ਪੰਜਾਬ ਦੀ ਧਰਤੀ ਨੂੰ ਇਸ ਗੱਲ ਦਾ ਮਾਣ ਹੈ ਕਿ ਇਸ ਨੇ ਮਹਾਨ ਕ੍ਰਾਂਤੀਕਾਰੀ, ਯੁੱਗ-ਪਲਟਾਊ ਯੋਧੇ, ਮਹਾਂਕਵੀ ਅਤੇ ਲੋਕ-ਨਾਇਕ ਗੁਰੂ ਨਾਨਕ ਦੇਵ ਜੀ ਨੂੰ ਪੈਦਾ ਕੀਤਾ ਜਿਨ੍ਹਾਂ ਨੇ ਆਪਣੀ ਕਿਰਪਾ-ਦ੍ਰਿਸ਼ਟੀ ਰਾਹੀਂ ਜਨ-ਮਾਨਸ ਨੂੰ ਸਰਸ਼ਾਰ ਕਰ ਦਿੱਤਾ। ਆਪਣੇ ਕ੍ਰਾਂਤੀਕਾਰੀ ਕਾਰਨਾਮਿਆਂ ਰਾਹੀਂ ਉਨ੍ਹਾਂ ਨੇ ਹਰ ਪ੍ਰਕਾਰ ਦੇ ਅਨੈਤਿਕ ਤੱਤਾਂ, ਜ਼ੋਰਾਵਰ ਜਰਵਾਣਿਆਂ ਅਤੇ ਪਾਖੰਡੀ ਭੇਖੀਆਂ ਦਾ ਪਰਦਾ-ਫਾਸ਼ ਕਰਕੇ ਲੋਕਾਈ ਨੂੰ ਧਰਮ ਦੇ ਮਾਰਗ ’ਤੇ ਤੋਰਿਆ। ਆਪ ਜੀ ਬਚਪਨ ਤੋਂ ਹੀ ਗਹਿਰ-ਗੰਭੀਰ ਅਤੇ ਸੋਚਵਾਨ ਸਨ ਅਤੇ ਦੁਨਿਆਵੀ ਕੰਮਾਂ ਤੋਂ ਉੱਚੇ ਮਹਾਨ ਸਰੋਕਾਰਾਂ ਨੂੰ ਪ੍ਰਣਾਏ ਹੋਏ ਸਨ। ਗੁਰੂ ਸਾਹਿਬ ਨੇ ਆਪਣੇ ਸਮੇਂ ਦੀ ਪ੍ਰਚਲਤ ਸਿੱਖਿਆ ਨੂੰ ਚੰਗੀ ਤਰ੍ਹਾਂ ਗ੍ਰਹਿਣ ਕੀਤਾ ਕਿਉਂਕਿ ਉਨ੍ਹਾਂ ਦੇ ਪਿਤਾ ਜੀ ਪੜ੍ਹੇ-ਲਿਖੇ, ਸਾਧਨ-ਸੰਪੰਨ ਅਤੇ ਸਮਾਜ ਦੇ ਇੱਜ਼ਤਦਾਰ ਤੇ ਮਾਣਯੋਗ ਵਿਅਕਤੀ ਸਨ। ਗੁਰੂ ਜੀ ਦੀ ਬਾਣੀ ਵਿਚਲੀ ਡੂੰਘਾਈ, ਅਰਬੀ, ਫ਼ਾਰਸੀ, ਪੰਜਾਬੀ, ਹਿੰਦੀ ਅਤੇ ਸੰਸਕ੍ਰਿਤ ਦੀ ਸ਼ਬਦਾਵਲੀ ਤੋਂ ਵੀ ਇਹੋ ਸਪਸ਼ਟ ਹੈ। ਉਹ ਹਮੇਸ਼ਾਂ ਸਾਧੂ-ਸੰਤਾਂ ਦੀ ਸੰਗਤ ਕਰਕੇ ਬਹੁਤ ਖੁਸ਼ੀ ਪ੍ਰਾਪਤ ਕਰਦੇ। ਸਾਖੀਆਂ ਦੇ ਲੇਖਕਾਂ ਅਨੁਸਾਰ ਆਪਣੇ ਪਿਤਾ ਜੀ ਵੱਲੋਂ ਮਿਲੀ ਕਾਫੀ ਵੱਡੀ ਰਕਮ, ਜਿਸ ਨਾਲ ਉਹ ਕੋਈ ਵਪਾਰ ਕਰਨਾ ਚਾਹੁੰਦੇ ਸਨ, ਨੂੰ ਭੁੱਖੇ ਸਾਧੂਆਂ ਨੂੰ ਭੋਜਨ ਛਕਾਉਣ ’ਤੇ ਖਰਚ ਕੀਤਾ।
