editor@sikharchives.org

ਹੱਡ-ਬੀਤੀ – ਫੌਜੀ ਹਮਲਾ ਜੂਨ 1984 – ਰਿਸਦਾ ਨਾਸੂਰ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਚੁਫੇਰੇ ਫੌਜ ਦਾ ਸਖ਼ਤ ਪਹਿਰਾ ਸੀ ਤੇ ਬਾਹਰ ਨਿਕਲਣ ਵਾਲੇ ਨੂੰ ਗੋਲੀ ਮਾਰਨ ਦਾ ਹੁਕਮ ਸੀ ਜਿਸ ਕਾਰਨ ਸੰਗਤਾਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹੀ ਰਹਿ ਗਈਆਂ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਿੱਖ ਕੌਮ ਨੂੰ ਹੋਂਦ ਵਿਚ ਆਉਂਦਿਆਂ ਹੀ ਅਨੇਕਾਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ। ਸ੍ਰੀ ਅੰਮ੍ਰਿਤਸਰ ਵਿਖੇ ਸੁਸ਼ੋਭਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੋ ਸਿੱਖਾਂ ਲਈ ਰੂਹਾਨੀ ਮੁਜੱਸਮਾ ਹੈ, ਜਿੱਥੋਂ ਦੇ ਪਵਿੱਤਰ ਅੰਮ੍ਰਿਤ-ਸਰੋਵਰ ਦੀ ਇਕ ਟੁੱਭੀ ਲਾਉਣ ਨਾਲ ਹਰ ਆਉਣ ਵਾਲੇ ਸ਼ਰਧਾਲੂ ਦੀ ਆਤਮਾ ਤ੍ਰਿਪਤ ਹੋ ਜਾਂਦੀ ਹੈ ਤੇ ਪਵਿੱਤਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਨਾਲ ਜੀਵ ਨੂੰ ਆਪਣੇ ਅੰਦਰ ਵੱਸ ਰਹੇ ਪਰਮੇਸ਼ਰ ਦਾ ਗਿਆਨ ਹੋ ਜਾਂਦਾ ਹੈ ਤੇ ਉਹ ਸਮਝ ਲੈਂਦਾ ਹੈ:

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥ (ਪੰਨਾ 1427)

ਜਿੱਥੇ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਅੰਮ੍ਰਿਤ-ਸਰੋਵਰ ਆਮ ਜੀਵਾਂ ਲਈ ਆਤਮਿਕ ਤ੍ਰਿਪਤੀ ਦਾ ਕੇਂਦਰ-ਬਿੰਦੂ ਹੈ ਉਥੇ ਵਿਦੇਸ਼ੀ ਹਮਲਾਵਰਾਂ ਲਈ ਇਸ ਸੋਮੇ ਨੂੰ ਖ਼ਤਮ ਕਰਨ ਦਾ ਸਦਾ ਜਤਨ ਹੁੰਦਾ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਜੋ ਵੀ ਹਮਲਾਵਰ ਸਿੱਖੀ ਅਤੇ ਸਿੱਖਾਂ ਦੇ ਇਸ ਪਵਿੱਤਰ ਅਸਥਾਨ ਦੇ ਦੁਸ਼ਮਣ ਬਣ ਕੇ ਆਏ, ਇਸ ਦੀ ਬੇਅਦਬੀ ਕਰਨ ਅਤੇ ਢਾਹੁਣ ਦੇ ਜਤਨ ਕਰਦੇ, ਸਿੱਖਾਂ ਹੱਥੋਂ ਮਾਰੇ ਗਏ। ਸੁਲਹੀ ਖਾਨ, ਸੁਲਬੀ ਖਾਨ, ਜ਼ਕਰੀਆ ਖਾਨ, ਨਾਦਰ ਸ਼ਾਹ, ਮੀਰ ਮਨੂੰ, ਅਹਿਮਦ ਸ਼ਾਹ, ਮੱਸਾ ਰੰਗੜ ਵਰਗੇ ਅਨੇਕਾਂ ਸ਼ਾਸਕਾਂ ਅਤੇ ਅਹਿਲਕਾਰਾਂ ਨੇ ਸਿੱਖੀ ਦਾ ਖੁਰਾ-ਖੋਜ ਮਿਟਾਉਣ ਦੀ ਅਣਥੱਕ ਕੋਸ਼ਿਸ਼ ਕੀਤੀ ਪਰ ਉਹ ਜਾਂ ਤਾਂ ਮਾਰੇ ਗਏ ਜਾਂ ਮੂੰਹ ਦੀ ਖਾ ਕੇ ਵਾਪਸ ਚਲੇ ਗਏ।

