ਸਿੱਖ ਧਰਮ ਵਿਚ ਆਦਰਸ਼ ਸਿੱਖ ਦਾ ਮਨੋਰਥ ਇਕ ਨਿਸ਼ਕਾਮ ਸੇਵਕ ਬਣਨਾ ਹੈ। ਅਜਿਹਾ ਸੇਵਕ ਬਣਨਾ ਹੀ ਉਸ ਦੇ ਜੀਵਨ ਦਾ ਨਿਸ਼ਾਨਾ ਹੈ। ਗੁਰਮਤਿ ਦੇ ਮਹੱਲ ਅੰਦਰ ਸੇਵਾ ਅਤੇ ਸਿਮਰਨ ਦੋ ਵੱਡੇ ਥੰਮ੍ਹ ਹਨ। ਇਨ੍ਹਾਂ ਦੋਨਾਂ ਮੂਲਕ ਸਿਧਾਂਤਾਂ ਤੋਂ ਬਿਨਾਂ ਗੁਰਮਤਿ ਦੀ ਵਿਆਖਿਆ ਅਧੂਰੀ ਹੈ। ਸਿੱਖੀ ਦੇ ਇਤਿਹਾਸ ਅੰਦਰ ਸੇਵਕ ਦਾ ਇਕ ਖਾਸ ਸਥਾਨ ਵਰਣਨ ਕੀਤਾ ਗਿਆ ਹੈ। ਗੁਰਮਤਿ ਵਿਚ ਸੇਵਕ ਨੂੰ ਉੱਚੀ ਪਦਵੀ ਪ੍ਰਾਪਤ ਹੈ। ਗੁਰੂ ਸਾਹਿਬ ਨੇ ਸਿੱਖੀ ਮਿਸ਼ਨ ਨੂੰ ਅੱਗੇ ਤੋਰਨ ਲਈ ਜਦੋਂ ਆਪਣੇ ਉਤਰਾਧਿਕਾਰੀ ਦੀ ਚੋਣ ਕੀਤੀ ਉਸ ਵਕਤ ਵੀ ਸੇਵਕ ਸਿੱਖ ਦੀ ਨਿਸ਼ਕਾਮ ਸੇਵਾ ਨੂੰ ਹੀ ਮੁੱਖ ਰੱਖਿਆ। ਸੇਵਕ ਦਾ ਇਹ ਇਮਤਿਹਾਨ ਸਭ ਤੋਂ ਵੱਡਾ ਇਮਤਿਹਾਨ ਹੁੰਦਾ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਮਨੁੱਖੀ ਸ਼ਖ਼ਸੀਅਤ ਦੀ ਬਹੁਪੱਖੀ ਉਸਾਰੀ ਅਤੇ ਨਵੀਂ ਘਾੜਤ ਸੀ, ਇਕ ਪਰਿਵਰਤਨ ਸੀ। ਮਨੁੱਖ ਨੂੰ ਆਪੇ ਦੀ ਸੋਝੀ ਕਰਵਾਉਣਾ ਅਤੇ ਥੁੜ੍ਹਾਂ ਸਹਿੰਦੇ ਮਨੁੱਖੀ ਜੀਵਨ ਲਈ ਜ਼ਰੂਰੀ ਸਹੂਲਤਾਂ ਲਈ ਇਕ ਉਪਰਾਲਾ ਸੀ। ਸੇਵਕ ਦੀ ਸ਼ਖ਼ਸੀਅਤ ਨੂੰ ਹਰ ਪੱਖ ਤੋਂ ਪੂਰਨਤਾ ਦੇਣੀ ਗੁਰੂ ਸਾਹਿਬਾਨ ਦੇ ਮਿਸ਼ਨ ਦਾ ਉਦੇਸ਼ ਸੀ। ਇਸ ਮਨੁੱਖੀ ਸ਼ਖ਼ਸੀਅਤ ਦੇ ਨਵ-ਉਸਾਰੀ ਦੇ ਸਿਧਾਂਤ ਨੂੰ ਗੁਰੂ ਸਾਹਿਬਾਨ ਨੇ ਸਿਰਫ਼ ਬਿਆਨਿਆ ਹੀ ਨਹੀਂ ਸਗੋਂ ਜੀਵਿਆ ਭੀ ਸੀ ਜੋ ਸਾਡੇ ਲਈ ਇਕ ਆਦਰਸ਼ਕ ਮਿਸਾਲ ਹੈ, ਚਾਨਣ-ਮੁਨਾਰਾ ਹੈ। ਇਤਿਹਾਸ ਗਵਾਹ ਹੈ ਕਿ ਗੁਰੂ ਸਾਹਿਬਾਨ ਨੇ ਪਹਿਲਾਂ ਸੇਵਕ ਦੇ ਰੂਪ ਵਿਚ ਸੇਵਾ ਕੀਤੀ।
ਸ੍ਰੀ ਗੁਰੂ ਰਾਮਦਾਸ ਜੀ ਦੀ ਆਪਣੀ ਪਾਵਨ ਬਾਣੀ ਅੰਦਰ ਇਕ ਆਦਰਸ਼ਕ ਸੇਵਕ ਦੀ ਸ਼ਖ਼ਸੀਅਤ ਦਾ ਝਲਕਾਰਾ ਪੈਂਦਾ ਹੈ। ਗੁਰੂ ਜੀ ਨੇ ਸੇਵਕ ਦੇ ਸਮਾਨਅਰਥੀ ਸ਼ਬਦਾਂ ਦੀ ਵਰਤੋਂ ਭੀ ਕੀਤੀ ਹੈ, ਜਿਵੇਂ:
1. ਲਾਲੇ ਗੋਲੇ:
ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗਿ ਸੰਗਤਿ ਕਰੂਆ ਮੀਠਾ॥ (ਪੰਨਾ 171)
2. ਗੋਲੀ:
ਅਪੁਨੇ ਹਰਿ ਪ੍ਰਭ ਕੀ ਹਉ ਗੋਲੀ॥ (ਪੰਨਾ 168)
3. ਜਨ:
ਜਨ ਕੀ ਪੈਜ ਸਵਾਰ॥ (ਪੰਨਾ 982)
