ਵੇਚ ਘੁੰਙਣੀਆਂ ਆਪਣਾ ਭਾਈ ਜੇਠਾ ਕਰੇ ਗੁਜ਼ਾਰਾ,
ਇਕ ਦਿਨ ਸ਼ਰਨ ਗੁਰੂ ਅਮਰਦਾਸ ਦੇ ਆਇਆ ਏ।
ਸੋਭਾ ਸੁਣੀ ਸੀ ਉਸ ਗੋਇੰਦਵਾਲ ਸਾਹਿਬ ਦੀ ਜੀ,
ਜਿੱਥੇ ਗੁਰੂ ਅਮਰਦਾਸ ਜੀ ਡੇਰਾ ਲਾਇਆ ਏ।
ਬਖ਼ਸ਼ੋ ਸੇਵਾ ਸਾਨੂੰ ਵੀ ਜੇਠਾ ਜੀ ਆ ਕੇ ਕਹਿਣ ਲੱਗੇ,
ਹੱਥ ਜੋੜ ਉਨ੍ਹਾਂ ਚਰਨੀਂ ਸੀਸ ਨਿਵਾਇਆ ਏ।
ਐਸੀ ਸੇਵਾ ਵਿਚ ਜੁੱਟੇ ਫਿਰ ਭਾਈ ਜੇਠਾ ਜੀ,
ਤਨੋ ਮਨੋ ਉਨ੍ਹਾਂ ਗੁਰੂ ਜੀ ਦਾ ਹੁਕਮ ਨਿਭਾਇਆ ਏ।
ਭਾਈ ਜੇਠਾ ਵਰਗਾ ਨਾ ਗੁਰਾਂ ਨੂੰ ਹੋਰ ਦਿੱਸਿਆ,
ਰਿਸ਼ਤਾ ਲੜਕੀ ਦਾ ਜੋੜ ਉਨ੍ਹਾਂ ਫ਼ਰਜ਼ ਨਿਭਾਇਆ ਏ।
ਦਾਸ ਬਣ ਗਏ ਗੁਰੂ ਅਮਰਦਾਸ ਜੀ ਦੇ ਭਾਈ ਜੇਠਾ,
ਤਾਹੀਓਂ ‘ਰਾਮਦਾਸ’ ਉਨ੍ਹਾਂ ਨੂੰ ਕਹਿ ਗੁਰਾਂ ਬੁਲਾਇਆ ਏ।
ਸੇਵਾ ਉਨ੍ਹਾਂ ਦੀ ਤੋਂ ਗੁਰੂ ਅਮਰਦਾਸ ਖ਼ੁਸ਼ ਹੋ ਕੇ,
ਤਿਲਕ ਗੁਰਿਆਈ ਦਾ ਰਾਮਦਾਸ ਜੀ ਨੂੰ ਲਗਾਇਆ ਏ।
ਹੁਕਮ ਹੋਇਆ ਉਨ੍ਹਾਂ ਨੂੰ ਚੱਕ ਨਵਾਂ ਵਸਾਓ ਜਾ ਕੇ,
ਜਿਹੜਾ ਸ੍ਰੀ ਅੰਮ੍ਰਿਤਸਰ ਸ਼ਹਿਰ ਅੱਜ ਅਖਵਾਇਆ ਏ।
ਊਚ-ਨੀਚ ਜਾਤ-ਪਾਤ ਦਾ ਜਿੱਥੇ ਨਾ ਭੇਦ ਕੋਈ,
ਹਰਿਮੰਦਰ ਸਾਹਿਬ, ਗੁਰੂ ਨੇ ਜਿੱਥੇ ਬਣਵਾਇਆ ਏ।
ਉਪਮਾ ਗੁਰੂ ਰਾਮਦਾਸ ਜੀ ਦੀ ਸਾਰੀ ਕਰੇ ਦੁਨੀਆਂ,
ਸੇਵਾ ਕਰ ਕੇ ‘ਬਲਦੇਵ’ ਜਿਨ੍ਹਾਂ ਸਭ ਕੁਝ ਪਾਇਆ ਏ।
ਲੇਖਕ ਬਾਰੇ
- ਭਾਈ ਬਲਦੇਵ ਸਿੰਘhttps://sikharchives.org/kosh/author/%e0%a8%ad%e0%a8%be%e0%a8%88-%e0%a8%ac%e0%a8%b2%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98/December 1, 2010