editor@sikharchives.org

ਹਾਥ ਪਾਉ ਕਰਿ ਕਾਮੁ ਸਭੁ ਚੀਤ ਨਿਰੰਜਨ ਨਾਲਿ

ਕੁਠਾਲੀ, ਵਿੱਝਾ,
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਤਕਨੀਕੀ ਯੋਗਤਾ ਵਾਲਾ ਵਿਅਕਤੀ ਹੋਣ ਕਰਕੇ ਮੇਰਾ ਇਹ ਮੰਨਣਾ ਹੈ ਕਿ ਜਿਸ ਤਰ੍ਹਾਂ ਅਸੀਂ ਆਪਣੇ ਛੋਟੇ ਬੱਚਿਆਂ ਨੂੰ ਚਿਤ੍ਰਾਂ ਦੀ ਸਹਾਇਤਾ ਨਾਲ ਇਹ ਸਮਝਾਉਂਦੇ ਹਾਂ ਕਿ ੳ-ਊਠ ਅਤੇ ਅ-ਅਨਾਰ ਹੁੰਦਾ ਹੈ, ਇਸੇ ਤਰ੍ਹਾਂ ਹੱਥਲੇ ਲੇਖ ਵਿੱਚ ਕੁੱਝ ਚਿੱਤ੍ਰ ਇਸ ਲਈ ਲਗਾਏ ਗਏ ਹਨ ਤਾਂ ਜੁ ਇਨ੍ਹਾਂ ਦੀ ਸਹਾਇਤਾ ਨਾਲ ਆਪਣੇ ਨੌਜਵਾਨ ਬੱਚਿਆਂ ਅੰਦਰ ਗੁਰਬਾਣੀ ਪੜ੍ਹਨ ਅਤੇ ਸਮਝਣ ਦੀ ਰੁਚੀ ਪੈਦਾ ਕੀਤੀ ਜਾ ਸਕੇ। ਜਿਸ ਤਰ੍ਹਾਂ ਕਿ ਉਕਤ ਲੇਖ ਵਿੱਚ ਕੀਤਾ ਗਿਆ ਹੈ, ਬੱਚਿਆਂ ਨੂੰ ਇਹ ਵੀ ਸਮਝਾਇਆ ਜਾ ਸਕਦਾ ਹੈ ਕਿ ਗੁਰਬਾਣੀ ਅਨੁਸਾਰ ਮਨੁੱਖ ਦੇ ਸਰੀਰ ਦੇ ਦਸ ਦੁਆਰ, ਪੰਜ ਗਿਆਨ ਇੰਦ੍ਰੇ ਅਤੇ ਪੰਜ ਕਰਮ ਇੰਦ੍ਰੇ ਕਿਹੜੇ-ਕਿਹੜੇ ਹਨ। ਇਸ ਤੋਂ ਇਲਾਵਾ ਅਜਿਹੇ ਚਿਤ੍ਰਾਂ ਦੀ ਮਦਦ ਨਾਲ ਅਸੀਂ ਬੱਚਿਆਂ ਨੂੰ ਆਪਣੇ ਅਤੀਤ ਬਾਰੇ ਵੀ ਜਾਣੂ ਕਰਵਾ ਸਕਦੇ ਹਾਂ ਕਿ ਪੁਰਾਣੇ ਸਮਿਆਂ ਵਿੱਚ ਆਮ ਬੋਲ ਵਿੱਚ ਪਤੰਗ ਨੂੰ ਗੁੱਡੀ, ਖੂਹ ਤੋਂ ਪੀਣ ਵਾਲਾ ਪਾਣੀ ਲਿਆਉਂਣ ਲਈ ਵਰਤੇ ਜਾਂਦੇ ਮਿੱਟੀ ਦੇ ਘੜੇ ਨੂੰ ਕੁੰਭ, ਧਾਤ ਤੋਂ ਬਣੇ ਘੜੇ ਦੀ ਸ਼ਕਲ ਵਰਗੇ ਬਰਤਨ ਨੂੰ ਗਾਗਰ, ਸੋਨੇ ਨੂੰ ਕਨਿਕ, ਪਾਣੀ ਨੂੰ ਊਦਕ, 4000 ਗਜ ਦੀ ਦੂਰੀ ਨੂੰ ਕੋਹ ਜਾਂ ਕੋਸ, ਪਸ਼ੂਆਂ ਦੇ ਘਾਹ ਚੁਗਣ ਵਾਲੀ ਥਾਂ ਨੂੰ ਚਾਰਗਾਹ ਅਤੇ ਛੋਟੇ ਬੱਚੇ ਲਈ ਬਣਾਏ ਪੰਘੂੜੇ ਨੂੰ ਪਾਲਨਾ ਕਿਹਾ ਜਾਂਦਾ ਸੀ। ਅਜਿਹਾ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਸਾਡੇ ਅਧਿਕਤਰ ਬੱਚਿਆਂ ਦੇ ਜਨਮ ਤੋਂ ਪਹਿਲਾਂ ਅਜਿਹੀਆਂ ਗੱਲਾਂ ਅਲੋਪ ਹੋ ਚੁੱਕੀਆਂ ਹਨ ਲੇਕਿਨ ਗੁਰਬਾਣੀ ਦੇ ਭਾਵ ਅਰਥ ਸਮਝਣ ਲਈ ਅਤੀਤ ਬਾਰੇ ਅਜਿਹੀ ਜਾਣਕਾਰੀ ਹੋਣੀ ਅਤੀ ਜ਼ਰੂਰੀ ਹੈ।