4. ਇਵੇਂ ਹੀ ਸ਼ਬਦ ਗੁਲਾਮ, ਦਾਸ ਅਤੇ ਚੇਰੀ ਦੀ ਵਰਤੋਂ ਭੀ ਮਿਲਦੀ ਹੈ। ਕਿਤੇ-ਕਿਤੇ ਸ਼ਬਦ ਵੇਗਾਰਿ ਅਤੇ ਵੇਗਾਰੀਆ ਦਾ ਜ਼ਿਕਰ ਕੀਤਾ ਮਿਲਦਾ ਹੈ। ਇਹ ਸਾਰੇ ਸ਼ਬਦ ਨਿਮਰਤਾ ਦੇ ਸੂਚਕ ਹਨ। ਨਿਮਰ ਭਾਵ ਵਿਚ ਰਹਿ ਕੇ ਸੇਵਾ ਹੋ ਸਕਦੀ ਹੈ। ਅਜਿਹਾ ਸੇਵਕ ਪਰਮ ਮੁਕਤੀ ਨੂੰ ਪ੍ਰਾਪਤ ਹੁੰਦਾ ਹੈ।
ਸੇਵਕ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਪੂਰੀ ਆਸਥਾ ਅਤੇ ਸ਼ਰਧਾ ਨਾਲ ਸੇਵਾ ਕਰਨ ਲਈ ਆਪਾ-ਸਮਰਪਣ ਕਰਨ ਦੀ ਭਾਵਨਾ ਮਨ ਵਿਚ ਹੋਵੇ। ਸੇਵਕ ਆਪਣਾ ਤਨ, ਮਨ ਅਤੇ ਧਨ ਸਭ ਗੁਰੂ ਨੂੰ ਸੌਂਪ ਕੇ ਸੇਵਾ ਕਰੇ। ਇਸ ਤਰ੍ਹਾਂ ਪੂਰਨ ਰੂਪ ਵਿਚ ਸਵੈ ਅਰਪਣ ਕਰਨ ਨਾਲ ਹੀ ਸੇਵਕ ਦੀ ਸੇਵਾ ਪੁੱਗ ਸਕਦੀ ਹੈ। ਗੁਰੂ ਦੇ ਹੁਕਮ ਅੰਦਰ ਚੱਲਣ ਨਾਲ ਹੀ ਹਉਮੈ ਦਾ ਅਭਾਵ ਹੁੰਦਾ ਹੈ। ਅਜਿਹੀ ਸੇਵਾ ਕਾਮਨਾ ਰਹਿਤ ਹੀ ਉਸ ਦੇ ਆਦਰਸ਼ ਦੀ ਪੂਰਤੀ ਵਿਚ ਸਹਾਈ ਹੋ ਸਕਦੀ ਹੈ। ਸੇਵਕ ਅਜਿਹਾ ਕਰਨ ’ਤੇ ਕੁਝ ਦਿੰਦਾ ਨਹੀਂ, ਕੋਈ ਅਹਿਸਾਸ ਨਹੀਂ ਕਰਦਾ, ਸਿਰਫ ਪ੍ਰਭੂ ਵੱਲੋਂ ਦਿੱਤੀ ਹੋਈ ਅਮਾਨਤ ਹੀ ਵਾਪਸ ਕਰਦਾ ਹੈ ਜੈਸਾ ਕਿ ਭਗਤ ਕਬੀਰ ਜੀ ਨੇ ਇਸ ਸਿਧਾਂਤ ਨੂੰ ਸਪੱਸ਼ਟ ਕਥਨ ਕੀਤਾ ਹੈ:
ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ॥
ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ॥ (ਪੰਨਾ 1375)
ਸ਼ਰਧਾ ਅਤੇ ਆਸਥਾ ਨਾਲ ਕੀਤੀ ਸੇਵਾ ਕਰਨ ’ਤੇ ਹੀ ਪ੍ਰਭੂ ਆਪਣੇ ਸੇਵਕਾਂ ਨੂੰ ਪਿਆਰ ਕਰਦਾ ਹੈ, ਨਾਮ ਦਾ ਸਹਾਰਾ ਦਿੰਦਾ ਹੈ ਅਤੇ ਅੰਗ-ਸੰਗ ਸਹਾਈ ਹੋ ਕੇ ਡੋਲਣ ਤੋਂ ਬਚਾਉਂਦਾ ਹੈ। ਨਿਸ਼ਕਾਮ ਸੇਵਕ ਨੂੰ ਸਭ ਥਾਂ ਇੱਕੋ ਪ੍ਰਭੂ ਜੋਤ ਰੂਪ ਵਿਚ ਨਜ਼ਰ ਆਉਂਦਾ ਹੈ। ਸ੍ਰੀ ਗੁਰੂ ਰਾਮਦਾਸ ਜੀ ਕਥਨ ਕਰਦੇ ਹਨ:
ਪ੍ਰਭ ਕੇ ਸੇਵਕ ਬਹੁਤੁ ਅਤਿ ਨੀਕੇ, ਮਨਿ ਸਰਧਾ ਕਰਿ ਹਰਿ ਧਾਰੇ॥
ਮੇਰੇ ਪ੍ਰਭਿ ਸਰਧਾ ਭਗਤਿ ਮਨਿ ਭਾਵੈ, ਜਨ ਕੀ ਪੈਜ ਸਵਾਰੇ॥
ਹਰਿ ਹਰਿ ਸੇਵਕੁ ਸੇਵਾ ਲਾਗੈ ਸਭੁ ਦੇਖੈ ਬ੍ਰਹਮ ਪਸਾਰੇ॥
ਏਕੁ ਪੁਰਖੁ ਇਕੁ ਨਦਰੀ ਆਵੈ ਸਭ ਏਕਾ ਨਦਰਿ ਨਿਹਾਰੇ॥ (ਪੰਨਾ 982)