ਬਚਪਨ ਤੋਂ ਹੀ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੇ ਬਹੁਤ ਹੀ ਨੇੜਲੇ ਸਾਥੀ ਰਹੇ ਅਤੇ ਲੱਗਭਗ ਸਮੁੱਚਾ ਜੀਵਨ ਉਨ੍ਹਾਂ ਨੇ ਇਕੱਠਿਆਂ ਹੀ ਮਹਾਨ-ਕਾਰਜਾਂ ਨੂੰ ਸਮਰਪਿਤ ਕਰ ਦਿੱਤਾ। ਪ੍ਰੋ. ਜਨਕ ਰਾਜ ਪੁਰੀ ਨੇ ਆਪਣੀ ਪੁਸਤਕ ‘ਗੁਰੂ ਨਾਨਕ ਦੇਵ ਜੀ ਦਾ ਰੂਹਾਨੀ ਉਪਦੇਸ਼’ ਵਿਚ ਲਿਖਿਆ ਹੈ ਕਿ ਗੁਰੂ ਜੀ ਦਾ ਭਾਈ ਮਰਦਾਨਾ ਜੀ ਨਾਲ ਏਨਾ ਪਿਆਰ ਸੀ ਕਿ ਉਹ ਤਲਵੰਡੀ ਵਿਚ ਆਪਣੇ ਨੇੜਲੇ ਸੰਬੰਧੀਆਂ ਨਾਲ ਵੀ ਏਨੇ ਖੁਸ਼ ਨਹੀਂ ਸਨ ਹੁੰਦੇ-ਜਿੰਨੇ ਭਾਈ ਮਰਦਾਨਾ ਜੀ ਨਾਲ ਹੁੰਦੇ ਸਨ। ਭਾਈ ਮਰਦਾਨਾ ਜੀ ਨੇ ਜ਼ਿੰਦਗੀ ਦੇ ਸੰਤਾਲੀ ਸਾਲ ਦਾ ਲੰਬਾ ਸਮਾਂ ਗੁਰੂ ਜੀ ਨਾਲ ਬਿਤਾਇਆ। ਜਨਮ ਸਾਖੀ ਦੇ ਲੇਖਕਾਂ ਤੋਂ ਬਿਨਾਂ ਮਹਾਨ ਸਿੱਖ ਵਿਦਵਾਨ ਭਾਈ ਗੁਰਦਾਸ ਜੀ ਸਮੇਤ ਹਰ ਇਕ ਲੇਖਕ ਨੇ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦੀ ਸੰਗਤ ਅਤੇ ਸਾਥ ਦੀ ਪੁਸ਼ਟੀ ਕੀਤੀ ਹੈ। ਭਾਈ ਮਰਦਾਨਾ ਜੀ ਗਰੀਬ ਘਰਾਣੇ ਨਾਲ ਸੰਬੰਧ ਰੱਖਦੇ ਸਨ ਅਤੇ ਮੁਸਲਮਾਨ ਵਿਚ ਅਤਿ ਪੱਛੜੀ ਸਮਝੀ ਜਾਂਦੀ ਜਾਤ ‘ਡੂਮ’ ਵਿੱਚੋਂ ਸਨ। ਦੁਨਿਆਵੀ ਤੌਰ ’ਤੇ ਅਜਿਹਾ ਮੇਲ ਪੂਰਨ ਵਰਜਿਤ ਸੀ ਪਰ ਗੁਰੂ ਜੀ ਨੇ ਸਭ ਤੋਂ ਪਹਿਲਾਂ ਅਜਿਹੀ ਸੋਚ ਤੇ ਮਨੁੱਖਤਾ-ਵਿਰੋਧੀ ਰੁਚੀਆਂ ਦਾ ਵਿਰੋਧ ਘਰ ਤੋਂ ਹੀ ਸ਼ੁਰੂ ਕੀਤਾ। ਇਹ ਵੀ ਸੱਚ ਹੈ ਕਿ ਗੁਰੂ ਜੀ ਦੀ ਮਹਾਨਤਾ ਨੂੰ ਸਭ ਤੋਂ ਪਹਿਲਾਂ ਭਾਈ ਮਰਦਾਨਾ ਜੀ ਨੇ ਹੀ ਭਾਂਪਿਆ ਸੀ ਅਤੇ ਉਨ੍ਹਾਂ ਗੁਰੂ ਜੀ ਦਾ ਸਾਥ ਜਿਉਂਦੇ-ਜੀਅ ਕਤਈ ਨਹੀਂ ਸੀ ਛੱਡਿਆ।
ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਹੀ ਵਾਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਾਇਕ ਵਜੋਂ ਪੇਸ਼ ਕਰਦਿਆਂ ਹਰ ਪ੍ਰਕਾਰ ਦੀਆਂ ਅਮਾਨਵੀ ਸ਼ਕਤੀਆਂ ਉੱਪਰ ਫ਼ਤਿਹ ਪ੍ਰਾਪਤ ਕਰਨ ਨੂੰ ਸਮਰਪਿਤ ਕੀਤੀ ਹੈ। ਇਸ ਵਾਰ ਦੀਆਂ ਪਹਿਲੀਆਂ 22 ਪਉੜੀਆਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਦੀ ਘੋਰ ਅੰਧਕਾਰਮਈ ਅਵਸਥਾ ਦਾ ਜ਼ਿਕਰ ਕਰਦਿਆਂ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਕਿ ਜ਼ੁਲਮਾਂ ਦੀ ਭੱਠੀ ਵਿਚ ਸੜਦੀ ਲੋਕਾਈ ਕਿਵੇਂ ‘ਹੈ-ਹੈ’ ਕਰ ਰਹੀ ਸੀ। ਭਾਈ ਸਾਹਿਬ ਅਨੁਸਾਰ ਹਿੰਦੂ ਆਪਸ ਵਿਚ ਬ੍ਰਾਹਮਣੀ ਵਿਚਾਰਾਂ, ਵੇਦਾਂ, ਉਪਨਿਸ਼ਦਾਂ, ਖਟ-ਦਰਸ਼ਨ ਆਦਿ ਦੇ ਵਿਵਾਦਾਂ ਵਿਚ ਘਿਰੇ ਹੋਏ ਸਨ। ਬੋਧੀ ਅਤੇ ਜੈਨੀ ਆਪਣੇ ਧਰਮ-ਸਿਧਾਂਤਾਂ ਕਾਰਨ ਆਪਸ ਵਿਚ ਉਲਝੇ ਹੋਏ ਸਨ। ਮੁਸਲਮਾਨ ਰੋਜ਼ੇ, ਨਮਾਜ਼ਾਂ, ਪੀਰਾਂ, ਪੈਗ਼ੰਬਰਾਂ ਅਤੇ ਅਉਲੀਆਂ ਦੇ ਚੱਕਰਾਂ ਵਿਚ ਫਸ ਕੇ ਝਗੜ ਰਹੇ ਸਨ। ਜੋਗੀ-ਮਤ ਰਿਧੀਆਂ-ਸਿਧੀਆਂ ਦੀ ਪ੍ਰਾਪਤੀ ਵਿਚ ਭਟਕ ਚੁੱਕਾ ਸੀ। ਇਸ ਸਮੁੱਚੀ ਅਧੋਗਤੀ ਅਤੇ ਜੁੱਗ-ਗਰਦੀ ਵਿਚ ਸੜਦੀ ਲੋਕਾਈ ਨੂੰ ਬਚਾਉਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ। ਭਾਈ ਗੁਰਦਾਸ ਜੀ ਅਨੁਸਾਰ:
ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ। (ਵਾਰ 1:23)