15ਵੀਂ ਸਦੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਸਮੇਂ ਭਾਰਤ ਵਿੱਚ ਕਈ ਧਰਮ ਪ੍ਰਚਲਿਤ ਸਨ ਜਿਨ੍ਹਾਂ ਵਿੱਚੋਂ ਹਿੰਦੂ ਧਰਮ ਪ੍ਰਮੁੱਖ ਸੀ। ਇਸ ਧਰਮ ਨੂੰ ਮੰਨਣ ਵਾਲੇ ਲੋਕ ਮੂਰਤੀ ਪੂਜਾ ਕਰਦੇ ਸਨ ਅਤੇ ਤੀਰਥ ਇਸ਼ਨਾਨ ਕਰਨ ਵਰਗੇ ਹੋਰ ਬਹੁਤ ਸਾਰੇ ਕਰਮਕਾਂਡਾਂ ਵਿੱਚ ਫਸੇ ਹੋਏ ਸਨ। ਲੋਕ ਭਾਂਤ-ਭਾਂਤ ਦੇ ਕਰਮ ਕਾਂਡ ਕਰੀ ਜਾਂਦੇ ਸਨ ਪਰ ਉਨ੍ਹਾਂ ਦੀ ਪ੍ਰਭੂ ਨਾਮ ਨਾਲ ਕੋਈ ਲਗਨ ਨਹੀਂ ਸੀ ਲੱਗਦੀ। ਕੁੱਝ ਲੋਕ ਜਪ ਤਪ ਕਰਨ ਲਈ ਘਰ ਪਰਿਵਾਰ ਛੱਡ ਕੇ ਜੰਗਲਾਂ ਵਿੱਚ ਜਾਂ ਪਹਾੜਾਂ ਉੱਪਰ ਚਲੇ ਜਾਂਦੇ ਸਨ। ਅਜਿਹੇ ਕਰਮ ਕਰਦਿਆਂ ਨੂੰ ਦੇਖਕੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਸਮਝਾਇਆ ਕਿ ਪ੍ਰਭੂ ਦੀਆਂ ਖੁਸ਼ੀਆਂ ਦੇ ਪਾਤਰ ਬਣਨ ਲਈ ਕੀਤੇ ਬਾਹਰ ਭਟਕਣ ਦੀ ਲੋੜ ਨਹੀਂ ਸਗੋਂ ਗ੍ਰਿਹਸਥ ਜੀਵਨ ਬਤੀਤ ਕਰਦੇ ਹੋਏ ਹੀ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਗੁਰੂ ਜੀ ਨੇ ਇਹ ਵੀ ਸਮਝਾਇਆ ਕਿ ਵਿਖਾਵੇ ਲਈ ਕੀਤੇ ਜਾਂਦੇ ਕਰਮ ਕਾਂਡਾਂ ਤੋਂ ਉੱਪਰ ਉੱਠ ਕੇ ਆਪਣੇ ਅੰਦਰ ਹੀ ਵਸਦੇ ਪ੍ਰਭੂ ਦੇ ਦੀਦਾਰ ਕਰਨ ਲਈ ਗਿਆਨ ਰੂਪੀ ਦੀਵਾ ਸਾਡੇ ਮਨਾਂ ਅੰਦਰ ਜਗਣਾ ਧਰਮ ਪ੍ਰਚਾਰ ਯਾਤ੍ਰਾਂਵਾਂ ਕੀਤੀਆਂ ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਜਿਨ੍ਹਾਂ ਲੋਕਾਂ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਤੇ ਉਪਦੇਸ਼ਾਂ ਨੂੰ ਸਮਝਿਆ ਉਹ ਗੁਰੂ ਜੀ ਨਾਲ ਜੁੜਦੇ ਗਏ ਅਤੇ ਗੁਰੂ ਦੇ ਸਿੱਖ ਅਖਵਾਉਣ ਲੱਗ ਪਏ ਜਿਸ ਨਾਲ ਸਿੱਖ ਧਰਮ ਦੁਨੀਆਂ ਦੇ ਸਾਹਮਣੇ ਆਇਆ।

ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਉੱਤਰਾਧਿਕਾਰੀ ਗੁਰੂ ਸਾਹਿਬਾਨ ਨੇ ਲੋਕਾਈ ਨੂੰ ਸਮਝਾਇਆ ਕਿ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਪ੍ਰਭੂ ਸਾਥੋਂ ਕੀਤੇ ਦੂਰ ਨਹੀਂ ਵਸਦਾ, ਉਹ ਤਾਂ ਸਾਜੀ ਗਈ ਆਪਣੀ ਰਚਨਾ ਦੇ ਕਣ-ਕਣ ਵਿੱਚ ਵਸਿਆ ਹੋਇਆ ਹੈ। ਉਹ ਸਾਡੇ ਅੰਦਰ ਇਸ ਤਰ੍ਹਾਂ ਵਸਦਾ ਹੈ ਜਿਸ ਤਰ੍ਹਾਂ ਫੁੱਲਾਂ ਅੰਦਰ ਸੁਗੰਧ ਸਮਾਈ ਰਹਿੰਦੀ ਹੈ। ਲੋੜ ਸਿਰਫ ਇਸ ਗੱਲ ਦੀ ਹੈ ਕਿ ਸਰਬ ਸਮਰੱਥ ਪ੍ਰਭੂ ਨੂੰ ਹਰ ਵੇਲੇ ਆਪਣੇ ਚਿੱਤ ਅੰਦਰ ਵਸਾਈ ਰੱਖੀਏ, ਨੇਕ ਕਰਮ ਕਰੀਏ ਅਤੇ ਬੁਰੇ ਕੰਮ ਕਰਨ ਤੋਂ ਦੂਰ ਰਹੀਏ ਕਿਉਂਜੁ ਪਰਮ ਪਿਤਾ ਪਰਮਾਤਮਾ ਸਾਡੇ ਅੰਦਰ ਬੈਠਾ ਹੀ ਕੀਤੇ ਜਾਂਦੇ ਸਾਡੇ ਸਾਰੇ ਕਰਮਾਂ ਨੂੰ ਦੇਖ ਰਿਹਾ ਹੈ। ਗੁਰੂ ਅਰਜਨ ਦੇਵ ਜੀ ਦੁਆਰਾ ਅਜਿਹੀ ਹੀ ਸਿੱਖਿਆ ਪ੍ਰਦਾਨ ਕਰਨ ਵਾਲੇ ਉਚਾਰੇ ਗਏ ਅਨਮੋਲ ਬਚਨ ਨਿਮਨ ਪ੍ਰਕਾਰ ਹਨ –