ਜਿਸ ਤਰ੍ਹਾਂ ਉਨ੍ਹਾਂ ਜਰਵਾਣਿਆਂ ਨੂੰ ਸਿੱਖਾਂ ਦਾ ਨਿਰਲੇਪ ਭਾਵ ਵਿਚ ਰਹਿਣਾ, ਕਿਸੇ ਨਾਲ ਬੁਰਾ ਨਾ ਕਰਨਾ, ਝੂਠ ਨਾ ਬੋਲਣਾ, ਸਭ ਦਾ ਭਲਾ ਕਰਨਾ ਆਦਿ ਗੁਣ ਪਸੰਦ ਨਹੀਂ ਸਨ, ਉਸੇ ਤਰ੍ਹਾਂ ਅਜ਼ਾਦ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਸਿੱਖਾਂ ਦਾ, ਸਿੱਖ ਪੰਥ ਦੀ ਚੜ੍ਹਦੀ ਕਲਾ ਅਤੇ ਪੰਜਾਬ ਦੀ ਆਰਥਿਕ ਹਾਲਤ ਨੂੰ ਵਧੀਆ ਬਣਾਉਣ, ਮਾੜੇ ਤੇ ਗਰੀਬ ਲੋਕਾਂ ਨੂੰ ਉਤਾਂਹ ਚੁੱਕਣ ਲਈ ਲਾਇਆ ‘ਧਰਮ-ਯੁੱਧ ਮੋਰਚਾ’ ਜੋ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਪੰਜਾਬ ਦੇ ਲੋਕਾਂ ਵੱਲੋਂ ਲਾਇਆ ਗਿਆ ਸੀ, ਹਜ਼ਮ ਨਾ ਹੋਇਆ ਤੇ ਉਨ੍ਹਾਂ ਨੇ ਸਿੱਖਾਂ ਨੂੰ ਡਰਾਉਣ, ਧਮਕਾਉਣ ਤੇ ਵੱਖਵਾਦੀ ਪ੍ਰਚਾਰ ਕੇ ਆਮ ਲੋਕਾਂ ਦੇ ਮਨਾਂ ਵਿਚ ਸਿੱਖਾਂ ਪ੍ਰਤੀ ਨਫ਼ਰਤ ਦੇ ਬੀਜ ਬੀਜਣੇ ਸ਼ੁਰੂ ਕਰ ਦਿੱਤੇ ਤੇ ਅੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਅਜ਼ਾਦ ਭਾਰਤ ਦੀ ਹੁਕਮਰਾਨ ਸਰਕਾਰ ਨੇ ਜੂਨ 1984 ਵਿਚ ਬਹੁਤ ਭਾਰੀ ਤੋਪਖਾਨਾ ਜਿਸ ਵਿਚ 25 ਪਾਊਡਰ ਤੋਪਾਂ, ਹੋਵਿਟਜ਼ ਗੰਨਾਂ, ਮਾਰਟਰ ਗੰਨਾਂ, 37 ਹਾਵਲ ਗੰਨਾਂ, ਬਖ਼ਤਰਬੰਦ ਗੱਡੀਆਂ ਦੇ ਨਾਲ ਪੋਲੈਂਡ ਦੀਆਂ ਬਣੀਆਂ ਅੱਠ ਪਹੀਆ ਓ.ਟੀ.64 ਬਖ਼ਤਰਬੰਦ ਗੱਡੀਆਂ, ਹੈਲੀਕਾਪਟਰ, 105 ਐਮ.ਐਮ. ਦੀਆਂ ਭਾਰੀ ਤੋਪਾਂ ਨਾਲ ਬੀੜੇ ਹੋਏ 38 ਟਨ ਦੇ ਵਿਜੰਤਾ ਨਾਮੀ ਟੈਂਕਾਂ ਨਾਲ ਹੱਲਾ ਕਰ ਕੇ ਸਿੱਖਾਂ ’ਤੇ ਹੁੰਦੇ ਆ ਰਹੇ ਜ਼ੁਲਮਾਂ ਦੀ ਕਿਤਾਬ ਦਾ ਇਕ ਹੋਰ ਕਾਲਾ ਪੰਨਾ ਲਿਖ ਦਿੱਤਾ ਜਿਸ ਦਾ ਨਾਂ ‘ਅਪ੍ਰੇਸ਼ਨ ਨੀਲਾ ਤਾਰਾ’ ਰੱਖਿਆ। ਉਹ ਸਿੱਖ ਜੋ ਕਦੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਸ਼ਹੀਦੀਆਂ ਪਾਉਂਦੇ ਰਹੇ, ਦੇਸ਼ ਖ਼ਾਤਰ ਸਾਰਾਗੜ੍ਹੀ ਦੀ ਚੌਕੀ ਵਿਖੇ 12 ਸਤੰਬਰ, 1897 ਨੂੰ 36 ਸਿੱਖ ਰੈਜਮੈਂਟ (ਅੱਜਕਲ੍ਹ 4 ਸਿੱਖ ਰੈਜਮੈਂਟ) ਦੇ 22 ਜਵਾਨ ਸ਼ਹਾਦਤ ਦੇ ਜਾਮ ਪੀ ਗਏ, ਉਹੀ ਸਿੱਖ ਆਪਣੇ ਹੀ ਦੇਸ਼ ਵਿਚ ਬੇਗਾਨੇ ਹੋ ਗਏ। ਦੁਨੀਆਂ ਦੇ ਇਤਿਹਾਸ ਵਿਚ ਅਜਿਹੀ ਘਟਨਾ ਨਾ ਕਿਸੇ ਨੇ ਵੇਖੀ ਹੋਵੇਗੀ ਅਤੇ ਨਾ ਹੀ ਸੁਣੀ ਹੋਵੇਗੀ ਕਿ ਆਪਣੇ ਹੀ ਦੇਸ਼ ਦੀ ਫੌਜ ਆਪਣੇ ਹੀ ਲੋਕਾਂ ’ਤੇ ਚੜ੍ਹਾਈ ਕਰ ਕੇ ਬੇਗੁਨਾਹ ਲੋਕਾਂ ਨੂੰ ਮਾਰ ਦੇਵੇ।