ਸੇਵਕ ਨੂੰ ਆਪਣੇ ਦਿਆਲ ਅਤੇ ਮਿਹਰਬਾਨ ਪ੍ਰਭੂ ਉੱਤੇ, ਗੁਰੂ ਉੱਤੇ ਪੂਰਨ ਭਰੋਸਾ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਸੇਵਕਾਂ ’ਤੇ ਸਦਾ ਮਿਹਰ ਕਰਦਾ ਆਇਆ ਹੈ ਅਤੇ ਕਰਦਾ ਰਹੇਗਾ। ਇਹ ਸਿਰਫ਼ ਇਸ ਜੁੱਗ ਦੀ ਹੀ ਗੱਲ ਨਹੀਂ ਸਗੋਂ ਹਰ ਜੁੱਗ ਅੰਦਰ ਭਗਤ ਜੋ ਵਾਹਿਗੁਰੂ ਤੋਂ ਵਰੋਸਾਏ ਹੋਏ ਸਨ ਪ੍ਰਭੂ ਨੇ ਮਿਹਰ ਕੀਤੀ, ਪੈਜ ਰੱਖੀ, ਨਿਕਟੀ ਹੋਇ ਕੇ ਦਿਖਾਇਆ, ਕਾਰਜ-ਕਿਰਤ ਵਿਚ ਸੇਵਕ ਦੇ ਅੰਗ- ਸੰਗ ਹੋ ਨਿੱਬੜਿਆ। ਹਰ ਖੇਤਰ ਵਿਚ ਸਹੂਲਤਾਂ ਲਈ ਸੇਧ ਦਿੱਤੀ ਅਤੇ ਨਾਲ ਹੀ ਦੁਸ਼ਟਾਂ ਦੀ ਖੈ ਕੀਤੀ, ਹੰਕਾਰੀਆਂ ਅਤੇ ਨਿੰਦਕਾਂ ਵੱਲ ਪਿੱਠ ਕਰ ਛੱਡੀ ਅਤੇ ਆਪਣੇ ਭਗਤਾਂ ਨੂੰ ਮਾਣ ਤੇ ਪ੍ਰਤਿਸ਼ਠਤਾ ਦੀ ਬਖ਼ਸ਼ਿਸ਼ ਕੀਤੀ।
ਸ੍ਰੀ ਗੁਰੂ ਰਾਮਦਾਸ ਜੀ ‘ਮਾਰੂ ਰਾਗ’ ਵਿਚ ਇਸ ਖ਼ਿਆਲ ਨੂੰ ਬੜੇ ਸਪੱਸ਼ਟ ਅਤੇ ਪ੍ਰਭਾਵਸ਼ਾਲੀ ਰੂਪ ਵਿਚ ਵਰਣਨ ਕਰਦੇ ਹਨ:
ਜਨ ਕਉ ਆਪਿ ਅਨੁਗ੍ਰਹੁ ਕੀਆ ਹਰਿ ਅੰਗੀਕਾਰੁ ਕਰੇ॥
ਸੇਵਕ ਪੈਜ ਰਖੈ ਮੇਰਾ ਗੋਵਿਦੁ ਸਰਣਿ ਪਰੇ ਉਧਰੇ॥
ਜਨ ਨਾਨਕ ਹਰਿ ਕਿਰਪਾ ਧਾਰੀ ਉਰ ਧਰਿਓ ਨਾਮੁ ਹਰੇ॥ (ਪੰਨਾ 995)
ਸੇਵਕ ਦੀ ਗੁਰੂ ਉੱਤੇ ਸ਼ਰਧਾ ਅਤੇ ਅਤੁੱਟ ਵਿਸ਼ਵਾਸ ਹੀ ਉਸ ਨੂੰ ਇਸ ਸੰਸਾਰ-ਸਮੁੰਦਰ ਤੋਂ ਪਾਰ ਉਤਾਰਨ ਲਈ ਸਹਾਈ ਹੁੰਦਾ ਹੈ। ਪ੍ਰਭੂ, ਗੁਰੂ ਅਤੇ ਗੁਰੂ ਦੀ ਸ਼ਬਦ-ਬਾਣੀ ਵਿਚ ਇਕਸੁਰਤਾ ਹੈ। ਗੁਰੂ, ਪ੍ਰਭੂ ਦਾ ਭੇਜਿਆ ਹੋਇਆ ਪ੍ਰਤੀਨਿਧ ਹੁੰਦਾ ਹੈ। ਸੇਵਕ ਅਤੇ ਗੁਰੂ ਦਾ ਰਿਸ਼ਤਾ ਇਕ ਰਹੱਸਮਈ ਰਿਸ਼ਤਾ ਹੈ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਸਿਰਫ਼ ਅਨੁਭਵ ਹੀ ਕੀਤਾ ਜਾ ਸਕਦਾ ਹੈ। ਇਹ ਦੁਨਿਆਵੀ ਰਿਸ਼ਤਾ ਨਹੀਂ। ਗੁਰੂ ਦੀ ਰਚਨਾ, ਬੋਲ ਇਕ ਰੱਬੀ ਪੈਗ਼ਾਮ ਹੈ, ਇਲਾਹੀ ਗੀਤ ਹਨ, ਦਿਲ, ਦਿਮਾਗ ਅਤੇ ਆਤਮਾ ਤਿੰਨਾਂ ਨੂੰ ਅਪੀਲ ਕਰਨ ਵਾਲੇ ਹਨ। ਗੁਰੂ ਦੀ ਬਾਣੀ ਇਕ ਪਰਮਾਰਥ ਦਾ ਰਸਤਾ ਹੈ, ਸੇਵਕ ਲਈ ਕਲਿਆਣਕਾਰੀ ਹੈ, ਹਲਤ-ਪਲਤ ਲਈ ਸਹਾਈ ਹੈ। ਆਤਮਿਕ ਜੀਵਨ ਦੇਣ ਵਾਲਾ ਨਾਮ-ਜਲ ਹੈ। ਜਿਹੜਾ ਸੇਵਕ ਇਸ ਨੂੰ ਹਿਰਦੇ ਵਿਚ ਸਾਂਭ ਕੇ ਰੱਖਦਾ ਹੈ ਗੁਰੂ ਯਕੀਨੀ ਤੌਰ ’ਤੇ ਸੇਵਕ ਨੂੰ ਸੰਸਾਰ ਤੋਂ ਪਾਰ ਲੰਘਾ ਦਿੰਦਾ ਹੈ। ਸ੍ਰੀ ਗੁਰੂ ਰਾਮਦਾਸ ਜੀ ਨੇ ਇਸ ਪ੍ਰਥਾਇ ਹੇਠ ਲਿਖੇ ਸ਼ਬਦ ਕਿੰਨੀ ਸ਼ਰਧਾ ਅਤੇ ਵਿਸ਼ਵਾਸ ਨਾਲ ਕਹੇ ਹਨ:
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (ਪੰਨਾ 982)