ਦਿਨੁ ਰਾਤਿ ਕਮਾਇਅੜੋ ਸੋ ਆਇਓ ਮਾਥੈ।।
ਜਿਸੁ ਪਾਸਿ ਲੁਕਾਇਦੜੋ ਸੋ ਵੇਖੀ ਸਾਥੈ।।
ਸੰਗਿ ਦੇਖੈ ਕਰਣਹਾਰਾ ਕਾਇ ਪਾਪ ਕਮਾਈਐ।।
ਸੁਕ੍ਰਿਤ ਕੀਜੈ ਨਾਮੁ ਲੀਜੈ ਨਰਕਿ ਮੂਲਿ ਨ ਜਾਈਐ।।
ਆਠ ਪਹਰ ਹਰਿ ਨਾਮੁ ਸਿਮਰਹੁ ਚਲੈ ਤੇਰੈ ਸਾਥੇ।।
ਭਜੁ ਸਾਧਸੰਗਤਿ ਸਦਾ ਨਾਨਕ ਮਿਟਹਿ ਦੋਖ ਕਮਾਤੇ।।1।। (ਆਸਾ ਮ: 5, ਪੰਨਾ 461)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਸ਼ੋਭਿਤ ਬਾਣੀ ਧਿਆਨ ਨਾਲ ਪੜ੍ਹਨ ‘ਤੇ ਇਹ ਪਤਾ ਲੱਗਦਾ ਹੈ ਕਿ ਭਗਤ ਨਾਮਦੇਵ ਜੀ ਦੁਆਰਾ ਆਪਣੇ ਮਿਤ੍ਰ ਭਗਤ ਤਿਲੋਚਨ ਜੀ ਨੂੰ ਸੰਬੋਧਨ ਹੋ ਕੇ ਉਚਾਰੇ ਨਿਮਨ ਸ਼ਬਦ ਦੁਆਰਾ ਵੀ ਅਜਿਹੀ ਹੀ ਸਿੱਖਿਆ ਪ੍ਰਦਾਨ ਕੀਤੀ ਗਈ ਹੈ –

ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ।।
ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ।।1।।
ਮਨੁ ਰਾਮ ਨਾਮਾ ਬੇਧੀਅਲੇ।।
ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ।।1।। ਰਹਾਉ।।
ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ।।
ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ।।2।।
ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ।।
ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ।।3।।
ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕ ਪਾਲਨ ਪਉਢੀਅਲੇ।।
ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ।।4।।1।। (ਬਾਣੀ ਨਾਮਦੇਉ ਜੀ ਕੀ, ਰਾਮਕਲੀ ਘਰ 1, ਪੰਨਾ 972)

ਟੀਕਾਕਾਰ ਪ੍ਰੋ. ਸਾਹਿਬ ਸਿੰਘ ਦੁਆਰਾ ਉਕਤ ਸ਼ਬਦ ਦੇ ਕੀਤੇ ਗਏ ਅਰਥ ਨਿਮਨ ਪ੍ਰਕਾਰ ਹਨ –

ਜਿਵੇਂ ਸੁਨਿਆਰੇ ਦਾ ਮਨ ਹੋਰਨਾਂ ਨਾਲ ਬਾਤਾਂ ਕਰਦਿਆਂ ਹੋਇਆਂ ਭੀ ਕੁਠਾਲੀ ਵਿੱਚ ਪਏ ਸੋਨੇ ਵਿੱਚ ਰਹਿੰਦਾ ਹੈ ਤਿਵੇਂ ਮੇਰਾ ਮਨ ਪਰਮਾਤਮਾ ਦੇ ਨਾਮ ਵਿੱਚ ਵਿੱਝਾ ਹੋਇਆ ਹੈ। ਰਹਾਉ।

ਦੇਖੋ ਇੱਕ ਮੁੰਡਾ ਕਾਗਜ ਲਿਆਉਂਦਾ ਹੈ ਉਸਨੂੰ ਕੱਟ ਕੇ ਉਹ ਇਸਦਾ ਪਤੰਗ ਬਣਾਉਂਦਾ ਹੈ। ਸਾਥੀਆਂ ਨਾਲ ਉਹ ਗੱਪਾਂ ਭੀ ਮਾਰੀ ਜਾਂਦਾ ਹੈ ਪਰ ਉਸਦਾ ਮਨ ਪਤੰਗ ਦੀ ਡੋਰ ਵਿੱਚ ਟਿਕਿਆ ਰਹਿੰਦਾ ਹੈ।

ਜਿਸ ਤਰ੍ਹਾਂ ਜੁਆਨ ਕੁੜੀਆਂ ਸ਼ਹਿਰ ਵਿੱਚੋਂ ਬਾਹਰ ਜਾਂਦੀਆਂ ਹਨ, ਆਪੋ ਆਪਣਾ ਘੜਾ ਜਾਂ ਗਾਗਰ ਚੁੱਕ ਲੈਦੀਆਂ ਹਨ, ਪਾਣੀ ਨਾਲ ਭਰਦੀਆਂ ਹਨ ਅਤੇ ਆਪੋ ਵਿੱਚ ਹੱਸਦੀਆਂ ਹਨ ਪਰ ਆਪਣਾ ਚਿੱਤ ਆਪੋ ਆਪਣੇ ਘੜੇ/ਗਾਗਰ ਵਿੱਚ ਰੱਖਦੀਆਂ ਹਨ।