ਦਾਸ ਵੀ 1984 ਦੇ ਫੌਜੀ ਹਮਲੇ ਦਾ ਚਸ਼ਮਦੀਦ ਗਵਾਹ ਹੈ ਜਿਸ ਨੇ ਇਹ ਭਾਣਾ ਵਰਤਦਿਆਂ ਅੱਖੀਂ ਡਿੱਠਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਬਤੌਰ ਗ੍ਰੰਥੀ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸੇਵਾ ਨਿਭਾ ਰਿਹਾ ਹੋਣ ਕਰਕੇ ਦਾਸ ਨੂੰ ਸ੍ਰੀ ਗੁਰੂ ਰਾਮਦਾਸ ਨਿਵਾਸ ਦੇ ਕਮਰਾ ਨੰ: 87 ਵਿਚ ਰਿਹਾਇਸ਼ ਮਿਲੀ ਹੋਈ ਸੀ ਜੋ ਕਿ ਸ੍ਰੀ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਦੂਸਰੀ ਮੰਜ਼ਲ ’ਤੇ ਹੈ। 1 ਜੂਨ ਨੂੰ ਸਵੇਰ ਦੀ ਸੇਵਾ ਨਿਭਾਉਣ ਉਪਰੰਤ ਮੈਂ ਆਪਣੇ ਕਮਰੇ ਵਿਚ ਆਰਾਮ ਕਰ ਰਿਹਾ ਸੀ ਕਿ ਅਚਾਨਕ ਸਾਢੇ ਬਾਰ੍ਹਾਂ ਵਜੇ ਦੇ ਕਰੀਬ ਗੋਲੀ ਚੱਲਣ ਦੀ ਆਵਾਜ਼ ਨੇ ਮੈਨੂੰ ਜਗਾ ਦਿੱਤਾ, ਕਮਰੇ ਦੇ ਬਾਹਰ ਜਾ ਕੇ ਵੇਖਣ ’ਤੇ ਪਤਾ ਲੱਗਾ ਕਿ ਨੀਮ ਫੌਜੀ ਦਲਾਂ ਨੇ ਸ੍ਰੀ ਦਰਬਾਰ ਸਾਹਿਬ ’ਤੇ ਗੋਲੀਆਂ ਵਰਸਾਉਣੀਆਂ ਸ਼ੁਰੂ ਕਰ ਦਿੱਤੀਆਂ, ਚਾਰੇ ਪਾਸੇ ਅਫਰਾ-ਤਫਰੀ ਵਾਲਾ ਮਾਹੌਲ ਬਣਿਆ ਹੋਇਆ ਸੀ। ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ ਜੋ ਤਕਰੀਬਨ ਸੱਤ ਘੰਟੇ ਚਾਲੂ ਰਹੀ ਜਿਸ ਵਿਚ ਤਕਰੀਬਨ ਗਿਆਰਾਂ ਸਿੱਖਾਂ ਦੇ ਮਰਨ ਅਤੇ ਅਨੇਕਾਂ ਦੇ ਫੱਟੜ ਹੋਣ ਦੀ ਖ਼ਬਰ ਸੀ। ਇਸ ਕਾਰਵਾਈ ਵਿਚ ਐਮ.ਐਮ.ਜੀ. ਅਤੇ ਐਲ.ਐਮ.ਜੀ. ਰਾਈਫਲਾਂ ਦੀ ਵਰਤੋਂ ਕੀਤੀ ਗਈ, ਜਿਨ੍ਹਾਂ ਵਿੱਚੋਂ ਨਿਕਲੀਆਂ ਗੋਲੀਆਂ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਦੂਜੀ ਛੱਤ ਦੇ ਉੱਤਰੀ ਤੇ ਦੱਖਣੀ ਦੋਵਾਂ ਪਾਸਿਆਂ ਦੀਆਂ ਬਾਰੀਆਂ ਵਿਚ ਲੱਗੀਆਂ। ਉਪਰੰਤ 32 ਘੰਟੇ ਦਾ ਕਰਫਿਊ ਲਾਗੂ ਕਰ ਦਿੱਤਾ ਗਿਆ। 3 ਜੂਨ, 1984 ਨੂੰ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ, ਇਸ ਦਿਹਾੜੇ ’ਤੇ ਥਾਂ-ਥਾਂ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਜਾਂਦੀਆਂ ਹਨ ਤੇ ਲੰਗਰਾਂ ਦਾ ਵੀ ਪ੍ਰਬੰਧ ਹੁੰਦਾ ਹੈ। ਲੱਗੇ ਕਰਫਿਊ ਵਿਚ ਸਵੇਰੇ 6 ਵਜੇ ਤੋਂ ਢਿੱਲ ਦੇਣ ਕਾਰਨ ਸੰਗਤਾਂ ਦੂਰੋਂ-ਨੇੜਿਓਂ ਇਸ ਦਿਹਾੜੇ ’ਤੇ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਨਤਮਸਤਕ ਹੋਣ ਅਤੇ 1 ਜੂਨ ਨੂੰ ਸੀ.ਆਰ.ਪੀ.ਐਫ. ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਕੀਤੀ ਫਾਈਰਿੰਗ ਦੇ ਲੱਗੇ ਨਿਸ਼ਾਨ ਵੇਖਣ ਖ਼ਾਤਰ ਸ੍ਰੀ ਹਰਿਮੰਦਰ ਸਾਹਿਬ ਆਈਆਂ ਹੋਈਆਂ ਸਨ ਕਿ ਅਚਾਨਕ ਫਿਰ ਕਰਫਿਊ ਦਾ ਐਲਾਨ ਹੋ ਗਿਆ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਚੁਫੇਰੇ ਫੌਜ ਦਾ ਸਖ਼ਤ ਪਹਿਰਾ ਸੀ ਤੇ ਬਾਹਰ ਨਿਕਲਣ ਵਾਲੇ ਨੂੰ ਗੋਲੀ ਮਾਰਨ ਦਾ ਹੁਕਮ ਸੀ ਜਿਸ ਕਾਰਨ ਸੰਗਤਾਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹੀ ਰਹਿ ਗਈਆਂ। ਅੰਮ੍ਰਿਤਸਰ ਸ਼ਹਿਰ ਦੀ ਬਿਜਲੀ, ਪਾਣੀ ਤੇ ਟੈਲੀਫੋਨ ਦੀ ਸਪਲਾਈ ਕੱਟ ਦਿੱਤੀ ਗਈ। ਰਾਤ ਨੌਂ ਵਜੇ ਟੀ.