ਅਤੇ ਜਦ ਬਾਬੇ ਨਾਨਕ ਨੇ ਧਿਆਨ ਧਰਕੇ ਦੇਖਿਆ ਤਾਂ ਉਸ ਨੂੰ ਸਭ ਧਰਤੀ ਜ਼ੁਲਮਾਂ ਦੀ ਭੱਠੀ ਵਿਚ ਸੜਦੀ ਨਜ਼ਰ ਆਈ ਅਤੇ ਜਦੋਂ ਬਾਬਾ ‘ਚੜ੍ਹਿਆ ਸੋਧਣਿ ਧਰਤਿ ਲੁਕਾਈ’ ਤਾਂ ਆਪਣੇ ਨਾਲ ਕਿਸੇ ਹੋਰ ਨੂੰ ਨਹੀਂ ਸਗੋਂ ਆਪਣੇ ਪਰਖ਼ੇ ਹੋਏ ਸਾਥੀ ਮਰਦਾਨਾ ਜੀ ਨੂੰ ਨਾਲ ਲੈ ਕੇ ਗਏ। ਚਾਰੇ-ਦਿਸ਼ਾਵਾਂ ਵਿਚ ਦੇਸ਼ਾਂ-ਦੇਸ਼ਾਂਤਰਾਂ ਵਿਚ ਘੁੰਮਦੇ, ਵੱਡੇ-ਵੱਡੇ ਤੀਰਥ ਸਥਾਨਾਂ ’ਤੇ ਭੇਡਾਂ ਵਾਂਗ ਇਕੱਤਰ ਹੋਈ ਅੰਧ-ਵਿਸ਼ਵਾਸੀਆਂ ਦੀ ਭੀੜ ਨੂੰ ਗੁਰੂ ਜੀ ਦੀ ਮਧੁਰ ਬਾਣੀ ਅਤੇ ਭਾਈ ਮਰਦਾਨੇ ਦੀ ਰਬਾਬ ਜਿਵੇਂ ਕੀਲ ਹੀ ਲੈਂਦੀ।… ਹਿੰਦੂਆਂ, ਮੁਸਲਮਾਨਾਂ, ਬੋਧੀ, ਜੈਨੀ ਅਤੇ ਜੋਗੀਆਂ ਦੇ ਵੱਡੇ-ਵੱਡੇ ਕੇਂਦਰਾਂ ’ਤੇ ਅਤੇ ਭਾਈ ਮਰਦਾਨਾ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰੂਹਾਨੀ ਜੋੜੀ ਨੇ ਗਿਆਨ-ਗੋਸ਼ਟੀਆਂ ਅਤੇ ਰੱਬੀ ਕੀਰਤਨ ਰਾਹੀਂ ਸੱਚ ਦਾ ਉਪਦੇਸ਼ ਦਿੱਤਾ। ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ 35ਵੀਂ ਪਉੜੀ ਵਿਚ ਭਾਈ ਮਰਦਾਨਾ ਜੀ ਦੀ ਗੁਰੂ ਸਾਹਿਬ ਨਾਲ ਹਰ ਥਾਂ ਮੌਜੂਦਗੀ ਦੀ ਮੋਹਰ ਲਗਾਉਂਦੇ ਹਨ:
ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ।
ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨੇ ਦੀ ਪ੍ਰੀਤ ਤੇ ਦਿਲੀ ਸਾਂਝ ਗੁਰਮਤਿ ਦੀ ਵਿਚਾਰਧਾਰਾ ’ਤੇ ਆਧਾਰਿਤ ਸੀ। ਵਿਚਾਰਾਂ ਦੀ ਸਾਂਝ ਤੋਂ ਬਿਨਾਂ ਦੋਸਤੀ ਜਾਂ ਸਾਂਝ ਚੱਲ ਸਕਦੀ ਹੀ ਨਹੀਂ। ਗੁਰੂ ਜੀ ਦਾ ਭਾਈ ਮਰਦਾਨਾ ਜੀ ਨਾਲ ਪਿਆਰ ਉਸ ਦੇ ਗੁਣਾਂ ਅਤੇ ਉਸ ਦੀ ਸੋਚ ਦਾ ਗੁਰੂ-ਆਸ਼ੇ ਅਨੁਸਾਰ ਹੋਣ ਕਾਰਨ ਸੀ। ਭਾਈ ਮਰਦਾਨਾ ਜੀ ਵੀ ਗੁਰੂ ਜੀ ਨਾਲ ਰਹਿੰਦਿਆਂ ਅਤੇ ਉਨ੍ਹਾਂ ਦੀ ਸੰਗਤ ਕਰਦਿਆਂ ਇਕ ਰੂਹਾਨੀ ਸ਼ਖ਼ਸੀਅਤ ਬਣ ਗਏ ਸਨ ਜਿਵੇਂ ਕਿ ਚੰਦਨ ਪਾਸ ਰਹਿੰਦਿਆਂ ਹਰ ਕੋਈ ਚੰਦਨ ਵਰਗਾ ਹੀ ਹੋ ਜਾਂਦਾ ਹੈ।
ਉਪਰੋਕਤ ਵਿਚਾਰ-ਚਰਚਾ ਤੋਂ ਸਪਸ਼ਟ ਹੈ ਕਿ ਭਾਈ ਮਰਦਾਨਾ ਜੀ ਕੇਵਲ ਇਕ ਰਬਾਬੀ ਹੀ ਨਹੀਂ ਸਨ ਸਗੋਂ ਗੁਰਮਤਿ ਮਾਰਗ ਦੇ ਦ੍ਰਿੜ੍ਹ-ਪਾਂਧੀ ਵੀ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਬਹੁਤ ਹੀ ਵੱਡਾ ਮਾਣ-ਸਤਿਕਾਰ ਤੇ ਵਡਿਆਈ ਬਖ਼ਸ਼ੀ ਅਤੇ ਜ਼ਿੰਦਗੀ ਵਿਚ ਉਨ੍ਹਾਂ ਨੂੰ ਆਪਣੇ ਦੁੱਖਾਂ-ਸੁਖਾਂ ਵਿਚ ਹਮੇਸ਼ਾਂ ਭਾਈਵਾਲ ਬਣਾਇਆ।
ਲੇਖਕ ਬਾਰੇ
ਪਿੰਡ ਤੇ ਡਾਕ: ਜਲਾਲਦੀਵਾਲ, ਤਹਿ. ਰਾਏਕੋਟ ਲੁਧਿਆਣਾ
- ਸ. ਨਿਰਪਾਲ ਸਿੰਘ ਜਲਾਲਦੀਵਾਲhttps://sikharchives.org/kosh/author/%e0%a8%b8-%e0%a8%a8%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%9c%e0%a8%b2%e0%a8%be%e0%a8%b2%e0%a8%a6%e0%a9%80%e0%a8%b5%e0%a8%be%e0%a8%b2/November 1, 2007
- ਸ. ਨਿਰਪਾਲ ਸਿੰਘ ਜਲਾਲਦੀਵਾਲhttps://sikharchives.org/kosh/author/%e0%a8%b8-%e0%a8%a8%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%9c%e0%a8%b2%e0%a8%be%e0%a8%b2%e0%a8%a6%e0%a9%80%e0%a8%b5%e0%a8%be%e0%a8%b2/December 1, 2008