ਇੱਕ ਘਰ ਹੈ ਜਿਸਦੇ ਦਸ ਬੂਹੇ ਹਨ। ਇਸ ਘਰ ਵਿੱਚੋਂ ਮਨੁੱਖ ਗਊਆਂ ਬਹੁਤ ਦੂਰ ਚਾਰਨ ਲਈ ਛੱਡਦਾ ਹੈ, ਇਹ ਸਾਰੀਆਂ ਗਊਆਂ ਉੱਥੇ ਚਰਦੀਆਂ ਹਨ ਪਰ ਆਪਣਾ ਚਿੱਤ ਆਪਣੇ ਵੱਛੇ ਵਿੱਚ ਰੱਖਦੀਆਂ ਹਨ। ਇਸੇ ਤਰ੍ਹਾਂ ਦਸ ਇੰਦ੍ਰੀਆਂ ਵਾਲੇ ਇਸ ਸਰੀਰ ਦੇ ਨਿਰਬਾਹ ਲਈ ਮੇਰੇ ਗਿਆਨ ਇੰਦ੍ਰੇ ਮੇਰੇ ਸਰੀਰ ਵਿੱਚੋਂ ਕੰਮ ਕਰਦੇ ਹਨ ਪਰ ਮੇਰੀ ਸੁਰਤ ਆਪਣੇ ਪ੍ਰਭੂ ਨਾਲ ਜੁੜੀ ਰਹਿੰਦੀ ਹੈ।

ਨੋਟ – ਮਨੁੱਖ ਦੇ ਸਰੀਰ ਦੇ,

ਦਸ ਦੁਆਰ (ਬੂਹੇ) ਹਨ – 2 ਕੰਨ, 2 ਅੱਖਾਂ, 2 ਨੱਕ ਦੇ ਛਿਦ੍ਰ, ਮੁਖ ਗੁਦਾ, ਲਿੰਗ ਅਤੇ ਤਾਲੂਆ।
ਪੰਜ ਗਿਆਨ ਇੰਦ੍ਰੇ ਹਨ – ਅੱਖਾਂ, ਨੱਕ, ਜੀਭ, ਕੰਨ ਅਤੇ ਤ੍ਵਚਾ।
ਪੰਜ ਕਰਮ ਇੰਦ੍ਰੇ ਹਨ – ਹੱਥ, ਪੈਰ, ਮੁਖ, ਗੁਦਾ ਅਤੇ ਲਿੰਗ।

ਦੇਖੋ ਇੱਕ ਮਾਂ ਆਪਣੇ ਬਾਲ ਨੂੰ ਪੰਘੂੜੇ ਵਿੱਚ ਲਿਟਾਉਂਦੀ ਹੈ, ਅੰਦਰ ਬਾਹਰ ਘਰ ਦੇ ਕੰਮ ਵਿੱਚ ਰੁੱਝੀ ਰਹਿੰਦੀ ਹੈ ਪਰ ਆਪਣੀ ਸੁਰਤ ਬੱਚੇ ਵਿੱਚ ਟਿਕਾਈ ਰੱਖਦੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸੁਸ਼ੋਭਿਤ ਬਾਣੀ ਪੜ੍ਹਨ ‘ਤੇ ਇਹ ਪਤਾ ਲੱਗਦਾ ਹੈ ਕਿ ਇਸ ਵਿੱਚ ਗੁਰੂ ਸਾਹਿਬਾਨ ਤੋਂ ਇਲਾਵਾ ਜਿਨ੍ਹਾਂ 15 ਭਗਤ ਸਾਹਿਬਾਨ ਦੀ ਬਾਣੀ ਵੀ ਅੰਕਿਤ ਹੈ ਉਨ੍ਹਾਂ ਵਿੱਚ ਭਗਤ ਤਿਲੋਚਨ ਜੀ, ਭਗਤ ਨਾਮਦੇਵ ਜੀ ਅਤੇ ਭਗਤ ਕਬੀਰ ਜੀ ਦੇ ਨਾਮ ਵੀ ਸ਼ਾਮਿਲ ਹਨ। ਉਕਤ ਤਿੰਨ ਭਗਤ ਸਾਹਿਬਾਨ ਬਾਰੇ ਸੰਖੇਪ ਜਿਹੀ ਜਾਣਕਾਰੀ ਨਿਮਨ ਪ੍ਰਕਾਰ ਹੈ –