ਗੁਰੂ ਰਾਮਦਾਸ ਪਾਤਸ਼ਾਹ ਨੇ ਇਕ ਆਦਰਸ਼ ਸੇਵਕ ਦੀ ਹੈਸੀਅਤ ਵਿਚ ਦ੍ਰਿੜ੍ਹ ਕਰਾਇਆ ਹੈ ਕਿ ਸੇਵਕ ਦੀ ਸੇਵਾ ਉਹੀ ਸਫ਼ਲ ਹੈ ਜੋ ਗੁਰਮੁਖ ਬਣ ਕੇ ਕੀਤੀ ਜਾਂਦੀ ਹੈ। ਗੁਰਮੁਖ ਤੋਂ ਸੇਵਾ ਦਾ ਭਾਵ ਨਿਸ਼ਕਾਮ ਸੇਵਾ ਹੈ। ਸੇਵਾ ਕੋਈ ਬੰਧਨ ਨਹੀਂ, ਠੋਸੀ ਹੋਈ ਮਜਬੂਰੀ ਅਧੀਨ ਕਾਰਜ ਨਹੀਂ ਸਗੋਂ ਕਾਮਨਾ ਰਹਿਤ, ਚਾਈਂ-ਚਾਈਂ ਅਪਣਾਇਆ ਪਰਉਪਕਾਰੀ ਕਾਰਜ ਹੈ। ਸੇਵਾ ਉਹੀ ਸਫ਼ਲ ਹੈ ਜਿਸ ’ਤੇ ਗੁਰੂ ਦਾ ਮਨ ਸੰਤੁਸ਼ਟ ਹੁੰਦਾ ਹੈ। ਅਜਿਹੀ ਸੇਵਾ ਪਾਪ-ਨਾਸ਼ਕ ਹੈ, ਪ੍ਰਭੂ ਅਤੇ ਜੀਵ ਵਿਚਕਾਰ ਪਈ ਹਉਮੈ ਦੀ ਵਿੱਥ ਨੂੰ ਦੂਰ ਕਰ ਸਕਦੀ ਹੈ। ਅਜਿਹੀ ਸੇਵਾ ਦੀ ਘਾਲ ਥਾਇ ਪੈਂਦੀ ਹੈ ਭਾਵ ਮਨਜ਼ੂਰ ਹੁੰਦੀ ਹੈ। ਤਦ ਹੀ ਸੇਵਕ ਦਾ ਆਉਣਾ ਸੰਸਾਰ ’ਤੇ ਸਫ਼ਲ ਹੈ, ਭਾਵ ਉਸ ਦਾ ਜੀਵਨ ਸਫ਼ਲ ਹੈ। ਮਨਮੁਖ ਹੋ ਕੇ ਸੇਵਾ ਨਹੀਂ ਹੋ ਸਕਦੀ। ਨਿਸ਼ਕਾਮ ਸੇਵਾ ਨਾਲ ਹੀ ਸੇਵਕ ਦੀ ਤ੍ਰਿਸ਼ਨਾ ਭੁੱਖ ਲਹਿ ਸਕਦੀ ਹੈ। ਦੁਨਿਆਵੀ ਸੁਆਦਾਂ ਵੱਲ ਮਨ ਨਹੀਂ ਭਟਕਦਾ, ਸਿਰਫ਼ ਪ੍ਰਭੂ-ਸੇਵਾ ਦਾ ਚਾਅ ਹੀ ਮਾਨਸਿਕ ਤ੍ਰਿਪਤੀ ਪ੍ਰਦਾਨ ਕਰਦਾ ਹੈ ਅਤੇ ਆਤਮਿਕ ਪੱਧਰ ’ਤੇ ਸਿਮਰਨ ਦਾ ਚਾਉ ਪੈਦਾ ਹੁੰਦਾ ਹੈ। ਗੁਰੂ ਜੀ ਨੇ ਇਸ ਵਿਸ਼ਵਾਸ ਨੂੰ ਹੇਠ ਲਿਖੇ ਅਨੁਸਾਰ ਅੰਕਿਤ ਕੀਤਾ ਹੈ:
ਐਸਾ ਹਰਿ ਸੇਵੀਐ ਨਿਤ ਧਿਆਈਐ ਜੋ ਖਿਨ ਮਹਿ ਕਿਲਵਿਖ ਸਭਿ ਕਰੇ ਬਿਨਾਸਾ॥
ਜੇ ਹਰਿ ਤਿਆਗਿ ਅਵਰ ਕੀ ਆਸ ਕੀਜੈ ਤਾ ਹਰਿ ਨਿਹਫਲ ਸਭ ਘਾਲ ਗਵਾਸਾ॥
ਮੇਰੇ ਮਨ ਹਰਿ ਸੇਵਿਹੁ ਸੁਖਦਾਤਾ ਸੁਆਮੀ ਜਿਸੁ ਸੇਵਿਐ ਸਭ ਭੁਖ ਲਹਾਸਾ॥
ਮੇਰੇ ਮਨ ਹਰਿ ਊਪਰਿ ਕੀਜੈ ਭਰਵਾਸਾ॥
ਜਹ ਜਾਈਐ ਤਹ ਨਾਲਿ ਮੇਰਾ ਸੁਆਮੀ ਹਰਿ ਅਪਨੀ ਪੈਜ ਰਖੈ ਜਨ ਦਾਸਾ॥ (ਪੰਨਾ 860)
ਮਨੋਵਿਗਿਆਨਕ ਪੱਖ ਤੋਂ ਸੇਵਕ ਦੇ ਮਨ ਵਿਚ ਸੇਵਾ ਦੀ ਅਮਿਟ ਛਾਪ ਉਲੀਕਣ ਲਈ ਗੁਰੂ ਜੀ ਨੇ ਵੱਖੋ-ਵੱਖਰੇ ਸ਼ਬਦਾਂ ਰਾਹੀਂ ਇਸ ਨੂੰ ਅਸਰਦਾਇਕ ਬਣਾਉਣ ਲਈ ਭਰਪੂਰ ਵਿਆਖਿਆ ਕੀਤੀ ਹੈ। ਅਸੀਂ ਪਹਿਲਾਂ ਇਸ ਦਾ ਵਰਣਨ ਕਰ ਚੁੱਕੇ ਹਾਂ ਕਿ ਸੱਚਾ ਸੇਵਕ ਆਪਣਾ ਤਨ, ਮਨ ਅਤੇ ਧਨ ਸਭ ਗੁਰੂ ਤਾਈਂ ਅਰਪਣ ਕਰ ਦਿੰਦਾ ਹੈ। ਸੇਵਕ ਜਦੋਂ ਇਕ ਅਜਿਹੀ ਭਾਵਨਾਤਮਕ ਅਵਸਥਾ ’ਤੇ ਪਹੁੰਚ ਜਾਂਦਾ ਹੈ ਤਾਂ ਆਪਣੇ ਪ੍ਰਾਣ ਤਕ ਵੀ ਗੁਰੂ ਪ੍ਰਤੀ ਸੇਵਾ ਲਈ ਕੁਰਬਾਨ ਕਰਨ ਲਈ ਤਿਆਰ ਹੋ ਜਾਂਦਾ ਹੈ। ਕਿਤਨਾ ਅਨੰਦ ਹੈ ਇਸ ਆਪਾ ਤਿਆਗਣ ਵਿਚ, ਜਿੱਥੇ ਜਾ ਕੇ ‘ਮੈਂ ਮੇਰੀ’ ਖ਼ਤਮ ਹੋ ਜਾਂਦੀ ਹੈ, ਸਿਰਫ਼ ‘ਤੂੰ ਹੀ ਤੂੰ ਹੀ’ ਰਹਿ ਜਾਂਦਾ ਹੈ! ਇਹ ਸਿਧਾਂਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਯੋਗਦਾਨੀਆਂ ਦੀ ਇਕ ਮੌਲਿਕ ਦੇਣ ਹੈ। ਗੁਰੂ ਪਾਤਸ਼ਾਹ ਲਿਖਦੇ ਹਨ ਕਿ ਹੇ ਪ੍ਰਭੂ! ਮੇਰੇ ਪ੍ਰਾਣ ਭੀ ਤੇਰੇ ਵੱਸ ਵਿਚ ਹੀ ਹਨ। ਮੇਰੀ ਜਿੰਦ ਅਤੇ ਮੇਰਾ ਸਰੀਰ ਸਭ ਤੇਰੇ ਦਿੱਤੇ ਹੋਏ ਹਨ। ਸਾਰਾ ਸੰਸਾਰ ਪ੍ਰਭੂ ਦੇ ਵੱਸ ਵਿਚ ਹੈ। ਅਜਿਹੇ ਸੇਵਕ ਨੂੰ ਇਹ ਗਿਆਨ ਹੈ ਕਿ ਇਹ ਸਰੀਰ, ਸਰੀਰ ਦੇ ਕਰਮ-ਇੰਦਰੇ, ਗਿਆਨ-ਇੰਦਰੇ ਸਭ ਪ੍ਰਭੂ ਦੀ ਦੇਣ ਹਨ ਅਤੇ ਇਨ੍ਹਾਂ ਦੀ ਯੋਗ ਵਰਤੋਂ ਹੀ ਜੀਵਨ-ਨਿਸ਼ਾਨੇ ਦੀ ਪੂਰਤੀ ਵੱਲ ਪੁੱਟੇ ਕਦਮ ਹਨ। ਜੇਕਰ ਇਨ੍ਹਾਂ ਦੀ ਗ਼ਲਤ ਵਰਤੋਂ ਕਰਦੇ ਹਾਂ ਤਾਂ ਜੀਵ ਦਾ ਆਉਣਾ ਨਿਸਫ਼ਲ ਹੈ ਅਤੇ ਅਖ਼ੀਰ ਪੱਲੇ ਪਛਤਾਵਾ ਹੀ ਪਛਤਾਵਾ ਰਹਿ ਜਾਂਦਾ ਹੈ। ਗੁਰੂ-ਕਥਨ ਹੈ:
ਹਮਰੇ ਪ੍ਰਾਨ ਵਸਗਤਿ ਪ੍ਰਭ ਤੁਮਰੈ ਮੇਰਾ ਜੀਉ ਪਿੰਡੁ ਸਭ ਤੇਰੀ॥…
ਜਗੰਨਾਥ ਜਗਦੀਸੁਰ ਕਰਤੇ ਸਭ ਵਸਗਤਿ ਹੈ ਹਰਿ ਕੇਰੀ॥ (ਪੰਨਾ 170)
ਗੁਰੂ ਸਾਹਿਬਾਨ ਨੇ ਭਾਰਤੀ ਧਾਰਮਿਕ ਪਰੰਪਰਾਗਤ ਅਪਣਾਈ ਗਈ ਸੇਵਕ ਦੀ ਪਰਿਭਾਸ਼ਾ ਨੂੰ ਬਦਲ ਕੇ ਇਕ ਨਵੀਂ ਸੇਧ, ਆਦਰਸ਼ਕ ਰੂਪ ਅਤੇ ਅਧਿਆਤਮਕ ਪ੍ਰਵਿਰਤੀ ਪ੍ਰਦਾਨ ਕੀਤੀ। ਗੁਰਮਤਿ ਦਾ ਸੇਵਕ ਨਾ ਤਾਂ ਤਨਖਾਹਦਾਰ ਨੌਕਰ ਹੀ ਹੈ ਅਤੇ ਨਾ ਹੀ ਪਦਾਰਥਕ ਲਾਲਚ ਨੂੰ ਮੁੱਖ ਰੱਖ ਕੇ ਸੇਵਾ ਕਰਦਾ ਹੈ। ਗੁਰੂ ਜੀ ਨੇ ਸ਼ਬਦਾਵਲੀ ਭਾਵੇਂ ਪਰੰਪਰਾਗਤ ਗੁਲਾਮ, ਗੋਲਾ, ਲਾਲਾ-ਗੋਲਾ, ਚਾਕਰ, ਚੇਰੀ, ਦਾਸ, ਜਨ ਆਦਿ ਵਰਤੀ ਹੈ ਪ੍ਰੰਤੂ ਇਥੇ ਇਨ੍ਹਾਂ ਸ਼ਬਦਾਂ ਦਾ ਭਾਵ ਨਿਮਰਤਾ ਦਾ ਸੂਚਕ ਹੈ। ਦੁਨਿਆਵੀ ਦ੍ਰਿਸ਼ਟੀਕੋਣ ਤੋਂ ਨੀਵਾਂ ਸਮਝਿਆ ਜਾਣ ਵਾਲਾ ਕਾਰਜ, ਸੇਵਕ ਨਿਮਰਤਾ ਅਤੇ ਸ਼ਰਧਾ ਨਾਲ ਕਰਨ ਵਿਚ ਮਾਣ ਸਮਝਦਾ ਹੈ। ਅਜਿਹੀ ਸੇਵਾ ਦਾ ਮੁੱਲ ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ ਲੋਕ-ਪ੍ਰਲੋਕ ਦੋਹਾਂ ਵਿਚ ਪੈਂਦਾ ਹੈ। ਇਸ ਦਾ ਪਿਆ ਮੁੱਲ ਸੇਵਕ ਤਕ ਹੀ ਸੀਮਿਤ ਨਹੀਂ ਰਹਿੰਦਾ ਸਗੋਂ ਹੋਰਨਾਂ ਤਕ ਭੀ ਲਾਭਕਾਰੀ ਸਾਬਤ ਹੁੰਦਾ ਹੈ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਹਨ ਕਿ ਜਿਹੜਾ ਸੇਵਕ ਮੇਰੇ ਪ੍ਰਭੂ ਦਾ ਸੁਨੇਹਾ ਦਿੰਦਾ ਹੈ ਮੈਂ ਉਸ ਤਾਈਂ ਆਪਣਾ ਤਨ ਮਨ ਵੇਚਣ ਲਈ ਤਿਆਰ ਹਾਂ:
ਜੋ ਹਰਿ ਪ੍ਰਭ ਕਾ ਮੈ ਦੇਇ ਸੁਨੇਹਾ ਤਿਸੁ ਮਨੁ ਤਨੁ ਅਪਣਾ ਦੇਵਾ॥…
ਨਿਤ ਨਿਤ ਸੇਵ ਕਰੀ ਹਰਿ ਜਨ ਕੀ ਜੋ ਹਰਿ ਹਰਿ ਕਥਾ ਸੁਣਾਏ॥ (ਪੰਨਾ 561-62)
ਗੁਰਮਤਿ ਅੰਦਰ ਸੇਵਕ ਦੀ ਸੇਵਾ ਪੁੱਗਣ ’ਤੇ ਸੇਵਕ ਅਤੇ ਮਾਲਕ ਦੀ ਵਿੱਥ ਖ਼ਤਮ ਹੋ ਜਾਂਦੀ ਹੈ। ਇਸ ਸਮੀਪਤਾ ਦੀ ਅਵਸਥਾ ਨੇ ਧਾਰਮਿਕ ਇਤਿਹਾਸ ਅੰਦਰ ਇਕ ਨਵਾਂ ਮੋੜ ਦਿੱਤਾ, ਜਗਿਆਸੂ ਨੂੰ ਇਕ ਨਵੀਂ ਸੇਧ ਮਿਲੀ। ਇਨ੍ਹਾਂ ਪਰੰਪਰਾਗਤ ਪ੍ਰਚਲਤ ਸ਼ਬਦਾਂ ਨੂੰ ਗੁਰਮਤਿ ਨੇ ਜੋ ਨਵੀਂ ਰੰਗਤ ਦਿੱਤੀ ਇਹ ਗੁਰੂ ਸਾਹਿਬਾਨ ਦੀ ਇਕ ਮੌਲਿਕ ਦੇਣ ਸੀ:
ਹਰਿ ਕਾ ਸੇਵਕੁ ਸੋ ਹਰਿ ਜੇਹਾ॥
ਭੇਦੁ ਨ ਜਾਣਹੁ ਮਾਣਸ ਦੇਹਾ॥ (ਪੰਨਾ 1076)
ਪ੍ਰਭੂ ਨਾਲ ਇਕਮਿਕਤਾ ਪ੍ਰਾਪਤ ਕਰਨ ਉਪਰੰਤ ਸੇਵਕ ਦਾ ਵਣਜ-ਵਪਾਰ ਅਤੇ ਗੁਣ ਦੁਨਿਆਵੀ ਆਮ ਮਨੁੱਖਾਂ ਨਾਲੋਂ ਵੱਖਰਾ, ਅਮਰ ਅਤੇ ਆਤਮਿਕ ਨਿਸ਼ਠਾ ਵਾਲਾ ਹੋ ਜਾਂਦਾ ਹੈ। ਗੁਰੂ-ਸ਼ਬਦ ਰਾਹੀਂ ਆਪਣੇ ਸੇਵਕ ਨੂੰ ਅੰਦਰੋਂ ਬਾਹਰੋਂ ਸੁਆਰ ਦਿੰਦਾ ਹੈ। ਉਸ ਦਾ ਵਿਅਕਤਿਤਵ ਇਕ ਪੂਰਨ ਮਨੁੱਖ ਦਾ ਹੋ ਨਿੱਬੜਦਾ ਹੈ। ਇਥੇ ਸੇਵਕ ਅਤੇ ਮਾਲਕ ਗੁਰੂ ਦਾ ਰਿਸ਼ਤਾ ਪਿਆਰ ਵਾਲਾ ਹੈ ਨਾ ਕਿ ਗ਼ੁਲਾਮ ਤੇ ਮਾਲਕ ਵਾਲਾ। ਗੁਰੂ ਜੀ ਇਸ ਸਿਧਾਂਤ ਦੀ ਪੁਸ਼ਟੀ ਥਾਂ-ਥਾਂ ਕਰਦੇ ਹਨ ਪ੍ਰੰਤੂ ਇਥੇ ਦੋ ਟੂਕਾਂ ਰਾਹੀਂ ਹੀ ਪੁਸ਼ਟੀ ਕਰਨੀ ਠੀਕ ਰਹੇਗੀ, ਜਿਵੇਂ:
ਕੋਈ ਪੁਤੁ ਸਿਖੁ ਸੇਵਾ ਕਰੇ ਸਤਿਗੁਰੂ ਕੀ ਤਿਸੁ ਕਾਰਜ ਸਭਿ ਸਵਾਰੇ॥ (ਪੰਨਾ 307)
ਹੋਰ-
ਸਚੁ ਸੇਵਹਿ ਸਚੁ ਵਣੰਜਿ ਲੈਹਿ ਗੁਣ ਕਥਹ ਨਿਰਾਰੇ॥
ਸੇਵਕ ਭਾਇ ਸੇ ਜਨ ਮਿਲੇ ਗੁਰ ਸਬਦਿ ਸਵਾਰੇ॥ (ਪੰਨਾ 308)
ਗੁਰਮਤਿ ਨੇ ਤਾਂ ਸੇਵਕ ਅਤੇ ਗੁਰੂ ਦੇ ਸੰਬੰਧ ਨੂੰ ਅੱਗੇ ਤੋਰਦਿਆਂ ਇਕ ਰਹੱਸਵਾਦ ਦੀ ਅਵਸਥਾ ਤਕ ਪਹੁੰਚਾ ਦਿੱਤਾ ਹੈ। ਇਹ ਅਵਸਥਾ ਬਿਆਨ ਕਰਨ ਤੋਂ ਬਾਹਰ ਹੈ। ਪਰਮਨਿਧਾਨ ਦੀ ਅਵਸਥਾ ਇਕ ਰਹੱਸ, ਅਨਭੂਤੀ ਹੈ ਜਿਸ ਦਾ ਅਨੰਦ ਮਾਣਿਆ ਹੀ ਜਾ ਸਕਦਾ ਹੈ, ਬਿਆਨਿਆ ਨਹੀਂ ਜਾ ਸਕਦਾ। ਇਹ ਅਵਸਥਾ ਸਤਿਗੁਰੂ ਦੀ ਮਿਹਰ ਹੋਣ ’ਤੇ ਹੀ ਪ੍ਰਾਪਤ ਹੁੰਦੀ ਹੈ। ਗੁਰੂ-ਕਥਨ ਹੈ:
ਜਿਸ ਨੋ ਹਰਿ ਸੁਪ੍ਰ੍ਰਸੰਨੁ ਹੋਇ ਸੋ ਹਰਿ ਗੁਣਾ ਰਵੈ ਸੋ ਭਗਤੁ ਸੋ ਪਰਵਾਨੁ॥
ਤਿਸ ਕੀ ਮਹਿਮਾ ਕਿਆ ਵਰਨੀਐ ਜਿਸ ਕੈ ਹਿਰਦੈ ਵਸਿਆ ਹਰਿ ਪੁਰਖੁ ਭਗਵਾਨੁ॥
ਗੋਵਿੰਦ ਗੁਣ ਗਾਈਐ ਜੀਉ ਲਾਇ ਸਤਿਗੁਰੂ ਨਾਲਿ ਧਿਆਨੁ॥
ਸੋ ਸਤਿਗੁਰੂ ਸਾ ਸੇਵਾ ਸਤਿਗੁਰ ਕੀ ਸਫਲ ਹੈ ਜਿਸ ਤੇ ਪਾਈਐ ਪਰਮ ਨਿਧਾਨੁ॥ (ਪੰਨਾ 734)
ਸੱਚੇ ਅਤੇ ਸੁੱਚੇ ਆਦਰਸ਼ਕ ਸੇਵਕ ’ਤੇ ਜਦੋਂ ਗੁਰੂ ਬਖ਼ਸ਼ਿਸ਼ ਕਰਦਾ ਹੈ ਤਾਂ ਸੇਵਕ ਦੇ ਸਿਰਫ਼ ਪਿਛੋਕੜ ਦੇ ਪਾਪ ਹੀ ਨਹੀਂ ਧੋਤੇ ਜਾਂਦੇ ਵਰਤਮਾਨ ਅਤੇ ਭਵਿੱਖ ਵੀ ਰੋਸ਼ਨ ਹੋ ਜਾਂਦੇ ਹਨ। ਇਥੇ ਹੀ ਬਸ ਨਹੀਂ ਸਗੋਂ ਸੇਵਕ ਦੀਆਂ ਕਈ ਪੁਸ਼ਤਾਂ ਭੀ ਤਰ ਜਾਂਦੀਆਂ ਹਨ। ਗੁਰਮੁਖ ਆਪ ਸੰਸਾਰ-ਸਮੁੰਦਰ ਤੋਂ ਤਰ ਜਾਂਦਾ ਹੈ ਅਤੇ ਆਪਣੀਆਂ ਕਈ ਪੁਸ਼ਤਾਂ ਦਾ ਭੀ ਉਧਾਰ ਕਰ ਦਿੰਦਾ ਹੈ। ਸੇਵਕ ਅਤੇ ਗੁਰਮੁਖ ਦੀ ਇਹ ਅਵਸਥਾ ਇਕ ਸਮਾਨ ਹੈ। ਸੇਵਕ ਨੂੰ ਜਮਰਾਜ ਫਿਰ ਨਹੀਂ ਪੁੱਛਦਾ ਭਾਵ ਉਸ ਦਾ ਆਵਾਗਵਨ ਦਾ ਚੱਕਰ ਸਮਾਪਤ ਹੋ ਜਾਂਦਾ ਹੈ। ਗੁਰੂ ਪਾਤਸ਼ਾਹ ਇਸ ਪ੍ਰਥਾਇ ਲਿਖਦੇ ਹਨ:
ਮੇਰੇ ਮਨ ਸੇਵਹੁ ਅਲਖ ਨਿਰੰਜਨ ਨਰਹਰਿ ਜਿਤੁ ਸੇਵਿਐ ਲੇਖਾ ਛੁਟੀਐ॥ (ਪੰਨਾ 170)
ਅੱਗੇ ਹੋਰ ਵਰਣਨ ਕਰਦੇ ਹੋਏ ਲਿਖਦੇ ਹਨ ਕਿ ਸੇਵਕ ਦਾ ਪੰਜ ਚੋਰਾਂ ਤੋਂ ਛੁਟਕਾਰਾ ਹੋ ਜਾਂਦਾ ਹੈ ਅਤੇ ਉਸ ਨੂੰ ਜੀਵਨ ਦੇ ਹਰ ਖੇਤਰ ਵਿਚ ਮਾਨ-ਪ੍ਰਤਿਸ਼ਠਾ ਮਿਲਦੀ ਹੈ:
ਆਪੇ ਸਤਿਗੁਰੁ ਮੇਲਿ ਸੁਖੁ ਦੇਵੈ ਆਪਣਾਂ ਸੇਵਕੁ ਆਪਿ ਹਰਿ ਭਾਵੈ॥
ਅਪਣਿਆ ਸੇਵਕਾ ਕੀ ਆਪਿ ਪੈਜ ਰਖੈ ਅਪਣਿਆ ਭਗਤਾ ਕੀ ਪੈਰੀ ਪਾਵੈ॥ (ਪੰਨਾ 555)
ਸੇਵਕ ਦੀ ਇਹ ਸੇਵਾ ਵਾਲੀ ਘਾਲ ਬੜੀ ਔਖੀ ਹੈ, ਅਤਿ ਕਠਨ ਹੈ। ਇਸ ਰਸਤੇ ’ਤੇ ਤੁਰਨ ਲਈ ਸਿਰ ਨੂੰ ਤਲੀ ’ਤੇ ਧਰਨਾ ਪੈਂਦਾ ਹੈ। ਪੈਰ ਅੱਗੇ ਧਰ ਕੇ ਫਿਰ ਪਿੱਛੇ ਪਰਤਣ ਵਾਲੀ ਗੱਲ ਨਹੀਂ ਹੁੰਦੀ। ਇਹ ਪਿਆਰ ਦਾ ਰਿਸ਼ਤਾ ਤਦ ਹੀ ਸਿਰੇ ਚੜ੍ਹ ਸਕਦਾ ਹੈ ਜੇਕਰ ਪ੍ਰਭੂ ਦੀ ਨਦਰ ਸਵੱਲੀ ਹੋਵੇ। ਇਹ ਅਲੂਣੀ ਸਿਲ ਹੈ ਜੋ ਚੱਟਣੀ ਔਖੀ ਹੈ। ਗੁਰੂ-ਕਥਨ ਇਸ ਸਿਧਾਂਤ ਦੀ ਪੁਸ਼ਟੀ ਭਲੀ-ਭਾਂਤ ਕਰਦਾ ਹੈ। ਇਹ ਵਿਆਖਿਆ ਸਿਰਫ਼ ਸਿਧਾਂਤਕ ਨਹੀਂ ਸਗੋਂ ਗੁਰੂ ਸਾਹਿਬਾਨ ਦੇ ਜੀਵਨ ਦੇ ਅਮਲੀ ਤਜ਼ਰਬਿਆਂ ਦਾ ਅਸਲ ਪ੍ਰਗਟਾਵਾ ਹੈ:
ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰੁ॥
ਨਦਰਿ ਕਰੇ ਜਿਸੁ ਆਪਣੀ ਤਿਸੁ ਲਾਏ ਹੇਤ ਪਿਆਰੁ॥
ਸਤਿਗੁਰ ਕੀ ਸੇਵੈ ਲਗਿਆ ਭਉਜਲੁ ਤਰੈ ਸੰਸਾਰੁ॥
ਮਨ ਚਿੰਦਿਆ ਫਲੁ ਪਾਇਸੀ ਅੰਤਰਿ ਬਿਬੇਕ ਬੀਚਾਰੁ॥
ਨਾਨਕ ਸਤਿਗੁਰਿ ਮਿਲਿਐ ਪ੍ਰਭੁ ਪਾਈਐ ਸਭੁ ਦੂਖ ਨਿਵਾਰਣਹਾਰੁ॥ (ਪੰਨਾ 1422)
ਅਜਿਹੇ ਆਦਰਸ਼ਕ ਸੇਵਕ ਦਾ ਖਾਣਾ, ਪੀਣਾ, ਪਹਿਨਣਾ ਸਭ ਪਵਿੱਤਰ ਹੈ ਅਤੇ ਉਸ ਦੇ ਘਰ, ਮੰਦਰ, ਮਾਇਆ ਸਭ ਪਵਿੱਤਰ ਅਤੇ ਪ੍ਰਾਹੁਣਾਚਾਰੀ ਨਾਲ ਦੂਸਰੇ ਘਰ ਭੀ ਪਵਿੱਤਰ ਕਰ ਦਿੰਦੇ ਹਨ। ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ‘ਸੋਰਠਿ ਰਾਗ’ ਅੰਦਰ ਇਹ ਖਿਆਲ ਅੰਕਿਤ ਕਰਦੇ ਹਨ:
ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ ਜੋ ਨਾਮਿ ਹਰਿ ਰਾਤੇ॥
ਤਿਨ ਕੇ ਘਰ ਮੰਦਰ ਮਹਲ ਸਰਾਈ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸੇਵਕ ਸਿਖ ਅਭਿਆਗਤ ਜਾਇ ਵਰਸਾਤੇ॥ (ਪੰਨਾ 648)
ਲੇਖਕ ਬਾਰੇ
- ਡਾ ਸ਼ਮਸ਼ੇਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%b6%e0%a8%ae%e0%a8%b6%e0%a9%87%e0%a8%b0-%e0%a8%b8%e0%a8%bf%e0%a9%b0%e0%a8%98/June 1, 2007
- ਡਾ ਸ਼ਮਸ਼ੇਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%b6%e0%a8%ae%e0%a8%b6%e0%a9%87%e0%a8%b0-%e0%a8%b8%e0%a8%bf%e0%a9%b0%e0%a8%98/April 1, 2008
- ਡਾ ਸ਼ਮਸ਼ੇਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%b6%e0%a8%ae%e0%a8%b6%e0%a9%87%e0%a8%b0-%e0%a8%b8%e0%a8%bf%e0%a9%b0%e0%a8%98/June 1, 2008
- ਡਾ ਸ਼ਮਸ਼ੇਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%b6%e0%a8%ae%e0%a8%b6%e0%a9%87%e0%a8%b0-%e0%a8%b8%e0%a8%bf%e0%a9%b0%e0%a8%98/October 1, 2008