ਵੀ. ਅਤੇ ਰੇਡੀਓ ’ਤੇ ਇਹ ਖ਼ਬਰ ਸੁਣਾਈ ਗਈ ਕਿ ਨੌਂ ਵਜੇ ਤੋਂ ਸਾਰੇ ਪੰਜਾਬ ਵਿਚ ਫੌਜੀ ਰਾਜ ਹੋ ਗਿਆ ਹੈ ਤੇ 36 ਘੰਟੇ ਦਾ ਕਰਫਿਊ ਲਾਇਆ ਗਿਆ ਹੈ। ਇਸ ਦੌਰਾਨ ਰੇਲ ਗੱਡੀ ਤੋਂ ਲੈ ਕੇ ਬੈਲ ਗੱਡੀ ਤੇ ਸਾਈਕਲ ਚਲਾਉਣ ’ਤੇ ਵੀ ਪਾਬੰਦੀ ਹੋ ਗਈ। ਅਖ਼ਬਾਰਾਂ ’ਤੇ ਸੈਂਸਰ ਲਗਾ ਦਿੱਤੀ ਗਈ ਤਾਂ ਜੋ ਕਿਸੇ ਤਰ੍ਹਾਂ ਦੀ ਖ਼ਬਰ ਬਾਹਰ ਨਾ ਨਿਕਲ ਸਕੇ। ਸਭ ਨੂੰ ਇਹੀ ਅੰਦੇਸ਼ਾ ਸੀ ਕਿ ਸ਼ਾਇਦ ਬੇਹੋਸ਼ ਕਰਨ ਵਾਲੀ ਗੈਸ ਛੱਡ ਕੇ ਖਾੜਕੂਆਂ ਨੂੰ ਗ੍ਰਿਫ਼ਤਰ ਕਰ ਲਿਆ ਜਾਵੇਗਾ। ਕਿਸੇ ਨੂੰ ਇਹ ਪਤਾ ਹੀ ਨਹੀਂ ਸੀ ਕਿ ਖਾੜਕੂਆਂ ਨੂੰ ਮਾਰਨ ਜਾਂ ਫੜਨ ਦੇ ਨਾਲ-ਨਾਲ ਸਰਕਾਰ ਦਾ ਮੰਤਵ ਸਿੱਖਾਂ ਦੇ ਇਸ ਪਵਿੱਤਰ ਅਸਥਾਨ, ਸਰੋਵਰ ਦੀ ਬੇਅਦਬੀ ਕਰਨਾ ਤੇ ਢਾਹੁਣਾ ਵੀ ਹੈ।

ਕਰਫਿਊ ਲੱਗਣ ਕਾਰਨ ਮੇਰਾ ਸਾਂਢੂ ਭਾਈ ਦਰਸ਼ਨ ਸਿੰਘ ਜੋ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸੇਵਾਦਾਰ ਵਜੋਂ ਸੇਵਾ ਨਿਭਾ ਰਿਹਾ ਸੀ, ਮੇਰੇ ਕੋਲ ਹੀ ਸਰਾਂ ਵਿਚ ਠਹਿਰ ਗਿਆ। ਗਰਮੀ ਬਹੁਤ ਜ਼ਿਆਦਾ ਹੋਣ ਕਾਰਨ ਅਸੀਂ ਸਰਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਬਰਾਂਡੇ ਵਿਚ ਸੁੱਤੇ ਹੋਏ ਸਾਂ। ਭਾਈ ਦਰਸ਼ਨ ਸਿੰਘ ਅੰਮ੍ਰਿਤ ਵੇਲੇ ਤਿਆਰ ਹੋ ਕੇ ਆਪਣੀ ਡਿਊਟੀ ’ਤੇ ਚਲੇ ਗਏ ਤੇ ਦਾਸ ਆਪਣੀ ਡਿਊਟੀ ’ਤੇ ਮੰਜੀ ਸਾਹਿਬ ਦੀਵਾਨ ਹਾਲ ਜਾਣ ਲਈ ਤਿਆਰ ਹੋਣ ਲੱਗਾ ਕਿ ਵੇਖਿਆ ਕਿ ਸਵੇਰੇ 4:40 ’ਤੇ ਭਾਰੀ ਤੋਪ ਦਾ ਗੋਲਾ ਚੱਲਿਆ ਜੋ ਸਿੱਧਾ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਆ ਕੇ ਵੱਜਾ। ਉਸ ਤੋਂ ਬਾਅਦ ਮੇਰੇ ਵੇਖਦਿਆਂ-ਵੇਖਦਿਆਂ ਗੋਲਿਆਂ ਦੀ ਬੁਛਾੜ ਹੀ ਸ਼ੁਰੂ ਹੋ ਗਈ ਤੇ ਅਸੀਂ ਆਪਣੇ ਕਮਰੇ ਦੇ ਅੰਦਰ ਚਲੇ ਗਏ। ਉਸ ਵਕਤ ਮੇਰੇ ਪਿਤਾ ਭਾਈ ਇੰਦਰ ਸਿੰਘ ਜੀ ਜੋ ਲੰਗਰ ਵਿਚ ਮੌਜੂਦ ਸਨ, ਉਥੇ ਹੀ ਸ਼ਹੀਦ ਹੋ ਗਏ। ਸਾਰਾ ਦਿਨ ਫਾਇਰਿੰਗ ਹੁੰਦੀ ਰਹੀ। ਰੋਟੀ-ਪਾਣੀ ਦਾ ਕੋਈ ਪ੍ਰਬੰਧ ਨਾ ਵੇਖ ਬਾਗ ਵਾਲੀ ਗਲੀ ਦੇ ਕੁਝ ਕੁ ਨੌਜਵਾਨਾਂ ਨੇ ਹੌਸਲਾ ਕਰ ਕੇ ਆਪਣੇ ਘਰਾਂ ਤੋਂ ਰੋਟੀ ਪਕਾ ਕੇ ਸ੍ਰੀ ਗੁਰੂ ਰਾਮਦਾਸ ਨਿਵਾਸ ਦੇ ਪਿਛਲੇ ਪਾਸਿਓਂ ਅੰਦਰ ਲਿਆਂਦੀ ਅਤੇ ਜਿੰਨੀ ਵੀ ਕਿਸੇ ਦੇ ਹਿੱਸੇ ਆਈ ਖਾਣ ਲਈ ਦਿੱਤੀ। ਸਾਰੀ ਰਾਤ ਲਗਾਤਾਰ ਗੋਲੀ ਚਲਦੀ ਰਹੀ। ਸਰਾਂ ਦੇ ਬਾਹਰ ਵਾਲੇ ਕਮਰਿਆਂ ਵਿੱਚੋਂ ਮੁਲਾਜ਼ਮ ਤੇ ਯਾਤਰੂ ਸਿੱਧੀਆਂ ਗੋਲੀਆਂ ਵੱਜਣ ਕਾਰਨ ਕਮਰਿਆਂ ਵਿੱਚੋਂ ਨਿਕਲ ਕੇ ਅੰਦਰਲੇ ਪਾਸੇ ਵਾਲੇ ਕਮਰਿਆਂ ਦੇ ਬਰਾਮਦੇ ਵਿਚ ਆ ਗਏ।

ਜੂਨ ਨੂੰ ਦੁਪਹਿਰੋਂ ਬਾਅਦ ਕੁਝ ਜਾਂਬਾਜ਼ ਸਿੰਘ ਹਿੰਮਤ ਕਰ ਕੇ ਫੌਜ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਸਿੰਘਾਂ ਅਤੇ ਯਾਤਰੂਆਂ ਦੇ ਸਰੀਰਾਂ ਨੂੰ ਇਕੱਠਾ ਕਰ ਕੇ ਸ੍ਰੀ ਗੁਰੂ ਰਾਮਦਾਸ ਨਿਵਾਸ ਦੀਆਂ ਟੂਟੀਆਂ ਕੋਲ ਦਾਹ-ਸੰਸਕਾਰ ਲਈ ਲੈ ਕੇ ਆਏ। ਅਜੇ ਸਸਕਾਰ ਹੋਣਾ ਸ਼ੁਰੂ ਹੀ ਹੋਇਆ ਸੀ ਕਿ ਫੌਜ ਵੱਲੋਂ ਚਲਾਏ ਗੋਲਿਆਂ ਨਾਲ ਸ੍ਰੀ ਗੁਰੂ ਰਾਮਦਾਸ ਨਿਵਾਸ ਵਿਚ ਸਥਿਤ ਪਾਣੀ ਦੀ ਟੈਂਕੀ ਵਿਚ ਵੱਡੇ-ਵੱਡੇ ਮਘੋਰੇ ਹੋ ਗਏ ਤੇ ਪਾਣੀ ਵਗਣਾ ਸ਼ੁਰੂ ਹੋ ਗਿਆ ਜਿਸ ਨਾਲ ਸਸਕਾਰ ਹੋ ਰਹੀਆਂ ਲਾਸ਼ਾਂ ਅਤੇ ਪਾਣੀ ਦੀ ਟੈਂਕੀ ’ਤੇ ਬੈਠੇ ਰਖਵਾਲੇ ਸਿੰਘਾਂ ਦੇ ਸਰੀਰਾਂ ਦੇ ਟੁਕੜਿਆਂ ਵਿੱਚੋਂ ਭਿਆਨਕ ਬਦਬੂ ਆਉਣੀ ਸ਼ੁਰੂ ਹੋ ਗਈ। ਸਰਾਂ ਵਿਚ ਲੋਕਾਂ ਦਾ ਖਲੋਣਾ ਵੀ ਔਖਾ ਹੋ ਗਿਆ। ਗੋਲਾਬਾਰੀ ਜਾਰੀ ਰਹੀ। ਉਸ ਵਕਤ ਭਾਈ ਮਨਜੀਤ ਸਿੰਘ ਜੋ ਮੀਤ ਮੈਨੇਜਰ ਸ੍ਰੀ ਦਰਬਾਰ ਸਾਹਿਬ ਦੀ ਡਿਊਟੀ ਨਿਭਾ ਰਹੇ ਸਨ ਦੇ ਨਾਲ ਭਾਈ ਹਰਮਿੰਦਰ ਸਿੰਘ (ਸੰਧੂ) ਅਤੇ ਭਾਈ ਰਾਜਿੰਦਰ ਸਿੰਘ (ਮਹਿਤਾ) ਨੇ ਉਥੇ ਸਾਰਿਆਂ ਨੂੰ ਮੁਖਾਤਿਬ ਹੋ ਕੇ ਕਿਹਾ ਕਿ ਕਿਸੇ ਵੇਲੇ ਵੀ ਫੌਜ ਸਰਾਂ ਅੰਦਰ ਦਾਖਲ ਹੋ ਸਕਦੀ ਹੈ। ਇਸ ਕਰਕੇ ਜੇ ਕੋਈ ਆਪਣਾ ਬਚਾਅ ਕਰ ਸਕਦਾ ਹੈ, ਕਰ ਲਵੇ। ਉਨ੍ਹਾਂ ਦੇ ਕਹਿਣ ’ਤੇ ਕੁਝ ਕੁ ਯਾਤਰੂ ਅਤੇ ਮੁਲਾਜ਼ਮ ਜੋ ਕਿਸੇ ਵੀ ਪਾਸੇ ਲੁਕ-ਛਿਪ ਕੇ ਜਾ ਸਕਦੇ ਸਨ, ਨਿਕਲ ਗਏ। ਉਨ੍ਹਾਂ ਵਿੱਚੋਂ ਪਤਾ ਨਹੀਂ ਕੋਈ ਮਰਿਆ ਜਾਂ ਬਚਿਆ।

ਮੈਂ ਵੀ ਆਪਣੇ ਪਰਵਾਰ ਨੂੰ ਨਾਲ ਲੈ ਕੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਅੱਗੋਂ ਦੀ ਵਰ੍ਹਦੀ ਗੋਲੀ ਵਿਚ ਆਪਣਾ ਸਾਰਾ ਸਾਮਾਨ ਸਰਾਂ ਦੇ ਕਮਰੇ ਵਿਚ ਛੱਡ ਕੇ ਗੁਰਦੁਆਰਾ ਬਾਬਾ ਅਟੱਲ ਰਾਇ ਜੀ ਦੇ ਪਿਛਲੇ ਪਾਸੇ ਬਣੇ ਮੁਲਾਜ਼ਮਾਂ ਦੇ ਕੁਆਰਟਰਾਂ ਵਿਚ ਚਲਾ ਗਿਆ। ਉਥੇ ਜਾ ਕੇ ਵੇਖਿਆ ਕਿ ਸਾਰੇ ਕੁਆਰਟਰ ਖਾਲੀ ਸਨ ਤੇ ਜਿੱਧਰ ਵੀ ਕੋਈ ਜਾ ਸਕਦਾ ਸੀ, ਚਲਿਆ ਗਿਆ। ਗਿਆਨੀ ਦਲੀਪ ਸਿੰਘ ਜੀ ਕਥਾਵਾਚਕ ਗੁਰਦੁਆਰਾ ਮੰਜੀ ਸਾਹਿਬ ਦੇ ਘਰ ਦਾ ਦਰਵਾਜ਼ਾ ਖੁੱਲ੍ਹਾ ਵੇਖ ਕੇ ਮੈਂ ਉਥੇ ਚਲਾ ਗਿਆ। ਉਨਾਂ ਦੇ ਪਰਵਾਰ ਵਿੱਚੋਂ ਕੋਈ ਵੀ ਉਥੇ ਨਹੀਂ ਸੀ। ਪਰ ਦੋ ਬੀਬੀਆਂ ਜਿਨ੍ਹਾਂ ਵਿੱਚੋਂ ਇਕ ਭਾਈ ਹਰਮਿੰਦਰ ਸਿੰਘ ਦੀ ਪਤਨੀ ਬੀਬੀ ਪਰਮਜੀਤ ਕੌਰ ਅਤੇ ਦੂਜੀ ਲੜਕੀ ਬੀਬੀ ਉਪਕਾਰ ਕੌਰ ਉਥੇ ਸਨ। ਮੈਂ ਵੀ ਸਮੇਤ ਪਰਵਾਰ ਉਨ੍ਹਾਂ ਕੋਲ ਹੀ ਠਹਿਰ ਗਿਆ। 5-6 ਜੂਨ ਦੀ ਦਰਮਿਆਨੀ ਰਾਤ ਅਸੀਂ ਉੱਥੇ ਕੱਟੀ ਜੋ ਬੜੀ ਦਿਲ-ਕੰਬਾਊ ਅਤੇ ਭਿਆਨਕ ਸੀ। ਸਾਰੀ ਰਾਤ ਗੋਲੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਜੀ ’ਤੇ ਵੱਜਦੇ ਰਹੇ। ਪਤਾ ਲੱਗਾ ਕਿ ਸਾਡੇ ਸਰਾਂ ਵਿੱਚੋਂ ਨਿਕਲ ਆਉਣ ਤੋਂ ਬਾਅਦ ਫੌਜ ਸ੍ਰੀ ਗੁਰੂ ਰਾਮਦਾਸ ਨਿਵਾਸ ਦਾ ਪਿਛਲਾ ਦਰਵਾਜ਼ਾ ਤੋੜ ਕੇ ਸਰਾਂ ਅੰਦਰ ਦਾਖਲ ਹੋਈ ਅਤੇ ਅੰਦਰ ਜਿਤਨੇ ਵੀ ਯਾਤਰੂ ਸਨ, ਉਨ੍ਹਾਂ ਨੂੰ ਗੋਲੀਆਂ ਨਾਲ ਮਾਰ-ਮੁਕਾਇਆ।

ਜੂਨ ਨੂੰ ਦਿਨ ਚੜ੍ਹੇ ਗਿਆਨੀ ਭਗਵਾਨ ਸਿੰਘ ਜੀ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆ ਕੇ ਦੱਸਿਆ ਕਿ ਰਾਤ 10 ਵਜੇ ਦੇ ਕਰੀਬ ਡੋਗਰਾ ਕਮਾਊ, ਗਰਨੇਡੀਅਰ, ਰਾਜਪੂਤ, ਬਿਹਾਰੀ ਤੇ ਮਦਰਾਸੀ ਰੈਜਮੈਂਟ ਨੇ ਟੈਂਕਾਂ ਨਾਲ ਲੈਸ ਹੋ ਕੇ ਸਰਾਵਾਂ ਵਾਲੇ ਪਾਸਿਓਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਦਾਖਲ ਹੋ ਕੇ ਸਾਂਝੇ ਤੌਰ ’ਤੇ ਹਮਲਾ ਕੀਤਾ ਅਤੇ ਦੁੱਖਭੰਜਨੀ ਬੇਰੀ ਵਾਲੇ ਪਾਸਿਓਂ ਪਰਕਰਮਾ ਵਿਚ ਬ੍ਰਹਮ ਬੂਟਾ ਅਖਾੜਾ ਅਤੇ ਸ਼ਹੀਦ ਬੁੰਗਾ ਬਾਬਾ ਦੀਪ ਸਿੰਘ ਜੀ ਅੱਗੇ ਟੈਂਕ ਖੜ੍ਹੇ ਕੀਤੇ ਗਏ। ਇਨ੍ਹਾਂ ਟੈਂਕਾਂ ਨਾਲ ਸਿੱਖਾਂ ਦੀ ਮੁਕੱਦਸ ਇਮਾਰਤ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਗੋਲਿਆਂ ਦਾ ਮੀਂਹ ਵਰਸਾਇਆ ਗਿਆ, ਜਿਸ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਕਾਫੀ ਜ਼ਿਆਦਾ ਢੱਠ ਕੇ ਤੇ ਬਾਕੀ ਗੋਲਿਆਂ ਦੇ ਵਿੱਚੋਂ ਨਿਕਲੀ ਅੱਗ ਨਾਲ ਝੁਲਸ ਗਈ ਹੈ। ਉਨ੍ਹਾਂ ਦੱਸਿਆ ਕਿ ਫੌਜ ਨੇ ਸਰਾਵਾਂ, ਤੇਜਾ ਸਿੰਘ ਸਮੁੰਦਰੀ ਹਾਲ, ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕਬਜ਼ਾ ਕਰ ਲਿਆ ਹੈ। ਫਿਰ ਪਤਾ ਲੱਗਾ ਕਿ ਬਹੁਤ ਸਾਰੇ ਸਿੰਘ ਤੇ ਸ਼ਰਧਾਲੂ ਇਸਤਰੀਆਂ ਤੇ ਬੱਚੇ ਮਾਰੇ ਗਏ ਹਨ; ਸੰਤ ਹਰਚੰਦ ਸਿੰਘ ਲੌਂਗੋਵਾਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਭਾਈ ਹਰਮਿੰਦਰ ਸਿੰਘ, ਭਾਈ ਰਾਜਿੰਦਰ ਸਿੰਘ (ਮਹਿਤਾ), ਭਾਈ ਮਨਜੀਤ ਸਿੰਘ ਤੇ ਹੋਰ ਅਨੇਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਤੋਂ ਬਾਅਦ ਉਨ੍ਹਾਂ ਨੂੰ ਪਹਿਲਾਂ ਫੌਜੀ ਕੈਂਪ ਵਿਚ ਰੱਖਿਆ ਗਿਆ ਤੇ ਫਿਰ ਨਾਭਾ ਤੇ ਹੋਰ ਜੇਲ੍ਹਾਂ ਵਿਚ ਭੇਜ ਦਿੱਤਾ ਗਿਆ। ਉਸ ਤੋਂ ਬਾਅਦ ਜੋਧਪੁਰ ਦੀ ਜੇਲ੍ਹ ਵਿਚ ਘੱਲ ਦਿੱਤਾ ਗਿਆ, ਜਿੱਥੇ ਸਾਰੇ ਕੈਦੀਆਂ ਨੂੰ ਬਹੁਤ ਜ਼ਿਆਦਾ ਸਰੀਰਕ ਤੇ ਮਾਨਸਿਕ ਤਸੀਹੇ ਦਿੱਤੇ ਗਏ।

ਇਹ ਵੀ ਪਤਾ ਲੱਗਾ ਕਿ ਇਸ ਧਰਮ ਯੁੱਧ ਵਿਚ ਅਨੇਕਾਂ ਸਿੰਘ-ਸਿੰਘਣੀਆਂ ਤੇ ਮਰਜੀਵੜੇ ਧਰਮ ਦੀ ਰਾਖੀ ਲਈ ਸ਼ਹਾਦਤ ਦੇ ਜਾਮ ਪੀ ਗਏ ਹਨ। 6 ਜੂਨ ਸ਼ਾਮ ਨੂੰ ਕਰਫਿਊ ਵਿਚ ਇਕ ਘੰਟੇ ਦੀ ਢਿੱਲ ਦਿੱਤੀ ਗਈ ਤੇ ਮੈਂ ਆਪਣੇ ਪਰਵਾਰ ਸਮੇਤ ਸੰਗਲ ਵਾਲੀ ਗਲੀ ਰਾਹੀਂ ਚੌਂਕ ਬਾਬਾ ਸਾਹਿਬ ਵਿੱਚੋਂ ਨਿਕਲ ਕੇ, ਭਾਈ ਕਰਨੈਲ ਸਿੰਘ ਜੀ ਜੋ ਕਿ ਪੰਜੂ ਹਲਵਾਈ ਵਾਲੀ ਗਲੀ ਵਿਚ ਰਹਿੰਦੇ ਸਨ ਤੇ ਭਾਰਤ ਸਰਕਾਰ ਦੇ ਟੈਲੀਫੋਨ ਵਿਭਾਗ ਵਿਚ ਨੌਕਰੀ ਕਰਦੇ ਸਨ ਅਤੇ ਗੁਰੂ-ਘਰ ਦੇ ਸ਼ਰਧਾਲੂ ਸਨ, ਦੇ ਘਰ ਆ ਗਿਆ, ਜਿਨ੍ਹਾਂ ਨੇ ਫੌਜੀ ਹਮਲੇ ਦੇ ਰੋਸ ਵਜੋਂ ਬਾਅਦ ਵਿਚ ਇਸ ਮਹਿਕਮੇ ਤੋਂ ਅਸਤੀਫਾ ਦੇ ਦਿੱਤਾ ਸੀ, ਨੇ ਹਰ ਤਰ੍ਹਾਂ ਨਾਲ ਸਾਡੀ ਸਹਾਇਤਾ ਕੀਤੀ।

ਬਾਅਦ ਵਿਚ ਪਤਾ ਲੱਗਾ ਕਿ ਸਾਡੇ, ਗਿਆਨੀ ਦਲੀਪ ਸਿੰਘ ਜੀ ਹੁਰਾਂ ਦੇ ਘਰ ਵਿੱਚੋਂ ਚਲੇ ਜਾਣ ਤੋਂ ਮਗਰੋਂ ਉਨ੍ਹਾਂ ਦੋ ਬੀਬੀਆਂ ਨੂੰ ਵੀ ਫੌਜ ਨੇ ਇਹ ਕਹਿ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ ਕਿ ਇਹ ਅੱਤਵਾਦੀਆਂ ਦੀਆਂ ਸਾਥਣਾਂ ਸਨ ਤੇ ਇਨ੍ਹਾਂ ਕੋਲ ਅਸਲਾ ਸੀ।

10 ਜੂਨ ਨੂੰ ਕਰਫਿਊ ਵਿਚ ਢਿੱਲ ਮਿਲਣ ’ਤੇ ਮੈਂ ਆਪਣੇ ਸਹੁਰੇ-ਘਰ, ਸ਼ਿਵ ਨਗਰ ਕਾਲੋਨੀ ਨਜ਼ਦੀਕ ਮੁਹੱਲਾ ਇਸਲਾਮਾਬਾਦ ਚਲਿਆ ਗਿਆ। ਅਸੀਂ ਸਾਰੇ ਭਾਈ ਦਰਸ਼ਨ ਸਿੰਘ ਸੇਵਾਦਾਰ ਜੋ ਹਰਿਮੰਦਰ ਸਾਹਿਬ 4 ਜੂਨ ਦੀ ਸਵੇਰ ਨੂੰ ਸਾਡੇ ਕੋਲੋਂ ਹੀ ਸ੍ਰੀ ਗੁਰੂ ਰਾਮਦਾਸ ਨਿਵਾਸ ਵਿੱਚੋਂ ਅੰਦਰ ਡਿਊਟੀ ’ਤੇ ਗਏ ਸਨ, ਦੇ ਜਿਊਂਦੇ ਰਹਿਣ ਦੀ ਆਸ ਲਾਹ ਬੈਠੇ ਸਾਂ ਪਰ ਸ਼ਾਇਦ ਗੁਰੂ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਨ੍ਹਾਂ ਤੋਂ ਅਜੇ ਹੋਰ ਸੇਵਾ ਲੈਣੀ ਸੀ, ਇਸ ਲਈ ਉਹ ਘਰ ਵਾਪਸ ਆ ਗਏ। ਉਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ। ਕੁਝ ਕੁ ਸੁਧਾਰ ਹੋਣ ’ਤੇ ਉਨ੍ਹਾਂ ਨੇ ਦੱਸਿਆ ਕਿ ਫੌਜ ਨੇ ਅੰਦਰ ਦਾਖਲ ਹੋ ਕੇ ਸਾਨੂੰ ਗ੍ਰਿਫ਼ਤਾਰ ਕਰ ਲਿਆ ਤੇ ਬਾਹਾਂ ਬੰਨ੍ਹ ਕੇ ਪਰਕਰਮਾ ਵਿਚ ਬਿਠਾ ਦਿੱਤਾ। ਜੇ ਕੋਈ ਪੇਸ਼ਾਬ ਕਰਨ ਦੀ ਵੀ ਬੇਨਤੀ ਕਰਦਾ ਤਾਂ ਫੌਜੀ ਬੱਟ ਮਾਰ ਕੇ ਕਹਿੰਦੇ ਕਿ ਵਿੱਚੇ ਹੀ ਕਰ ਲਵੋ। ਉਨ੍ਹਾਂ ਨੇ ਦੱਸਿਆ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਸੜ ਕੇ ਸੁਆਹ ਹੋ ਚੁਕੀ ਹੈ। ਤੋਸ਼ਾਖਾਨੇ ਅੰਦਰ ਪਈਆਂ ਬਹੁਮੁੱਲੀਆਂ ਚਾਨਣੀਆਂ ਤੇ ਹੋਰ ਕੀਮਤੀ ਸਾਮਾਨ ਵੀ ਨਸ਼ਟ ਹੋ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲੇ, ਚੰਦੋਏ ਆਦਿਕ ਵੀ ਅੱਗ ਨਾਲ ਸੜ ਕੇ ਰਾਖ਼ ਹੋ ਗਏ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਜਾਏ ਹੋਏ ਇਤਿਹਾਸਕ ਸ਼ਸਤਰਾਂ ਦਾ ਵੀ ਬਹੁਤ ਨੁਕਸਾਨ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਜਿਸ ਦਾ ਉਸ ਵਕਤ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਹੋਇਆ ਸੀ, ਉਸ ਦੇ ਵਿਚ ਵੀ ਗੋਲੀ ਵੱਜੀ, ਜਿਸ ਦਾ ਹੁਣ ਪ੍ਰਕਾਸ਼ ਨਹੀਂ ਕੀਤਾ ਜਾਂਦਾ ਤੇ ਤੋਸ਼ੇਖਾਨੇ ਵਿਚ ਸੁਸ਼ੋਭਿਤ ਹੈ। ਦਾਸ ਨੇ ਉਸ ਪਾਵਨ ਸਰੂਪ ਦੇ ਵਿਚ ਲੱਗੀ ਗੋਲੀ ਦੇ ਨਿਸ਼ਾਨ ਵੇਖੇ ਹਨ।

ਮੁੜ ਫੌਜ ਨੇ ਸਿੰਘ ਸਾਹਿਬਾਨ ਨੂੰ ਕਹਿ ਕੇ ਅੰਦਰ ਦੀ ਮਰਯਾਦਾ ਬਹਾਲ ਕਰਵਾਈ ਅਤੇ ਅੰਦਰਲੀ ਮਰਯਾਦਾ ਦੀ ਬਹਾਲੀ ਦੇ ਕੁਝ ਦਿਨ ਮਗਰੋਂ ਪਰਕਰਮਾ ਦੇ ਨਾਲ ਲੱਗਦੇ ਗੁਰੂ-ਘਰਾਂ ਵਿਚ ਵੀ ਮਰਯਾਦਾ ਬਹਾਲ ਹੋ ਗਈ।

ਟਰੱਕਾਂ ਦੇ ਟਰੱਕ ਭਰ ਕੇ ਲਾਸ਼ਾਂ ਪਰਕਰਮਾ ਵਿਚਲੇ ਕਮਰਿਆਂ ਤੇ ਸਰਾਵਾਂ ਵਿੱਚੋਂ ਲਿਜਾ ਕੇ ਸਾੜ ਦਿੱਤੀਆਂ ਗਈਆਂ। ਸ੍ਰੀ ਦਰਬਾਰ ਸਾਹਿਬ ਸਮੂਹ ਤੇ ਨਾਲ ਲੱਗਦੇ ਬਜ਼ਾਰਾਂ ਤੇ ਘਰਾਂ ਨੂੰ ਲੁੱਟਿਆ ਗਿਆ। ਜੂਨ 1984 ਦਾ ਫੌਜੀ ਹਮਲਾ ਸਿੱਖ ਕੌਮ ਦੇ ਹਿਰਦਿਆਂ ’ਤੇ ਲੱਗਾ ਐਸਾ ਨਾਸੂਰ ਹੈ ਜੋ ਸਦੀਆਂ ਬੀਤਣ ਨਾਲ ਵੀ ਰਾਜ਼ੀ ਨਹੀਂ ਹੋਵੇਗਾ ਤੇ ਸਦਾ ਰਿਸਦਾ ਰਹਿ ਕੇ ਇਸ ਭਿਆਨਕ ਵਹਿਸ਼ੀਆਨਾ ਤੇ ਦਰਿੰਦਗੀ ਭਰੇ ਕਾਲੇ ਪੰਨੇ ਦੀ ਯਾਦ ਤਾਜ਼ਾ ਰੱਖੇਗਾ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸਾਬਕਾ ਗ੍ਰੰਥੀ, -ਵਿਖੇ: ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)