ਭਗਤ ਕਬੀਰ ਜੀ ਦੁਆਰਾ ਉਚਾਰੇ ਸਲੋਕਾਂ ਵਿੱਚੋਂ ਸਲੋਕ ਨੰ: 212 ਅਤੇ 213 ਹੇਠ ਲਿਖੇ ਅਨੁਸਾਰ ਹਨ –

ਨਾਮਜਨਮਗੁਰੂ ਦਿਖਿਆ
ਭਗਤ ਤਿਲੋਚਨ ਜੀ1268 ਈ: ਜਿਲ੍ਹਾ ਸ਼ੋਲਾਪੁਰ (ਮਹਾਂਰਾਸ਼ਟਰ)ਵੈਸ਼ਨਵ ਭਗਤ ਸਨ
ਭਗਤ ਨਾਮਦੇਵ ਜੀ1271 ਈ: ਪਿੰਡ ਨਰਸੀ ਬਾਹਮਣੀ
ਜਿਲ੍ਹਾ – ਸਤਾਰਾ (ਮਹਾਂਰਾਸ਼ਟਰ)
ਵਿਸ਼ੋਬਾ ਖੋਚਰ ਅਤੇ ਗਿਆਨ ਦੇਵ ਜੀ
ਭਗਤ ਕਬੀਰ ਜੀ1398 ਈ: ਬਨਾਰਸ (ਉੱਤਰ ਪ੍ਰਦੇਸ਼)ਰਾਮਾਨੰਦ ਜੀ

ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ।।
ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ।।212।।
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾ੍ਲਿ।।
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ।।213।। (ਗੁਰੂ ਗ੍ਰੰਥ ਸਾਹਿਬ ਦੀ, ਪੰਨਾ 1375-76)

ਉਪਰੋਕਤ ਸਲੋਕਾਂ ਦੇ ਅਰਥ ਹੇਠ ਲਿਖੇ ਅਨੁਸਾਰ ਹਨ –

ਤਿਲੋਚਨ ਜੀ ਆਖਦੇ ਹਨ- ਹੇ ਮਿਤ੍ਰ ਨਾਮਦੇਵ! ਤੂੰ ਤਾਂ ਮਾਇਆ ਵਿੱਚ ਫਸਿਆ ਜਾਪਦਾ ਹੈਂ। ਰਜ਼ਾਈਆਂ ਦੇ ਇਹ ਅੰਬਰੇ ਕਿਉਂ ਛਾਪ ਰਿਹਾ ਹੈਂ? ਪਰਮਾਤਮਾ ਦੇ ਚਰਨਾਂ ਨਾਲ ਕਿਉਂ ਚਿੱਤ ਨਹੀਂ ਜੋੜਦਾ।
ਨਾਮਦੇਵ ਜੀ ਅੱਗੋਂ ਉੱਤਰ ਦਿੰਦੇ ਹਨ, ਹੇ ਤਿਲੋਚਨ! ਮੂੰਹ ਨਾਲ ਪਰਮਾਤਮਾ ਦਾ ਨਾਮ ਲੈ, ਹੱਥ ਪੈਰ ਵਰਤ ਕੇ ਕੰਮ ਕਰ ਅਤੇ ਚਿੱਤ ਪਰਮਾਤਮਾ ਨਾਲ ਜੋੜ।

