਨਿਰੰਤਰ ਵਿਰੋਧ ਕਰਦੇ ਰਹੇ। ਉਹ ਆਪਣੇ ਉਪਦੇਸ਼ਾਂ ਵਿਚ ਸਪੱਸ਼ਟ ਆਖਿਆ ਕਰਦੇ ਸਨ, ਕਿ ਵਰਨ-ਵੰਡ ਦ੍ਵੈਤ ਪੈਦਾ ਕਰਦੀ ਹੈ। ਜੇ ਏਕਤਾ, ਪਿਆਰ, ਸ਼ਾਂਤੀ, ਸਹਿਜ ਤੇ ਪਰਉਪਕਾਰ ਵਿਚ ਜਿਊਣਾ ਹੈ, ਤਾਂ ਵਰਨ-ਵੰਡ ਨੂੰ ਛੱਡੋ, ਸੰਗਤ ਤੇ ਸੰਗਤੀ ਜੀਵਨ ਵਿਚ ਆਓ। ਇਹੀ ਕਾਰਨ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਵੇਲੇ ਸੰਗਤ ਤੇ ਸੰਗਤੀ ਜੀਵਨ ਬੜਾ ਬਲਵਾਨ ਹੋ ਰਿਹਾ ਸੀ। ਇਹ ਸੰਗਤ ਤੇ ਸੰਗਤੀ ਬਲ ਦਾ ਸਿੱਟਾ ਹੀ ਸੀ ਕਿ ਨਾ ਰਾਮਰਾਇ ਗੁਰੂ-ਦਰਬਾਰ ਦੇ ਨੇੜੇ ਆ ਸਕਿਆ ਅਤੇ ਨਾ ਹੀ ਸ਼ਾਹੀ ਵਿਰੋਧ ਗੁਰੂ-ਘਰ ਦਾ ਕੁਝ ਵਿਗਾੜ ਸਕਿਆ। ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜਿੰਨਾ ਕੁ ‘ਗੁਰੂ-ਜੀਵਨ’ ਸੀ, ਉਹ ਬੜਾ ਸ਼ਾਂਤੀ, ਸਹਿਜ ਤੇ ਬਲ-ਬੀਰਤਾ ਨਾਲ ਬੀਤਿਆ।

ਜਾਤ-ਪਾਤ

ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਦ੍ਰਿੜ੍ਹ ਨਿਸਚਾ ਸੀ ਕਿ ਜਾਤ-ਪਾਤ ਦਾ ਅਭਿਮਾਨ ਸਮਾਜ ਤੇ ਸਮਾਜਕ ਜੀਵਨ ਦੀ ਸਭ ਤੋਂ ਵੱਡੀ ਬੁਰਿਆਈ ਹੈ। ਜਿਹੜਾ ਅਭਿਮਾਨ ਮਨੁੱਖ-ਮਨੁੱਖ ਮਾਨਸ-ਮਾਨਸ ਨੂੰ ਮਿਲ-ਬੈਠਣ ਨਾ ਦੇਵੇ, ਉੱਚੇ-ਨੀਵੇਂ ਦਾ ਫਰਕ ਸਥਾਪਤ ਕਰੇ, ਮਾਨਸਿਕਤਾ ਨੂੰ ਬਰਾਬਰਤਾ ਦੇ ਅਧਿਕਾਰਾਂ ਤੋਂ ਵੰਚਿਤ ਕਰ ਕੇ ਸਮਾਜ-ਸ਼ਕਤੀ ਨੂੰ ਖੰਡਿਤ ਕਰੇ, ਅਜਿਹੇ ਅਭਿਮਾਨ ਨੂੰ ਕਿਵੇਂ ਸਿਰਜਨਾਤਮਿਕ ਆਖਿਆ ਜਾ ਸਕਦਾ ਹੈ? ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਉਪਦੇਸ਼ਾਂ ਵਿਚ ਪਹਿਲੇ ਸਾਰੇ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਵਾਂਗ ਜਾਤ-ਪਾਤ ਦਾ ਸਖ਼ਤ ਤੇ ਕੱਟੜ ਵਿਰੋਧ ਸੀ। ਗੁਰੂ ਹਰਿਕ੍ਰਿਸ਼ਨ ਸਾਹਿਬ ਆਖਿਆ ਕਰਦੇ ਸਨ ਕਿ ‘ਜਾਤਿ’ ਜਨਮ ਨਾਲ ਨਹੀਂ, ਕਰਮ ਨਾਲ ਜੁੜੀ ਹੋਈ ਹੈ। ਜੇ ਪਤਿ ਵਾਲਾ ਜੀਵਨ ਜਿਊਣਾ ਹੈ ਤਾਂ ‘ਕਰਮ’ ਚੰਗੇ ਕਰੋ। ਚੰਗੇ ਕਰਮਾਂ ਨਾਲ ਹੀ ਭਰਮ ਤੇ ਭੈ ਵਿਨਾਸ਼ ਹੋਵੇਗਾ ਤੇ ਅੰਤਰ-ਆਤਮੇ ਧਰਮ-ਬਲ ਆਵੇਗਾ।

ਕੁੜੀਮਾਰ ਨਾਲ ਨਫ਼ਰਤ

ਇਸਤਰੀ ਬਾਰੇ ਜਿਹੜਾ ਸੰਕੇਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਕੀਤਾ ਸੀ, “ਸੋ ਕਿਉ ਮੰਦਾ ਆਖੀਐ” ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਭਾਰਤੀ ਸਮਾਜ ਵਿਚ ਇਸਤਰੀ ਬਾਰੇ ਕਿੰਨੀ ਕੁ ਨਫ਼ਰਤ ਤੇ ਨੀਵਾਂਪਣ ਸੀ। ਨਫ਼ਰਤ ਤੇ ਨੀਵਾਂਪਣ ਕਰਕੇ ਹੀ ਕਈ ਘਰਾਂ ਵਿਚ ਇਹ ਰਵਾਇਤ ਬਣ ਗਈ ਕਿ ਕੁੜੀ ਨੂੰ ਜੰਮਦਿਆਂ ਹੀ ਮਾਰ ਦਿੱਤਾ ਜਾਂਦਾ ਸੀ। ਜਾਪਦਾ ਇਹ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਮੇਂ ਵਿਚ ਵੀ ‘ਕੁੜੀਮਾਰ’ ਦੀ ਚਰਚਾ ਹੁੰਦੀ ਸੀ। ਜਿਵੇਂ ਸਾਰੇ ਗੁਰੂ-ਘਰ-ਪਰਵਾਰ ਵਿਚ ਸਪੁੱਤਰ-ਸਪੁੱਤਰੀ ਨੂੰ ਇੱਕੋ ਜਿਹਾ ਸਤਿਕਾਰ ਦਿੱਤਾ ਜਾਂਦਾ ਸੀ, ਇਹੀ ਸਤਿਕਾਰ ਗੁਰੂ ਹਰਿਕ੍ਰਿਸ਼ਨ ਸਾਹਿਬ ਹਰ ਇਸਤਰੀ-ਪੁਰਸ਼ ਨੂੰ ਆਪਣੇ ਦਰਬਾਰ ਵਿਚ ਦਿੰਦੇ ਸਨ। ‘ਕੁੜੀਮਾਰਾਂ’ ਬਾਰੇ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਇੰਨੀ ਨਫ਼ਰਤ ਸੀ ਕਿ ਉਸ ਦਾ ਗੁਰੂ-ਦਰਬਾਰ ਵਿਚ ਆਉਣਾ ਵੀ ਬੰਦ ਸੀ। ਉਸ ਨਾਲ ਕੋਈ ਰੋਟੀ-ਬੇਟੀ ਦੀ ਸਾਂਝ ਨਹੀਂ ਸੀ ਕਰਦਾ। ਗੁਰੂ-ਉਪਦੇਸ਼ਾਂ ਵਿਚ ਇਸਤਰੀ ਨੂੰ ਕਦੀ ਅਰਧੰਗੀ ਕਹਿ ਕੇ, ਕਦੀ ਰਾਜਿਆਂ-ਮਹਾਰਾਜਿਆਂ ਨੂੰ ਜਨਮ ਦੇਣ ਵਾਲੀ ਕਹਿ ਕੇ ਤੇ ਕਦੀ ਮਰਦ ਲਈ ਜ਼ਰੂਰੀ ਬੰਧਾਨ ਕਹਿ ਕੇ ਸਤਿਕਾਰਿਆ ਗਿਆ।

ਨਸ਼ੇ, ਤੰਬਾਕੂ ਤੇ ਜੂਆ

ਤੰਬਾਕੂ, ਹੋਰ ਨਸ਼ੇ ਤੇ ਜੂਆ ਉਸ ਸਮੇਂ ਦੇ ਆਮ ਲੋਕਾਂ ਦੇ ਜੀਵਨ ਦਾ ਅੰਗ ਬਣੇ ਹੋਏ ਸਨ। ਜਿਹੜਾ ਜੀਵਨ ਜਾਂ ਸਮਾਜ ਗਿਰਾਵਟ ਵਿਚ ਹੁੰਦਾ ਹੈ, ਉਹ ਨਿਸ਼ਚੇ ਹੀ ਨਸ਼ਿਆਂ ਦਾ ਸੇਵਨ ਵੀ ਕਰਦਾ ਹੈ, ਤੰਬਾਕੂ ਪੀਣ ਵੱਲ ਵੀ ਰੁਚਿਤ ਹੁੰਦਾ ਹੈ ਤੇ ਜੂਆ ਆਦਿ ਦੀਆਂ ਮੰਦ ਪਰਵਿਰਤੀਆਂ ਦਾ ਸ਼ਿਕਾਰ ਵੀ ਹੁੰਦਾ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਨਸ਼ੇ, ਤੰਬਾਕੂ ਤੇ ਜੂਏ ਵਿਰੁੱਧ ਆਪਣੇ ਉਪਦੇਸ਼ਾਂ ਵਿਚ ਪ੍ਰਬਲ ਜ਼ੋਰ ਦਿੱਤਾ।

ਜੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਿੱਤੇ ਉਪਦੇਸ਼ਾਂ ਦਾ ਗੰਭੀਰ ਅਧਿਐਨ ਕਰੀਏ ਤਾਂ ਕਹਿਣਾ ਪਵੇਗਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਇਕ ਕ੍ਰਾਂਤੀਕਾਰੀ ਸੁਧਾਰਕ ਵੀ ਸਨ। ਆਪਾ ਸੰਵਾਰਨਾ ਤੇ ਸਮਾਜ ਸੁਧਾਰਨਾ ਇਹ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਜੀਵਨ-ਆਦਰਸ਼ਾਂ ਵਿਚ ਸੀ। ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਵਿਲੱਖਣਤਾ ਤੇ ਵਿਸ਼ੇਸ਼ਤਾ ਇਹ ਸੀ ਕਿ ਜਿਹੜੇ ਆਦਰਸ਼ ਗੁਰੂ-ਸੰਸਥਾ ਤੇ ਸਿੱਖ ਲਹਿਰ ਦੇ ਮਿਥੇ ਗਏ ਸਨ, ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਨ੍ਹਾਂ ਸਾਰੇ ਉਦੇਸ਼ਾਂ ਤੇ ਆਦਰਸ਼ਾਂ ਉੱਤੇ ਪੂਰੀ ਨਿਡਰਤਾ ਨਾਲ ਪਹਿਰਾ ਦਿੱਤਾ। ਇਹੀ ਕਾਰਨ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਕੋਲ ਜੀਵਨ-ਸਮਾਂ ਤੇ ਗੁਰੂ-ਕਾਲ ਭਾਵੇਂ ਬੜਾ ਘੱਟ ਸੀ। ਆਪ ਜੀ 3 ਵੈਸਾਖ ਨਾਨਕਸ਼ਾਹੀ 196 (30 ਮਾਰਚ ਸੰਨ 1664) ਵਿਚ ਜੋਤੀ-ਜੋਤਿ ਸਮਾ ਗਏ।

ਘੱਟ ਉਮਰ ਤੇ ਘੱਟ ਸਮੇਂ ਵਿਚ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਜਿਵੇਂ ਆਪਣੇ ਆਪ ਨੂੰ ਸਮਰੱਥ, ਸਾਰਥਕ ਤੇ ਸਥਾਪਤ ਸਿੱਧ ਕੀਤਾ, ਉਸ ਦਾ ਪ੍ਰਭਾਵ ਸਾਰੇ ਪਾਸੇ ਇੰਨਾ ਵਧਿਆ ਤੇ ਉਜਾਗਰ ਹੋਇਆ ਕਿ ਰਾਜਾ ਜੈ ਸਿੰਘ ਨੇ ਸ਼ਰਧਾ ਤੇ ਸਤਿਕਾਰ ਹਿਤ ਆਪਣਾ ਬੰਗਲਾ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਸਮਰਪਿਤ ਕਰ ਦਿੱਤਾ। ਇਹ ਰਾਜਾ ਜੈ ਸਿੰਘ ਦਾ ਬੰਗਲਾ ਹੀ ਹੈ, ਜਿਸ ਨੂੰ ਪਹਿਲਾਂ ਸਰਦਾਰ ਬਘੇਲ ਸਿੰਘ ਜੀ ਨੇ ਤੇ ਪਿੱਛੋਂ ਖ਼ਾਲਸਾ ਪੰਥ ਨੇ ‘ਗੁਰਦੁਆਰਾ ਬੰਗਲਾ ਸਾਹਿਬ’ ਦੇ ਰੂਪ-ਸਰੂਪ ਵਿਚ ਢਾਲ ਲਿਆ ਸਗੋਂ ਇੰਨਾ ਸੰਵਾਰ ਲਿਆ ਹੈ ਕਿ ਇਹ ਪਵਿੱਤਰ, ਸੁਹਾਵਾ, ਹਰਿਆਵਲਾ ਤੇ ਪ੍ਰਭਾਵਸ਼ਾਲੀ ਸਥਾਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਜੀਵਨ, ਉਪਦੇਸ਼ਾਂ, ਬਖਸ਼ਿਸ਼ਾਂ ਤੇ ਦੁੱਖ-ਰੋਗ ਨਵਿਰਤੀ ਦਾ ਸੋਮਾ ਬਣ ਗਿਆ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)