ਵਿਚਾਰਧੀਨ ਉਕਤ ਸਲੋਕਾਂ ਵਿੱਚ ਭਗਤ ਕਬੀਰ ਜੀ ਭਗਤ ਨਾਮਦੇਵ ਅਤੇ ਭਗਤ ਤਿਲੋਚਨ ਜੀ ਦਾ ਜਿਕਰ ਕਰਦੇ ਹਨ। ਇਨ੍ਹਾਂ ਭਗਤ ਸਾਹਿਬਾਨ ਬਾਰੇ ਉੱਪਰ ਲਿਖੀ ਜਾਣਕਾਰੀ ਤੋਂ ਇਹ ਪਤਾ ਲੱਗ ਜਾਂਦਾ ਹੈ ਕਿ ਭਗਤ ਨਾਮਦੇਵ ਜੀ ਅਤੇ ਭਗਤ ਤਿਲੋਚਨ ਜੀ ਭਗਤ ਕਬੀਰ ਜੀ ਤੋਂ ਪਹਿਲਾਂ ਹੋਏ ਹਨ। ਨਾਮਦੇਵ ਜੀ ਮਹਾਂਰਾਸ਼ਟਰ ਦੇ ਜਿਲ੍ਹਾ ਸਤਾਰਾਂ ਦੇ ਰਹਿਣ ਵਾਲੇ ਸਨ ਅਤੇ ਇਹ ਇਤਨੇ ਉੱਘੇ ਹੋ ਚੁੱਕੇ ਸਨ ਕਿ ਬਨਾਰਸ(ਉੱਤਰ ਪ੍ਰਦੇਸ਼) ਦੇ ਵਸਨੀਕ ਕਬੀਰ ਜੀ ਇਨ੍ਹਾਂ ਨੂੰ ਜਾਣਦੇ ਸਨ।

ਭਗਤ ਕਬੀਰ ਜੀ ਸਲੋਕ ਨੰ: 212 ਅਤੇ 213 ਵਿੱਚ ਭਗਤ ਨਾਮਦੇਵ ਜੀ ਅਤੇ ਭਗਤ ਤਿਲੋਚਨ ਜੀ ਦੀ ਆਪੋ ਵਿੱਚ ਹੋਈ ਗੱਲਬਾਤ ਜਾ ਜਿਕਰ ਕਰਦੇ ਹਨ। ਇਹ ਸਾਰਾ ਖਿਆਲ ਉਹੀ ਹੈ ਜੋ ਨਾਮਦੇਵ ਜੀ ਨੇ ਰਾਮਕਲੀ ਰਾਗ ਵਿੱਚ ਉਚਾਰੇ ਉਕਤ ਸ਼ਬਦ ਵਿੱਚ ਦਿੱਤਾ ਹੈ। ਸਾਥੀਆਂ ਨਾਲ ਗੱਪਾਂ ਮਾਰਦੇ ਇੱਕ ਮੁੰਡੇ ਦਾ ਕਾਗਜ ਦੀ ਗੁੱਡੀ ਉਡਾਣਾ, ਰਲ ਕੇ ਗੱਲਾਂ ਕਰਦੀਆਂ ਕੁੜੀਆਂ ਜਾ ਖੂਹ ਤੋਂ ਪਾਣੀ ਲਿਆਉਂਣਾ ਗਊਆਂ ਦਾ ਵੱਛਿਆਂ ਤੋਂ ਜੁਦਾ ਹੋ ਕੇ ਬਾਹਰ ਘਾਹ ਚੁਗਣ ਜਾਣਾ, ਮਾਂ ਦਾ ਆਪਣੇ ਨਿੱਕੇ ਬੱਚੇ ਨੂੰ ਪੰਘੂੜੇ ‘ਤੇ ਸੁਆ ਕੇ ਘਰ ਦੇ ਕੰਮ-ਕਾਜ ਵਿੱਚ ਲੱਗਣਾ – ਇਹ ਸਾਰੇ ਕੰਮ-ਕਾਰ ਕਰਦਿਆਂ ਹੋਇਆਂ ਭੀ ਮੁੰਡੇ ਦੀ ਸੁਰਤਿ ਗੁੱਡੀ ਵਿੱਚ, ਕੁੜੀਆਂ ਦੀ ਸੁਰਤਿ ਆਪੋ ਆਪਣੇ  ਆਪਣੇ ਘੜੇ ਵਿੱਚ, ਹਰੇਕ ਗਾਂ ਦੀ ਸੁਰਤਿ ਆਪਣੇ ਵੱਛੇ ਵਿੱਚ ਅਤੇ ਮਾਂ ਦੀ ਸੁਰਤਿ ਆਪਣੇ ਬੱਚੇ ਵਿੱਚ ਹੁੰਦੀ ਹੈ।

ਭਗਤ ਨਾਮਦੇਵ ਜੀ ਦੇ ਉਸ ਰਾਮਕਲੀ ਰਾਗ ਵਾਲੇ ਸ਼ਬਦ ਦਾ ਸੰਖੇਪ ਭਾਵ ਭਗਤ ਕਬੀਰ ਜੀ ਸਲੋਕ ਨੰ: 212 ਅਤੇ 213 ਵਿੱਚ ਦੇ ਰਹੇ ਹਨ। ਇਸ ਤੋਂ ਇਹ ਸਾਫ ਨਤੀਜਾ ਨਿਕਲਦਾ ਹੈ ਕਿ ਕਬੀਰ ਜੀ ਪਾਸ ਨਾਮਦੇਵ ਜੀ ਦਾ ਸਾਰਾ ਸ਼ਬਦ ਮੌਜੂਦ ਸੀ, ਕੋਈ ਅਜਬ ਗੱਲ ਨਹੀਂ ਕਿ ਨਾਮਦੇਵ ਜੀ ਦੀ ਸਾਰੀ ਹੀ ਬਾਣੀ ਕਬੀਰ ਜੀ ਦੇ ਪਾਸ ਹੋਵੇ ਕਿਉਂਜੁ ਦੋਵੇਂ ਹਮ-ਖਿਆਲ ਸਨ ਅਤੇ ਦੋਵੇਂ ਹੀ ਬ੍ਰਾਹਮਣ ਦੇ ਧਾਰਮਿਕ ਦਬਾਉ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ।

ਉਪਰੋਕਤ ਵਿਸਥਾਰ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸੁਸ਼ੋਭਿਤ ਬਾਣੀ ਦੁਆਰਾ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਦੁਆਰਾ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਇਸ ਸ੍ਰਿਸ਼ਟੀ ਦਾ ਸਿਰਜਨਹਾਰ ਪ੍ਰਭੂ ਹੀ ਸਾਡਾ ਮਾਤਾ ਪਿਤਾ ਹੈ। ਉਹ ਹੀ ਸਾਡਾ ਪਾਲਣਹਾਰ ਹੈ ਇਸ ਲਈ ਹਰ ਕੰਮ-ਕਾਜ ਕਰਦੇ ਹੋਏ ਸਾਡਾ ਮਨ ਪਰਮਾਤਮਾ ਦੇ ਨਾਮ ਵਿੱਚ ਵਿੱਝਾ ਰਹਿਣਾ ਚਾਹੀਦਾ ਹੈ। ਜਦ ਇਹ ਗੱਲ ਸਾਡੇ ਦਿਲ/ਦਿਮਾਗ ਵਿੱਚ ਪੱਕੀ ਤਰ੍ਹਾਂ ਦਿੜ੍ਹ ਹੋ ਜਾਏਗੀ ਕਿ ਪਰਮਾਤਮਾ ਕਿਤੇ ਦੂਰ ਨਹੀਂ ਵਸਦਾ ਸਗੋਂ ਉਹ ਤਾਂ ਸਾਡੇ ਅੰਦਰ ਬੈਠਾ ਹੀ ਹਰ ਵੇਲੇ ਸਾਡੇ ਦੁਆਰਾ ਕੀਤੇ ਜਾਂਦੇ ਕਰਮਾਂ ਨੂੰ ਦੇਖ ਰਿਹਾ ਹੈ ਤਾਂ ਅਸੀਂ ਅਜਿਹਾ ਕੋਈ ਕੰਮ ਨਹੀਂ ਕਰਾਂਗੇ ਜਿਸਦੇ ਕਰਨ ਨਾਲ ਆਖਰ ਸਾਨੂੰ ਸ਼ਰਮਿੰਦਾ ਹੋਣਾ ਪਵੇ। ਨੇਕ ਕਰਮ ਕਰਦੇ ਸਮੇਂ ਅਸੀਂ ਇਹ ਮਹਿਸੂਸ ਕਰਾਂਗੇ ਕਿ ਸ੍ਰਿਸ਼ਟੀ ਦੇ ਪਾਲਨਹਾਰ ਪਰਮਾਤਮਾ ਦਾ ਮਿਹਰ ਭਰਿਆ ਹੱਥ ਸਾਡੇ ਸਿਰ ਉੱਪਰ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Karam-Singh

Karam Singh resident of village Khudda, Hoshiarpur Punjab India.

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)